19 June 2025

ਕਹਾਣੀ: ਕੁੜੀ ਕਹਾਣੀ ਬਣਦੀ ਗਈ — ਅਵਤਾਰ ਐਸ. ਸੰਘਾ

ਮੈਨੂੰ ਪੰਜਾਬ ਵਿੱਚ ਆਪਣਾ ਪਿੰਡ ਛੱਡੇ ਨੂੰ 25 ਕੁ ਸਾਲ ਹੋ ਗਏ ਹਨ। ਇਸ ਅਰਸੇ ਦੌਰਾਨ ਮੈਂ ਚਾਰ ਕੁ ਦੇਸ਼ ਦੇਖੇ ਯੂ. ਏ. ਈ, ਯੂ. ਕੇ, ਜਰਮਨੀ ਤੇ ਆਸਟਰੇਲੀਆ। 1997 ਵਿੱਚ ਦੋ ਕੁ ਹਫਤੇ ਲਈ ਮੈਂ ਦੁਬਈ ਗਿਆ ਸਾਂ। ਉੱਥੇ ਅਪ੍ਰੈਲ ਮਹੀਨੇ ਵਿੱਚ ਇੱਕ ਮੇਲਾ ਲਗਦਾ ਹੁੰਦਾ ਸੀ। ਇਸ ਮੇਲੇ ਵਿੱਚ ਘਰੇਲੂ ਸਮਾਨ ਕੁਝ ਸਸਤਾ ਮਿਲਦਾ ਹੁੰਦਾ ਸੀ। ਮੈਂ ਸੋਚਿਆ ਬੱਚਿਆਂ ਵਾਸਤੇ ਵੀਡੀਓ ਗੇਮ, ਘਰ ਲਈ ਕੁਝ ਇਲੈਕਟ੍ਰੋਨਿਕ ਦਾ ਸਮਾਨ, ਕੁਝ ਗਰਮ ਕੱਪੜੇ ਤੇ ਘਰਵਾਲੀ ਲਈ ਕੁਝ ਸੋਨਾ ਲਿਆ ਦਿਆਂ। ਜਦ ਮੈਂ ਮੇਲੇ ਵਿੱਚ ਘੁੰਮ ਰਿਹਾ ਸਾਂ ਤਾਂ ਮੈਨੂੰ ਇੱਕ ਲੜਕਾ ਮਿਲ ਗਿਆ।

“ਸਤਿ ਸ੍ਰੀ ਅਕਾਲ, ਸਰ।” ਉਹ ਬੜੇ ਆਦਰ ਨਾਲ ਬੋਲਿਆ।
“ਸਤਿ ਸ੍ਰੀ ਅਕਾਲ, ਵੀਰ ਜੀ।” ਉਹ ਮੈਥੋਂ ਕਾਫੀ ਛੋਟਾ ਸੀ। ਮੈਂ ‘ਬੇਟਾ’ ਸ਼ਬਦ ਨਹੀਂ ਵਰਤਿਆ। ਮੈਥੋਂ ‘ਵੀਰ’ ਹੀ ਕਹਿ ਹੋ ਗਿਆ।
“ਸਰ, ਕਦੋਂ ਆਏ ਸੀ?”“ਦਸ ਕੁ ਦਿਨ ਹੋ ਗਏ।”
“ਕਿਸ ਹੋਟਲ ਵਿੱਚ ਠਹਿਰੇ ਹੋਏ ਹੋ?”
“ਮੈਂ ਹੋਟਲ ਵਿੱਚ ਨਹੀਂ, ਆਪਣੇ ਇੱਕ ਰਿਸ਼ਤੇਦਾਰ ਪਾਸ ਹਾਂ। ਇਹ ਰਿਸ਼ਤੇਦਾਰ ਇੱਥੇ ਇੱਕ ਪੰਜ ਤਾਰਾ ਹੋਟਲ ਵਿੱਚ ਫੂਡ ਐਂਡ ਬੀਵਰੇਜ ਸੈਕਸ਼ਨ ਵਿੱਚ ਆਪਰੇਸ਼ਨ ਮੈਨੇਜਰ ਏ।”
“ਸਰ ਕਿਹੜੇ ਹੋਟਲ ਵਿੱਚ? ਸ਼ਾਇਦ ਅਸੀਂ ਵੀ ਕਿਤੇ ਨੇੜੇ ਹੀ ਰਹਿੰਦੇ ਹੋਈਏ?”
“ਫੋਰਟੇ ਗਰੈਂਡ (Forte Grand) ਵਿੱਚ।”
“ਸਰ, ਅਸੀਂ ਵੀ ਤੁਹਾਥੋਂ ਬਹੁਤੀ ਦੂਰ ਨਹੀਂ।”
“ਮੈਨੂੰ ਤੇਰਾ ਯਾਦ ਨਹੀਂ ਆ ਰਿਹਾ। ਤੁਸੀਂ ਕਿਹੜੇ ਸਾਲ ਮੇਰੀ ਕਲਾਸ ਵਿੱਚ ਹੁੰਦੇ ਸੀ?”
“ਸਰ, ਮੈਂ ਕਾਲਜ ਵਿੱਚ ਨਹੀਂ। ਮੈਂ ਤੁਹਾਡੇ ਸਕੂਲ ਵਿੱਚ ਸਾਂ।”
“ਅੱਛਾ! ਤਾਂ ਤੂੰ ਮਿਨਰਵਾ ਸਕੂਲ ਦਾ ਵਿਦਿਆਰਥੀ ਸੀ। ਜਿਹਨੂੰ ਮੇਰੀ ਘਰਵਾਲੀ ਚਲਾਉਂਦੀ ਸੀ। ਇਹ ਕਿਹੜੇ ਸਾਲਾਂ ਦੀ ਗੱਲ ਏ?”
“ਸਰ ਸਾਲ ਤਾਂ ਮੈਨੂੰ ਯਾਦ ਨਹੀਂ। ਉਸ ਨਾਲ ਦੀ ਇੱਕ ਖਾਸ ਗੱਲ ਯਾਦ ਏ।”
“ਉਹ ਕੀ?”
“ਸਕੂਲ ਵਿੱਚ ਇੱਕ ਥਾਣੇਦਾਰ ਤੇ ਚਾਰ ਸਿਪਾਹੀ ਆਏ ਸਨ। ਸਾਰੇ ਬੱਚਿਆਂ ਤੇ ਅਧਿਆਪਕਾਂ ਦੇ ਕੰਨ ਖੜ੍ਹੇ ਹੋ ਗਏ ਸਨ। ਸਭ ਸੋਚਣ ਲੱਗ ਪਏ ਸਨ ਕਿ ਤੁਸੀਂ ਪਤਾ ਨਹੀਂ ਕੀ ਕਰ ਦਿੱਤਾ ਕਿ ਪੁਲਿਸ ਤੁਹਾਡੇ ਬਾਰੇ ਆ ਕੇ ਪੜਚੋਲ ਕਰਨ ਲੱਗ ਪਈ ਸੀ। ਸੇਵਾਦਾਰਨੀ ਨੇ ਆ ਕੇ ਜਮਾਤਾਂ ਵਿੱਚ ਸਭ ਅਧਿਆਪਕਾਂ ਨੂੰ ਦੱਸ ਦਿੱਤਾ ਸੀ। ਤੁਹਾਨੂੰ ਤੁਹਾਡੇ ਨਾਲ ਲਗਦੇ ਘਰੋਂ ਸਕੂਲ ਦੇ ਦਫਤਰ ਵਿੱਚ ਬੁਲਾਇਆ ਗਿਆ ਸੀ। ਪੁਲਿਸ ਕਰਮਚਾਰੀ ਦਫਤਰ ਵਿੱਚ ਬਿਠਾ ਲਏ ਗਏ ਸਨ।”
“ਮੈਂ ਸਮਝ ਗਿਆ। ਸ਼ਾਇਦ ਇਹ 1994 ਦਾ ਸਮਾਂ ਸੀ। ਫਿਰ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਕੀ ਗੱਲ ਹੋਈ ਸੀ?”
“ਹਾਂ ਜੀ ਸਰ! ਐਸ ਐਚ ਓ ਨੇ ਤੁਹਾਥੋਂ ਕਿਸੇ ਕੁੜੀ ਨੂੰ ਸੈਂਟਰ ਅੰਦਰ ਪਰਚੀ ਦੇਣ ਲਈ ਪਰਚਾ ਹੱਲ ਕਰਵਾਉਣਾ ਸੀ। ਕੁੜੀ ਐਸ ਐਚ ਓ ਦੀ ਆਪਣੀ ਲੜਕੀ ਸੀ। ਕਹਿੰਦੇ ਸੀ ਕਿ ਉਹਦੀ ਅੰਗਰੇਜ਼ੀ ਦੀ ਕੰਪਾਰਟਮੈਂਟ ਸੀ। ਇਹ ਕੰਪਾਰਟਮੈਂਟ ਕਲੀਅਰ ਕਰਨ ਦਾ ਆਖਰੀ ਮੌਕਾ ਸੀ। ਸਾਡਾ ਘਰ ਥਾਣੇ ਦੇ ਨੇੜੇ ਹੀ ਏ। ਅਸੀਂ ਲੜਕੀ ਨੂੰ ਜਾਣਦੇ ਸਾਂ। ਸ਼ਾਇਦ ਤੁਸੀਂ ਪਰਚੇ ਦਾ ਵਿਆਕਰਨ ਵਾਲਾ ਕੁਝ ਹਿੱਸਾ ਹੱਲ ਕਰ ਦਿੱਤਾ ਸੀ। ਐਸ ਐਚ ਓ ਨੇ ਜਾ ਕੇ ਸ਼ਹਿਰ ਦੇ ਦੂਜੇ ਕਾਲਜ ਦੇ ਵਿੱਚ ਇਹ ਪਰਚੀ ਆਪਣੀ ਲੜਕੀ ਨੂੰ ਪਹੁੰਚਾ ਦਿੱਤੀ ਸੀ। ਲੜਕੀ ਦਾ ਸੈਂਟਰ ਸਾਡਾ ਕਾਲਜ ਨਹੀਂ ਸੀ। ਉਹਦਾ ਸੈਂਟਰ ਉਹ ਦੂਸਰਾ ਕਾਲਜ ਸੀ।”
“ਤੁਹਾਡਾ ਨਾਮ ਕੀ ਏ?”
“ਸਰ, ਮੇਰਾ ਨਾਮ ਪੁਨੀਤ ਏ।”
“ਤੂੰ ਇਹ ਗੱਲ ਬੜੀ ਯਾਦ ਰੱਖੀ?”
“ਸਰ, ਉਸ ਸਮੇਂ ਇੱਕ ਤਾਂ ਕਿਸੇ ਪਾਸ ਪੁਲਿਸ ਦਾ ਆਉਣਾ ਕਹਿਰ ਦੇ ਬਰਾਬਰ ਹੁੰਦਾ ਸੀ। ਦੂਜੀ ਗੱਲ ਲੜਕੀ ਦੀ ਸੀ। ਜੇ ਕਿਸੇ ਲੜਕੀ ਨਾਲ ਸੰਬੰਧਿਤ ਕੋਈ ਘਟਨਾ ਹੋਵੇ ਤਾਂ ਉਹ ਬੰਦੇ ਨੂੰ ਕਦੀ ਵੀ ਨਹੀਂ ਭੁੱਲਦੀ। ਇਹ ਕੁਦਰਤੀ ਹੈ।”

