ਪੁਸਤਕ ਰੀਵਿਊ
ਸਥਾਪਤ ਅਤੇ ਸਮਕਾਲੀ ਲੇਖਕਾਂ ਦਾ ਨਿਬੰਧ-ਸੰਗ੍ਰਹਿ
ਪੁਸਤਕ : ਚੋਣਵੀਂ ਪੰਜਾਬੀ ਨਿਬੰਧਾਵਲੀ
ਸੰਪਾਦਕ : ਮਨਮੋਹਨ ਸਿੰਘ ਦਾਊਂ, ਡਾ. ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਪੰਨੇ : 147
ਮੁੱਲ : 300/- ਰੁਪਏ
~ ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ
![]() ਰੀਵਿਊ ਅਧੀਨ ਕਿਤਾਬ ਵਿੱਚ ਕੁੱਲ 26 ਨਿਬੰਧ ਹਨ, ਜਿਸਨੂੰ ਦੋ ਭਾਗਾਂ ਵਿੱਚ ਵਿਉਂਤਿਆ ਗਿਆ ਹੈ। ਪਹਿਲੇ ਭਾਗ (ਅਤੀਤ ਰੂਪ) ਵਿੱਚ 8 ਪੁਰਾਣੇ ਪਰ ਸਥਾਪਤ ਲੇਖਕਾਂ ਦੇ ਨਿਬੰਧ ਦਰਜ ਹਨ। ਇਸ ਵਿੱਚ ਪੰ. ਸ਼ਰਧਾ ਰਾਮ ਫ਼ਿਲੌਰੀ, ਗਿ. ਦਿੱਤ ਸਿੰਘ, ਪ੍ਰੋ. ਪੂਰਨ ਸਿੰਘ, ਤੇਜਾ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਕਿਰਪਾਲ ਸਿੰਘ ਕਸੇਲ, ਗੁਰਬਚਨ ਸਿੰਘ ਤਾਲਿਬ, ਗਿ. ਗੁਰਦਿੱਤ ਸਿੰਘ ਦੇ ਲੇਖ ਸਾਮਲ ਹਨ। ਦੂਜੇ ਭਾਗ (ਸਮਕਾਲੀ ਰੂਪ) ਦੇ 18 ਲੇਖਕਾਂ ਵਿੱਚ ਡਾ. ਐਮਐਸ ਰੰਧਾਵਾ, ਡਾ. ਜੀਐਸ ਰਿਆਲ, ਨਰਿੰਦਰ ਸਿੰਘ ਕਪੂਰ, ਮਨਮੋਹਨ ਸਿੰਘ ਦਾਊਂ ਸਮੇਤ ਡਾ. ਕਰਨੈਲ ਸਿੰਘ ਸੋਮਲ, ਡਾ. ਪਰਮਜੀਤ ਢੀਂਗਰਾ, ਜੀਕੇ ਸਿੰਘ, ਡਾ. ਰਾਜਿੰਦਰ ਸਿੰਘ ਕੁਰਾਲੀ, ਡਾ. ਜਸਪਾਲ ਸਿੰਘ ਜੱਸੀ, ਡਾ. ਜਤਿੰਦਰ ਸਿੰਘ, ਐੱਸਕੇ ਅਗਰਵਾਲ, ਪ੍ਰੋ. ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ ਮੜੌਲਵੀ, ਬਲਜਿੰਦਰ ਮਾਨ, ਨਿਰੰਜਨ ਸਿੰਘ ਸੈਲਾਨੀ, ਦਰਸ਼ਨ ਸਿੰਘ ਬਨੂੜ, ਕਰਮਜੀਤ ਸਕਰੁੱਲਾਂਪੁਰੀ, ਗੁਰਪ੍ਰੀਤ ਸਿੰਘ ਦੇ ਨਿਬੰਧਾਂ ਨੂੰ ਥਾਂ ਮਿਲੀ ਹੈ।
ਇਸ ਪੁਸਤਕ ਦੇ ਸਾਰੇ ਹੀ ਨਿਬੰਧ ਭਾਂਤ-ਸੁਭਾਂਤੇ ਵਿਸ਼ਿਆਂ ਦੀ ਤਰਜਮਾਨੀ ਕਰਦੇ ਹਨ। ਸਮਾਜ, ਸਭਿਆਚਾਰ, ਸੰਸਕ੍ਰਿਤੀ, ਸੰਦੇਸ਼, ਦੇਸ਼-ਪਿਆਰ, ਵਿਹਲੀਆਂ ਗੱਲਾਂ, ਖੁਸ਼ੀ, ਕਿਰਤ, ਸੱਚ-ਝੂਠ, ਪੁਰਖੇ, ਪੰਜਾਬ, ਪਾਣੀ, ਸਵੈ-ਵਿਸ਼ਵਾਸ, ਪੱਤੇ ਦੀ ਆਤਮ ਕਥਾ, ਗੰਧਲੇ ਦਰਿਆ, ਧਰਤੀ, ਫੁੱਲ, ਸੇਵਾ, ਗਾਇਕੀ, ਰੰਗ, ਰਿਸ਼ਤੇ, ਵਿਰਾਸਤ-ਏ-ਖਾਲਸਾ, ਪੁਆਧ ਦਾ ਸ਼ਹੀਦ, ਵਿਦਿਆਰਥੀ ਤੇ ਸਾਹਿਤ, ਸੂਰਜ ਅਸਤ ਬਿੰਦੂ, ਮਾਂ, ਲੋਕ ਤੇ ਯੁਗ ਚੇਤਨਾ, ਬੱਚੇ ਤੇ ਮੋਬਾਈਲ ਆਦਿ ਬਾਰੇ ਸੁਹਜਾਤਮਕ, ਸਿੱਖਿਆਦਾਇਕ ਤੇ ਗਿਆਨ-ਵਰਧਕ ਲੇਖ ਸਥਾਪਤ ਅਤੇ ਪ੍ਰੌਢ ਲੇਖਕਾਂ ਦੀ ਕਲਮ ਦੀ ਦੇਣ ਹਨ।
ਭੂਮਿਕਾ (ਪ੍ਰਾਕਥਨ) ਵਿੱਚ ਸੰਪਾਦਕਾਂ ਵੱਲੋਂ ਨਿਬੰਧ ਦੀ ਪਰਿਭਾਸ਼ਾ, ਵਿਕਾਸ ਅਤੇ ਨਿਬੰਧਕਾਰਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਕੁਝ ਲੇਖਕਾਂ ਦੇ ਲੇਖਾਂ ਨਾਲ ਆਧਾਰਿਤ ਪੁਸਤਕਾਂ ਦਾ ਵੇਰਵਾ ਵੀ ਦਰਜ ਹੈ, ਜਦ ਕਿ ਸਮਕਾਲੀ ਰੂਪ ਵਾਲੇ ਭਾਗ ਵਿੱਚ ਲੇਖਕ ਦਾ ਫੋਨ ਨੰ. ਹੀ ਅੰਕਿਤ ਕੀਤਾ ਗਿਆ ਹੈ। ਮੇਰਾ ਖਿਆਲ ਹੈ ਕਿ ਅੰਤਿਕਾ ਵਿੱਚ ਜੇਕਰ ਸਾਰੇ ਹੀ ਲੇਖਕਾਂ ਦੇ ਸੰਪਰਕ ਪਤੇ ਸਮੇਤ ਉਨ੍ਹਾਂ ਦਾ ਸੰਖੇਪ ਵੇਰਵਾ ਵੀ ਦੇ ਦਿੱਤਾ ਜਾਂਦਾ ਤਾਂ ਸੋਨੇ ਤੇ ਸੁਹਾਗਾ ਹੋ ਨਿਬੜਨਾ ਸੀ। ਸਰਵਰਕ ਦੇ ਅੰਤਿਮ ਪੰਨੇ ਤੇ ਕਿਤਾਬ ਦੇ ਲੇਖਾਂ ਵਿੱਚੋਂ ਕੁਝ ਜ਼ਿਕਰਯੋਗ ਤੇ ਮਹੱਤਵਪੂਰਣ ਵਿਚਾਰ ਪ੍ਰਕਾਸ਼ਿਤ ਕੀਤੇ ਗਏ ਹਨ। ਪੁਸਤਕ ਦੇ ਅੰਦਰਵਾਰ ਮਨਮੋਹਨ ਸਿੰਘ ਦਾਊਂ, ਡਾ. ਜਸਪਾਲ ਸਿੰਘ ਜੱਸੀ ਤੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚੋਂ ਖ਼ੂਬਸੂਰਤ ਵਿਚਾਰ ਉਧ੍ਰਿਤ ਕੀਤੇ ਗਏ ਹਨ। ਤੁਸੀਂ ਵੀ ਗ਼ੌਰ ਫ਼ਰਮਾਓ :
ਜੀਵਨ ਵਿਸ਼ਾਲ ਗਿਆਨ ਦਾ ਭੰਡਾਰ ਹੈ। ਕਿਸੇ ਵੀ ਕਾਰਜ ਨੂੰ ਪ੍ਰਯੋਗੀ ਰੂਪ ਦੇਣ ਲਈ ਇੱਕ ਤੋਂ ਵੱਧ ਤਰੀਕੇ ਹੋ ਸਕਦੇ ਹਨ। ਕਈਆਂ ਕੋਲ ਮੁੱਲਵਾਨ ਵਿਚਾਰ ਹੁੰਦੇ ਹਨ, ਉਨ੍ਹਾਂ ਦਾ ਸਦ-ਉਪਯੋਗ ਕਰਨਾ ਹੀ ਕੋਈ ਪ੍ਰਾਪਤੀ ਹੋ ਸਕਦੀ ਹੈ। ਹਰ ਮਨੁੱਖ ਦਾ ਵੱਖਰਾ ਸੰਸਾਰ ਹੈ। ਕੁਝ ਨਾ ਕੁਝ ਯੋਗਦਾਨ ਪਾਉਣ ਲਈ ਮਨੁੱਖ ਨੂੰ ਕਾਰਜਸ਼ੀਲ ਰਹਿਣਾ ਜ਼ਰੂਰੀ ਹੈ। ਜ਼ਿੰਦਗੀ ਦਾ ਮਨੋਰਥ ਵੀ ਇਹੋ ਹੈ। (ਦਾਊਂ)
ਸਾਹਿਤ ਗਤੀਸ਼ੀਲ ਭਾਸ਼ਕ ਰਚਨਾ ਹੁੰਦੀ ਹੈ। ਜਿਸ ਤਰ੍ਹਾਂ ਚਿੱਤਰਕਾਰੀ ਦਾ ਮਾਧਿਅਮ ਰੰਗ ਹੁੰਦੇ ਹਨ, ਉਸੇ ਤਰ੍ਹਾਂ ਸਾਹਿਤ ਦਾ ਮਾਧਿਅਮ ਸ਼ਬਦ ਹੁੰਦੇ ਹਨ ਪਰੰਤੂ ਇਹ ਸ਼ਬਦ ਵਿਭਿੰਨ ਰੂਪਾਕਾਰਾਂ ਵਿੱਚ ਆਉਣ ਸਮੇਂ ਸਾਹਿਤਕਤਾ ਨੂੰ ਕਾਇਮ ਰੱਖਦੀ ਹੋਈ ਅਜਿਹਾ ਸੁਹਜ ਉਤਪੰਨ ਕਰਦੀ ਹੈ ਜਿਹੜਾ ਸੁਹਜ ਮਨੁੱਖੀ ਮਨ ਨੂੰ ਅਨੰਦ ਦਿੰਦਾ ਹੈ। ਇਸੇ ਕਰਕੇ ਨਿਬੰਧ ਨੂੰ ਸਵੈ-ਪ੍ਰਗਟਾਵੇ ਦਾ ਵਧੀਆ ਮਾਧਿਅਮ ਮੰਨਿਆ ਗਿਆ ਹੈ।
(ਜੱਸੀ)
ਨਿਬੰਧ ਇੱਕ ਅਜਿਹੀ ਸਾਹਿਤਕ ਵਾਰਤਕ ਦਾ ਰੂਪ ਹੈ, ਜਿਸਦਾ ਆਕਾਰ ਉਚਿਤ ਅਤੇ ਸਾਵਾਂ ਹੁੰਦਾ ਹੈ। ਜਿਸ ਰਾਹੀਂ ਲੇਖਕ ਆਪਣੇ ਆਤਮਕ-ਦ੍ਰਿਸ਼ਟੀਕੋਣਾਂ ਨੂੰ ਸਹਿਜ-ਸੁਭਾਅ ਜਾਂ ਸਰਸਰੀ ਅਭਿਵਿਅਕਤ ਕਰ ਦਿੰਦਾ ਹੈ। (ਅ. ਬ.)
ਸੰਪਾਦਕ ਤੇ ਲੇਖਕ ਵਜੋਂ ਮਨਮੋਹਨ ਸਿੰਘ ਦਾਊਂ ਦਾ ਨਾਂ ਹੀ ਬਹੁਤ ਵੱਡਾ ਹੈ। ਉਨ੍ਹਾਂ ਦੀ ਜਾਣ-ਪਛਾਣ ਵਿੱਚ ਸਿਰਫ਼ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਉਮਰ ਨਾਲੋਂ ਵੀ ਵੱਧ ਕਿਤਾਬਾਂ ਦੀ ਰਚਨਾ ਕਰਕੇ ਮਾਂ-ਬੋਲੀ ਤੇ ਪੁਆਧ ਖੇਤਰ ਪ੍ਰਤੀ ਆਪਣੀ ਨਿਸ਼ਠਾ ਨੂੰ ਪ੍ਰਚੰਡ ਕੀਤਾ ਹੈ। ਸਥਾਪਤ ਅਤੇ ਸਮਕਾਲੀ ਲੇਖਕਾਂ ਨੂੰ ਇੱਕੋ ਥਾਂ ਤੇ ਪੜ੍ਹਨਾ ਆਪਣੇ-ਆਪ ਵਿੱਚ ਅਨੂਠਾ ਅਨੁਭਵ ਹੈ। ਕੁਸ਼ਲ ਸੰਪਾਦਕਾਂ ਵੱਲੋਂ ਇਸ ਕਿਤਾਬ ਦੀ ਵਿਉਂਤਬੰਦੀ ਵਿੱਚ ਲਗਨ, ਮਿਹਨਤ ਅਤੇ ਸੰਜੀਦਗੀ ਸਾਫ਼ ਝਲਕਦੀ ਨਜ਼ਰ ਆਉਂਦੀ ਹੈ। ਇਸ ਕਿਤਾਬ ਨੂੰ ਹਰ ਪਾਠਕ ਦੀ ਨਿੱਜੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015