14 July 2025

ਅਨੁਵਾਦਿਤ ਹਿੰਦੀ ਕਹਾਣੀ: ਉਹ ਸਭ ਦੇਖਦਾ ਹੈ–ਲੇਖਕ: ਸੁਧਾ ਦਿਕਸ਼ਤ/ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ

                   ਸੁਧਾ ਦਿਕਸ਼ਤ

ਉਹ ਕਿਸੇ ਸਾਹਿਤਕ ਸੰਸਥਾ ਵੱਲੋਂ ਕਰਾਏ ਜਾ ਰਹੇ ਕਵਿਤਾ ਸਮਾਗਮ ਦਾ ਮੁੱਖ ਮਹਿਮਾਨ ਸੀ। ਜਦੋਂ ਉਹ ਆਪਣੀ ਕਵਿਤਾ ਪੜ੍ਹ ਕੇ ਮੰਚ ਤੋਂ ਵਾਪਿਸ ਆਈ ਤਾਂ ਮੁੱਖ ਮਹਿਮਾਨ ਨੇ ਵੀ ਤਾੜੀਆਂ ਮਾਰ ਉਸ ਨੂੰ ਸਾਬਾਸ਼ ਦਿੱਤੀ। ਉਸ ਦੇ ਉਚਾਰਣ, ਕਵਿਤਾ ਦੀ ਭਾਸ਼ਾ ਅਤੇ ਕਵਿਤਾ ਪੇਸ਼ ਕਰਨ ਦੇ ਢੰਗ ਦੀ ਭਰਪੂਰ ਪਰਸੰਸਾ ਕੀਤੀ। ਚਾਹ ਪੀਣ ਸਮੇਂ ਮੁੱਖ ਮਹਿਮਾਨ ਨੇ ਉਸ ਨੂੰ ਆਪਣਾ ਕਾਰਡ ਦਿੰਦੇ ਹੋਏ ਬੜੇ ਪਿਆਰ ਨਾਲ ਕਿਹਾ ਕਿ ਉਸ ਨਾਲ ਤਾਲ-ਮੇਲ ਰੱਖੇ। ਉਹ ਕਾਰਡ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣ ਹੀ ਲੱਗੀ ਸੀ ਕਿ ਉਸਦੀ ਸਹੇਲੀ ਨੇ ਦੱਸਿਆ ਕਿ ਉਹ ਬਹੁਤ ਵੱਡਾ ਨਾਟਕਕਾਰ ਹੈ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਵੀ ਬਹੁਤ ਸਰਗਰਮ ਹੈ। ਇਹ ਸੁਣ ਕੇ ਉਸ ਨੇ ਕਾਰਡ ਆਪਣੇ ਪਰਸ ਵਿਚ ਸਾਂਭ ਲਿਆ। ਉਹ ਆਪ ਵੀ ਰੰਗ ਮੰਚ ਅਤੇ ਸਾਹਤਿਕ ਸਰਗਰਮੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀ। ਉਸ ਨੇ ਸੋਚਿਆ ਕਿ ਅਜਿਹੇ ਇਨਸਾਨ ਦੇ ਨਾਲ ਮੇਲ-ਜੋਲ ਵਧਾ ਕੇ ਉਸ ਨੂੰ ਅਜਿਹੀਆਂ ਸਰਗਰਮੀਆਂ ਵਿਚ ਹੋਰ ਹਿੱਸਾ ਲੈਣ ਦੇ ਮੌਕੇ ਮਿਲ ਸਕਦੇ ਹਨ। ਉਸ ਔਰਤ ਨੇ ਕੁਝ ਦਿਨਾਂ ਬਾਅਦ ਉਸ ਨੂੰ ਫੋਨ ਕੀਤਾ। ਉਹ (ਮੁੱਖ ਮਹਿਮਾਨ), ਉਸ ਔਰਤ ਦੀ ਸਹਾਇਤਾ ਕਰਨ ਲਈ ਬਹੁਤ ਉਤਸ਼ਾਹਿਤ ਸੀ ਅਤੇ ਆਪਣੇ ‘ਆਨ ਲਾਈਨ ਗਰੁੱਪ’ ਨਾਲ ਉਸਦੀ ਜਾਣ ਪਹਿਚਾਣ ਕਰਵਾਉਣ ਦੇ ਨਾਲ-ਨਾਲ ਉਸਦੇ ਕਵਿਤਾ ਪੇਸ਼ ਕਰਨ ਦੇ ਢੰਗ ਦੀ ਵੀ ਬਹੁਤ ਤਾਰੀਫ ਕੀਤੀ। ਕੋਈ ਵੀ ਇਨਸਾਨ ਅਜਿਹੀ ਤਾਰੀਫ਼ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਜਿਹੜੀ ਸੱਚੀ ਲੱਗੇ। ਇਹ ਪ੍ਸੰਸਾ ਠੀਕ ਹੀ ਸੀ ਕਿਉਂ ਕਿ ਉਹ ਆਪ ਇਕ ਵਧੀਆ ਕਲਾਕਾਰ ਸੀ ਅਤੇ ਅਸਲੀ ਕਲਾਕਾਰਾਂ ਦੀ ਕਲਾ ਦੀ ਕਦਰ ਕਰਦਾ ਸੀ, ਪਰ ਉਸ ਪ੍ਰਤੀ ਇਹ ਖਿੱਚ ਦੋਸਤੀ ਵਾਲੀ ਨਾ ਹੋ ਕੇ ਕੁਝ ਹੋਰ ਹੀ ਸੀ।

ਉਹ ਆਪ ਤਾਂ  ਇੱਕ ਆਸ਼ਿਕ ਮਿਜਾਜ ਜਾਦੂਗਰ ਸੀ, ਜਦ ਕੇ ਉਹ ਔਰਤ ਚੰਗੀਆਂ ਕਦਰਾਂ ਕੀਮਤਾਂ ਵਾਲੀ ਅਤੇ ਅਧਿਆਤਮਿਕ ਖਿਆਲਾਂ ਵਾਲੀ, ਪਰ ਇਕੱਲੀ ਸੀ। ਉਹ ਕਲਾਕਾਰ ਸੀ;  ਮਿੱਠ ਬੋਲੜਾ ਅਤੇ ਦੇਖਣ ਨੂੰ ਵੀ ਫੱਬਦਾ ਸੀ। ਉਸ ਨੂੰ ਪਤਾ ਸੀ ਕਿ ਕੁੜੀਆਂ ਦੇ ਦਿਲ ਵਿਚ ਕਿਵੇਂ ਆਪਣੇ ਲਈ ਥਾਂ ਬਣਾਉਣੀ ਹੈ। ਉਸ ਔਰਤ ‘ਤੇ ਵੀ ਉਸ ਨੇ ਆਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਸਫਲ ਵੀ ਹੋ ਗਿਆ। ਉਸ ਨੇ ਪਹਿਲਾਂ ਕੁਝ ਨਾ ਕਿਹਾ। ਉਹ ਜਦੋਂ ਵੀ ਕਿਸੇ ਸਮਾਜਿਕ ਇੱਕਠ ਵਿਚ ਮਿਲਦੇ ਤਾਂ ਉਸ ਵੱਲ ਪ੍ਰਸੰਸਾ ਭਰੀ ਨਜ਼ਰ ਨਾਲ ਦੇਖਦਾ ਅਤੇ ਇਹ ਵੀ ਪੱਕਾ ਕਰ ਲੈਂਦਾ ਕਿ ਉਹ ਉਸ ਵੱਲ ਦੇਖ ਰਹੀ ਹੈ। ਜੇ ਉਹਨਾਂ ਦੋਹਾਂ ਦੀਆਂ ਅੱਖਾਂ ਮਿਲ ਜਾਂਦੀਆਂ ਤਾਂ ਉਹ ਹੱਸ ਕੇ ਉਸ ਕੁੜੀ ਦੀ ਸੁੰਦਰਤਾ ਦੀ ਤਾਰੀਫ ਨਾ ਕਰਦਾ ਸਗੋਂ ਉਸਦੀ ਕਵਿਤਾ ਦੇ ਹੁਨਰ ਦੀ ਪ੍ਰਸੰਸਾ ਕਰਦਾ ਜਿਹੜੀ ਉਸ ਨੇ ਇਕ ਮੁਸਾਹਿਰੇ ਦੌਰਾਨ ਦੇਖੀ ਸੀ। ਪਾਣੀ ਹਮੇਸ਼ਾ ਹੀ ਆਪਣਾ ਰਸਤਾ ਲੱਭ ਲੈਂਦਾ ਹੈ। ਇੱਕਲੇ ਦਿਲ ਦਾ ਖਾਲੀਪਣ ਆਮ ਤੌਰ ਤੇ ਅਜਿਹੇ ਪਾਣੀ ਨਾਲ ਭਰ ਜਾਂਦਾ ਹੈ ਜੋ ਹੋ ਸਕਦਾ ਹੈ ਕਿ ਪੀਣ ਯੋਗ ਨਾ ਹੋਵੇ। ਉਹ ਇਮਾਨਦਾਰ ਅਤੇ ਵਫ਼ਾਦਾਰ ਸੁਭਾਅ ਦੀ ਸੀ, ਜਦ ਕਿ ਉਹ ਪੱਕਾ ਖਿਡਾਰੀ। ਉਸ ਨੇ ਹੌਲੀ-ਹੌਲੀ ਉਸ ਔਰਤ ਨੂੰ ਮਿਲਣ ਲਈ ਫੁਸਲਾਇਆ। ਸ਼ੁਰੂ-ਸ਼ੁਰੂ ਵਿਚ ਉਸ ਨਾਲ ਕਿਤਾਬਾਂ ਬਾਰੇ ਚਰਚਾ ਕਰਦਾ, ਕਵਿਤਾ ਦੀ ਪੇਸ਼ਕਾਰੀ ਜਾਂ ਨਾਟਕਾਂ ਦੀਆਂ ਗੱਲਾਂ ਕਰਦਾ। ਹੌਲੀ-ਹੌਲੀ ਉਸ ਨੇ ਉਸਦੀ ਸਰੀਰਕ ਸੁੰਦਰਤਾ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਉਹ ਆਮ ਤੌਰ ਤੇ ਅਜਿਹੇ ਟੋਟਕੇ ਵਰਤਦਾ, “ਤੇਰੇ ਵਿਚ ਸਰੀਰਕ ਸੁੰਦਰਤਾ ਅਤੇ ਬੁੱਧੀ ਦਾ ਜੋ ਸੁਮੇਲ ਹੈ, ਉਹ ਬਹੁਤ ਹੀ ਘੱਟ ਹੁੰਦਾ ਹੈ। ਮੈਂ ਤੇਰਾ ਮੁਕਾਬਲਾ ਨਹੀਂ ਕਰ ਸਕਦਾ।”

ਉਹ ਵਿਚਾਰੀ ਅਜਿਹੀਆਂ ਮਿੱਠੀਆਂ, ਪਰ ਬੇਅਰਥ ਗੱਲਾਂ ਦਾ ਸ਼ਿਕਾਰ ਕਿਵੇਂ ਨਾ ਹੁੰਦੀ। ਇਸ ਤੋਂ ਪਹਿਲਾਂ ਵੀ ਉਸ ਨੂੰ ਆਪਣੀ ਸੁੰਦਰਤਾ ਅਤੇ ਰੋਸ਼ਨ ਦਿਮਾਗ ਬਾਰੇ ਪ੍ਰਸੰਸਾ ਸੁਣਨ ਨੂੰ ਮਿਲਦੀ ਹੀ ਰਹਿੰਦੀ ਸੀ। ਉਹ ਇਹਨਾਂ ਗੱਲਾਂ ਨੂੰ ਬੜੀ ਨਿਮਰਤਾ ਨਾਲ ਸਵਿਕਾਰ ਕਰ ਲੈਂਦੀ, ਪਰ ਕਦੇ ਆਪਣੇ ਦਿਮਾਗ ‘ਤੇ ਭਾਰੂ ਨਾ ਪੈਣ ਦਿੰਦੀ। ਉਹ ਹਮੇਸ਼ਾ ਹੀ ਇਹਨਾਂ ਮਿੱਠੇ-ਮਿੱਠੇ ਸ਼ਬਦਾਂ ਵਿਚ ਲੁਕੇ ਅਸਲੀ ਅਰਥਾਂ ਨੂੰ ਚੰਗੀ ਤਰਾਂ ਸਮਝਦੀ ਸੀ, ਪਰ ਇਸ ਬਾਰ ਤਾਂ ਇਕ ਵਿਦਵਾਨ, ਕਲਾਕਾਰ ਅਤੇ ਬਹੁਤ ਹੀ ਸੋਹਣੇ-ਸੁਨੱਖੇ ਇਨਸਾਨ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਸੀ। ਉਹ ਸੋਚਦੀ ਜਿਵੇਂ ਉਸਦੀ ਸੱਚੇ ਪਿਆਰ ਦੀ ਪਿਆਸ ਮਿਟਣ ਵਾਲੀ ਹੈ। ਉਹ ਵਿਆਹਿਆ ਹੋਇਆ ਸੀ, ਉਹ ਵੀ ਵਿਆਹੀ ਹੋਈ। ਫੇਰ ਕੀ ਹੋਇਆ? ਪਿਆਰ ਕਿਸੇ ਰੁਕਾਵਟ ਨੂੰ ਨਹੀਂ ਮੰਨਦਾ। ਖਾਸਕਰ ਜਦੋਂ ਉਸਦਾ ਪਰਿਵਾਰਕ ਜੀਵਨ ਬਹੁਤਾ ਵਧੀਆ ਨਹੀਂ ਸੀ। ਜ਼ਿਦੰਗੀ ਵਿਚ ਇਕ ਬਾਰ ਤਾਂ ਉਹ ਖੁਸ਼ੀ ਦੇ ਆਨੰਦ ਵਿਚ ਗੁਆਚ ਜਿਹੀ ਗਈ। ਉਹ ਬਹੁਤ ਖੁਸ਼ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਦਿਖਾਵੇ ਦੇ ਪਿਆਰ ਵਾਲਾ ਫੁੱਲ ਖਿੜ ਰਿਹਾ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨਾਲੋਂ ਉਹ ਆਪ ਇਹ ਧਿਆਨ ਜਿਆਦਾ ਰੱਖਦਾ ਕਿ ਉਹ ਕਿਤੇ ਇਕੱਠੇ ਨਾ ਦਿਖਣ। ਉਸ ਔਰਤ ਨੇ ਇਸ ਗੱਲ ਨੂੰ ਤਾੜ ਲਿਆ ਅਤੇ ਉਸ ਤੋਂ ਇਸ ਬਾਰੇ ਪੁੱਛਿਆ ਵੀ। ਉਸ ਨੇ ਜਵਾਬ ਦਿੱਤਾ ਕਿ ਉਹ ਲ਼ੋਕਾਂ ਵਿਚ ਬਹੁਤ ਜਾਣਿਆ ਪਹਿਚਾਣਿਆ ਹੈ, ਇਸ ਲਈ ਧਿਆਨ ਰੱਖਣਾ ਪੈਂਦਾ ਹੈ ਕਿ ਕੋਈ ਅਫਵਾਹ ਨਾ ਉੱਡ ਜਾਏ। ਉਸ ਔਰਤ ਨੂੰ ਇਹ ਗੱਲ ਠੀਕ ਹੀ ਲੱਗੀ। ਵੈਸੇ ਤਾਂ ਉਸ ਔਰਤ ਦਾ ਚਰਿੱਤਰ ਵੀ ਬਹੁਤ ਸਾਫ-ਸੁਥਰਾ ਸੀ। ਉਹ ਕਈ ਸਮਾਗਮਾ ਤੇ ਮਿਲਦੇ, ਇੱਕ ਦੂਜੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ  ਦੇਖਦੇ ਅਤੇ ਖੁਸ਼ੀ ਨਾਲ ਝੂਮ ਉੱਠਦੇ। ਰਾਤ ਨੂੰ ਫੋਨ ਤੇ ਦੇਰ ਰਾਤ ਤੱਕ ਗੱਲਾਂ ਕਰਨੀਆਂ ਤਾਂ ਉਹਨਾਂ ਦਾ ਹਰ ਰੋਜ਼ ਦਾ ਕੰਮ ਸੀ। ਉਹ ਤਾਂ ਵੈਸੇ ਵੀ ਰਾਤ ਦੇ ਸਮੇਂ ਜਾਗਣ ਵਾਲੇ ਉੱਲੂ ਦੀ ਤਰਾਂ ਸੀ। ਹਮੇਸ਼ਾ ਦੇਰ ਰਾਤ ਤੱਕ ਪੜ੍ਹਨਾ ਜਾਂ ਲਿਖਦੇ ਰਹਿਣਾ। ਹੁਣ ਪਿਆਰ ਭਰੀਆਂ ਗੱਲਾਂ ਨੇ ਉਸਦੀ ਸੁੰਨੀ ਜ਼ਿੰਦਗੀ  ਵਿਚ ਇਕ ਨਵੀਂ ਮਿਠਾਸ ਭਰ ਦਿੱਤੀ ਅਤੇ ਉਸਦੇ ਪਿਆਰ ਦੀ ਭੁੱਖ ਨੂੰ ਵੀ ਪੂਰਾ ਕਰ ਦਿੱਤਾ।

