22 July 2024
Shinderpal Singh

400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ—✍️ਸ਼ਿੰਦਰਪਾਲ ਸਿੰਘ      

ਨੌਂਵੇਂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇ ਢੋਲ ਢਮੱਕੇ ਅਤੇ ਵਾਜੇ ਬੜੇ ਜ਼ੋਰਾਂ ਸ਼ੋਰਾਂ ਨਾਲ਼ ਕੁੱਲ ਦੁਨੀਆਂ ਤੇ ਵੱਜ ਰਹੇ ਹਨ। ਗੁਰਾਂ ਦੀ ਧਰਤੀ ਪੰਜਾਬ, ਜੋ ਵੱਸਦਾ ਗੁਰਾਂ ਦੇ ਨਾਮ ਤੇ ਹੈ, ਉੱਤੇ ਸਿੱਖ ਧਰਮ ਦੀ ਅਖੌਤੀ ਠੇਕੇਦਾਰ ਧਿਰ ਲਈ ਇਹ 400ਸੌਵਾਂ ਪ੍ਰਕਾਸ਼ ਪੁਰਬ ਨਵੀਂਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਧੜੇ ਦੀਆਂ ਵੱਖਰੀਆਂ ਹੀ ਖੁਸ਼ੀਆਂ ਹਨ, ਸੰਸਾਰ ਭਰ ਦੇ ਸਾਰੇ ਸਿੱਖ ਜਗਤ ਨਾਲ਼ੋਂ ਵੱਖਰੀਆਂ। 

ਲੱਗ ਰਿਹਾ ਹੈ ਕਿ ਜਸ਼ਨਾਂ ਦੇ ਇਸ ਰਾਮ ਰੌਲ਼ੇ ਵਿੱਚ ਗੁਰੂ ਦੀ ਘੱਟ ਅਤੇ ਸਿੱਖ ਘੱਟ ਪਰ ਰਾਜਨੀਤਕ ਵੱਧ ਦਿਸਦੇ ਆਗੂਆਂ ਦੀ ਵੱਧ ਸੁਣਵਾਈ ਹੈ। ਸਪਸ਼ਟ  ਜਾਪ ਰਿਹਾ ਹੈ ਕਿ ਨੌਵੇਂ ਗੁਰੂ ਜੀ ਦੇ ਵਾਰਿਸ, ਦਸਵੇਂ ਗੁਰੂ ਵੱਲੋਂ ਆਪਣੇ ਸਿੱਖਾਂ ਨੂੰ ਦਿੱਤਾ ਹੁਕਮ “ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦ ਮੈ ਲੇਹ” ਨੂੰ ਉਨ੍ਹਾਂ ਦੇ ਸਿੱਖਾਂ, ਖ਼ਾਸ ਕਰ ਅਖੌਤੀ ਠੇਕੇਦਾਰਾਂ ਨੇ ਹੀ ਮਿੱਟੀ ਵਿੱਚ ਰੋਲ਼ ਕੇ ਖੁਸ਼ੀ ਅਤੇ ਆਪਣੀ ਜਿੱਤ ਦੇ ਡੰਕੇ ਵਜਾ ਕੇ ਦੱਸ ਦਿੱਤਾ ਹੈ ਕਿ ਉਹ ਮੌਜੂਦਾ ਗੁਰੂ ਤੋਂ ਵੀ ਉੱਪਰ ਹਨ। ਕੋਈ ਵੀ ਉਨ੍ਹਾਂ ਦਾ ਕੁੱਝ ਵੀ ਵਿਗਾੜ ਨਹੀਂ ਸਕਦਾ। ਇਸ ਸਥਿਤੀ ਵਿੱਚ ਜੰਤਾ ਕੋਲ਼ ਆਪਣੇ ਨਿਤਾਣੇ ਹੋਣ ਅਤੇ ਆਪਣੇ ਗੁਰੂ ਦੀ ਘੋਰ ਬੇਅਦਬੀ ਹੋਣ ਉੱਤੇ ਗਹਿਰੇ ਦੁੱਖ ਦੇ ਹੰਝੂ ਵਹਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਕਿਸੇ ਠੀਕ ਹੀ ਕਿਹਾ ਹੈ ਕਿ “ਉਨ੍ਹਾਂ ਖ਼ਿਲਾਫ਼ ਸ਼ਕਾਇਤ ਕਰਨਾ ਵੀ ਕੋਈ ਮਾਅਨੇ ਨਹੀਂ ਰੱਖਦਾ, ਜਿਨ੍ਹਾਂ ਦੇ ਖ਼ਿਲਾਫ਼ ਸੁਣਵਾਈ ਹੋ ਹੀ ਨਹੀਂ ਸਕਦੀ – ਸਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ !”

