21 January 2025

ਰਾਏ ਬੁਲਾਰ ਜੀ — ਡਾਕਟਰ ਅਜੀਤ ਸਿੰਘ ਕੋਟਕਪੂਰਾ 

ਇਤਿਹਾਸ ਵਿਚ ਇਹ ਦਰਜ ਹੈ ਕਿ ਰਾਏ ਬੁਲਾਰ (1425–1515)  ਜੀ ਦੇ ਘਰ ਵਿਆਹ ਤੋਂ ਕਾਫੀ ਸਮੇਂ ਤਕ ਕੋਈ ਪੁੱਤਰ ਜਾਂ ਪੁਤ੍ਰੀ ਨੇ ਜਨਮ ਨਾ ਲਿਆ ਤਾਂ ਉਹ ਉਦਾਸ ਹੋ ਗਿਆ। ਜਦੋਂ ਉਸ ਨੂੰ ਬਾਲ ਨਾਨਕ ਦੀਆਂ ਵੱਖ ਵੱਖ ਲੀਲਾਵਾਂ ਰਾਹੀਂ ਗਿਆਨ ਹੋਇਆ ਕਿ ਬਾਲ ਨਾਨਕ ਤਾਂ ਅਕਾਲ ਪੁਰਖ ਦਾ ਹੀ ਸਰੂਪ ਹੈ ਤਾਂ ਰਾਏ ਬੁਲਾਰ ਉਨ੍ਹਾਂ ਦਾ ਸਿੱਖ ਹੋ ਗਿਆ | ਇਕ ਦਿਨ ਉਹ ਗੁਰੂ ਸਾਹਿਬ ਕੋਲ ਆਇਆ ਤਾਂ ਉਦਾਸ ਦੇਖ ਗੁਰੂ ਜੀ ਪੁੱਛਣ ਲੱਗੇ ਕਿ ਉਦਾਸੀ ਦਾ ਕੀ ਕਾਰਨ ਹੈ ਤਾਂ ਰਾਏ ਬੁਲਾਰ ਜੀ ਨੇ ਕਿਹਾ ਕਿ ਮਹਾਰਾਜ ਤੁਸੀਂ ਜਾਣੀ ਜਾਣ ਹੋ | ਗੁਰੂ ਸਾਹਿਬ ਨੇ ਉਚਾਰਿਆ ਕਿ ਅਕਾਲ ਪੁਰਖ ਤੁਹਾਡੀ ਹਰ ਇੱਛਾ ਪੂਰੀ ਕਰੇਗਾ। ਉਸ ਤੋਂ ਇਕ ਸਾਲ ਬਾਅਦ ਰਾਏ ਬੁਲਾਰ ਦੀ ਫੁਲਵਾੜੀ ਵਿਚ ਇਕ ਸੁੰਦਰ ਫੁੱਲ ਖਿੜ ਪਿਆ ਜਿਸ ਨਾਲ ਪਰਿਵਾਰ ਖੁਸ਼ੀਆਂ ਨਾਲ ਭਰਪੂਰ ਹੋਇਆ। ਰਾਏ ਬੁਲਾਰ ਨੇ ਆਪਣੀ ਜ਼ਮੀਨ ਵਿਚੋਂ ਅੱਧੀ  ਲਗਭਗ 750 ਮੁਰੱਬੇ ਗੁਰੂ ਬਾਬੇ ਦੇ ਨਾਂ ਕਰਵਾ ਦਿਤੀ ਜਿਹੜੀ ਅੱਜ ਵੀ ਗੁਰੂ ਸਾਹਿਬ ਦੇ ਨਾਂ ਬੋਲਦੀ ਹੈ ਅਤੇ ਗੁਰਦਵਾਰਾ ਨਨਕਾਣਾ ਸਾਹਿਬ ਤੇ ਹੋਰ ਅਦਾਰੇ ਉਸ ਥਾਂ ਉਪਰ ਸੁਭਾਏਮਾਨ ਹਨ ਸੰਗਤਾਂ ਉਸ ਥਾਂ ਉਪਰ ਨਤਮਸਤਕ ਹੁੰਦੀਆਂ ਹਨ। ਰਾਏ ਬੁਲਾਰ ਜੀ ਦੀ ਫੁਲਵਾੜੀ ਦਿਨੋ ਦਿਨ ਵਧਦੀ ਰਹੀ ਤੇ ਹੁਣ 19ਵੀਂ ਪੀੜ੍ਹੀ ਬਾਕੀ ਦੀ ਭੋਏਂ ਨੂੰ ਸੰਭਾਲ ਰਹੀ ਹੈ।

ਜਗਤ ਗੁਰੁ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਤਲਵੰਡੀ ਵਿਚ ਹੋਇਆ ਸੀ। ਤਲਵੰਡੀ ਦਾ ਪਹਿਲਾ ਨਾਂ ਰਾਏਪੁਰ ਸੀ | ਰਾਏ ਭੋਏ ,ਭੱਟੀ ਮੁਸਲਮਾਨ ਸਰਦਾਰ ਤਲਵੰਡੀ ਦੇ ਆਸ ਪਾਸ ਦੇ ਇਲਾਕੇ ਦਾ ਮਾਲਿਕ ਸੀ ਇਸ ਲਈ ਇਸ ਤਲਵੰਡੀ ਦਾ ਨਾਂ ਰਾਏ ਭੋਏ ਦੀ ਤਲਵੰਡੀ ਪੈ ਗਿਆ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ ਇਸ ਦਾ ਨਾਂ ਨਾਨਕ-ਆਣਾ ਭਾਵ ਨਨਕਾਣਾ ਅਤੇ ਵਰਤਮਾਨ ਸਮੇਂ ਇਸ ਸਥਾਨ ਦਾ ਨਾਂ ਨਨਕਾਣਾ ਸਾਹਿਬ ਜ਼ਿਲਾ ਸ਼ੇਖਪੁਰਾ ਪਾਕਿਸਤਾਨ ਹੈ। ਜਦੋਂ ਕਿ ਲਾਹੌਰ ਤੋਂ ਜੜ੍ਹਾਂਵਾਲੇ ਨੂੰ ਜਾਣ ਵਾਲੀ ਰੇਲਵੇ ਲਾਈਨ ਉਤੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਹੈ।