ਕੋਈ ਵੀ ਚੀਜ਼ ਹਮੇਸ਼ਾ ਨਹੀਂ ਰਹਿੰਦੀ; ਖਾਸ ਕਰ ਚੰਗਾ ਸਮਾਂ। ਉਸ ਨੂੰ ਲੱਗਿਆ ਕਿ ਬਹਾਰ ਅਤੇ ਪਿਆਰ ਦੀ ਰੁੱਤ ਪਤਝੜ ਵਿਚ ਬਦਲ ਰਹੀ ਹੈ। ਨਾ ਤਾਂ ਹਰੇ ਪੱਤੇ ਹਨ ਅਤੇ ਨਾ ਹੀ ਛਾਂ ਦਾਰ ਰੁੱਖ, ਨਾ ਬੱਦਲ, ਨਾ ਠੰਡੀ ਹਵਾ। ਮੈਦਾਨ ਰੇਗਿਸਤਾਨ ਬਣਦਾ ਜਾ ਰਿਹਾ ਸੀ। ਉਸ ਨੇ ਜੋ ਮਹਿਸੂਸ ਕੀਤਾ ਜਾਂ ਜਿਸ ਦੀ ਕਲਪਨਾ ਕੀਤੀ ਸੀ ਉਹ ਤਾਂ ਇਕ ਛਲਾਵਾ ਹੀ ਸੀ, ਅੱਖਾਂ ਦਾ ਧੋਖਾ। ਖੇਡ ਖਤਮ ਹੋ ਚੁੱਕੀ ਸੀ, ਉਸ ਦੇ ਪਿਆਰ ਦਾ ਦਿਖਾਵਾ ਖ਼ਤਮ ਹੋ ਗਿਆ ਸੀ। ਨਾ ਤਾਂ ਅੱਧੀ ਰਾਤ ਤੱਕ ਚਲੱਣ ਵਾਲੇ ਮੋਬਾਇਲ ਦੇ ਲਿਖਤੀ ਸੁਨੇਹੇ ਰਹੇ, ਨਾ ਹੀ ਮਿਲਣ ਦੀ ਲਾਲਸਾ। ਉਹ ਬਹੁਤ ਨਿਰਾਸ਼ ਹੋ ਗਈ। ਪਿਆਰ ਕਰਨਾ ਤਾਂ ਆਸਾਨ ਹੁੰਦਾ ਹੈ ਖਾਸਕਰ ਜਦੋਂ ਕੋਈ ਬਹੁਤ ਭਾਵੁਕ ਹੋਵੇ, ਪਰ ਬੇਪਨਾਹ ਪਿਆਰ ‘ਚੋਂ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਪਿਆਰ ਇਕ ਨਸ਼ੇ ਦੀ ਤਰਾਂ ਹੁੰਦਾ ਹੈ। ਨਸ਼ੇੜੀਆਂ ਨੂੰ ਪਤਾ ਹੁੰਦਾ ਹੈ ਕਿ ਨਸ਼ਿਆਂ ਨੂੰ ਛੱਡਣਾ ਪਏਗਾ, ਜਿਵੇਂ ਜ਼ਿਆਦਾ ਸ਼ਰਾਬ ਪੀਣ ਵਾਲੇ ਜਾਂ ਲਗਾਤਾਰ ਸਿਗਰਟ ਪੀਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਉਹ ਮੌਤ ਦੇ ਰਾਹ ‘ਤੇ ਜਾਂ ਰਿਹਾ ਹੈ, ਪਰ ਫੇਰ ਵੀ ਉਹ ਕੋਸ਼ਿਸ਼ ਤਾਂ ਕਰਦੇ ਹੀ ਹਨ। ਉਹ ਨਸ਼ਾਖੋਰੀ ਵਿਚੋਂ ਨਿਕਲੱਣ ਦਾ ਯਤਨ ਕਰਦੇ ਹਨ ਅਤੇ ਇਸ ਤੋਂ ਦੂਰ ਜਾਣ ਦਾ ਵੀ, ਪਰ ਨਸ਼ਾ ਛੱਡਣ ਨਾਲ ਸ਼ਰੀਰ ‘ਤੇ ਭੈੜਾ ਅਸਰ ਵੀ ਪੈਂਦਾ ਹੈ। ਉਸ ਤੇ ਵੀ ਇਸਦਾ ਅਸਰ ਦਿਖਾਈ ਦੇ ਰਿਹਾ ਸੀ। ਇਸਦਾ ਉਸ ਨੂੰ ਦੁੱਖ ਵੀ ਹੋਇਆ। ਉਹ, ਉਸਦੀ ਉਮਰ ਵੱਲ ਇਸ਼ਾਰੇ ਕਰਨ ਲੱਗ ਪਿਆ ਸੀ, ਪਰ ਇਹ ਸਿਲਸਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ, ਉਸਦੀ ਉਮਰ ਬਾਰੇ ਤਾਂ ਜਾਣਦਾ ਹੀ ਸੀ। ਪਿਆਰ ਦਾ ਉਮਰ ਨਾਲ ਕੀ ਸੰਬੰਧ ਜਾਂ ਪਿਆਰ ਦੀ ਭਾਵਨਾ ਹੀ ਖਤਮ ਹੋ ਗਈ ਸੀ?

ਉਹ ਇਸਦਾ ਕਾਰਨ ਜਾਣਨਾ ਚਾਹੁੰਦੀ ਸੀ। ਆਖਰ ਇਹ ਸਭ ਕਿਉਂ? ਉਹ ਸੁਨੇਹੇ ਭੇਜਦੀ ਰਹੀ। ਉਹ ਚਾਹੁੰਦੀ ਸੀ ਕਿ ਉਹ ਇਕ ਵਾਰ ਤਾਂ ਉਸ ਨਾਲ ਫੋਨ ਤੇ ਗੱਲ ਕਰੇ। ਉਹ ਚੁੱਪ ਹੀ ਰਿਹਾ। ਪਹਿਲਾਂ ਉਹ ਬਾਰ-ਬਾਰ ਕਹਿੰਦਾ ਸੀ ਕਿ ਉਹ, ਉਸ ਨੂੰ ਪਿਆਰ ਕਰਦਾ ਹੈ। ਸ਼਼ੁਰੂ-ਸ਼਼ੁਰੂ ਵਿਚ ਉਸ ਨੇ ਇਸ ਪਿਆਰ ਦਾ ਆਨੰਦ ਵੀ ਮਾਣਿਆ ਸੀ। ਹੁਣ ਉਸ ਨੂੰ ਇਹ ਭਾਰ ਲੱਗਣ ਕਗ ਪਿਆ। ਉਸ ਨੂੰ ਲਗਾਤਾਰ ਸੁਨੇਹੇ ਭੇਜਣ ਵਿਚ ਪ੍ਰੇਸ਼ਾਣੀ ਹੁੰਦੀ। ਅਖੀਰ ਵਿਚ ਉਸ ਨੇ ਜਵਾਬ ਦਿੱਤਾ, “ਤੂੰ ਮੇਰਾ ਪਰਿਵਾਰਕ ਜੀਵਨ ਬਰਬਾਦ ਕਰ ਰਹੀ ਹੈਂ, ਮੇਰਾ ਪਿੱਛਾ ਛੱਡ।”

“ਮੇਰਾ ਪਿੱਛਾ ਛੱਡ” ਇਹ ਸ਼ਬਦ ਚੁਭਵੇਂ ਹੀ ਨਹੀਂ ਸੀ ਬਲਕਿ ਬੇਇਜ਼ਤੀ ਕਰਨ ਵਾਲੇ ਵੀ ਸੀ। ਹੋ ਸਕਦਾ ਹੈ ਕਿ ਉਹ ਬਹੁਤ ਸਭਿਅਕ ਸੀ ਜਾਂ ਚੰਗੀਆਂ ਆਦਤਾਂ ਵਾਲਾ। ਹੋ ਸਕਦਾ ਹੈ ਉਸਦਾ ਮਤਲਬ ਇਹ ਨਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਅੰਗਰੇਜ਼ੀ ਬਹੁਤੀ ਨਹੀਂ ਆਉਂਦੀ, ਇਸ ਕਰਕੇ ਉਸ ਤੋਂ ਗਲਤ ਲਿਖਿਆ ਗਿਆ ਹੋਵੇ, ਪਰ ਤਾਂ ਵੀ ਉਸ ਵਿਚ ਇਕ ਦਿਲ ਨੂੰ ਚੂਰ-ਚੂਰ ਕਰਨ  ਵਾਲਾ ਇਕ ਸੁਨੇਹਾ ਸੀ, “ਮੇਰੇ ਮਗਰੋਂ ਲਹਿ।” ਉਸ ਨੂੰ ਆਪਣੀ ਇਜ਼ਤ ਬਹੁਤ ਪਿਆਰੀ ਸੀ ਤਾਂ ਹੀ ਉਸ ਨੇ ਜਵਾਬ ਦਿੱਤਾ, “ਮੈਂ ਤੇਰੇ ਪਿੱਛੇ ਨਹੀਂ ਆ ਰਹੀ ਅਤੇ ਨਾ ਹੀ ਕਦੇ ਆਵਾਂਗੀ।”

“ਓ ਰੱਬਾ!”

