19 October 2025

ਆਪਣੇ ਆਪ ਨੂੰ ਸਦਾ ਕਸੌਟੀ ਤੇ ਪਰਖਦੇ ਰਹੋ — ਡਾ. ਸਤਿੰਦਰ ਪਾਲ ਸਿੰਘ 

ਮਨੁੱਖ ਇੱਕ ਜਿਗਿਆਸੂ ਪ੍ਰਾਨੀ ਹੈ। ਉਹ ਜੋ ਕੁੱਝ ਵੀ ਵੇਖਦਾ ਹੈ ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਜਤਨ ਕਰਦਾ ਹੈ।

ਜਿਗਿਆਸਾ ਦੀ ਪ੍ਰਵ੍ਰਿਤੀ ਨੇ ਮਨੁੱਖ ਨੂੰ ਪ੍ਰੇਰਿਤ ਕੀਤਾ ਜਿਸ ਕਾਰਨ ਉਹ ਬ੍ਰਹਮੰਡ ਦੇ ਵੱਡੇ ਤੇ ਗੁੱਝੇ ਰਹੱਸ ਖੋਲਣ ‘ਚ ਸਫਲ ਰਿਹਾ ਹੈ। ਇਸ ਨਾਲ ਜੀਵਨ ਦੇ ਹਾਲਾਤ ਸੌਖੇ ਹੁੰਦੇ ਗਏ ਹਨ। ਮਨੁੱਖ ਨੇ ਬ੍ਰਹਮੰਡ ਨੂੰ ਤਾਂ ਕਿਸੇ ਹੱਦ ਤੱਕ  ਜਾਣ ਲਿਆ ਹੈ ਪਰ ਆਪਣੇ ਆਪ ਨੂੰ ਸਮਝਣ ਵਿੱਚ ਜਿਆਦਾ ਰੁਚੀ ਨਹੀਂ ਲੈਂਦਾ। ਗੁਰਬਾਣੀ ਦਾ ਕਥਨ ਹੈ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ”।  ਮਨੁੱਖ ਨੇ ਆਪਣੇ ਅੰਦਰ ਦਾ ਬ੍ਰਹਮੰਡ ਖੋਜਿਆ ਨਹੀਂ ਜੋ ਸੱਭ ਤੋਂ ਨੇੜੇ ਸੀ ਪਰ ਸਾਰੀ ਤਾਕਤ ਬਾਹਰ ਲਗਾ ਰਿਹਾ ਹੈ। ਦ੍ਰਿਸ਼ਟੀ ਬਾਹਰ ਹੀ ਕੇਂਦ੍ਰਿਤ ਰਹਿੰਦੀ ਹੈ, ਅੰਦਰ ਵੇਖਣ ਦਾ ਸਮਾਂ ਹੀ ਨਹੀਂ ਲੱਭਦਾ। ਬਾਹਰ ਨੂੰ ਬਹੁਤ ਕੁੱਝ ਜਾਨਣ ਤੋਂ ਬਾਅਦ ਵੀ ਮਨੁੱਖ ਨੂੰ ਉਸ ਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਅੰਦਰ ਦੇ ਬ੍ਰਹਮੰਡ ਨਾਲ ਤਾਲ ਮੇਲ ਹੀ ਨਹੀਂ ਹੋ ਪਾ ਰਿਹਾ। ਬਾਹਰ ਮਨੁੱਖ ਨੇ ਵੇਖ ਲਿਆ ਕੀ ਕੁਦਰਤ ਦੇ ਸਰੋਤਾਂ ਦੀ ਸੰਭਾਲ ਜਰੂਰੀ ਹੈ ਪਰ ਤਾਲਮੇਲ ਨਾ ਹੋਣ ਕਾਰਨ ਮਨ ਨੇ ਇਸ ਨੂੰ ਸਵੀਕਾਰ ਹੀ ਨਹੀਂ ਕੀਤਾ। ਇਸ ਦਾ ਫਲ ਹੈ ਕਿ ਕੁਦਰਤ ਦੇ ਸ੍ਰੋਤ ਨਿਰੰਤਰ ਆਪਣਾ ਭੰਡਾਰ ਗੁਆਉਂਦੇ ਜਾ ਰਹੇ ਹਨ। ਮਨੁੱਖ ਨੇ ਅਥਾਹ ਗਿਆਨ ਪ੍ਰਾਪਤ ਕਰ ਲਿਆ ਹੈ। ਸੰਸਾਰ ਅੰਦਰ ਵਰਤਮਾਨ ਵਿੱਚ ਜਿਤਨਾ ਗਿਆਨ ਉਪਲਬੱਧ ਹੈ ਉਸ ਨੂੰ ਜਾਨਣ ਤੇ ਧਾਰਨ ਕਰਨ ਲਈ ਇੱਕ ਜੀਵਨ ਘੱਟ ਹੈ। ਗਿਆਨ ਕਿਤਾਬਾਂ, ਗ੍ਰੰਥਾਂ ਵਿੱਚ ਹੈ ਪਰ ਮਨੁੱਖ ਦੇ ਜੀਵਨ ਵਿੱਚ ਨਹੀਂ ਕਿਉਂਕਿ ਉਹ ਆਪਣੇ ਜੀਵਨ ਪ੍ਰਤੀ ਗੰਭੀਰ ਹੀ ਨਹੀਂ ਹੈ।  

ਮਨੁੱਖ ਦਰਅਸਲ ਆਪਣੇ ਪ੍ਰਤੀ ਬੇਹੱਦ ਲਾਪਰਵਾਹੀ ਵੱਲ ਜੀਵਨ ਜਿਉਂ ਰਿਹਾ ਹੈ। ਉਸ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ  ਦੇ ਸੁਭਾਅ , ਆਚਾਰ – ਵਿਚਾਰ ਦਾ ਪੂਰਾ ਗਿਆਨ ਹੈ। ਉਹ ਦੂਜੇ ਲੋਕਾਂ ਦੇ ਜੀਵਨ ਦੀ ਇੱਕ ਇੱਕ ਘਟਨਾ ਤੇ ਨਿਗਾਹ ਰੱਖਦਾ ਹੈ , ਚਰਚਾ ਕਰਦਾ ਹੈ , ਸਮੀਖਿਆ ਕਰਦਾ ਹੈ ਪਰ ਆਪਣੇ ਅੰਦਰ ਕੀ ਚੱਲ ਰਿਹਾ ਹੈ ਇਸ ਬਾਰੇ ਅਣਜਾਣ ਰਹਿੰਦਾ  ਹੈ  . ਆਪਣੇ ਆਚਾਰ – ਵਿਚਾਰ ਦੀ ਕਦੇ ਸਮੀਖਿਆ ਨਹੀਂ ਕਰਦਾ।  ਇਹ ਮੰਨ ਲੈਂਦਾ ਹੈ ਕਿ ਉਹ ਜੋ ਕੁੱਝ ਕਰ ਰਿਹਾ ਹੈ ਠੀਕ ਹੈ।

ਇਹੋ ਕਾਰਨ ਹੈ ਕਿ ਆਪਣੀ ਤਿਲ ਮਾਤਰ ਆਲੋਚਨਾ, ਨਿੰਦਿਆ ਵੀ ਉਸ ਨੂੰ ਸਹਿਣ ਨਹੀਂ ਹੁੰਦੀ। ਆਪਣੇ ਆਪ ਨੂੰ ਮਨੁੱਖ ਸਦਾ ਕਿਸੇ ਵੀ ਪਰਖ ਤੋਂ ਬਾਹਰ ਰੱਖਣਾ ਚਾਹੁੰਦਾ  ਹੈ ਕਿਉਂਕਿ ਆਪਣੇ ਮਿਆਰ ਉਹ ਆਪ ਤੈ ਕਰਦਾ ਹੈ। ਇਹ ਮਿਆਰ ਮਨੁੱਖ ਸਥਿਤੀਆਂ ਅਨੁਸਾਰ ਬਦਲਦੇ ਰਹਿੰਦੇ ਹਨ। ਕਿਸੇ ਪ੍ਰਤੀ ਉਹ ਦਿਆਲੂ ਹੁੰਦਾ ਹੈ , ਕਿਸੇ ਪ੍ਰਤੀ ਨਫਰਤ , ਘਿਰਣਾ ਰੱਖਦਾ ਹੈ। ਕਿਸੇ ਨੂੰ ਉਹ ਖੁਸ਼ ਦੇਖਣਾ ਚਾਹੁੰਦਾ ਹੈ ਪਰ ਕਿਸੇ ਦਾ ਨਾਸ਼। ਜੇ ਆਪਣੇ ਅੰਦਰ ਦੇ ਬ੍ਰਹਮੰਡ ਨੂੰ ਜਾਣਿਆ ਹੁੰਦਾ ਤਾਂ  ਇਹ ਵਿਵਹਾਰ ਨਾ ਹੁੰਦਾ। ਕਿਉਂਕਿ ਅੰਦਰ ਦਾ ਬ੍ਰਹਮੰਡ ਨਹੀਂ ਜਾਣਿਆ ਤਾਂ ਬਾਹਰ ਦੇ ਬ੍ਰਹਮੰਡ ਤੋਂ ਪ੍ਰੇਰਨਾ ਵੀ ਨਹੀਂ ਧਾਰਨ ਕਰਨ ਯੋਗ ਬਣਿਆ।