ਮੁਸਲਮਾਨਾਂ ਦੇ ਰਾਜ ਸਮੇਂ ਬਹੁਤ ਸਾਰੇ ਭੱਟੀ ਰਾਜਪੂਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿਚ ਦੁੱਲਾ ਭੱਟੀ,ਅਤੇ ਉਸ ਦਾ ਪੁੱਤਰ ਕਮਾਲ ਖਾਨ ਇਤਿਹਾਸ ਵਿਚ ਕਾਫੀ ਪ੍ਰਸਿੱਧ ਹਨ। ਰਾਏ ਬੁਲਾਰ ਰਾਏ ਭੋਏ ਭੱਟੀ ਦਾ ਪੁੱਤਰ ਸੀ। ਰਾਏ ਬੁਲਾਰ ਭਾਵੇਂ ਇਕ ਵੱਡਾ ਜਗੀਰਦਾਰ ਸੀ ਪ੍ਰੰਤੂ ਉਹ ਬੜਾ ਸਖੀ ਤੇ ਮਿੱਠੇ ਸੁਭਾਅ ਵਾਲਾ ਸੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਬਾਬਾ ਕਾਲੂ ਸੀ ਕਈ ਇਤਿਹਾਸਕਾਰਾਂ ਵਲੋਂ ਉਨ੍ਹਾਂ ਦਾ ਨਾਂ ਕਲਿਆਣ ਰਾਏ,ਕਾਲੂ ਰਾਏ ਅਤੇ ਮਹਿਤਾ ਕਾਲੂ ਕਰ ਕੇ ਵੀ  ਲਿਖਿਆ ਮਿਲਦਾ ਹੈ। ਮਹਿਤਾ ਕਾਲੂ ਜੀ ਰਾਏ ਭੋਏ ਦੇ ਪੁੱਤਰ ਰਾਏ ਬੁਲਾਰ ਪਾਸ ਪਟਵਾਰੀ ਸਨ ਅਤੇ ਤਲਵੰਡੀ ਵਿਚ ਰਹਿੰਦੇ ਸਨ। ਮਹਿਤਾ ਕਾਲੂ ਰਾਏ ਬੁਲਾਰ ਜੀ ਦੇ ਸਾਰੇ ਕਾਰੋਬਾਰ ਦੇ ਮੁਖਤਾਰ ਹੋਣ ਕਾਰਨ ਕਾਫੀ ਅਮੀਰ ਸਨ ਅਤੇ ਘਰ ਵਿਚ ਕਿਸੇ ਗੱਲ ਦੀ ਘਾਟ ਨਹੀਂ ਸੀ। ਸਾਰਾ ਇਲਾਕਾ ਓਹਨਾ ਦੀ ਇੱਜਤ ਕਰਦਾ ਸੀ। ਮਹਿਤਾ ਕਾਲੂ ਜੀ ਦਾ ਅਸਲੀ ਪਿੰਡ ਪੱਠੇ ਵਿੰਡ ਤਾਂ ਜ਼ਿਲਾ ਅਮ੍ਰਿਤਸਰ ਵਿਚ ਤਰਨ ਤਾਰਨ ਤੋਂ 10 ਮੀਲ ਤੇ ਸੀ। ਕੁਝ ਇਤਿਹਾਸਕਾਰਾਂ ਨੇ ਪਿੰਡ ਦਾ ਨਾਂ ਪਠੇਵਾਲ ਵੀ ਲਿਖਿਆ ਹੈ ਬਾਅਦ ਵਿਚ ਉਸ ਦਾ ਨਾਂ ਡੇਰਾ ਸਾਹਿਬ ਹੋ ਗਿਆ ਸੀ | ਉਥੇ ਗੁਰੂ ਨਾਨਕ ਜੀ ਦਾ ਗੁਰਦਵਾਰਾ ਹੈ।

ਗੁਰੂ ਨਾਨਕ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਅਤੇ ਮਾਤਾ ਜੀ ਦਾ ਪੇਕਾ ਪਿੰਡ ਚਾਹਲ ਜ਼ਿਲਾ ਲਾਹੌਰ ਵਿਚ ਹੈ। ਬੀਬੀ ਨਾਨਕੀ ਜੀ ਦਾ ਜਨਮ ਇਸੇ ਪਿੰਡ ਵਿਚ ਹੋਇਆ ਸੀ। ਨਾਨਕੇ ਪਿੰਡ ਵਿਚ ਜਨਮ ਲੈਣ ਕਾਰਨ ਹੋ ਉਸ ਦਾ ਨਾਂ ਬੇਬੇ ਨਾਨਕੀ ਹੋ ਗਿਆ ਸੀ। ਸਤਿਗੁਰੂ ਜੀ ਦਾ ਨਾਂ ਵੀ ਬੇਬੇ ਨਾਨਕੀ ਦਾ ਵੀਰ ਹੋਣ ਕਾਰਨ ਨਾਨਕ ਰਖਿਆ ਗਿਆ ਸੀ। ਬੇਬੇ ਨਾਨਕੀ ਆਪਣੇ ਵੀਰ ਤੋਂ ਪੰਜ ਸਾਲ ਵੱਡੀ ਸੀ। ਸਭ ਤੋਂ ਪਹਿਲਾਂ ਦਾਈ ਦੌਲਤਾਂ ਨੇ ਹੀ ਬਾਲ ਨਾਨਕ ਦੀ ਪਛਾਣ ਕੀਤੀ ਦਸੀ ਜਾਂਦੀ ਹੈ ਅਤੇ ਜਦੋਂ ਦੌਲਤਾਂ ਦਾਈ ਨੇ ਦੱਸਿਆ ਕਿ ਉਹਨਾਂ ਦੇ ਘਰ ਇਕ ਇਕ ਪ੍ਰਭਾਵਸ਼ਾਲੀ ਤੇ ਅਨੋਖਾ ਬਾਲਕ ਪੈਦਾ ਹੋਇਆ ਹੈ ਤਾਂ ਮਹਿਤਾ ਕਾਲੂ ਜੀ ਬਹੁਤ ਹੀ ਖੁਸ਼ ਹੋਏ। ਦਾਈ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਕਮਰੇ ਵਿਚ ਇਕ ਅਦਭੁਤ ਚਾਨਣ ਹੋਇਆ ਅਤੇ ਕੁਝ ਖੁਸ਼ੀ ਭਰੀਆਂ ਵਿਸਮਾਦਮਈ ਅਵਾਜ਼ਾਂ ਬਾਲਕ ਨੂੰ ਜੀ ਆਇਆ ਨੂੰ ਕਹਿੰਦਆਂ ਸੁਣੀਆਂ ਗਈਆਂ ਸਨ। ਬਾਲਕ ਵੀ ਕੋਈ ਸਧਾਰਣ ਬਾਲਕ ਨਹੀਂ ਸੀ ਜਨਮ ਸਮੇਂ ਬਿਲਕੁਲ ਵੀ ਰੋਇਆ ਨਹੀਂ ਸੀ ਸਗੋਂ ਮੁਸਕਰਾਇਆ ਸੀ। ਪਿੰਡ ਦਾ ਹਾਕਮ ਰਾਏ ਬੁਲਾਰ ਵੀ ਬਾਲਕ ਨੂੰ ਵੇਖਣ ਵਾਸਤੇ ਆਪਣੇ ਕੁਝ ਸਾਥੀਆਂ ਨਾਲ ਆਇਆ ਸੀ। ਸੁੰਦਰ ਬਾਲਕ ਨੂੰ ਦੇਖ ਸਾਰੇ ਪ੍ਰਸੰਨ ਹੋਏ ਸਨ। ਸਭ ਤੋਂ ਜਿਆਦਾ ਖੁਸ਼ੀ ਭੈਣ ਨਾਨਕੀ ਨੂੰ ਹੋਈ ਸੀ। ਉਹ ਆਪਣੇ ਵੀਰ ਤੋਂ ਇਕ ਪਲ ਵੀ ਵੱਖ ਨਹੀਂ ਹੋਣਾ ਚਾਹੁੰਦੀ ਸੀ। ਛੋਟਾ ਵੀਰ ਵੀ ਆਪਣੀ ਭੈਣ ਨੂੰ ਦੇਖ ਮੁਸਕਰਾ ਰਿਹਾ ਸੀ। ਕਿਹਾ ਜਾਂਦਾ ਹੈ ਭੈਣ ਨੇ ਹੀ ਆਪਣੇ ਵੀਰ ਨਾਨਕ ਨੂੰ ਰੱਬੀ ਰੂਪ ਹੋਣਾ ਪਛਾਣਿਆ ਸੀ। ਉਸ ਤੋਂ ਬਾਅਦ ਰਾਏ ਬੁਲਾਰ ਜੀ ਨੇ ਉਸ ਬਾਲ ਨਾਨਕ ਨੂੰ ਅਕਾਲ ਪੁਰਖ ਦੇ ਰੂਪ ਵਿਚ ਮੰਨਿਆ ਸੀ। ਸਾਡੇ ਸਮਾਜ ਦੇ ਅੰਦਰ ਇਹ ਧਾਰਨਾ ਹੈ ਕਿ ਜੇ ਕਰ ਪੁਤ੍ਰੀ ਤੋਂ ਬਾਅਦ ਪੁੱਤਰ ਪੈਦਾ ਹੋਵੇ ਤਾਂ ਇਹ ਸ਼ੁਭ ਲੱਛਣ ਮੰਨਿਆ ਜਾਂਦਾ ਹੈ ਕਿਓਂਕਿ ਇਹ ਸਮਝਿਆ ਜਾਂਦਾ ਹੈ ਕਿ ਭੈਣ ਆਪਣੇ ਵੀਰ ਨੂੰ ਲੈ ਕੇ ਆਈ ਹੈ। ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਨੂੰ ਬਹੁਤ ਹੀ ਪਿਆਰ ਕਰਦੇ ਸਨ ਅਤੇ ਜਦੋਂ ਵੀ ਭੈਣ ਨਾਨਕੀ ਉਨ੍ਹਾਂ ਨੂੰ ਯਾਦ ਕਰਦੇ ਸਨ ਉਹ ਹਾਜ਼ਰ ਹੋ ਜਾਇਆ ਕਰਦੇ ਸਨ। 