ਪੁਨੀਤ ਦੀ ਇਸ ਗੱਲ ਨੇ ਮੈਨੂੰ ਆਪਣੀ ਜ਼ਿੰਦਗੀ ਦੀਆਂ ਦੋ ਤਿੰਨ ਹੋਰ ਘਟਨਾਵਾਂ ਯਾਦ ਕਰਾ ਦਿੱਤੀਆਂ। ਇੱਕ ਘਟਨਾ ਮੈਨੂੰ ਉਹ ਯਾਦ ਆ ਗਈ ਜਦ ਮੈਂ ਆਪਣੇ ਦੋ ਦੋਸਤਾਂ ਨਾਲ ਸਿਡਨੀ ਦੇ ਬਲਿਊ ਮਾਊਂਟੇਨ ਵੱਲ ਨੂੰ ਗਿਆ ਸਾਂ। ਰਸਤੇ ਵਿੱਚ ਲਾਅਸਨ (Lawson) ਵਿਖੇ ਅਸੀਂ ਕਾਰ ਰੋਕੀ ਸੀ ਤੇ ਕੁਝ ਖਾਣ ਲਈ ਬੈਂਚਾਂ ਤੇ ਬੈਠ ਗਏ ਸਾਂ। ਅਸੀਂ ਥਰਮਸ ਚੋਂ ਚਾਹ ਕੱਢ ਕੇ ਗਲਾਸਾਂ ਵਿੱਚ ਪਾ ਹੀ ਰਹੇ ਸਾਂ ਕਿ ਪਰਿਓ ਜਾਂਦੇ ਜਾਂਦੇ ਇੱਕ ਲੜਕੇ ਨੇ ਹੱਥ ਖੜਾ ਕਰਕੇ ‘ਨਮਸਤੇ’ ਕਹਿ ਦਿੱਤਾ। ਮੈਂ ਵੀ ਹੱਥ ਖੜ੍ਹਾ ਕਰਦੇ ਨੇ ਚਾਹ ਦਾ ਗਲਾਸ ਉਹਦੇ ਵੱਲ ਕਰ ਦਿੱਤਾ। ਉਹ ਜਾਂਦਾ ਜਾਂਦਾ ਰੁਕ ਗਿਆ।

“ਆਓ, ਚਾਹ ਪੀ ਜਾਓ”, ਮੈਂ ਕਿਹਾ।
“ਬਹੁਤ ਮਿਹਰਬਾਨੀ, ਸਰ।”
“ਆਓ ਤਾਂ ਸਹੀ। ਮੈਂ ਤੁਹਾਨੂੰ ਅਜੇ ਪੂਰੀ ਤਰ੍ਹਾਂ ਪਹਿਚਾਣਿਆ ਨਹੀਂ?”
“ਸਰ, ਮੈਂ ਤੁਹਾਡਾ ਵਿਦਿਆਰਥੀ ਹੋਇਆ ਕਰਦਾ ਸਾਂ।”
“ਬੇਟੇ ਕੀ ਨਾਮ ਏ ਤੁਹਾਡਾ?”
“ਸਰ, ਮੇਰਾ ਨਾਮ ਸਤੀਸ਼ ਏ। ਮੈਂ ਉਸ ਸਾਲ ਤੁਹਾਡੇ ਪਾਸ ਪੜ੍ਹਦਾ ਸਾਂ ਜਿਸ ਸਾਲ ਤੁਸੀਂ ਜੀਤਾਂ ਨੂੰ ਡਾਂਟਿਆ ਸੀ ਤੇ ਪ੍ਰੋਫੈਸਰ ਹਰਪਾਲ ਸਿੰਘ ਤੁਹਾਡੇ ਖਿਲਾਫ ਹੋ ਗਿਆ ਸੀ।”
“ਓ, ਆਈ ਸੀ।”

“ਸਰ, ਤੁਸੀਂ ਨਵੇਂ ਨਵੇਂ ਲੈਕਚਰਾਰ ਲੱਗੇ ਸੀ। ਬੜੇ ਸੋਹਣੇ ਲੰਮੇ ਝੱਮੇ ਹੁੰਦੇ ਸੀ । ਹੁਣ ਤਾਂ ਤੁਸੀਂ ਕੁਝ ਭਾਰੇ ਹੋ ਗਏ ਹੋ। ਸਾਡੀ ਕਲਾਸ ਫੈਲੋ ਕੁੜੀ ਜੀਵਨ ਉਰਫ ਜੀਤਾਂ ਤੁਹਾਡੇ ਵਿੱਚ ਦਿਲਚਸਪੀ ਲੈਣ ਲੱਗ ਪਈ ਸੀ। ਅਸੀਂ ਮੁੰਡੇ ਜਮਾਤ ਵਿੱਚ ਬੜਾ ਖਿਆਲ ਰੱਖਦੇ ਸਾਂ। ਤੁਸੀਂ ਬਦਨਾਮੀ ਤੋਂ ਬਹੁਤ ਡਰਦੇ ਸੀ। ਦੂਜੇ ਪਾਸੇ ਪ੍ਰੋਫੈਸਰ ਹਰਪਾਲ ਉਸ ਲੜਕੀ ਵਿੱਚ ਵਾਹਵਾ ਦਿਲਚਸਪੀ ਲੈਂਦਾ ਸੀ। ਉਹ ਆਪ ਠਿੱਗਣਾ ਜਿਹਾ ਸੀ ਤੇ ਉਸਨੂੰ ਡਰ ਸੀ ਕਿ ਤੁਸੀਂ ਉਸ ਲੜਕੀ ਨੂੰ ਪੱਟ ਨਾ ਲਓ। ਹਰਪਾਲ ਲੜਕੀ ਦੇ ਮਾਪਿਆਂ ਨਾਲ ਵੀ ਰਾਬਤਾ ਕਾਇਮ ਕਰਕੇ ਰੱਖਦਾ ਸੀ। ਉਹਨੇ ਝੂਠੀਆਂ ਮੂਠੀਆਂ ਤੋਹਮਤਾਂ ਲਗਾ ਕੇ ਕੁੜੀ ਨੂੰ ਤੁਹਾਡੇ ਖਿਲਾਫ ਕਰ ਦਿੱਤਾ ਸੀ। ਤੁਸੀਂ ਲੜਕੀ ਨੂੰ ਡਾਂਟ ਦਿੱਤਾ ਸੀ। ਹਰਪਾਲ ਨੇ ਤੁਹਾਨੂੰ ਪ੍ਰਿੰਸੀਪਲ ਤੋਂ ਲੜਕੀ ਨਾਲ ਬਦਸਲੂਕੀ ਕਰਨ ਕਰਕੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਚਿੱਠੀ ਵੀ ਦਵਾ ਦਿੱਤੀ ਸੀ। ਕਾਲਜ ਦੇ ਮੁੰਡਿਆਂ ਵਿੱਚ ਇਸ ਵਰਤਾਰੇ ਦੀ ਬੜੀ ਚਰਚਾ ਹੋਈ ਸੀ। ਕਾਲਜ ਦੀ ਐਥਲੈਟਿਕ ਮੀਟ ਵਿੱਚ ਉਹ ਲੜਕੀ ਫਸਟ ਆਈ ਸੀ।”

“ਮੈਂ ਸਮਝ ਗਿਆ। ਮੁੰਡੇ ਹਰਪਾਲ ਦੇ ਖਿਲਾਫ ਹੋ ਗਏ ਸਨ ਤੇ ਮੇਰੇ ਹੱਕ ਵਿੱਚ ਦਸਤਖਤ ਕਰਕੇ ਪ੍ਰਿੰਸੀਪਲ ਨੂੰ ਦੇਣ ਲਈ ਵੀ ਤਿਆਰ ਸਨ। ਆਓ ਬੈਠ ਜਾਓ, ਚਾਹ ਥਰਮਸ ਵਿੱਚ ਹੋਰ ਬਥੇਰੀ ਏ।”
“ਸਰ, ਮੇਰੀ ਟਰੇਨ ਆਉਣ ਵਿੱਚ 12 ਕੁ ਮਿੰਟ ਰਹਿੰਦੇ ਹਨ। ਮੈਂ ਇੱਥੇ ਬੈਂਕ ਮੁਲਾਜ਼ਮ ਹਾਂ। ਡਿਊਟੀ ਖਤਮ ਕਰਕੇ ਆ ਰਿਹਾ ਹਾਂ।”
“ਅੱਛਾ, ਇਸਦਾ ਮਤਲਬ ਇਹ ਹੈ ਕਿ ਤੁਸੀਂ ਇੱਥੇ ਬੈਂਕ ਦੀ ਜਾਬ ਕਰਦੇ ਹੋ। ਸੋਹਣੀ ਤਰੱਕੀ ਕੀਤੀ, ਬੱਲਿਆ। ਬੈਂਕ ਦੀ ਜਾਬ, ਉਹ ਵੀ ਸਿਡਨੀ ਨੇੜੇ। ਕਿੱਥੇ ਰਹਿੰਦੇ ਹੋ?”
“ਮੈਂ ਏਮੂ ਪਲੇਨਜ਼ (Emu Plains) ਰਹਿੰਦਾ ਹਾਂ।”
“ਘਟਨਾ ਬੜੀ ਯਾਦ ਰੱਖੀ, ਤੂੰ।”
“ਸਰ, ਇਸ ਪ੍ਰਕਾਰ ਦੀਆਂ ਕੁੜੀਆਂ ਨਾਲ ਸੰਬੰਧਿਤ ਘਟਨਾਵਾਂ ਦਿਲਾਂ ਤੇ ਪੱਕੀ ਤਰ੍ਹਾਂ ਉੱਕਰ ਜਾਂਦੀਆਂ ਹਨ। ਇਹ ਬੰਦੇ ਨੂੰ ਕਦੇ ਨਹੀਂ ਭੁੱਲਦੀਆਂ।”
“ਤੂੰ ਠੀਕ ਫਰਮਾਇਆ।”
ਫਿਰ ਉਹਨੂੰ ਮੈਂ ਜਾਣ ਦਿੱਤਾ ਕਿਉਂਕਿ ਉਸਦੀ ਰੇਲ ਗੱਡੀ ਆ ਰਹੀ ਸੀ।

ਇੱਕ ਹੋਰ ਘਟਨਾ ਅਖੌਤੀ ਮਾਮੇ ਦੀ ਸੀ। ਸਾਡੇ ਇੱਕ ਸਾਥੀ ਨੇ ਇੱਕ ਕਾਲਜ ਵਿੱਚ ਇੱਕ ਸੈਸ਼ਨ ਨੌਕਰੀ ਕੀਤੀ ਸੀ। ਕਾਲਜ ਨਵਾਂ ਖੁੱਲ੍ਹਿਆ ਸੀ। ਸਾਰਾ ਸਟਾਫ ਨਵਾਂ ਤੇ ਕੱਚਾ ਸੀ। ਇਲਾਕਾ ਬੜਾ ਪਛੜਿਆ ਹੋਇਆ ਸੀ। ਸਟਾਫ ਲੋਕਲ ਤਾਂ ਕੋਈ ਰਹਿੰਦਾ ਹੀ ਨਹੀਂ ਸੀ। ਸਾਰੇ ਨਾਲ ਦੇ ਸ਼ਹਿਰ ਤੋਂ ਆਉਂਦੇ ਸਨ। ਕਾਲਜ ਦੀ ਕਮੇਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਐਮ. ਐਲ. ਏ. ਸੀ। ਕਾਲਜ ਵਿੱਚ ਪਹਿਲੇ ਸਾਲ ਦੋ ਜਮਾਤਾਂ ਹੀ ਸ਼ੁਰੂ ਕੀਤੀਆਂ ਗਈਆਂ ਸਨ। ਪ੍ਰੈਪ ਤੇ ਬੀ. ਏ. ਭਾਗ ਪਹਿਲਾ। ਅੰਗਰੇਜ਼ੀ ਦਾ ਪੂਰਾ ਲੈਕਚਰਾਰ ਸੀ ਸਾਡਾ ਇਹ ਸਾਥੀ ਗੁਰਚਰਨ ਤੇ ਇੱਕ ਹੋਰ ਪਾਰਟ ਟਾਈਮ ਸੀ। ਗੁਰਚਰਨ ਵੀ ਨਾਲ ਦੇ ਸ਼ਹਿਰ ਹੀ ਰਹਿੰਦਾ ਸੀ। ਇਹ ਕਸਬਾ ਕਾਲਜ ਤੋਂ ਸੱਤ ਕਿਲੋਮੀਟਰ ਦੀ ਦੂਰੀ ਤੇ ਸੀ। ਇਸ ਕਸਬੇ ਵਿੱਚ ਛੇ ਸੱਤ ਮਹੀਨੇ ਰਹਿਣ ਕਰਕੇ ਗੁਰਚਰਨ ਨੂੰ ਆਮ ਲੋਕ ਜਾਨਣ ਲੱਗ ਪਏ ਸਨ। ਦਸੰਬਰ ਦਾ ਮਹੀਨਾ ਸੀ। ਇੱਕ ਦਿਨ ਗੁਰਚਰਨ ਰੋਜ਼ਾਨਾ ਦੀ ਤਰ੍ਹਾਂ ਕੇਵਲ ਦੇ ਢਾਬੇ ਤੇ ਸ਼ਾਮ ਨੂੰ ਖਾਣਾ ਖਾਣ ਜਾ ਰਿਹਾ ਸੀ। ਮੋੜ ਤੇ ਰਹਿੰਦੀ ਇੱਕ ਲੜਕੀ ਦੀ ਉਸ ਨਾਲ ਅੱਖ ਲੜ ਗਈ। ਉਹ ਆਪਣੇ ਕੋਠੇ ਤੇ ਖੜ੍ਹੀ ਬਜ਼ਾਰ ਦੀ ਰੌਣਕ ਦਾ ਨਜ਼ਾਰਾ ਮਾਣ ਰਹੀ ਸੀ। ਇਵੇਂ ਹੀ ਇੱਕ ਦੋ ਵਾਰ ਫਿਰ ਅੱਖ ਲੜੀ। ਤੀਜੇ ਦਿਨ ਜਦ ਸ਼ਾਮ ਨੂੰ ਮੂੰਹ ਹਨੇਰੇ ਗੁਰਚਰਨ ਉਹਦੇ ਘਰ ਕੋਲੋਂ ਗੁਜ਼ਰਿਆ ਤਾਂ ਖਿੜਕੀ ‘ਚੋਂ ਇੱਕ ਆਵਾਜ਼ ਆਈ:
“ਸਰ!”
ਗੁਰਚਰਨ ਨੇ ਖਿੜਕੀ ਵਲ ਦੇਖਿਆ।
“ਸਰ, ਗੱਲ ਸੁਣਿਓ।”

ਉਹ ਖਿੜਕੀ ਨੇੜੇ ਚਲਾ ਗਿਆ। ਲੜਕੀ ਨੇ ਉਹਨੂੰ ਇੱਕ ਚਿੱਠੀ ਫੜ੍ਹਾ ਦਿੱਤੀ। ਜਦ ਖੋਲ੍ਹ ਕੇ ਦੇਖੀ ਤਾਂ ਉਹ ਇੱਕ ਪ੍ਰੇਮ ਪੱਤਰ ਸੀ। ਉਹ ਤਿੰਨ ਚਾਰ ਦਿਨ ਚੁੱਪ ਰਿਹਾ। ਇੱਕ ਦਿਨ ਫਿਰ ਉਹੀ ਆਵਾਜ਼ ਆਈ। ਉਸੇ ਪ੍ਰਕਾਰ ਦੀ ਇੱਕ ਹੋਰ ਚਿੱਠੀ! ਅੱਗੇ ਜਾ ਕੇ ਗੁਰਚਰਨ ਨੇ ਰੌਸ਼ਨੀ ਵਿੱਚ ਜਾ ਕੇ ਖੋਲ੍ਹ ਕੇ ਦੇਖੀ। ਲਿਖਿਆ ਸੀ, ‘ਸਰ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਹਾਡੇ ਕਾਲਜ ਦੀ ਕਮੇਟੀ ਦਾ ਪ੍ਰਧਾਨ ਐਮ. ਐਲ. ਏ. ਹਰਬੰਸ ਸਿੰਘ ਮੇਰਾ ਮਾਮਾ ਏ। ਤੁਸੀਂ ਮੇਰੇ ਨਾਲ ਸ਼ਾਦੀ ਕਰ ਲਓ। ਮੈਂ ਤੁਹਾਨੂੰ ਕਾਲਜ ਦੇ ਵਿੱਚ ਪੱਕਾ ਕਰਵਾ ਦੇਵਾਂਗੀ।”
ਇਸ਼ਕ ਸ਼ੁਰੂ ਬਾਅਦ ਹੁੰਦਾ ਏ, ਖਬਰ ਲੋਕਾਂ ਤੱਕ ਪਹਿਲਾਂ ਪਹੁੰਚ ਜਾਂਦੀ ਏ। ਤਾਂ ਹੀ ਤਾਂ ਜੋਸ਼ ਮਲੀਹਾਵਾਦੀ ਕਹਿੰਦਾ ਏ:-
ਵਾਕਿਫ਼ ਹੈ ਅਪਨੇ ਇਸ਼ਕ ਸੇ ਤਮਾਮ ਸ਼ਹਿਰ ਜੋਸ਼,
ਔਰ ਹਮ ਯੇ ਸਮਝਤੇ ਹੈਂ ਕਿ ਕੋਈ ਜਾਨਤਾ ਨਹੀਂ।

ਉਸ ਛੋਟੇ ਸ਼ਹਿਰ ਵਿੱਚ ਗੁਰਚਰਨ ਦੇ ਖਿਲਾਫ ਸੂਹ ਉੱਡ ਗਈ। ਇਸ ਸੂਹ ਕਾਲਜ ਤੱਕ ਵੀ ਪਹੁੰਚ ਗਈ। ਕਾਲਜ ਦੀ ਕਮੇਟੀ ਦੇ ਮੈਨੇਜਰ ਬਖਤਾਵਰ ਸਿੰਘ ਨੇ ਉਸਨੂੰ ਦਫਤਰ ਵਿੱਚ ਬੁਲਾਇਆ:
“ਪ੍ਰੋ. ਸਾਹਿਬ, ਤੁਹਾਡੇ ਖਿਲਾਫ ਇੱਕ ਖਬਰ ਮੈਂ ਸੁਣੀ।”
“ਸਰ, ਕੀ?”
“ਤੁਹਾਡਾ ਕਿਸੇ ਲੜਕੀ ਨਾਲ ਚੱਕਰ ਚੱਲਦਾ ਏ। ਲੜਕੀ ਸਾਡੇ ਕਾਲਜ ਦੇ ਪ੍ਰਧਾਨ ਦੇ ਨੇੜੇ ਏ। ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਕੋਈ ਨੁਕਸਾਨ ਹੋਵੇ। ਹੁਣ ਮਾਰਚ ਸ਼ੁਰੂ ਹੋ ਗਿਆ ਏ। ਅਸੀਂ 31 ਮਾਰਚ ਨੂੰ ਸਾਰਾ ਸਟਾਫ ਰਿਲੀਵ ਕਰ ਦੇਣਾ ਏ। ਤੁਹਾਨੂੰ ਪਤਾ ਏ ਕਿ ਸਟਾਫ ਪਹਿਲੇ ਸਾਲ ਅਸੀਂ ਕੱਚਾ ਰੱਖਿਆ ਹੋਇਆ ਏ। ਦੂਜੇ ਸੈਸ਼ਨ ਵਿੱਚ ਦੁਬਾਰਾ ਇੰਟਰਵਿਊ ਕਰਾਂਗੇ। ਤੁਸੀਂ ਇੱਥੋਂ ਚਲੇ ਜਾਓ। ਕਹਿ ਦਿਓ ਤੁਹਾਨੂੰ ਜਰੂਰੀ ਕੰਮ ਕਰਕੇ ਛੁੱਟੀ ਚਾਹੀਦੀ ਏ। ਮੈਂ ਤੁਹਾਨੂੰ ਬਾਕੀ ਸਾਰੇ ਸਟਾਫ ਨਾਲ 31 ਮਾਰਚ ਨੂੰ ਰਿਲੀਵ ਕਰ ਦੇਵਾਂਗਾ। ਇਸ ਪ੍ਰਕਾਰ ਤੁਹਾਡਾ ਰਿਕਾਰਡ ਖਰਾਬ ਨਹੀਂ ਹੋਵੇਗਾ ਅਤੇ ਬੇਜਤੀ ਵੀ ਨਹੀਂ ਹੋਵੇਗੀ।”