ਹੁਣ ਤੱਕ ਪਾਠਕ ਅੱਖ ਤਾੜ ਗਈ ਤੇ ਭਾਂਪ ਗਈ ਹੋਵੇਗੀ ਕਿ ਇਸ ਪ੍ਰਕਾਸ਼ ਪੁਰਬ ਹੇਠ ਕਿਹੜੇ ਹਨੇਰੇ ਦੀ ਗੱਲ ਹੋ ਰਹੀ ਹੈ। ਅੰਗ੍ਰੇਜ਼ਾਂ ਤੋਂ ਪਹਿਲਾਂ ਅਬਦਾਲੀ ਵਰਗਿਆਂ ਅਤੇ ਅੰਗ੍ਰੇਜ਼ਾਂ ਵੇਲੇ ਮਹੰਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਕੀਤੇ ਜਾ ਰਹੇ ਅਪਮਾਨ ਨੂੰ ਤੱਕ ਕੇ ਉਸ ਵੇਲੇ ਦੇ ਨਿਤਾਣੇ ਸਿੱਖ ਛਾਤੀਆਂ ਤੇ ਪੱਥਰ ਰੱਖ ਕੇ ਅਤੇ ਦੰਦਾਂ ਹੇਠ ਜੀਭ ਦੇਣ ਦੀ ਬਜਾਇ ਸਿੱਧਾ ਜ਼ਾਲਮ ਨੂੰ ਜਾ ਲਲਕਾਰਦੇ ਸਨ। ਸ਼ਹੀਦੀਆਂ ਪ੍ਰਾਪਤ ਕਰਨ ਦੇ ਚਾਅ ਸਮੇਤ, ਸਿਰਾਂ ਤੇ ਮੌਤ ਦਾ ਖੱਫਣ ਬੰਨ੍ਹ ਕੇ ਟਾਕਰਾ ਕਰਦੇ ਤੇ ਸ਼ਹੀਦੀਆਂ ਜਾਮ ਪੀਂਦੇ, ਨਵੀਂਆਂ ਪਿਰਤਾਂ ਪਾਉਂਦੇ, ਨਵੇਂ ਇਤਿਹਾਸ ਸਿਰਜਦੇ ਸਨ। ਪਰ ਉਸ ਵੇਲੇ ਦੇ ਪਾਪੀਆਂ ਤੋਂ ਆਪਣੇ ਪਵਿੱਤਰ ਗੁਰਧਾਮ ਅਜ਼ਾਦ ਕਰਾਉਣ, ਆਪਣੀ ਬਹਾਦਰੀ ਅਤੇ ਗ਼ੈਰਤ ਦਾ ਝੰਡਾ ਸੰਸਾਰ ਸ਼ਕਤੀਆਂ ਵਿੱਚ ਝੁਲਾਉਣ ਦੇ 100 ਸਾਲ ਬਾਅਦ ਅੱਜ ਫੇਰ, ਮੁੜ ਕਿਵੇਂ ਨਿਤਾਣੇ ਬਣ ਗਏ? 