ਬਾਲ ਨਾਨਕ ਦੀ ਤੀਖਣ ਬੁੱਧੀ ਸੀ ਬਾਲ ਨਾਨਕ ਦੇ ਤਿੰਨ ਅਧਿਆਪਕ ,ਹਿੰਦੀ ਲਈ ਗੋਪਾਲ ਪੰਡਿਤ, ਸੰਸਕ੍ਰਿਤ ਲਈ ਬ੍ਰਿਜ ਲਾਲ ਪੰਡਿਤ,ਅਤੇ ਫਾਰਸੀ ਲਈ ਮੌਲਵੀ ਕੁਤਬਦੀਨ ਸੀ ਇਹ ਤਿੰਨੇ ਅਧਿਆਪਕ ਹੀ ਬਾਲ ਨਾਨਕ ਦੀ ਬੁੱਧੀਮਤਾ ਤੋਂ ਬੜੇ ਹੈਰਾਨ ਹੋਏ ਸੀ। ਉਨ੍ਹਾਂ ਦਾ ਕੇਵਲ ਰੌਸ਼ਨ ਦਿਮਾਗ ਹੀ ਨਹੀਂ ਸੀ ਸਗੋਂ ਉਨ੍ਹਾਂ ਨੂੰ ਧਾਰਮਿਕ  ਜੀਵਨ ਦੀ ਪੂਰੀ ਸੂਝ ਸੀ। ਇਸ ਕਾਰਨ ਹੀ ਹਿੰਦੂ ਅਤੇ ਮੁਸਲਮਾਨ ਉਨ੍ਹਾਂ ਨੂੰ ਸਿਰ ਨਿਵਾਣ ਲੱਗ ਪਏ ਸਨ। ਉਸ ਸਮੇਂ ਦਾ ਹਾਕਮ ਰਾਏ ਬੁਲਾਰ ਵੀ ਆਖਦਾ ਸੀ ਕਿ ਇਸ ਬਾਲਕ ਉਪਰ ਖ਼ੁਦਾਇ ਦੀ ਖਾਸ ਰਹਿਮਤ ਹੈ।

ਬਾਲ ਨਾਨਕ ਦੇ ਕੌਤਕ ਰਾਏ ਬੁਲਾਰ ਜੀ ਨੇ ਅੱਖੀਂ ਦੇਖੇ ਸਨ ਜਿਸ ਕਾਰਨ ਉਨ੍ਹਾਂ ਦਾ ਇਹ ਵਿਚਾਰ ਬਣਿਆ ਸੀ। ਸਾਖੀਆਂ ਅੰਦਰ ਲਿਖਿਆ ਮਿਲਦਾ ਹੈ ਕਿ ਇਕ ਵਾਰ ਬਾਲ ਨਾਨਕ ਵੈਰਾਗ ਅਵਸਥਾ ਦੇ ਅੰਦਰ ਅਕਾਲ ਪੁਰਖ ਦੇ ਭਗਤੀ ਰੰਗ ਵਿਚ ਇਕੱਲੇ ਹੀ ਘਰੋਂ ਚੱਲ ਪਏ। ਖੇਤਾਂ ਦੇ ਲਾਗੇ ਹੀ ਇਕ ਰੁੱਖ ਦੇ ਥੱਲੇ ਬੈਠ ਧਿਆਨ ਵਿਚ ਮਗਨ ਹੋ ਗਏ। ਅਕਾਲ ਪੁਰਖ ਦੇ ਰੰਗ ਵਿਚ, ਸਰੂਰ ਅੰਦਰ ਹੀ ਰੁੱਖ ਦੇ ਥੱਲੇ ਲੰਮੇ ਪੈ ਗਏ। ਉਸ ਅਕਾਲ ਪੁਰਖ ਦੇ ਭਾਣੇ ਅੰਦਰ ਹੀ ਰਾਏ ਬੁਲਾਰ ਘੋੜੇ ਤੇ ਸਵਾਰ ਖੇਤਾਂ ਵਿਚ ਗੇੜਾ ਮਾਰ ਘਰ ਆ ਰਿਹਾ ਸੀ ਕਿ ਉਸ ਨੇ ਬਾਲ ਨਾਨਕ ਨੂੰ ਰੁੱਖ ਥੱਲੇ ਸੁਤੇ ਹੋਏ ਡਿਠਾ। ਇਕ ਸਫੇਦ ਰੰਗ ਦੇ  ਵੱਡੇ  ਫਨੀਅਰ ਸੱਪ ਨੇ ਆਪਣਾ ਫਨ ਫੈਲਾ ਕੇ ਸਤਿਗੁਰਾਂ ਦੇ ਨੂਰਾਨੀ ਚੇਹਰੇ ਉਪਰ ਛਾਂ ਕੀਤੀ ਹੋਈ ਸੀ। ਇਸ ਅਲੌਕਿਕ ਕੌਤਕ ਨੂੰ ਦੇਖ ਰਾਏ ਬੁਲਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਘੋੜੇ ਤੋਂ ਉਤਰ ਜਦੋਂ ਰਾਏ ਬੁਲਾਰ ਬਾਲ ਨਾਨਕ ਵਲ ਨੂੰ ਹੋਇਆ ਤਾਂ ਉਹ ਸੱਪ ਝਾੜੀਆਂ ਵਿਚ ਲੁਕ ਗਿਆ। ਰਾਏ ਬੁਲਾਰ ਸਮਝ ਗਿਆ ਕਿ ਬਾਲ ਨਾਨਕ ਕੋਈ ਸਧਾਰਨ ਬਾਲ ਨਹੀਂ ਹੈ। ਉਸ ਨੂੰ ਇੰਜ ਮਹਿਸੂਸ ਹੋਇਆ ਕਿ ਇਹ ਤਾਂ ਅਕਾਲ ਪੁਰਖ ਦਾ ਹੀ ਸਰੂਪ ਹੈ। ਉਹ ਮਨ ਹੀ ਮਨ ਬਾਲ ਨਾਨਕ ਜੀ ਦਾ ਸਚਾ ਸਿੱਖ ਬਣ ਗਿਆ ਅਤੇ ਉਨ੍ਹਾਂ ਦੇ ਚਰਨਾਂ ਉਪਰ ਜਾ ਮੱਥਾ ਟੇਕਿਆ। ਬਾਲ ਨਾਨਕ ਦੀ ਸਮਾਧੀ ਖੁਲ ਗਈ ਤੇ ਰਾਏ ਬੁਲਾਰ ਸਤਿਕਾਰ ਸਹਿਤ ਉਨ੍ਹਾਂ ਨੂੰ ਘਰ ਵਾਪਸ ਲੈ ਆਇਆ। ਰਾਏ ਬੁਲਾਰ ਉਸ ਦਿਨ ਤੋਂ ਰੋਜ਼ਾਨਾ ਬਾਲਾ ਪ੍ਰੀਤਮ ਨਾਨਕ ਜੀ ਦੇ ਘਰ ਦਰਸ਼ਨ ਕਰਨ ਸਵੇਰੇ ਆਓਂਦਾ ਸੀ।

