25 December 2025

ਗੱਲਾਂ ਕਰਨੀਆਂ ਢੇਰ—–ਡਾਕਟਰ ਅਜੀਤ ਸਿੰਘ ਕੋਟਕਪੂਰਾ 

ਜਦੋਂ ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ 13 ਸਤੰਬਰ 1914 ਨੂੰ ਫਾਂਸੀ ਅਤੇ ਜਾਇਦਾਦ ਜ਼ਬਤੀ ਦਾ ਹੁਕਮ ਸੁਣਾਇਆ ਜਿਸ ਨੂੰ ਕਰਤਾਰ ਸਿੰਘ ਨੇ ਬੜੇ ਹੋਂਸਲੇ ਨਾਲ ਸੁਣਿਆ। ਜਦੋਂ ਉਸਨੇ ਜਾਇਦਾਦ ਜ਼ਬਤੀ ਦੀ ਗੱਲ ਸੁਣੀ ਤਾਂ ਆਪਣੇ ਬੂਟ ਲਾਹ ਦਿਤੇ ਅਤੇ ਕਿਹਾ ਕਿ ਸਰਕਾਰ ਆਪਣਾ ਘਾਟਾ ਪੂਰਾ ਕਰਨ ਲਈ ਇਹ ਬੂਟ ਵੀ ਵੇਚ ਸਕਦੀ ਹੈ। ਇਸ ਤੋਂ ਬਾਅਦ ਉਹ ਫਾਂਸੀ ਲੱਗਣ ਤਕ ਫਾਂਸੀ ਵਾਲੀਆਂ ਕੋਠੀਆਂ ਵਿਚ ਹੀ ਬੰਦ ਰਹੇ। ਇਸ ਸਮੇਂ ਦੌਰਾਨ ਉਹ ਹਮੇਸ਼ਾ ਦੇਸ਼ ਭਗਤੀ ਦੇ ਗੀਤ ਗਾਉਂਦੇ ਤੇ ਵਤਨ ਪਿਆਰ ਦੀਆਂ ਗੱਲਾਂ ਕਰਕੇ ਬੜੇ ਹੋਂਸਲੇ ਤੇ ਦ੍ਰਿੜਤਾ ਨਾਲ ਦੇਸ਼ ਤੇ ਕੌਮ ਲਈ ਕੁਝ ਨਾ ਕੁਝ ਸੋਚਦੇ ਰਹਿੰਦੇ ਸਨ। ਇਨ੍ਹਾਂ ਦਿਨਾਂ ਵਿਚ ਹੀ ਉਸ ਨੇ ਇਕ ਦੇਸ਼ ਪਿਆਰ ਨੂੰ ਜਤਾਉਂਦੀ ਹੋਈ ਇਕ ਨਜ਼ਮ ਲਿਖੀ ਤੇ ਕਿਹਾ ਕਿ ਮੇਰੇ ਹਿੰਦੀ ਭਰਾਵਾਂ ਨੂੰ ਉਨ੍ਹਾਂ ਦੀਆਂ ਲਾਈਨਾਂ ਤੇ ਚਲਦੇ ਹੋਏ ਦੇਸ਼ ਅਤੇ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ | ਆਪਣੇ ਦੇਸ਼ ਵਾਸੀਆਂ ਨੂੰ ਉਸ ਦਾ ਅੰਤਿਮ ਸੰਦੇਸ਼ ਇਸ ਤਰਾਂ ਹੈ:

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ।
ਖਾਤਰ ਦੇਸ਼ ਦੀ ਲਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ।
____

ਹੁੰਦੇ ਫੈਲ੍ਹ ਬਹੁਤੇ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ।
ਪਿਆਰੇ ਵੀਰਨੋ ਚਲੇ ਹਾਂ ਅਸੀਂ ਜਿਥੇ,ਏਸੇ ਰਸਤਿਓਂ ਤੁਸੀਂ ਵੀ ਆ ਜਾਣਾ।

ਇਹਨਾਂ ਦਿਨਾਂ ਵਿਚ ਹੀ ਜਦੋਂ ਬਾਬਾ ਸੋਹਣ ਸਿੰਘ ਜੀ ਭਕਨਾ ਨੇ ਇਹਨਾਂ ਦੀ ਕੋਠੀ ਵਿਚ ਉਥੇ ਕੋਲੇ ਨਾਲ ਕੰਧ ਉਤੇ ਇਹ ਅੱਖਰ ਲਿਖੇ ਸੁਣੇ —

“ਸ਼ਹੀਦਾਂ ਕਾ ਖੂਨ ਖਾਲੀ ਨਹੀਂ ਜਾਤਾ।
ਇਸ ਸੇ ਹਜ਼ਾਰੋਂ ਸ਼ਹੀਦ ਪੈਦਾ ਹੋਤੇ ਹੈਂ।”

ਬਾਬਾ ਜੀ ਸੁਣ ਕੇ ਮਖੌਲ ਨਾਲ ਕਹਿਣ ਲਗੇ,”ਕਰਤਾਰ ਇਹ ਤੂੰ ਕੀ ਲਿਖਦਾ ਹੈਂ, ਇਹਨਾਂ ਨੇ ਸਾਡੀਆਂ ਹੱਡੀਆਂ ਭੀ ਸਾੜ ਕੇ ਅੰਦਰ ਹੀ ਦਬਾ ਦੇਣੀਆਂ ਨੇ।” ਕਰਤਾਰ ਸਿੰਘ ‘ਬਾਬਾ ਜੀ ਠੀਕ ਹੀ ਲਿਖਿਆ ਹੈ’ ਕਹਿ ਕੇ ਚੁੱਪ ਕਰ ਗਿਆ।

ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਆਪਣੀ ਨਿਕੇਰੀ ਉਮਰ ਦਾ ਸਮੁਚਾ ਜੀਵਨ, ਜਵਾਨੀ ਦੀਆਂ ਐਸ਼ ਇਸ਼ਰਤਾਂ, ਅਰਾਮ, ਸੰਸਾਰ ਦੀਆਂ ਹੋਰ ਨਿਆਮਤਾਂ, ਗ੍ਰਹਿਸਤੀ ਜੀਵਨ ਆਦਿ ਨੂੰ ਲੱਤ ਮਾਰ ਕੇ ਨਾਮਣਾ ਖਟਿਆ ਜਿਸ ਦੀ ਮਿਸਾਲ ਘਟ ਵੱਧ ਹੀ ਦੁਨੀਆ ਤੇ ਵੇਖਣ ਸੁਣਨ ਨੂੰ ਆਓਂਦੀ ਹੈ।| ਭਾਵੇਂ ਸਰੀਰ ਕਰਕੇ ਇਹ ਆਜ਼ਾਦੀ ਦਾ ਯੋਧਾ ਸਾਡੇ ਵਿਚਕਾਰ ਨਹੀਂ ਹੈ, ਪਰ ਸੰਸਾਰ ਦੇ ਕੋਨੇ ਕੋਨੇ ਅੰਦਰ ਉਸ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ 1896 ਈਸਵੀ ਵਿਚ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ ਵਿਚ ਮਾਤਾ ਸਾਹਿਬ ਕੌਰ ਦੀ ਕੁੱਖ ਵਿਚੋਂ ਸਰਦਾਰ ਮੰਗਲ ਸਿੰਘ ਦੇ ਘਰ ਹੋਇਆ। ਉਹ ਆਪਣੇ ਮਾਂ-ਬਾਪ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਦਾ ਪਾਲਣ-ਪੋਸ਼ਣ ਬੜੇ ਲਾਡ-ਚਾਅ ਨਾਲ ਹੋ ਰਿਹਾ ਸੀ | ਉਹ ਅਜੇ ਬਾਲੜੀ ਉਮਰ ਵਿਚ ਹੀ ਸੀ ਕਿ ਪਿਤਾ ਜੀ ਦੀ ਮੌਤ ਹੋ ਗਈ | ਪਰ ਆਪ ਦੇ ਦਾਦਾ ਜੀ ਉਸ ਨੂੰ ਬੜੇ ਯਤਨਾਂ ਨਾਲ ਪਾਲਿਆ। ਆਪ ਦੇ ਇਕ ਚਾਚਾ ਜੀ ਤਾਂ ਸੰਯੁਕਤ-ਪ੍ਰਾਂਤ ਵਿਚ ਪੁਲਿਸ ਸਬ-ਇੰਸਪੈਕਟਰ ਸੀ ਅਤੇ ਦੂਸਰੇ ਚਾਚਾ ਜੀ ਉੜੀਸਾ ਦੇ ਮਹਿਕਮਾ ਜੰਗਲਾਤ ਵਿਚ ਉਚੇ ਅਹੁਦੇ ਤੇ ਕੰਮ ਕਰਦੇ ਸਨ। ਮੁਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਹੀ ਪ੍ਰਾਪਤ ਕੀਤੀ | ਫੇਰ ਗੁਜਰਵਾਲ ਦੇ ਵਰਨੈਕੁਲਰ ਮਿਡਲ ਸਕੂਲ ਵਿਚ ਪੜ੍ਹ ਕੇ ,ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਹੋ ਗਿਆ |ਉਹ ਪੜ੍ਹਨ-ਲਿਖਣ ਵਿਚ ਬਹੁਤੇ ਤੇਜ਼ ਨਹੀਂ ਸਨ ਪਰ ਇਤਨੇ ਮਾੜੇ ਵੀ ਨਹੀਂ ਸਨ | ਉਹ ਸ਼ਰਾਰਤੀ ਬਹੁਤ ਸੀ ਕੋਈ ਨਾ ਕੋਈ ਛੇੜਖਾਨੀ ਕਰ ਹਰੇਕ ਦੀ ਜਾਨ ਵਖਤ ਵਿਚ ਪਾ ਰੱਖਦੇ ਸਨ। ਨਾਲ ਦੇ ਉਸ ਨੂੰ ‘ਅਫਲਾਤੂਨ’ਆਖਿਆ ਕਰਦੇ ਸਨ। ਉਸ ਨੂੰ ਸਾਰੇ ਲਾਡ ਵੀ ਬਹੁਤ ਕਰਦੇ ਸਨ | ਸਕੂਲ ਅੰਦਰ ਆਪ ਦਾ ਵੱਖਰਾ ਗਰੁੱਪ ਸੀ ਅਤੇ ਖੇਡਾਂ ਵਿਚ ਆਪ ਮੋਹਰੀ ਸਨ | ਉਹ ਮੁੱਢ ਤੋਂ ਹੀ ਬੜਾ ਚੁਸਤ ਚਲਾਕ ਤੇ ਹੁਸ਼ਿਆਰ ਸੀ। ਇਸ ਹੁਸ਼ਿਆਰੀ ਕਾਰਨ ਇਸ ਦਾ ਇਹ ਖਿਆਲ ਬਣ ਗਿਆ ਕਿ ਕਿਸੇ ਤਰਾਂ ਦੋ ਦੋ ਜਮਾਤਾਂ ਕਰਕੇ ਛੇਤੀ ਅਗੇ ਵਧਿਆ ਜਾਵੇ। ਇਸੇ ਖਿਆਲ ਦੇ ਅਧੀਨ ਮਾਲਵਾ ਸਕੂਲ ਵਿਚੋਂ ਸਤਵੀਂ ਦਾ ਸਰਟੀਫਿਕੇਟ ਲੈ ਕੇ ਉਪਰ ਨੌਵੀਂ ਬਣਾ ਕੇ ਆਰੀਆ ਸਕੂਲ ਵਿਚ ਜਾ ਦਾਖਲ ਹੋਇਆ। ਕੁਝ ਚਿਰ ਤਾਂ ਸਕੂਲ ਵਾਲਿਆਂ ਨੂੰ ਪਤਾ ਨਾ ਲਗਾ ਪਰ ਬਾਅਦ ਵਿਚ ਪਤਾ ਲਗ ਗਿਆ ਕਿ ਇਹ ਤਾਂ ਸਤਵੀਂ ਦਾ ਵਿਦਿਆਰਥੀ ਹੈ ਇਸ ਲਈ ਐਕਸ਼ਨ ਲੈਣਾ ਚਾਹਿਆ,ਤਾਂ ਇਹ ਸਕੂਲ ਛੱਡ ਕੇ ਆਪਣੇ ਚਾਚੇ ਸਰਦਾਰ ਬਖਸ਼ੀਸ਼ ਸਿੰਘ ਕੋਲ ਉੜੀਸਾ ਚਲਾ ਗਿਆ। ਉਸ ਵੇਲੇ 1910-11 ਦਾ ਸਮਾਂ ਸੀ | ਉਥੇ ਹੀ ਦਸਵੀਂ ਪਾਸ ਕਰ ਲਈ। ਉਥੇ ਆਪ ਨੇ ਸਕੂਲ-ਕਾਲਿਜ ਦੇ ਕੋਰਸ ਤੋਂ ਇਲਾਵਾ ਕੋਰਸ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਅੰਦੋਲਨ ਦੇ ਦਿਨ ਚਲ ਰਹੇ ਸਨ। ਇਸ ਮਾਹੌਲ ਵਿਚ ਰਹਿ ਕੇ ਦੇਸ਼ ਅਤੇ ਆਜ਼ਾਦੀ ਪ੍ਰੇਮ ਦੀਆਂ ਭਾਵਨਾਵਾਂ ਆਪ ਦੇ ਸੀਨੇ ਅੰਦਰ ਹੋਰ ਪ੍ਰਬਲ ਹੋ ਉਠੀਆਂ। ਅਮਰੀਕਾ ਜਾਣ ਦੀ ਇੱਛਾ ਹੋਈ | ਘਰ ਵਾਲਿਆਂ ਵਲੋਂ ਕੋਈ ਵਿਰੋਧ ਨਾ ਹੋਇਆ ਅਤੇ ਆਪਣੇ ਬਾਬਾ ਬਦਨ ਸਿੰਘ ਦੀ ਮਦਦ ਨਾਲ ਉੱਚ ਵਿਦਿਆ ਪ੍ਰਾਪਤ ਕਰਨ ਲਈ ਅਮਰੀਕਾ ਚਲਾ ਗਿਆ। 1912 ਵਿਚ ਆਪ ਸਾਨਫਰਾਂਸਿਸਕੋ ਬੰਦਰਗਾਹ ਤੇ ਪੁਜੇ। ਇਮੀਗ੍ਰੇਸ਼ਨ ਵਾਲਿਆਂ ਨੇ ਵਿਸ਼ੇਸ਼ ਪੁੱਛ-ਗਿੱਛ ਕਰਨ ਲਈ ਆਪ ਜੀ ਨੂੰ ਰੋਕ ਲਿਆ।

ਅਫਸਰ ਦੇ ਪੁੱਛਣ ਤੇ ਦੱਸਿਆ ਕਿ ਮੈਂ ਇਥੇ ਪੜ੍ਹਨ ਲਈ ਆਇਆ ਹਾਂ।
ਅਫਸਰ ਨੇ ਕਿਹਾ –ਕੀ ਤੈਨੂੰ ਹਿੰਦੁਸਤਾਨ ਵਿਚ ਪੜ੍ਹਨ ਨੂੰ ਥਾਂ ਨਹੀਂ ਮਿਲੀ?
ਜਵਾਬ ਦਿਤਾ —-ਮੈਂ ਉਚੇਰੀ ਸਿਖਿਆ ਪ੍ਰਾਪਤ ਕਰਨ ਵਾਸਤੇ ਹੀ ਕੈਲੇਫੋਰਨੀਆ ਯੂਨੀਵਰਸਿਟੀ ਵਿਚ ਦਾਖਲ ਹੋਣ ਦੇ ਵਿਚਾਰ ਨਾਲ ਆਇਆ ਹਾਂ।
ਅਫਸਰ ਨੇ ਕਿਹਾ —-ਜੇ ਕਰ ਤੈਨੂੰ ਅਮਰੀਕਾ ਨਾ ਉਤਰਨ ਦਿਤਾ ਜਾਵੇ ਫੇਰ?

ਉਤਰ ਦਿਤਾ —-ਤਾਂ ਮੈਂ ਇਹ ਸਮਝਾਂਗਾ ਕਿ ਬਹੁਤ ਭਾਰੀ ਬੇਇਨਸਾਫ਼ੀ ਹੋਈ ਹੈ। ਵਿਦਿਆਰਥੀਆਂ ਦੇ ਰਾਹਾਂ ਵਿਚ ਅਜਿਹੇ ਅੜਿੱਕੇ ਪਾਉਣ ਨਾਲ ਤਾਂ ਦੁਨੀਆ ਦੀ ਤਰੱਕੀ ਰੁਕ ਜਾਵੇਗੀ। ਕੌਣ ਜਾਣਦਾ ਹੈ ਕਿ ਮੈਂ ਇੱਥੇ ਵਿੱਦਿਆ ਹਾਸਲ ਕਰ ਕੇ ਸੰਸਾਰ ਦੇ ਅੰਦਰ ਭਲਾਈ ਦਾ ਕੋਈ ਵਡਾ ਕੰਮ ਕਰਨ ਵਿਚ ਸਮਰੱਥ ਹੋ ਜਾਵਾਂ ਅਤੇ ਉਤਰਨ ਦੀ ਆਗਿਆ ਨਾ ਮਿਲਣ ਤੇ ਸੰਸਾਰ ਇਸ ਤੋਂ ਵਾਂਝਾ ਹੀ ਰਹਿ ਜਾਵੇ।

ਅਫਸਰ ਨੇ ਇਸ ਉਤਰ ਤੋਂ ਪ੍ਰਭਾਵਿਤ ਹੋ ਕੇ ਉਤਰਨ ਦੀ ਆਗਿਆ ਦੇ ਦਿਤੀ।   

ਅਮਰੀਕਾ ਜਾ ਕੇ ਰਸਾਇਣਕ ਵਿਦਿਆ ਪ੍ਰਾਪਤ ਕਰਨ ਵਾਸਤੇ ਬਰਕਲੇ ਯੂਨੀਵਰਸਿਟੀ ਵਿਚ ਦਾਖਲ ਹੋ ਗਿਆ ਅਤੇ ਪੜ੍ਹਾਈ ਸ਼ੁਰੂ ਕਰ ਦਿਤੀ। ਪਰ ਉਥੋਂ ਦੇ ਲੋਕਾਂ ਦੇ ਤਾਹਨੇ ਮੇਹਣੇ ਸਹਿ ਕੇ ਗੁਲਾਮ ਦੇਸ਼ਾਂ ਨੂੰ ਆਜ਼ਾਦ ਕਰਾਉਣ ਵਾਲੇ ਦੇਸ਼ ਭਗਤਾਂ ਦੀਆਂ ਜੀਵਨੀਆਂ ਪੜ੍ਹ ਕੇ ਅਜੇਹੀ ਲਗਨ ਲਗੀ ਕਿ ਸਭ ਕੁਝ ਦੇਸ਼ ਉਤੋਂ ਕੁਰਬਾਨ ਕਰਨ ਲਈ ਤਿਆਰ ਹੋ ਗਿਆ।

ਜਦੋਂ ਰਾਤ ਨੂੰ ਸਖਤ ਮੇਹਨਤ ਕਰਨ ਤੋਂ ਬਾਅਦ ਭਾਰਤੀ ਮਜ਼ਦੂਰਾਂ ਨੇ ਆਪਣਾ ਦਿਲ ਬਹਿਲਾਉਣ ਲਈ ਅਮਰੀਕਨ ਬੱਚਿਆਂ ਨਾਲ ਗੱਲ ਬਾਤ ਕਰਨੀ ਤਾਂ ਅਮਰੀਕਨ ਬੱਚਿਆਂ ਨੇ ਪੁੱਛਣਾ ਤੁਹਾਡੇ ਦੇਸ਼ ਦਾ ਝੰਡਾ ਕੇਹੜਾ ਹੈ? ਤੁਹਾਡਾ ਰਾਸ਼ਟਰ ਗੀਤ ਕੀ ਹੈ? ਤਾਂ ਉਸ ਵਕਤ ਹਿੰਦੀਆਂ ਨੇ ਬੜੀ ਸੋਚ ਤੋਂ ਬਾਅਦ ‘ਯੂਨੀਅਨ ਜੈਕ’ (ਅੰਗਰੇਜ਼ਾਂ ਦਾ ਝੰਡਾ ) ਦਾ ਨਾਂ ਲੈਣਾ। ਇਹ ਸੁਣ ਕੇ ਬੱਚਿਆਂ ਨੇ ਹੱਸ ਪੈਣਾ ਅਤੇ ਗਲੀਆਂ ਬਜ਼ਾਰਾਂ ਵਿਚ ਜਿੱਥੋਂ ਵੀ ਹਿੰਦੀ ਲੰਘਦੇ ਉਹਨਾਂ ‘ਹਿੰਦੂ ਸਲੇਵ’ ‘ਹਿੰਦੂ ਸਲੇਵ’ (ਹਿੰਦੂ ਗੁਲਾਮ) ਦੇ ਨਾਹਰੇ ਲਾਓਂਦਿਆਂ ਪਿੱਛੇ ਪਿੱਛੇ ਤੁਰ ਪੈਣਾ। ਅਜਿਹੀਆਂ ਘਟਨਾਵਾਂ ਨੇ ਹਿੰਦੂਆਂ ਨੂੰ ਬਹੁਤ ਟੁੰਬਿਆ।

ਆਜ਼ਾਦ ਮੁਲਕ ਵਿਚ ਕਦਮ-ਕਦਮ ਤੇ ਆਪ ਦੇ ਕੋਮਲ ਹਿਰਦੇ ਤੇ ਸੱਟਾਂ ਵੱਜਣ ਲਗੀਆਂ। ‘ਡੈਮ ਹਿੰਦੂ’ ਅਤੇ ‘ਬਲੈਕ ਕੁਲੀ’ ਜਿਹੇ ਸ਼ਬਦ ਉਨ੍ਹਾਂ ਭੂਸਰੇ ਹੋਏ ਗੋਰੇ ਅਮਰੀਕਨਾਂ ਦੇ ਮੂੰਹਾਂ ਤੋਂ ਸੁਣਦੇ ਉਹ ਪਾਗਲ ਜਿਹੇ ਹੋਣ ਲਗਦੇ। ਉਨ੍ਹਾਂ ਨੂੰ ਹਰ ਵੇਲੇ ਹੀ ਉਨ੍ਹਾਂ ਦਾ ਆਪਣੇ ਦੇਸ਼ ਦਾ ਹੰਕਾਰ ਅਖਰਨ ਲਗਦਾ ਸੀ । ਜਦੋਂ ਵੀ ਆਪਣਾ ਘਰ ਯਾਦ ਆਓਂਦਾ, ਉਨ੍ਹਾਂ ਦੀਆਂ ਅੱਖਾਂ ਵਿਚ ਗੁਲਾਮ ਭਾਰਤ,ਜ਼ੰਜ਼ੀਰਾਂ ਨਾਲ ਜਕੜਿਆ ਹੋਇਆ,ਅਪਮਾਨਿਤ,ਲੁਟਿਆ ਹੋਇਆ ਅਤੇ ਨਿਸਤੇਜ ਹਿੰਦੁਸਤਾਨ ਊਨਾ ਦੀਆਂ ਸੋਚਾਂ ਨੂੰ ਟੁੰਬਣ ਲਗਦਾ । ਉਸ ਦਾ ਕੋਮਲ ਹਿਰਦਾ ਹੋਲੀ-ਹੋਲੀ ਕਠੋਰ ਹੋਣ ਲਗਾ । ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਅਰਪਣ ਕਰਨ ਦਾ ਨਿਸਚਾ ਵੀ ਹੋਲੀ-ਹੋਲੀ ਦ੍ਰਿੜ ਹੋਣ ਲਗ ਪਿਆ ਸੀ।

ਇਕ ਹੋਰ ਕਹਾਣੀ ਵੀ ਸੁਣਨ ਵਿਚ ਆਓਂਦੀ ਹੈ ਕਿ ਕਰਤਾਰ ਸਿੰਘ ਅਮਰੀਕਾ ਵਿਚ ਕਿਸੇ ਬਿਰਧ ਇਸਤਰੀ ਦੇ ਘਰ ਰਹਿੰਦਾ ਸੀ ਤਾਂ ਇਕ ਦਿਨ  ਅਰਥਾਤ 4 ਜੁਲਾਈ 1776 ਜਿਹੜਾ ਕਿ ਅਮਰੀਕਾ ਦੀ ਆਜ਼ਾਦੀ ਦਾ ਦਿਨ ਸੀ ਉਸ ਇਸਤਰੀ ਨੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਦੇਸ਼ ਭਗਤਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਤੇ ਬਹੁਤ ਹੀ ਸਤਿਕਾਰ ਕੀਤਾ। ਕਰਤਾਰ ਸਿੰਘ ਨੇ ਪੁੱਛਿਆ ਕਿ ਮੈਡਮ ਅੱਜ ਤੁਸੀਂ ਕਿਸ ਗੱਲ ਦੀ ਖੁਸ਼ੀ ਮੰਨਾ ਰਹੇ ਹੋ। ਤਾਂ ਇਸਤਰੀ ਨੇ ਕਿਹਾ ਕਿ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ । ਸਾਡਾ ਸਭ ਤੋਂ ਵਡਾ ਅਤੇ ਸਤਿਕਾਰ ਯੋਗ ਦਿਨ ਆਜ਼ਾਦੀ ਦਾ ਦਿਨ ਅਰਥਾਤ 4 ਜੁਲਾਈ ਹੈ। ਇਸ ਖੁਸ਼ੀ ਦੇ ਨਜ਼ਾਰੇ ਨੂੰ ਦੇਖ ਕੇ ਕਰਤਾਰ ਸਿੰਘ ਨੇ ਅਨੁਭਵ ਕੀਤਾ ਕਿ ਹਿੰਦ ਵਾਸੀ ਤਾਂ ਆਜ਼ਾਦੀ ਦੀ ਸੱਚੀ ਖੁਸ਼ੀ ਤੋਂ ਵਾਂਝੇ ਹੀ ਹਨ। ਉਸ ਦਿਨ ਤੋਂ ਹੀ ਉਸ ਦੀ ਰੁਚੀ ਦੇਸ਼ ਦੀ ਆਜ਼ਾਦੀ ਵਲ ਪ੍ਰਬਲ ਹੁੰਦੀ ਗਈ । ਉਹ ਦੇਸ਼ ਭਗਤਾਂ ਨਾਲ ਮਿਲ ਕੇ ਮੀਟਿੰਗਾ ਆਦਿ ਵਿਚ ਦਿਲਚਸਪੀ ਲੈਣ ਲੱਗ ਪਿਆ ਅਤੇ ਆਖਿਰ ਗਦਰੀਆਂ ਦਾ ਭਾਈਵਾਲ ਬਣ ਗਿਆ।

ਭਾਰਤ ਦੀ ਆਜ਼ਾਦੀ ਹੁਣ ਕਰਤਾਰ ਸਿੰਘ ਦਾ ਆਦਰਸ਼ ਬਣ ਗਿਆ । ਇਸ ਤੋਂ ਬਿਨਾ ਉਸ ਦੇ ਦਿਲ ਦਿਮਾਗ ਉਤੇ ਕਿਸੇ ਗੱਲ ਦਾ ਭੀ ਅਸਰ ਨਹੀਂ ਹੁੰਦਾ ਸੀ । ਜਦੋਂ ਅਮਰੀਕਾ ਵਿਚ ਇਕ ਹੁਸਨ ਮਤੀ ਜਵਾਨ ਲੜਕੀ ਨੇ ਉਸ ਦੇ ਸਾਹਮਣੇ ਵਿਆਹ ਲਈ ਪ੍ਰਸਤਾਵ ਰੱਖਿਆ ਤਾਂ ਉਸ ਨੇ ਕਿਹਾ ਸੀ ਕਿ ਮੈਂ ਦੇਸ਼ ਦੀ ਆਜ਼ਾਦੀ ਲਈ ਜਦੋ ਜਹਿਦ ਕਰਨੀ ਚਾਹੁੰਦਾ ਹਾਂ ਅਤੇ ਇਸ ਰਸਤੇ ਟੁਰਨ ਵਾਲਿਆਂ ਦੇ ਨਸੀਬਾਂ ਵਿਚ ਮੌਤ ਹੀ ਹੁੰਦੀ ਹੈ ਅਤੇ ਮੈਂ ਮੌਤ ਲਾੜੀ ਨਾਲ ਹੀ ਸ਼ਾਦੀ ਕਰਨ ਦਾ ਫੈਸਲਾ ਕਰ ਚੁਕਾ ਹਾਂ । ਅਸੀਂ ਇਹ ਭਲੀ ਪ੍ਰਕਾਰ ਜਾਣ ਸਕਦੇ ਹਾਂ ਕਿ ਕਰਤਾਰ ਸਿੰਘ ਨੂੰ ਆਜ਼ਾਦੀ ਨਾਲ ਇਤਨਾ ਗੂਹੜਾ ਪਿਆਰ ਪੈ ਚੁਕਾ ਸੀ ਕਿ ਜੇ ਕਰ ਸਾਰੀ ਦੁਨੀਆ ਦਾ ਰੂਪ ਭੀ ਇਕੱਠਾ ਹੋ ਕੇ ਉਸ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਣਾ ਚਾਹੁੰਦਾ ਤਾਂ ਉਹ ਉਸ ਵਿਚ ਸਫਲ ਨਾ ਹੋ ਸਕਦਾ।

ਇਕ ਵਾਰੀ ਉਸ ਦੇ ਸਾਥੀ ਭਾਈ ਪਰਮਾ ਨੰਦ ਨੇ ਉਸ ਨੂੰ ਆਖਿਆ,”ਕਰਤਾਰ ਸਿੰਘ ਜੇ ਕਰ ਤੂੰ ਗਦਰ ਪਾਰਟੀ ਤਿਆਰ ਨਾ ਕਰਦਾ ਤਾਂ ਮੌਤ ਦੇ ਮੂੰਹ ਕਿਓਂ ਆਓਂਦਾ । ਅਮਰੀਕਾ ਦਾ ਸੁਖੀ ਜੀਵਨ ਛੱਡ ਕੇ ਤੂੰ ਗੁਲਾਮ ਦੇਸ਼ ਵਿਚ ਕਿਓਂ ਆ ਗਿਆ ।” ਇਹਨਾਂ ਪ੍ਰਸ਼ਨਾਂ ਦੇ ਉਤਰ ਵਿਚ ਜਵਾਬ ਸੀ,” ਮੈਂ ਮਰਨਾ ਚਾਹੁੰਦਾ ਸੀ ।”ਤਾਂ ਜਦੋਂ ਭਾਈ ਪਰਮਾ ਨੰਦ ਨੇ ਪੁੱਛਿਆ ਕਿ ਤੂੰ ਮਰਨਾ ਕਿਓਂ ਚਾਹੁੰਦਾ ਹੈਂ । ਉਸ ਨੇ ਸਹਿਜ ਵਿਚ ਹੀ ਉਤਰ ਦਿਤਾ ਕਿ ਜਦੋਂ ਅਮਰੀਕਨ ਅਤੇ ਅੰਗਰੇਜ਼ ਲੋਕ ਕਹਿੰਦੇ ਹਨ ‘ਡੈਮ ਹਿੰਦੂ’ ਤਾਂ ਮੈਨੂੰ ਗੁਸਾ ਆ ਜਾਂਦਾ ਸੀ, ਇਹ ਤਾਹਨੇ ਮੇਹਣੇ ਸੁਣ ਕੇ ਮੈਂ ਇਹ ਫੈਸਲਾ ਕੀਤਾ ਹੈ ਕਿ ਹੁਣ ਜਾਂ ਤਾਂ ਦੇਸ਼ ਆਜ਼ਾਦ ਕਰਾਵਾਂਗਾ ਜਾਂ ਇਸ ਨਰਕ ਭਰੇ ਜੀਵਨ ਨਾਲੋਂ ਮੌਤ ਨੂੰ ਚੰਗਾ ਸਮਝਾਂਗਾ ।

ਕਰਤਾਰ ਸਿੰਘ ਨਿਡਰ ਅਤੇ ਹੁਸ਼ਿਆਰ ਇਤਨਾ ਸੀ ਕਿ ਇਕ ਵਾਰੀ ਲੋਹਟਬੰਦੀ ਲੜਕੀਆਂ ਦੇ ਆਸ਼ਰਮ ਵਿਚ ਚਲਾ ਗਿਆ ਜਿਹੜਾ ਕਿ ਗਦਰੀਆਂ ਦਾ ਅੱਡਾ ਸੀ । ਅੱਗੋਂ ਪੁਲਿਸ ਆਸ਼ਰਮ ਦੀ ਤਲਾਸ਼ੀ ਲੈ ਰਹੀ ਸੀ । ਪਰ ਇਹ ਪੁਲਿਸ ਨੂੰ ਦੇਖ ਕੇ ਘਬਰਾਇਆ ਨਹੀਂ ਤੇ ਨਾ ਹੀ ਪਿਛੇ ਮੁੜਿਆ । ਉਹ ਸਿੱਧਾ ਹੀ ਅੰਦਰ ਚਲਿਆ ਗਿਆ ਤੇ ਥਾਣੇਦਾਰ ਨੂੰ ਜਾ ਫਤਿਹ ਬੁਲਾਈ । ਉਸ ਹੱਥ ਮਿਲਾਇਆ ਤੇ ਕੁਰਸੀ ਤੇ ਬਿਠਾ ਦਿਤਾ । ਪੁੱਛਣ ਤੇ ਕਿਹਾ ਕਿ ਮੈਂ ਰੁੜਕੀ ਕਾਲਜ ਦਾ ਵਿਦਿਆਰਥੀ ਹਾਂ ਤੇ ਆਸ਼ਰਮ ਦੇਖਣ ਲਈ ਆਇਆ ਹਾਂ । ਇਹ ਸੁਣ ਕੇ ਥਾਣੇਦਾਰ ਚੁੱਪ ਹੋ ਗਿਆ ਤੇ ਆਪਣੇ ਕੰਮ ਲਗਾ ਰਿਹਾ । ਕਰਤਾਰ ਸਿੰਘ ਵੀ ਕੁਰਸੀ ਤੋਂ ਉੱਠ ਇਹ ਆਖ ਕੇ ਚਲਾ ਗਿਆ ਕਿ ਅੱਛਾ ਹੁਣ ਤੁਸੀਂ ਕੰਮ ਕਰੋ ਮੈਂ ਭੀ ਜਾਂਦਾ ਹਾਂ ਤੇ ਫੇਰ ਕਿਸੇ ਦਿਨ ਆ ਕੇ ਵੇਖ ਲਵਾਂਗਾ । ਇਹ ਆਖ ਕੇ ਝੱਟ ਬਾਹਰ ਨਿਕਲ ਗਿਆ ਤੇ ਸਾਈਕਲ ਤੇ ਪੈਰ ਧਰ ਕੇ ਮਿੰਟਾ ਵਿਚ ਹੀ ਅਲੋਪ ਹੋ ਗਿਆ । ਜਦੋਂ ਪੁਲਿਸ ਨੂੰ ਪਤਾ ਲਗਾ ਕਿ ਇਹ ਤਾਂ ਕਰਤਾਰ ਸਿੰਘ ਹੀ ਸੀ । ਉਨ੍ਹਾਂ ਨੇ ਬਹੁਤ ਭੱਜ ਨੱਠ ਕੀਤੀ ਪਰ ਉਹ ਉਨ੍ਹਾਂ ਦੇ ਹੱਥ ਨਾ ਆਇਆ ।

ਇਕ ਵਾਰ ਕਰਤਾਰ ਨੇ ਆਪਣਾ ਭੇਸ ਬਦਲ ਕੇ ਆਪਣੇ ਪਿੰਡ ਜਾ ਕੇ ਆਪਣੇ ਹੀ ਬਾਬੇ ਪਾਸੋਂ  ਮਾਇਕ ਲੋੜਾਂ ਦੀ ਪੂਰਤੀ ਲਈ 500 ਰੁਪਏ ਮੰਗ ਲੈ । ਉਸ ਦੇ ਬਾਬਾ ਜੀ ਨੇ ਕੁਝ ਕੋਲੋਂ ਅਤੇ ਕੁਝ ਫੜ ਫੜਾ ਕੇ ਦੇ ਦਿਤੇ ਤੇ ਕਿਹਾ ਕਿ ਉਸ ਨੂੰ ਕਹਿਣਾ ਕਿ ਮੈਨੂੰ ਮਿਲ ਕੇ ਜਾਵੇ । ਜਵਾਬ ਵਿਚ ਕਰਤਾਰ ਸਿੰਘ ਨੇ ਕਿਹਾ ਕਿ ਬਾਬਾ ਜੀ ਮੈਂ ਹੀ ਕਰਤਾਰ ਸਿੰਘ ਹਾਂ । ਬਾਬਾ ਜੀ ਨੇ ਅਸ਼ੀਰਵਾਦ ਦਿਤਾ । ਉਥੋਂ ਸਾਈਕਲ ਤੇ ਆਪਣੇ ਰਸਤੇ ਵਲ ਚਲ ਪਿਆ ਸੀ ।

ਇਕ ਦਿਨ ਸਰਦਾਰ ਸਰਾਭਾ ਆਪਣੇ ਨਾਨਕੇ ਪਿੰਡ (ਮਹੌਲੀ) ਪਹੁੰਚਿਆ ਤਾਂ ਉਥੇ ਭਾਰੀ ਗਿਣਤੀ ਵਿਚ ਪੁਲਿਸ ਦੇ ਇਕੱਠ ਨੂੰ ਦੇਖ ਝੱਟ ਹੀ ਆਪਣਾ ਭੇਸ ਬਦਲ ਲਿਆ ਤੇ ਬੰਸਰੀ ਵਜਾਉਂਦਾ ਹੋਇਆ ਅਗੇ ਵਧਿਆ ਤਾਂ ਪੁਲਿਸ ਨੇ ਉਸ ਨੂੰ ਰੋਕ ਲਿਆ ਤੇ ਵਾਪਸ ਜਾਣ ਬਾਰੇ ਕਹਿੰਦਿਆਂ ਉਸ ਨੂੰ ਦੱਸਿਆ ਕਿ ਇਥੇ ਕਰਤਾਰ ਸਿੰਘ ਨੂੰ ਫੜਨ ਵਾਸਤੇ ਘੇਰਾ ਪਾਇਆ ਹੋਇਆ ਹੈ । ਇਹ ਸੁਣ ਉਸ ਨੇ ਪੁੱਛਿਆ ਕੇ ਕੇਹੜਾ ਕਰਤਾਰ ਸਿੰਘ । ਉਤਰ ਵਿਚ ਸਿਪਾਹੀ ਕਹਿਣ ਲਗਾ ਕਿ ਓਹੀ ਸਰਾਭੇ ਵਾਲਾ, ਇਹ ਸੁਣ ਕੇ ਕਾਰਤਾਰ  ਸਿੰਘ ਨੇ ਕਿਹਾ ਕਿ ਉਹ ਬਹੁਤ ਚਲਾਕ ਹੈ ਉਸ ਨੇ ਆਉਣਾ ਅਤੇ ਚਲੇ ਜਾਣਾ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ । ਇਤਨਾ ਆਖ ਕੇ ਉਹ ਉਥੋਂ ਟੁਰ ਗਿਆ । ਥੋੜੇ ਸਮੇਂ ਬਾਅਦ ਕਿਸੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੰਸਰੀ ਵਾਲਾ ਹੀ ਕਰਤਾਰ ਸਿੰਘ ਸਰਾਭਾ ਸੀ । 

ਸਰਦਾਰ ਕਰਤਾਰ ਸਿੰਘ ਨੂੰ ਫੜਨ ਲਈ ਡੀ ਸੀ ਨੇ ਲੋਹਟਬੰਦੀ ਬਹੁਤ ਭਾਰੀ ਇਕੱਠ ਕੀਤਾ । ਹਲਕੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਸੱਦੀਆਂ । ਉਥੇ ਉਸ ਦਾ ਇਕ ਮਿੱਤਰ ਰਹਿੰਦਾ ਸੀ । ਪੁਲੀਸ ਨੂੰ ਸ਼ੱਕ ਸੀ ਕਿ ਉਹ ਇਥੇ ਆਵੇਗਾ । ਇਸ ਇਕੱਠ ਦਾ ਉਸ ਨੂੰ ਪਤਾ ਲਗਾ ਤਾਂ ਉਹ ਭੇਸ ਬਦਲ ਕੇ ਡੀ ਸੀ ਦੇ ਜੁਆਈ ਦਾ ਨੌਕਰ ਬਣ ਕੇ ਆ ਧਮਕਿਆ ਤੇ ਜਾ ਸਤਿ ਸ੍ਰੀ ਅਕਾਲ ਬੁਲਾਈ ਤੇ ਕਿਹਾ ਕਿ ਬੀਬੀ ਦੇ ਕਾਕੇ ਨੂੰ ਅਗੇ ਨਾਲੋਂ ਅਰਾਮ ਹੈ । (ਡੀ  ਸੀ ਅਮ੍ਰਿਤਸਰ ਦਾ ਸੀ ਤੇ ਇਸ ਦੀ ਲੜਕੀ ਭੀ ਇਥੋਂ ਦੇ ਕਿਸੇ ਪਿੰਡ ਵਿਚ ਵਿਆਹੀ ਹੋਈ ਸੀ । ਉਸ ਲੜਕੀ ਦਾ ਕਾਕਾ ਕੁਝ ਬਿਮਾਰ ਸੀ ) । ਜੁਆਈ ਦਾ ਨੌਕਰ ਜਾਣ ਕੇ ਕਰਤਾਰ ਸਿੰਘ ਨੂੰ ਚਾਹ ਆਦਿ ਪਿਲਾਈ ਗਈ ਤੇ ਪੁੱਛਿਆ ਤੂੰ ਕਿੱਧਰ ਦੀ ਆਇਆ ਹੈਂ ? ਉਸ ਨੇ ਜਵਾਬ ਦਿੱਤਾ, ਜੀ ਮੈਂ ਲੁਧਿਆਣੇ ਆਇਆ ਸੀ ਉਥੋਂ ਪਤਾ ਲਗਾ ਕਿ ਆਪ ਜੀ ਲੋਹਟਬੰਦੀ ਹੋ ਤਾਂ ਮੈਂ ਗੱਡੀ ਰਹਿਣ ਅਹਿਮਦਗੜ੍ਹ ਉਤਰ ਕੇ ਆਇਆ ਹਾਂ । ਡੀ ਸੀ ਨੇ ਦੋ ਸਿਪਾਹੀ ਉਸ ਨੂੰ ਛੱਡਣ ਲਈ ਕਲਿਆਣ ਦੇ ਪੁਲ ਤਕ ਭੇਜੇ । ਚਾਹ ਪੀਣ ਵੇਲੇ ਡੀ ਸੀ ਉੱਠ ਕੇ ਅੰਦਰ ਚਲਾ ਗਿਆ ਤਾਂ ਉਸ ਨੇ ਇਕ ਚਿੱਟ ਤੇ ਲਿਖ ਕੇ ਰੱਖ ਦਿੱਤਾ ਕਿ ਮੈਂ ਓਹੀ ਹਾਂ ਜਿਸ ਨੂੰ ਤੂੰ ਲੱਭ ਰਿਹਾ ਹੈਂ । ਜਦੋਂ ਉਸ ਦੇ ਚਲੇ ਜਾਣ ਪਿੱਛੋਂ ਓਹੀ ਚਿੱਟ ਡੀ ਸੀ ਦੇ ਹੱਥ ਲਗੀ ਤਾਂ ਉਸੇ ਵੇਲੇ ਹੀ ਚੜ੍ਹਾਈ ਕਰ ਦਿਤੀ । ਕਲਿਆਣ ਦੇ ਪੁਲ ਤੋਂ ਕਰਤਾਰ ਸਿੰਘ ਜਗੇੜੇ ਦੇ ਪੁਲ ਵਲ ਗਿਆ । ਡੀ ਸੀ ਨੇ ਕਲਿਆਣ ਦੀ ਕੋਠੀ ਤੋਂ ਜਗੇੜੇ ਦੀ ਕੋਠੀ ਨੂੰ ਤਾਰ ਕਰ ਦਿਤੀ ਕਿ ਰਾਹ ਰੋਕ ਲਿਆ ਜਾਵੇ ਕਿਓਂ ਜੋ ਇਸ ਰਾਹ ਤੇ ਕਰਤਾਰ ਸਿੰਘ ਆ ਰਿਹਾ ਹੈ । ਜਦ ਉਸ ਨੂੰ ਪਤਾ ਲਗਾ ਤਾਂ ਉਹ ਨਹਿਰ ਨੂੰ ਛੱਡ ਕੇ ਖੇਤਾਂ ਰਾਹੀਂ ਝੱਮਟ ਨੂੰ ਚਲਿਆ ਗਿਆ ਉਥੇ ਰਾਹ ਵਿਚ ਇਕ ਰਾਮਦਾਸੀਆ ਬੁੱਢਾ ਤੇ ਉਸ ਦੀ ਲੜਕੀ ਖੇਤਾਂ ਵਿਚੋਂ ਕੱਖ ਖੋਤ ਰਹੇ ਸਨ । ਕਰਤਾਰ ਸਿੰਘ ਨੇ ਕਿਹਾ ਬਾਬਾ ਤੂੰ ਇਤਨਾ ਬੁੱਢਾ ਹੋ ਗਿਆ ਹੈਂ ਲਿਆ ਮੈਂ ਖੋਤਦਾ ਹਾਂ । ਬੁੱਢੇ ਨੇ ਪੁੱਛਿਆ ਤੂੰ ਕੀਹਦਾ ਮੁੰਡਾ ਹੈਂ ਤਾਂ ਉਸ ਨੇ ਉਤਰ ਦਿਤਾ ਕਿ ਮੈਂ ਸਿਆੜ ਤੋਂ ਹਾਂ । ਇਤਨੇ ਚਿਰ ਵਿਚ ਪੁਲਿਸ ਪੁੱਜ ਗਈ ਤੇ ਕਰਤਾਰ ਕੱਖਾਂ ਦੀ ਪੰਡ ਚੁਕੀ ਜਾਂਦਾ ਸੀ । ਪੁਲਿਸ ਨੇ ਪੁੱਛਿਆ ਕਿ ਇਧਰ ਕਰਤਾਰ ਸਿੰਘ ਤਾਂ ਨਹੀਂ ਆਇਆ ? ਬੁੱਢੇ ਨੇ ਉਤਰ ਦਿਤਾ ਕਿ ਅਸੀਂ ਨਹੀਂ ਜਾਣਦੇ ਕਿਸੇ ਕਰਤਾਰ ਨੂੰ । ਕਰਤਾਰ ਸਿੰਘ ਘੇਰੇ ਤੋਂ ਨਿਕਲ ਜਾਣ ਵੇਲੇ ਬਾਬੇ ਨੂੰ ਦੱਸ ਗਿਆ ਕਿ ਮੈਂ ਹੀ ਕਰਤਾਰ ਸਿੰਘ ਹਾਂ । ਇਥੋਂ ਫੇਰ ਉਹ ਉਹ ਦੁਰਾਹੇ ਵਲ ਚਲਾ ਗਿਆ । 

ਦੇਸ਼ ਦੀ ਆਜ਼ਾਦੀ ਉਨ੍ਹਾਂ ਦੇ ਅਗੇ ਮੁਖ ਸਵਾਲ ਬਣ ਗਿਆ ਸੀ। ਜ਼ਿਆਦਾ ਸੋਚੇ ਬਿਨਾ ਉਨ੍ਹਾਂ ਨੇ ਭਾਰਤੀ ਮਜ਼ਦੂਰਾਂ ਦੀ ਜਥੇਬੰਦੀ ਬਣਾਉਣੀ ਸ਼ੁਰੂ ਕਰ ਦਿਤੀ । ਉਨ੍ਹਾਂ ਦੇ ਅੰਦਰ ਆਜ਼ਾਦੀ ਦਾ ਪ੍ਰੇਮ ਭਾਵ ਜਾਗ੍ਰਤ ਕਰਨ ਲਗ ਪਏ। ਕਲੇ ਕਲੇ ਮਜ਼ਦੂਰ ਦੇ ਕੋਲ ਘੰਟਿਆਂ ਬੱਧੀ ਬੈਠ ਕੇ ਇਹ ਸਮਝਾਉਣਾ ਕਿ ਗੁਲਾਮ ਜੀਵਨ ਤੋਂ ਇਜ਼ਤ ਦੀ ਮੌਤ ਹਜ਼ਾਰ ਦਰਜੇ ਚੰਗੀ ਹੈ । 1912 ਵਿਚ ਉਨ੍ਹਾਂ ਨੇ ਕੁਝ ਭਾਰਤੀਆਂ ਦੀ ਇਕ ਸਭ ਹੋਈ । ਉਸ ਵਿਚ 9 ਸੱਜਣ ਹੀ ਸ਼ਾਮਲ ਹੋਏ ਸਨ। ਸਾਰਿਆਂ ਨੇ ਤਨ-ਮਨ-ਧਨ ਦੇਸ਼ ਦੀ ਆਜ਼ਾਦੀ ਲਈ ਵਾਰਨ ਦੀ ਸੌਂਹ ਖਾਧੀ । ਧੜਾ-ਧੜ ਸਭਾਵਾਂ ਹੋਣ ਲਗੀਆਂ । ਉਪਦੇਸ਼ ਹੋਣ ਲਗ ਪਏ । ਕੰਮ ਚਲਦਾ ਰਿਹਾ ਅਤੇ ਮੈਦਾਨ ਤਿਆਰ ਹੁੰਦਾ ਗਿਆ। ਫੇਰ ਅਖਬਾਰ ਦੀ ਲੋੜ ਮਹਿਸੂਸ ਕੀਤੀ ਗਈ । ਗਦਰ ਨਾਂ ਦਾ ਅਖਬਾਰ ਕੱਢਿਆ। ਪਹਿਲਾ ਅੰਕ ਨਵੰਬਰ 1913 ਨੂੰ ਪ੍ਰਕਾਸ਼ਤ ਕੀਤਾ ਗਿਆ । ਉਸ ਅਖਬਾਰ ਦੇ ਸੰਪਾਦਕ ਵੀ ਕਰਤਾਰ ਸਿੰਘ ਹੀ ਸਨ। ਬੜਾ ਹੀ ਜ਼ੋਰਦਾਰ ਲਿਖਦੇ ਸਨ ਅਤੇ ਇਹ ਅਖਬਾਰ ਸੰਪਾਦਕੀ ਮੰਡਲ ਆਪ ਹੀ ਹੈਂਡ-ਪ੍ਰੈਸ ਤੇ ਛਾਪਦਾ ਸੀ । ਹੈਂਡ-ਪ੍ਰੈਸ ਤੇ ਛਾਪਦੇ-ਛਾਪਦੇ ਥਕਾਵਟ ਹੋ ਜਾਣ ਤੇ ਉਹ ਪੰਜਾਬੀ ਗੀਤ ਗਾਇਆ ਕਰਦੇ ਸਨ——-

ਸੇਵਾ ਦੇਸ਼ ਦੀ ਜਿੰਦੁੜੀਏ ਬੜੀ ਔਖੀ ,
ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਕਰਤਾਰ ਸਿੰਘ ਉਸ ਵੇਲੇ ਜਿਸ ਚਾਅ ਨਾਲ ਮੇਹਨਤ ਕਰਦੇ ਸਨ, ਸਖਤ ਮੇਹਨਤ ਕਰਦੇ ਹੋਏ ਵੀ ਜਿਸ ਤਰਾਂ ਹੱਸਦੇ-ਹਸਾਉਂਦੇ ਰਹਿੰਦੇ ਸਨ ਉਸ ਨਾਲ ਸਾਰਿਆਂ ਦਾ ਹੋਂਸਲਾ ਦੂਣਾ-ਤੀਣਾ ਹੋ ਜਾਂਦਾ ਸੀ।

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਹਵਾਈ-ਜਹਾਜ਼ਾਂ ਦੀ ਲੋੜ ਮਹਿਸੂਸ ਹੋਈ ਤਾਂ ਫੈਸਲਾ ਕਰਕੇ ਕਰਤਾਰ ਸਿੰਘ ਨੂੰ ਹਵਾਈ-ਜਹਾਜ਼ਾਂ ਦੀ ਸਿਖਲਾਈ ਲਈ ਕਰਤਾਰ ਸਿੰਘ ਨੂੰ ਹੀ ਚੁਣਿਆ ਗਿਆ । ਆਪ ਨਿਊਯਾਰਕ ਦੀ ਹਵਾਈ-ਜਹਾਜ਼ਾਂ ਦੀ ਕੰਪਨੀ ਵਿਚ ਭਰਤੀ ਹੋ ਗਏ ਅਤੇ ਉਥੇ ਮਨ ਲਗਾ ਕੇ ਹਵਾਈ-ਜਹਾਜ਼ ਚਲਾਉਣਾ, ਮੁਰੰਮਤ ਕਰਨਾ ਅਤੇ ਬਣਾਉਣਾ ਸਿੱਖਣ ਲਗ ਪਏ ਸਨ। ਛੇਤੀ ਹੀ ਇਸ ਕਲਾ ਵਿਚ ਮਾਹਰ ਹੋ ਗਏ । ਸਤੰਬਰ 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਨੂੰ ਵਹਿਸ਼ੀ ਗੋਰੇਸ਼ਾਹੀ ਦੇ ਹੱਥੋਂ ਅਕੱਥ ਦੁੱਖ ਝੱਲ ਕੇ ਪਰਤਣਾ ਪਿਆ ਸੀ ।

ਗਦਰੀ ਕਰਤਾਰ ਨੇ ਦੇਸ਼ ਨੂੰ ਪਰਤਣ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਅਤੇ ਖੁਦ ਵੀ ‘ਨਿਪੁਨ ਮਾਰੂ’ਜਹਾਜ਼ ਰਹਿਣ ਅਮਰੀਕਾ ਤੋਂ ਚਲ ਪਏ ਅਤੇ 15-16 ਸਤੰਬਰ 1914 ਨੂੰ ਕੋਲੰਬੋ ਪੁੱਜ ਗਏ। ਉਨ੍ਹਾਂ ਦਿਨਾਂ ਵਿਚ ਪੰਜਾਬ ਤਕ ਪੂਜਦੇ ਨਾ ਪੂਜਦੇ ਆਮ ਤੌਰ ਤੇ ਅਮਰੀਕਾ ਤੋਂ ਆਉਣ ਵਾਲੇ ‘ਭਾਰਤ ਰੱਖਿਆ ਕਨੂੰਨ’ ਦੀ ਗ੍ਰਿਫਤ ਵਿਚ ਆ ਜਾਂਦੇ ਸੀ ।ਬਹੁਤ ਘਟ ਲੋਕ ਆਜ਼ਾਦੀ ਨਾਲ ਪਹੁੰਚ ਪਾਉਂਦੇ ਸੀ। ਕਰਤਾਰ ਸਿੰਘ ਸਹੀ ਸਲਾਮਤ ਆ ਪਹੁੰਚੇ ਸਨ । ਸੰਗਠਨ ਦੀ ਕਮੀ ਨੂੰ ਜਿਵੇਂ ਕਿਵੇਂ ਪੂਰਾ ਕਰ ਲਿਆ ਗਿਆ।

ਇਕ ਵਾਰ ਜਦੋਂ ਕਲਕੱਤੇ ਹਥਿਆਰਾਂ ਵਾਸਤੇ ਜਾ ਰਹੇ ਸਨ ਪੈਸੇ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੇ ਇਕ ਬੰਦੇ ਦੇ ਘਰ ਡਾਕੇ ਦੀ ਯੋਜਨਾ ਬਣਾ ਲਈ । ਡਾਕੇ ਦਾ ਨਾਂ ਸੁਣਦੇ ਹੀ ਵਿਦਰੋਹੀ ਵੀਰ ਸੁੰਨ ਹੋ ਗਏ, ਪਰ ਕਰਤਾਰ ਸਿੰਘ ਨੇ ਕਿਹਾ ਕਿ ਕੋਈ ਡਰ ਨਹੀਂ ਹੈ । ਭਾਈ ਪਰਮਾ  ਨੰਦ ਵੀ ਡਕੈਤੀ ਨਾਲ ਸਹਿਮਤ ਹਨ । ਪੁੱਛ ਕੇ ਆਉਣ ਦਾ ਕੰਮ ਵੀ ਆਪ ਨੂੰ ਹੀ ਸੌਂਪਿਆ ਗਿਆ । ਅਗਲੇ ਦਿਨ ਬਿਨਾ ਮਿਲਣ ਤੋਂ ਹੀ ਆਖ ਦਿਤਾ ਕਿ ਪੁੱਛ ਆਇਆ ਹਾਂ ਤੇ ਉਹ ਸਹਿਮਤ ਹਨ ।

ਗਦਰ ਦੀ ਤਿਆਰੀ ਵਿਚ ਕੇਵਲ ਪੈਸੇ ਦੀ ਕਮੀ ਕਾਰਨ ਕੁਝ ਦੇਰੀ ਹੋ ਜਾਵੇ ਉਨ੍ਹਾਂ ਨੂੰ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਸੀ। ਉਸ ਦਿਨ ਉਹ ਡਕੈਤੀ ਲਈ ਰੱਬੋਂ ਨਾਮਕ  ਪਿੰਡ ਵਿਚ ਗਏ ਸਨ । ਕਰਤਾਰ ਸਿੰਘ ਮੁਖੀ ਸਨ। ਡਕੈਤੀ ਚਲ ਰਹੀ ਸੀ। ਘਰ ਵਿਚ ਇਕ ਬੜੀ ਸੋਹਣੀ ਮੁਟਿਆਰ ਸੀ । ਉਸ ਨੂੰ ਦੇਖ ਇਕ ਪਾਪੀ ਦਾ ਮਨ ਹਰਾਮੀ ਹੋ ਗਿਆ । ਉਸ ਨੇ ਉਸ ਲੜਕੀ ਦਾ ਹੱਥ ਫੜ ਲਿਆ । ਉਸ ਕਮੀਨੇ  ਨਰ-ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਸਿੰਘ ਆਪਣਾ ਰਿਵਾਲਵਰ ਤਾਣ ਕੇ ਉਸ ਥਾਂ ਤੇ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸ ਤੋਂ ਹਥਿਆਰ ਲੈ ਲਿਆ ਤੇ ਫੇਰ ਗੁਸੇ ਹੋਏ ਸ਼ੇਰ ਵਾਂਗ ਗਰਜੇ –‘ਪਾਮਰ! ਤੇਰਾ ਗੁਨਾਹ ਬੜਾ ਹੀ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਤ ਕਾਰਨ ਤੈਨੂੰ ਮੁਆਫ ਕਰਨ ਤੇ ਮਜ਼ਬੂਰ ਹਾਂ । ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਆਖ,’ਹੈ ਭੈਣ! ਮੈਨੂੰ ਮੁਆਫ ਕਰ ਦੇ ਅਤੇ ਉਧਰ ਲੜਕੀ ਦੀ ਮਾਂ ਦੇ ਪੈਰ ਫੜ ਕੇ ਕਹਿ, ਮਾਤਾ! ਮੈਂ ਇਸ ਨੀਚਤਾ ਵਾਸਤੇ ਮੁਆਫੀ ਚਾਹੁੰਦਾ ਹਾਂ । ਜੇ ਕਰ ਇਹ ਤੈਨੂੰ ਮੁਆਫ ਕਰ ਦੇਣ ਤਾਂ ਮੈਂ ਤੈਨੂੰ ਜਿਓੰਦਾ ਛੱਡਾਂਗਾ ਨਹੀਂ ਤਾਂ ਹੁਣੇ ਹੀ ਗੋਲੀ ਮਾਰ ਦੇਵਾਂਗਾ ।’ ਉਸ ਨੇ ਉਸੇ ਤਰਾਂ ਹੀ ਕੀਤਾ । ਗੱਲ ਕੁਝ ਬਹੁਤੀ ਤਾਂ ਵਧੀ ਨਹੀਂ ਸੀ । ਇਹ ਦੇਖ ਕੇ ਦੋਨਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ । ਮਾਂ ਨਾਲ ਪਿਆਰ ਨਾਲ ਸੰਬੋਧਨ ਕੀਤਾ —‘ਬੇਟਾ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ?’ ਕਰਤਾਰ ਦਾ ਵੀ ਜੀਅ ਭਰ ਆਇਆ। ਉਸ ਨੇ ਕਿਹਾ —-‘ਮਾਂ ! ਰੁਪਏ ਦੇ ਲੋਭ ਵਿਚ ਨਹੀਂ,ਆਪਣਾ ਸਭ ਕਿਛ ਵਾਰ ਕੇ ਡਾਕੇ ਮਾਰਨ ਚਲੇ ਸੀ। ਅਸੀਂ ਅੰਗ੍ਰੇਜ਼ ਸਰਕਾਰ ਦੇ ਖਿਲਾਫ ਗਦਰ ਦੀ ਤਿਆਰੀ ਕਰ ਰਹੇ ਹਾਂ । ਹਥਿਆਰ ਆਦਿ ਖਰੀਦਣ ਲਈ ਪੈਸੇ ਚਾਹੀਦੇ ਹਨ। ਉਹ ਕਿਥੋਂ ਲਾਈਏ ? ਮਾਂ! ਇਸੇ ਮਹਾਨ ਕੰਮ ਵਾਸਤੇ ਇਹ ਨੀਚ ਕੰਮ ਕਰਨ ਲਈ ਅਸੀਂ ਮਜ਼ਬੂਰ ਹਾਂ।’

ਨਜ਼ਾਰਾ ਬੜਾ ਹੀ ਦਰਦਨਾਕ ਸੀ। ਮਾਂ ਨੇ ਫੇਰ ਕਿਹਾ —‘ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਲੋੜੀਂਦੇ ਹਨ—- ‘ਕੁਝ ਦਿੰਦੇ ਜਾਓ ਤਾਂ ਚੰਗਾ ਹੈ।’ ਸਾਰਾ ਧਨ ਸਾਹਮਣੇ ਰੱਖ ਦਿਤਾ ਗਿਆ ਅਤੇ ਕਿਹਾ —-‘ਜਿਨ੍ਹਾਂ ਲੋੜ ਹੈ ਲੈ ਲਓ।’ ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਦੀ ਝੋਲੀ ਵਿਚ ਪਾ ਦਿਤਾ ਅਤੇ ਅਸ਼ੀਰਵਾਦ ਦਿਤਾ ਕਿ ਜਾਓ ਬੇਟਾ, ਤੁਹਾਨੂੰ ਕਾਮਯਾਬੀ ਮਿਲੇ।

ਇਸ ਘਟਨਾ ਤੋਂ ਇਹ ਤਾਂ ਸਪਸ਼ਟ ਹੈ ਕਿ ਡਕੈਤੀ ਵਰਗੇ ਭਿਆਨਕ ਕੰਮ ਵਿਚ ਸ਼ਾਮਲ ਹੋਣ ਤੇ ਵੀ ਕਰਤਾਰ ਦਾ ਦਿਲ ਕਿਤਨਾ ਭਾਵਿਕ, ਕਿਤਨਾ ਪਵਿੱਤਰ ਅਤੇ ਕਿਤਨਾ ਮਹਾਨ ਸੀ।

ਬੰਗਾਲ ਦਲ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਹੀ ਆਪ ਨੇ ਹਥਿਆਰਾਂ ਵਾਸਤੇ ਲਾਹੌਰ-ਛਾਉਣੀ ਦੀ ਮੈਗਜ਼ੀਨ ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਸੀ। ਇਕ ਦਿਨ ਗੱਡੀ ਵਿਚ ਫੌਜੀ ਨਾਲ ਮੁਲਾਕਾਤ ਹੋ ਗਈ। ਉਹ ਮੈਗਜ਼ੀਨ ਦਾ ਇੰਚਾਰਜ ਸੀ । ਉਸ ਨੇ ਚਾਬੀਆਂ ਦੇਣ ਦਾ ਵਾਅਦਾ ਕੀਤਾ। 25 ਨਵੰਬਰ ਨੂੰ ਆਪ ਕੁਝ ਸੂਰਮੇ ਸਾਥੀਆਂ ਨੂੰ ਨਾਲ ਲੈ ਕੇ ਉਥੇ ਜਾ ਧੱਮਕੇ। ਪਰ ਇਕ ਅੱਧ ਦਿਨ ਪਹਿਲਾਂ ਉਕਤ ਸਿਪਾਹੀ ਦਾ ਕਿਸੇ ਹੋਰ ਥਾਂ ਤਬਾਦਲਾ ਹੋਣ ਕਾਰਨ ਸਾਰਾ ਕੰਮ ਹੀ ਗੜਬੜ ਹੋ ਗਿਆ। ਪਰ ਦਿਲ ਛਡਣਾ,ਘਬਰਾ ਜਾਣਾ ਅਜਿਹੇ ਕ੍ਰਾਂਤੀਕਾਰੀਆਂ ਦੇ ਚਾਲ ਚਲਣ ਵਿਚ ਨਹੀਂ ਹੋਇਆ ਕਰਦਾ।

ਫਰਵਰੀ ਵਿਚ ਗਦਰ ਦੀ ਤਿਆਰੀ ਸੀ ਸਾਰੇ ਪ੍ਰਬੰਧ ਕਰ ਲਏ ਗਏ ਸਨ। ਆਖਰ ਉਹ ਦਿਨ ਨੇੜੇ ਆ ਰਿਹਾ ਸੀ। ਇਨ੍ਹਾਂ ਲੋਕਾਂ ਦੇ ਹਿਰਦੇ ਖੁਸ਼ੀ ਚਾਅ ਅਤੇ ਭੈਅ ਨਾਲ ਅਨੇਕ ਭਾਵਾਂ ਨਾਲ ਧੜਕਣ ਲਗਦੇ ਸਨ । 21 ਫਰਵਰੀ 1915 ਨੂੰ ਸਮੁਚੇ ਭਾਰਤ ਵਿਚ ਗਦਰ ਕਰਨ ਦਾ ਦਿਨ ਨਿਸਚਤ ਹੋਇਆ ਸੀ। ਤਿਆਰੀ ਇਸ ਵਿਚਾਰ ਨਾਲ ਹੋ ਰਹੀ ਸੀ। ਪਰ ਠੀਕ ਉਸ ਵੇਲੇ ਉਨ੍ਹਾਂ ਦੀ ਆਸ ਤੇ  ਬੈਠਾ ਇਕ ਚੂਹਾ ਉਸ ਨੂੰ ਹੇਠੋਂ ਖੋਖਲਾ ਕਰ ਰਿਹਾ ਸੀ। ਤਣੇ ਦੇ ਇਕ ਦਮ ਖੋਖਲੇ ਹੋ  ਜਾਣ ਤੇ ਹਨੇਰੀ ਦੇ ਇਕ ਹੀ ਬੁੱਲ੍ਹੇ ਨਾਲ ਉਹ ਧਰਤੀ ਤੇ ਡਿਗ ਪਵੇਗਾ, ਇਹ ਉਹ ਨਹੀਂ ਜਾਣਦੇ ਸਨ । 4–5 ਦਿਨ ਪਹਿਲਾਂ ਸ਼ੱਕ ਪੈ ਗਿਆ। ਕਿਰਪਾਲ ਦੀ ਕਿਰਪਾ ਨਾਲ ਸਭ ਗੁੜ-ਗੋਬਰ ਹੋ ਜਾਵੇਗਾ। ਇਸੇ ਕਾਰਨ ਕਰਤਾਰ ਸਿੰਘ ਨੇ ਰਾਸਬਿਹਾਰੀ ਨੂੰ 21 ਦੀ ਥਾਂ 19 ਫਰਵਰੀ ਨੂੰ ਹੀ ਗਦਰ ਕਰਨ ਨੂੰ ਆਖ ਦਿਤਾ ਸੀ। ਇਸ ਤਰਾਂ ਹੋ ਜਾਣ ਤੇ ਵੀ ਕਿਰਪਾਲ ਨੂੰ ਭੇਟ ਲੱਗ ਗਿਆ। ਉਸ ਮਹਾਨ ਗਦਰ ਯੋਜਨਾ ਵਿਚ ਇਕ ਨਰ-ਪਿਸ਼ਾਚ ਦੀ ਹੋਂਦ ਦਾ ਕਿੰਨਾ ਭੈੜਾ ਸਿੱਟਾ ਨਿਕਲਿਆ । ਰਾਸਬਿਹਾਰੀ ਅਤੇ ਕਰਤਾਰ ਸਿੰਘ ਵੀ ਕੋਈ ਢੁੱਕਵਾਂ ਪ੍ਰਬੰਧ ਕਰਕੇ ਆਪਣਾ ਭੇਤ ਨਾ ਛੁਪਾ ਸਕੇ ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਤੋਂ ਬਿਨਾ ਹੋਰ ਕੀ ਹੋ ਸਕਦਾ ਸੀ?

ਸ਼ੁਦਾਈ ਕਰਤਾਰ ਸਿੰਘ 50-60 ਬੰਦੇ ਲੈ ਕੇ ਕੀਤੇ ਫੈਸਲੇ ਅਨੁਸਾਰ 19 ਫਰਵਰੀ ਨੂੰ ਫਿਰੋਜ਼ਪੁਰ ਛਾਉਣੀ ਜਾ ਅੱਪੜੇ। ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ। ਗਦਰ ਦੀ ਗੱਲ ਆਖੀ। ਪਰ ਕਿਰਪਾਲ ਨੇ ਪਹਿਲਾਂ ਹੀ ਸਭ ਕੁਝ ਹੀ ਵਿਗਾੜ ਰੱਖਿਆ ਸੀ। ਭਾਰਤੀ ਫੌਜੀ ਨਿਹੱਥੇ ਕਰ ਦਿਤੇ ਗਏ ਸਨ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ ਸਨ। ਹੌਲਦਾਰ ਨੇ ਸਾਫ ਨਾਂਹ ਕਰ ਦਿਤੀ। ਨਿਰਾਸ਼,ਪ੍ਰਸ਼ਨ ਵਾਪਸ ਮੁੜ ਆਏ। ਸਾਰੀ ਮੇਹਨਤ ਬੇਕਾਰ ਗਈ ਸੀ। ਪੰਜਾਬ ਅੰਦਰ ਗ੍ਰਿਫਤਾਰੀਆਂ ਹੋਣ ਲਗੀਆਂ। ਕੁਝ ਫੜੇ ਗਏ ਤੇ ਕੋਈ ਫੁਟ ਪਿਆ ਤੇ ਭੇਦ ਦੱਸ ਦਿਤਾ। ਨਿਰਾਸ਼ਤਾ ਦੀ ਹਾਲਤ ਵਿਚ ਰਾਸਬਿਹਾਰੀ ਮੁਰਦੇ ਦੀ ਤਰਾਂ ਲਾਹੌਰ ਵਿਚ ਇਕ ਮੰਜੇ ਤੇ ਪਏ ਸਨ। ਕਰਤਾਰ ਸਿੰਘ ਵੀ ਆ ਕੇ ਇਕ ਹੋਰ ਮੰਜੇ ਤੇ ਦੂਸਰੇ ਪਾਸੇ ਮੂੰਹ ਕਰ ਕੇ ਪੈ ਗਏ। ਨਿਰਾਸਤਾ ਦੇ ਭਰਿਆਂ ਨੇ ਕੋਈ ਗੱਲ ਨਾ ਕੀਤੀ। ਪਰ ਚੁੱਪ–ਚੁੱਪ ਹੀ ਇਕ-ਦੂਜੇ ਦੇ ਹਿਰਦੇ ਅੰਦਰ ਵੜ ਕੇ ਸਾਰਾ ਕੁਝ ਸਮਝ ਗਏ ਸੀ। ਫੈਸਲਾ ਇਹ ਹੋਇਆ ਕਿ ਸਾਰੇ ਪੱਛਮੀ ਸੀਮਾ ਤੋਂ ਉਸ ਪਾਰ ਲੰਘ ਕੇ ਵਿਦੇਸ਼ ਵਿਚ ਚਲੇ ਜਾਣ। ਰਾਸਬਿਹਾਰੀ ਨੇ ਅਚਾਨਕ ਆਪਣਾ ਨਿਸ਼ਚਾ ਬਦਲ ਲਿਆ ਤੇ ਉਹ ਬਨਾਰਸ ਚਲੇ ਗਏ। ਕਰਤਾਰ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੱਛਮ ਵਲ ਹੋ ਗਏ। ਭਾਰਤ ਦੀ ਹੱਦ ਪਾਰ ਕਰ ਲਈ। ਖੁਸ਼ਕ ਪਹਾੜਾਂ ਵਿਚ ਇਕ ਰਮਣੀਕ ਜਗਾਹ ਆਈ ਉਥੇ ਇਕ ਛੋਟੀ ਜਿਹੀ ਸੁੰਦਰ ਨਦੀ ਵੱਗ ਰਹੀ ਸੀ। ਉਸ ਦੇ ਕਿਨਾਰੇ ਬੈਠ ਗਏ। ਸੋਚਾਂ ਵਿਚ ਡੁਬੇ ਛੋਲੇ ਚੱਬਣ ਲਗੇ ਤੇ ਗਏ ਰਹੇ ਸਨ ——

ਸਿੰਘ ਨਾਮ ਸ਼ੇਰ ਦਾ ਲੜੇ ਜੋ ਗੱਜ ਕੇ 
ਬਣੀ ਸਿਰ ਸ਼ੇਰਾਂ ਦੇ, ਕਿ ਜਾਣਾ ਭੱਜ ਕੇ।’

ਭਾਵਕ ਕਰਤਾਰ ਸਿੰਘ ਕਵੀ ਵੀ ਸਨ। ਅਮਰੀਕਾ ਵਿਚ ਉਨ੍ਹਾਂ ਨੇ ਇਹ ਕਵਿਤਾ ਲਿਖੀ ਸੀ। ਸੁਰੀਲੀ ਆਵਾਜ਼ ਵਿਚ ਇਕ ਸਤਰ ਹੀ ਗਾਈ ਸੀ,ਝੱਟ ਰੁਕ ਗਏ ਤੇ ਬੋਲੇ –‘ਕਿਓਂ ਭਾਅ ਜੀ, ਕੀ ਇਹ ਕਵਿਤਾ ਦੂਜਿਆਂ ਲਈ ਲਿਖੀ ਸੀ? ਕੀ ਸਾਡੇ ਤੇ ਇਸ ਦੀ ਕੋਈ ਜ਼ਿਮੇਂਵਾਰੀ ਨਹੀਂ ? ਅੱਜ ਸਾਡੇ ਸਾਥੀਂ ਮੁਸੀਬਤਾਂ ਵਿਚ ਫਸੇ ਪਏ ਹਨ ਅਤੇ ਅਸੀਂ ਆਪਣਾ ਸਿਰ ਲੁਕਾਉਣ ਦੇ ਫਿਕਰ ਵਿਚ ਕਾਹਲੇ ਹਾਂ। ਉਨ੍ਹਾਂ ਨੇ ਇਕ ਦੂਜੇ ਵਲ ਡਿੱਠਾ। ਫੈਸਲਾ ਹੋਇਆ, ਭਾਰਤ ਪਰਤ ਕੇ ਉਨ੍ਹਾਂ ਨੂੰ ਛਡਾਉਣ ਦਾ ਕੰਮ ਕੀਤਾ ਜਾਵੇ। ਫੇਰ ਅਗੇ ਨਹੀਂ ਤੁਰੇ ਉਥੋਂ ਹੀ ਵਾਪਸ ਮੁੜ ਪਏ ।  ਭਾਵੇਂ ਉਹ ਜਾਣਦੇ ਸਨ ਕਿ ਮੌਤ ਮੂੰਹ ਖੋਲ੍ਹ ਕੇ ਸਦਾ ਇੰਤਜ਼ਾਰ ਕਰ ਰਹੀ ਹੈ।  ਉਨ੍ਹਾਂ ਦੀ ਤੀਬਰ ਇੱਛਾ ਸੀ ਕਿ ਕਿਤੇ ਕੋਈ ਘਮਾਸਾਨ ਸ਼ੁਰੂ ਹੋ ਜਾਵੇ ਅਤੇ ਅਸੀਂ ਲੜਦੇ ਲੜਦੇ ਜਾਨ ਦੇ ਦੇਈਏ । ਸਰਗੋਧੇ ਕੋਲ ਚੱਕ ਨੰਬਰ 5 ਵਿਚ ਗਏ । ਫੇਰ ਤੋਂ ਗਦਰ ਦੀ ਚਰਚਾ ਛੇੜ ਦਿਤੀ। ਉਥੇ ਹੀ ਫੜੇ ਗਏ। ਜ਼ੰਜ਼ੀਰਾਂ ਨਾਲ ਜਕੜੇ ਗਏ । ਗਦਰੀ ਕਰਤਾਰ ਸਿੰਘ ਸਮੇਤ ਲਾਹੌਰ ਸਟੇਸ਼ਨ ਤੇ ਲਿਆਂਦਾ ਗਿਆ । ਪੁਲਿਸ ਕਪਤਾਨ ਨੂੰ ਆਖਿਆ —‘ਮਿਸਟਰ ਟਾਮਕਿਨ ! ਕੁਝ ਖਾਣ ਨੂੰ ਤਾਂ ਲਿਆ ਦਿਉ।’ ਦੇਖੋ! ਉਨ੍ਹਾਂ ਦੇ ਅੰਦਰ ਕਿੰਨਾ ਮਸਤਪਣਾ ਸੀ। ਗ੍ਰਿਫਤਾਰੀ ਸਮੇਂ ਉਹ ਬੜੇ ਪ੍ਰਸੰਨ ਸਨ। ਅਕਸਰ ਹੀ ਆਖਿਆ ਕਰਦੇ ਸਨ —-‘ਹਿੰਮਤ ਨਾਲ ਮਰਨ  ਤੇ ਮੈਨੂੰ ‘ਬਾਗੀ’ ਦਾ ਖਿਤਾਬ ਦੇਣਾ । ਕੋਈ ਯਾਦ ਕਰੇ ਤਾਂ ‘ਬਾਗੀ’ਕਿਹਾ ਕਰੇ। 

26 ਅਪ੍ਰੈਲ 1915 ਨੂੰ ਮੁਕਦਮਾ ਸ਼ੁਰੂ ਹੋਇਆ ਜਿਸ ਦਾ 5 ਮਹੀਨੇ ਬਾਅਦ 13 ਸਤੰਬਰ ਨੂੰ ਫੈਸਲਾ ਸੁਣਾ ਦਿਤਾ। ਕਰਤਾਰ ਸਿੰਘ ਨੂੰ ਕਿਹਾ ਕਿ ਉਹ ਅਜੇ ਬੱਚਾ ਹੈ ਇਕਬਾਲ ਨਾ ਕਰੇ ਪਰ ਕਰਤਾਰ ਸਿੰਘ ਦਾ ਉੱਤਰ ਸੀ ਕਿ —–

“ਮੈਂ ਦੁਸ਼ਮਣ ਬੇਗਾਨੀ ਹਕੂਮਤ ਨੂੰ ਉਲਟਾਉਣ ਲਈ ਕੀਤੇ ਹੋਏ ਕਾਰਨਾਮੇ ਲੂਕਾ ਕੇ ਆਪਣੀ ਚਮੜੀ ਨਹੀਂ ਬਚਾਉਣਾ ਚਾਹੁੰਦਾ।”

ਫਾਂਸੀ ਵਾਲੇ ਦਿਨ ਜਦੋਂ ਜੇਲ ਦਾ ਅਮਲਾ ਤੇ ਮੈਜਿਸਟਰੇਟ ਫਾਂਸੀ ਵਾਲੇ ਤਖਤੇ ਦੇ ਲਗੇ ਖਲੋਤੇ ਸਨ ਤਾਂ ਜਦੋਂ ਕਰਤਾਰ ਸਿੰਘ ਨੂੰ ਫਾਂਸੀ ਵਾਲੇ ਤਖਤੇ ਤੇ ਖੜਾ ਕੀਤਾ ਗਿਆ ਤਾਂ ਉਸ ਨੇ ਦਰੋਗੇ ਨੂੰ ਜਿਸ ਦਾ ਨਾਮ ਇਜ਼ੱਤ ਬੇਗ ਸੀ ਅਤੇ ਜਾਤ ਦਾ ਮਿਰਾਸੀ ਤੇ ਧੌਣ ਹਮੇਸ਼ਾ ਹੀ ਸੂਰ ਵਾਂਗ ਅਕੜਾ ਕੇ ਰੱਖਦਾ ਸੀ ਨੂੰ ਸੰਬੋਧਨ ਕਰਕੇ ਆਖਿਆ ਕਿ —–

“ਐ ਦਰੋਗਾ ਮਤ ਸਮਝ ਕਿ ਕਰਤਾਰ ਸਿੰਘ ਮਰ ਗਿਆ ਹੈ। ਮੇਰੇ ਇਕ ਇਕ ਖੂਨ ਦੇ ਕਤਰੇ ਤੋਂ ਸੈਂਕੜੇ ਨੌਜੁਆਨ ਪੈਦਾ ਹੋਣਗੇ ਜੋ ਕਿ ਇਸ ਹਕੂਮਤ ਦਾ ਤਖਤਾ ਉਲਟਾ ਦੇਣਗੇ , ਮੈਨੂੰ ਵੀ ਛੇਤੀ ਫਾਂਸੀ ਦਿਉ ਤਾਂ ਕਿ ਫੇਰ ਜੰਮ ਕੇ ਏਸ ਜ਼ਾਲਮ ਹਕੂਮਤ ਦਾ ਤਖਤਾ ਉਲਟਾਵਾਂ।”

ਆਖਿਰ 16 ਨਵੇਂਬਰ 1915 ਨੂੰ ਕਰਤਾਰ ਸਿੰਘ ਨੇ ਅਤੇ ਉਸ ਦੇ ਛੇ ਹੋਰ ਸਾਥੀਆਂ ਨੇ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ਗੱਲਾਂ ਵਿਚ ਪਾਏ ਅਤੇ ਆਪਣੀ ਮਾਤ ਭੂਮੀ ਨੂੰ ਸੰਦੇਸ਼ ਦਿਤਾ,”ਐ ਭਾਰਤ ਮਾਤਾ ,ਅਸੀਂ ਤੇਰੀਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਨਹੀਂ ਤੋੜ ਸਕੇ। ਜੇ ਸਾਡੇ ਵਿਚੋਂ ਇਕ ਵੀ ਸਾਥੀ ਜਿਓੰਦਾ ਰਿਹਾ ਤਾਂ ਆਖਰੀ ਦਮ ਤਕ ਆਪਣੀ ਮਾਤਰ ਭੂਮੀ ਅਤੇ ਜਨਤਾ ਦੀ ਆਜ਼ਾਦੀ ਰੇ ਬਰਾਬਰੀ ਲਈ ਲੜਦਾ ਰਹੇਗਾ। ਹਰ ਤਰਾਂ ਦੀ ਗੁਲਾਮੀ,ਕਿ ਆਰਥਕ ਕਿ ਰਾਜਨੀਤਕ ਅਤੇ ਕਿ ਸਮਾਜਕ, ਨੂੰ ਦੇਸ਼ ਅਤੇ ਮਨੁੱਖੀ ਸਮਾਜ ਤੋਂ ਮਿਟਾਉਣ ਦੀ ਕੋਸ਼ਿਸ਼ ਕਰੇਗਾ।”

ਜਿਸ ਸਮੇਂ ਕਰਤਾਰ ਸਿੰਘ ਫਾਂਸੀ ਲੱਗਿਆ ਸੀ ਉਸ ਵੇਲੇ ਉਸ ਦੀ ਉਮਰ ਕੇਵਲ ਸਾਢੇ ਉਨੀ ਸਾਲ ਦੀ ਸੀ ਅਤੇ ਉਸ ਸਮੇਂ ਦੇਸ਼ ਦੀ ਜਨਤਾ ਬੜੇ ਹੀ ਤਹਿਕ ਦੇ ਸਮੇਂ ਵਿਚੋਂ ਦੀ ਲੰਘ ਰਹੀ ਸੀ ਤੇ ਏਨੀ ਭੈ ਭੀਤ ਹੋਈ ਹੋਈ ਸੀ ਕਿ ਕੋਈ ਸੱਜਣ ਸ਼ਰੇਆਮ ਇਹਨਾਂ ਦੀ ਤਾਰੀਫ ਨਹੀਂ ਸੀ ਕਰ ਸਕਦਾ। ਪਰ ਹੋਲੀ ਹੋਲੀ ਇਨ੍ਹਾਂ ਸ਼ਹੀਦਾਂ ਦੇ ਖੂਨ ਨੇ ਦੇਸ਼ ਭਰ ਅੰਦਰ ਅਜੇਹੀ ਜਾਗ੍ਰਤੀ ਪੈਦਾ ਕਰ ਦਿਤੀ ਕਿ ਸ਼ਹੀਦੀ ਤੋਂ ਬਾਅਦ ਬਹੁਤ ਹੀ ਥੋੜੇ ਚਿਰ ਵਿਚ ਹੀ ਲੋਕਾਂ ਨੂੰ ਇਹ ਗਿਆਨ ਹੋ ਗਿਆ ਕਿ ਬਦੇਸ਼ੀ ਹਕੂਮਤ ਸਾਡੇ ਮੁਲਕ ਉਤੇ ਲਾਹਨਤ ਹੈ ਜਿੰਨੀ ਦੇਰ ਤਕ ਇਹਨੂੰ ਇਥੋਂ ਪੁੱਟ ਕੇ ਬਾਹਰ ਨਹੀਂ ਕੀਤਾ ਜਾਂਦਾ ਲੋਕ ਤੇ ਦੇਸ਼ ਸੁਖੀ ਤੇ ਖੁਸ਼ਹਾਲ ਨਹੀਂ ਹੋ ਸਕਦਾ। ਇਸ ਜਜ਼ਬੇ ਨੇਦੇਸ਼ ਭਰ ਅੰਦਰ ਉਹ ਲਹਿਰਾਂ ਪੈਦਾ ਕੀਤੀਆਂ ਕਿ ਅੰਗਰੇਜ਼ਾਂ ਨੂੰ ਸਦਾ ਮੁਲਕ ਛੱਡ ਕੇ ਜਾਣਾ ਪਿਆ ਤੇ ਦੇਸ਼ ਵਿਚ ਆਪਣੀ ਹਕੂਮਤ ਕਾਇਮ ਹੋ ਗਈ ਅਤੇ ਵੱਡੇ ਵੱਡੇ ਵਜ਼ੀਰ ਤੇ ਆਮ ਜਨਤਾ ਇਹਨਾਂ ਦੀ ਪੂਜਾ ਕਰਨ ਲੱਗ ਪਈ ਤੇ ਇਹਨਾਂ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਯਾਦਗਾਰਾਂ ਬਣਨ ਲਗੀਆਂ।
***
ਅਜੀਤ ਸਿੰਘ ਕੋਟਕਪੂਰਾ
ਮੋਬਾਈਲ +16574644066

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1692
***

dr. adit singh kot kapure
+15853050443 | dr.singhajit@gmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ 
ਕੋਟ ਕਪੂਰਾ 151204 
ਮੋਬਾਈਲ +15853050443
Now at ----
38 Mc coord woods drive
Rochester NY 14450
USA

ਡਾ. ਅਜੀਤ ਸਿੰਘ ਕੋਟਕਪੂਰਾ

ਗਲੀ ਨੰਬਰ 4 (ਖੱਬਾ) ਹੀਰਾ ਸਿੰਘ ਨਗਰ  ਕੋਟ ਕਪੂਰਾ 151204  ਮੋਬਾਈਲ +15853050443 Now at ---- 38 Mc coord woods drive Rochester NY 14450 USA

View all posts by ਡਾ. ਅਜੀਤ ਸਿੰਘ ਕੋਟਕਪੂਰਾ →