ਇਹ ਸਵਾਲ ਹਰ ਸੱਚੇ ਸੁੱਚੇ ਸਿੱਖ ਦੇ ਮੱਥੇ ਤਾਂ ਬਰਛੇ ਵਾਂਗ ਗੱਡਿਆ ਹੀ ਪਿਆ ਹੈ, ਪਰ ਨਰੈਣੂੰ ਦੀ ਕੁੱਲ ਵਿੱਚੋਂ ਪੈਦਾ ਹੋਏ ਅਤੇ ਨੀਲੀ ਬੰਨ੍ਹ ਕੇ, ਭੇਖਧਾਰੀ ਸਿੱਖ ਨੂੰ ਇਸਦੀ ਕੋਈ ਪ੍ਰਵਾਹ ਨਹੀਂ। ਇਸਦੀ ਇੱਕ ਮੁੱਖ ਵਜਾਹ ਇਹ ਵੀ ਹੈ ਕਿ ਉਹ, ਆਪਣੀ ‘ਚਾਣਕਿਆ’ ਨੀਤੀ ਸਦਕਾ, ਸਮੁੱਚੇ ਸਿੱਖ ਪੰਥ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸਿਰਮੌਰ ਸਿੱਖ ਆਗੂ ਬਣ ਬੈਠਾ। ਪਰ ਇੱਥੇ ਹੀ ਬੱਸ ਨਹੀਂ, ਉਹ ਆਪਣੇ ਚਾਪਲੂਸ ਲਾਣੇ ਦੀ ਬਦੌਲਤ “ਫ਼ਖ਼ਰ-ਏ-ਕੌਮ” ਵੀ ਬਣ ਬੈਠਾ।  ਉਸਨੇ ਆਪਣੀਆਂ ਘਾਗ ਨੀਤੀਆਂ, ਜੋ ਉਸਨੂੰ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲ਼ੀਆਂ, ਨੂੰ ਵਰਤ ਕੇ ਸਭ ਤੋਂ ਮੁੱਖ ਕਾਰਜ ਸਿੱਖਾਂ ਦੇ ਸ਼੍ਰੋਮਣੀ ਤਖਤ ਨੂੰ ਕਬਜ਼ੇ ਵਿੱਚ ਕਰਨ ਦਾ ਕੀਤਾ। ਜਿਸਦਾ ਨਤੀਜਾ ਇਹ ਹੋਇਆ ਕਿ ਉਸਨੇ ਆਪਣੇ ਚੋਬਦਾਰਾਂ ਸਮੇਤ ਸਿਆਸਤ ਵਿੱਚ ਅਤੇ ਪੰਜਾਬ ਦੀ ਭੋਲ਼ੀ ਭਾਲ਼ੀ ਜੰਤਾ ਦੀ ਅਤੇ ‘ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ’ (ਸ਼੍ਰੋਗੁਪਕ) ਰਾਹੀਂ ਸਿੱਖ ਕੌਮ ਦੇ ਸਰਮਾਏ ਦੀ, ਦੋਹੀਂ ਹੱਥੀਂ ਲੁੱਟ ਕੀਤੀ। ਧਰਮ ਨਾਲ਼ੋਂ ਧੜਾ ਪਿਆਰਾ ਦਾ ਸਿਧਾਂਤ ਏਸੇ ਇੱਕ ਧੜੇ ਨੇ ਪ੍ਰਚੱਲਤ ਅਤੇ ਸੱਚ ਕਰ ਦਿਖਾਇਆ ਹੈ। ਖ਼ੈਰ, ਇਹ ਇੱਕ ਵੱਖਰਾ ਅਤੇ ਵਸੀਹ ਵਿਸ਼ਾ ਹੈ। 

ਪਰ ਇਸ ਲੇਖ ਦਾ ਵਿਸ਼ਾ ਨੌਵੇਂ ਗੁਰੂ ਜੀ ਦੇ ਮੌਜੂਦਾ 400ਵੇਂ ਪ੍ਰਕਾਸ਼ ਪੁਰਬ ਦੇ ਸਿਲਸਿਲੇ ਵਿੱਚ, ਦੀਵੇ ਥੱਲੇ ਹਨੇਰੇ ਵਾਲ਼ੀ ਗੱਲ ਹੈ। ਸੋਚਿਆ ਜਾਵੇ ਕਿ ਸਿੱਖ ਧਰਮ ਵਿੱਚ ਕਿੰਨੇ ਪ੍ਰਕਾਸ਼ ਪੁਰਬ ਆਉਂਦੇ ਹਨ ਅਤੇ ਕਿੰਨੀਆਂ ਸਦੀਆਂ ਤੋਂ ਆ ਰਹੇ ਹਨ? ਹਰ ਸਾਲ ਹੀ ਘੱਟੋ ਘੱਟ ਦਰਜਨ ਕੁ ਤਾਂ ਲਾਜ਼ਮੀ ਹਨ। ਪਰ ਕੀ ਇਨ੍ਹਾਂ ਦੇ ਬਾਵਜੂਦ ਕੀ ਪੰਜਾਬ ਵਿੱਚੋਂ ਹਨੇਰਾ ਦੂਰ ਹੋਇਆ? ਕੀ ਪੰਜਾਬ, ਜੋ ਵੱਸਦਾ ਗੁਰਾਂ ਤੇ ਨਾਂਅ ਤੇ ਹੈ, ਵਿੱਚ ਗੁਰੂ ਆਸ਼ੇ ਅਨੁਸਾਰ ਭੋਲ਼ੀ ਭਾਲ਼ੀ ਜਨਤਾ, ਸਿੱਖਾਂ ਸਮੇਤ ਹਿੰਦੂ, ਮੁਸਲਿਮ, ਇਸਾਈ ਲੋਕਾਂ ਨੂੰ ਅਸਲ ਅਜ਼ਾਦੀ ਜਾਂ ਇਨਸਾਫ਼ ਮਿਲ਼ਿਆ? ਸਿਹਤ, ਵਿੱਦਿਅਕ ਸੇਵਾਵਾਂ ਤਾਂ ਬਹੁਤ ਦੂਰ ਦੀ ਗੱਲ ਹੈ। ਪੰਜਾਬ ਹਰਿਆਣਾ ਉੱਚ ਅਦਾਲਤ ਦੇ ਹਰ ਵਕੀਲ ਦੀ ਧਾਰਨਾ ਹੈ ਕਿ ਸਧਾਰਨ ਕੇਸ ਵਿੱਚ ਵੀ ਇਨਸਾਫ਼ ਲੈਣ ਲਈ ਚੱਪਾ ਸਦੀ ਲਾਜ਼ਮੀ ਹੈ। ਕਹਿਣ ਤੋਂ ਭਾਵ ਇਨਸਾਫ਼ ਲਈ ਜਵਾਨੀ ਬੁੱਢੀ ਜਾਣੀ ਸੁਭਾਵਿਕ ਹੈ।

ਇਸ ਨਰੈਣੂੰ ਧੜੇ ਦੇ ਮੋਹਰੀਆਂ ਨੇ ਸੱਠ ਸਾਲ ਤੋਂ ਧਰਮ ਵਿੱਚ ਸਿਆਸੀ ਮੋਘਾ ਕਰਕੇ ਪੂਰਾ ਲਾਭ ਉਠਾਇਆ। ਸਿੱਖ ਵਿਰੋਧੀ ਮਾਰੂ ਨੀਤੀਆਂ ਨਾਲ਼ ਇਸ ਧੜੇ ਨੇ ਬਹੁਤ ਹੀ ਗਿਣੀ ਮਿੱਟੀ ਸਾਜ਼ਿਸ਼ ਤਹਿਤ ‘ਸ਼੍ਰੋਗੁਪਕ’ ਰਾਹੀਂ ਅਕਾਲ ਤਖਤ ਤੇ ਕਬਜ਼ਾ ਕਰਕੇ, ਜਥੇਦਾਰਾਂ ਅਤੇ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਨਿਪੁੰਸਕ ਬਣਾ ਕੇ ਜੋ ਸਿੱਖ ਕੌਮ ਦਾ ਘਾਣ ਕੀਤਾ ਉਹ ਕਿਸੇ ਤੋਂ ਗੁੱਝਾ ਛੁਪਿਆ ਨਹੀਂ ਜੋ ਕਿ ਚਿੱਟੇ ਵਰਕਿਆਂ ਤੇ ਕਾਲ਼ੀ ਸਿਆਹੀ ਨਾਲ਼ ਲਿਖਿਆ ਪਿਆ ਹੈ। ਪਰ ਅਫ਼ਸੋਸ ਕਿ ਭਾਈ ਭਤੀਜਾ ਵਾਦ ਅਤੇ ਪੈਸੇ ਦੇ ਲੋਭ ਲਾਲਚ ਵਿੱਚ ਅੰਨ੍ਹੇ ਇਨ੍ਹਾਂ ਦੇ ਕਿਸੇ ਵੀ ਸ਼ਰਧਾਲੂ ਨੂੰ ਦਿਸਦਾ ਹੀ ਨਹੀਂ। ਦੂਜੇ ਪਾਸੇ ਇਨ੍ਹਾਂ ਦੀ ਹੀ ਪਾੜੂ ਨੀਤੀ, ਇਨ੍ਹਾਂ ਦੇ ਵਿਰੋਧੀਆਂ ਨੂੰ ਪਾੜਨ ਵਿੱਚ ਪੂਰੀ ਕਾਮਯਾਬ ਰਹੀ। ਰਾਮ ਰਹੀਮ ਵਾਂਗ ਇਸ ਧੜੇ ਨੇ ਵੀ ਆਪਣੇ ਹਰ ਅਨੁਯਾਈ ਨੂੰ ਸੱਤਾ ਹੀਣ ਕਰਨ ਬਾਅਦ ਚੰਮ ਦੀਆਂ ਚਲਾਈਆਂ, ਚਲਾ ਰਹੇ ਹਨ ਅਤੇ ਚਲਾਉਂਦੇ ਹੀ ਰਹਿਣਗੇ, ਜਿੰਨਾ ਸਿੱਖ ਕੌਮ ਦੇ ਸਾਰਥਿਕ ਸੋਚ ਰੱਖਣ ਵਾਲ਼ੇ ਸਾਰੇ ਧੜੇ ਇੱਕਜੁੱਟ ਨਹੀਂ ਹੁੰਦੇ। 

ਗੱਲ ਚੱਲ ਰਹੀ ਸੀ ਨੌਵੇਂ ਪਾਤਸ਼ਾਹ ਜੀ ਦੇ 400ਵੇਂ ਪ੍ਰਕਾਸ਼ ਪੁਰਬ ਹੇਠਲੇ ਹਨੇਰੇ ਦੀ, ਜਿਨ੍ਹਾਂ ਦੀ ਕੁਰਬਾਨੀ ਨੂੰ ਅੱਜ ਸੰਸਾਰ ਦੇ ਅਣਖੀ ਪਰ ਅਮਨ ਪਸੰਦ ਸਿੱਜਦਾ ਕਰਦੇ ਹਨ। ਜਿਨ੍ਹਾਂ ਕਿਹਾ ਸੀ, “ਭੈਅ ਕਾਹੂ ਕੋ ਨਹਿ ਨਹਿ ਭੈਅ ਮਾਨਤ ਆਨ॥” ਪਰ ਅੱਜ ਲਗਦਾ ਹੈ ਨਰੈਣੂੰ ਮਹੰਤਾਂ ਦੀ ਧਿਰ ਨੇ ਸਾਰਾ ਪੰਜਾਬ ਹੀ ਡਰਾ ਕੇ ਅੱਗੇ ਲਾਇਆ ਪਿਆ ਹੈ। ਇੱਥੋਂ ਤੱਕ ਕਿ ਲੋਕ ਰਖਵਾਲੀ ਦੀ ਵਾੜ ਕਹੀ ਤੇ ਸਮਝੀ ਜਾਂਦੀ ਪੁਲੀਸ ਅਤੇ ਲੋਕ ਹੱਕਾਂ ਦੀ ਰਾਖੀ ਲਈ ਕਿਲਾ ਬਣੀ ਹਰ ਅਦਾਲਤ, ਇੱਥੋਂ ਤੱਕ ਕਿ ਉੱਚ ਅਦਾਲਤ ਨੂੰ ਵੀ ਆਪਣੀ ਸੇਵਾ ਅਤੇ ਰਾਖੀ ਲਈ ਵਰਤਣ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ। ਇਹ ਧੜਾ ਸਿਰਫ ਪੰਜਾਬ ਵਿੱਚ ਹੀ ਸਰਗਰਮ ਨਹੀਂ ਬਲਕਿ ਇਸਦਾ ਪਾਸਾਰਾ ਕੌਮਾਂਤਰੀ ਹੈ। ਇਸ ਨੇ ਸਰਕਾਰੀ ਮਸ਼ੀਨਰੀ ਦਾ ਹਰ ਪੁਰਜ਼ਾ, ਛੋਟੇ ਤੋਂ ਵੱਡਾ ਮੁਲਾਜ਼ਮ, ਵੱਡੇ ਤੋਂ ਵੱਡਾ ਨਿਆਂ ਪਾਲਕ ਵੀ ਆਪਣੇ ਹੱਕ ਵਿੱਚ ਭੁਗਤਾਇਆ ਹੈ। ਸਰਕਾਰ ਭਾਵੇਂ ਵਿਰੋਧੀ ਧਿਰ ਦੀ ਹੀ ਹੋਵੇ, ਪਰ ਚੱਲਦੀ ਅੱਜ ਵੀ ਇਸ ਹੀ ਧੜੇ ਦੀ ਹੈ। ਇਸਦੀਆਂ ਜੜ੍ਹਾਂ ਬਹੁਤ ਲੰਮੀਆਂ ਅਤੇ ਡੂੰਘੀਆਂ ਹਨ। 

ਹੁਣ ਲੱਗਣ ਲੱਗ ਪਿਆ ਹੈ ਕਿ ਏਸੇ ਪ੍ਰਕਾਸ਼ ਵਿੱਚ, ਸਿੱਖਾਂ ਦੇ ਜਾਗਤ ਜੋਤ ਰਹਿਬਰ ਜਿਸ ਬਾਰੇ ਹੁਕਮ ਹੋਇਆ ਸੀ ਕਿ, “ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈ ਲੇਹ॥” ਨੂੰ ਉਪ੍ਰੋਕਤ ਧੜੇ ਨੇ ਪੂਰੀ ਤਰਾਂ ਮਿੱਟੀ ਵਿੱਚ ਰੋਲ਼ ਦਿੱਤਾ ਅਤੇ ਹੁਣ ਉਹ ਸ਼ਰੇਆਮ ਇਸ ਪ੍ਰਕਾਸ਼ ਪੁਰਬ ਦੀ ਆਮਦ ਦੀ ਖੁਸ਼ੀ ‘ਤੇ ਪਰ ਅੰਦਰੋਂ ਆਪਣੀ ਜਿੱਤ ਦੇ ਡੰਕੇ ਵਜਾ ਰਹੇ ਹਨ। ਹੋ ਸਕਦੈ ਕੁੱਝ ਪਾਠਕ ਇਨ੍ਹਾਂ ਗੱਲਾਂ ਨਾਲ਼ ਸਹਿਮਤ ਨਾ ਵੀ ਹੋਣ। ਪਰ ਜੇ ਪੰਜਾਬ ‘ਚ ਇਨਸਾਫ਼ ਨਾਮ ਦੀ ਕੋਈ ਚੀਜ਼ ਹੁੰਦੀ, ਤਾਂ ਕੀ ਵਜਾਹ ਸੀ ਕਿ ਪਹਿਲੀ ਜੂਨ 2015 ਤੋਂ ਸ਼ੁਰੂ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ, ਇੱਕ ਨਹੀਂ ਕਿੰਨੇ ਹੀ ਵਾਕਿਆ, ਅੱਜ ਛੇ ਸਾਲ਼ ਬਾਅਦ ਵੀ ਅੜਾਉਣੀ ਹੀ ਬਣੇ ਹੋਏ ਹਨ? ਕੀ ਕਿਸੇ ਸੋਚਿਆ ਕਿ ਇਸ ਉੱਤੇ ਲੋਕਾਂ, ਜੋ ਕਰ ਦਾਤੇ ਵੀ ਹਨ, ਕਿੰਨਾ ਪੈਸੇ ਰੇੜ੍ਹਿਆ ਗਿਆ? ਕੀ ਗੁੰਡਾ ਰਾਜ ਏਸੇ ਨੂੰ ਹੀ ਨਹੀਂ ਕਹਿੰਦੇ? ਕੀ ਪ੍ਰਸ਼ਾਸਕ ਦਾ ਧਰਮ ਲੋਕ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਜਾਂ ਲੋਕਾਂ ਦੀਆਂ ਜਜ਼ਬਾਤੀ ਭਾਵਨਾ ਦਾ ਖਿਲਵਾੜ ਕਰਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਹੁੰਦਾ ਹੈ? ਇਸ ਦਾ ਸਹੀ ਨਿਰਣਾ ਪਾਠਕਾਂ ਤੇ ਛੱਡਿਆ ਜਾਂਦਾ ਹੈ। 

ਹੁਣ ਮੁੜ ਗੇਂਦ ਕੈਪਟਨ ਅਮਰਿੰਦਰ ਦੇ ਪਾਲ਼ੇ ਵਿੱਚ ਆ ਡਿੱਗੀ ਹੈ। ਦੇਖੀਏ ਹੁਣ ਉਹ ਆਪਣੇ ਬਾਕੀ ਬਚਦੇ ਰਾਜਸੀ ਜੀਵਨ ਕਾਲ, ਜੋ ਦੇਖਣ ਨੂੰ ਸਾਲ ਤੋ ਵੀ ਘੱਟ ਲਗਦਾ ਹੈ, ਵਿੱਚ ਕੋਈ ਮਾੱਅਰਕੇ ਦਾ ਜਾਂ ਆਪਣੇ ਕੀਤੇ ਵਾਅਦੇ ਨੂੰ ਪੁਗਾਉਣ ਦਾ ਸਫਲ ਯਤਨ ਕਰ ਗੁਜ਼ਰਨ ਦੀ ਸਮਰੱਥਾ ਰੱਖਦਾ ਹੈ? ਦੂਜੇ ਪਾਸੇ ਕੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਤੇ ਹੁਕਮ ਵਿੱਚ ਚੱਲਣ ਵਾਲ਼ੇ ਪੰਜਾਬ ਦੇ ਸਿੱਖ ਵੋਟਰ ਮੁੜ ਇਨ੍ਹਾਂ ਦੋਹਾਂ ਰਾਜਨੀਤਕ ਪਾਰਟੀਆਂ ਨੂੰ ਆਪਣਾ ਵੋਟ ਦੇਣ ਨਾਲ਼ ਆਪਣੇ ਵੋਟ ਦੇ ਹੱਕ ਨਾਲ਼ ਮੁੜ ਦਗ਼ਾ ਕਮਾ ਸਕਣ ਦਾ ਹੀਆ ਕਰ ਸਕਣਗੇ? ਜਿਸ ਨਾਲ਼ ਇਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਣਗੇ। ਇਹ ਦੇਖਣਾ ਅਜੇ ਬਾਕੀ ਹੈ।
***
173
***

ਸ਼ਿੰਦਰਪਾਲ ਸਿੰਘ ਮਾਹਲ, ਯੂਕੇ   

View all posts by ਸ਼ਿੰਦਰਪਾਲ ਸਿੰਘ ਮਾਹਲ, ਯੂਕੇ    →