ਇਕ ਦਿਨ ਰਾਏ ਬੁਲਾਰ ਸਵੇਰੇ ਕੁਝ ਦੇਰ ਨਾਲ ਬਾਲ ਨਾਨਕ ਦੇ ਦਰਸ਼ਨ ਕਰਨ ਉਨ੍ਹਾਂ ਦੇ ਘਰ ਪੁਜੇ ਤਾਂ ਬਾਲ ਨਾਨਕ ਘਰ ਵਿਚ ਮੌਜੂਦ ਨਹੀਂ ਸਨ। ਘਰੋਂ ਪੁੱਛਿਆ ਤਾਂ ਦੱਸਿਆ ਗਿਆ ਕਿ ਬਾਲ ਨਾਨਕ ਤਾਂ ਬਾਹਰ ਖੇਡਣ ਲਈ ਗਏ ਹਨ। ਦਰਸ਼ਨ ਕਰਨ ਖਾਤਰ ਰਾਏ ਬੁਲਾਰ ਉਨ੍ਹਾਂ ਦੀ ਭਾਲ ਵਿਚ ਬਾਹਰ ਚਲੇ ਗਏ। ਬਾਲ ਨਾਨਕ ਹੋਰ ਬੱਚਿਆਂ ਨਾਲ ਖੇਡਣ ਦੀ ਬਜਾਏ ਇਕ ਦਰੱਖਤ ਥਲੇ ਅਕਾਲ ਪੁਰਖ ਦੇ ਰੰਗ ਵਿਚ ਮਗਨ ਹੋ ਗਏ ਸਨ। ਉਨ੍ਹਾਂ ਦੀ ਸੁਰਤਿ ਐਸੀ ਜੁੜੀ ਕਿ ਉਨ੍ਹਾਂ ਨੂੰ ਸਮੇਂ ਦਾ ਧਿਆਨ ਵਿਸਰ ਗਿਆ। ਸਵੇਰ ਤੋਂ ਸ਼ਾਮ ਹੋ ਗਈ। ਰੁੱਖਾਂ ਦੇ ਪਰਛਾਵੇਂ ਢਲ ਗਏ ਭਾਵ ਪੱਛਮ ਤੋਂ ਪੂਰਬ ਵਲ ਵਲ ਹੋ ਗਏ ਸਨ।

ਰਾਏ ਬੁਲਾਰ ਬਾਲ ਨਾਨਕ ਦੀ ਭਾਲ ਕਰਦਾ ਹੋਇਆ ਘੋੜੇ ਤੇ ਸਵਾਰ ਅਖੀਰ ਉਸ ਜਗਾਹ ਤੇ ਪੁੱਜਾ ਜਿਥੇ ਬਾਲ ਨਾਨਕ ਅਕਾਲ ਪੁਰਖ ਨਾਲ ਸੂਰਤ ਜੋੜ ਕੇ ਲੰਮੇ ਪਏ  ਹੋਏ ਸਨ। ਰਾਏ ਬੁਲਾਰ ਇਹ ਦੇਖ ਕੇ ਅਸਚਰਜ ਰਹਿ ਗਿਆ ਕਿ ਜਿਸ ਦਰੱਖਤ ਥੱਲੇ ਬਾਲ ਨਾਨਕ ਪਏ ਸਨ, ਉਸ ਦਰੱਖਤ ਦੀ ਛਾਂ ਜਿਓਂ ਦੀ ਤਿਓਂ ਬਾਲ ਨਾਨਕ ਜੀ ਦੇ ਮੁਖੜੇ ਤੇ ਪੈ ਰਹੀ ਸੀ। ਜਦੋ ਕਿ ਬਾਕੀ ਰੁੱਖਾਂ ਦੀ ਛਾਂ ਢਲ ਚੁਕੀ ਸੀ। ਰਾਏ ਬੁਲਾਰ ਨੇ ਬਾਲ ਨਾਨਕ ਨੂੰ ਮੱਥਾ ਟੇਕਿਆ। ਸਤਿਗੁਰਾਂ ਦੀ ਸਮਾਧੀ ਖੁਲ ਗਈ | ਬਾਲ ਨਾਨਕ ਤੇ ਰਾਏ ਬੁਲਾਰ ਘੋੜੇ ਤੇ ਸਵਾਰ ਹੋ ਕੇ ਘਰ ਆ ਗਏ।

ਬਾਲ ਅਵਸਥਾ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਨਾਮ ਦੀ ਸਿਖਿਆ ਦੇਣ ਲਈ ਕਈ ਕੌਤਕ ਰਚਦੇ ਰਹਿੰਦੇ ਸਨ ਉਨ੍ਹਾਂ ਕੌਤਕਾਂ ਵਿਚੋਂ ਇਕ ਵੀਹ ਰੁਪਏ ਦਾ ਖਰ੍ਹਾ  ਅਤੇ ਸੱਚਾ ਸੌਦਾ ਕਰਨਾ ਵੀ ਹੈ। ਇਸ ਕੌਤਕ  ਤੋਂ ਹੀ ਲੰਗਰ ਤੇ ਪੰਗਤ ਦੀ ਮਹਾਨ ਪ੍ਰਥਾ ਸ਼ੁਰੂ ਹੋਈ।

ਖਰੇ ਸੌਦੇ ਵਾਲੇ ਕੌਤਕ ਦਾ ਜਦੋਂ ਰਾਏ ਬੁਲਾਰ ਨੂੰ ਪਤਾ ਲੱਗਾ ਤਾਂ ਉਹ ਝੱਟ ਤਿਆਰ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਆ ਗਏ। ਵੀਹ ਰੁਪਏ ਨੁਕਸਾਨ ਦੇ ਆਪਣੇ ਕੋਲੋਂ ਮਹਿਤਾ ਕਲਿਆਣ ਚੰਦ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਮਹਿਤਾ ਕਲਿਆਣ ਚੰਦ, ਰਾਏ ਬੁਲਾਰ ਦੀ ਨਾਨਕ ਪ੍ਰਤੀ ਸ਼ਰਧਾ ਦੇਖ ਸ਼ਾਂਤ ਹੋ ਗਏ। ਉਨ੍ਹਾਂ ਨੇ ਆਪਣੇ ਮਨ ਵਿਚ ਸੋਚਿਆ ਕਿ ਨਾਨਕ ਨੇ ਇਨ੍ਹਾਂ ਵੀ ਨੁਕਸਾਨ ਨਹੀਂ ਕੀਤਾ ਜੋ ਕਿ ਸਹਿਣ ਨਾ ਕੀਤਾ ਜਾ ਸਕੇ। ਉਨ੍ਹਾਂ ਨੇ ਵੀਹ ਰੁਪਏ ਲੈਣ ਤੋਂ ਮਨ੍ਹਾ ਕਰ ਦਿਤਾ। ਰਾਏ ਬੁਲਾਰ ਨੂੰ ਆਦਰ ਸਾਹਿਤ ਮੰਜੇ ਤੇ ਬੈਠਣ ਲਈ ਬੇਨਤੀ ਕੀਤੀ। ਰਾਏ ਬੁਲਾਰ ਸੱਚੇ ਸੌਦੇ ਵਾਲੇ ਕੌਤਕ ਦਾ ਪੂਰਾ ਵੇਰਵਾ ਸੁਣ ਕੇ ਨਿਹਾਲ ਹੋਏ। ਰਾਏ ਬੁਲਾਰ ਨੂੰ ਜ਼ਿਆਦਾ ਖੁਸ਼ੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾ ਦੀ ਹੋ ਰਹੀ ਸੀ। ਜਨੇਊ ਪਹਿਨਣ ਤੋਂ ਦਲੀਲ ਸਾਹਿਤ ਇਨਕਾਰੀ ਹੋਣਾ, ਕਰਮ ਕਾਂਡ ਦੇ ਸਦੀਆਂ ਤੋਂ ਚਲੇ ਆ ਰਹੇ ਭਰਮ ਉਪਰ ਗੁਰੂ ਨਾਨਕ ਦੀ ਪਹਿਲੀ ਕਰਾਰੀ ਚੋਟ ਸੀ। ਜੀਵਨ ਸੰਗਰਾਮ ਵਿਚ ਉਨ੍ਹਾਂ ਦੀ ਇਹ ਪਹਿਲੀ ਜਿੱਤ ਸੀ ਜੋ ਉਨ੍ਹਾਂ ਨੇ ਆਪਣੀ ਦ੍ਰਿੜਤਾ ਦੇ ਬਲ ਨਾਲ ਪ੍ਰਾਪਤ ਕੀਤੀ ਸੀ।