ਉਸ ਨੇ ਲੰਬਾ ਸਾਹ ਲੈਂਦੇ ਹੋਏ ਕਿਹਾ। ਉਸ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਢੰਗ ਨਾਲ ਉਸ ਨੂੰ ਜਵਾਬ ਦੇਵੇਗੀ। ਸਮਾਜਿਕ ਤੌਰ ਤੇ ਉਹਨਾਂ ਦਾ ਦਾਇਰਾ ਇਕ ਹੀ ਸੀ। ਉਹ ਲਗਾਤਾਰ ਇਕ ਦੂਜੇ ਨੂੰ ਟੱਕਰਦੇ ਰਹੇ, ਪਰ ਪਿਆਰ ਦੀ ਭਾਵਨਾ ਤੋਂ ਕੋਰੇ। ਜ਼ਿੰਦਗੀ ਪਹਿਲਾਂ ਵਾਲੀ ਲੀਹ ‘ਤੇ ਹੀ ਆ ਗਈ। ਕੁਝ ਮਹੀਨਿਆ ਬਾਅਦ ਉਸ ਨੇ ਆਪਣੇ ਨਵੇਂ ਨਾਟਕ ਲਈ ਇਕ ਮੁੱਖ ਪਾਤਰ ਨਿਭਾਉਣ ਲਈ ਇੱਕ ਔਰਤ ਦੀ ਲੋੜ ਵਾਸਤੇ ਇਸਤਿਹਾਰ ਦਿੱਤਾ। ਉਸ ਔਰਤ ਨੇ ਵੀ ਪੇਸ਼ੇਵਰ ਢੰਗ ਨਾਲ ਇਸ ਲਈ ਆਪਣੀ ਅਰਜੀ ਭੇਜ ਦਿੱਤਾ। ਉਸ ਨੇ ਉਸ ਔਰਤ ਨੂੰ ਵੀ ਬੁਲਾ ਲਿਆ। ਉਹ, ਉਸਦੀ ਕਲਾ ਤੋਂ ਪ੍ਰਭਾਵਿਤ ਸੀ ਅਤੇ ਇਸ ਕਰਕੇ ਉਸ ਤੋਂ ਥੋੜ੍ਹਾ ਜਿਹਾ ਡਰਦਾ ਵੀ ਸੀ, ਪਰ ਉਹ, ਬਦਲਾ ਲੈਣਾ ਚਾਹੁੰਦਾ ਸੀ,  ਜਿਵੇਂ ਉਸ ਤੋਂ ਦੂਰ ਹੋਣ ਲੱਗਿਆਂ, ਉਸ ਔਰਤ ਨੇ ਉਸ ਨੂੰ ਝਾੜਿਆ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਲੱਤ ਦੀ ਸਮੱਸਿਆ ਕਰਕੇ ਸੋਟੀ ਦੇ ਸਹਾਰੇ ਨਾਲ ਹੀ ਤੁਰ ਸਕਦੀ ਹੈ। ਉਸ ਨੂੰ ਇਹ ਵੀ ਪਤਾ ਸੀ ਕਿ ਉਹ ਪਹਿਲਾਂ ਇਕ ਦੌੜਾਕ ਅਤੇ ਕਲਾਸੀਕਲ ਨਾਚ ਦੀ ਮਾਹਰ ਸੀ। ਹੁਣ ਉਹ ਸਿਰਫ ਲੇਖਕ ਅਤੇ ਚਿੱਤਰਕਾਰੀ ਹੀ ਕਰ ਸਕਦੀ ਸੀ। ਭਾਵੇਂ ਉਹ ਬਹੁਤ ਸੁਧਰਿਆ ਅਤੇ ਸਿਆਣਾ ਬੰਦਾ ਸੀ, ਪਰ ਫੇਰ ਵੀ, ਉਸਦੇ ਸਵੈਮਾਨ ਨੂੰ ਸੱਟ ਮਾਰਨ ਤੋਂ ਰੁਕ ਨਾ ਸਕਿਆ।

ਉਸ ਨੇ ਬੜੇ ਨਰਮ ਲਹਿਜ਼ੇ ਵਿਚ ਕਿਹਾ, “ਮੇਰੇ ਕੋਲ ਸਿਰਫ ਇਕ ਨਰਤਕੀ ਦਾ ਕਿਰਦਾਰ ਹੀ ਹੈ, ਕੀ ਤੂੰ ਉਸ ਲਈ ਯੋਗ ਹੈਂ?” ਉਸਦੇ ਕਹਿਣ ਦੇ ਢੰਗ ਨਾਲ ਔਰਤ ਨੂੰ ਬਹੁਤ ਦੁਖ ਹੋਇਆ। ਉਸ ਨੇ ਸੋਚਿਆ ਕਿ ਕਿਸੇ ਨੂੰ ਵੀ ਕਮਰ ਤੋਂ ਹੇਠਾਂ ਵਾਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਨਿਰਦੋਸ਼ ਨੂੰ ਦੁਖੀ ਕਰਨਾ ਚਾਹੀਦਾ ਹੈ। ਉਸ ਨੂੰ ਯਕੀਨ ਸੀ ਕਿ ਕੋਈ ਉੱਪਰ ਵੀ ਬੈਠਾ ਹੈ-ਇਕ ਫ਼ਰਿਸਤਾ, ਜੋ ਬੇਸਹਾਰਿਆਂ ਦਾ ਸਹਾਰਾ ਬਣਦਾ ਹੈ, ਨਿਆਸਰਿਆਂ ਦਾ ਆਸਰਾ। ਉਸ ਨੇ ਬੋਲੇ ਤੋਂ ਬਿਨਾਂ ਹੀ ਕੁਝ ਰਿਹਾ ਅਤੇ ਫੋਨ ਕੱਟ ਦਿੱਤਾ।

ਉਹ ਬੇਦਰਦਾਂ ਦੀ ਤਰਾਂ ਹੱਸਿਆ ਅਤੇ ਫੋਨ ਰੱਖ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਹੋਰ ਕੰਮ ਕਰਨ ਤੋਂ ਬਾਅਦ ਹੇਠਾਂ ਜਾਣ ਨੂੰ ਤਿਆਰ ਹੋਇਆ। ਉਸਦਾ ਦਫਤਰ ਚੌਥੀ ਮੰਜ਼ਿਲ ‘ਤੇ ਸੀ। ਲ਼ਿਫ਼ਟ ਨਾ ਹੋਣ ਕਰਕੇ ਪੌੜੀਆਂ ਰਾਂਹੀ ਹੀ ਆਉਣਾ ਜਾਂਦਾ ਪੈਂਦਾ। ਪੌੜੀਆਂ ਉਤਰਦਾ ਹੋਇਆ ਉਹ ਇਹ ਸੋਚ ਕੇ ਖੁਸ਼ ਹੋ ਰਿਹਾ ਸੀ ਕਿ ਉਸ ਨੇ ਕਿਵੇਂ ਉਸ ਔਰਤ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਅਚਾਨਕ ਹੀ ਉਹ ਲੜਖੜਾ ਗਿਆ ਅਤੇ ਆਪਣੇ ਸਰੀਰ ‘ਤੇ ਕਾਬੂ ਨਾ ਰੱਖ ਸਕਿਆ। ਉਹ ਪੌੜੀਆਂ ਤੋਂ ਲੁਟਕ ਗਿਆ ਅਤੇ ਲੋਟਣੀਆ ਖਾਂਦਾ ਹੇਠਾਂ ਤੱਕ ਆ ਗਿਆ।  ਉਸ ਨੂੰ ਆਪਣੀ ਹੱਡੀ ਟੁਟੱਣ ਦੀ ਹਲਕੀ ਜਿਹੀ ਆਵਾਜ਼ ਆਈ ਅਤੇ ਉਸਦੀ ਲੱਤ ਦੀ ਹੱਡੀ ਵਿਚ ਤੇਜ਼ ਦਰਦ ਹੋਣ ਲੱਗਿਆ।

ਜਦੋਂ ਉਸ ਨੂੰ ਹੋਸ਼ ਆਈ, ਉਹ ਹਸਪਤਾਲ ਦੇ ਕਮਰੇ ਵਿਚ ਇਕੱਲਾ ਹੀ ਸੀ।  ਉਸ ਨੇ ਆਪਣਾ ਮੋਬਾਇਲ ਦੇਖਿਆ। ਉਸ ਔਰਤ ਦਾ ਇਕ ਸੁਨੇਹਾ ਆਇਆ ਹੋਇਆ ਸੀ, “ਤੈਨੂੰ ਪਤਾ ਹੈ ਕਿ ਮੈਂ ਨੱਚ ਸਕਦੀ ਹਾਂ। ਤੈਨੂੰ ਉਹ ਗੱਲ ਨਹੀਂ ਸੀ ਕਹਿਣੀ ਚਾਹੀਦੀ।” ਇਹ ਗੱਲ ਅਜੀਬ ਜਹੀ ਸੀ। ਉਸ ਨੂੰ ਬੇ-ਅਰਾਮੀ ਜਿਹੀ ਮਹਿਸੂਸ ਹੋਈ ਅਤੇ ਉਸ ਨੇ ਦੁਬਾਰਾ ਸੌਣ ਦੀ ਕੋਸ਼ਿਸ਼ ਕੀਤੀ।

ਜਦੋਂ  ਉਹ ਜਾਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਆਉਣ ਵਾਲੇ ਲੰਬੇ ਸਮੇਂ ਤੱਕ ਆਪਣੇ ਹੀ ਸੰਗੀਤਮਈ ਨਾਟਕ ਵਿਚ ਕੰਮ ਨਹੀਂ ਕਰ ਕਰ ਸਕੇਗਾ। ਉਹ ਸੋਚ ਰਿਹਾ ਸੀ ਕਿ ਹੁਣ ਉਸ ਨੂੰ ਇਕ ਮਰਦ ਕਲਾਕਾਰ ਦੀ ਵੀ ਲੋੜ ਪਏਗੀ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1547
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