27 April 2024
ਸੁਰਿੰਦਰ ਗਿਤ

ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ: ‘ਸ਼ਹੀਦ ਦਾ ਬੁੱਤ’ ਅਤੇ ‘ਸੋਚ’/’ਦੁਆ ਕਰਾਂ ਮੈਂ’ ਅਤੇ ‘ਹੋਂਦ’—ਸੁਰਿੰਦਰ ਗੀਤ

 

 

 

ਸ਼ਹੀਦ ਦਾ ਬੁੱਤ
(ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ)

ਸ਼ਹਿਰ ਦੇ ਚੌਂਕ ’ਚ ਖੜ੍ਹੇ
ਤੇ ਪੱਥਰ ਦੇ ਬਣੇ
ਤੇਰੇ ਬੁੱਤ ਤੋਂ
ਕਿਸੇ ਸਰਕਾਰੀ ਕਰਮਚਾਰੀ ਨੇ
ਸਰਕਾਰੀ ਹੁਕਮ ਅਧੀਨ
ਅਜੇ ਕਲ੍ਹ ਹੀ
ਗਿੱਠ ਗਿੱਠ ਜੰਮੀ ਮਿੱਟੀ ਝਾੜੀ ਹੈ
ਨਵਾਂ ਰੰਗ ਰੋਗਨ ਕਰਕੇ
ਦੁੱਧ ਨਾਲ ਨੁਹਾ ਕੇ
ਤੇਰੇ ਬੁੱਤ ਦੀ
ਕਾਇਆ ਕਲਪ ਸੰਵਾਰੀ ਹੈ
ਤੇ ਤੇਰੇ ਆਜ਼ਾਦ ਦੇਸ਼ ਦੇ ਮੰਤਰੀ ਨੇ
ਸਰਕਾਰੀ ਬੰਦੂਕਾਂ ਦੀ ਛਾਂ ਹੇਠ
ਹਿਕ ਵਿਹੂਣੇ
ਬੇਹੇ ਫੁੱਲਾਂ ਦਾ ਹਾਰ
ਤੇਰੇ ਬੁੱਤ ਦੇ
ਗਲ ਵਿੱਚ ਪਾਇਆ ਹੈ
ਤੇ ਆਪਣੀ ਹੋਂਦ ਦੇ ਸਿਰ ਤੇ
ਦੇਸ਼-ਪ੍ਰੇਮ ਦਾ ਤਾਜ ਸਜਾਇਆ ਹੈ।

ਐ ਸ਼ਹੀਦ
ਮੇਰਾ ਵੀ
ਚਿੱਤ ਕਰ ਆਇਆ ਕਿ
ਤੇਰੇ ਬੁੱਤ ਦੇ ਗਲ ’ਚ
ਫੁੱਲਾਂ ਦਾ ਹਾਰ ਪਾਵਾਂ
ਦੋ ਚਾਰ ਨਾਹਰੇ ਲਾ ਕੇ
ਦੇਸ਼ ਭਗਤ ਹੋਣ ਦਾ
ਪ੍ਰਮਾਣ-ਪੱਤਰ ਕਟਵਾ ਲਿਆਵਾਂ

ਪਰ !
ਜਦੋਂ ਮੈਂ ਫੁੱਲਾਂ ਦਾ ਹਾਰ ਲੈ ਕੇ
ਤੇਰੇ ਬੁੱਤ ਦੇ ਸਨਮੁੱਖ ਹੋਈ
ਮੇਰਾ ਹੱਥ ਕੰਬਿਆ
ਮੇਰੇ ਹੱਥਾਂ ‘ਚ ਫੜਿਆ
ਫੁੱਲਾਂ ਦਾ ਹਾਰ
ਥੱਲੇ ਡਿਗਿਆ
ਤੇ ਹਰ ਫੁੱਲ
ਪੱਤੀ ਪੱਤੀ ਹੋ
ਮਿੱਟੀ ਵਿੱਚ ਰਲਿਆ
ਮੇਰਾ ਆਪਾ
ਆਪਣੀ ਰੂਹ ਦੇ
ਪ੍ਰਛਾਵੇਂ ਤੋਂ ਡਰਿਆ
ਤੇ
ਆਪਣੀ ਕਵਿਤਾ ਦੇ
ਗਲ ਲੱਗ ਕੇ
ਉੱਚੀ ਉੱਚੀ ਰੋਇਆ ।
ਤੇ ਫਿਰ
ਇਕ ਮੌਂਤ ਵਰਗੇ ਅਹਿਸਾਸ ਨੇ
ਮੇਰੇ ਸ਼ਬਦਾਂ ਨੂੰ ਆ ਡੰਗਿਆ
ਆਪਣੀਆਂ ਨਜ਼ਰਾਂ ਚੋਂ ਕਿਰਿਆ
ਮੇਰਾ ਆਪਾ
ਆਪਣੀ ਹੀ ਮਿੱਟੀ ਤੋਂ ਡਰਿਆ।

ਐ ਸ਼ਹੀਦ
ਤੇਰੇ ਬੁੱਤ ਦੇ
ਸਾਹਮਣੇ ਖੜ੍ਹ ਕੇ
ਆਪਣੇ ਆਪ ਵਿੱਚ
ਗੁਨਾਹਗਾਰ ਬਣਕੇ
ਮੈਂ ਆਸੇ ਪਾਸੇ ਤੱਕਿਆ
ਓਥੇ  ਸਨ
ਸਜੀਆਂ ਸੰਵਾਰੀਆਂ ਸਿੰਗਾਰੀਆਂ ਕੁਰਸੀਆਂ
ਤੇ ਕੁਰਸੀਆਂ ਤੇ ਬੈਠੀਆਂ
ਲੋਕਾਂ ਦਾ ਮਾਸ ਚੂੰਢਦੀਆਂ
ਰਾਜਨੀਤਕ ਗਿਰਝਾਂ।

ਮੈਂ ਦੇਖੀਆਂ
ਤੇਰੀ ਸਹਾਦਤ ਦਾ
ਮੁੱਲ ਵਟੋਰਦੀਆਂ
ਇਤਿਹਾਸ ਦੇ ਪੰਨਿਆਂ ਨੂੰ
ਆਪਣੇ ਹੱਕ ਵਿੱਚ
ਭੁਗਤਾਉਂਦੀਆਂ
ਲੋਕਾਂ ਨੂੰ ਵੋਟਾਂ ਵਿੱਚ
ਤਬਦੀਲ ਕਰਦੀਆਂ
ਆਪੋ ਆਪਣੀਆ
ਕੁਰਸੀਆਂ ਬਚਾਉਂਦੀਆਂ
ਦੇਸ਼ ਸੇਵਾ ਦਾ ਠੱਪਾ
ਆਪਣੇ ਮੱਥਿਆਂ ਤੇ
ਉਕਰਾ ਕੇ ਬੈਠੀਆਂ
ਵਡੀਆਂ ਵਡੀਆਂ
ਰਾਜਨੀਤਕ ਹਸਤੀਆਂ ।

ਓਥੇ ਤਾਂ ਸਨ
ਧਰਮਾਂ ਦੇ ਨਾਂ ਹੇਠ
ਪਲਦੀਆਂ ਖੁਦਗਰਜ਼ੀਆਂ
ਮਨਾਂ ’ਚ ਭੰਗੜੇ ਪਾਉਂਦੀਆਂ
ਮਨ-ਮਾਨੀਆਂ
ਦੇਸ਼ ਵੇਚ
ਆਪਣੀਆਂ ਜੇਬਾਂ ਭਰਦੀਆਂ
ਤੇਰੀ ਸ਼ਹਾਦਤ ਦੀਆਂ
ਪੈੜਾਂ ਤੋਂ ਡਰਦੀਆਂ
ਪਰ ਤੇਰੀ ਸ਼ਹਾਦਤ ਦੀਆਂ
ਵਾਰਿਸ ਅਖਵਾਉਂਦੀਆਂ
ਰਾਜਨੀਤਕ ਚੁਸਤੀਆਂ ।

ਓਥੇ ਸਨ
ਡੰਗ ਦੀ ਰੋਟੀ ਤੇ ਖਰੀਦੀਆਂ
ਕੁਰਸੀਆਂ ਜ਼ਿੰਦਾਬਾਦ
ਤੇ ਸ਼ਹੀਦ ਅਮਰ ਰਹੇ ਦੇ
ਨਾਹਰੇ ਲਾਉਂਦੀਆਂ ਭੀੜਾਂ
ਤੇ ਉਹਨਾਂ ਦੀਆਂ ਹਿੱਕਾਂ ਵਿੱਚ
ਦਮ ਤੋੜਦੀਆਂ
ਭੁੱਖ ਦੀਆਂ ਪੀੜਾਂ ।

ਐ ਸ਼ਹੀਦ !
ਓਥੇ ਸਭ ਕੁਝ ਸੀ
ਪਰ ਉਹ
ਮਕਸਦ ਨਹੀਂ ਸੀ
ਜਿਸ ਖਾਤਿਰ ਤੂੰ
ਫਾਂਸੀ ਚੜ੍ਹਿਆ
ਓਥੇ ਉਹ ਆਜ਼ਾਦੀ ਨਹੀਂ ਸੀ
ਜਿਸ ਖਾਤਿਰ
ਤੂੰ
ਫਾਂਸੀ ਚੜ੍ਹਿਆ।
**

ਸੋਚ
(ਸ਼ਹੀਦ ਭਗਤ ਸਿੰਘ ਨੂੰ ਸਮਰਪਿਤ)ਪੌਣ ਕਦੇ ਰੁਕਦੀ ਨਹੀਂ
ਵਗਦੀ ਹੀ ਰਹਿੰਦੀ ਹੈ
ਪਰ ਓਦਣ
ਪਲ ਦੋ ਪਲ ਰੁਕ ਗਈ ਸੀ
ਸਤਲੁਜ ਦੇ ਕੰਢੇ
ਜਦੋਂ ਸਤਲੁਜ ਦੇ ਕਿਨਾਰੇ ਨੇ
ਉਸ ਦੀ ਸ਼ਹਾਦਤ ਦੀ
ਸਭ ਤੋਂ ਪਹਿਲਾਂ ਗਵਾਹੀ ਭਰੀ ਸੀ
ਅਤੇ ਉਸ ਦੇ ਲਹੂ ਦੀ ਲਾਲੀ
ਸਤਲੁਜ ਦੇ ਪਾਣੀਆਂ ਵਿੱਚ ਰਲੀ ਸੀ
ਤੇ ਫਿਰ ਉਹ ਪੌਣ
ਕਵਿਤਾ ਬਣ ਗਈ ਸੀ।ਕਵਿਤਾ!
ਉਸ ਦੀ ਸੋਚ ਦੀ ਕਵਿਤਾ
ਜਿਸ ਸੋਚ ਦਾ ਉਹ ਸ਼ਿੰਗਾਰ ਸੀ
ਜਿਸ ਸੋਚ ਦਾ ਉਹ ਪਹਿਰੇਦਾਰ ਸੀ
ਸੋਚ!
ਹਾਂ ਸੋਚ
ਆਜ਼ਾਦ ਹਵਾ ਵਿੱਚ
ਸਾਹ ਲੈਣ ਦੀ ਸੋਚ
ਸਮਾਜਿਕ ਬਰਾਬਰੀ
ਅਤੇ ਭਾਈਚਾਰੇ ਦੀ ਸੋਚ
ਮਿਹਨਤ ਅਤੇ ਵੰਡ ਛਕਣ ਦੀ ਸੋਚ
ਸਾਮਰਾਜ ਦੇ ਮੂੰਹ ਨੂੰ ਲੱਗੇ
ਗੁਲਾਮ ਲੋਕਾਂ ਦੇ ਲਹੂ ਦੇ ਬਾਟੇ ਨੂੰ
ਲਾਹੁਣ ਦੀ ਸੋਚ
ਮਨੁੱਖ ਹੱਥੋਂ
ਲੁਟੀਂਦੇ ਮਨੁੱਖ ਨੂੰ ਬਚਾਉਣ ਦੀ ਸੋਚ
ਇਨਕਲਾਬ ਲਿਆਉਣ ਦੀ ਸੋਚ
ਪਰ ਇਹ ਸੂਰਜੀ ਸੋਚ
ਕਿਵੇਂ ਹਜ਼ਮ ਹੋ ਸਕਦੀ ਹੈ
ਹਨੇਰੇ ਨੂੰ
ਹਨੇਰੀ ਰਾਜਨੀਤੀ ਨੂੰ
ਜਿਸ ਨੇ ਉਸ ਦੀ ਸੋਚ ‘ਤੇ ਵਾਰ ਕੀਤਾ
ਉਸ ਨੂੰ ‘ਸਿਰ-ਫਿਰਿਆ’ ਕਹਿ ਕੇ
‘ਅੱਤਵਾਦੀ’ ਕਹਿ ਕੇ
ਤੇ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ
ਤੇ ਅੱਜ ਓਹੀ ਰਾਜਨੀਤੀ ਖੇਡ ਰਹੀ ਹੈ
ਵੱਖਰੀ ਕਿਸਮ ਦੀ ਖੇਡ
ਹਿੰਦੂ ਦਾਅਵਾ ਕਰਦੇ ਨੇ
ਉਹ ਹਿੰਦੂ ਹੈ
ਸਿੱਖ ਦਾਅਵਾ ਕਰਦੇ ਨੇ
ਉਹ ਸਿੱਖ ਹੈ
ਕੋਈ ਉਸ ਦੇ ਪੱਥਰ ਦੇ ਬੁੱਤ ਤੇ
ਟੋਪੀ ਪਾਉਂਦਾ ਹੈ
ਕੋਈ ਦਸਤਾਰ ਸਜਾਉਂਦਾ ਹੈ
ਹੱਥ ’ਚ ਪਿਸਤੌਲ ਫੜਾਉਂਦਾ ਹੈ
ਇਹ ਕਤਲ ਹੈ
ਉਸਦੀ ਸੋਚ ਦਾ
ਕਤਲ ਹੈ ਉਸ ਦੇ ਫ਼ਲਸਫ਼ੇ ਦਾ
ਉਸ ਦੇ ਕੇਵਲ ਤੇ ਕੇਵਲ
ਇਨਸਾਨ ਹੋਣ ਦੇ ਦਾਅਵੇ ਦਾ
ਵਗਦੀ ਉਸ ਪੌਣ ਦਾ
ਜੋ ਬਸੰਤੀ ਚੋਲਾ ਪਾ ਕੇ ਗਾਉਂਦੀ ਹੈ
ਕਤਲ ਹੈ ਉਸ ਦੀ ਕਵਿਤਾ ਦਾ
ਪਰ
ਕਵਿਤਾ ਕਦੇ ਮਰਦੀ ਨਹੀਂ
ਉਹ ਕੱਲ੍ਹ ਵੀ ਜਿਉਂਦੀ ਸੀ
ਅੱਜ ਵੀ ਜਿਉਂਦੀ ਹੈ
ਅਤੇ ਕੱਲ੍ਹ ਨੂੰ ਵੀ ਜਿਊਂਦੀ ਰਹੇਗੀ।
**
ਦੁਆ ਕਰਾਂ ਮੈਂ

ਦੁਆ ਕਰਾਂ ਮੈਂ ਕਿ ਸਾਡੇ ਵਿਹੜੇ
ਹਮੇਸ਼ ਖਿੜਦਾ ਗੁਲਾਬ ਹੋਵੇ ।
ਜੋ ਮਹਿਕ ਪੁੱਛਦੀ ਸਵਾਲ ਸਾਨੂੰ,
ਹਰੇਕ ਦਾ ਹੀ ਜਵਾਬ ਹੋਵੇ ।

ਤੂੰ ਨੀਰ ਬਣਕੇ ਅੱਗ ਦੇ ਨੈਣੀਂ
ਸਮਾ ਸਕੇਂ ਤਾਂ ਸਮਾ ਹੀ ਜਾਵੀਂ,
ਨਾ ਕੋਈ ਭਾਂਬੜ ਮੈਂ ਬਲਦਾ ਦੇਖਾਂ
ਨਾ ਅੱਗ ਨੂੰ ਮਿਲਦਾ ਖਿਤਾਬ ਹੋਵੇ ।

ਇਹ ਕਿਸ ਤਰ੍ਹਾਂ ਦੀ ਹੈ ਰਾਜਨੀਤੀ
ਜੋ ਅੱਗ ਖਾਂਦੀ ਜੋ ਅੱਗ ਪੀਂਦੀ,
ਕਿੰਨਾ ਕੁ ਇਸਦੇ ਹੈ ਸਿਰ ਤੇ ਕਰਜ਼ਾ
ਕਦੀ ਤੇ ਕੋਈ ਹਿਸਾਬ ਹੋਵੇ ।

ਤੂੰ ਬਾਲ ਦੀਵੇ ਨਾ ਡਰ ਹਵਾ ਤੋਂ
ਇਹ ਵਾਵਰੋਲੇ ਤਾਂ ਉੱਠਦੇ ਰਹਿਣੇ,
ਜੋ ਜੂਝ ਮਰਦਾ ਸ਼ਹੀਦ ਹੁੰਦਾ
ਉਹ ਜ਼ਿੰਦਗੀ ਦੀ ਕਿਤਾਬ ਹੋਵੇ ।

ਮੈਂ ਜ਼ਿੰਦਗੀ ਦਾ ਉਹ ਗੀਤ ਪੂਜਾਂ
ਜੋ ਸੱਚ ਹੋਵੇ ਜੋ ਰੱਬ ਹੋਵੇ,
ਲਹੂ ’ਚ ਧੋਤੀ ਉਹ ਤੇਗ ਹੋਵੇ
ਜਾਂ ਸੱਚ ਗਾਉਂਦੀ ਰਬਾਬ ਹੋਵੇ ।

ਹੋਂਦ

ਮੈਂ ਕੋਮਲ ਹਾਂ
ਮੈਂ ਨਾਜ਼ੁਕ ਹਾਂ
ਮੈਂ ਔਰਤ ਹਾਂ
ਇਹ ਠੀਕ ਹੈ
ਮੇਰੀਆਂ ਬਾਹਾਂ ਵਿੱਚ
ਕੁਦਰਤ ਵਲੋਂ ਬਖ਼ਸ਼ਿਆ
ਤੇਰੀਆਂ ਬਾਹਾਂ ਜਿੰਨਾ ਜ਼ੋਰ ਨਹੀਂ
ਪਰ ਮੈਂ ਤੇਰੇ ਤੋਂ
ਕਮਜ਼ੋਰ ਨਹੀਂ

ਜੇ ਤੂੰ
ਮੇਰੇ ਲਈ
ਰਾਂਝਾ ਬਣ
ਤਖ਼ਤ ਹਜਾਰਾ ਛੱਡ
ਆਪਣੇ ਕੰਨ ਪੜਵਾਕੇ
ਆਪਣਾ ਰੂਪ ਗਵਾਇਆ ਹੈ
ਤਾਂ ਮੈਂ ਹੀਰ ਬਣ
ਆਪਣਾ ਸਿਦਕ ਨਿਭਾਇਆ ਹੈ

ਮਾਰੂਥਲ ਦੀ ਪਿਆਸ
ਪੈਰਾਂ ਦੇ ਛਾਲਿਆ ਚੋਂ ਨਿਕਲੇ
ਪਾਣੀ ਦਾ ਸੁਆਦ
ਮੈਂ ਜਾਣਦੀ ਹਾਂ
ਇਸ ਸੁਆਦ ਦਾ ਦਰਦ
ਮੈਂਨੂੰ ਸੱਸੀ ਬਣਾਉਂਦਾ ਹੈ
ਦੁਨੀਆਂ ਨੂੰ ਪਿਆਰ ਦੇ
ਅਰਥ ਸਮਝਾਉਂਦਾ ਹੈ

ਜੇ ਤੁੰ ਮਹੀਂਵਾਲ ਬਣ
ਮੈਂਨੂੰ ਆਪਣੇ ਪੱਟ ਦਾ
ਮਾਸ ਖਵਾਇਆ ਹੈ
ਤਾਂ ਮੈਂ ਸੋਹਣੀ ਬਣ
ਤੇਰੇ ਦੀਦਾਰ ਖ਼ਾਤਿਰ
ਝਨਾਂ ’ਚ ਠਿਲ੍ਹਣ ਲਈ
ਪਲ ਨਹੀਂ ਲਾਇਆ
ਕੱਚਾ ਪੱਕਾ ਨਹੀਂ ਠਣਕਾਇਆ
ਤੇ ਹਾਂ
ਇਤਿਹਾਸ ਗਵਾਹ ਹੈ
ਜਿੱਥੇ ਕਿਤੇ ਵੀ ਤੇਰਾ
ਸਿਦਕ ਡੋਲਿਆ ਹੈ
ਮੈਂ ਮਾਈ ਭਾਗੋ ਬਣ
ਤੇਰੀ ਰੂਹ ’ਚ
ਤੇਰੇ ਧਰਮ ਦਾ
ਤੇਰੇ ਫਰਜ਼ ਦਾ
ਤੇਜ਼ ਤੱਪ ਫੂਕਿਆ ਹੈ

ਗੱਲ ਇਹ ਨਹੀਂ
ਕਿ ਕੌਣ ਕਮਜ਼ੋਰ ਹੈ
ਕੀਹਦੇ ਵਿੱਚ ਜ਼ੋਰ ਹੈ
ਗੱਲ ਇਹ ਹੈ ਕਿ
ਜਿਹੜੀ ਸ਼ੈਅ ਨੂੰ ਜ਼ਿੰਦਗੀ ਆਖਦੇ ਨੇ
ਉਸਦੇ ਹੱਕਦਾਰ ਹੋਣ ਲਈ
ਮੈਨੂੰ ਤੇਰੀ
ਅਤੇ
ਤੈਨੂੰ ਮੇਰੀ ਲੋੜ ਹੈ
ਤੇਰੀ ਹੋਂਦ ਚੋਂ
ਮੈਂਨੂੰ ਮਨਫ਼ੀ ਕਰ
ਤੇਰੀ ਹੋਂਦ ਨੂੰ
ਵਧਾਇਆ ਨਹੀਂ ਜਾ ਸਕਦਾ
ਅਤੇ ਮੇਰੀ ਹੋਂਦ ਖਾਤਿਰ
ਤੈਨੂੰ ਮੇਰੀ ਹੋਂਦ ਚੋਂ
ਘਟਾਇਆ ਨਹੀਂ ਨਹੀਂ ਜਾ ਸਕਦਾ।
**
ਸੁਰਿਦਰ ਗੀਤ
403-605-3734
***
698

About the author

surrender_geet
ਸੁਰਿੰਦਰ ਗੀਤ
+403-605-3734 | sgeetgill@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