ਰਾਏ ਬੁਲਾਰ ਜੀ 10 ਪਿੰਡਾਂ ਦਾ ਮਾਲਕ ਸੀ। ਇਹ ਜਾਗੀਰ ਉਨ੍ਹਾਂ ਦੇ ਪਿਓ ਨੂੰ ਮੁਸਲਮਾਨ ਹੋ ਜਾਣ ਕਾਰਨ ਮੌਕੇ ਦੀ ਹਕੂਮਤ ਨੇ ਉਨ੍ਹਾਂ ਨੂੰ ਦਿਤੀ ਸੀ। ਬਾਬਾ ਕਾਲੂ ਜੀ ਇਹਨਾਂ ਦਸਾਂ ਪਿੰਡਾਂ ਦੇ ਹੀ ਪਟਵਾਰੀ ਸਨ ਅਤੇ ਰਾਏ ਬੁਲਾਰ ਨੇ ਕੁਝ ਜ਼ਮੀਨ ਦੀ ਮਾਲਕੀ ਵੀ ਉਨ੍ਹਾਂ ਨੂੰ ਦਿਤੀ ਹੋਈ ਸੀ। ਵਾਹੀ ਦਾ ਕੰਮ ਬਾਬਾ ਕਾਲੂ ਜੀ ਮੁਜ਼ਾਹਰਿਆਂ ਤੋਂ ਕਰਵਾਉਂਦੇ ਸਨ। ਸਰਕਾਰੀ ਕੰਮ ਹੋਣ ਕਾਰਨ ਪਟਵਾਰੀ ਸਾਹਿਬ ਤੋਰੇ ਫੇਰੇ ਤੇ ਹੀ ਰਹਿੰਦੇ ਸਨ ਇਸ ਲਈ ਜ਼ਮੀਨ ਦੀ ਨਿਗਰਾਨੀ ਉਹ ਆਪ ਹੀ ਕਰਿਆ ਕਰਦੇ ਸਨ। ਇਹ ਜ਼ਮੀਨ ਤਲਵੰਡੀ ਦੇ ਨੇੜੇ ਹੀ ਸੀ ਇਸ ਲਈ ਬਾਲ ਨਾਨਕ ਛੋਟੀ ਉਮਰ ਵਿਚ ਹੀ ਆਪਣੇ ਖੇਤਾਂ ਵਿਚ ਚਲੇ ਜਾਇਆ ਕਰਦੇ ਸਨ। ਬਾਬਾ ਕਾਲੂ ਜੀ ਦਾ ਕਾਫੀ ਮਾਲ ਡੰਗਰ ਵੀ ਸੀ ਅਤੇ ਕਾਮੇ ਪਸ਼ੂਆਂ ਨੂੰ ਚਰਨ ਲਈ ਲੈ ਜਾਇਆ ਕਰਦੇ ਸਨ ਅਤੇ ਕਦੇ ਕਦੇ ਬਾਲ ਨਾਨਕ ਵੀ ਉਨ੍ਹਾਂ ਦੇ ਨਾਲ ਚਲੇ ਜਾਇਆ ਕਰਦੇ ਸਨ। ਰਾਏ ਬੁਲਾਰ ਪਿੰਡ ਦਾ ਮਾਲਕ ਸੀ ਉਸ ਦੇ ਘਰ ਅੰਨ-ਧੰਨ ਦੀ ਬੇ-ਪਰਵਾਹੀ ਸੀ। ਪਟਵਾਰੀ ਸਾਹਿਬ ਦੇ ਘਰ ਵੀ ਕੋਈ ਥੁੜੋਂ ਨਹੀਂ ਸੀ | ਇਕ ਵਾਰ ਮਹੀਆਂ ਦਾ ਮਾਹੀ ਕਿਤੇ ਗਿਆ ਹੋਇਆ ਸੀ। ਆਪਣੇ ਪਿਤਾ ਦੀ ਆਗਿਆ ਨਾਲ ਬਾਲ ਨਾਨਕ ਮਹੀਆਂ ਨੂੰ ਚਾਰਨ ਲਈ ਲੈ ਗਏ। ਮਹੀਆਂ ਨੂੰ ਚਰਦੀਆਂ ਛੱਡ ਬਾਲ ਨਾਨਕ ਰੁੱਖਾਂ ਦੀ ਛਾਂ ਹੇਠ ਬੈਠ ਗਏ ਅਤੇ ਉਨ੍ਹਾਂ ਦੀ ਅੱਖ ਲੱਗ ਗਈ। ਇਤਨੇ ਵਿਚ ਮਹੀਆਂ ਕਿਸੇ ਦੇ ਖੇਤ ਵਿਚ ਜਾ ਪਈਆਂ। ਉਧਰੋਂ ਉਸ ਪੈਲੀ ਦੇ ਮਾਲਕ ਨੇ ਮਹੀਆਂ ਨੂੰ ਪੈਲੀ ਵਿਚ ਚਰਦਿਆਂ  ਨੂੰ ਦੇਖ ਲਿਆ। ਉਹ ਲੋਹਾ ਲਾਖਾ ਹੋ ਗਿਆ ਅਤੇ ਕ੍ਰੋਧ ਵਿਚ ਮੰਦਾ ਬੋਲਦਾ ਹੋਇਆ ਭੱਜਿਆ ਆਇਆ। ਉਸ ਦਾ ਰੌਲਾ ਸੁਣ ਬਾਲ ਨਾਨਕ ਦੀ ਅੱਖ ਖੁਲ ਗਈ। ਬਾਲ ਨਾਨਕ ਨੇ ਉਸ ਦੀ ਪੈਲੀ ਵਿਚੋਂ ਮਹੀਆ ਨੂੰ ਕੱਢਿਆ ਅਤੇ ਉਨ੍ਹਾਂ ਨੂੰ ਦਿਲ ਅੰਦਰ ਬੜੀ ਹੀ ਚੋਭ ਲੱਗੀ। ਉਹ ਗਰੀਬਾਂ ਦੇ ਦਰਦੀ ਸਨ ਅਤੇ ਮੇਹਨਤ ਦੀ ਕਦਰ ਕਰਦੇ ਸਨ। ਜਦੋਂ ਕਿਸਾਨ ਨੇੜੇ ਪੁਜਾ ਤਾਂ ਉਸ ਨੇ ਬਾਲ ਨਾਨਕ ਨੂੰ ਦੇਖਿਆ ਤਾਂ ਪਟਵਾਰੀ ਦਾ ਪੁੱਤਰ ਹੋਣ ਕਾਰਨ ਅਤੇ ਉਨ੍ਹਾਂ ਦੀ ਉੱਚਤਾ ਦੀ ਚਰਚਾ ਹੋਣ ਕਾਰਨ ਮੰਦਾ ਬੋਲਣਾ ਬੰਦ ਕਰ ਦਿਤਾ। ਪਰ ਪੈਲੀ ਦੇ ਹੋਏ ਨੁਕਸਾਨ ਕਾਰਨ ਉਹ ਨਾਨਕ ਨੂੰ ਲੈ ਕੇ ਰਾਏ ਬੁਲਾਰ ਵਲ ਚਲ ਪਿਆ। ਜਦੋਂ ਸਤਿਗੁਰੂ ਨਾਨਕ ਨੂੰ ਰਾਏ ਬੁਲਾਰ ਵਲ ਲੈ ਕੇ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਪੈਲੀ ਵਲ ਪਿਆਰ ਨਾਲ ਨਜ਼ਰ ਘੁਮਾਈ ਤਾਂ ਕਿਸਾਨ ਦਾ ਬੇੜਾ ਪਾਰ ਹੋ ਗਿਆ ਸੀ |

ਕਿਸਾਨ ਨੇ ਰਾਏ ਬੁਲਾਰ ਜੀ ਕੋਲ ਪੁੱਜ ਕੇ ਤਪੇ ਹੋਏ ਦਿਲ ਨਾਲ ਆਪਣੀ ਵਿਥਿਆ ਸੁਣਾਈ। ਨਗਰ ਦੇ ਹੋਰ ਲੋਕ ਵੀ ਇਕੱਠੇ ਹੋ ਗਏ। ਬਾਲ ਨਾਨਕ ਨੇ ਬੜੇ ਹੀ ਸਹਿਜ ਨਾਲ ਕਿਹਾ ਕਿ ਜਗਤ ਦੀ ਸਾਰ ਰੱਖਣ ਵਾਲੇ ਦੀ ਮੇਹਰ ਨਾਲ ਖੇਤ ਤਾਂ ਹਰ ਭਰਾ ਹੀ ਹੈ। ਰਾਏ ਬੁਲਾਰ ਜੀ ਨੇ ਇਕ ਦੋ ਬੰਦੇ ਕਿਸਾਨ ਦੇ ਨਾਲ ਭੇਜ ਦਿਤੇ। ਉਨ੍ਹਾਂ ਨੇ ਦੇਖਿਆ ਕਿ ਸੱਚਮੁੱਚ ਹੀ ਕੋਈ ਉਜਾੜਾ ਨਹੀਂ ਨਜ਼ਰ ਆ ਰਿਹਾ ਸੀ। ਰਾਏ ਬੁਲਾਰ ਜੀ ਨੇ ਕਿਹਾ ਕਿ ਇਸ ਬਾਲਕ ਦੇ ਉਪਰ ਉਸ ਖੁਦਾ ਦੀ ਰਹਿਮਤ ਹੈ। 

ਮੋਹਨ ਸਿੰਘ ਜੀ ਨੇ ਕਿਤਨਾ ਸੁੰਦਰ ਲਿਖਿਆ ਹੈ ਕਿ –

ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ । ਕਦਰ ਇਨ੍ਹਾਂ ਦੀ ਕੋਈ ਆਸ਼ਕ ਪਾਵੇ।
ਗੰਗਾ ਬਾਹਮਣੀ ਕਿ ਜਾਣੇ ? ਮੇਰੇ ਫੁੱਲ ਝਨਾਂ ਵਿਚ ਪਾਣੇ ।

ਗੰਗਾ ਜਮੁਨਾ ਪੂਰਬ ਵਲ ਵਹਿੰਦੀਆਂ ਹਨ। ਪੰਜਾਬ ਦੇ ਦਰਿਆ ਪੱਛਮ ਵਲ ਨੂੰ। ਭਾਰਤ ਪੂਰਬ ਮੁਖੀ ਅਤੇ ਪੰਜਾਬ ਪੱਛਮ ਮੁਖੀ। ਗੁਰੂ ਨਾਨਕ ਦੇਵ ਜੀ ਨੇ ਵੀ ਚੜਦੇ ਵੱਲ ਆਪਣੇ ਪਿਤਰਾਂ ਨੂੰ ਪਾਣੀ ਦੇਣ ਦੀ ਥਾਂ ਲਹਿੰਦੇ ਵਲ ਮੂੰਹ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣ ਦੀ ਕਟਾਖ-ਕਿਰਿਆ ਕੀਤੀ ਸੀ। ਇਹ ਨਿਰਾ ਪੂਰਾ ਨਾਂਹ-ਪੱਖੀ ਕਟਾਖ ਹੀ ਨਹੀਂ ਸੀ ਸਗੋਂ ਕਰਮ-ਕਾਂਡੀ ਅੰਧ-ਵਿਸ਼ਵਾਸ਼ ਦੇ ਵਿਰੁੱਧ ਅਤੇ ਯਥਾਰਥ ਨਾਲ ਜੁੜਨ ਦੀ ਇਕ ਹਾਂ-ਪੱਖੀ ਪ੍ਰੇਰਣਾ ਵੀ ਸੀ। ਭਾਰਤ ਨਿੱਕੀਆਂ ਵੱਡੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ ਜਿਹੜੀਆਂ ਰਜਵਾੜਾ-ਸ਼ਾਹੀ ਸਨ ਅਤੇ ਆਪਸ ਵਿਚ ਫੁੱਟ ਪ੍ਰਧਾਨ ਸੀ। ਆਪਸੀ ਈਰਖਾ ਹੋਣ ਕਰਕੇ ਗੁਆਂਢੀਆਂ ਤੇ ਬਦੇਸ਼ੀ ਹਮਲਾਵਰਾਂ ਦੇ ਨਿਸ਼ਾਨੇ ਤੇ ਸਨ। ਜੇ ਕਰ ਕੋਈ ਹਮਲਾਵਰ ਕਿਸੇ ਰਾਜ ਤੇ ਚੜ੍ਹ ਕੇ ਆਇਆ ਤਾਂ ਗੁਆਂਢੀਆਂ ਨੇ ਉਸ ਦੀ ਮਦਦ ਨਹੀਂ ਕੀਤੀ। ਸਾਰੇ ਰਾਜ ਰਿਆਸਤਾਂ ਬਣ ਕੇ ਹੀ ਰਹਿ ਗਏ ਸਨ ਕੋਈ ਵੀ ਸਮੁਚੇ ਹਿੰਦੁਸਤਾਨ ਦੀ ਗੱਲ ਨਹੀਂ ਸੀ ਕਰਦਾ। ਗੁਰੂ ਨਾਨਕ ਦੇਵ ਜੀ ਪਹਿਲੇ ਸਾਹਿਤਕਾਰ ਹੋਏ ਹਨ ਜਿਨ੍ਹਾਂ ਸਾਰੇ ਦੇਸ਼ ਦਾ ਦਰਦ ਮਹਿਸੂਸ ਕੀਤਾ ਅਤੇ ਹਿੰਦੁਸਤਾਨ ਸ਼ਬਦ ਦੀ ਵਰਤੋਂ ਕੀਤੀ ਸੀ। ਬਾਬਰ ਨੂੰ ਜਾਬਰ ਕਹਿੰਦੇ ਹੋਏ ਲੋਕਾਈ ਦਾ ਦਰਦ ਮਹਿਸੂਸ ਕਰ ਲਿਖਿਆ ਕਿ –

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਆਪੈ ਦੋਸ ਨ ਦੇਈ ਕਰਤਾ ਜਮੁ ਕਰ ਮੁਗਲ ਚੜਾਇਆ।
ਏਤੀ ਮਾਰ ਪਈ ਕੁਰਲਾਣੇ ਤੈਂ ਕਿ ਦਰਦ ਨਾ ਆਇਆ।
(ਸਗਗਸ ਅੰਗ 360)

ਗੁਰੂ ਨਾਨਕ ਦੇਵ ਜੀ ਹਿੰਦੁਸਤਾਨੀਆਂ ਦੇ ਮਨਾਂ ਅੰਦਰ ਘਰ ਕਰ ਚੁਕੀ ਗੁਲਾਮੀ ਦੀ ਜ਼ਹਿਨੀਅਤ ਤੋਂ ਮੁਕਤ ਕਰਾਉਣਾ ਚਾਹੁੰਦੇ ਸਨ। ਉਹ ਹੈਰਾਨ ਸਨ ਕਿ ਹਿੰਦੁਸਤਾਨੀਆਂ ਨੇ ਆਪਣਾ ਸੱਭਿਆਚਾਰ ਭੁਲਾ ਛੱਡਿਆ ਸੀ। ਧਰਮ ਵੀ ਛੱਡ ਗਏ ਸੀ —

 ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥
(ਸਗਗਸ –ਅੰਗ 662)

ਗੁਰੂ ਜੀ ਸਾਰੇ ਹਿੰਦੁਸਤਾਨੀਆਂ ਅੰਦਰੋਂ ਡਰ ਤੇ ਕਾਇਰਤਾ ਕੱਢ ਕੇ ਉਨ੍ਹਾਂ ਅੰਦਰ ਸਾਂਝੀ ਕੌਮੀਅਤ ਜਗਾਉਣਾ ਚਾਹੁੰਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੁਸਤਾਨ ਕੌਮੀਅਤ ਦੇ ਵਿਚਾਰ ਤੋਂ ਹੀਣਾ ਹੀ ਸੀ। ਗੋਕਲ ਚੰਦ ਨਾਰੰਗ ਦੇ ਅਨੁਸਾਰ “ਗੁਰ ਨਾਨਕ ਦੇਵ ਦਾ ਆਗਮਨ ਸਾਂਝੀ ਕੌਮੀਅਤ ਦੀ ਚੇਤਨਾ ਜਗਾਉਣ ਵਲ ਇਕ ਮਹਾਨ ਕਦਮ ਸੀ।”

ਸ਼ਾਹੀ-ਨਾ-ਫੁਰਮਾਨੀ ਦੀ ਤਹਿਰੀਕ ਵੀ ਗੁਰੂ ਬਾਬੇ ਨੇ ਹੀ ਸਿਖਾਈ। ਲੋਧੀ ਦੇ ਦਰਬਾਰ ਅੰਦਰ ਕਰਾਮਾਤ ਦਿਖਾਉਣ ਦੇ ਹੁਕਮ ਦੀ ਉਲੰਘਣਾ ਕੀਤੀ। ਸ਼ਾਹੀ ਨਾ ਫੁਰਮਾਨੀ ਦੀ ਇਹ ਪ੍ਰਥਾ ਸਿੱਖੀ ਦੀ ਪੁਸ਼ਤ ਦਰ ਪੁਸ਼ਤ ਚਲੀ ਸੀ। ਸਰਕਾਰ ਨੂੰ ਇਸ ਹਾਲਤ ਤੋਂ ਚਿੰਤਾ ਹੋਣੀ ਸੀ ਜੋ ਹੋਈ ਸੀ। ਕੋਈ ਵੀ ਸਰਕਾਰ ਜਨਤਾ ਦੀ ਬੇਦਾਰੀ ਸਹਿਣ ਨਹੀਂ ਕਰ ਸਕਦੀ। ਇਸੇ ਕਾਰਨ ਹੀ ਪੰਜਵੇਂ ਪਾਤਸ਼ਾਹ ਜੀ ਨੂੰ ਯਸ਼ ਨਿਯਮ ਅਧੀਨ ਸਜ਼ਾ ਦਿਤੀ ਗਈ ਸੀ। 

ਗੁਰੂ ਸਾਹਿਬ ਦੀ ਭਾਈ ਮਰਦਾਨੇ ਨਾਲ ਸਾਂਝ ਬਚਪਨ ਵਿਚ ਹੀ ਹੋ ਗਈ ਸੀ। ਮਰਦਾਨਾ ਰਾਗਾਂ ਵਿਚ ਪ੍ਰਬੀਨ ਹੋ ਗਿਆ ਸੀ। ਗੁਰੂ ਸਾਹਿਬ ਅੰਮ੍ਰਿਤ ਵੇਲੇ ਤੋਂ ਪਹਿਰ ਦਿਨ ਚੜੇ ਤਕ ਗਾਏ ਜਾਂਦੇ ਰਾਗ ਜਿਵੇਂ ——-ਆਸਾ, ਭੈਰਉ, ਪ੍ਰਭਾਤੀ, ਸੂਹੀ, ਬਿਲਾਵਲ, ਰਾਮਕਲੀ, ਤੁਖਾਰੀ ਅਤੇ ਗੂਜਰੀ ਹਨ। ਗੁਰ ਸਾਹਿਬ ਇਸ਼ਨਾਨ ਆਦਿਕ ਤੋਂ ਵੇਹਲੇ ਹੋ ਅੰਮ੍ਰਿਤ ਵੇਲੇ ਤੋਂ ਪਹਿਰ ਚੜੇ ਤਕ ਕੀਰਤਨ ਰਾਹੀਂ ਅਕਾਲ ਪੁਰਖ ਦੀ ਯਾਦ ਵਿਚ ਜੁੜੇ ਰਹਿੰਦੇ ਸਨ ਅਤੇ ਭਾਈ ਮਰਦਾਨਾ ਉਨ੍ਹਾਂ ਦਾ ਸਾਥ ਦਿਆ ਕਰਦਾ ਸੀ। ਤੀਜੇ ਚੌਥੇ ਪਹਿਰ ਨੂੰ ਗਾਏ ਜਾਣ ਵਾਲੇ ਰਾਗ ਹਨ —-ਸਿਰੀ, ਗਉੜੀ, ਧਨਾਸਰੀ, ਤਿਲੰਗ ਅਤੇ ਮਾਰੂ ਰਾਗ।

ਅਤੇ ਰਾਤ ਦੇ ਰਾਗਾਂ ਵਿਚ ਵਡਹੰਸੁ, ਸੋਰਠਿ, ਮਲਾਰ, ਬਸੰਤੁ ਅਤੇ ਕਾਨੜਾ
ਦੁਪਹਿਰ ਦੇ ਸਮੇਂ ਇਕੋ ਰਾਗ ਹੀ ਗੁਰੂ ਜੀ ਨੇ ਲਿਆ ਹੈ —–ਸਾਰੰਗ 

ਉਪਰੋਕਤ ਤੋਂ ਇਹ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਗੁਰੂ ਸਾਹਿਬ ਕੀਰਤਨ ਦੇ ਬੜੇ ਹੀ ਪ੍ਰੇਮੀ ਸਨ। ਕੀਰਤਨ ਵਿਚ ਭਾਈ ਮਰਦਾਨਾ ਸਾਰੇ ਰਾਗਾਂ, ਜੋ ਕਿ 19 ਸਨ, ਉਨ੍ਹਾਂ ਦਾ ਪੂਰਾ ਸਾਥ ਨਿਭਾਉਂਦਾ ਸੀ।

ਸਹਾਇਕ ਪੁਸਤਕਾਂ ਦੀ  ਸੂਚੀ:

1. ਜੀਵਨ ਬਿਰਤਾਂਤ ਸ਼੍ਰੀ ਗੁਰੂ ਨਾਨਕ ਦੇਵ ਜੀ  ਲੇਖਕ ਪ੍ਰੋਫੈਸਰ ਸਾਹਿਬ ਸਿੰਘ ਜੀ
2. ਸਿੱਖ ਗੁਰੂਆਂ ਦੇ ਬਚਪਨ ਦੀਆਂ ਸਾਖੀਆਂ ਲੇਖਕ ਪ੍ਰਿੰਸੀਪਲ ਦਲਜੀਤ ਸਿੰਘ ਜੀ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ |
3. ਸਚਿਤਰ ਜੀਵਨ ਸਾਖੀਆਂ ਗੁਰੂ ਨਾਨਕ ਦੇਵ ਜੀ ਲੇਖਕ ਡਾਕਟਰ ਅਜੀਤ ਸਿੰਘ ਔਲਖ ਚੱਤਰ ਸਿੰਘ ਜੀਵਨ ਸਿੰਘ ਬਜ਼ਾਰ ਮਈ ਸੇਵਾਂ ਅਮ੍ਰਿਤਸਰ |
4. ਗੁਰ ਨਾਨਕ ਬਾਣੀ ਸਮਾਜਿਕ ਅਤੇ ਸਭਿਆਚਾਰਿਕ ਪਰਿਪੇਖ ਲੇਖਕ ਡਾਕਟਰ ਜਸਵਿੰਦਰ ਕੌਰ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ |

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1438
***

dr. adit singh kot kapure
+15853050443 | dr.singhajit@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ 
ਕੋਟ ਕਪੂਰਾ 151204 
ਮੋਬਾਈਲ +15853050443
Now at ----
38 Mc coord woods drive
Rochester NY 14450
USA

ਡਾ. ਅਜੀਤ ਸਿੰਘ ਕੋਟਕਪੂਰਾ

ਗਲੀ ਨੰਬਰ 4 (ਖੱਬਾ) ਹੀਰਾ ਸਿੰਘ ਨਗਰ  ਕੋਟ ਕਪੂਰਾ 151204  ਮੋਬਾਈਲ +15853050443 Now at ---- 38 Mc coord woods drive Rochester NY 14450 USA

View all posts by ਡਾ. ਅਜੀਤ ਸਿੰਘ ਕੋਟਕਪੂਰਾ →