ਬਾਹਰ ਪਵਨ ਵੱਗ ਰਹੀ ਹੈ ਤਾਂ ਸਾਰੀਆਂ ਲਈ ਇੱਕੋ ਜਿਹੀ , ਸੂਰਜ ਦੀਆਂ ਕਿਰਨਾਂ ਬਿਨਾ ਕਿਸੇ ਭੇਦਭਾਵ ਸਾਰੀਆਂ ਤੇ ਪੈ ਰਹੀਆਂ ਹਨ। ਸਵੇਰ ਹੁੰਦੀਆਂ ਹੀ ਚਿੜੀਆਂ ਚਹਿਕਣ ਲੱਗਦੀਆਂ ਹਨ ਤਾਂ ਕਿਸੇ ਖਾਸ ਲਈ ਨਹੀਂ , ਸਾਰੀਆਂ ਹੀ ਲਈ ਜੋ ਉਸ ਚਹਿਕ ਨੂੰ ਸੁਣ ਸੱਕਦੇ ਹਨ। ਬਾਗ ਅੰਦਰ ਫੁੱਲਾਂ ਦੀ ਮਹਿਕ ਕਿਸੇ ਦੀ ਵੀ ਰਾਖਵੀਂ ਨਹੀਂ ਹੈ। ਪਰ ਮਨੁੱਖ ਅਜਿਹਾ ਨਹੀਂ ਹੈ ਕਿਉਂਕਿ ਉਸ ਦੇ ਅੰਦਰ ਦਾ ਬ੍ਰਹਮੰਡ ਸੁੱਤਾ ਪਿਆ ਹੈ।  ਬ੍ਰਹਮੰਡ ਖੁੱਲਾ ਵੰਡ ਰਿਹਾ ਹੈ ਪਰ ਮਨੁੱਖ ਜੋ ਕੁੱਝ ਹੈ ਆਪਣੇ ਤੱਕ ਸੀਮਤ ਕਰ ਲੈਣਾ ਚਾਹੁੰਦਾ ਹੈ। 

ਬ੍ਰਹਮੰਡ ਦੇ ਸ੍ਰੋਤ ਮਨੁੱਖ ਨੂੰ ਦੇ ਰਹੇ ਹਨ ਪਰ ਉਸ ਦਾ ਕੋਈ ਮੁੱਲ ਨਹੀਂ ਚਾਹੁੰਦੇ। ਮਨੁੱਖ ਜੇ ਕੁੱਝ ਦੇ ਰਿਹਾ ਹੈ ਤਾਂ ਉਸ ਦਾ ਦੂਣਾ ਵਸੂਲਣ ਦੀ ਇੱਛਾ ਰੱਖਦਾ ਹੈ। ਇਸ ਪ੍ਰਵ੍ਰਿਤੀ ਨੇ ਸਮਾਜਕ ਵਿਵਹਾਰ ਨੂੰ ਪੂਰਾ  ਖੋਖਲਾ ਕਰ ਦਿੱਤਾ ਹੈ।  ਕੋਈ ਜੋ  ਕਹਿ ਰਿਹਾ ਹੈ , ਕਿਉਂ ਕਹਿ ਰਿਹਾ ਹੈ , ਜੋ ਕਰ ਰਿਹਾ ਹੈ , ਕਿਉਂ ਕਰ ਰਿਹਾ ਹੈ ਇਹ ਸਮਝਣਾ ਆਕਾਸ਼ ਤੋਂ ਤਾਰੇ ਤੋੜ ਕੇ ਲਿਆਉਣ ਜਿਹਾ ਹੋ ਗਿਆ ਹੈ। ਇਸ ਨਾਲ ਬੇ ਭਰੋਸਗੀ ਦੇ ਕਾਲੇ ਬੱਦਲ ਛਾਏ ਹੋਏ ਹਨ। ਕਿਸੇ ਵੀ ਸਬੰਧ ਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ ਹੈ।  ਸੱਚ ਨੂੰ ਫਰੇਬ , ਫਰੇਬ ਨੂੰ ਸੱਚ ਮੰਨ ਕੇ ਮਨੁੱਖ ਲਗਾਤਾਰ ਠੱਗਿਆ ਜਾ ਰਿਹਾ ਹੈ।  

ਮਨੁੱਖ ਸਿਆਣਾ ਹੈ ਪਰ ਦੂਜਿਆਂ ਲਈ , ਆਪਣੇ ਲਈ ਨਹੀਂ। ਦੂਜਿਆਂ ਨੂੰ ਆਪਣੇ ਅਨੁਸਾਰ ਚਲਾਉਣਾ ਉਸ ਦਾ ਅਤਿ ਪਸੰਦੀਦਾ ਸ਼ੌਕ ਹੈ।ਮਾਤਾ-ਪਿਤਾ ਚਾਹੁੰਦੇ ਹਨ ਕਿ ਸੰਤਾਨ ਉਨ੍ਹਾਂ ਦੇ ਹੁਕਮ ਮੰਨੇ। ਪਤੀ ਚਾਹੁੰਦਾ ਹੈ ਕਿ ਪਤਨੀ ਉਸ ਦੀ ਆਗਿਆ ਵਿੱਚ ਰਹੇ।  ਜੋ ਵੱਡਾ ਹੈ, ਸਮਰੱਥ ਹੈ ਉਹ ਚਾਹੁੰਦਾ ਹੈ ਕਿ ਨਿੱਕਾ, ਨਿਰਬਲ ਉਸ ਦੇ `ਹੁਕਮ ਮੰਨੇ। ਜੋ ਯੋਗ ਹੈ ਉਹ ਆਪਣੇ ਤੋਂ ਘੱਟ ਯੋਗ ਨੂੰ ਆਪਣਾ ਦਾਸ ਬਣਾ ਲੈਣਾ ਚਾਹੁੰਦਾ ਹੈ। ਜੱਦੋ ਜਹਿਦ ਦੇ ਇਸ ਅੰਤਹੀਨ ਸਿਲਸਿਲੇ ਨੇ ਨੇ ਜੀਵਨ ਨੂੰ ਬਿਖਮ ਕਰ ਦਿੱਤਾ ਹੈ। ਸਮਾਜ  ਅੰਦਰ ਤਨਾਵ, ਸੰਘਰਸ਼, ਵੈਰ ਵਿਰੋਧ, ਨਫਰਤ ਨੇ ਆਪਣੀ ਪੱਕੀ ਥਾਂ ਬਣਾ ਲਈ ਹੈ। ਸਿਆਣੇ ਮਨੁੱਖ ਨੇ ਇਸ ਨੂੰ ਕਲਿਯੁਗ ਦਾ ਨਾਮ ਦੇ ਦਿੱਤਾ ਹੈ।  ਉਸ ਨੇ ਕਲਿਯੁਗ ਨੂੰ ਦੁੱਖ, ਪਾਪ ਦਾ ਯੁਗ ਬਣਾ ਦਿੱਤਾ ਹੈ ਤੇ ਆਪਣੇ ਆਪ ਨੂੰ ਜਿੰਮੇਵਾਰੀ ਤੋਂ ਮੁਕਤ ਕਰ ਲਿਆ ਹੈ। ਪਰ ਕਲਿਯੁਗ ਲਿਉਣ ਵਾਲਾ ਉਹ ਆਪ ਹੀ ਹੈ।ਉਸ ਦੀ ਸੋਚ ਨੇ ਕਲਿਯੁਗ ਦਾ ਸਿਰਜਣ ਕੀਤਾ ਹੈ ਤੇ ਉਸ ਦੀ ਸੋਚ ਹੀ ਕਲਿਯੁਗ ਨੂੰ  ਖਤਮ ਕਰ ਸਕਦੀ ਹੈ। ਜਿਸ ਯੁਗ ਵਿੱਚ ਗੁਰੂ ਨਾਨਕ ਸਾਹਿਬ ਜਿਹੇ ਅਵਤਾਰ ਹੋਏ ਹੋਣ ਉਸ ਯੁਗ ਨੂੰ ਦੁੱਖ , ਪਾਪ ਦਾ ਯੁਗ ਕਿਵੇਂ ਕਿਹਾ ਜਾ ਸਕਦਾ ਹੈ।  ਦੁੱਖ ਤੇ ਪਾਪ ਮਨੁੱਖ ਦੇ ਵੀ ਇਵਹਾਰ ਤੇ ਸੋਚ ਵਿੱਚ ਹੈ, ਸਮੇਂ ਵਿੱਚ ਨਹੀਂ ।  

ਮਨੁੱਖ ਆਪਣੇ  ਲਈ ਸਤਿਯੁਗ ਲਿਆ ਸਕਦਾ ਹੈ ਜੇ ਉਹ ਆਪਣੇ ਤੇ ਹੁਕਮ ਚਲਾਣਾ , ਆਪਣੇ ਅੰਦਰ ਦੇ ਬ੍ਰਹਮੰਡ ਤੇ ਰਾਜ ਕਰਨਾ ਸਿਖ ਜਾਏ “ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ“। ਆਪਣੇ ਤੇ ਹੁਕਮ ਚਲਾ ਕੇ ਆਪਣੇ ਅੰਦਰ ਦੇ ਬ੍ਰਹਮੰਡ ਨੂੰ ਜਿੱਤ ਲੈਣਾ, ਪੂਰੇ ਜਗਤ ਨੂੰ ਜਿੱਤ ਲੈਣ ਜਿਹਾ ਹੈ। ਮਨੁੱਖ ਆਪਣੇ ਤੇ ਹੁਕਮ ਚਲਾਏ। ਮਨ ਅੰਦਰ ਕਿਸੇ ਲਈ ਵੈਰ ਵਿਰੋਧ ਹੈ ਤਾਂ ਪੁੱਛੇ ਕਿ ਉਸ ਨੂੰ ਕੀ ਹੱਕ ਹੈ ਕਿਸੇ ਪ੍ਰਤੀ ਮੰਦੀ ਭਾਵਨਾ ਰੱਖਣ ਦਾ ਕਿਉਂਕਿ ਸਵਾਮੀ ਤਾਂ ਪਰਮਾਤਮਾ ਹੈ ਜਿਸ ਨੇ ਜੀਵਨ ਦਿੱਤਾ, ਜੋ ਪ੍ਰਤਿਪਾਲਕ ਹੈ, ਨਿਆਂ ਕਰਨ ਦਾ ਹੱਕ ਤਾਂ ਉਸ ਨੂੰ ਹੈ। ਮਨੁੱਖ ਉਸ ਦੇ ਨਿਆਂ ਵਿੱਚ ਦਖਲ ਦੇਣ ਵਾਲਾ ਕੌਣ ਹੁੰਦਾ ਹੈ। ਮਨੁੱਖ ਤਾਂ ਆਪ ਉਸ ਸੁਆਮੀ ਪਰਮਾਤਮਾ ਦੇ ਹੁਕਮ ਅੰਦਰ ਹੈ। ਮਨੁੱਖ ਆਪਣੀਆਂ ਇੰਦਰੀਆਂ ਤੇ ਹੁਕਮ ਚਲਾਏ, ਉਨ੍ਹਾਂ ਨੂੰ ਆਪਣੇ ਵੱਸ ‘ਚ ਰੱਖੇ। ਅੱਖਾਂ ਕਿਉਂ ਪਰਮਾਤਮਾ ਦਾ ਰੂਪ ਵੇਖਣ ਦੀ ਥਾਂ ਰੰਗ ਤਮਾਸ਼ੇ  ਵੇਖ ਰਹੀਆਂ ਹਨ , ਕੰਨ ਪਰਮਾਤਮਾ ਦਾ ਜਿਸ ਸੁਣਨ ਦੀ ਥਾਂ ਕਿਉਂ ਨਿੰਦਾ, ਚੁਗਲੀ , ਕਾਮ ਵਾਸਨਾ ਦੇ ਗੀਤ ਸੁਣ ਰਹੇ ਹਨ।  ਹੱਥ ਸੇਵਾ ਦੀ ਥਾਂ ਪਰਾਇਆ ਹੱਕ ਕਿਉਂ ਮਾਰ ਰਹੇ ਹਨ , ਜਬਰ , ਜ਼ੁਲਮ  ਕਿਉਂ ਕਰ ਰਹੇ ਹਨ। ਰਸਨਾ ਨਾਮ ਦੇ ਰਸ ਦੀ ਥਾਂ ਪਦਾਰਥਾਂ ਦੇ ਸੁਆਦ ਵਿਚ ਕਿਉਂ ਪੈ ਗਈ ਹੈ।

ਆਪਣੇ ਅੰਦਰ ਜੋ ਵਿਚਾਰ ਚੱਲ ਰਹੇ ਹਨ, ਕਾਮਨਾਵਾਂ ਪੈਦਾ ਹੋ ਰਹਿਆਂ ਹਨ ਉਨ੍ਹਾਂ ਤੇ ਇੱਕ ਕਠੋਰ ਸ਼ਾਸਕ ਵਾਂਗੂੰ ਮਨੁੱਖ ਦਾ ਭੈ ਤੇ ਅੰਕੁਸ਼ ਲੱਗਿਆ ਰਹੇ। ਆਪਣੇ ਕਾਰਜਾਂ ਤੇ ਉਸ ਦਾ ਪੂਰਾ ਜ਼ੋਰ ਹੋਵੇ ਕਿ ਕਿਹੜੇ ਕਾਰਜ ਕਰਨੇ ਹਨ, ਕਿਹੜੇ ਨਹੀਂ। ਮਨੁੱਖ ਕਈ ਵਾਰ ਅਜਿਹੇ ਕੰਮ  ਕਰ ਜਾਂਦਾ ਹੈ  ਜੋ ਉਸ ਨੂੰ ਨਹੀਂ ਕਰਨੇ ਚਾਹੀਦੇ ਸਨ। ਮਨੁੱਖ ਕੰਮ ਕਰਨ ਤੋਂ ਬਾਅਦ ਸ਼ਰਮਿੰਦਾ ਹੁੰਦਾ ਹੈ ਪਛਤਾਵਾ ਕਰਦਾ ਹੈ। ਉਹ ਆਪਣੇ ਤੇ ਜਿੰਮੇਵਾਰੀ ਨਾ ਲੈ ਕੇ ਦਲੀਲ ਦਿੰਦਾ ਹੈ ਕਿ ਕ੍ਰੋਧ ਕਾਰਨ, ਲੋਭ ਕਾਰਨ ਹੋ ਗਿਆ। ਕ੍ਰੋਧ ਵੀ ਤਾਂ ਉਸ ਦਾ ਹੀ ਸੀ, ਲੋਭ ਵੀ ਉਸ ਦਾ ਹੀ ਸੀ ਜਿਸ ਨੂੰ ਵੱਸ ਵਿੱਚ ਕਰਨਾ ਉਸ ਦੀ ਪੂਰੀ ਜਿੰਮੇਵਾਰੀ ਸੀ। ਕੰਮ ਕ੍ਰੋਧ ਜਾਨ ਲੋਭ ਵੱਸ ਹੋਇਆ ਪਰ ਦੁੱਖ, ਦੰਡ ਤਾਂ ਮਨੁੱਖ ਨੂੰ ਹੀ ਭੋਗਣਾ ਪੈਂਦਾ ਹੈ। ਜੇ ਉਸ ਦੇ ਮਨ ਦੇ ਵਿਚਾਰ ਹੀ ਉਸ ਦਾ ਹੁਕਮ ਨਹੀਂ ਮੰਨਦੇ ਤਾਂ ਉਹ ਦੂਜਿਆਂ ਕੋਲੋਂ ਕਿਵੇਂ ਆਸ ਕਰ ਸਕਦਾ ਹੈ ਕਿ ਉਸ ਦਾ ਹੁਕਮ ਮੰਨਣ, ਉਸ ਦੀ ਇੱਛਾ ਅਨੁਸਾਰ ਚੱਲਣ।  

ਸੰਸਾਰ ਉਸ ਦੀ ਇੱਛਾ ਅਨੁਸਾਰ ਚੱਲ ਸਕਦਾ ਹੈ ਜੇ ਉਹ ਆਪਣੇ ਵਿਚਾਰ ਤੇ ਆਚਾਰ  ਨੂੰ ਆਪਣੇ ਵੱਸ ’ਚ ਕਰ ਲਵੇ। ਸੰਸਾਰ ਦਾ ਹਰ ਧਰਮ ਪ੍ਰੇਮ, ਸਬਰ, ਸੰਤੋਖ, ਦਇਆ, ਪਰੋਪਕਾਰ, ਸਹਿਜ ਦੀ ਸਿਖਿਆ ਦਿੰਦਾ ਹੈ। ਇਨ੍ਹਾਂ ਨੂੰ ਮਨੁੱਖ ਆਪਣੀ ਸੋਚ, ਆਚਾਰ ਦੀ ਕਸੌਟੀ ਬਣਾਏ। ਆਪਣੇ ਆਪ ਨੂੰ ਸਦਾ ਇਸ ਕਸੌਟੀ ਤੇ ਪਰਖਦਾ ਰਹੇ। ਸਾਰਾ ਸਮਾਂ, ਸਾਰਾ ਧਿਆਨ ਆਪਣੇ ਅੰਦਰ ਦੇ ਬ੍ਰਹਮੰਡ ਤੇ ਲਗਾਏ। ਧਿਆਨ ਆਪਣੇ ਤੇ ਕੇਂਦ੍ਰਿਤ ਰਹੇਗਾ ਤਾਂ ਬਾਹਰ ਵੇਖਣ ਦਾ ਸਮਾਂ ਹੀ ਨਹੀਂ ਮਿਲੇਗਾ। ਸਾਰੇ ਵਿਕਾਰਾਂ, ਔਗੁਣਾਂ ਤੋਂ ਬਚਣ ਦਾ ਇਹ ਇੱਕ ਅਸਰਦਾਰ ਢੰਗ ਹੋ ਸਕਦਾ ਹੈ। ਕਿਂਉਕਿ ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਮ ਆਦਿਕ ਬਾਹਰ ਤੋਂ ਹੀ ਅੰਦਰ ਪ੍ਰੇਰਿਤ ਤੇ ਜਾਗ੍ਰਤ ਹੁੰਦੇ ਹਨ। ਜਦੋਂ ਸਰੋਕਾਰ ਅੰਦਰ ਦਾ ਬਣ ਜਾਂਦਾ ਹੈ ਤਾਂ ਬਾਹਰ ਦੇ ਸਰੋਕਾਰ ਨਹੀਂ ਸਤਾਉਂਦੇ। ਅੰਦਰ ਦੇ ਸਰੋਕਾਰ ਨਾਲ ਜੁੜਨਾ ਬਾਹਰ ਤੋਂ ਟੁੱਟਣਾ ਨਹੀਂ ਬਾਹਰ ਨਾਲ ਸ੍ਰੇਸ਼ਟ ਸਬੰਧ ਜੋੜਨਾ ਹੈ। ਅੰਦਰ ਸ੍ਰੇਸ਼ਟਤਾ ਹੋਵੇਗੀ ਤਾਂ ਬਾਹਰ ਵੀ ਪ੍ਰਗਟ ਹੋਵੇਗੀ। ਮਨ ਅੰਦਰ ਪ੍ਰੇਮ ਭਾਵ ਹੋਵੇ ਤਾਂ ਸਾਰਾ ਜਗਤ ਪ੍ਰੇਮ ਰੰਗ ਵਿੱਚ ਰੰਗਿਆ ਨਜਰ ਆਉਂਦਾ ਹੈ। ਮਨ ਅੰਦਰ ਸੁੱਖ ਹੈ ਤਾਂ ਸਾਰੇ ਸੁਖੀ ਲੱਗਦੇ ਹਨ। ਮਨੁੱਖ ਦਾ ਆਪਣੇ ਤੇ ਵੱਸ ਹੋ ਗਿਆ ਤਾਂ ਸਾਰਾ ਸੰਸਾਰ ਉਸ ਦੇ ਵੱਸ ‘ਚ ਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਸੰਸਾਰ ਨੂੰ ਵੇਖਣ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਮਨੁੱਖ ਨੇ ਆਪਣੇ ਅੰਤਰ ਮਨ ਨੂੰ ਹੁਕਮ ਕਰ ਵਿਕਾਰਾਂ , ਮਾਇਆ ਤੋਂ ਦੂਰ ਕਰ ਦਿੱਤਾ ਹੈ ਤਾਂ ਸਾਰਾ ਜਗਤ ਮਿੱਤਰ ਲੱਗਣ ਲੱਗਦਾ ਹੈ। ਕਿਸੇ ਦਾ ਮੋਹ ਨਹੀਂ ਪਰ ਕਿਸੇ ਨਾਲ ਵੈਰ ਨਹੀਂ। ਇਸ ਅਵਸਥਾ ਦੀ ਪ੍ਰਾਪਤੀ ਕਲਿਯੁਗ ਤੋਂ ਬਾਹਰ ਆ ਕੇ ਸੱਚ ਦੇ ਯੁਗ ਵਿੱਚ ਪ੍ਰਵੇਸ਼ ਕਰਨ ਜਿਹਾ ਹੈ। ਜਿਸ ਦੇ ਮਨ ਅੰਦਰ ਸੱਚ ਯੁਗ ਹੈ ਉਸ ਲਈ ਬਾਹਰ ਵੀ ਸੱਚ ਯੁਗ ਹੈ। ਜੀਵਨ ਜਿਉਣ ਦੇ ਦੋ ਹੀ ਮਾਰਗ ਹਨ। ਇੱਕ ਸੱਚ ਦਾ ਦੂਜਾ  ਝੂਠ ਦਾ। ਇੱਕ ਧਰਮ ਦਾ ਦੂਜਾ ਅਧਰਮ ਦਾ। ਸੱਚ ਜਾਂ ਧਰਮ ਅੰਦਰ ਹੀ ਪ੍ਰਗਟ ਕਰਨਾ ਪੈਂਦਾ ਹੈ ਜਿਸ ਦਾ ਅਕਸ ਬਾਹਰ ਵਿਖਾਈ ਦਿੰਦਾ ਹੈ। 

ਸੱਚ ਨੂੰ ਸਮਝਣ ਤੇ ਧਾਰਨ ਕਰਨ ਲਈ ਪੂਰਨ ਸਮਰਪਣ ਦੀ ਲੋੜ ਹੈ। ਰਾਜ ਨੂੰ ਪ੍ਰਾਪਤ ਕਰਨ ਲਈ ਰਾਜਾ ਪੂਰੀ ਤਾਕਤ ਲਗਾ ਦਿੰਦਾ ਹੈ। ਸੱਚ ਨੂੰ ਧਾਰਨ ਕਰਨਾ ਧਰਤੀ ਤੇ ਰਾਜ ਕਾਇਮ ਕਰਨ ਤੋਂ ਕਿਤੇ ਵੱਧ ਮੁਸ਼ਕਿਲ ਹੈ। ਰਾਜਾ ਆਪਣੀ ਰਾਜ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਚੁਕੰਨਾ ਰਹਿੰਦਾ ਹੈ। ਰਾਜ ਦੀ ਇੱਕ ਇੱਕ ਛੋਟੀ ਵੱਡੀ ਘਟਨਾ ਤੇ ਉਸ ਦੀ ਨਿਗਾਹ ਰਹਿੰਦੀ ਹੈ। ਸੱਚ ਦੀ  ਅਵਸਥਾ ਬਣੀ ਰਹੇ ਇਸ ਲਈ ਮਨੁੱਖ ਸਦਾ ਹੀ ਸਾਵਧਾਨ ਰਹੇ। ਮਨ ਦੇ ਚੁਫੇਰੇ  ਸੰਕਲਪ ਦੀ ਬਾੜ ਲਗਾ ਕੇ ਰੱਖੇ। ਰਾਜ ਸਿਆਣੇ ਦਰਬਾਰਿਆਂ, ਸੈਨਾਪਤੀਆਂ ਦੇ ਸਹਿਯੋਗ ਨਾਲ ਚੱਲਦਾ ਹੈ। ਮਨ ਤੇ ਰਾਜ ਕਾਰਨ ਲਈ ਸੰਤੋਖ, ਸੰਜਮ, ਸਹਿਜ,ਪ੍ਰੇਮ, ਦਇਆ ਜਿਹੇ ਦਰਬਾਰੀ ਤੇ ਜੋਧਾ ਚਾਹੀਦੇ ਹਨ ਜੋ ਦਿਨ ਰਾਤ ਮੁਸਤੈਦ ਰਹਿਣ। 

ਮਨੁੱਖ ਆਪਣੇ ਆਪ ਨੂੰ ਸਦਾ ਹੀ ਔਗੁਣਾਂ ਦੀ ਕੋਠਰੀ ਸਮਝੇ। ਇਹ ਸਮਝ ਹੀ ਉਸ ਨੂੰ ਔਗੁਣਾਂ, ਵਿਕਾਰਾਂ ਤੋਂ ਬਚਾ ਸਕਦੀ ਹੈ। ਔਗੁਣਾਂ ਤੋਂ ਮੁਕਤ ਕੇਵਲ ਪਰਮਾਤਮਾ ਹੈ ਜਾਂ ਉਹ ਜਿਸ ਤੇ ਪਰਮਾਤਮਾ ਨੇ ਮਿਹਰ ਕੀਤੀ ਤੇ ਮੋਖ ਬਖਸ਼ ਦਿੱਤਾ। ਆਪਣੇ ਔਗੁਣ ਮਨੁੱਖ ਆਪ ਹੀ ਜਾਣ ਸਕਦਾ ਹੈ ਤੇ ਉਨ੍ਹਾਂ ਤੋਂ ਮੁਕਤ ਹੋਣ ਦਾ ਜਤਨ ਕਰ ਸਕਦਾ ਹੈ।
***
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ ,
ਸਿਡਨੀ , ਆਸਟ੍ਰੇਲੀਆ
ਈ ਮੇਲ – akaalpurkh.7@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1628
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →