23 January 2026

ਔਰਤ ਦੀ ਜ਼ਿੰਦਗੀ ਦਾ ਸੱਚ… ‘ਦਿ ਬਲੀਡਿੰਗ ਵੋਮੈਨ’!! — ਡਾ. ਕੁਲਵਿੰਦਰ ਸਿੰਘ ਬਾਠ

ਦਰਜਨਾਂ ਕਿਤਾਬਾਂ ਦੀ ਰਚਨਹਾਰ ਡਾ਼. ਸਰਬਜੀਤ ਕੌਰ ਸੋਹਲ ਪੰਜਾਬੀ ਸਾਹਿਤ ਵਿੱਚ ਨਿਰਸੰਦੇਹ ਹੀ ਇੱਕ ਵੱਡਾ ਨਾਮ ਹੈ, ਜਿਸ ਦੀ ਜਾਣ ਪਹਿਚਾਣ ਕਰਾਉਣ ਦੀ ਬਹੁਤੀ ਜ਼ਰੂਰਤ ਨਹੀਂ ਰਹਿ ਜਾਂਦੀ। ਇਹਨਾਂ ਨਾਲ ਮੇਰੀ ਕੋਈ ਨਿੱਜੀ ਜਾਣ ਪਹਿਚਾਣ ਤਾਂ ਨਹੀਂ, ਪਰ ਪੰਜਾਬੀ ਸਾਹਿਤ ਦੇ ਪਾਠਕ ਦੇ ਤੌਰ ‘ਤੇ ਮੈਂ ਇਨ੍ਹਾਂ ਦੀ ਉੱਚੀ ਅਤੇ ਲੰਮੀ ਸਾਹਿਤਕ ਪਰਵਾਜ਼ ਤੋਂ ਜਾਣੂ ਹਾਂ।

‘ਪੰਜਾਬੀ’ ਦੀ ਇਸ ਕਿਤਾਬ ਦੇ ‘ਅੰਗਰੇਜ਼ੀ’ ਵਾਲੇ ਨਾਮ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ…। ਓਪਰੇ ਜਿਹੇ ਮਨ ਨਾਲ਼ ਅਤੇ ਓਪਰੀ ਜਿਹੀ ਹੀ ਨਜ਼ਰ ਮਾਰਦਿਆਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ। ਪੁਸਤਕ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਇਤਨੀ ਦਿਲਚਸਪ ਹੋ ਨਿਬੜੀ ਕਿ ਇਸ ਦੇ ਦੂਸਰੇ ਸਿਰੇ ਪਹੁੰਚਣ ਤੋਂ ਪਹਿਲਾਂ ਮੈਂ ਰੁਕ ਹੀ ਨਾ ਸਕਿਆ!

ਕਵਿਤਾ, ਗ਼ਜ਼ਲ, ਗਾਣਾ, ਵਾਰਤਕ, ਕਹਾਣੀ, ਨਾਵਲ ਜਾਂ ਫਿਰ ਸਫ਼ਰਨਾਮਾ – ਕਿਸੇ ਵੀ ਰੂਪ ਵਿੱਚ ਰਚਿਤ ਕੀਤੀ ਹੋਈ ਮਿਆਰੀ ਸਾਹਿਤਕ ਰਚਨਾ ਜਦ ਪਾਠਕ ਨਾਲ ਸੰਵਾਦ ਰਚਾਉਂਦੀ ਹੈ, ਗੱਲ-ਬਾਤ ਕਰਦੀ ਹੈ, ਆਪਣੇ ਨਾਲ ਤੋਰਦੀ ਹੈ, ਜਾਂ ਫਿਰ ਉਹਦੀ ‘ਰੂਹ ਨੂੰ ਧੂਹ’ ਪਾਉਂਦੀ ਹੈ ਤਾਂ ਉਹ ਇੱਕ ਖ਼ੂਬਸੂਰਤ ਅਤੇ ਸ਼ਾਹਕਾਰ ਸਾਹਿਤਕ ਰਚਨਾ ਬਣ ਜਾਂਦੀ ਹੈ।

ਇਸ ਵਿਲੱਖਣ ਲਿਖਤ ਤੋਂ ਡਾ. ਸੋਹਲ ਜੀ ਦੀ ਸੰਵੇਦਨਸ਼ੀਲਤਾ, ਉਸਾਰੂ ਬਿਰਤੀ ਅਤੇ ਸਾਕਾਰਤਮਕ ਸੋਚ ਦੀ ਅਥਾਹ ਸ਼ਕਤੀ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਕਿਤਾਬ ਨੂੰ ਪੜ੍ਹਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਲੇਖਿਕਾ ਨੇ ਉਂਗਲ ਪਕੜ ਕੇ ਮੈਨੂੰ ਉਹ ਕੁਝ ਦਿਖਾਉਣ ਲਈ ਆਪਣੇ ਨਾਲ਼ ਤੋਰ ਲਿਆ ਜੋ ਮੇਰੀਆਂ ‘ਖੁੱਲ੍ਹੀਆਂ ਅੱਖਾਂ’ ਲਈ ‘ਅਦਿੱਖ’ ਸੀ ਅਤੇ ਸ਼ਾਇਦ ਅਦਿੱਖ ਹੀ ਰਹਿੰਦਾ…! ਸਮੁੱਚੇ ਸੰਸਾਰ ਦੀ ਔਰਤ ਦੀ ਜ਼ਿੰਦਗੀ ਦਾ ਸੱਚ, ਜਿਸ ਨੂੰ ਸਰਬਜੀਤ ਸੋਹਲ ਜੀ ਨੇ ਖ਼ੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੋਇਆ ਹੈ!

ਅੱਜ-ਕੱਲ੍ਹ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਪੰਜਾਬੀ ਸਾਹਿਤ ਥੋਕ ਵਿੱਚ ਲਿਖਿਆ ਜਾ ਰਿਹਾ ਹੈ, ਅਤੇ ਹਰ ਰੋਜ਼ ਨਵੇਂ ਲੇਖਕ (ਜਾਂ ਲੇਖਕਾਵਾਂ) ਬਣ ਰਹੇ ਹਨ। ਪੰਜਾਬੀ ਸਾਹਿਤ ਪੜ੍ਹਨ ਵਾਲਿਆਂ ਦੀ ਗਿਣਤੀ ਜੇ ਘੱਟ ਨਹੀਂ ਤਾਂ ਵੱਧ ਵੀ ਨਹੀਂ ਰਹੀ… । ਪਰ ਫਿਰ ਵੀ ਮੇਰੀ ਜਾਚੇ ਇੱਕ ਚੰਗਾ ਸਾਹਿਤਕਾਰ ਆਪਣੀ ਕੋਈ ਵੀ ਰਚਨਾ ਪਾਠਕ ਨੂੰ ਮਨ ਵਿੱਚ ਰੱਖ ਕੇ ਲਿਖਦਾ ਹੈ। ਆਪਣੇ ਮਨ ਵਿੱਚ ਪਾਠਕਾਂ ਦੇ ਹੁੰਗਾਰੇ ਦੀ ਆਸ ਅਤੇ ਉਮੀਦ ਵੀ ਜ਼ਰੂਰ ਰੱਖਦਾ ਹੈ। ਇਸ ਕਰਕੇ ਪਾਠਕ ਦਾ ਇਹ ਫ਼ਰਜ਼ ਵੀ ਬਣ ਜਾਂਦਾ ਹੈ ਕਿ ਲੇਖਕ ਨੂੰ ਹੁੰਗਾਰਾ ਦੇਵੇ। ਮੈਂ ਵੀ ਇਹ ਕਿਤਾਬ ਪੜ੍ਹ ਕੇ ਮਨ ਵਿੱਚ ਆਏ ਦੋ-ਚਾਰ ਸਧਾਰਨ ਜਿਹੇ ਸ਼ਬਦ ਲਿਖ ਰਿਹਾ ਹਾਂ।

ਦਿ ਬਲੀਡਿੰਗ ਵੋਮੈਨ The Bleeding Women

12 ਅਧਿਆਇ ਅਤੇ 137 ਸਫ਼ੇ ਦੀ ਇਸ ਖ਼ੂਬਸੂਰਤ ਕਿਤਾਬ ਨੂੰ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ 2024 ਵਿੱਚ ਛਾਪਿਆ। ਕਿਤਾਬ ਵਿੱਚ ਲੇਖਿਕਾ ਨੇ ਮਰਦ-ਪ੍ਰਧਾਨ ਸਮਾਜ ਵਿੱਚ ਜਿਉਂਦਿਆਂ ਸਮੁੱਚੀ ਔਰਤ ਵਰਗ ਦੇ ਜੀਵਨ ਵਿੱਚ ਜੜ੍ਹਾਂ ਵਾਲੇ ਰਿਸਦੇ ਜ਼ਖਮ ਅਤੇ ਦਰਦ ਦੀ ਦਾਸਤਾਨ ਨੂੰ ਬੜੇ ਵਿਸਥਾਰ ਅਤੇ ਡੁੰਘਾਈ ਨਾਲ਼ ਕਲਮਬੱਧ ਕੀਤਾ ਹੈ।

ਇਹ ਪੁਸਤਕ ਵਿਲੱਖਣ ਇਸ ਕਰਕੇ ਵੀ ਹੈ ਕਿ ਖ਼ੁਦ ਔਰਤ ਹੋਣ ਦੇ ਨਾਤੇ ਸਰਬਜੀਤ ਸੋਹਲ ਔਰਤ ਦੀਆਂ ਸਮੱਸਿਆਵਾਂ, ਦੁੱਖ, ਦਰਦ, ਤਕਲੀਫ਼ਾਂ, ਅਤੇ ਮਾਨਸਿਕ ਪੀੜਾਂ ਨੂੰ ਡੁੰਘਾਈਆਂ ਵਿੱਚ ਸਮਝਦੀ ਹੈ। ਔਰਤ ਦੇ ਜੰਮਣ ਤੋਂ ਮਰਨ ਤੱਕ ਦੀ ਦਾਸਤਾਨ, ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਪਲ-ਪਲ ਦੇ ਟੁਕੜਿਆਂ ਵਿੱਚ ਬਤੀਤ ਹੁੰਦੀ ਜ਼ਿੰਦਗੀ ਦਾ ਅਹਿਮ ਸੱਚ ਉਸ ਨੇ ‘ਦਿ ਬਲੀਡਿੰਗ ਵੋਮੈਨ’ ਦੇ ਟਾਈਟਲ ਹੇਠ ਵਿਲੱਖਣਤਾ ਨਾਲ਼ ਬਿਆਨ ਕੀਤਾ ਹੈ। ਇੱਕ ਉਹ ਸੱਚ ਜੋ ਔਰਤ ਦੇ ਨਾਲ਼-ਨਾਲ਼ ਉਸ ਦਾ ਪ੍ਰਛਾਵਾਂ ਬਣ ਕੇ ਵਿਚਰਦਾ ਹੈ – ਕਦੇ ਉਸ ਦੇ ਅੱਗੇ ਤੁਰਦਾ ਹੈ, ਕਦੇ ਪਿੱਛੇ, ਕਦੇ ਛੋਟਾ, ਕਦੇ ਲੰਮਾ, ਕਦੇ ਡਰਾਉਂਦਾ ਅਤੇ ਕਦੇ ਰੁਲਾਉਂਦਾ ਹੈ… ਪਰ ਉਸ ਦਾ ਪਿੱਛਾ ਕਦੇ ਵੀ ਨਹੀਂ ਛੱਡਦਾ।

ਜੇਕਰ ਇਸ ਕਿਤਾਬ ਦੇ ਸਿਰਫ ਵਿਸ਼ੇ ਦੀ ਵੀ ਗੱਲ ਕਰੀਏ ਤਾਂ ਇਹੋ ਜਿਹਾ ਗੰਭੀਰ ਵਿਸ਼ਾ ਸਾਡੇ ਸਮਾਜ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜੇਕਰ ਮਨੁੱਖੀ ਸਮਾਜ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਸਾਹਿਤਕਾਰ ਹੀ ਇਸ ਤੋਂ ਮੂੰਹ ਫੇਰ ਲੈਣ ਤਾਂ ਸ਼ਾਇਦ ਇਸ ਨੂੰ ਸਾਹਿਤਕਾਰਾਂ ਤੇ ਸਮਾਜ ਦੀ ਹਿਪੋਕ੍ਰੇਸੀ, ਪਖੰਡ ਅਤੇ ਦੂਹਰਾ ਮਾਪਦੰਡ ਹੀ ਕਿਹਾ ਜਾ ਸਕਦਾ ਹੈ। ਇਸ ਸਿਰਜਣਾ ਵਿੱਚ ਲੇਖਿਕਾ ਨੇ ਮਰਦ ਪ੍ਰਧਾਨ ਸਮਾਜ ਨੂੰ ਬੜੇ ਤਿੱਖੇ ਪਰ ਜਾਇਜ਼ ਸਵਾਲ ਕੀਤੇ ਹਨ। ਚੁਣੌਤੀਆਂ, ਗਿਲ਼ੇ-ਸ਼ਿਕਵੇ ਅਤੇ ਉਲਾਂਭਿਆਂ ਦੇ ਨਾਲ਼ ਨਾਲ਼ ਹੀ ਇੱਕ ਉਸਾਰੂ ਬਿਰਤੀ ਅਤੇ ਸਾਕਾਰਤਮਕ ਸੋਚ ਦਾ ਸੁਨੇਹਾ ਵੀ ਪਾਠਕਾਂ ਦੇ ਨਾਲ਼ ਸਾਂਝਾ ਕੀਤਾ ਹੈ।

ਸਰਬਜੀਤ ਸੋਹਲ ਨੇ ਪੁਸਤਕ ਦੀ ਸ਼ੁਰੂਆਤ ਲੜਕੀ ਅਤੇ ਲੜਕੇ ਦੇ ਜਮਾਂਦਰੂ ਭਿੰਨ-ਭੇਦ ਨਾਲ਼ ਕੀਤੀ ਹੈ, ਇਹ ਦਰਸਾਉਂਦਿਆਂ ਕਿ ਕਿਵੇਂ ਮੁੰਡੇ ਅਤੇ ਕੁੜੀ ਦੀ ਆਮਦ ਵੇਲੇ ਜਾਂ ਫਿਰ ਉਸ ਤੋਂ ਵੀ ਪਹਿਲਾਂ ਹੀ ਪਰਿਵਾਰ ਵੱਲੋਂ ਪੱਖਪਾਤ ਦੀ ਨੀਂਹ ਰੱਖ ਦਿੱਤੀ ਜਾਂਦੀ ਹੈ!! ਧੀ-ਮਾਰੂ ਸੋਚ ਸਮਾਜ ਨੂੰ ਉਸਦੇ ਜਨਮ ਤੋਂ ਵੀ ਪਹਿਲਾਂ ਵੱਲ ਨੂੰ ਖਿੱਚ ਕੇ ਲੈ ਗਈ ਹੈ। ਬੱਚੀ ਦੇ ਬਚਪਨ ਤੋਂ ਜਵਾਨੀ ਵੱਲ ਵਧਦੇ ਕਦਮ ਅਤੇ ਉਸ ਦੇ ਸਰੀਰ ਦੀਆਂ ਕੁਦਰਤੀ ਬਦਲਦੀਆਂ ਕ੍ਰਿਆਵਾਂ ਵੀ ਅਜੀਬ ਫ਼ਿਕਰ-ਦੁੱਖ-ਦਰਦ-ਤਕਲੀਫਾਂ ਨਾਲ਼ ਲੈ ਕੇ ਆਉਂਦੀਆਂ ਹਨ।

ਤੂੰ ਔਰਤ ਹੈਂ, ਤੂੰ ਕੁਝ ਵੀ ਨਹੀ…
ਇਸ ਚੈਪਟਰ ਵਿੱਚ ਲੇਖਿਕਾ ਨੇ ਸਮਾਜ ਨੂੰ ਕਈ ਸਵਾਲ ਚੁੱਕੇ ਹਨ।
‘ਕੰਨਿਆਦਾਨ’ ਸ਼ਬਦ ਨੂੰ ਅਸੀਂ ਆਮ ਹੀ ਇਸ ਸਮਾਜ ਵਿੱਚ ਵਿਚਰਦਿਆਂ ਸੁਣਦੇ ਰਹਿੰਦੇ ਹਾਂ।
ਪਰ ਇਹ ਕੇਹਾ ਦਾਨ ਹੈ, ਜੋ ਸਿਰਫ ਕੰਨਿਆਂ ਦਾ ਹੀ ਹੁੰਦਾ ਹੈ?
ਦਾਨ ਕੰਨਿਆ ਦਾ ਹੀ ਕਿਉਂ ਹੁੰਦਾ ਹੈ?
ਕੰਨਿਆ ਸਿਰਫ ਦਾਨ ਲਈ ਹੀ ਕਿਉਂ ਹੈ?
ਸਮਾਜ ਵਿੱਚ ਹਰ ਮੋੜ ਤੇ ਔਰਤ ਨੂੰ ਹੀ ਅਗਨੀ ਪ੍ਰੀਖਿਆ ਕਿਓਂ?

ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ, ਬਲਕਿ, ਸੰਸਾਰ ਦੇ ਇਤਿਹਾਸ ਵੱਲ ਝਾਤੀ ਮਾਰਦਿਆਂ ਪਤਾ ਲੱਗਦਾ ਹੈ ਕਿ ਇਸਤਰੀ ਨਾਲ ਵਿਤਕਰਾ ਧਾਰਮਿਕ ਪੱਖੋਂ ਹੀ ਨਹੀਂ, ਬਲਕਿ, ਕਹਿੰਦੇ ਕਹਾਉਂਦੇ ਵਿਦਵਾਨਾਂ ਵੱਲੋਂ ਵੀ ਕੀਤਾ ਗਿਆ ਹੈ। ਅਰਸਤੂ, ਸੁਕਰਾਤ, ਜਾਂ ਸ਼ੈਕਸਪੀਅਰ ਨੇ ਵੀ ਕਦੇ ਇਸਤਰੀ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਸੀ। ਇਸ ਪੱਖੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਪਰ ਸੱਚ ਇਹ ਵੀ ਹੈ ਕੇ ਗੁਰੂ ਨਾਨਕ ਦੇਵ ਜੀ ਨੂੰ ਅਸਾਂ ਸਿਰਫ ਗੁਰੂ ਹੀ ਮੰਨਿਆ ਹੈ। ਜੋ ਉਸ ਨੇ ਕਿਹਾ, ਪ੍ਰਚਾਰਿਆ… ਜਾਂ ਸਮਾਜਿਕ ਕੁਰੀਤੀਆਂ ਨਾਲ ਨਜਿੱਠਣ ਦਾ ਸੁਨੇਹਾ ਦਿੱਤਾ, ਅਸੀਂ ਉਸ ਤੋਂ ਅਜੇ ਵੀ ਕੋਹਾਂ ਦੂਰ ਹਾਂ। ਅਜਿਹੀ ਜੀਵਨ ਜਾਚ ਅਪਨਾਉਣ ਨੂੰ ਤਿਆਰ ਹੀ ਨਹੀਂ ਹਾਂ!!

ਜਦ ਬਿਮਾਰ ਹੀ ਕਹੇ ਮੈਂ ਬਿਮਾਰ ਨਹੀ…!

ਔਰਤ ਅਤੇ ਔਰਤ ਦੇ ਸਰੀਰ ਨੂੰ ਮਰਦ ਦੁਆਰਾ ਵਾਰ ਵਾਰ ਅਤੇ ਹਰ ਵਾਰ ਵਰਤਿਆ ਗਿਆ ਹੈ ਅਤੇ ਵਰਤਿਆ ਵੀ ਜਾ ਰਿਹਾ ਹੈ। ਔਰਤਾਂ ਰਾਜਿਆਂ ਮਹਾਰਾਜਿਆਂ ਦੇ ਹਰਮਾਂ ਦਾ ਸ਼ਿੰਗਾਰ ਹੁੰਦੀਆਂ ਸਨ। ਔਰਤ ਨੂੰ ਘਰ ਦੀ ਮਾਲਕਣ / ਰਾਣੀ / ਮਹਾਰਾਣੀ ਦਾ ਰੁਤਬਾ ਦਿੰਦਿਆਂ ਕੰਮ ਨੌਕਰਾਣੀਆਂ ਵਾਂਗ ਕਰਾਇਆ ਜਾਂਦਾ ਹੈ। ਵਿਦਿਆ ਤੋਂ ਵਾਂਝੀਆਂ ਹੀ ਨਹੀਂ, ਬਲਕਿ, ਬਹੁਤ ਪੜ੍ਹੀਆਂ ਲਿਖੀਆਂ ਔਰਤਾਂ ਵੀ ਸੋਚਦੀਆਂ ਹਨ… ਕਿ ਇਹੀ ਵਿਧੀ ਵਿਧਾਨ ਹੈ! “ਜਦੋਂ ਤੱਕ ਬਿਮਾਰ ਨੂੰ ਬਿਮਾਰੀ ਦਾ ਹੀ ਅਹਿਸਾਸ ਨਹੀਂ, ਉਦੋਂ ਤੱਕ ਕੋਈ ਹੋਰ ਵੀ ਉਸ ਲਈ ਕੁਝ ਨਹੀਂ ਕਰ ਸਕਦਾ।”

‘ਔਰਤ’
ਆਪਣੇ ਵਜੂਦ ਨੂੰ
ਸਮੇਂ ਦਾ ਪਲੇਥਣ ਲਾ
ਰੋਜ਼ ਵੇਲਦੀ
ਤਵੇ ਤੇ ਤਪਾਉਂਦੀ
ਖੁਦ ਨੂੰ ਪਕਾਉਂਦੀ
ਤੇ ਖਾਣ ਲਈ ਪਰੋਸਦੀ..
……
…ਰੋਜ਼ ਤਪਦੀ
ਖ਼ੁਦ ਨੂੰ ਹੀ ਮਾਰਦੀ
ਸਵੈ ਤੋਂ ਬੇਦਖ਼ਲ ਹੋ
ਜ਼ਿੰਦਗੀ ਗੁਜ਼ਾਰਦੀ…।

ਲੇਖਿਕਾ ਨੇ ਪੰਨਾ 100 ਉੱਪਰ ਧਾਰਮਿਕ ਸਥਾਨਾਂ ਵਿੱਚ ਔਰਤਾਂ ਨੂੰ ਧਾਰਮਿਕ ਕਾਰਜ ਕਰਨ ਦੀ ਮਨਾਹੀ ਨੂੰ ਖ਼ੂਬ ਬਿਆਨਿਆ ਹੈ।

‘ਚੁੰਨੀ ਹੇਠ’ ਕਵਿਤਾ ਦੀਆਂ ਚੰਦ ਸਤਰਾਂ ਖ਼ੁਦ-ਬ-ਖ਼ੁਦ ਔਰਤ ਦੀ ਕਾਇਨਾਤ ਅਤੇ ਦਾਰਸ਼ਨਿਕ ਸਪੇਸ ਦਾ ਅਹਿਸਾਸ ਕਰਾਉਂਦੀਆਂ ਹਨ…

ਸਿਮਟੀ ਕਾਇਨਾਤ
ਲੁਕੀ ਬੈਠੀ ਹਿਆਤ
ਨਾਰੀ ਦਾ ਸੰਤਾਪ
ਚੁੰਨੀ ਹੇਠ…

ਡੂੰਘੀ ਲੰਮੀ
ਚੁੱਪ
ਕੋਸੀ ਕੋਸੀ ਧੁੱਪ
ਮਘਦੀ ਜਿਹੀ ਏ ਅੱਗ ਵੀ
ਚੁੰਨੀ ਹੇਠ…

ਮੇਰਾ ਆਪਾ, ਇਕਲਾਪਾ
ਮੇਰਾ ਵਿਸ਼ਵਾਸ
ਗੋਦ ਦਾ ਅਹਿਸਾਸ ਵੀ
ਚੁੰਨੀ ਹੇਠ…

ਕਿ ਚੁੰਨੀ ਮੇਰੀ
ਮੇਰੇ ਲਈ
ਇੱਕ ਦਾਰਸ਼ਨਿਕ ਸਪੇਸ…।

ਸਰਬਜੀਤ ਸੋਹਲ ਜੀ ਨੇ ਜਿੱਥੇ ਥਾਂ-ਥਾਂ ਮਰਦ ਦੇ ਮੁੱਢ-ਕਦੀਮੀ ਹਿੰਸਾਤਮਕ ਸੁਭਾਅ ਅਤੇ ਮਰਦਾਵੇਂ ਦਾਬੇ ਨੂੰ ਚਿਤਾਵਨੀ ਦਿੱਤੀ ਹੈ, ਉੱਥੇ ਹੀ ਨਾਰੀ ਦੇ ਖ਼ੁਦ ਦੇ ‘ਮਾਈਂਡ-ਸੈਟ’ ਨੂੰ ਬਦਲ ਕੇ ਜਾਗ੍ਰਿਤ ਹੋਣ ਦੀ ਪ੍ਰੇਰਨਾ ਵੀ ਦਿੱਤੀ ਹੈ। ਇਸਦੇ ਨਾਲ ਹੀ ਔਰਤ ਦੀ ‘ਮਾਨਸਿਕ ਪ੍ਰੋਗਰਾਮਿੰਗ’ ਨੂੰ ਵੀ ਸਵਾਲ ਕੀਤੇ ਹਨ … ਕਿ ਆਖਰ ਕੱਦ ਤੱਕ? ਇਸ ਦੀਆਂ ਕਈ ਉਦਾਹਰਨਾਂ ਵਿੱਚੋਂ ਪੰਨਾ 106 ਤੇ ਨਜ਼ਰ ਮਾਰਿਓ…

ਭਲੇ ਮਾਣਸਾ!

ਔਰਤ ਵੀ ਹੱਡ-ਮਾਸ ਦੀ ਬਣੀ ਹੁੰਦੀ ਹੈ।
ਉਸ ਦੀਆਂ ਵੀ ਲੋੜਾਂ, ਭਾਵਨਾਵਾਂ, ਸੋਚਾਂ, ਸਮਝਾਂ ਹੁੰਦੀਆਂ ਹਨ!!

ਔਰਤ ਇੱਕ ਸਿਰਜਕ ਹੈ। ਸਾਹਿਤ ਵੀ ਸਿਰਜ ਸਕਦੀ ਅਤੇ ਸਿਰਜ ਰਹੀ ਹੈ। ਔਰਤ ਦੇ ਸਾਹਿਤ ਅਤੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਸ਼ੋਸ਼ਣ ਨੂੰ ਲੇਖਿਕਾ ਨੇ ਪੰਨਾ 111 ਉੱਪਰ ਖ਼ੂਬਸੂਰਤੀ ਨਾਲ਼ ਉਭਾਰਿਆ ਹੈ।

ਇਸ ਖ਼ੂਬਸੂਰਤ ਪੁਸਤਕ ਰਾਹੀਂ ਡਾ. ਸਰਬਜੀਤ ਕੌਰ ਸੋਹਲ ਨੇ ਔਰਤ ਦੇ ‘ਦੁੱਖਾਂ ਦੀ ਚਟਾਨ’ ਨੂੰ ਤੋੜਨ ਲਈ ਖ਼ੁਦ ਵਲੋਂ ਪਹਿਲਾ-ਹਥੌੜਾ ਮਾਰ ਕੇ ਚੰਗੀ ਸ਼ੁਰੂਆਤ ਕਰ ਦਿਤੀ ਹੈ।

ਦੋਸਤੋ, ਇਹੋ ਜਿਹੀਆਂ ਮਿਆਰੀ ਕਿਤਾਬਾਂ ਬਹੁਤਾਤ ਵਿੱਚ ਨਹੀਂ ਲਿਖੀਆਂ ਜਾਂਦੀਆਂ। ਚੰਗੀਆਂ ਕਿਤਾਬਾਂ ਚੰਗੇ ਦੋਸਤਾਂ ਦੀ ਤਰਾਂ ਹੀ ਹੁੰਦੀਆਂ ਹਨ – ਹੋਣ ਭਾਵੇਂ ਥੋੜ੍ਹੇ, ਪਰ ਹੋਵਣ ਚੰਗੇ। ਕੌਣ ਨਹੀਂ ਚਾਹੁੰਦਾ ਚੰਗੇ ਦੋਸਤਾਂ ਸੰਗ ਵਿਚਰਨਾ? ਚੰਗੀਆਂ ਕਿਤਾਬਾਂ ਸਾਡੀ ਨਿੱਜੀ ਲਾਇਬਰੇਰੀ ਹੀ ਨਹੀਂ ਬਲਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪਬਲਿਕ ਲਾਇਬਰੇਰੀਆਂ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਬੱਚਿਆਂ ਦੀ ਪਹੁੰਚ ਮਿਆਰੀ ਸਾਹਿਤ ਤੱਕ ਜ਼ਰੂਰ ਹੋਣੀ ਚਾਹੀਦੀ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਸ਼ਬਦ ਜ਼ਿੰਦਗੀਆਂ ਬਦਲ ਦਿੰਦੇ ਹਨ ਅਤੇ ਸਮਾਜ ਵੀ ਬਦਲ ਸਕਦੇ ਹਨ। ਇਸ ਲਈ ਮੈਨੂੰ ਆਸ ਹੀ ਨਹੀਂ ਬਲਕਿ ਯਕੀਨ ਵੀ ਹੈ ਕਿ ਡਾ. ਸਰਬਜੀਤ ਕੌਰ ਸੋਹਲ ਜੀ ਦੀ ਇਹ ਕੋਸ਼ਿਸ਼ ਮਰਦ, ਔਰਤ ਅਤੇ ਸਮਾਜ ਦੀਆਂ ‘ਬੰਦ ਅੱਖਾਂ ਨੂੰ ਖੋਲ੍ਹਣ’ ਅਤੇ ‘ਖੁੱਲ੍ਹੀਆਂ ਅੱਖਾਂ ਦੇ ਦੇਖਣ’ ਵਿੱਚ ਬਹੁਤ ਸਹਾਈ ਹੋਵੇਗੀ।

ਸਮਾਜ ਨੂੰ ਖ਼ੂਬਸੂਰਤ ਬਣਾਉਣ ਦੀ ਅਣਥੱਕ ਕੋਸ਼ਿਸ਼ ਅਤੇ ਉਸ ਦੇ ਅਗਲੇ ਸਾਹਿਤਿਕ ਸਫ਼ਰ ਲਈ ਡਾ. ਸਰਬਜੀਤ ਕੌਰ ਸੋਹਲ ਨੂੰ ਸ਼ੁੱਭ ਕਾਮਨਾਵਾਂ!

ਜ਼ਿੰਦਗੀ ਜ਼ਿੰਦਾਬਾਦ!!
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1717
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →