7 December 2024

ਮਰਦਾਨਿਆ ਰਬਾਬ ਵਜਾਇ—ਡਾਕਟਰ ਅਜੀਤ ਸਿੰਘ ਕੋਟ ਕਪੂਰਾ

ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਢ ਕਦੀਮ ਦਾ ਸਾਥੀ ਤੇ ਗੁਰੂ ਜੀ ਦੇ ਪਹਿਲੇ ਸਿਖਾਂ ਵਿਚ ਹੋਣ ਕਰਕੇ ਸਿਖ ਪੰਥ ਵਿਚ ਜੋ ਦਰਜਾ ਭਾਈ ਮਰਦਾਨੇ ਦਾ ਹੈ ਉਹ ਹੋਰ ਕਿਸੇ ਹਜ਼ੂਰੀ ਸਿੱਖ ਦਾ ਨਹੀਂ ਮੰਨਿਆ ਜਾ ਸਕਦਾ| ਸਿੱਖ ਸਾਹਿਤ ਤੇ ਇਤਿਹਾਸ ਵਿਚ ਭਾਈ ਮਰਦਾਨੇ ਨੂੰ ਬੜੀ ਭਾਰੀ ਅਹਿਮੀਅਤ ਪ੍ਰਾਪਤ ਹੈ| ਉਹ ਜਾਤ ਦਾ ਮਰਾਸੀ ਅਤੇ ਅਵਲ ਦਰਜੇ ਦਾ ਗਵਈਆ ਅਥਵਾ ਸੰਗੀਤਕਾਰ ਸੀ| ਜਨਮ ਸਾਖੀ ਗੁਰੂ ਨਾਨਕ (ਭਾਈ ਪੈੜਾ ਮੋਖਾ) ਤੋਂ ਪਤਾ ਲਗਦਾ ਹੈ ਕਿ ਭਾਈ ਮਰਦਾਨਾ ਬੇਦੀਆਂ ਦਾ ਮਿਰਾਸੀ ਤੇ ਪਿੰਡ ਤਲਵੰਡੀ ਰਾਏ ਭੋਇ ਭੱਟੀ ਕੀ (ਹੁਣ ਪ੍ਰਸਿੱਧ ਨਗਰ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੈਖੂਪੁਰਾ ਪਾਕਿਸਤਾਨ) ਦਾ ਵਸਨੀਕ ਸੀ | ਗੁਰੂ ਨਾਨਕ ਦੇ ਪਿਤਾ ਮਹਿਤਾ ਕਾਲੂ ਜੀ ਦਾ ਖਾਨਦਾਨੀ ਮਿਰਾਸੀ ਹੋਣ ਕਰਕੇ ਹੀ, ਉਹ ਗੁਰੂ ਨਾਨਕ ਦੀ ਖ਼ਬਰ ਸਾਰ ਪੁੱਛਣ ਵਾਸਤੇ ਪਹਿਲੀ ਵਾਰ ਤਲਵੰਡੀ ਤੋਂ ਸੁਲਤਾਨ ਪੁਰ ਲੋਧੀ ਗਿਆ ਤੇ ਫੇਰ ਉਥੇ ਹੀ ਗੁਰੂ ਜੀ ਦੇ ਕੋਲ ਰਹਿ ਗਿਆ ਸੀ | ਉਹ ਗੁਰੂ ਨਾਨਕ ਸਾਹਿਬ ਦਾ ਰਬਾਬੀ ਕਾਵ ਤੇ ਸੰਗੀਤ ਦਾ ਪੂਰਾ ਮਾਹਿਰ ਤੇ ਦੇਸ਼-ਵਿਦੇਸ਼ ਦੀਆਂ ਚਾਰੇ ਉਦਾਸੀਆਂ ਵਿਚ ਹਮੇਸ਼ਾ ਗੁਰੂ ਜੀ ਦੇ ਅੰਗ ਸੰਗ ਰਹਿਣ ਵਾਲਾ ਜੀਉੜਾ ਸੀ|

ਭਾਈ ਮਰਦਾਨਾ ਉਮਰ ਵਿਚ ਗੁਰੂ ਨਾਨਕ ਤੋਂ ਦੱਸ ਵਰ੍ਹੇ ਵੱਡਾ ਸੀ | ਉਸ ਦੇ ਪਿਤਾ ਦਾ ਨਾਂ ਸੀ ਬਦਰਾ ਤੇ ਮਾਤਾ ਦਾ ਨਾਂ ਲਖੋ| ਆਖਿਆ ਜਾਂਦਾ ਹੈ ਕਿ ਪਹਿਲਾਂ ਮਾਈ ਲਖੋ ਦੇ ਛੇ ਬੱਚੇ ਪੈਦਾ ਹੋ ਕੇ ਮਰ ਚੁੱਕੇ ਸਨ ਇਸ ਲਈ ਉਸ ਨੇ ਇਸ ਸੱਤਵੇਂ ਬੱਚੇ ਦਾ ਨਾਂ ‘ਮਰਜਾਣਾ’ ਰੱਖਿਆ ਸੀ| ਪਰ ਜਦ ਗੁਰੂ ਨਾਨਕ ਜੀ ਨੇ ਉਸ ਨੂੰ ਸੁਭਾਵਿਕ ਹੀ ‘ਮਰਦਾਨਾ’ ਕਹਿ ਕੇ ਸੱਦਿਆ ਤਾਂ ਉਹ ਅਮਰ ਪਦਵੀ ‘ਮਰਦਾ ਨਾ’ ਮਿਲਣ ਕਰ ਕੇ ਮਰਦਾਨਾ ਹੀ ਬਣ ਗਿਆ|
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਨੁਸਾਰ ਭਾਈ ਮੰਗਲ ਸਿੰਘ ਉਪਦੇਸ਼ਕ ਦੀ ਇਹ ਲਿਖਤ ਸੰਨ 1916 ਵਿਚ ਪ੍ਰਕਾਸ਼ਿਤ ਹੋਈ ਮੰਗਲ ਸਿੰਘ ਉਪਦੇਸ਼ਕ ਨੇ ਇਸ ਪੁਸਤਕ ਦੀ ਅਧਾਰ ਸਮੱਗਰੀ ਦੇ ਸਰੋਤ ਦਾ ਕੋਈ ਸੰਕੇਤ ਨਹੀਂ ਦਿਤਾ| ਡਾਕਟਰ ਰਜਿੰਦਰ ਕੌਰ ਇਸ ਦੀ ਰੂਪਾਂਤਰਕਾਰ ਹੈ ਉਸ ਨੇ ਮਰਦਾਨੇ ਦੇ ਮੁਖੋਂ ਬਾਬਾ  ਬੁੱਢਾ ਜੀ ਨਾਲ ਵਾਰਤਾਲਾਪ ਕਰਦਿਆਂ ਇਸ ਤਰਾਂ ਦਰਜ ਕਰਵਾਇਆ ਹੈ ——

“ਰਾਏ ਭੋਏ ਕੀ ਭੱਟੀ,ਰਾਜਪੂਤ ਨੇ 1486 ਬਿਕ੍ਰਮੀ ਅਥਵਾ ਸੰਨ 1429 ਈਸਵੀ ਵਿਚ ਜਦੋਂ ਆਪਣੇ ਨਾਮ ਤੇ ਰਾਏ ਭੋਇ ਕੀ ਤਲਵੰਡੀ ਵਸਾਈ ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਵੱਡੇ ਜਠੇਰੇ ਪਿੰਡ ਗੋਡੇ ਤੋਂ ਆਣ ਕੇ ਇੱਥੇ ਵਸੇ ਸਨ| ਭਾਈ ਮਰਦਾਨੇ ਨੇ ਕਿਹਾ ਕਿ ਉਸੀ ਸਮੇਂ ਮੇਰੇ ਜਜਮਾਨ ਪਿੰਡ ਲਖਣਕੇ ਤੋਂ ਸੰਧੂ ਜ਼ਿਮੀਂਦਾਰ ਜਿਨ੍ਹਾਂ ਵਿਚੋਂ ਭਾਈ ਬਾਲਾ ਜੀ ਹਨ -ਇਥੇ ਆ ਕੇ ਵਸੇ| ਓਹਨਾ ਦੇ ਨਾਲ ਮੇਰੇ ਵੱਡੇ ਰਜਾਨੀ ਜੀ ਚੌਬੜ ਜਾਤ ਦੇ ਮਰਾਸੀ ਵੀ ਇਥੇ ਇਸ ਜਗਹ ਆ ਗਏ | ਉਸ ਦੀ ਵੰਸ਼ ਤੋਂ ਭਾਦੜਾ ਤੇ  ਭਾਦੜਾ ਤੋਂ ਮੇਰਾ ਪਿਤਾ –ਬਾਦਰਾ (ਬਾਦੀਆ ) ਪੈਦਾ ਹੋਇਆ| ਉਸ ਦੇ ਘਰ ਲਖੋ ਦੀ ਕੁਖੋਂ ਮੇਰਾ ਜਨਮ 1516 ਬਿਕ੍ਰਮੀ ਸੰਨ 1459 ਨੂੰ ਹੋਇਆ|

ਇਕ ਦਿਨ ਮੇਰਾ ਪਿਤਾ ਕਿਤੇ ਬਾਹਰ ਗਿਆ ਹੋਇਆ ਸੀ| ਦਾਣਿਆ ਦੀ ਤੰਗੀ ਵੇਖ ਕੇ ਮੇਰੀ ਮਾਂ ਨੇ ਮੈਨੂੰ ਆਖਿਆ,“ਕਿਸੇ ਕੋਠਾ ਕਿਸੇ ਪੱਲਾ, ਮੈਨੂੰ ਆਸ ਤੇਰੀ ਅਲਾ”

ਉਸ ਵਕ਼ਤ ਗੁਰੂ ਜੀ ਬਾਲਕਾਂ ਨਾਲ਼ ਖੇਡ ਕੇ ਘਰ ਵਾਪਸ ਜਾ ਰਹੇ ਸਨ | ਇਹ ਗੱਲ ਸੁਣ ਕੇ ਬਾਲਕ ਗੁਰੂ ਜੀ ਨੇ ਰਸ ਭਿੰਨੀ ਜ਼ੁਬਾਨ ਵਿਚ ਬਚਨ ਕੀਤੇ —
“ਅਸੀਂ ਵੀ ਅਲਾ ਦਾ ਆਸਰਾ ਰੱਖਦੇ ਹਾਂ ਤੇ ਤੁਹਾਡਾ ਆਸਰਾ ਵੀ ਅਲਾ ਦਾ ਹੈ, ਸਾਨੂੰ ਅਲਾ ਵਾਲਿਆਂ ਦੀ ਅਤੀ ਲੋੜ ਹੈ, ਆਪਣਾ ਪੁੱਤ ਸਾਨੂੰ ਦੇ ਛੱਡ “
ਮੇਰੀ ਮਾਂ ਆਖਣ ਲੱਗੀ, “ਤੁਸੀਂ ਮੇਰੇ ਜਜਮਾਨ ਹੋ ਮੇਰਾ ਪੁੱਤਰ ਤਾਂ ਰਾਗ ਪ੍ਰੇਮੀ ਹੈ, ਇਸ ਗਵਈਏ ਤੋਂ ਤੁਹਾਡਾ ਕੀ ਕੰਮ ਸੰਵਰੇਗਾ ? ਸਾਡਾ ਤਾਂ ਇਹ ਕੁਝ ਨਹੀਂ ਸੰਵਾਰਦਾ |”

ਗੁਰੂ ਜੀ ਬੋਲੇ, “ਗਵਈਆ ਨਿਕੰਮਾ ਨਹੀਂ ਹੁੰਦਾ, ਗਵਈਆ ਤੇ ਕਵੀ ਦੋਵੇਂ ਮਰਦ, ਮਰਦਾਨਾ ਹੁੰਦੇ ਹਨ , ਸਾਨੂੰ ਇਸ ਦੇ ਰਾਗ ਦੀ ਲੋੜ ਹੈ”
ਉਸੇ ਦਿਨ ਤੋਂ ਮੇਰੇ ਉਪਰ ਗੁਰੂ ਦੀ ਕਿਰਪਾ ਹੋ ਗਈ ——–
ਮੈਨੂੰ ਉਹਨਾਂ ਨੇ ਮਰਦਾਨਾ ਨਾਮ ਬਖਸ਼ਿਆ|

ਬਚਪਨ ਤੋਂ ਭਾਈ ਮਰਦਾਨੇ ਦੀ ਸਭ ਤੋਂ ਵਡੀ ਸਿਫਤ ਇਹੋ ਸੀ ਕਿ ਉਸ ਦਾ ਬੱਚਿਆਂ ਵਰਗਾ ਸਾਫ ,ਸ਼ੁੱਧ ਅਤੇ ਮਿਲਾਪੜਾ ਸੁਭਾਅ ,ਸੰਜੀਦਾ ਵਰਤਾਅ, ਵਿਦਿਆ ਤੇ ਸੰਗੀਤ ਨਾਲ ਦਿਲੀ ਲਗਾਅ ਅਤੇ ਇਨਸਾਨੀਅਤ ਵਲ ਪੂਰੀ ਤਰਾਂ ਝੁਕਾਅ ਸੀ ਜੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਸੰਦ ਆਏ|
ਨੀਤੀਵਾਨਾ ਦਾ ਇਕ ਕਥਨ ਵੀ ਹੈ ——-
ਪੁਰਖ ਰੂਪ-ਧਾਰੀ ਮਿਲਣ ,ਨਟਖਟ ਲੋਕ ਅਨੇਕ ||
ਅਸਲੀ ਮਨੁੱਖ ਥੋੜੜੇ,ਮਨ,ਵਿਚ ਕਰਮੋ ਨੇਕ ||
(ਆਦਮੀ ਦੀ ਪਰਖ )

ਇਸੇ ਕਰਕੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਜੋ ਇਨਸਾਨੀਅਤ ਦੇ ਸਚੇ ਪਾਰਖੂ ਤੇ ਤਤਕਾਲੀਨ ਜਨ-ਸਮਾਜ ਦੇ ਸਹੀ ਰਹਿਬਰ ਸਨ, ਕਦੇ ਇਕ ਖਿਨ-ਪਲ ਵੀ ਮਰਦਾਨੇ ਨੂੰ ਆਪਣੇ ਨਾਲੋਂ ਵੱਖ ਕਰਨਾ ਪਸੰਦ ਨਾ ਕੀਤਾ|

ਭਾਈ ਮਨੀ ਸਿੰਘ ਨੇ ਭਾਈ ਮਰਦਾਨਾ ਦਾ ਗੁਰੂ ਪਾਤਸ਼ਾਹ ਨਾਲ ਪਹਿਲਾਂ ਮੇਲ ਲਗਭਗ 1480 ਈਸਵੀ ਵਿਚ ਹੋਇਆ ਦੱਸਿਆ ਹੈ | ਉਸ ਸਮੇਂ ਬਾਬਾ ਨਾਨਕ ਜੀ ਦੀ ਉਮਰ ਕੋਈ 11 ਕੁ ਸਾਲ ਦੀ ਸੀ ਤੇ ਮਰਦਾਨਾ 21 ਸਾਲਾਂ ਦਾ ਸੀ| ਦੋਵੇਂ ਪਿਆਰ ਦੇ ਬੰਧਨ ਵਿਚ ਬੰਨੇ ਗਏ ਸਨ | ਦੋਵੇਂ ਰਲ ਕੇ ਗਾਉਣ ਲਗੇ| ਦੋਹਾਂ ਦੀ ਸਾਂਝ ਰਾਗ ਸੀ, ਸ਼ਬਦ ਦਾ ਗਾਇਨ ਸੀ ਗੁਰੂ ਪਾਤਸ਼ਾਹ ਜਦ ਵੀ ਬੋਲਦੇ ਇਹੋ ਹੀ ਆਖਦੇ, “ਮਰਦਾਨਿਆ ਰਬਾਬ ਵਜਾਇ| ਕਾਈ ਸਿਫਤ ਖ਼ੁਦਾਇ ਦੇ ਦੀਦਾਰ ਦੀ ਕਰੀਏ |”  ਦੋਵੇਂ ਤਰੁਨਮ ਨਾਲ ਵਜਦ ਵਿਚ ਆ ਜਾਂਦੇ| ਕਿਸੇ ਅਗੰਮੀ ਰਸ ਨਾਲ ਸਰਸ਼ਾਰ|ਕਹਿਣ ਨੂੰ ਤਾਂ ਇਕ ਮੁਰਸ਼ਦ ਤੇ ਦੂਜਾ ਮੁਰੀਦ ਸੀ ਪਰ ਇਹ ਤਾਂ ਜਨਮਾਂ ਦੀ ਸਾਂਝ ਭਿਆਲੀ ਰੱਖਣ ਵਾਲੇ ਦੋ ਸੰਗੀ ਸਨ| ਦੋਵੇਂ ਇਕ ਦੂਜੇ ਸੰਗ ਸਾਥ ਨੂੰ ਮਾਣਦੇ| ਦੋਨਾਂ ਦੀ ਖ਼ੁਦਾਵੰਦ ਕਰੀਮ ਨਾਲ ਮੁਹੱਬਤ| ਉਮਰਾਂ ਦੇ ਕਈ ਵਰ੍ਹੇ ਇਕੱਠੇ ਬਿਤਾਏ| ਜਿਨ੍ਹਾਂ ਲੰਮਾ ਅਰਸਾ ਭਾਈ ਮਰਦਾਨੇ ਨੇ ਬਾਬੇ ਨਾਨਕ ਦੀ ਛੋਹ ਦਾ ਸੁਆਦ ਮਾਣਿਆ ਉਨ੍ਹਾਂ ਹੀ ਉਹਨਾਂ ਦਾ ਬਿੰਬ ਸਾਖੀਕਾਰਾਂ ਨੇ ਭੁੱਖਾ, ਤਿਹਾਇਆ, ਲਾਲਚੀ,ਮੰਗਤਾ ਤੇ ਡਰਪੋਕ ਜੇਹਾ ਬਣਾ ਕੇ ਉਭਾਰਿਆ| ਪ੍ਰੰਤੂ ਉਹ ਤਾਂ ਉਚੇ ਦਰਜੇ ਦਾ ਮਹਾਂਪੁਰਖ , ਨਿਰਛਲ ,ਨਿਰਕਪਟ, ਹਲੀਮ, ਸੂਰਮਾ ਜੋ ਵਖਤੈ ਉਪਰ ਲੜ ਮਰਨ ਵਾਲਾ, ਕਸ਼ਟਾਂ ਨੂੰ ਹੱਸ ਕੇ ਝੱਲਣ ਵਾਲਾ, ਰਾਗ ਵਿਦਿਆ ਵਿਚ ਪ੍ਰਬੀਨ,ਅਤੇ ਦਲੇਰ ਸ਼ਖਸ਼ੀਅਤ ਸੀ| ਗੁਰੂ ਜੀ ਦਾ ਅਜਿਹਾ ਸਾਥੀ ਬਣਿਆ ਜਿਸ ਨੇ ਹਰ ਦੁੱਖ ਤੇ ਆਈ ਔਕੜ ਨੂੰ ਦਲੇਰੀ ਨਾਲ ਨਜਿਠਿਆ| ਕੌਡੇ ਰਾਖਸ਼ ਤੇ ਵਲੀ ਕੰਧਾਰੀ ਵਰਗਿਆਂ ਦਾ ਸਾਹਮਣਾ ਕੀਤਾ ਤੇ ਗੁਰੂ ਦੇ ਹੁਕਮਾਂ ਦੀ ਪਾਲਣਾ ਬੜੀ ਨਿਰਭੈਅਤਾ ਨਾਲ ਕੀਤੀ ਸੀ| ਮਰਦਾਨਾ ਆਪਣੇ ਪਿਤਾ ਦੇ ਵੇਲੇ ਦੀਆਂ ਗਾਇਕ ਢਾਣੀਆਂ ਦੀ ਸੰਗਤ ਵਿਚ ਸਾਜ਼-ਸੰਗੀਤ ਵਿਚ ਢਲ ਗਿਆ ਸੀ| ਉਹ ਸਾਰੰਗੀ ਤੇ ਰਬਾਬ ਦਾ ਮਾਹਿਰ ਉਸਤਾਦ ਬਣ ਗਿਆ| ਉਹ ਰਬਾਬ ਇਤਨੀ ਮਨਮੋਹਕ ਵਜਾਉਂਦਾ ਸੀ ਕਿ ਬਾਬਾ ਨਾਨਕ ਵੀ ਉਸ ਦੀ ਪ੍ਰਸੰਸਾ ਕਰਨੋ ਨਾ ਰਹਿ ਸਕਦੇ| ਹੁਣ ਗੁਰੂ ਨਾਨਕ ਸਾਹਿਬ ਜੀ ਨੇ ਮਾਨਵ ਕਲਿਆਣ ਦੇ ਤਰਾਨੇ ਲਿਖਣੇ ਤੇ ਗਾਉਣੇ ਸ਼ੁਰੂ ਕਰ ਦਿਤੇ| ਉਧਰ ਮਰਦਾਨੇ ਦੀ ਮਨ- ਮੁਗਧ ਰਬਾਬ ਨਾਲ ਗੁਰੂ  ਬਾਬੇ ਦੀ ਰਸ ਭਰੀ ਆਵਾਜ਼ ਇਕ ਦੂਜੇ ਵਿਚ ਇਕ ਮਿਕ ਹੋ ਕੇ ਜੁਗ ਪਲਟਾਊ ਲਹਿਰ ਦਾ ਅਗਾਜ਼ ਕਰਨ ਲੱਗੀ| ਗੁਰੂ ਨਾਨਕ ਸਾਹਿਬ ਮਰਦਾਨੇ ਦੀ ਸਰਲਤਾ ਤੇ ਬਹੁਤ ਖੁਸ਼ ਹੋਏ ਤੇ ਆਖਣ ਲੱਗੇ , “ਮਰਦਾਨਿਆ ਉਚ ਨੀਚ ਜਾਤਾਂ ਦੇ ਭਰਮ ਤਾਂ ਲੋਕਾਂ ਨੇ ਪਾ ਦਿਤੇ| ਰੱਬ ਨੇ ਜਿਹੋ ਜਿਹਾ ਹੱਡ ਚੰਮ ਦਾ ਮੈਨੂੰ ਬਣਾਇਆ ਹੈ, ਤੇਹਾ ਹੀ ਤੈਨੂੰ ਬਣਾਇਆ ਹੈ| ਰੱਬ ਨੇ ਆਪਣੀ ਜੋਤ ਤੇਰੇ ਤੇ ਮੇਰੇ ਵਿਚ ਰੱਖੀ ਹੈ| ਰੱਬ ਨੇ ਤੈਨੂੰ ਕਈਆਂ ਨਾਲੋਂ ਚੰਗਾ ਬਣਾਇਆ ਹੈ ਕਿਓਂਕਿ ਤੈਨੂੰ ਰਾਗ ਦੀ ਸੂਝ ਦਿਤੀ ਹੈ| ਰਬਾਬ ਵਜਾਉਣ ਦਾ ਹੁਨਰ ਦਿਤਾ ਹੈ ਤੇ ਨਾਲ ਸੰਤੋਖ ਵੀ ਦਿਤਾ ਹੈ| ਤੂੰ ਸਮਾਜ ਦਾ ਢਾਢੀ ਬਣ, ਮੈਂ ਸਚੇ ਪਰਮੇਸ਼ਰ ਦਾ ਢਾਢੀ| ਸਾਡੇ ਵਿਚ ਫਰਕ ਕੋਈ ਨਾ| ਤੂੰ ਵੀ ਰੱਬ ਦਾ ਢਾਢੀ ਬਣ,ਤੇਰੇ ਸਾਰੇ ਮਨੋਰਥ ਪੂਰੇ ਹੋਣਗੇ|’ ਇਸ ਤਰਾਂ ਮਰਦਾਨੇ ਦਾ ਬਾਬੇ ਨਾਲ ਮੇਲ ਹੋਇਆ ਤੇ ਮਰਦਾਨਾ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ|

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਹਰ ਤਰਾਂ ਦੇ ਜਾਤੀ ਬੰਧਨਾਂ ਤੋਂ ਮੁਕਤ ਸਮਝਦੇ ਸਨ ਤੇ ਦਿਨੋ-ਦਿਨ ਜਾਤੀ-ਬੰਧਨਾ ਵਿਚ ਨਪੀੜੇ ਜਾ ਰਹੇ ਜਨ ਸਮਾਜ ਨੂੰ ਸਦੀਵੀ ਜੀਵਨ-ਮੁਕਤੀ ਪ੍ਰਾਪਤ ਕਰਨ ਵਾਸਤੇ ਉਹ ਇਸ ਖੁਲ ਦਿਲੀ ਦਾ ਉਪਦੇਸ਼ ਦਿੰਦੇ ਸਨ | ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਅੰਗ 1329 ਉਪਰ ਸੁਭਾਏਮਾਨ ਪਰਭਾਤੀ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਲਿਖਦੇ ਹਨ ਕਿ—

ਉਚਾ ਤੇ ਫੁਨਿ ਨੀਚੁ ਕਰਤ ਹੈ ,ਨੀਚੁ ਕਰੇ ਸੁਲਤਾਨ ||
ਜਿਨੀ ਜਾਣ ਸੁਜਾਣਿਆ ,ਜਗਿ ਤੇ ਪੂਰੇ ਪਰਵਾਣ ||
(ਸਗਗਸ—ਅੰਗ 1329)

ਇਸੇ ਕਾਰਨ ਗੁਰੂ ਨਾਨਕ ਸਾਹਿਬ ਹਮੇਸ਼ਾਂ ਨੀਵਿਆਂ ਨੂੰ ਉੱਚਿਆਉਂਦੇ ,ਸਲਾਹੁੰਦੇ ਤੇ ਵਡਿਆਉਂਦੇ ਹੋਏ ਕਹਿੰਦੇ ਹਨ —-

ਨੀਚਾ ਅੰਦਰ ਨੀਚ ਜਾਤਿ ,ਨੀਚੀ ਹੂ ਅਤਿ ਨੀਚ |
ਨਾਨਕ ਤਿਨ ਕੇ ਸੰਗ ਸਾਥ ,ਵਡਿਆਂ ਸੋ ਕਿਆ ਰੀਸ |
ਜਿਥੇ ਨੀਚ ਸਮਾਲੀਅਨਿ ,ਤਿਥੈ ਨਦਰਿ ਤੇਰੀ ਬਖਸ਼ੀਸ਼ |
(ਸਗਗਸ –ਅੰਗ 15 –ਸ੍ਰੀ ਰਾਗ ਮੋਹੱਲਾ 1 )

ਭਾਈ ਮਰਦਾਨਾ ਗੁਰੂ ਸਾਹਿਬ ਜੀ ਦਾ ਸਾਥੀ ਸੀ| ਉਸ ਦੇ ਮਨ ਅੰਦਰ ਜਦੋਂ ਵੀ ਕੋਈ ਸ਼ੰਕਾ ਪੈਦਾ ਹੁੰਦੀ ਤਾਂ ਉਹ ਬੜੀ ਦਲੇਰੀ ਨਾਲ ਬਾਬਾ ਜੀ ਤੋਂ ਸਪਸ਼ਟੀਕਰਣ ਲੈ ਲਿਆ ਕਰਦਾ ਸੀ| ਉਸ ਦੀ ਦਲੀਲ ਹਮੇਸ਼ਾ ਹੀ ਦਮਦਾਰ ਹੁੰਦੀ ਸੀ ਅਤੇ ਸਪਸ਼ਟੀਕਰਣ ਗੁਰੂ ਸਾਹਿਬ ਆਪ ਹੀ ਦਿਆ ਕਰਦੇ ਸਨ| ਜੇ ਕਰ ਉਸ ਦੀ ਤਸੱਲੀ ਨਾ ਹੁੰਦੀ ਤਾਂ ਉਹ ਦੁਬਾਰਾ ਪੁੱਛਣ ਤੋਂ ਘਬਰਾਉਂਦਾ ਨਹੀਂ ਸੀ| ਉਸ ਨੇ ਇਕ ਵਾਰ ਦੋਵੇਂ ਹੱਥ ਜੋੜ ਆਖਿਆ, ‘ਬਾਬਾ ਤੇਰਾ ਮੇਰਾ ਅੰਤਰ ਨਾਹੀਂ ,ਤੂੰ ਖੁਦਾਇ ਦਾ ਡੂਮ ਹਉ ਤੇਰਾ ਡੂਮ| ਤੈਂ ਖੁਦਾਇ ਪਾਇਆ ਹੈ, ਤੈਂ ਖੁਦਾਇ ਦੇਖਿਆ ਹੈ ,ਤੇਰਾ ਕਿਹਾ ਖੁਦਾਇ ਕਰਦਾ ਹੈ, ਮੇਰੀ ਬੇਨਤੀ ਹੈ, ਇਕ, ਮੈਨੂੰ ਵਿਛੋੜਨਾ ਨਾਹੀਂ ਆਪ ਨਾਲੋਂ,ਨਾ ਏਥੇ,ਨਾ ਓਥੇ [‘

ਬਾਬੇ ਗੁਰੂ ਨੇ ਉਸੇ ਵੇਲੇ ਰਹਿਮ ਕਰਕੇ ਫਰਮਾਇਆ, ‘ਮਰਦਾਨਿਆ ਤੁਧ ਉਪਰ ਮੇਰੀ ਖੁਸ਼ੀ ਹੈ| ਜਿਥੇ ਤੇਰਾ ਵਾਸਾ, ਉਥੇ ਮੇਰਾ ਵਾਸਾ|’
ਭਾਈ ਮਰਦਾਨਾ ਜੀ ਦੇ ਨਾਲ ਗੁਰੂ ਬਾਬੇ ਨੇ ਅਨੇਕਾ ਬਚਨ ਬਿਲਾਸ ਕੀਤੇ| ਅਨੇਕ ਪ੍ਰਸ਼ਨ ਉਤਰ ਕਰਕੇ ਕਈ ਗੁਝੇ ਭਾਵ ਖੋਲ੍ਹੇ ਹਨ|

ਉਦਾਹਰਣ ਵਜੋਂ–ਰਾਗਾਂ ਦੀ ਮਹੱਤਤਾ, ਸਮਾਂ ਕਿਹੜਾ ਚੰਗਾ, ਦਰਿਆ ਤੇ ਤਾਂ ਬੇੜਾ ਹੁੰਦਾ ਹੈ, ਮਲਾਹ ਪਾਰ ਲੰਘਾਂਦਾ ਹੈ| ਇਹ ਸੰਸਾਰ ਮਾਨੋ ਦਰਿਆ ਹੈ, ਇਸ ਦਰਿਆ ਦਾ ਬੇੜਾ ਕੌਣ ਹੈ,ਲੰਘਾਵਣ ਵਾਲਾ ਕੌਣ ਹੈ| ਮਨੁੱਖ ਖੁਦਾ ਦਾ ਨੂੰ ਮਿਲਦਾ ਕਿਵੇਂ ਹੈ ਤੇ ਵਿਛੜਦਾ ਕਿਵੇਂ| ਜਿਸ ਨੇ ਉਸ ਨੂੰ ਪਾ ਲਿਆ, ਉਸ ਨੂੰ ਕਿਵੇਂ ਜਾਣੀਏ| ਇਤਨੇ ਸਵਾਲ ਪੁਛੇ ਹਨ| ਇਹਨਾਂ ਪ੍ਰਸ਼ਨਾਂ ਤੋਂ ਬਾਬੇ ਦੀ ਤੀਖਣ ਬੁਧੀ ਦਾ ਗਿਆਨ ਹੁੰਦਾ ਹੈ|

ਸੰਸਾਰ ਦੇ ਭਲ਼ੇ ਲਈ ਗੁਰੂ ਸਾਹਿਬ ਹਰੇਕ ਪ੍ਰਸ਼ਨ ਦਾ ਉਤਰ ਦਿੰਦੇ ਹਨ| ਰਾਗ ਤਾਂ ਸਭ ਭਲੇ ਹਨ ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿਤ ਆਵੇ| ਸਭ ਰੁਤੀ ਔਰ ਸਭੇ ਮਾਹ ਉਸੇ ਨੂੰ ਭਲੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਵਰ ਚਿਤ ਆਂਵਦਾ ਹੈ| ਬਾਣੀ ਬੋਹਿਥੁ ਹੈ, ਗੁਰੂ ਲੰਘਾਵਣਹਾਰ ਮਲਾਹ ਹੈ|

ਇਹ ਮਰਦਾਨੇ ਦੀ ਜੁਰਅਤ  ਕਮਾਲ ਹੈ ਕਿ ਉਹਨਾਂ ਨੇ ਇਸਲਾਮੀ ਦੇਸ਼ਾਂ ਵਿਚ ਰਬਾਬ ਨਾਲ ਕੀਰਤਨ ਕਰਕੇ ਸਭ ਨੂੰ ਹੈਰਾਨ ਕਰ ਦਿਤਾ ਭਾਈ ਗੁਰਦਾਸ ਜੀ ਨੇ 35 ਵੀਂ ਪੌੜੀ ਵਿਚ ਲਿਖਿਆ ਹੈ ਕਿ  —-

ਸੁੰਨ ਮੁਨ ਨਗਰੀ ਭਈ ਦੇਖ ਪੀਰ ਹੋਆ ਹੈਰਾਨਾ |
ਵੇਖੈ ਧਿਆਨ ਲਗਾਏ ਕਰਿ ਇਕ ਫਕੀਰੁ ਵਡਾ ਮਸਤਾਨਾ |

ਇਹਨਾਂ ਮੁਲਕਾਂ ਵਿਚ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ‘ ਦੇ ਕੀਰਤਨੀ ਸ਼ਬਦ ਗਾਏ| ਪੀਰ ਦੇ ਪੁੱਤਰ ਨੇ ਕਿਹਾ, “ਜਾਂ ਇਹ ਕਾਫਰ ਹੈ ਜਾਂ ਬਾਉਲਾ।”

ਮਰਦਾਨੇ ਨੇ ਉਤਰ ਦਿਤਾ, “ਮੈਂ ਬਾਵਲਾ ਨਹੀਂ ਮੁਰਸ਼ਦ ਦੀ ਆਵਾਜ਼ ਸੁਣਾ ਰਿਹਾ ਹਾਂ।”

ਜਦੋਂ ਉਹਨਾਂ ਕਿਹਾ ਆਪਣੇ ਮੁਰਸ਼ਦ ਨੂੰ ਬੁਲਾਓ| “ਪੀਰ ਉਹ ਕਿਸੇ ਦੇ ਸਦਿਆਂ ਨਹੀਂ ਆਓਂਦਾ, ਬੇਪਰਵਾਹ ਹੈ| ਆਪ ਭਾਵੇਂ ਕਿਸੇ ਥਾਂ ਚਲਿਆ ਜਾਵੇ।” 

ਮਰਦਾਨਾ ਜੀ ਜਿਹੀ ਮਹਾਨ ਸ਼ਖਸ਼ੀਅਤ ਦਾ ਸ਼ਬਦ ਚਿਤ੍ਰ ਪੇਸ਼ ਕਰਨਾ ਭਾਵੇਂ ਬੇਹੱਦ ਮੁਸ਼ਕਲ ਹੈ ਤਾਂ ਵੀ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਰੂਪਕ ਰੂਪ ਕਬਿੱਤ ਵਿਚ ਉਨ੍ਹਾਂ ਬਾਰੇ ਕਦੇ ਕੁਝ ਇਸ ਤਰਾਂ ਲਿਖਿਆ ਸੀ —

ਬਾਬਾ! ਮੈਂ ਤਾਂ ਤਾਲੋਂ ਘੁਥਾ ਕਰਮ ਬੇਤਾਲੇ ਕਰਾਂ,
ਸੁਰ ਨਹੀਂ ਮਿਲਦਾ ,ਮੈਂ ਹੋ ਗਿਆ ਬੜਾ ਲਚਾਰ|
ਲੈ ਗਈ ਉੱਖੜ ਨ ਤਾਨ ਬੈਠਦੀ ਠਿਕਾਣੇ,
ਤੀਬਰ ਸਰਗਮ ਸੁਧ ਕਮਲ ਨਹੀਂ ਵਿਚਾਰ|
ਵਾਦੀ ਤੇ ਸੰਵਾਦੀ ਅਨੁਵਾਦੀ ਨਾ ਗਿਆਨ ਕੁਝ,
ਟੁਟੇ ਫੁਟੇ ਸਾਜ਼ ਲੈ ਕੇ ਢੱਠਾ ਆਣ ਤੇਰੇ ਦਵਾਰ|
ਮਿਹਰਾਂ ਦੇ ਸਾਈਂ ! ਮਰਦਾਨੇ ਨੂੰ ਇਸ਼ਾਰਾ ਕਰੀਂ,
ਸੁਰ ਠੀਕ ਕਰੇ ਨਾਲੇ ਛੇੜੇ ਜ਼ਰਾ ਮੇਰੀ ਤਾਰ|

ਉਸ ਸਮੇਂ ਦੇ ਲੋਕਾਂ ਨੇ ਬਾਬੇ ਨਾਨਕ ਨੂੰ ਠੀਕ ਤਰਾਂ ਨਹੀਂ ਸਮਝਿਆ ਸੀ | ਕਈ ਲੋਕਾਂ ਨੇ ਉਨ੍ਹਾਂ ਨੂੰ ਵੀ ਬੇਤਾਲਾ ਆਖਿਆ ਸੀ ਜਿਸ ਦਾ ਵਰਨਣ ਉਨ੍ਹਾਂ ਨੇ ਆਪਣੀ ਬਾਣੀ ਵਿਚ ਲਿਖਿਆ ਹੈ ਕਿ—

ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
(ਸਗਗਸ —–ਅੰਗ  991)

ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਤੋਂ ਚਲ ਕੇ ਚਾਰ ਸੰਸਾਰ ਫੇਰੀਆਂ (ਉਦਾਸੀਆਂ )ਕਰਨ ਤੋਂ ਪਹਿਲਾਂ ਭਾਈ ਲਾਲੋ ਤਰਖਾਣ (ਸਿੱਖ ) ਦੇ ਕੋਲ ਸੈਦਪੁਰ (ਐਮਨਾਬਾਦ ) ਪਹੁੰਚ ਕੇ ਰੋੜੀ ਸਾਹਿਬ ਦੇ ਸਥਾਨ ਉਤੇ ਬੜੀ ਭਾਰੀ ਤਪੱਸਿਆ ਕੀਤੀ ਜਿਸ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰਾਂ ਲਿਖਿਆ ਹੈ ਕਿ —

ਪਹਿਲਾ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਰਿ ਘਾਲਿ ਕਮਾਈ।
ਰੇਤੁ ਅਕੁ ਆਹਾਰੁ ਕਰਿ, ਰੋੜਾ ਕੀ ਗੁਰ ਕਰੀ ਵਿਛਾਈ।

ਜਨਮ ਸਾਖੀ (ਪੈੜਾ- ਮੋਖਾ )ਦੇ ਕਥਨ ਅਨੁਸਾਰ ਇਸ ਸਮੇਂ ਭਾਈ ਮਰਦਾਨੇ ਤੇ ਮਹਿਤਾ ਕਾਲੂ ਜੀ ਅਤੇ ਰਾਏ ਬੁਲਾਰ ਦੀ ਜੋ ਪਰਸਪਰ ਸੁਆਦਲੀ ਬਾਤ-ਚੀਤ ਹੋਈ ਉਸ ਦਾ ਵੇਰਵਾ ਕ੍ਰਮਵਾਰ ਇਸ ਤਰਾਂ ਹੈ —
1. ਤਾਂ ਕਾਲੂ ਕਿਹਾ, ‘ਮਰਦਾਨਾ ਦੇਹ ਨਾਨਕ ਦੀਆਂ ਗੱਲਾਂ ਖਬਰਾਂ ‘ਤਾਂ ਮਰਦਾਨੇ ਕਿਹਾ, ਮਹਿਤਾ ਜੀ! ਤੁਸੀਂ ਗਿਣਤੀ ਕਾਈ ਨਾ ਕਰੋ ਜੀ| ਗੁਰੂ ਨਾਨਕ ਜੀ ਤੇਰੇ ਘਰ ਚੰਦ, ਸੂਰਜ ਅਤੇ ਰਾਮ ਕ੍ਰਿਸ਼ਨ ਅਉਤਾਰ ਲੀਤਾ ਹੈ ਜੀ | ਮਹਿਤਾ ਜੀ! ਤੁਸੀਂ ਅਨੰਦ ਮੰਗਲ ਗਾਵੋ ਜੀ | ਤਾਂ ਕਾਲੂ ਕਿਹਾ ਸੁਣਦੇ ਹੋ ਲੋਕੋ! ਨਾਨਕ ਤਾਂ ਮੇਰਾ ਨਾਂਓ ਡੋਬਿਆ ਹੈ ਜੀ, ਇਹ ਬੇਅਕਲ ਡੂਮ ਆਖਦਾ ਹੈ ਜੀ,ਜੋ ਤੇਰੇ ਘਰ ਚੰਦ, ਸੂਰਜ ਅਤੇ ਰਾਮ, ਕ੍ਰਿਸ਼ਨ ਪੈਦਾ ਹੋਇਆ ਹੈ ਜੀ |ਤਾਂ ਮਰਦਾਨੇ (ਬੜੀ ਗੰਭੀਰਤਾ ਨਾਲ) ਆਖਿਆ, ਜਜਮਾਨ! ਤੈਨੂੰ ਏਹਾ ਖਬਰ ਹੈ ਜੀ| 
2. ਤਾਂ ਫੇਰ ਰਾਏ ਬੁਲਾਰ ਨੇ ਆਪਣਾ ਆਦਮੀ ਭੇਜ ਕੇ ਭਾਈ ਮਰਦਾਨੇ ਨੂੰ ਸੱਦਿਆ ਅਤੇ ਗੁਰੂ ਨਾਨਕ ਦੀਆਂ ਖਬਰਾਂ ਪੁੱਛੀਆਂ :–

ਤਾਂ ਮਰਦਾਨੇ ਆਖਿਆ, ਲਵੋ ਰਾਏ ਜੀ! ਗੁਰੂ ਨਾਨਕ ਦੀਆਂ ਖਬਰਾਂ| ਗੁਰੂ ਨਾਨਕ ਜੀ ਪਾਤਸ਼ਾਹਾਂ ਦਾ ਪਾਤਸ਼ਾਹ, ਗੁਰੂ ਨਾਨਕ ਜੀ ਪੀਰਾਂ ਦਾ ਪੀਰ, ਗੁਰੂ ਨਾਨਕ ਜੀ ਫਕੀਰਾਂ ਸਿਰਿ ਫਕੀਰ| ਰਾਏ ਜੀ! ਗੁਰੂ ਨਾਨਕ ਜੀ ਦੇ ਤੁੱਲ ਅੱਜ ਕੋਈ ਨਹੀਂ ਹੈ ਜੀ| ਰਾਏ ਜੀ ਗੁਰੂ ਨਾਨਕ ਜੀ ਦੇ ਉਪਰ ਇਕ ਖੁਦਾਇ ਹੈ ਜੀ| ਗੁਰੂ ਨਾਨਕ ਜੀ ਨੂੰ ਖੁਦਾਇ ਵਡਾ ਮਰਤਬਾ ਦਿਤਾ ਹੈ ਜੀ| ਤਾਂ ਮਰਦਾਨੇ ਨੂੰ ਰਾਏ ਆਖਿਆ ਮਰਦਾਨਾ! ਤੂੰ ਸੱਚ ਆਖਦਾ ਹੈ ਜੀ| ਗੁਰੂ ਨਾਨਕ ਜੀ ਐਸਾ ਹੀ ਪ੍ਰਵਾਨ ਹੈ ਜੀ| ( ਹੱਥ ਲਿਖਤ ਜਨਮ ਸਾਖੀ ਗੁਰੂ ਨਾਨਕ ਸੰਮਤ 1882 ਬਿਕ੍ਰਮੀ )

ਰਾਏ ਬੁਲਾਰ ਉਸ ਸਮੇਂ ਬੜਾ ਬਿਰਧ ਹੋ ਚੁਕਾ ਸੀ ,ਇਸ ਲਈ ਭਾਈ ਮਰਦਾਨੇ ਹੱਥ ਉਸ ਦੀ ਪ੍ਰੀਤ-ਮਿਲਣੀ ਦਾ ਸੰਦੇਸ਼ ਪੁੱਜਣ ਉਤੇ ਗੁਰੂ ਨਾਨਕ ਖੁੱਦ ਸੈਦਪੁਰ ਤੋਂ ਤਲਵੰਡੀ ਪੁਜੇ ਤੇ ਭਾਈ ਮਰਦਾਨੇ ਸਮੇਤ, ਰਾਏ ਜੀ ਦੇ ਨਾਲ ਹੀ ਮਾਤਾ-ਪਿਤਾ ਨੂੰ ਵੀ ਮਿਲਣ ਗਏ|

ਗੁਰ ਨਾਨਕ ਸਾਹਿਬ ਨੇ ਪਹਿਲਾਂ ਰੋੜੀ ਸਾਹਿਬ ਸੈਦਪੁਰ ਤਪ-ਸਾਧਨਾ ਕਰ ਕੇ ਆਪਣੇ ਸਰੀਰ ਨੂੰ ਚੰਗੀ ਤਰਾਂ ਸਾਧਿਆ ਨਾਲੇ ਇਕ ਵਾਰ ਤਲਵੰਡੀ ਵੀ ਹੋ ਆਏ ਤੇ ਫੇਰ ਇਕ ਚੰਗੇ ਯਾਤਰੀ ਵਾਂਗ ਲੰਮੇ ਸਫ਼ਰ ਤੇ ਨਿਕਲਣ ਲਈ ਕਮਰਾਂ ਕੱਸ ਲਈਆਂ|

ਗੁਰੂ ਨਾਨਕ ਸਾਹਿਬ ਨੇ ਮਨੁੱਖ ਜਾਤੀ ਦਾ ਉਧਾਰ ਕਰਨ ਖਾਤਿਰ ਲੰਮੀਆਂ ਉਦਾਸੀਆਂ ਕੀਤੀਆਂ| ਇਹ ਉਦਾਸੀਆਂ ਪ੍ਰਚਾਰ ਫੇਰੀਆਂ ਹੀ ਸਨ ਅਤੇ ਇਤਿਹਾਸਕਾਰਾਂ ਨੇ ਇਹਨਾਂ ਪ੍ਰਚਾਰ ਫੇਰੀਆਂ ਨੂੰ ਉਦਾਸੀਆਂ ਲਿਖਿਆ ਹੈ|
ਉਦਾਸੀ ਤੋਂ ਭਾਵ—ਉਦਾਸ ਬਿਰਤੀ ਜਾਂ ਵਿਰਕਤ ਬਿਰਤੀ |

ਗੁਰੂ ਜੀ ਸੰਸਾਰਕ ਵਿਹਾਰ ਤੋਂ ਮੁਕਤ ਹੋ ਕੇ ਕੇਵਲ ਤੇ ਕੇਵਲ ਗੁਰੂ ਘਰ ਦਾ ਪ੍ਰਚਾਰ ਕਰ ਰਹੇ ਸਨ ਜਿਸ ਦਾ ਮੁੱਖ ਉਦੇਸ਼ ਲੋਕ-ਕਲਿਆਣ ਸੀ| ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦੱਸਿਆ ਹੈ ਕਿ —
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥

ਮਰਦਾਨੇ ਸਮੇਤ ਚਾਰ ਉਦਾਸੀਆਂ ਇਕ ਨਿਸਚਿਤ ਸੋਚ-ਵਿਚਾਰ ਦੇ ਅਧੀਨ ਵਿਉਂਤ ਕੀਤੀਆਂ ਗਈਆਂ ਸਨ|

ਭਾਈ ਮਰਦਾਨਾ ਸਤਿਗੁਰ ਦੇ ਰੰਗ ਵਿਚ ਪੂਰਨ ਪਦ ਨੂੰ ਪਹੁੰਚਾ| ਇਕ ਦਿਨ ਮਰਦਾਨੇ ਨੂੰ ਸਤਿਗੁਰਾਂ ਨੇ ਫਰਮਾਇਆ ਸੀ ਕਿ ਅਸੀਂ ਤੈਨੂੰ ਗੰਧਰਵ ਲੋਕ ਤੋਂ ਨਾਲ ਲਿਆਏ ਸੀ ਜਦੋਂ ਅਸੀਂ ਬੈਕੁੰਠ ਧਾਮ ਜਾਵਾਂਗੇ ਤਾਂ ਤੈਨੂੰ ਨਾਲ ਲੈ ਜਾਵਾਂਗੇ| ਸਤਿਗੁਰੂ ਜੀ ਫਰਮਾਉਂਦੇ ਹਨ ਕਿ ਤੁਧ ਬ੍ਰਹਮ ਪਛਾਤਾ ਹੈ ਤਾਂ ਤੇ ਤੂੰ ਬ੍ਰਾਹਮਣ ਹੋਇਆ| ਮਰਦਾਨਾ ਸਤਿਗੁਰਾਂ ਦੇ ਚਰਣੀ ਲੱਗਾ ਰਿਹਾ ਤੇ ਜੀਵਨ ਮੁਕਤ ਤੇ ਪਾਰਗਰਾਮੀ ਹੋ ਗਿਆ| ਮਰਦਾਨਾ ਦੀ ਬਾਕੀ ਉਮਰ ਕਿਸੇ ਕੰਦਰਾ ਗੁਫਾ ਵਿਚ ਨਹੀਂ ਬੀਤੀ ਪਰ ਸਤਿਗੁਰੂ ਦੇ ਚਰਨਾਂ ਵਿਚ ਸਾਧ ਸੰਗਤ ਨੂੰ ਹਰੀ ਜੱਸ ਸੁਣਾਉਂਦਿਆਂ ਸਫਲ ਹੋਈ| ਆਪ ਤਰਿਆ ਤੇ ਹੋਰਨਾਂ ਨੂੰ ਬੇੜੇ ਚਾੜਦਾ ਮਰਦਾਨਾ ‘ਸਫਲ ਸਿੱਖ’ ਹੋਇਆ|

ਬਲਬੀਰ ਸਿੰਘ ਕੰਵਲ ਨੇ ਆਪਣੀ ਪੁਸਤਕ ਪੰਜਾਬ ਦੇ ਪ੍ਰਸਿੱਧ ਰਾਗੀ ਦੇ  ਪੰਨਾ 74 ਤੇ ਦਰਜ ਕੀਤਾ ਹੈ ਕਿ ਭਾਈ ਮਰਦਾਨਾ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰਮ ਦੇ ਕੰਢੇ ਵੱਸਦੇ ਕੁਰਮ ਸ਼ਹਿਰ ਵਿਚ ਆਪ ਚਲਾਣਾ ਕਰ ਗਏ ਅਤੇ ਆਪਣੇ ਜੁਗਾਂ ਦੇ ਸਾਥੀ ਨੂੰ ਵਿਛੋੜਾ ਦੇ ਗਏ| ਭਾਈ ਮਰਦਾਨੇ ਦੇ ਅੰਤਿਮ ਸਮੇਂ  ਪਰ ਤ੍ਰੇ ਵਿਚਾਰਾਂ ਹਨ | 1581, 1591 ਤੇ 1595 ਬਿਕ੍ਰਮੀ| ਆਪ ਦੇ ਚਲਾਣੇ ਬਾਬਤ ਕੁਰਮ ਵਿਚ ਹੋਣਾ ਅਤੇ ਅਗਨੀ ਦਾਹ ਨਾਲ ਸਸਕਾਰ ਕੀਤਾ ਜਾਣਾ ਵੀ  ਲਿਖਿਆ ਹੈ ਪਰ ਕੁਰਮ ਵਿਚ ਟਿਕਾਣੇ ਦਾ ਪਤਾ ਅੱਜ ਤਕ ਨਹੀਂ ਲੱਭਾ| ਭਾਈ ਮਨੀ ਸਿੰਘ ਜੀ ਆਪ ਦਾ ਦਿਹਾਂਤ ਰਾਵੀ ਕੰਢੇ ਕਰਤਾਰਪੁਰ ਵਿਚ ਹੋਇਆ ਲਿਖਦੇ ਹਨ|

ਭਾਈ ਮਰਦਾਨਾ ਗੁਰੂ ਬਾਬੇ ਦੇ ਸਾਥ ਵਿਚ ਬਹੁਤ ਹੀ ਉਚੇਰੀ ਅਵਸਥਾ ਨੂੰ ਪ੍ਰਾਪਤ ਹੋ ਗਿਆ ਸੀ| ਇਕ ਦਿਨ ਸਹਿਵਨ ਹੀ ਗੁਰੂ ਬਾਬੇ ਨੇ ਮਰਦਾਨੇ ਦਾ ਅੰਤਿਮ ਸਮਾਂ ਨੇੜੇ ਜਾਣ ਕੇ ਮਰਦਾਨੇ ਨੂੰ ਪੁੱਛਿਆ, ‘ਮਰਦਾਨਿਆ! ਜੇ ਤੂੰ ਚਾਹੇ ਤਾਂ ਤੇਰੀ ਦੇਹ ਨੂੰ ਬ੍ਰਾਹਮਣ ਵਾਂਗੂ ਦਰਿਆ ਵਿਚ ਸੁਟ ਦੇਈਏ| ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤ੍ਰੀ ਵਾਂਗ ਸਾੜ ਦੇਈਏ| ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿਚ ਸੁਟਵਾ ਦੇਈਏ, ਜੇ ਤੇਰਾ ਚਿਤ ਹੋਵੇ ਤਾਂ ਦਬਵਾ ਦੇਈਏ।’

ਮਰਦਾਨਾ ਜੀ ਉਤਰ ਵਿਚ ਆਖਿਆ, “ਵਾਹ, ਬਾਬਾ ਵਾਹ! ਅਜੇ ਵੀ ਸਰੀਰ ਦੇ ਚੱਕਰਾਂ ਵਿਚ| ਤੁਹਾਡੇ ਉਪਦੇਸ਼ ਕਾਰਨ ਤਾਂ ਦੇਹੀ ਦਾ ਖਿਆਲ ਹੀ ਖਤਮ ਹੋ ਗਿਆ ਹੋ| ਮੈਂ ਤਾਂ ਆਪਣੀ ਆਤਮਾ ਨੂੰ ਹੀ ਕੇਵਲ ਆਪਣਾ ਸਾਥੀ ਸਮਝਦਾ ਹਾਂ।”

ਬਾਬਾ ਨਾਨਕ ਅੱਜ ਮੇਹਰ ਦੇ ਘਰ ਆਏ ਹੋਏ ਸਨ ਫੇਰ ਬੋਲੇ, “ਮਰਦਾਨਿਆ, ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿਚ ਪ੍ਰਸਿੱਧ ਕਰ ਦੇਈਏ ।”

ਮਰਦਾਨਾ ਨੇ ਕੁਝ ਗੰਭੀਰ ਹੋ ਕੇ ਕਿਹਾ, “ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗਾ ਹਾਂ ਇਸ ਨੂੰ ਫਿਰ ਪੱਥਰ ਵਿਚ ਕਿਉਂ ਪਾਂਵਦੇ ਹੋ|”

ਬਾਬੇ ਨੇ ਅਗੇ ਵੱਧ ਕੇ ਮਰਦਾਨੇ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ ਮਰਦਾਨਿਆ, “ਤੂੰ ਬ੍ਰਹਮ ਨੂੰ ਪਛਾਣ ਲਿਆ ਹੈ, ਤੂੰ ਬ੍ਰਹਮ ਗਿਆਨੀ ਹੋਇਆ| ਅਸੀਂ ਤੈਨੂੰ ਅੱਗ ਦਾ ਦਾਗ ਦੇਵਾਂਗੇ ਅਤੇ ਰਾਵੀ ਵਿਚ ਤੈਨੂੰ ਪ੍ਰਵਾਹ ਕਰਾਂਗੇ| ਤੂੰ ਰਾਵੀ ਦੇ ਕੰਢੇ ਆਸਣ ਮਾਰ ਕੇ ਬੈਠ, ਪ੍ਰਮੇਸ਼ਵਰ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪ।”

ਇਸ ਤਰਾਂ ਮਰਦਾਨੇ ਨੇ ਆਪਣਾ ਸਰੀਰ ਤਿਆਗਿਆ| ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੀ ਪਉੜੀ ਨੰਬਰ 45 ਵਿਚ ਲਿਖਿਆ ਹੈ– ਮਰਦਾਨੇ ਦੀ ਆਪਣੀ ਇੱਛਾ ਅਨੁਸਾਰ ਸਾਹਿਬਾਂ ਨੇ ਆਪਣੇ ਹਸਤ ਕਮਲਾਂ ਨਾਲ ਉਸ ਦਾ ਸੰਸਕਾਰ ਕੀਤਾ| ਸੰਸਕਾਰ ਉਪਰੰਤ ਗੁਰਦੇਵ ਨੇ ਅੰਮ੍ਰਿਤ ਵੇਲੇ ਕੜਾਹ ਪ੍ਰਸ਼ਾਦਿ ਤਿਆਰ ਕਰ ਕੇ ਸੰਗਤਾਂ ਵਿਚ ਵਰਤਾਇਆ| ਇਸ ਮੌਕੇ ਤੇ ਮਰਦਾਨਾ ਜੀ ਦਾ ਪੁੱਤਰ ਸ਼ਹਿਜ਼ਾਦਾ ਹਾਜ਼ਰ ਸੀ, ਉਸ ਨੂੰ ਬਾਬੇ ਕਿਹਾ ਜੋ ਆਪਣੇ ਘਰ ਜਾਂਦੇ ਹਨ ਉਨ੍ਹਾਂ ਦਾ ਸੋਗ ਨਹੀਂ ਕਰਨਾ|

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1424
***

dr. adit singh kot kapure
+15853050443 | dr.singhajit@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ 
ਕੋਟ ਕਪੂਰਾ 151204 
ਮੋਬਾਈਲ +15853050443
Now at ----
38 Mc coord woods drive
Rochester NY 14450
USA

ਡਾ. ਅਜੀਤ ਸਿੰਘ ਕੋਟਕਪੂਰਾ

ਗਲੀ ਨੰਬਰ 4 (ਖੱਬਾ) ਹੀਰਾ ਸਿੰਘ ਨਗਰ  ਕੋਟ ਕਪੂਰਾ 151204  ਮੋਬਾਈਲ +15853050443 Now at ---- 38 Mc coord woods drive Rochester NY 14450 USA

View all posts by ਡਾ. ਅਜੀਤ ਸਿੰਘ ਕੋਟਕਪੂਰਾ →