ਗੁਰਚਰਨ ਮੈਨੇਜਰ ਦੇ ਆਦੇਸ਼ ਤੇ ਚੰਡੀਗੜ੍ਹ ਨੂੰ ਆ ਗਿਆ ਕਿਉਂਕਿ ਉਸ ਦੀ ਆਰਜੀ ਰਿਹਾਇਸ਼ ਚੰਡੀਗੜ੍ਹ ਸੀ। ਉੱਥੇ ਆ ਕੇ ਉਹ ਹੋਰ ਨੌਕਰੀਆਂ ਦੀ ਤਲਾਸ਼ ਕਰਦਾ ਰਿਹਾ। ਉੱਥੇ ਉਹ ਆਪਣੇ ਦੂਰ ਦੇ ਰਿਸ਼ਤੇਦਾਰ ਨਾਲ ਵੀ ਮੇਲ ਮਿਲਾਪ ਰੱਖਦਾ ਰਿਹਾ। ਦੋ ਮਹੀਨੇ ਬੀਤ ਗਏ। ਇੱਕ ਦਿਨ ਉਸਦਾ ਉਹ ਰਿਸ਼ਤੇਦਾਰ ਕਹਿਣ ਲੱਗਾ:
“ਤੁਹਾਡੇ ਕਾਲਜ ਦਾ ਐਮ. ਐਲ. ਏ ਪ੍ਰਧਾਨ ਅੱਜ ਚੰਡੀਗੜ੍ਹ ਆਇਆ ਹੋਇਆ ਏ। ਉਹ ਸਾਡੇ ਮਹਿਕਮੇ ਦੇ ਐਸ. ਡੀ. ਓ ਕਾਹਲੋਂ ਦਾ ਮਿੱਤਰ ਏ। ਉਸਦੀ ਕਾਰ ਵਿੱਚ ਇੱਕ ਲੜਕੀ ਵੀ ਬੈਠੀ ਸੀ। ਮੈਨੂੰ ਲੱਗਦਾ ਇਹ ਉਹੀ ਕੁੜੀ ਏ ਜਿਹੜੀ ਨਵੰਬਰ ਦਸੰਬਰ ਵਿੱਚ ਤੇਰੇ ਤੇ ਪੇਚੇ ਪਾਉਂਦੀ ਸੀ।”
“ਉਹ ਕਾਹਦੇ ਵਾਸਤੇ ਇੱਥੇ ਆਏ ਹੋਏ ਨੇ?”
“ਐਸ. ਡੀ. ਓ ਸਾਹਿਬ ਮੇਰੇ ਵੀ ਕਾਫੀ ਨੇੜੇ ਏ। ਕਹਿ ਰਹੇ ਸੀ ਐਮ. ਐਲ. ਏ. ਲੜਕੀ ਦਾ ਗਰਭਪਾਤ ਕਰਾਉਣ ਲਈ ਲਿਆਇਆ ਏ। ਉਹ ਦਰੋਪਤੀ ਨਰਸ ਦੀ ਭਾਲ ਕਰ ਰਹੇ ਸਨ। ਸਾਡਾ ਸਾਹਿਬ ਉਹਨਾਂ ਨੂੰ ਦਰੋਪਤੀ ਨੂੰ ਮਿਲਾ ਰਿਹਾ ਸੀ।”

ਗੁਰਚਰਨ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਉਹਨੂੰ ਤੇ ਸਾਨੂੰ ਯਕੀਨ ਹੋ ਗਿਆ ਕਿ ਲੜਕੀ ਉਸ ਸਮੇਂ ਐਮ. ਐਲ. ਏ. ਨਾਲ ਸੈੱਟ ਸੀ। ਉਹ ਐਮ. ਐਲ. ਏ. ਪਾਸੋਂ ਗਰਭ ਧਾਰਨ ਕਰਨ ਵੱਲ ਨੂੰ ਵੱਧ ਰਹੀ ਸੀ। ਉਹ ਉਸਨੂੰ ਮੂੰਹ ਬੋਲਿਆ ਮਾਮਾ ਕਹਿੰਦੀ ਸੀ ਕਿਉਂਕਿ ਉਹ ਉਸਦੇ ਨਾਨਕਿਆਂ ਦਾ ਸੀ। ਜੇਕਰ ਉਹ ਉਸ ਵੇਲੇ ਗੁਰਚਰਨ ਨੂੰ ਕਾਬੂ ਕਰ ਲੈਂਦੀ ਤਾਂ ਉਸਨੇ ਗੁਰਚਰਨ ਦੀ ਪਤਨੀ ਬਣ ਜਾਣਾ ਸੀ ਤੇ ਅਸਲੀ ਸਰੀਰਕ ਸੰਬੰਧ ਐਮ. ਐਲ. ਏ. ਨਾਲ ਰੱਖਣਾ ਸੀ।  ਅਸੀਂ ਗੁਰਚਰਨ ਨਾਲ ਵਾਪਰੀ ਇਸ ਘਟਨਾ ਤੋਂ ਹੈਰਾਨ ਰਹਿ ਗਏ। ਅਸੀਂ ਇਸਤਰੀ ਦੀ ਵਫਾ ਤੇ ਸਵਾਲ ਕਰਦੇ ਕਰਦੇ ਸ਼ੇਕਸਪੀਅਰ ਦਾ ‘ਹੈਮਲੇਟ’ ਤੇ ਸ਼ਿਵ ਬਟਾਲਵੀ ਦੀ ‘ਲੂਣਾ’ ਦਾ ਹਵਾਲਾ ਦੇਣ ਲੱਗ ਪਏ। ਵਿੱਚ ਹੀ ਸਾਡਾ ਸਾਥੀ ਰਾਜੂ ਬੋਲ ਪਿਆ,“ਯਾਰ, ‘ਹੈਮਲਟ’ ਵਿੱਚ ਕੀ ਵਾਪਰਦਾ ਏ। ‘ਲੂਣਾ’ ਬਾਰੇ ਤਾਂ ਮੈਨੂੰ ਸਭ ਪਤਾ ਏ।“

ਮੈਂ ਕਿਹਾ, “ਹੈਮਲਟ ਡੈਨਮਾਰਕ ਦਾ ਸ਼ਹਿਜਾਦਾ ਹੈ। ਜਦ ਉਹ ਬਾਹਰਲੇ ਦੇਸ਼ ਤੋਂ ਪੜ੍ਹ ਕੇ ਡੈਨਮਾਰਕ ਪਹੁੰਚਦਾ ਹੈ ਤਾਂ ਉਹ ਦੇਸ਼ ਦੀ ਰਾਜਨੀਤਿਕ ਸਥਿਤੀ ਦੇਖ ਕੇ ਹੈਰਾਨ ਹੋ ਜਾਂਦਾ ਹੈ। ਉਸ ਦੀ ਮਾਂ ਦਾ ਝੁਕਾਅ ਉਸਦੇ ਚਾਚੇ ਵੱਲ ਹੋ ਚੁੱਕਾ ਹੁੰਦਾ ਹੈ। ਉਸਦਾ ਚਾਚਾ ਕਲੌਡੀਅਸ ਉਸਦੇ ਪਿਓ ਦਾ ਕਤਲ ਕਰਕੇ ਦੇਸ਼ ਦਾ ਰਾਜਾ ਬਣ ਚੁੱਕਾ ਹੁੰਦਾ ਹੈ। ਉਸ ਦੀ ਪ੍ਰੇਮਿਕਾ ਓਫੀਲੀਆ ਵੀ ਉਸ ਤੋਂ ਪਰੇ ਹਟ ਚੁੱਕੀ ਹੁੰਦੀ ਏ। ਇਹਨਾਂ ਦੋਹਾਂ ਇਸਤਰੀਆਂ ਦੇ ਵਰਤਾਰੇ ਨੂੰ ਦੇਖ ਕੇ ਹੈਮਲਟ ਇੱਕ ਸਤਰ ਬੋਲਦਾ ਹੈ ਜਿਹੜੀ ਦੁਨੀਆਂ ਵਿੱਚ ਪ੍ਰਸਿੱਧ ਹੋ ਚੁੱਕੀ ਹੈ। ਓਸ ਸਤਰ ਦਾ ਪੰਜਾਬੀ ਅਨੁਵਾਦ ਹੈ:- ਐ ਇਸਤਰੀ ਤੇਰਾ ਦੂਜਾ ਨਾਮ ਕਮਜ਼ਾਤ ਹੈ! (Frailty, thy name is woman)”

“ਤੂੰ ਤਾਂ ਇਸਤਰੀ ਦੇ ਕਿਰਦਾਰ ਤੇ ਕਮਾਲ ਦਾ ਚਾਨਣਾ ਪਾ ਦਿੱਤਾ”, ਰਾਜੂ ਬੋਲਿਆ। ਨਾਲ਼ੇ ਰਾਜੂ ਨੇ ਸਵਾਲ ਕਰ ਦਿੱਤਾ, “ਯਾਰ, ਇਹ ਥ੍ਰੀ ਸਿਸਟਰਜ਼ ਕੀ ਹਨ?”

ਅਸੀਂ ਕੁਟੰਬਾ ਤੋਂ ਖੱਬੇ ਨੂੰ ਮੁੜ ਕੇ ਥਰੀ ਸਿਸਟਰਜ਼ (Three Sisters) ਵੱਲ ਨੂੰ ਵੱਧ ਰਹੇ ਸਾਂ। ਗੁਰਚਰਨ ਇਨ੍ਹਾਂ ਤਿੰਨਾਂ ਭੈਣਾਂ ਦੀ ਮਿਥਹਾਸਕ ਕਹਾਣੀ ਜਾਣਦਾ ਸੀ। ਉਹ ਦੱਸਣ ਲੱਗ ਪਿਆ:
ਆਸਟਰੇਲੀਆ ਦੇ ਆਦਿਵਾਸੀਆਂ ਦੇ ਪੁਰਾਤਨ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਤਿੰਨ ਖੂਬਸੂਰਤ ਭੈਣਾਂ ਗੁੰਡਨਗੁਰਾ ਕਬੀਲੇ ਨਾਲ ਜੈਮੀਸਨ ਘਾਟੀ ਵਿੱਚ ਰਹਿੰਦੀਆਂ ਹੁµਦੀਆਂ ਸਨ। ਉਹਨਾਂ ਦੇ ਨਾਮ ਮੀਹਨੀ (Meehni), ਵਿਮਲਾ (Wimlah) ਤੇ ਗੁਨੇਡੂ (Gunnedoo) ਸਨ। ਇਹ ਤਿੰਨੇ ਭੈਣਾਂ ਨੇੜੇ ਦੇ ਕਬੀਲੇ ਧਰੂਕ (Dharuk) ਦੇ ਤਿੰਨ ਬਹਾਦਰ ਭਰਾਵਾਂ ਨੂੰ ਪਿਆਰ ਕਰਦੀਆਂ ਸਨ। ਕਬੀਲੇ ਦੇ ਰਸਮੋ ਰਿਵਾਜ਼ ਤੇ ਨਿਯਮਾਂ ਮੁਤਾਬਕ ਇਹਨਾਂ ਦਾ ਵਿਆਹ ਉਸ ਕਬੀਲੇ ਵਿੱਚ ਨਹੀਂ ਹੋ ਸਕਦਾ ਸੀ। ਇਹ ਭਰਾ ਬਹਾਦਰ ਸਿਪਾਹੀ ਸਨ। ਇਹਨਾਂ ਸੋਚਿਆ ਕਿ ਤਿੰਨਾਂ ਭੈਣਾਂ ਨੂੰ ਜਬਰਦਸਤੀ ਚੁੱਕ ਲਿਆਂਦਾ ਜਾਵੇ। ਇਸ ਪਰਿਸਥਿਤੀ ਵਿੱਚ ਦੋਹਾਂ ਕਬੀਲਿਆਂ ਵਿੱਚ ਜੰਗ ਸ਼ੁਰੂ ਹੋ ਗਈ। ਕਬੀਲੇ ਦੇ ਇੱਕ ਚਮਤਕਾਰੀ ਸੰਤ ਕੁਰਾਦਜੁਰੀ (Kuradjuri) ਨੇ ਇਹਨਾਂ ਭੈਣਾਂ ਨੂੰ ਕੁਝ ਸਮੇਂ ਲਈ ਪੱਥਰ ਦਾ ਰੂਪ ਧਾਰਨ ਕਰਵਾ ਦਿੱਤਾ ਤਾਂ ਕਿ ਇਹ ਸੁਰੱਖਿਤ ਰਹਿਣ ਤੇ ਜਾਬਰ ਦੇ ਹੱਥ ਨਾ ਆਉਣ। ਕੁਰਾਦਜੁਰੀ ਚਤੁਰ ਚਮਤਕਾਰੀ ਬੰਦਾ ਲੜਾਈ ਵਿੱਚ ਮਾਰਿਆ ਗਿਆ ਤੇ ਇਹ ਤਿੰਨ ਭੈਣਾਂ ਮੁੜ ਮਨੁੱਖੀ ਰੂਪ ਵਿੱਚ ਨਹੀਂ ਆ ਸਕੀਆਂ। ਉਦੋਂ ਦੀਆਂ ਇਹ ਭੈਣਾਂ ਪੱਥਰ ਦਾ ਰੂਪ ਹੀ ਰਹਿ ਗਈਆਂ ਤੇ ਮੁੜ ਇਸ ਦੁਨੀਆਂ ਦੀਆਂ ਨਹੀਂ ਬਣ ਸਕੀਆਂ। ਇਸ ਪ੍ਰਕਾਰ ਪੁਰਾਤਨ ਸਮਿਆਂ ਤੋਂ ਇਹ ਤਿੰਨੇ ਭੈਣਾਂ ਗੁੰਡਨਗੁਰਾ (Gundungurra) ਤੇ ਦਰੁੱਗ (Darug) ਲੋਕਾਂ ਦੀ ਜਮੀਨ ਵਿੱਚ ਬਿਰਾਜਮਾਨ ਹਨ। ਇਹ ਈਕੋ ਪੁਆਇੰਟ (Echo Point) ਨਾਮਕ ਥਾਰ ਤੋਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ।”

“ਕੁਟੰਬਾ ਤੋਂ ਸਿਡਨੀ ਵਾਪਸ ਆਉਣ ਦੇ ਸਮੇਂ ਸਾਡੇ ਤੀਸਰੇ ਸਾਥੀ ਸਵਰਨ ਨੇ ਵੀ ਇੱਕ ਐਸੀ ਘਟਨਾ ਸੁਣਾਈ, ਜਿਹਦੇ ਵਿੱਚ ਇੱਕ ਲੜਕੀ ਦੀ ਚਤੁਰਾਈ ਤੇ ਸਿਆਣਪ ਝਲਕਾਂ ਮਾਰਦੀ ਸੀ।
“ਮੈਂ ਵੀ ਇੱਕ ਲੜਕੀ ਦੀ ਕਹਾਣੀ ਸੁਣਾਉਣੀ ਏ?” ਸਵਰਨ ਬੋਲਿਆ।
“ਤੈਨੂੰ ਇਹ ਕਾਹਲ਼ੀ ਕਿਉਂ ਪੈ ਗਈ?”
“ਤੁਸੀਂ ਸਭ ਤੇ ਤੁਹਾਨੂੰ ਮਿਲਣ ਵਾਲੇ ਸਭ ਲੜਕੀ ਭਰਪੂਰ ਕਹਾਣੀਆਂ ਸੁਣਾਈ ਜਾ ਰਹੇ ਹੋ। ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਟੂਰ ਵਿੱਚ ਕੁਦਰਤ ਨੇ ਵੀ ਸਾਡੇ ਮੂਹਰੇ ਉਹੀ ਕੁਝ ਪਰੋਸ ਦਿੱਤਾ ਜਿਸ ਨਾਲ ਅਸੀਂ ਉਦੋਂ ਦੇ ਗੁਜਰਦੇ ਆਏ ਹਾਂ ਜਦ ਤੋਂ ਅਸੀਂ ਸਿਡਨੀ ਤੋਂ ਸਫਰ ਤੇ ਨਿਕਲੇ ਹਾਂ। ਕੁੜੀ, ਕੁੜੀ, ਹਰ ਘਟਨਾ ਵਿੱਚ ਕੁੜੀ!!!! ਲਓ ਮੈਥੋਂ ਵੀ ਸੁਣੋ ਇੱਕ ਮੇਰੀ ਰਿਸ਼ਤੇਦਾਰੀ ਵਿੱਚ ਵਾਪਰਿਆ ਹੋਇਆ ਵਰਤਾਰਾ।
“ਚੱਲ ਸੁਣਾ ਬਈ।”
“ਮੇਰੇ ਮਾਮਾ ਤੇ ਮਾਮੀ ਦੋਨੋਂ ਚੰਡੀਗੜ੍ਹ ਵਿੱਚ ਡਾਕਟਰ ਹਨ। ਉਹਨਾਂ ਦੀਆਂ ਦੋ ਕੁੜੀਆਂ ਹਨ– ਰੂਬਿਨੀ ਤੇ ਚਾਰੂ। ਉਹਨਾਂ ਨੇ ਖੁਦ ਪ੍ਰੇਮ ਵਿਆਹ ਕਰਵਾਇਆ ਸੀ ਪਰ ਉਹ ਆਪਣੀਆਂ ਲੜਕੀਆਂ ਦੇ ਪ੍ਰੇਮ ਵਿਆਹ ਨਹੀਂ ਕਰਨੇ ਚਾਹੁੰਦੇ ਸਨ। ਇੰਝ ਕਿਉਂ ਸੀ ਇਹ ਮੈਨੂੰ ਪਤਾ ਨਹੀਂ। ਜਦ ਵੱਡੀ ਲੜਕੀ ਰੂਬਿਨੀ ਬੀ. ਟੈਕ ਕਰਕੇ ਹਟੀ ਤਾਂ ਉਸਨੇ ਛੇ ਕੁ ਮਹੀਨੇ ਵਿੱਚ ਹੀ ਪਟਾਕਾ ਪਾ ਦਿੱਤਾ। ਉਸਨੇ ਸਾਫ ਦੱਸ ਦਿੱਤਾ ਕਿ ਉਸਦਾ ਬੁਆਏ ਫਰੈਂਡ ਉਸਦਾ ਇੱਕ ਹਮਜਮਾਤੀ ਏ। ਉਹ ਉਸ ਨਾਲ ਹੀ ਸ਼ਾਦੀ ਕਰਨੀ ਚਾਹੁੰਦੀ ਹੈ। ਮਾਪੇ ਬੜੇ ਦੁਖੀ ਹੋਏ। ਲੜਕੀ ਨਾ ਮੰਨੀ ਤਾਂ ਉਹਨਾਂ ਨੇ ਜਿਵੇਂ ਲੜਕੀ ਕਹਿੰਦੀ ਸੀ ਉਵੇਂ ਕਰ ਦਿੱਤਾ ਪਰ ਕੀਤਾ ਦਿਲ ਤੇ ਪੱਥਰ ਰੱਖ ਕੇ। ਆਪਣੀ ਦੂਜੀ ਲੜਕੀ ਚਾਰੂ ਲਈ ਤਾਂ ਉਹਨਾਂ ਨੇ ਪੱਕੀ ਠਾਣ ਲਈ ਸੀ ਕਿ ਉਸ ਦਾ ਪ੍ਰੇਮ ਵਿਆਹ ਨਹੀਂ ਕਰਨਗੇ।”
“ਕੀ ਉਹ ਕਾਮਯਾਬ ਹੋ ਗਏ?” ਮੈਂ ਉਤਸੁਕ ਹੋ ਕੇ ਪੁੱਛਿਆ।
“ਚਾਰੂ ਉਦੋਂ ਐਮ. ਏ ਅੰਗਰੇਜ਼ੀ ਕਰਦੀ ਸੀ। ਪ੍ਰੇਮ ਉਸਦਾ ਵੀ ਕਿਸੇ ਨਾਲ ਚੱਲ ਰਿਹਾ ਸੀ। ਮਾਂ ਕਹਿੰਦੀ ਸੀ ਜੇ ਤੂੰ ਪ੍ਰੇਮ ਵਿਆਹ ਕੀਤਾ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ।”
“ਉਹ ਇੰਝ ਕਿਉਂ ਕਹਿੰਦੀ ਸੀ?”
“ਰੂਬਿਨੀ ਦਾ ਵਿਆਹ ਕਾਮਯਾਬ ਨਹੀਂ ਸੀ। ਟੁੱਟਣ ਦੇ ਕਿਨਾਰੇ ਤੇ ਹੀ ਸੀ।”

“ਫਿਰ ਕੀ ਹੋਇਆ?”
“ਚਾਰੂ ਪ੍ਰੇਮ ਵਿਆਹ ਤੋਂ ਪਿੱਛੇ ਹਟਣ ਵਾਲੀ ਨਹੀਂ ਸੀ। ਉਹ ਬਹੁਤ ਹੀ ਜ਼ਿੱਦੀ ਸੀ। ਉਹ ਕੋਈ ਨਾ ਕੋਈ ਸਕੀਮ ਸੋਚਦੀ ਰਹਿੰਦੀ ਸੀ।”
“ਪ੍ਰੇਮੀ ਕਾਮਯਾਬ ਹੋ ਹੀ ਜਾਂਦੇ ਹਨ, ਮਾਪੇ ਭਾਵੇਂ ਜਿੰਨੀਆਂ ਮਰਜ਼ੀ ਰੁਕਾਵਟਾਂ ਖੜ੍ਹੀਆਂ ਕਰਨ। ਕਿਵੇਂ ਰਿਹਾ ਫਿਰ?”
“ਮਾਪਿਆਂ ਨੇ ਚਾਰੂ ਨੂੰ ਬਿਠਾਇਆ ਤੇ ਗੱਲ ਕੀਤੀ। ਚਾਰੂ ਕਹਿੰਦੀ ਦੱਸੋ ਤੁਹਾਡੇ ਪਾਸ ਕੋਈ ਰਿਸ਼ਤਾ ਹੈ?”
“ਮਾਪੇ ਕਹਿੰਦੇ ਰਿਸ਼ਤਾ ਤਾਂ ਨਹੀਂ ਹੈ। ਆਪਾਂ ਅਖਬਾਰ ਵਿੱਚ ਵਿਆਹ ਦਾ ਇਸ਼ਤਿਹਾਰ ਦਿੰਦੇ ਹਾਂ। ਜੋ ਜਵਾਬ ਆ ਜਾਣਗੇ ਆਪਾਂ ਉਹਨਾਂ ਵਿੱਚੋਂ ਚੰਗੇ ਵਰ ਦੀ ਤਲਾਸ਼ ਕਰ ਲਵਾਂਗੇ।“
“ਚਾਰੂ ਮੰਨ ਗਈ।“

“ਇਸ਼ਤਿਹਾਰ ਦੇ ਦਿੱਤਾ। 30-40 ਕੁ ਚਿੱਠੀਆਂ ਆਈਆਂ। ਚਾਰੂ ਤੇ ਮਾਪੇ ਵਰ ਦੀ ਚੋਣ ਕਰਨ ਲਈ ਬੈਠ ਗਏ। ਪਹਿਲਾਂ ਬਿਨੈਕਾਰ ਵਿਗਿਆਨ ਦੀ ਐਮ. ਐਸ. ਸੀ ਸੀ। ਚਾਰੂ ਨੇ ਕਿਹਾ ਕਿ ਇਹ ਉਸਦੇ ਮਜਮੂਨ ਨਾਲ ਮੇਲ ਨਹੀਂ ਖਾਂਦਾ। ਪਿਉ ਨੇ ਚਿੱਠੀ ਪਰ੍ਹੇ ਰੱਖ ਦਿੱਤੀ। ਦੂਜੀ ਚਿੱਠੀ ਦੇਖੀ ਤਾਂ ਉਹ ਇੱਕ ਡੰਗਰ ਡਾਕਟਰ ਦੀ ਸੀ। ਚਾਰੂ ਕਹਿੰਦੀ ਡੰਗਰਾਂ ਦੇ ਕਿੱਤੇ ਤੋਂ ਮੈਨੂੰ ਵੈਸੇ ਵੀ ਘਿਰਣਾ ਹੈ। ਇਹ ਵੀ ਉਹਨਾਂ ਨੇ ਰਲ਼ ਕੇ ਰਿਜੈਕਟ ਕਰ ਦਿੱਤੀ। ਤੀਜੀ ਚਿੱਠੀ ਇੱਕ ਇੰਜੀਨੀਅਰ ਦੀ ਸੀ। ਉਸ ਦਾ ਕੱਦ ਬੜਾ ਘੱਟ ਸੀ। ਚਾਰੂ ਆਪ 5′-7″ ਤੇ ਲੜਕਾ ਮੁਸ਼ਕਿਲ ਨਾਲ 5′-6″ ਸੀ। ਚਾਰੂ ਤੇ ਮਾਪਿਆਂ ਦੋਹਾਂ ਨੇ ਇਹ ਵੀ ਨਾ ਮਨਜ਼ੂਰ ਕਰ ਦਿੱਤੀ। ਫਿਰ ਚਾਰੂ ਨੇ ਚੌਥੀ ਚਿੱਠੀ ਚਿੱਠੀਆਂ ਵਿੱਚੋਂ ਆਪ ਚੁੱਕ ਕੇ ਮਾਂ ਪਿਓ ਨੂੰ ਦਿੱਤੀ। ਇਸ ਚਿੱਠੀ ਵਿਚਲਾ ਵਰ ਅੰਗਰੇਜ਼ੀ ਦਾ ਐਮ. ਏ ਸੀ ਤੇ ਕਾਲਜ ਅਧਿਆਪਨ ਲਈ ਟੈਸਟ ਵੀ ਪਾਸ ਕਰ ਚੁੱਕਾ ਸੀ। ਮਾਪੇ ਤੇ ਚਾਰੂ ਸੋਚਣ ਲੱਗ ਪਏ।“

“ਕੀ ਇਹ ਵਰ ਚੁਣਿਆ ਗਿਆ?”
ਮੈਂ ਏਮੂ ਪਲੇਨਜ਼ (Emu Plains) ਤੋਂ ਪੈਨਰਿਥ ਵੱਲ ਨੂੰ ਹੇਠਾਂ ਉੱਤਰਦੇ ਨੇ ਪੁੱਛਿਆ।
“ਹਾਂ ਇਹ ਪਸੰਦ ਆ ਗਿਆ।”
“ਇਸਦਾ ਮਤਲਬ ਇਹ ਕਿ ਮਾਪੇ ਆਪ ਮਿਥਿਆ ਵਿਆਹ ਕਰਨ ਵਿੱਚ ਕਾਮਯਾਬ ਹੋ ਗਏ?”
“ਹਾਂ ਵਿਆਹ ਹੋ ਗਿਆ ਸੀ ਪਰ ਮਿਥਿਆ ਵਿਆਹ ਨਹੀਂ ਸੀ।”
“ਸਾਰਾ ਕਾਰਜ ਮਾਪਿਆਂ ਨੇ ਵਿੱਚ ਪੈ ਕੇ ਸਿਰੇ ਚਾੜ੍ਹਿਆ। ਫਿਰ ਇਹ ਮਿਥਿਆ ਵਿਆਹ ਕਿਉਂ ਨਹੀਂ ਸੀ?”
“ਤੂੰ ਭੋਲਾ ਏਂ। ਪ੍ਰੇਮੀ ਬੜੇ ਚੁਸਤ ਹੁੰਦੇ ਨੇ।”
“ਉਹ ਕਿਵੇਂ?”
“ਚਾਰੂ ਨੇ ਜਲਦੀ ਨਾਲ ਮਾਪਿਆਂ ਤੋਂ ਆਪ ਹੀ ਅਖਬਾਰ ਵਿੱਚ ਇਸ਼ਤਿਹਾਰ ਕਢਵਾਇਆ ਸੀ ਤੇ ਆਪ ਹੀ ਆਪਣੇ ਪ੍ਰੇਮੀ ਤੋਂ ਚਿੱਠੀ ਪਵਾਈ ਸੀ। ਆਪ ਹੀ ਚੁਸਤੀ ਨਾਲ ਉਸਨੇ ਇਹ ਚਿੱਠੀ ਮਾਪਿਆਂ ਦੇ ਮੂਹਰੇ ਕੀਤੀ ਜਿਹੜੀ ਉਸਦੇ ਪ੍ਰੇਮੀ ਦੀ ਸੀ। ਮਾਪੇ ਵੀ ਖੁਸ਼ ਕਰ ਲਏ ਤੇ ਆਪ ਵੀ ਖੁਸ਼ ਹੋ ਗਈ।”
“ਯਾਰ ਚਾਰੂ ਨੇ ਕਮਾਲ ਕਰਤੀ।”
“ਇਵੇਂ ਹੀ ਹੁੰਦਾ ਏ। ਹੰਢੇ ਹੋਏ ਪ੍ਰੇਮੀ ਕਮਾਲ ਕਰ ਦਿੰਦੇ ਹਨ।”
ਸਾਰੇ ਹੈਰਾਨ ਰਹਿ ਗਏ।

ਹਲਕਾ ਹਲਕਾ ਹਨੇਰਾ ਹੋਣ ਲੱਗ ਪਿਆ ਸੀ। ਮੈਂ ਆਪਣੇ ਸਾਥੀਆਂ ਤੇ ਜ਼ੋਰ ਪਾਇਆ ਕਿ ਸਾਨੂੰ ਜਲਦੀ ਜਲਦੀ ਵਾਪਸ ਚਲ ਪੈਣਾ ਚਾਹੀਦਾ ਏ।
“ਯਾਰ, ਐਨੀ ਕਾਹਲ਼ੀ ਵੀ ਕੀ ਏ?” ਗੁਰਚਰਨ ਬੋਲਿਆ।
“ਤੁਹਾਨੂੰ ਪਤਾ, ਇਸ ਇਲਾਕੇ ਵਿੱਚ ਇੱਕ ਚੁੜੇਲ ਨੁਮਾਂ ਤੀਵੀਂ ਵੀ ਰਹਿੰਦੀ ਏ। ਉਹ ਕਈ ਵਾਰ ਵਾਹਨਾਂ ਤੇ ਚੜ੍ਹ ਜਾਂਦੀ ਏ। ਇੰਜ ਪਿਛਲੀ ਇੱਕ ਸਦੀ ਤੋਂ ਵਾਪਰ ਰਿਹਾ ਏ। ਇਹ ਤੀਵੀਂ ਕੈਰੋਲਿਨ ਕੋਲਕਟ ਨਾਮ ਦੀ ਦੁਲਹਨ ਦੀ ਰੂਹ ਮੰਨੀ ਜਾਂਦੀ ਏ।”
“ਸੱਚੀਂ?” ਗੁਰਚਰਨ ਨੇ ਹੈਰਾਨੀ ਪ੍ਰਗਟ ਕੀਤੀ।
“ਹਾਂ, ਇੰਜ ਸੁਣਨ ਵਿੱਚ ਆਉਂਦਾ ਹੀ ਰਿਹਾ ਏ। ਕੈਰੋਲਿਨ ਨੂੰ ਉਸਦੇ ਬੋਆਏਫਰੈਂਡ ਜੌਹਨ ਵਾਲਛ ਨੇ 1842 ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਉਸ ਚੁੜੇਲ ਦੀ ਰੂਹ ਇੱਥੇ ਘੁੰਮਦੀ ਰਹਿੰਦੀ ਏ। ਉਹ ਸਾਡੇ ਵਾਹਨ ਤੇ ਵੀ ਚੜ੍ਹ ਸਕਦੀ ਏ। ਆਓ ਜਲਦੀ ਵਾਪਸ ਚਲੀਏ।”
“ਓਏ ਇਹ ਚੁੜੇਲ ਅੱਗੇ ਜਾ ਕੇ ਮਾਊਂਟ ਵਿਕਟੋਰੀਆ ਦੇ ਨੇੜੇ ਰਹਿੰਦੀ ਏ,” ਰਾਜੂ ਕਹਿਣ ਲੱਗਾ।
ਅਸੀਂ ਹੈਰਾਨ ਵੀ ਸਾਂ ਤੇ ਡਰੇ ਹੋਏ ਵੀ। ਅਸੀਂ ਵਾਪਸ ਮੁੜਨ ਦੀ ਕਾਹਲ਼ੀ ਕੀਤੀ।
ਗੱਲਾਂ ਗੱਲਾਂ ਵਿੱਚ ਪਤਾ ਹੀ ਨਹੀਂ ਲੱਗਾ ਅਸੀਂ ਕਦੋਂ ਆਪਣੇ ਘਰ ਪਹੁੰਚ ਗਏ।
***
ਅਵਤਾਰ ਐਸ. ਸੰਘਾ
ਸਿਡਨੀ, ਆਸਟਰੇਲੀਆ
+61 437 641 033

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1522
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →