27 April 2024

ਜਨਮ ਦਿਵਸ 9 ਸਤੰਬਰ ‘ਤੇ ਵਿਸ਼ੇਸ਼: ਲੀਓ ਟਾਲਸਟਾਏ ਦੀਆਂ 7 ਮਿੰਨੀ ਕਹਾਣੀਆਂ — ਅਨੁ : ਪ੍ਰੋ. ਨਵ ਸੰਗੀਤ ਸਿੰਘ 

9 ਸਤੰਬਰ (1828) ਨੂੰ ਪੈਦਾ ਹੋਏ ਜਗਤ ਪ੍ਰਸਿੱਧ ਰੂਸੀ ਲੇਖਕ ਲੀਓ ਟਾਲਸਟਾਏ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਟਾਲਸਟਾਏ ਨੇ ਅਨਗਿਣਤ ਵਿਚਾਰਨਯੋਗ ਪੁਸਤਕਾਂ (ਨਾਵਲ, ਕਹਾਣੀਆ ਆਦਿ) ਦੀ ਰਚਨਾ ਕੀਤੀ ਪਰ ਉਸ ਦੇ ਦੋ ਨਾਵਲਾਂ: ‘ਵਾਰ ਐਂਡ ਪੀਸ’ ਅਤੇ ‘ਅਨਾ ਕਰੈਨਿਨਾ’ ਨੇ ਸਾਹਿਤਕ ਜਗਤ ਵਿਚ ਉਸਨੂੰ ਬਹੁਤ ਉੱਚਾ ਸਥਾਨ ਪ੍ਰਦਾਨ ਕੀਤਾ। ਉਹ ਇੱਕ ਸੁਧਾਰਵਾਦੀ ਵਿਚਾਰਵਾਨ ਵੀ ਸਨ।

ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਲੀਓ ਟਾਲਸਟਾਏ ਦੇ ਜਨਮ ਦਿਨ ਮੌਕੇ ਉਹਨਾਂ ਦੀਆਂ ਸੱਤ ਮਿੰਨੀ ਕਹਾਣੀਆਂ ਦਾ ਪੰਜਾਬੀ ਅਨੁਵਾਦ ‘ਲਿਖਾਰੀ’ ਦੇ ਪਾਠਕਾਂ ਲਈ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ। ਆਸ ਹੈ ਪਾਠਕ ਪਸੰਦ ਕਰਨਗੇ।——‘ਲਿਖਾਰੀ ਟੀਮ’

1. ਬੱਚੇ ਦਾ ਪਿਆਰ

ਇੱਕ ਮਾਂ ਦੇ ਦੋ ਬੇਟੇ ਸਨ। ਵੱਡਾ ਅੱਠ ਸਾਲ ਦਾ ਤੇ ਛੋਟਾ ਛੇ ਸਾਲ ਦਾ। ਦੋਵੇਂ ਬੜੇ ਚੰਗੇ ਤੇ ਆਗਿਆਕਾਰੀ ਸਨ। ਇਸਲਈ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ।

ਇੱਕ ਵਾਰ ਛੋਟਾ ਆਪਣੀ ਮਾਂ ਨੂੰ ਕਹਿਣ ਲੱਗਿਆ, “ਮੇਰੀ ਪਿਆਰੀ ਮਾਂ, ਤੂੰ ਮੈਨੂੰ ਇੰਨਾ ਪਿਆਰ ਨਹੀਂ ਕਰਦੀ, ਜਿੰਨਾ ਮੈਂ ਤੈਨੂੰ ਕਰਦਾ ਹਾਂ।”

“ਤੂੰ ਇਸ ਤਰ੍ਹਾਂ ਕਿਉਂ ਸੋਚਦਾ ਹੈਂ ਬੇਟਾ?” ਮਾਂ ਨੇ ਪੁੱਛਿਆ।

“ਇਸ ਲਈ ਕਿ ਤੇਰੇ ਦੋ ਬੇਟੇ ਹਨ, ਪਰ ਮੇਰੀ ਕੇਵਲ ਇੱਕ ਹੀ ਮਾਂ ਹੈ,” ਬੇਟਾ ਬੋਲਿਆ।
**

 

2. ਅੰਨ੍ਹੇ ਦਾ ਦਿਮਾਗ 

ਹਨੇਰੀ ਰਾਤ ਵਿੱਚ ਇੱਕ ਅੰਨ੍ਹਾ ਸੜਕ ਤੇ ਜਾ ਰਿਹਾ ਸੀ। ਉਹਦੇ ਹੱਥ ਵਿੱਚ ਇੱਕ ਲਾਲਟੈਣ ਸੀ ਅਤੇ ਸਿਰ ਉੱਤੇ ਮਿੱਟੀ ਦਾ ਘੜਾ। ਕਿਸੇ ਰਾਹ ਚੱਲਣ ਵਾਲੇ ਨੇ ਉਹਨੂੰ ਉੱਚੀ ਅਵਾਜ਼ ਵਿੱਚ ਪੁੱਛਿਆ, “ਓਏ ਮੂਰਖ, ਤੇਰੇ ਲਈ ਕੀ ਦਿਨ ਕੀ ਰਾਤ! ਦੋਵੇਂ ਇੱਕੋ ਜਿਹੇ ਹਨ। ਫ਼ੇਰ ਆਹ ਲਾਲਟੈਣ ਕਿਉਂ ਚੁੱਕੀ ਫਿਰਦੈਂ?”

ਅੰਨ੍ਹੇ ਨੇ ਜਵਾਬ ਦਿੱਤਾ, “ਇਹ ਲਾਲਟੈਣ ਮੇਰੇ ਲਈ ਨਹੀਂ, ਤੇਰੇ ਲਈ ਜ਼ਰੂਰੀ ਹੈ ਕਿ ਕਿਤੇ ਰਾਤ ਦੇ ਹਨੇਰੇ ਵਿੱਚ ਮੇਰੇ ਨਾਲ ਟਕਰਾ ਕੇ ਕਿਤੇ ਮੇਰਾ ਮਿੱਟੀ ਦਾ ਘੜਾ ਨਾ ਡੇਗ ਦੇਵੇਂ!”
**

3. ਲਾਲਚ

ਇੱਕ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਉਹਦੇ ਕੋਲੋਂ ਲੰਘ ਰਹੇ ਇੱਕ ਆਦਮੀ ਨੇ ਪੁੱਛਿਆ, “ਬੇਟਾ, ਕਿਉਂ ਰੋ ਰਿਹਾ ਹੈਂ?”

ਬੱਚਾ ਰੋਂਦਾ ਹੋਏ ਬੋਲਿਆ, “ਮੇਰਾ ਇੱਕ ਰੁਪਿਆ ਗੁਆਚ ਗਿਆ ਹੈ।”

“ਕੋਈ ਗੱਲ ਨਹੀਂ। ਆਹ ਲੈ ਇੱਕ ਰੁਪਿਆ।” ਉਸ ਆਦਮੀ ਨੇ ਬੱਚੇ ਨੂੰ ਰੁਪਿਆ ਦਿੰਦਿਆਂ ਕਿਹਾ।”

ਬੱਚੇ ਨੇ ਰੁਪਿਆ ਲੈ ਲਿਆ ਅਤੇ ਫਿਰ ਹੋਰ ਵੀ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ।

ਆਦਮੀ ਨੇ ਪੁੱਛਿਆ, “ਹੁਣ ਕੀ ਹੋਇਆ?”

ਬੱਚੇ ਨੇ ਡੁਸਕਦੇ ਹੋਏ ਕਿਹਾ, “ਜੇ ਮੇਰਾ ਰੁਪਿਆ ਨਾ ਗੁਆਚਿਆ ਹੁੰਦਾ ਤਾਂ ਹੁਣ ਮੇਰੇ ਕੋਲ ਦੋ ਰੁਪਏ ਹੁੰਦੇ।”
**

4. ਰਾਹ ਦੇ ਸਾਥੀ 

ਦੋ ਦੋਸਤ ਕਿਤੇ ਜਾ ਰਹੇ ਸਨ। ਅਚਾਨਕ ਉਨ੍ਹਾਂ ‘ਚੋਂ ਇੱਕ ਦੀ ਨਜ਼ਰ ਰੁਪਇਆਂ ਨਾਲ ਭਰੇ ਬਟੂਏ ਤੇ ਪਈ। ਉਹਨੇ ਝੱਟ ਉਹ ਬਟੂਆ ਚੁੱਕ ਲਿਆ ਅਤੇ ਆਪਣੇ ਮਿੱਤਰ ਨੂੰ ਕਿਹਾ, “ਵੇਖ, ਮੈਨੂੰ ਇਹ ਬਟੂਆ ਮਿਲਿਆ ਹੈ।”

ਮਿੱਤਰ ਨੇ ਜਵਾਬ ਦਿੱਤਾ, “ਬਈ, ਇਹ ਨਾ ਕਹਿ ਕਿ ‘ਮੈਨੂੰ’ ਇਹ ਬਟੂਆ ਮਿਲਿਆ ਹੈ, ਇਹ ਕਹਿ ਕਿ ‘ਸਾਨੂੰ’ ਮਿਲਿਆ ਹੈ। ਆਪਾਂ ਦੋਵੇਂ ਰਾਹ ਦੇ ਸਾਥੀ ਹਾਂ ਅਤੇ ਨਾਲ ਚੱਲਣ ਵਾਲਿਆਂ ਨੂੰ ਇੱਕ ਦੂਜੇ ਨਾਲ ਦੁਖ-ਸੁਖ ਆਪਸ ਵਿੱਚ ਵੰਡ ਲੈਣੇ ਚਾਹੀਦੇ ਹਨ। ਜੇ ਅੱਗੇ ਕੋਈ ਮੁਸੀਬਤ ਆਵੇਗੀ ਤਾਂ ਉਹਨੂੰ ਵੀ ਆਪਾਂ ਵੰਡ ਲਵਾਂਗੇ।”

ਇਸ ਤੇ ਪਹਿਲਾ ਮਿੱਤਰ ਬੋਲਿਆ, “ਦੋਸਤ, ਇਉਂ ਨਹੀਂ ਹੁੰਦਾ। ਜੋ ਮੈਨੂੰ ਮਿਲਿਆ, ਉਹ ਮੇਰਾ; ਜੋ ਤੈਨੂੰ ਮਿਲੇਗਾ, ਉਹ ਤੇਰਾ। ਮੇਰੇ ਦੁਖ-ਸੁਖ ਮੇਰੇ, ਤੇਰੇ ਦੁਖ-ਸੁਖ ਤੇਰੇ। ਇਨ੍ਹਾਂ ਵਿੱਚ ਕਾਹਦੀ ਸਾਂਝੇਦਾਰੀ?”

ਦੂਜੇ ਨੇ ਜਵਾਬ ਦਿੱਤਾ, “ਠੀਕ ਹੈ ਬਈ, ਤੇਰੀ ਮਰਜ਼ੀ।”

ਤੇ ਦੋਵੇਂ ਅੱਗੇ ਚੱਲ ਪਏ। ਕੁਝ ਦੂਰ ਜਾਣ ਤੇ ਬਟੂਏ ਦਾ ਮਾਲਕ ਆਪਣੇ ਅੰਗ-ਰੱਖਿਅਕਾਂ ਨਾਲ ਆਪਣਾ ਬਟੂਆ ਲੱਭਦਾ ਓਥੇ ਆ ਪਹੁੰਚਿਆ। ਉਨ੍ਹਾਂ ਨੂੰ ਵੇਖ ਕੇ ਪਹਿਲਾ ਮਿੱਤਰ ਘਬਰਾ ਗਿਆ ਅਤੇ ਆਪਣੇ ਸਾਥੀ ਨੂੰ ਬੋਲਿਆ, “ਦੋਸਤ, ਆਪਾਂ ਤੋਂ ਗਲਤੀ ਹੋ ਗਈ।”

ਇਸ ਤੇ ਦੂਜੇ ਨੇ ਕਿਹਾ, “ਮਿੱਤਰ, ਇਹ ਨਾ ਕਹਿ ਕਿ ‘ਆਪਾਂ’ ਤੋਂ ਗਲਤੀ ਹੋ ਗਈ, ਇਹ ਕਹਿ ਕਿ ‘ਮੈਥੋਂ’ ਗਲਤੀ ਹੋ ਗਈ। ਤੂੰ ਹੀ ਤਾਂ ਕਿਹਾ ਸੀ ਕਿ ਮੇਰੇ ਦੁਖ-ਸੁਖ ਮੇਰੇ ਤੇ ਤੇਰੇ ਦੁਖ-ਸੁਖ ਤੇਰੇ। ਇਸ ਵਿੱਚ ਕਾਹਦੀ ਸਾਂਝੇਦਾਰੀ?”
**

5. ਪੇਂਡੂ ਦੀ ਅਕਲ

ਇੱਕ ਸ਼ਹਿਰ ਦੇ ਚੌਰਾਹੇ ਤੇ ਇੱਕ ਵੱਡਾ ਸਾਰਾ ਪੱਥਰ ਪਿਆ ਸੀ। ਇਹ ਇੰਨਾਂ ਵੱਡਾ ਸੀ ਕਿ ਆਵਾਜਾਈ ਵਿੱਚ ਵਿਘਨ ਪਾਉਂਦਾ ਸੀ। ਉਸ ਪੱਥਰ ਨੂੰ ਹਟਾਉਣ ਲਈ ਇੰਜੀਨੀਅਰਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੱਥਰ ਨੂੰ ਕਿਵੇਂ ਹਟਾਇਆ ਜਾਵੇ ਤੇ ਉਸਨੂੰ ਹਟਾਉਣ ਵਿੱਚ ਕਿੰਨਾ ਖਰਚਾ ਆਵੇਗਾ। ਇੱਕ ਇੰਜੀਨੀਅਰ ਨੇ ਕਿਹਾ ਕਿ ਇਸ ਪੱਥਰ ਦੇ ਟੁਕੜੇ ਕਰਨੇ ਪੈਣਗੇ ਅਤੇ ਉਨ੍ਹਾਂ ਟੁਕੜਿਆਂ ਨੂੰ ਗੱਡੀ ਜਾਂ ਠੇਲੇ ਵਿੱਚ ਲੱਦ ਕੇ ਲਿਜਾਣਾ ਪਵੇਗਾ। ਇਸ ਤੇ ਕਰੀਬ ਅੱਠ ਹਜ਼ਾਰ ਰੁਪਏ ਦਾ ਖਰਚਾ ਹੋਵੇਗਾ।

ਦੂਜੇ ਇੰਜੀਨੀਅਰ ਨੇ ਸਲਾਹ ਦਿੱਤੀ ਕਿ ਪੱਥਰ ਹੇਠਾਂ ਇੱਕ ਮਜ਼ਬੂਤ ਠੇਲੇ ਦਾ ਫੱਟਾ ਲਾਇਆ ਜਾਵੇ ਅਤੇ ਉਸ ਪੱਥਰ ਨੂੰ ਉਸ ਤੇ ਲੱਦ ਕੇ ਲਿਜਾਇਆ ਜਾਵੇ। ਇਸ ਵਿੱਚ ਕਰੀਬ ਛੇ ਹਜ਼ਾਰ ਦਾ ਖਰਚਾ ਹੋਵੇਗਾ। 

ਉੱਥੇ ਇੱਕ ਪੇਂਡੂ ਬੰਦਾ ਵੀ ਖੜ੍ਹਾ ਸੀ ਜੋ ਇਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹ ਬੋਲਿਆ, “ਮੈਂ ਇਸ ਪੱਥਰ ਨੂੰ ਸਿਰਫ਼ ਸੌ ਰੁਪਏ ਦੇ ਖਰਚੇ ਵਿੱਚ ਹਟਾ ਸਕਦਾ ਹਾਂ।”

ਉਸਤੋਂ ਪੁੱਛਿਆ ਗਿਆ ਕਿ ਉਹ ਅਜਿਹਾ ਕਿਵੇਂ ਕਰੇਗਾ?

ਉਹਨੇ ਦੱਸਿਆ, “ਮੈਂ ਇਸ ਪੱਥਰ ਦੇ ਬਿਲਕੁਲ ਨੇੜੇ ਇੱਕ ਵੱਡਾ ਸਾਰਾ ਟੋਆ ਪੁੱਟਵਾਵਾਂਗਾ। ਉਸ ਵੱਡੇ ਟੋਏ ਵਿੱਚ ਇਸ ਪੱਥਰ ਨੂੰ ਸੁਟਵਾ ਦਿਆਂਗਾ। ਉੱਤੇ ਖੋਦੀ ਹੋਈ ਮਿੱਟੀ ਨਾਲ ਢਕ ਕੇ ਇਹਨੂੰ ਪੱਧਰਾ ਕਰਵਾ ਦਿਵਾਂਗਾ।”

ਅਧਿਕਾਰੀਆਂ ਨੂੰ ਉਹਦੀ ਯੋਜਨਾ ਪਸੰਦ ਆਈ ਅਤੇ ਉਹਨੂੰ ਸਹਿਮਤੀ ਦੇ ਦਿੱਤੀ। ਪੇਂਡੂ ਨੇ ਉਵੇਂ ਹੀ ਕੀਤਾ। ਉਹਨੂੰ ਸੌ ਰੁਪਏ ਖਰਚੇ ਦੇ ਤਾਂ ਮਿਲੇ ਹੀ, ਨਾਲ ਹੀ ਸੌ ਰੁਪਏ ਇਨਾਮ ਦੇ ਵੀ।
**

6. ਬਹਿਸ 

ਰਾਹ ‘ਚੋਂ ਲੰਘਦੇ ਦੋ ਮੁਸਾਫਰਾਂ ਨੂੰ ਇੱਕ ਕਿਤਾਬ ਨਜ਼ਰ ਆਈ। ਕਿਤਾਬ ਵੇਖਦੇ ਹੀ ਦੋਵੇਂ ਇਸ ਗੱਲ ਤੇ ਬਹਿਸ ਕਰਨ ਲੱਗੇ ਕਿ ਕਿਤਾਬ ਕੌਣ ਲਵੇਗਾ। ਉਸੇ ਵੇਲੇ ਇੱਕ ਹੋਰ ਮੁਸਾਫਰ ਆ ਗਿਆ। ਉਹਨੇ ਦੋਹਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਕਿਹਾ, “ਬਈ, ਮੈਨੂੰ ਦੱਸੋ ਕਿ ਤੁਹਾਡੇ ਦੋਹਾਂ ‘ਚੋਂ ਪੜ੍ਹਨਾ ਕੀਹਨੂੰ ਆਉਂਦਾ ਹੈ?”

“ਪੜ੍ਹਨਾ ਤਾਂ ਕਿਸੇ ਨੂੰ ਵੀ ਨਹੀਂ ਆਉਂਦਾ।” ਦੋਹਾਂ ਨੇ ਇਕੱਠਿਆਂ ਜਵਾਬ ਦਿੱਤਾ।

“ਫਿਰ ਦੋਵੇਂ ਇਸ ਕਿਤਾਬ ਲਈ ਬਹਿਸ ਕਿਉਂ ਕਰ ਰਹੇ ਹੋ? ਤੁਹਾਡੀ ਲੜਾਈ ਤਾਂ ਬਿਲਕੁਲ ਉਨ੍ਹਾਂ ਗੰਜਿਆਂ ਵਰਗੀ ਹੈ, ਜੋ ਕੰਘਾ ਹਥਿਆਉਣ ਲਈ ਪੁਰਜ਼ੋਰ ਕੋਸ਼ਿਸ਼ ਵਿੱਚ ਲੱਗੇ ਹਨ, ਜਦ ਕਿ ਕੰਘਾ ਫੇਰਨ ਲਈ ਉਨ੍ਹਾਂ ਦੇ ਸਿਰ ਤੇ ਵਾਲ ਇੱਕ ਵੀ ਨਹੀਂ ਹੈ।”
**

7. ਭਾਰ

ਕੁਝ ਫ਼ੌਜੀਆਂ ਨੇ ਦੁਸ਼ਮਣ ਦੇ ਇਲਾਕੇ ਤੇ ਹਮਲਾ ਕਰ ਦਿੱਤਾ ਤਾਂ ਇੱਕ ਕਿਸਾਨ ਦੌੜਦਾ ਹੋਇਆ ਖੇਤ ਵਿੱਚ ਆਪਣੇ ਘੋੜੇ ਕੋਲ ਆਇਆ। ਉਹ ਘੋੜੇ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਿਆ ਪਰ ਘੋੜਾ ਸੀ ਕਿ ਉਹਦੇ ਕਾਬੂ ਵਿੱਚ ਨਹੀਂ ਸੀ ਆ ਰਿਹਾ। ਕਿਸਾਨ ਨੇ ਉਹਨੂੰ ਕਿਹਾ, “ਮੂਰਖ ਕਿਤੋਂ ਦਾ! ਜੇ ਤੂੰ ਮੇਰੇ ਹੱਥ ਨਾ ਆਇਆ ਤਾਂ ਦੁਸ਼ਮਣ ਦੇ ਹੱਥ ਪੈ ਜਾਵੇਂਗਾ।”

“ਦੁਸ਼ਮਣ ਮੇਰਾ ਕੀ ਕਰੇਗਾ?” ਘੋੜੇ ਨੇ ਪੁੱਛਿਆ।

“ਉਹ ਤੇਰੇ ਤੇ ਭਾਰ ਲੱਦੇਗਾ, ਹੋਰ ਕੀ ਕਰੇਗਾ!”

“ਤਾਂ ਕੀ ਮੈਂ ਤੇਰਾ ਭਾਰ ਨਹੀਂ ਚੁੱਕਦਾ? ਮੈਨੂੰ ਕੀ ਫਰਕ ਪੈਂਦਾ ਹੈ ਕਿ ਮੈਂ ਕੀਹਦਾ ਭਾਰ ਚੁੱਕਦਾ ਹਾਂ!”
***
# ਅਨੁ: ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1182
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →