ਦੀਸ਼ੋ ਦੀ ਭਰਜਾਈ ਪੰਜਾਬ ਤੋਂ ਸਿਡਨੀ ਤਿੰਨ ਮਹੀਨੇ ਦੇ ਸੈਲਾਨੀ ਵੀਜ਼ੇ ਤੇ ਆਈ ਸੀ। ਪਰਸੋਂ ਉਸਦਾ ਵਾਪਿਸ ਜਾਣ ਦਾ ਆਖਰੀ ਦਿਨ ਸੀ। ਸਿਡਨੀ ਵਿਚ ਰਹਿੰਦੇ ਸਮੇਂ ਉਸਨੂੰ ਕਾਫੀ ਕੁਝ ਚੰਗਾ ਲਗਾ ਤੇ ਕੁਝ ਕੁ ਚੀਜਾਂ ਮਾੜੀਆਂ ਵੀ ਮਹਿਸੂਸ ਹੋਈਆਂ। ਦੀਸ਼ੋ ਦਾ ਉਹਨੂੰ ਹਰ ਵੀਕ ਐਂਡ ਗੁਰਦੁਆਰੇ ਲਿਜਾਣਾ, ਇਥੋਂ ਦੇ ਵਾਤਾਵਰਣ ਦੀ ਸਫਾਈ ਅਤੇ ਸਵਛਤਾ, ਸਮੁੰਦਰੀ ਕਿਨਾਰਿਆਂ ਅਤੇ ਸਮੁੰਦਰ ਦੀ ਸੈਰ, ਨੀਲੇ ਪਹਾੜ, ਰੇਲਾਂ, ਬਸਾਂ, ਕਾਰਾਂ ਅਤੇ ਸਮੁੰਦਰੀ ਜਹਾਜ ਵਿਚ ਸੈਰ ਸਪਾਟਾ, ਰੈਸਟੋਰੈਂਟਾਂ ਤੇ ਭੋਜਨ, ਸੁਕੇ ਮੇਵੇ, ਹਰੇ ਮੇਵੇ, ਸਬਜ਼ੀਆਂ, ਜੂਸ, ਆਈਸ ਕਰੀਮਾਂ, ਸ਼ਾਪਿੰਗ ਸੈਂਟਰ, ਕੰਪਿਊਟਰ ਆਦਿ ਉਸਨੂੰ ਬਹੁਤ ਵਧੀਆ ਲਗੇ ਪਰ ਆਪਣੇ ਬੋਝੇ ਵਿਚ ਪੈਸਿਆਂ ਦੀ ਘਾਟ, ਅੰਗਰੇਜੀ ਵਿਚ ਗਲਬਾਤ ਕਰਨ ਦੀ ਮੁਸ਼ਕਲ, ਆਪਣੇ ਜਿਹੀਆਂ ਸਹੇਲੀਆਂ ਦੀ ਘਾਟ, ਬਚਿਆਂ ਦਾ ਉਹਦੇ ਵਿਚ ਬਹੁਤਾ ਨਾ ਘੁਲਣਾ ਮਿਲਣਾ, ਦੀਸ਼ੋ ਦਾ ਉਹਨੂੰ ਸੀਮਿਤ ਥਾਵਾਂ ਤੇ ਘੁਮਾਉਣਾ, ਦੀਸ਼ੋ ਦੇ ਇਸ ਡਰ ਦੀ ਉਸਨੂੰ ਭਿਣਕ ਕਿ ਉਹ ਕਿਤੇ ਕੁਝ ਅਵਾ ਤਵਾ ਨਾ ਬੋਲ ਦੇਵੇ ਜਿਸ ਨਾਲ ਉਸਨੂੰ ਹੀਣਾ ਮਹਿਸੂਸ ਹੋਣਾ ਪਵੇ ਆਦਿ ਗਲਾਂ ਨੇ ਉਸਦੀ ਭਰਜਾਈ ਦੀ ਹਾਲਤ ਇਵੇਂ ਬਣਾ ਦਿਤੀ ਜਿਵੇਂ ਉਹ ਪਿਛੇ ਰਹਿ ਗਈਆਂ ਕੂੰਜਾਂ ਵਿਚੋਂ ਵਿਛੜ ਕੇ ਕੁਝ ਇਕਲੀ ਇਕਲੀ ਮਹਿਸੂਸ ਕਰ ਰਹੀ ਹੋਵੇ। ਬਾਕੀ ਤੁਹਾਨੂੰ ਪਤਾ ਹੀ ਏ ਕਿ ਨਣਾਨ ਭਰਜਾਈ ਦਾ ਰਿਸ਼ਤਾ ਵੈਸੇ ਵੀ ਬਹੁਤ ਸੁਭਾਵਾਂ ਨਹੀਂ ਹੁੰਦਾ। ਇਸ ਰਿਸ਼ਤੇ ਵਿਚ ਵੀ ਇਵੇਂ ਹੀ ਖਿਚੋਤਾਣ ਤੇ ਤਣਾਅ ਚਲਦਾ ਰਹਿੰਦਾ ਏ ਜਿਵੇਂ ਸਸ ਨੂੰਹ ਤੇ ਦਰਾਣੀ ਜਠਾਣੀ ਦੇ ਰਿਸ਼ਤੇ ਵਿਚ ਚਲਦਾ ਹੁੰਦਾ ਏ। ਪਰਸੋਂ ਦੀਸ਼ੋ ਦੀ ਭਰਜਾਈ ਦੀ ਵਾਪਸੀ ਉਡਾਣ ਸੀ। ਉਸ ਤੋਂ ਇਕ ਦਿਨ ਪਹਿਲਾਂ ਉਹ ਸ਼ਾਪਿੰਗ ਸੈਂਟਰਾਂ ਤੇ ਖੂਬ ਘੁੰਮੀਆਂ ਫਿਰੀਆਂ। ਉਹਨਾਂ ਨੇ ਕਈ ਪਰਕਾਰ ਦੇ ਕਪੜੇ ਖਰੀਦੇ, ਪਰਸ ਖਰੀਦੇ, ਜੁਤੀਆਂ ਖਰੀਦੀਆਂ, ਕਾਸਮੈਟਿਕ ਦੀਆਂ ਚੀਜਾਂ ਖਰੀਦੀਆਂ, ਇਥੋਂ ਤਕ ਕਿ ਇਕ ਦੋ ਗਹਿਣੇ ਵੀ ਖਰੀਦੇ। ਉਹ ਇਕ ਦੋ ਐਸੇ ਸਟੋਰਾਂ ਤੇ ਵੀ ਗਈਆਂ ਜਿਹਨਾਂ ਤੇ ਭਾਰੀ ਸੇਲ ਲਗੀ ਹੋਈ ਸੀ। ਇਸ ਆਖਿਰੀ ਸ਼ੌਪਿੰਗ ਵੇਲੇ ਦੀਸ਼ੋ ਨੇ ਇਸ ਗਲ ਦੀ ਉਕੀ ਪਰਵਾਹ ਨਹੀਂ ਕੀਤੀ ਕਿ ਇਹ ਸਟੋਰ ਘਰ ਤੋਂ ਕੁਝ ਦੂਰ ਸਨ। ਅਸੀਂ ਜਾਣਦੇ ਹਾਂ ਕਿ ਸੇਲ ਦੇ ਨਾਂ ਤੇ ਜਨਾਨੀਆਂ ਚਾਮ੍ਹਲ ਜਾਂਦੀਆਂ ਹਨ– ਨਾ ਉਹ ਦੂਰੀ ਦੇਖਦੀਆਂ ਹਨ, ਨਾ ਖਰਚਾ, ਤੇ ਨਾ ਉਹਨਾਂ ਨੂੰ ਥਕਾਵਟ ਹੁੰਦੀ ਏ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਸਟੋਰਾਂ ਦੇ ਬੰਦ ਹੋਣ ਦਾ ਸਮਾਂ ਹੋ ਜਾਂਦਾ ਹੈ ਪਰੰਤੂ ਉਹਨਾਂ ਦੀ ਖਰੀਦੋ ਫਰੋਖਤ ਅਜੇ ਖਤਮ ਨਹੀਂ ਹੋਈ ਹੁੰਦੀ। ਇਸ ਪਰਕਾਰ ਦੀ ਖਰੀਦੋ ਫਰੋਖਤ ਵੇਲੇ ਅਕਸਰ ਟਾਟ ਦੀਆਂ ਜੁਲੀਆਂ ਨੂੰ ਵੀ ਰੇਸ਼ਮ ਦੇ ਬਖੀਏ ਲਗ ਜਾਂਦੇ ਹਨ। ਭਾਵੇਂ ਬਹੁਤੀ ਹਿੰਮਤ ਨਾ ਹੋਵੇ ਫਿਰ ਵੀ ਦਿਖਾਵੇ ਦੇ ਤੌਰ ਤੇ ਕੁਝ ਨਾ ਕੁਝ ਵਾਧੂ ਖਰੀਦ ਲਿਆ ਜਾਂਦਾ ਹੈ। ਹਾਂ ਭਾਰੀਆਂ ਚੀਜਾਂ ਖਰੀਦਣ ਤੋਂ ਇਸ ਲਈ ਗੁਰੇਜ਼ ਕੀਤਾ ਜਾਂਦਾ ਹੈ ਕਿਉਂਕਿ ਜਹਾਜ ਵਿਚ ਅਸੀਂ ਬਹੁਤਾ ਭਾਰ ਲਿਜਾ ਨਹੀਂ ਸਕਦੇ। ਭਰਜਾਈ ਨੂੰ ਪਤਾ ਸੀ ਕਿ ਉਹ 30 ਕਿਲੋ ਤੋਂ ਵਧ ਭਾਰ ਨਹੀਂ ਲਿਜਾ ਸਕਦੀ ਸੀ। ਉਸਦੀ ਕੋਸ਼ਿਸ਼ ਸੀ ਕਿ ਚੀਜਾਂ ਗਿਣਤੀ ਵਿਚ ਵਧ ਹੋਣ ਤੇ ਭਾਰ ਵਿਚ ਹਲਕੀਆਂ। ਉਹ ਪੰਜਾਬ ਜਾ ਕੇ ਬਹੁਤੇ ਜੀਆਂ ਨੂੰ ਖੁਸ਼ ਕਰਨਾ ਚਾਹੁੰਦੀ ਸੀ- ਸੋਨੂੰ ਲਈ ਅਤਰ ਫਲੇਲਾਂ, ਸ਼ੀਰੀ ਲਈ ਪਰਸ, ਟਿੰਕੂ ਲਈ ਗਲ਼ ਨੂੰ ਲਾਉਣ ਵਾਲੀਆਂ ਦੋ ਬੋਆਂ, ਬੇਬੇ ਲਈ ਬੰਦ ਜੁਤੀ, ਦੋਹਤੀ ਲਈ ਜੀਨ, ਆਪਣੇ ਘਰਵਾਲੇ (ਦੀਸ਼ੋ ਦੇ ਭਰਾ) ਲਈ ਜੈਕਟ ਵਗੈਰਾ ਵਗੈਰਾ। ਬਾਕੀ ਭਰਜਾਈ ਲਈ ਦੁੱਖ ਦੀ ਗਲ ਇਹ ਸੀ ਕਿ ਦੀਸ਼ੋ ਉਹਦੇ ਤੇ ਬਹੁਤਾ ਖਰਚ ਨਹੀਂ ਸੀ ਕਰਨਾ ਚਾਹੁੰਦੀ। ਜੇ ਦੀਸ਼ੋ ਉਹਨੂੰ ਉਹਦੇ ਪਸੰਦ ਦੀਆਂ ਚੀਜਾਂ ਪੁੱਛ ਪੁੱਛ ਕੇ ਉਹਦੇ ਤੇ ਖਰਚ ਕਰਨ ਨੂੰ ਤਿਆਰ ਹੁੰਦੀ ਤਾਂ ਹੀ ਉਹ ਉਸਦੇ ਅਗੇ ਕੋਈ ਮੰਗ ਵੀ ਰਖ ਸਕਦੀ ਸੀ। ਉਵੇਂ ਤਾਂ ਉਹਨੂੰ ਜਾਂ ਚੁਪ ਹੀ ਰਹਿਣਾ ਪੈਣਾ ਸੀ ਤੇ ਜਾਂ ਫਿਰ ਆਪਣੀ ਮਰਜ਼ੀ ਨਾਲ ਸਟੋਰਾਂ ਤੇ ਘੁੰਮ ਕੇ ਕੁਝ ਸਸਤੀਆਂ ਚੀਜਾਂ ਲਭ ਕੇ ਖਰੀਦਣੀਆਂ ਪੈਣੀਆਂ ਸਨ। ਫਟਾ ਸਾਹ ਨਹੀਂ ਦੇ ਰਿਹਾ ਸੀ, ਇਸ ਲਈ ਬਾਜੀਗਰ ਛਾਲ ਮਾਰਨ ਤੋਂ ਗੁਰੇਜ਼ ਕਰ ਰਿਹਾ ਸੀ। ਦੀਸ਼ੋ ਨੇ ਤਾਂ ਉਸਨੂੰ ਦੋ ਕੁ ਸੌ ਡਾਲਰ ਦੀਆਂ ਚੀਜਾਂ ਵਸਤਾਂ ਹੀ ਲੈ ਕੇ ਦਿਤੀਆਂ। ਇਸਤੋਂ ਵੱਧ ਉਹ ਉਸ ਤੇ ਕਿੰਨੇ ਕੁ ਪੈਸੇ ਖਰਚ ਕਰ ਸਕਦੀ ਸੀ, ਉਹ ਵੀ ਡਾਲਰ ਦੇ ਰੂਪ ਵਿਚ? ਕੁਝ ਡਾਲਰ ਉਹਦੇ ਆਪਣੇ ਪਾਸ ਵੀ ਸਨ ਪਰ ਉਹ ਉਹਨਾਂ ਨੂੰ ਬੜਾ ਸੋਚ ਸੋਚ ਕੇ ਖਰਚ ਕਰਦੀ ਸੀ। ਜੀਅ ਤਾਂ ਬਹੁਤ ਕੁਝ ਖਰੀਦਣ ਨੂੰ ਕਰਦਾ ਸੀ ਪਰ ਸਾਧਨ, ਸਮਾਂ ਤੇ ਸਥਾਨ ਘਟ ਸਨ। ਸਥਾਨ ਸਿਰਫ ਇਕ 30 ਕਿਲੋ ਭਾਰ ਸਮੇਟਣ ਵਾਲਾ ਅਟੈਚੀ ਕੇਸ ਤੇ 7 ਕਿਲੋ ਵਾਲਾ ਬੈਗ ਸੀ। ਭਰਜਾਈ ਨੂੰ ਢਾਰਸ ਦਿੰਦੀ ਹੋਈ ਦੀਸ਼ੋ ਕਹਿਣ ਲਗੀ- ‘ਭਰਜਾਈ, ਭਾਰ ਤੁਲਵਾਉਣ ਵੇਲੇ ਦੋ ਤਿੰਨ ਆਈਟਮਾਂ ਬੈਗ ਚੋਂ ਬਾਹਰ ਕਢ ਕੇ ਆਪਣੇ ਮੋਢੇ ਤੇ ਜਾਂ ਬਾਹਾਂ ਤੇ ਰਖ ਲਈਦੀਆਂ ਹੁੰਦੀਆ ਨੇ, ਇਕ ਅਧ ਜੈਕਟ ਜਾਂ ਜਰਸੀ ਪਹਿਨ ਲਈਦੀ ਹੁੰਦੀ ਏ। ਜਦ ਭਾਰ ਤੋਲ ਹੋ ਗਿਆ ਤਾਂ ਇਹੀ ਕੁਝ ਮੁੜ ਆਪਣੇ ਹਥਲੇ ਬੈਗ ਵਿਚ ਤੁੰਨ ਦੇਈਦਾ ਹੁੰਦਾ ਏ।’ ਭਰਜਾਈ ਨੇ ਆਪ ਕੀ ਕੁਝ ਖਰੀਦਿਆ ਇਸਦਾ ਦੀਸ਼ੋ ਨੂੰ ਪੂਰਾ ਪੂਰਾ ਪਤਾ ਨਹੀਂ ਸੀ। ਉਹ ਭਾਵੇਂ ਘਟ ਪੜ੍ਹੀ ਲਿਖੀ ਸੀ ਫਿਰ ਵੀ ਉਹ ਖਰੀਦੋ ਫਰੋਖਤ ਸਮੇਂ ਵਡੇ ਵਡੇ ਸਟੋਰਾਂ ਵਿਚ ਖੁਦ ਇਕਲੀ ਚਕਰ ਮਾਰ ਕੇ ਚੰਗੇ ਤੋਂ ਚੰਗਾ ਸਮਾਨ ਲਭ ਲੈਂਦੀ ਸੀ ਤੇ ਕਾਊਂਟਰ ਤੇ ਖੜੀ ਗੋਰੀ ਕੁੜੀ ਨਾਲ ਗਿਟ ਮਿਟ ਕਰਕੇ ਉਸ ਸਮਾਨ ਦੀ ਪੇਮੈਂਟ ਵੀ ਕਰ ਦਿੰਦੀ ਸੀ। ਇੰਜ ਲਗਦਾ ਸੀ ਜਿਵੇਂ ਉਹ ਕੁਝ ਚੀਜ਼ਾਂ ਦੀਸ਼ੋ ਦੀ ਹਾਜਰੀ ਵਿਚ ਨਹੀਂ ਸੀ ਖਰੀਦਣਾ ਚਾਹੁੰਦੀ। ਸ਼ਰੀਕਣੀਆਂ ਵਿਚ ਕਈ ਪਰਕਾਰ ਦੇ ਨਿਕੇ ਮੋਟੇ ਓਹਲੇ ਵੀ ਤਾਂ ਹੁੰਦੇ ਹੀ ਨੇ। ਇਸ ਪਰਕਾਰ ਕੁਝ ਆਈਟਮਾਂ ਦੇ ਪੈਸਿਆਂ ਦਾ ਭੁਗਤਾਨ ਉਹਨੇ ਦੀਸ਼ੋ ਦੀ ਹਾਜਰੀ ਵਿਚ ਕੀਤਾ ਤੇ ਕੁਝ ਦਾ ਭੁਗਤਾਨ ਉਹ ਖੁਦ ਇਕਲੀ ਕਰ ਆਈ। ਆਖਰੀ ਦਿਨ ਇਹ ਬਹੁਤਾ ਸਮਾਨ ਪੈਨਰਿਥ ਦੇ ਮਾਇਰ ਅਤੇ ਟਾਰਗਟ ਸਟੋਰਾਂ ਤੋਂ ਖਰੀਦਿਆ ਗਿਆ। ਸ਼ਾਪਿੰਗ ਕਰਕੇ ਦੋਨੋਂ ਜਣੀਆਂ ਆਪਣੇ ਘਰ ਸੈਵਨ ਹਿਲਜ਼ (Seven Hills) ਆ ਗਈਆਂ। ਭਰਜਾਈ ਦੀ ਇਹ ਸਿਡਨੀ ਵਿਚ ਹੁਣ ਆਖਰੀ ਰਾਤ ਸੀ। ਸਵੇਰੇ ਦਸ ਵਜੇ ਉਸਦੀ ਸਿਡਨੀ ਦੇ ਹਵਾਈ ਅਡੇ ਤੋਂ ਸਿੰਘਾਪੁਰ ਜਾਣ ਲਈ ਉਡਾਣ ਸੀ। ਇਸ ਆਖਰੀ ਰਾਤ ਨੂੰ ਉਹਨੂੰ ਇਥੇ ਬਿਤਾਇਆ ਸਮਾਂ ਯਾਦ ਆ ਰਿਹਾ ਸੀ—ਤਿੰਨ ਮਹੀਨੇ ਸੋਹਣੇ ਗੁਜ਼ਰ ਗਏ—– ਕਦੀ ਕਦੀ ਮਨ ਉਦਾਸ ਵੀ ਹੋਇਆ ਪਰ ਸਮਾਂ ਤਾਂ ਪੂਰਾ ਕਰਨਾ ਹੀ ਸੀ— ਦੀਸ਼ੋ ਬਹੁਤ ਡਾਹਡੀ ਏ — ਨਿਰੀ ਕੁੱਤੇ ਦੀ ਪੂਛ——ਪਾਉਂਦੀ ਏ ਦੂਜੇ ਦੇ ਸਿਰ ‘ਚ ਮਧਾਣੀ ਚੀਰਾ ਤੇ ਦਸਦੀ ਏ ਝਰੀਟਾਂ—— ਇਹਨੇ ਉਹ ਕੁਝ ਨਹੀਂ ਕੀਤਾ ਜੋ ਇਹਨੂੰ ਕਰਨਾ ਚਾਹੀਦਾ ਸੀ— ਭਲਾ ਬਾਹਰਲਿਆਂ ਨੂੰ ਕੀ ਫਰਕ ਪੈਂਦਾ?—— ਕਿਰਾਇਆ ਵੀ ਮਸਾਂ ਹੀ ਪੂਰਾ ਹੋਇਆ ਏ——- ਬਾਹਰੋਂ ਤਾਂ ਬੰਦੇ ਨੂੰ ਮਾਲਾ ਮਾਲ ਹੋ ਕੇ ਜਾਣਾ ਚਾਹੀਦਾ ਏ—— ਜੇ ਦੀਸ਼ੋ ਥੋੜ੍ਹਾ ਜਿਹਾ ਹੋਰ ਕਰ ਦਿੰਦੀ ਤਾਂ ਉਥੇ ਸ਼ਰੀਕਣੀਆ ਵਿਚ ਇਹਦੀ ਬਲੇ ਬਲੇ ਹੋ ਜਾਣੀ ਸੀ——ਜਿਹੜੀਆਂ ਚੀਜ਼ਾਂ ਵਸਤਾਂ ਉਥੇ ਹਜ਼ਾਰਾਂ ਦੀਆਂ ਆਉਂਦੀਆਂ ਹਨ ਉਹ ਇੱਥੇ ਟਕਿਆਂ ਧੇਲਿਆਂ ਦੀਆਂ ਹੀ ਆ ਜਾਂਦੀਆਂ ਨੇ——- ਫਿਰ ਵੀ ਪਤਾ ਨੀਂ ਇਹ ਫੁਟ ਪੈਣੀਆਂ ਕਿਉਂ ਹਥ ਘੁੱਟਦੀਆਂ ਰਹਿੰਦੀਆਂ ਨੇ——- ਇਹਨੂੰ ਤਾਂ ਇਹਦੇ ਘਰਵਾਲਾ ਵੀ ਕੁਝ ਨਹੀਂ ਕਹਿੰਦਾ—- ਫਿਰ ਵੀ ਸ਼ਾਪਿੰਗ ਸਮੇਂ ਹਥ ਘੁੱਟੀ ਗਈ—– ਇਹਨੂੰ ਤਾਂ ਚਾਹੀਦਾ ਸੀ ਮੈਨੂੰ ਧੇਲਾ ਖਰਚਣ ਹੀ ਨਾ ਦਿੰਦੀ—- ਸਹੁਰੀ ਚੰਦਰੀ ਦੀ ਚੰਦਰੀ ਹੀ ਰਹੀ—- ਆਪਣੇ ਭਰਾ ਲਈ ਸੋਹਣੀ ਜੈਕਟ ਲੈ ਤੀ—– ਮੈਨੂੰ ਘਟੀਆ ਜਿਹਾ ਸਮਾਨ ਲੈ ਤਾ—ਅੰਗੂਠੀ ਦੇਣ ‘ਚ ਵੀ ਕੰਜੂਸੀ ਕਰ ਗਈ—-ਅਧੇ ਤੋਲੇ ਤੋਂ ਵੀ ਘਟ ਦੀ ਹੋਊ—- ਪਰਸ 40 ਡਾਲਰ ਦਾ ਹੋਊ —– ਆਪਣੀ ਧੀ ਨੂੰ ਗੁਚੀ (Gucci) ਅਤੇ ਪਰਾਡਾ (Prada) ਦੇ ਲੈ ਕੇ ਦਿੰਦੀ ਆ ——-ਸਾਡੇ ਲਈ ਸੇਲਾਂ— ਆਪਣਿਆਂ ਲਈ ਮਹਿੰਗੇ ਬਰੈਂਡਡ ਕਪੜਿਆਂ ਦੇ ਸਟੋਰ!! ਭਰਜਾਈ ਤੜਕੇ ਚਾਰ ਵਜੇ ਉੱਠ ਕੇ ਘਰ ‘ਚ ਤੁਰੀ ਫਿਰੇ। ਉਡਾਣ 10:15 ਤੇ ਸੀ। ਵਾਪਸ ਜਾਣ ਦਾ ਲੋਹੜੇ ਦਾ ਚਾਅ! ਅਟੈਚੀ ਰਾਤ ਹੀ ਤੁਲਵਾ ਕੇ ਦੇਖ ਲਿਆ ਸੀ। ਇਕ ਵਾਰ ਨਹੀਂ, ਕਈ ਵਾਰੀ। ਕਿਤੇ ਵਾਧੂ ਭਾਰ ਨਾ ਹੋਵੇ। ਏਅਰ ਲਾਈਨ ਵਾਲੇ ਤਾਂ ਫੁਟ ਪੈਣੇ ਕਿਲੋ ਦੋ ਕਿਲੋ ਵਾਧੂ ਭਾਰ ਦੇ ਕਿੰਨੇ ਸਾਰੇ ਪੈਸੇ ਮੰਗਣ ਲਗ ਪੈਂਦੇ ਨੇ। ਬੈਗ ਵਿਚ ਦੋ ਛੋਟੇ ਛੋਟੇ ਪਰਸ ਤੁੰਨਣ ਦੀ ਗੁੰਜਾਇਸ਼ ਸੀ । ਉਹ ਵੀ ਤੁੰਨ ਲਏ। ਦੀਸ਼ੋ ਵਲੋਂ ਦਿਤੀ ਅੰਗੂਠੀ ਉਹਨੇ ਉਂਗਲ ਵਿਚ ਪਾ ਲਈ। ਘੜੀ ਵਲ ਵਾਰ ਵਾਰ ਦੇਖੀ ਜਾਵੇ। ਕਦੋਂ ਛੇ ਵਜਣਗੇ ਤੇ ਘਰੋਂ ਤੁਰਾਂਗੇ। ਦੀਸ਼ੋ ਨੇ ਰਾਤ ਕਿਹਾ ਸੀ ਕਿ 6 ਵਜੇ ਚਲਾਂਗੇ। 7 ਵਜੇ ਏਅਰਪੋਰਟ ਤੇ ਪਹੁੰਚ ਜਾਵਾਂਗੇ। ਗੱਡੀ ਪਾਰਕ ਕਰਕੇ ਅੰਦਰ ਜਾਵਾਂਗੇ। ਭਾਰ ਤੁਲਾ ਕੇ ਆਵਾਂਗੇ। ਘਟ ਪੜ੍ਹੀ ਲਿਖੀ ਭਰਜਾਈ ਨੂੰ ਅੰਦਰ ਉਥੋਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤਕ ਹਵਾਈ ਅਡੇ ਦਾ ਸਟਾਫ ਆਗਿਆ ਦੇਵੇ। ਬਾਅਦ ਵਿਚ ਸ਼ਾਇਦ ਉਹਨੂੰ ਕੋਈ ਪੰਜਾਬੀ ਮਿਲ ਪਵੇ। ਉਸਤੋਂ ਪੁੱਛਦੀ ਗਿਛਦੀ ਉਹ ਇਮੀਗਰੇਸ਼ਨ ਕਲੀਅਰੈਂਸ ਵੀ ਕਰ ਲਊ। ਸਕਿਊਰਿਟੀ ਚੈਕ ਵੀ ਪਾਰ ਕਰ ਜਾਊ ਤੇ ਉਸ ਗੇਟ ਤੇ ਪਹੁੰਚ ਜਾਊ ਜਿਥੋਂ ਹਵਾਈ ਜਹਾਜ ਚਲਣਾ ਹੈ। ਸਿੰਘਾਪੁਰ ਜਾ ਕੇ ਤਾਂ ਪੰਜਾਬੀ ਬੋਲਣ ਵਾਲੇ ਬਥੇਰੇ ਮਿਲ ਪੈਂਦੇ ਨੇ। ਉਥੇ ਤਾਂ ਕੈਨੇਡਾ ਤੋਂ ਆਏ ਹੋਏ ਪੰਜਾਬੀਆਂ ਦਾ ਹੜ੍ਹ ਆਇਆ ਹੁੰਦਾ ਏ- ਕਿਤੇ ਕੋਈ ਢਾਡੀ ਜਥਾ ਬੈਠਾ ਹੁੰਦਾ ਏ, ਕਿਤੇ ਨਵ ਵਿਆਹਿਆ ਜੋੜਾ ਬੈਠਾ ਹੁੰਦਾ ਏ, ਕਿਤੇ ਬਾਬੇ ਤੇ ਮਾਈਆਂ ਬੈਠੀਆਂ ਹੁੰਦੀਆਂ ਹਨ ਤੇ ਕਿਤੇ ਕੋਈ ਹੋਰ। ਜਦ ਉਹ ਦਿਲੀ ਤੋਂ ਸਿਡਨੀ ਨੂੰ ਆਈ ਸੀ ਤਾਂ ਉਦੋਂ ਵੀ ਉਸਨੂੰ ਸਿੰਘਾਪੁਰ ਬਥੇਰੇ ਪੰਜਾਬੀ ਮਿਲ ਗਏ ਸਨ। ਉਸਨੇ ਉਹਨਾਂ ਪਾਸੋਂ ਆਪਣਾ ਫਾਰਮ ਵੀ ਭਰਵਾਇਆ ਸੀ। ਇਕ ਤੀਵੀਂ ਤਾਂ ਉਸਨੂੰ ਨਿਰੀ ਆਪਣੇ ਜਿਹੀ ਹੀ ਮਿਲ ਗਈ ਸੀ। ਉਮਰ ਵੀ ਓਨੀ ਕੁ ਹੀ, ਪੜ੍ਹੀ ਲਿਖੀ ਵੀ ਥੋੜ੍ਹੀ ਜਿਹੀ, ਜਹਾਜ ‘ਚ ਵੀ ਪਹਿਲੀ ਵਾਰ ਚੜ੍ਹੀ ਸੀ, ਰਹਿਣਾ ਵੀ ਉਹਨੇ ਆਸਟਰੇਲੀਆ ਵਿਚ ਤਿੰਨ ਮਹੀਨੇ ਹੀ ਸੀ- ਦੋ ਮਹੀਨੇ ਸਿਡਨੀ ਵਿਚ ਤੇ ਇਕ ਮਹੀਨਾ ਵੂਲਗੂਲਗੇ। ਉਸਨੇ ਭਰਜਾਈ ਨੂੰ ਆਪਣੇ ਘਰਦਿਆਂ ਦਾ ਫੋਨ ਨੰਬਰ ਵੀ ਦੇ ਦਿਤਾ ਸੀ। ਕਹਿੰਦੀ ਸੀ- ‘ਕਦੀ ਕਦੀ ਫੋਨ ਕਰ ਲਿਆ ਕਰੀਂ। ਦਿਲ ਲਗਾ ਰਹੂ। ਸੁੱਖ ਦੁੱਖ ਸਾਂਝਾ ਕਰ ਲਿਆ ਕਰਾਂਗੇ।‘ ਭਰਜਾਈ ਨੇ ਉਸਨੂੰ ਕਿਹਾ ਸੀ ‘ਤੂੰ ਮੁੰਡੇ ਬਹੂ ਕੋਲ ਜਾ ਰਹੀ ਏਂ। ਤੈਨੂੰ ਵੀ ਤਾਂ ਬਹੂ ਨਾਲ ਬਿਤਾਏ ਦਿਨ ਸਾਂਝੇ ਕਰਨ ਲਈ ਕੋਈ ਚਾਹੀਦਾ ਈ ਏ। ਨਾਲੇ ਬਾਲ ਬਚਾ ਹੋਣ ਵਾਲਾ ਏ। ਇਸ ਵਾਰ ਕੀ ਲਗਦਾ ਏ? ਕਿਤੇ ਦੂਜੀ ਵੀ ਕੁੜੀ ਹੀ ਨਾ ਹੋ ਜਾਵੇ? ਜੇ ਇੰਜ ਹੋ ਗਿਆ, ਫੇਰ ਕੀ ਕਰੋਗੇ? ਜੇ ਦੁਆਰਾ ਵਿਆਹੁਣਾ ਹੋਇਆ ਤਾਂ ਮੈਨੂੰ ਦਸੀਂ। ਮੇਰੀ ਭੈਣ ਦੀ ਕੁੜੀ ਦੇਖਿਆਂ ਭੁੱਖ ਲਹਿੰਦੀ ਏ। ਲੰਮੀ ਲੰਝੀ। ਐਤਕੀਂ ਈ ਬੀਆ ਪਾਸ ਕੀਤੀ ਏ। ਹੁਣ ਕੰਪਿਊਟਰ ਕੋਰਸ ਕਰ ਰਹੀ ਏ। ਗੁਆਂਢੀਆਂ ਦੀ ਦੀਪਾਂ ਤੇ ਉਹ ਇਕਠੀਆਂ ਕੋਰਸ ਕਰਨ ਜਾਂਦੀਆਂ ਨੇ। ਦਾਜ ਦੇਵਾਂਗੇ ਮੂੰਹ ਮੰਗਿਆ। ਬਰਾਤ ਭਾਵੇਂ ਪੰਜ ਪਿੰਡ ਲੈ ਆਵੀਂ।‘ ਭਰਜਾਈ ਮਨ ਹੀ ਮਨ ਉਸਦੇ ਕੁੜੀ ਹੋਣ ਦੀਆਂ ਦੁਆਵਾਂ ਕਰੀ ਜਾਵੇ ਤਾਂ ਕਿ ਉਹਦੀ ਭੈਣ ਦੀ ਕੁੜੀ ਲਈ ਆਸਟਰੇਲੀਆ ਆਉਣ ਦਾ ਰਾਹ ਖੁਲ ਜਾਵੇ। ਫਿਰ ਸੋਚਣ ਲਗੀ ਕਿ ਜੇ ਸਾਨੁੰ ਕੋਈ ਇਕ ਅਧ ਵਾਰ ਮਿਲਾ ਦੇਵੇ ਫਿਰ ਤਾਂ ਗਲ ਹੀ ਕੀ। ਪਰ ਕਿਥੇ ਮਿਲਾਉਂਦੇ ਇਹ ਦੂਜੇ ਦੇਸ਼ਾਂ ਵਿਚ ਰਹਿੰਦੇ ਲੋਕ। ਇਹ ਵਿਹਲ ਹੀ ਨਹੀਂ ਕਢਦੇ। ਜੇ ਕਹੋ ਤਾਂ ਕਹਿਣਗੇ ‘ਪੰਜਾਬ ਵਾਲੀਆਂ ਆਦਤਾਂ ਛੱਡੋ। ਤੁਸੀਂ ਤਾਂ ਤੁਰੀਆਂ ਜਾਂਦੀਆਂ ਨਾਲ ਜਾਣਾਂ ਪਛਾਣਾਂ ਕਰ ਲੈਂਦੀਆਂ ਹੋ। ਸਾਡੀ ਬੇਬੇ ਹੁੰਦੀ ਸੀ ਜੇ ਘਰ ਮੋਚੀ ਵੀ ਆ ਜਾਵੇ ਉਸਤੋਂ ਵੀ ਉਸਦੇ ਟਬਰ ਬਾਰੇ ਪੁਛਦੀ ਰਹਿੰਦੀ ਸੀ। ਵਿਆਹ ਸਮੇਂ ਘਰ ਦਰਜੀ ਸੱਦਣਾ ਮਹੀਨੇ ਭਰ ਲਈ। ਉਸਨੇ ਕਪੜੇ ਸਿਉਂਦੇ ਰਹਿਣਾ। ਉਸਨੂੰ ਉਸਦੇ ਟੱਬਰ ਬਾਰੇ ਅਵਾ ਤਵਾ ਗਲਾਂ ਪੁਛੀ ਜਾਣੀਆਂ। ਗੁਆਂਢ ਦੀਆਂ ਕੁੜੀਆਂ ਨੇ ਘਰ ਨੁਆਰ ਬੁਣਨ ਆ ਜਾਣਾ। ਉਹਨਾਂ ਨਾਲ ਗਪਾਂ ਮਾਰ ਮਾਰ ਕੇ ਅੰਬਰ ਨੂੰ ਛੇਕ ਕਰ ਦੇਣੇ। ਇਹੀ ਕੁਝ ਤੁਸੀਂ ਇਥੇ ਆ ਕੇ ਭਾਲਦੀਆਂ ਹੋ।‘ਸਵੇਰ ਦੇ ਛੇ ਵਜ ਗਏ। ਭਰਜਾਈ ਘਰਦਿਆਂ ਦੇ ਜਾਗਣ ਬਾਰੇ ਚਾਰ ਵਜੇ ਦੀ ਭਿਣਕ ਲੈ ਰਹੀ ਸੀ। ਨਵੇਂ ਨਕੋਰ ਕਪੜੇ ਪਾ ਕੇ ਬੈਠੀ ਸੀ। ਆਵਾਜ਼ ਪੈਣ ਦੀ ਉਡੀਕ ਵਿਚ ਸੀ। ਆਖਰ ਦੀਸ਼ੋ ਨੇ ਪਹਿਲਾਂ ਚਾਹ ਲਈ ਆਵਾਜ਼ ਮਾਰੀ। ਭਰਜਾਈ ਉਠ ਕੇ ਰਸੋਈ ਵਲ ਚਲੀ ਗਈ। ਚਾਹ ਨਾਲ ਨਾਸ਼ਤਾ ਕੀਤਾ। ਦੀਸ਼ੋ ਦੇ ਘਰਵਾਲਾ ਜਸਵੰਤ ਵੀ ਬੈਠਾ ਨਾਸ਼ਤਾ ਕਰ ਰਿਹਾ ਸੀ। ਉਹ ਬੋਲਿਆ, “ਭੈਣ ਜੀ, (ਉਹ ਉਸਨੂੰ ਭਰਜਾਈ ਜਾਂ ਭਾਬੀ ਜੀ ਦੀ ਬਜਾਏ ਭੈਣ ਜੀ ਹੀ ਕਹਿੰਦਾ ਸੀ) ਆਪਣੇ ਕਾਗਜ ਪੱਤਰ ਚੈਕ ਕਰ ਲਓ ਸਮਾਨ ਅਸੀਂ ਗਡੀ ਵਿਚ ਰਖ ਦਿੰਦੇ ਹਾਂ। ਪਾਸਪੋਰਟ, ਟਿਕਟ ਆਦਿ ਚੈਕ ਕਰਨਾ ਤੁਹਾਡਾ ਕੰਮ ਏ।“ “ਵੀਰ ਜੀ ਸਭ ਠੀਕ ਏ। ਬਸ ਤੁਸੀਂ ਹੁਣ ਤੁਰਨ ਦੀ ਤਿਆਰੀ ਕਰੋ। ਸਾਨੂੰ ਉੱਥੇ ਤਿੰਨ ਕੁ ਘੰਟੇ ਪਹਿਲਾਂ ਤਾਂ ਪਹੁੰਚ ਹੀ ਜਾਣਾ ਚਾਹੀਦਾ ਏ। ਤੁਸੀਂ ਮੈਨੂੰ ਅੰਦਰ ਤਕ ਕਰਕੇ ਆਇਓ। ਸਾਨੂੰ ਇਹਨਾਂ ਦੇਸ਼ਾਂ ਵਿਚ ਕਈ ਕੁਝ ਪਤਾ ਹੀ ਨਹੀਂ ਲਗਦਾ।’’ “ਕਾਰ ਵਿਚ ਦੀਸ਼ੋ, ਜਸਵੰਤ ਤੇ ਉਹਨਾਂ ਦੀ ਭਰਜਾਈ ਬੈਠ ਗਏ। ਕਾਰ ਸੈਵਨ ਹਿਲਜ਼ (Seven Hills) ਤੋਂ ਏਅਰਪੋਰਟ ਵਲ ਚਲ ਪਈ। ਭਰਜਾਈ ਸਿਡਨੀ ਦੇ ਆਖਰੀ ਦਰਸ਼ਨ ਕਰ ਰਹੀ ਸੀ। ਉਹ ਸੋਚਦੀ ਸੀ ਮੁੜ ਪਤਾ ਨਹੀਂ ਕਦੇ ਆ ਹੋਣਾ ਏ ਕਿ ਨਹੀਂ। ਗੱਡੀ ਏਅਰਪੋਰਟ ਤੇ ਪਹੁੰਚ ਗਈ। ਕੋਸ਼ਿਸ਼ ਕਰਨ ਤੋਂ ਬਾਅਦ ਗੱਡੀ ਲਈ ਪਾਰਕਿੰਗ ਸਪੇਸ ਮਿਲੀ। ਹਵਾਈ ਅੱਡੇ ਵਲ ਜਾਣ ਲਈ ਲਿਫਟਾਂ ਰਾਂਹੀ ਉਤਰੇ। ਸਮਾਨ ਟਰਾਲੀ ਤੇ ਰੱਖੀ ਹਵਾਈ ਅੱਡੇ ਅੰਦਰ ਦਾਖਲ ਹੋ ਗਏ। “ਭਾਬੀ ਜੀ, ਆਪਣੀ ਟਿਕਟ ਦਿਖਾਇਓ, ਤੁਹਾਡਾ ਫਲਾਈਟ ਨੰਬਰ ਦੇਖੀਏ, ਫਿਰ ਬੋਰਡ ਤੇ ਪੜ੍ਹੀਏ ਕਿ ਕਿਸ ਕਾਊਂਟਰ ਤੇ ਤੁਹਾਡਾ ਭਾਰ ਤੋਲਿਆ ਜਾਣਾ ਏ।“ ਭਰਜਾਈ ਆਪਣਾ ਪਾਸਪੋਰਟ ਲਭਣ ਲਗ ਪਈ। ਪਰਸ ਦੀ ਇਕ ਪਰਤ ਫਰੋਲੀ , ਦੂਜੀ ਪਰਤ ਫਰੋਲੀ, ਤੀਜੀ ਪਰਤ ਫਰੋਲੀ ਸਾਰਾ ਪਰਸ ਫਰੋਲ ਮਾਰਿਆ। ਜਦ ਦੇਖਿਆ ਤਾਂ ਪਰਸ ਵਿਚ ਪਾਸਪੋਰਟ ਹੈ ਹੀ ਨਹੀਂ ਸੀ।ਸਭ ਦਾ ਰੰਗ ਫਿੱਕਾ ਪੈ ਗਿਆ। ਭਰਜਾਈ ਨੂੰ ਤਾਂ ਗਸ਼ੀ ਪੈਣ ਨੂੰ ਕਰੇ। ਬੈਗ ਵਿਚ ਹੱਥ ਪਾਇਆ ਉਹ ਵੀ ਫਰੋਲ ਮਾਰਿਆ। ਪਾਸਪੋਰਟ ਕਿਧਰੇ ਵੀ ਨਾ ਮਿਲਿਆ। ਖੀਰ ‘ਚ ਸੁਆਹ ਪੈ ਗਈ। ਸਭ ਕੀਤੇ ਕਰਾਏ ਤੇ ਪਾਣੀ ਫਿਰ ਗਿਆ। ਪੁੱਛਣ ਤੇ ਭਰਜਾਈ ਕਹਿਣ ਲਗੀ, “ਸ਼ਾਇਦ ਘਰ ਦੂਜੇ ਪਰਸ ਵਿਚ ਰਹਿ ਗਿਆ। ਉਹ ਪਰਸ ਮੈਂ ਉੱਥੇ ਹੀ ਭੁੱਲ ਆਈ। ਹੁਣ ਅਸੀਂ ਉਹ ਪਰਸ ਘਰੋਂ ਵੀ ਨਹੀਂ ਮੰਗਵਾ ਸਕਦੇ। ਘਰ ਤਾਂ ਅਜ ਕੋਈ ਹੈ ਹੀ ਨਹੀਂ।’’ “ਤੁਹਾਨੂੰ ਤਾਂ ਪਤਾ ਹੀ ਏ, ਲਾਡੀ ਤਾਂ ਮੈਲਬੌਰਨ ਗਿਆ ਹੋਇਆ ਏ। ਜੇ ਇੱਥੇ ਹੁੰਦਾ ਤਾਂ ਲਭ ਕੇ ਫੜਾ ਜਾਂਦਾ। ਅਜੇ ਉਡਾਣ ਵਿਚ ਤਿੰਨ ਘੰਟੇ ਰਹਿੰਦੇ ਹਨ। ਕਹੋ ਤਾਂ ਵਾਪਿਸ ਜਾ ਕੇ ਲੈ ਆਉਂਦੇ ਹਾਂ। ਕੀ ਤੁਹਾਨੂੰ ਯਕੀਨ ਏ ਕਿ ਪਾਸਪੋਰਟ ਘਰ ਹੀ ਰਿਹਾ ਏ? ਤੁਸੀਂ ਕਿਤੇ ਹੋਰ ਤਾਂ ਨਹੀਂ ਸੁੱਟ ਦਿਤਾ? ਦੋ ਤਿੰਨ ਦਿਨ ਤੋਂ ਤੁਸੀਂ ਸ਼ਾਪਿੰਗ ਲਈ ਭਜੀਆਂ ਫਿਰ ਰਹੀਆਂ ਸੀ। ਦਸੋ ਕਿਵੇਂ ਕਰੀਏ?’’ ਜਸਵੰਤ ਸੋਚੀਂ ਪਿਆ ਹੋਇਆ ਸੀ।“ਵੀਰ ਜੀ, ਵਾਪਿਸ ਤਾਂ ਜਾਣਾ ਹੀ ਪੈਣਾ ਏ। ਚਲੋ ਜਾ ਕੇ ਘਰ ਦੇਖ ਲਈਏ। ਜੇ ਮਿਲ ਗਿਆ ਵਾਪਿਸ ਆਉਣ ਦੀ ਕੋਸ਼ਿਸ਼ ਕਰ ਲਵਾਂਗੇ। ਜੇ ਡੇਢ ਘੰਟੇ ਵਿਚ ਵੀ ਵਾਪਸ ਆ ਜਾਈਏ ਤਾਂ ਵੀ ਉਡਾਨ ਫੜਨ ਦੇ ਕੁਝ ਆਸਾਰ ਹੈਗੇ ਆ। ਜੇ ਘਰ ਵੀ ਨਾ ਮਿਲਿਆ ਤਾਂ ਵਡਾ ਮਸਲਾ ਬਣ ਸਕਦਾ ਏ। “ਭਰਜਾਈ ਬੋਤੇ ਵਾਂਗ ਬੁਲ੍ਹ ਸੁਟ ਕੇ ਖੜ੍ਹੀ ਸੋਚੀ ਜਾ ਰਹੀ ਸੀ।’’ ਤਿੰਨੇ ਜਾਣੇ ਵਾਪਸ ਘਰ ਵਲ ਚਲ ਪਏ। ਤੇਜੀ ਨਾਲ ਘਰ ਪਹੁੰਚੇ। ਦਰਵਾਜ਼ੇ ਦੀ ਦਹਿਲੀਜ਼ ਟਪਦੇ ਹੀ ਭਰਜਾਈ ਨੇ ਆਪਣੇ ਕਮਰੇ ਦੀ ਫੋਲਾ ਫਾਲੀ ਸ਼ੁਰੂ ਕਰ ਦਿਤੀ। ਦੂਜਾ ਪਰਸ ਦੇਖਿਆ ਤਾਂ ਪਾਸਪੋਰਟ ਉਹਦੇ ਵਿਚ ਵੀ ਨਹੀਂ ਸੀ। ਅਟੈਚੀ ਅਤੇ ਬੈਗ ਫੋਲ ਮਾਰੇ ਪਰ ਪਾਸਪੋਰਟ ਮਿਲਿਆ ਹੀ ਨਾ। “ਭੈਣ ਜੀ, ਪਹਿਲਾਂ ਤਾਂ ਪੁਲਿਸ ਰਿਪੋਰਟ ਲਿਖਵਾਉਣੀ ਪਊ। ਫਿਰ ਇੰਡੀਅਨ ਕੌਂਸਲੇਟ ਨੂੰ ਪਹੁੰਚ ਕਰਕੇ ਨਵਾਂ ਪਾਸਪੋਰਟ ਬਣਵਾਉਣਾ ਪਊ, ਇਸ ਕੰਮ ਲਈ ਕਈ ਦਿਨ ਲਗ ਸਕਦੇ ਨੇ। ਦੇਸ਼ ਦਾ ਕਾਨੂੰਨ ਬੜਾ ਹੀ ਸਖ਼ਤ ਏ। ਤੁਹਾਡਾ ਵੀਜ਼ਾ ਸਿਰਫ ਪਰਸੋਂ ਤਕ ਏ। ਦੀਸ਼ੋ, ਦਸ ਕੀ ਕਰੀਏ?’’, ਜਸਵੰਤ ਸੋਚੀਂ ਪਿਆ ਬੋਲਿਆ।। “ਮੇਰੀ ਮੰਨੋ ਤਾਂ ਪਹਿਲਾਂ ਉਹਨਾਂ ਸਟੋਰਾਂ ਤੇ ਫੋਨ ਕੀਤੇ ਜਾਣ ਜਿਹਨਾਂ ਤੇ ਅਸੀਂ ਕਲ੍ਹ ਸ਼ਾਪਿੰਗ ਕੀਤੀ ਸੀ।। ਕਈ ਵਾਰ ਗੋਰੇ ਲੋਕ ਗਾਹਕਾਂ ਦੁਆਰਾ ਭੁੱਲੀ ਚੀਜ਼ ਸਾਂਭ ਕੇ ਵੀ ਰਖ ਲੈਂਦੇ ਨੇ। ਪਾਸਪੋਰਟ ਭਾਰਤੀ ਏ। ਉਸ ਉੱਪਰ ਸਿਡਨੀ ਦਾ ਨਾ ਕੋਈ ਫੋਨ ਨੰਬਰ ਏ ਤੇ ਨਾ ਕੋਈ ਸਰਨਾਵਾਂ। ਕਲ੍ਹ ਅਸੀਂ ਪੈਨਰਿਥ ਦੇ ਦੋ ਸਟੋਰਾਂ ਤੇ ਗਈਆਂ ਸਾਂ। ਇਕ ਟਾਰਗਟ (Target) ਤੇ ਦੂਜਾ ਮਾਇਰ (Myer)। ਟਾਰਗਟ ਵਿਚ ਅਸੀਂ ਘਟ ਸਮਾਂ ਗੁਜ਼ਾਰਿਆ ਸੀ ਤੇ ਮਾਇਰ ਵਿਚ ਜਿਆਦਾ। ਮਾਇਰ ਵਿਚ ਵਡੀ ਸੇਲ ਲਗੀ ਹੋਈ ਸੀ। ਮੈਂ ਪਹਿਲਾਂ ਟਾਰਗਟ ਨੂੰ ਫੋਨ ਕਰਕੇ ਦੇਖਦੀ ਹਾਂ। ਦੀਸ਼ੋ ਨੇ ਟਾਰਗਟ ਨੂੰ ਫੋਨ ਕੀਤਾ। ਉਧਰੋਂ ਜਵਾਬ ਆਇਆ ਕਿ ਉਹਨਾਂ ਕੋਲ ਕੋਈ ਗਾਹਕ ਭਾਰਤੀ ਪਾਸਪੋਰਟ ਭੁੱਲ ਕੇ ਨਹੀਂ ਗਿਆ। ਫਿਰ ਦੀਸ਼ੋ ਨੇ ਮਾਇਰ ਨੂੰ ਫੋਨ ਮਾਰਿਆ। ਅਗਿਓਂ ਆਪਸ਼ਨਾਂ (Options) ਆਈ ਜਾਣ- ਲੇਡੀਜ਼ ਵੇਅਰ= ਇਕ ਨੰਬਰ ਦਬਾਓ, ਚਿਲਡਰਨ ਵੇਅਰ– ਦੋ ਨੰਬਰ ਦਬਾਓ, ਅਕਸੈਸਰੀਜ਼ (Accessories)– ਤਿੰਨ ਨੰਬਰ ਦਬਾਓ। ਵਗੈਰਾ ਵਗੈਰਾ! ਪਹਿਲੀਆਂ ਚਾਰ ਆਪਸ਼ਨਾਂ ਤੋਂ ਕੋਈ ਤਸਲੀ ਬਖ਼ਸ਼ ਜਵਾਬ ਨਾ ਮਿਲਿਆ। ਆਖਰ ਅਕਸੈਸਰੀਜ਼ ਤੇ ਗੋਰੀ ਵਿਕਰੇਤਾ ਨਾਲ ਗਲ ਹੋਈ-“ਅਸੀਂ ਕਲ੍ਹ ਤੁਹਾਡੇ ਸਟੋਰ ‘ਚੋਂ ਸ਼ਾਪਿੰਗ ਕੀਤੀ ਸੀ। ਪੈਸਿਆਂ ਦਾ ਭੁਗਤਾਨ ਕਰਨ ਸਮੇਂ ਅਸੀਂ ਤੁਹਾਡੇ ਕਾਊਂਟਰ ਤੇ ਇਕ ਇੰਡੀਅਨ ਪਾਸਪੋਰਟ ਛਡ ਗਏ ਸੀ।’’ ਗੋਰੀ ਵਿਕਰੇਤਾ ਬੋਲੀ, “ਪਲੀਜ਼ ਲੈਟ ਮੀ ਹੈਵ ਆ ਲੁਕ।’’ ਉਸਨੇ ਲੋਕਾਂ ਦੀਆਂ ਭੁਲੀਆਂ ਆਈਟਮਾਂ ਤੇ ਨਜ਼ਰ ਮਾਰ ਕੇ ਕਿਹਾ, “ਇਜ਼ ਇਟ ਡਵਿੰਡਾਜ਼ (ਦਵਿੰਦਰ ਦਾ) ਪਾਸਪੋਰਟ?’’ “ਓਹ, ਯੈਸ। ਥੈਂਕ ਗਾਡ। ਦਿਸ ਇਜ਼ ਦਾ ਵਨ। ਵੀ ਆਰ ਕਮਿੰਗ ਟੂ ਕਲੈਕਟ ਇਟ’’, ਦੀਸ਼ੋ ਦੀ ਖੁਸ਼ੀ ਦੀ ਕੋਈ ਹ§ਦ ਨਾ ਰਹੀ। ਜਦ ਗੋਰੀ ਵਿਕਰੇਤਾ ਨੇ ‘ਡਵਿੰਡਾ’ (ਦਵਿੰਦਰ) ਸ਼ਬਦ ਬੋਲਿਆ ਤਾਂ ਤਿੰਨਾਂ ਦੇ ਚਿਹਰੇ ਖਿੜ ਗਏ। ਪਾਸਪੋਰਟ ਮਿਲ ਗਿਆ ਸੀ ਪਰੰਤੂ ਹੁਣ ਫਲਾਈਟ ਫੜਨ ਜੋਗਾ ਸਮਾਂ ਨਹੀਂ ਸੀ। ਉਸੇ ਵੇਲੇ ਤਿੰਨੇ ਜਣੇ ਪੈਨਰਿਥ ਨੂੰ ਚਲ ਪਏ। ਪਹੁੰਚ ਕੇ ਪਾਸਪੋਰਟ ਲਿਆ।। ਇਸਦੇ ਵਿਚ ਹੀ ਟਿਕਟ ਸੀ। ਸਟੋਰ ਵਾਲੀ ਗੋਰੀ ਦਾ ਕੋਟਿਨ ਕੋਟਿ ਧੰਨਵਾਦ ਕੀਤਾ। ਵਾਧੂ ਪੈਸੇ ਖਰਚ ਕਰਕੇ ਦੂਜੇ ਦਿਨ ਦੀ ਟਿਕਟ ਈਮੇਲ ਰਾਹੀਂ ਪੰਜਾਬ ਤੋਂ ਉਸੇ ਏਜੰਟ ਤੋਂ ਮੰਗਵਾਈ ਜਿਸਤੋਂ ਪਹਿਲਾਂ ਟਿਕਟ ਲਈ ਸੀ। ਭਰਜਾਈ ਨੇ ਸਿਡਨੀ ਵਿਚ ਇਕ ਹੋਰ ਰਾਤ ਦੁਖਦਾਇਕ ਖੁਸ਼ੀ ਨਾਲ ਕਟੀ। ਸਵੇਰੇ ਹਵਾਈ ਅੱਡੇ ਨੂੰ ਤੁਰਨ ਵੇਲੇ ਉਸਨੇ ਦੋ ਵਾਰ ਆਪਣਾ ਪਾਸਪੋਰਟ ਤੇ ਟਿਕਟ ਚੈਕ ਕੀਤੇ। ਜਸਵੰਤ ਨੂੰ ਵੀ ਦਿਖਾਏ। ਤਿੰਨੇ ਜਣੇ ਦੁਬਾਰਾ ਸਮੇਂ ਸਿਰ ਏਅਰਪੋਰਟ ਤੇ ਪਹੁੰਚੇ। ਆਖਰ ਭਰਜਾਈ ਨੂੰ ਵਾਪਸ ਪੰਜਾਬ ਜਾਣ ਲਈ ਜਹਾਜ ਨਸੀਬ ਹੋ ਹੀ ਗਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**