27 July 2024

ਸ਼ਹੀਦ ਭਗਤ ਸਿੰਘ ਨਾਸਤਿਕ ਸੀ—ਸੁਖਦੇਵ ਸਿੱਧੂ

ਭਗਤ ਸਿੰਘ ਨੂੰ ਭਾਰਤ ਦੇ ਕੌਮੀ ਸ਼ਹੀਦਾਂ ਦਾ ਸਰਦਾਰ ਮੰਨਿਆ ਜਾਂਦਾ ਹੈ। ਪੰਜਾਬ ਤੋਂ ਬਾਹਰਲੇ ਪ੍ਰਾਤਾਂ ਵਿਚ ਵੀ ਭਗਤ ਸਿੰਘ ਦੀ ਖੂਬ ਭੱਲ ਬਣੀ ਹੋਈ ਹੈ। ਪਰ ਇਸ ਦਾ ਨਾਂ, ਇਹਦੀ ਦਲੇਰੀ ਤੇ ਬਹਾਦਰੀ ਕਰਕੇ ਵਧ ਹੈ, ਜਦ ਕੇ ਇਹਦੀ ਵਿਚਾਰਧਾਰਾ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਓਨੀ ਜਾਣਕਾਰੀ ਨਹੀਂ ਹੈ। ਭਗਤ ਸਿੰਘ ਦਾ ਛੋਟੀ ਉਮਰੇ ਹੀ ਨਾਮਣਾ ਖੱਟ ਲੈਣ ਦਾ ਉਹਨੂੰ ਆਪ ਵੀ ਗਿਆਨ ਸੀ ਤੇ ਉਹਦੇ ਸੰਗੀਆਂ-ਸਾਥੀਆਂ ਤੇ ਰਿਸ਼ਤੇਦਾਰਾਂ ਨੂੰ ਵੀ।

ਇਹਦੇ ਹੋਣੇ ਤੇ ਨਾਮ ਨੂੰ ਭਾਂਤ ਭਾਂਤ ਦੇ ਲੋਕ ਆਪਣੇ ਆਪਣੇ ਸੁਆਰਥਾਂ ਲਈ ਵਰਤਦੇ ਹਨ। ਇਹਦੀ ਵਿਚਾਰਧਾਰਾ ਦੇ ਕੱਟੜ ਵਿਰੋਧੀ ਵੀ ਇਹਦੇ ਨਾਂ ਨੂੰ ਆਪਣੇ ਹੱਕ ਵਿਚ ਵਰਤਣੋਂ ਨਹੀਂ ਸੰਗਦੇ। ਇਹ ਵੀ ਸੁਭਾਗ ਹੈ ਕਿ ਭਗਤ ਸਿੰਘ ਦੀਆਂ ਲਿਖਤਾਂ ਨੂੰ ਵੇਲ਼ੇ ਸਿਰ ਸਾਂਭਣ ਦੇ ਯਤਨ ਹੋ ਗਏ, ਨਹੀਂ ਤਾਂ ਇਲ਼ਤੀ ਲੋਕ ਕਈ ਤਰ੍ਹਾਂ ਦਾ ਰਲ਼ਾ ਪਾਉਣ ਤੋਂ ਨਹੀਂ ਟਲ਼ਦੇ।

ਅਜਿਹਾ ਸਭ ਸ਼ਹੀਦਾਂ ਨਾਲ ਹੁੰਦਾ ਹੈ, ਖ਼ਾਸ ਕਰਕੇ ਪੰਜਾਬੀ ਸ਼ਹੀਦਾਂ ਨਾਲ। ਪਿੱਛੇ ਜਿਹੇ ਵਲੈਤ ਵਿਚ ਛਪਦੇ ਕਿਸੇ ਪਰਚੇ ਦੇ ਟਾਈਟਲ ਪੇਜ ਤੇ ਲੱਗੀ ਊਧਮ ਸਿੰਘ ਦੀ ਫੋਟੋ ਵਿਚ ਇਹਨੂੰ ਸਿੰਘ-ਸਰਦਾਰ ਸਜਾ ਦਿੱਤਾ ਗਿਆ ਹੈ। ਊਧਮ ਸਿੰਘ ਦੀਆਂ ਦੋ ਹੀ ਪੱਗ ਵਾਲੀਆਂ ਫੋਟੋ ਲਭਦੀਆਂ ਹਨ: ਇਕ 1933 ਨੂੰ ਸੁਨਾਮ ਤੋਂ ਵਲੈਤ ਵਲ ਨੂੰ ਤੁਰਨ ਵੇਲੇ ਦੀ, ਤੇ ਦੂਜੀ 1937 ਦੀ ਸ਼ੈਪਰਡ ਬੁਸ਼ ਗੁਰਦੁਆਰੇ ਲੰਡਨ ਦੀ। ਦੋਹਾਂ ਤੇ ਇਹਨੇ ਪੱਗ ਤਾਂ ਬੱਧੀ ਹੋਈ ਹੈ ਪਰ ਦਾਹੜੀ ਨਹੀਂ ਮੁੰਨੀ ਹੋਈ ਹੈ। ਓ’ਡਵਾਇਰ ਦੇ ਕਤਲ ਮਗਰੋਂ ਇਹਦੇ ਸਮਾਨ ਦੀ ਤਲਾਸ਼ੀ ਸਮੇਂ ਪੁਲਸ ਨੂੰ ਇਹਦੇ ਸਮਾਨ ‘ਚੋਂ ਸਿਗਰਟਾਂ ਵੀ ਮਿਲੀਆਂ ਸਨ ਤੇ ਪੁਲਸ ਨੂੰ, ਇਹਨੇ ਸਿਗਰਟਾਂ -ਸਮੇਤ ਦੂਸਰੇ ਸਮਾਨ ਦੇ- ਜੇਲ ਵਿਚ ਪਹੁੰਚਾਣ ਲਈ ਵੀ ਕਿਹਾ ਸੀ। ਸੱਭ ਤੋਂ ਵੱਡੀ ਗੱਲ ਕਿ ਇਹਨੇ ਸੁਚੇਤ ਤੌਰ ਤੇ ਅਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਇਹਦੇ ਬਾਵਜੂਦ ਵੀ ਊਧਮ ਸਿੰਘ ਨੂੰ ਧੱਕੇ ਨਾਲ ਸਿੱਖ ਦਿੱਖ ਵਾਲਾ ਪੇਸ਼ ਕਰਕੇ ਲੋਕ ਕੀ ਸਿੱਧ ਕਰਨਾ ਚਾਹੁੰਦੇ ਹਨ?

ਊਧਮ ਸਿੰਘ ਦੀ ਵਿਚਾਰਧਾਰਾ ਦੇ ਵਿਰੋਧੀ, ਗਿਆਨੀ ਜ਼ੈਲ ਸਿੰਘ, ਨੇ ਇਹਦੀਆਂ ਅਸਥੀਆਂ ਨੂੰ ਬਾਗੀ ਸੱਤਰਿਵਿਆਂ ਵਿਚ ਪੰਜਾਬ ਮੰਗਵਾ ਕੇ ਲਾਹਾ ਲੈਣਾ ਚਾਹਿਆ ਸੀ। ਜਦੋਂ ਇਹਨੇ ਓ’ਡਵਾਇਰ ਦਾ ਕਤਲ ਕੀਤਾ ਸੀ ਤਾਂ ਜ਼ੈਲ ਸਿੰਘ ਦੀ ਸਿਆਸੀ ਧਿਰ ਨੇ ਇਹਦੀ ਕੈੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ। ਗਿਆਨੀ ਜੈਲ ਸਿੰਘ ਨੇ ਪੰਜਾਬ ਸਰਕਾਰ ਵਲੋਂ ਭਗਤ ਸਿੰਘ ਦੀ ਮਾਤਾ ਨੂੰ ਪੰਜਾਬ ਮਾਤਾ ਦਾ ਸਨਮਾਨ ਕੇ ਵੀ ਖੱਟੀ ਕੀਤੀ ਸੀ।

ਕਈ ਵਾਰੀ ਸ਼ਹੀਦਾਂ ਦੀ ਅਪਣੀ ਧਿਰ ਹੀ ਇਹਨਾਂ ਨਾਲ ਅਨਿਆਂ ਕਰ ਜਾਂਦੀ ਹੈ: ਕਰਤਾਰ ਸਿੰਘ ਸਰਾਭਾ ਦੀ ਆਮ ਮਿਲਦੀ ਫੋਟੋ ਵਿਚ ਪੱਗ ਬੱਧੀ ਹੋਈ ਹੈ। ਅਸਲੀ ਫੋਟੋ ਤੇ ਸਰਾਭੇ ਦੇ ਪੱਗ ਨਹੀਂ ਹੈ, ਇਹ ਨਾਮਣਾ ਵੀ ਸਾਡੇ ਦੇਸ਼ ਭਗਤ ਬਾਬਿਆਂ ਨੇ ਅੰਬਰਸਰ ਦੇ ਕਿਸੇ ਪੇਂਟਰ ਤੋਂ ਭੱਦੀ ਜਿਹੀ ਪੱਗ ਬੰਨਵਾ ਕੇ ਖੱਟਿਆ। ਜਿਵੇਂ ਦੇਸ਼ ਭਗਤੀ ਜਾਂ ਇਨਕਲਾਬੀ ਹੋਣ ਦਾ ਸਾਰਾ ਅਸਰ ਪੱਗ ਵਿਚ ਹੀ ਹੋਵੇ।

ਭਗਤ ਸਿੰਘ ਦੇ ਨਾਨਕੇ ਪਿੰਡ ਵਾਲੇ ਇਹਦੀ ਬਰਸੀ, ਮਾਣ ਨਾਲ, ਸਾਲੋ ਸਾਲੀ ਮਨਾਂਉਦੇ ਆ ਰਹੇ ਹਨ, ਤੇ ਮਨਾਂਉਦੇ ਵੀ ਗੁਰਦੁਆਰੇ ਵਿਚ ਹਨ। ਇਸ ਪ੍ਰੋਗਰਾਮ ਦੀ ਮਸ਼ਹੂਰੀ ਵਾਲੇ ਇਸ਼ਤਿਹਾਰਾਂ ਵਿਚ ਭਗਤ ਸਿੰਘ ਦੀ ਸਿੱਖ-ਸਰਦਾਰ ਵਾਲੀ ਫੋਟੋ ਛਾਪ ਕੇ ਹੀ ਬੱਸ ਨਹੀਂ ਕਰਦੇ, ਅਜਕਲ ਤਾਂ ਪੱਗ ਵੀ ਖਾਲਿਸਤਾਨੀ ਰੰਗ ਦੀ ਬੰਨਣੀ ਸ਼ੁਰੂ ਕਰ ਦਿੱਤੀ ਹੈ।

ਪਿਛੇ ਜਿਹੇ ਲਿਖਾਰੀ.ਕਾਮ ਵਿਚ ਛਪੇ ਦੋ ਲੇਖਾਂ ਰਾਹੀਂ ਫਿਰ ਰਲ਼ਾ ਪਾਉਣ ਦੀ ਕੋਸਿਸ਼ ਕੀਤੀ ਗਈ ਹੈ। ਇਨ੍ਹਾਂ ਵਿਚ ਭਗਤ ਸਿੰਘ ਨੂੰ ਸਿੱਖੀ ਸਿਦਕ ਵਾਲਾ ਆਸਤਿਕ ਸਿਧ ਕਰਨ ਦੀਆਂ ਨਾਕਾਮ ਕੋਸ਼ਿਸਾਂ ਹਨ। ਇਕ ਲੇਖ ਵਿਚ ਤਾਂ ਸਿਧਾ ਹੀ ਉਸ ਨੂੰ ਧਾਰਮਿਕ ਸਿੱਖ ਸਿੱਧ ਕਰਨ ਦੀ ਕੋਸਿਸ਼ ਕੀਤੀ ਹੈ ਬਿਨਾਂ ਕਿਸੇ ਦਲੀਲ ਨੂੰ ਦੇਖਿਆਂ ਪਰਖਿਆਂ। ਦੂਸਰੇ ਵਿਚ ਮੋੜ ਘੇੜ ਕੇ ਖੋਤੀ ਬੋਹੜ ਥੱਲੇ ਲਿਆਉਣ ਦੀ ਕੋਸਿਸ਼ ਕੀਤੀ ਗਈ ਹੈ। ਇਹਨਾਂ ਲੇਖਾਂ ਚੋਂ ਹੀ ਇਕ ਵਿਚ ਲਿਖਿਆ ਹੈ: ਸ਼ਹੀਦ ਭਗਤ ਸਿੰਘ ਨੇ ਇਕ ਖੱਤ ਵਿਚ ਆਪਣੇ ਪਿਤਾ ਨੂੰ ਵਿਆਹ ਨਾ ਕਰਵਾਉਣ ਪ੍ਰਤੀ ਦਲੀਲ ਦਿੰਦਿਆਂ ਲਿਖਿਆ ਸੀ “ਉਸਦੀ ਜਿ਼ੰਦਗੀ ਤਾਂ ਹੁਣ ਦੇਸ਼ ਦੇ ਲੇਖੇ ਲੱਗ ਗਈ ਹੈ ਅਤੇ ਤੁਹਾਨੂੰ ਯਾਦ ਹੋਵੇਗਾ ਜਦੋਂ ਜਨੇਊ ਸੰਸਕਾਰ ਨਿਭਾਉਂਦਿਆਂ ਦਾਦਾ ਜੀ ਨੇ ਮੇਰੇ ਬਚਪਨ ਬਾਰੇ ਆਖਿਆ ਸੀ ਇਹ ਦੇਸ਼ ਸੇਵਾ ਨੂੰ ਸਮਰਪਤ ਹੋਵੇਗਾ।” ਪਰ ਇਹ ਦਲੀਲ ਦੇ ਕੇ ਵੀ ਅਖੀਰ ਵਿਚ ਤੋੜਾ ਇਹੀ ਝਾੜਿਆ ਕਿ ਇਹਦੇ ਬਾਵਯੂਦ ਵੀ ਉਹ ਧਾਰਮਿਕ ਸਿੱਖ ਹੀ ਸੀ।

ਜੱਗ-ਜ਼ਾਹਿਰ ਤੱਥ ਹੈ ਕਿ ਭਗਤ ਸਿੰਘ ਦਾ ਪਰਿਵਾਰ ਆਰੀਆ ਸਮਾਜੀ ਸੀ। ਭਗਤ ਸਿੰਘ ਦੇ ਤਾਂ ਭਦਨ ਵੀ ਹੋਏ ਸਨ। ਕੀ ਸਿੱਖ ਵੀ ਭਦਨ ਕਰਾਂਉਦੇ ਹਨ?

ਭਗਤ ਸਿੰਘ ਦਾ ਪਰਿਵਾਰ ਉੱਘਾ ਆਰਿਆ ਸਮਾਜੀ ਸੀ; ਸ਼ਹੀਦ ਭਗਤ ਸਿੰਘ ਖੋਜ ਕਮੇਟੀ ਵਲੋਂ ਛਾਪੀ ਸਮਗਰੀ ਦਾ ਹਵਾਲਾ ਹੈ “ਬਾਬਾ ਅਰਜਨ ਸਿੰਘ ਇਕ ਸੂਝਵਾਨ ਪੇਂਡੂ ਸਨ। ਮਿਡਲ ਤੱਕ ਪੜ ਕੇ ਵੈਦਗੀ ਸਿੱਖ ਲਈ ਸੀ, ਪਰ ਵਰਤਦੇ ਸਨ ਲੋਕ ਸੇਵਾ ਲਈ ਲਾਗਤ ਖਰਚ ਤੇ। ਉਹ ਆਰੀਆ ਸਮਾਜੀ ਪ੍ਰਭਾਵ ਹੇਠ ਆ ਕੇ ਅੰਧ ਵਿਸ਼ਵਾਸ਼, ਛੂਤ ਛਾਤ ਤੋਂ ਮੁਕਤ ਹੋ ਗਏ ਸਨ ਅਤੇ ਪੇਂਡੂ ਤੇ ਦੱਬੇ ਕੁਚਲੇ ਵਰਗ ਦਾ ਸਹਾਰਾ ਬਣ ਹੋਏ ਸੀ।” ਇਹਦੇ ਬਾਵਯੂਦ ਵੀ ਡੌਂਡੀ ਪਿੱਟੀ ਜਾ ਰਹੀ ਹੈ ਕਿ ਭਗਤ ਸਿੰਘ ਤੇ ਉਸ ਦਾ ਪਰਿਵਾਰ ਸਿੱਖ ਸੀ। ਜਿਹਨਾਂ ਨੂੰ ਅਜੇ ਵੀ ਕਿਸੇ ਸ਼ੱਕ ਦੀ ਗੁੰਜ਼ਾਇਸ਼ ਹੋਵੇ ਉਹ ਭਗਤ ਸਿੰਘ ਦਾ ਲੇਖ “ਮੈਂ ਨਾਸਿਤਿਕ ਕਿਉਂ ਹਾਂ” ਪੜ੍ਹਨ ਤੇ ਉਹਦੀਆਂ ਦਿੱਤੀਆਂ ਦਲੀਲਾਂ ਦੇ ਜਵਾਬ ਦੇਣ।

ਇਸੇ ਲੇਖ ਵਿਚ ਭਗਤ ਸਿੰਘ ਲਿਖਦਾ ਹੈ “ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ ਪਰ ਨਾਸਤਿਕ ਨਹੀਂ; ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਡੀ. ਏ. ਵੀ. ਸਕੂਲ਼ ਵਿਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੇ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਾਨਾਂ ਤੋਂ ਛੁੱਟ ਮੈਂ ਘੰਟਿਆਂ-ਬੱਧੀ ਗਾਇਤਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਹਨਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਨਾਂ ਦੀਆਂ ਸਿਖਿਆਵਾਂ ਸਦਕਾ ਹੀ ਮੈਂ ਆਪਣੀ ਜਿ਼ੰਦਗ਼ੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ। ਉਹ ਨਾਸਤਿਕ ਨਹੀਂ ਸਨ। ਉਹਨਾਂ ਦਾ ਰੱਬ ਵਿਚ ਅਕੀਦਾ ਹੈ। ਨਾਮਿਲਵਰਤਨ ਦੇ ਦਿਨਾਂ ਦੌਰਾਨ ਮੈਂ ਨੈਸ਼ਨਲ ਕਾਲਜ਼ ਦਾਖਲ ਹੋ ਗਿਆ। ਉਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇੱਥੋਂ ਤੱਕ ਕਿ ਰੱਬ ਬਾਰੇ ਵੀ ਖੁੱਲੇ ਤੌਰ ਤੇ ਸੋਚਣਾ ਤੇ ਇਹਨਾਂ ਬਾਰੇ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰਾ ਉਦੋਂ ਵੀ ਰੱਬ ਵਿਚ ਪੱਕਾ ਵਿਸ਼ਵਾਸ ਸੀ। ਓਦੋਂ ਮੈਂ ਕੇਸ-ਦਾੜੀ ਰੱਖ ਲਏ ਸੀ ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਵਿਚ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ।”

ਭਗਤ ਸਿੰਘ ਦੇ ਬਾਬਾ ਜੀ ਤਾਂ ਆਰੀਆਂ ਸਮਾਜੀ ਇਹਦੇ ਜਨਮ ਤੋਂ ਪਹਿਲਾਂ ਹੀ ਹੋ ਗਏ ਸਨ ਫਿਰ ਇਹਨੂੰ ਕਿਵੇਂ ਮੋਰਚਿਆਂ ਦੇ ਜਥਿਆਂ ਨੂੰ ਭੋਜਨ ਪਾਣੀ ਛਕਾਂਉਦੇ ਲੈ ਜਾਂਦੇ ਸਨ? ਬਾਬਾ ਅਰਜਨ ਸਿੰਘ ਆਪ ਦੇਸ਼ ਭਗਤ ਸੀ ਤੇ ਆਪਣੇ ਪੁਤਰਾਂ ਤੇ ਪੋਤਰਿਆਂ ਨੂੰ ਵੀ ਏਧਰ ਤੋਰਿਆ ਸੀ। ਬਾਪ ਕਿਸ਼ਨ ਸਿੰਘ ਕਈ ਵਾਰ ਜੇਲੀਂ ਗਿਆ ਸੀ, ਚਾਚਾ ਅਜੀਤ ਸਿੰਘ ਤਾਂ ਮੋਢੀ ਇਨਕਲਾਬੀਆਂ ‘ਚੋਂ ਸੀ। ਭਗਤ ਸਿੰਘ ਦਾ ਜਨਮ ਸਤੰਬਰ 1907 ਦਾ ਹੈ। ਇਹੀ ਸਾਲ ਪਗੜੀ ਸੰਭਾਲ ਜੱਟਾ ਲਹਿਰ ਦੇ ਉਭਾਰ ਦੇ ਦਿਨ ਸਨ ਅਤੇ ਲਹਿਰ ਦੇ ਲੀਡਰਾਂ ‘ਚੋਂ ਭਗਤ ਸਿੰਘ ਦੇ ਚਾਚਾ ਜੀ ਵੀ ਸਨ ਤੇ ਇਸੇ ਕਰਕੇ ਉਸ ਨੂੰ ਜਲਾਵਤਨ ਕੀਤਾ ਗਿਆ ਸੀ। ਦੂਸਰਾ ਚਾਚਾ ਸਵਰਨ ਸਿੰਘ 23 ਸਾਲਾਂ ਦੀ ੳਮਰੇ 1910 ਵਿਚ ਅੰਗਰੇਜਾਂ ਦੇ ਤਸੀਹਿਆਂ ਕਾਰਨ ਪੂਰਾ ਹੋ ਗਿਆ ਸੀ।

ਭਗਤ ਸਿੰਘ ਦੇ ਜੀਵਨ ਤੇ ਕੂਕਾ ਲਹਿਰ ਦੀਆਂ ਕੁਰਬਾਨੀਆਂ ਦਾ ਅਸਰ ਵੀ ਹੋਇਆ ਸੀ ਪਰ ਉਹਦਾ ਪੱਥ ਪ੍ਰਦਰਸ਼ਕ ਕਰਤਾਰ ਸਿੰਘ ਸਰਾਭਾ ਸੀ ਜਿਸ ਦਾ ਉਹ ਜ਼ਿਕਰ ਵੀ ਕਰਦਾ ਹੈ। ਗ਼ਦਰੀਆਂ ਤੇ ਸਰਾਭੇ ਦਾ ਇਹਦੇ ਘਰ ਆਉਣ ਜਾਣ ਉਦੋਂ ਤੋਂ ਸੀ, ਜਦੋਂ ਇਹ 6-7 ਸਾਲ ਦਾ ਹੀ ਸੀ। ਏਸੇ ਦਾ ਇਹਦੇ ਤੇ ਗਹਿਰਾ ਅਸਰ ਸੀ। ਕੂਕਾ ਲਹਿਰ ਤੇ ਹੋਰ ਕੁਰਬਾਨੀਆਂ ਵਾਲੀਆਂ ਲਹਿਰਾਂ ਬਾਰੇ ਤਾਂ ਭਗਤ ਸਿੰਘ ਨੇ ਲਿਖਣਾ ਹੀ ਸੀ ੳੇਸਨੇ ਹੋਰ ਕਈ ਮਜ਼ਬੂਨਾਂ, ਦਿੱਲੀ ਦੇ ਸ਼ਹੀਦ, ਮਜਹਬ ਤੇ ਸਾਡੀ ਆਜ਼ਾਦੀ ਦੀ ਜੰਗ, ਸਤਿਆਗ੍ਰਹਿ, ਵਿਦਿਆਰਥੀ ਤੇ ਪਾਲੇਟਿਕਸ, ਜਾਤਪਾਤ, ਪੁਲਸ ਦੀਆਂ ਕਮੀਨੀਆਂ ਚਾਲਾਂ ਆਦਿ ਅਨੇਕਾਂ ਹੋਰ ਬਾਰੇ ਵੀ ਲਿਖਿਆ ਹੈ। ਮਜਹਬ ਤੇ ਸਾਡੀ ਆਜ਼ਾਦੀ ਦੀ ਜੰਗ ਨੂੰ ਪੜ੍ਹਕੇ ਵੀ ਭਗਤ ਸਿੰਘ ਦੀ ਨਾਸਤਿਕ ਹੋਣ ਦੀ ਗਵਾਹੀ ਮਿਲ ਜਾਂਦੀ ਹੈ।

ਭਗਤ ਸਿੰਘ ਨੇ ਸੋਹਣ ਸਿੰਘ ਜੋਸ਼ ਨੂੰ 7 ਅਪਰੈਲ 1928 ਨੂੰ ਮਿਲ ਕੇ ਵਿਸਾਖੀ ਤੇ ਰੱਖੀ ਕਾਨਫਰੰਸ ਵਿਚ ਸ਼ਾਮਿਲ ਹੋਣ ਦੀ ਵੀ ਪੂਰੀ ਹਾਮੀ ਭਰੀ ਸੀ ਕਿਉਂਕਿ ਇਹ ਵਿਗਿਆਨਕ ਮਾਰਕਸਵਾਦੀ ਵਿਚਾਰਧਾਰਾ ਤੇ ਆਧਾਰਤ ਸੀ। ਓਥੇ ਹੋਰ ਵੀ ਕਈ ਕਾਨਫਰੰਸਾਂ ਹੋਣੀਆਂ ਸਨ।

ਹੋਰ ਦਲੀਲ ਦਿੱਤੀ ਜਾਂਦੀ ਹੈ ਕਿ ਭਗਤ ਸਿੰਘ ਆਪਣੀ ਚਾਚੀ ਨੂੰ ਖ਼ਤ ਲਿਖਦੇ ਸਮੇਂ ਸਤਿ ਸ੍ਰੀ ਅਕਾਲ ਲਿਖਦਾ ਸੀ, ਇਸੇ ਕਰਕੇ ਸਿੱਖ ਸੀ। ਭਗਤ ਸਿੰਘ ਦਾ ਆਪਣੀ ਚਾਚੀ ਪ੍ਰਤੀ ਆਦਰ ਭਾਵ ਸੀ ਇਹਦੇ ਕਈ ਕਾਰਨ ਸਨ। ਭਗਤ ਸਿੰਘ ਦੇ ਘਰ ਦੇ ਜੀਆਂ ਨੂੰ ਲਿਖੇ ਖਤ ਇਸ ਤਰ੍ਹਾਂ ਹਨ:

ਬਾਬੇ ਨੂੰ: 27.7.1918 ਨੂੰ ਲਿਖਿਆ ਖਤ ਓਮ ਨਾਲ ਸ਼ੁਰੂ ਹੁੰਦਾ ਹੈ ਅਤੇ ਭਗਤ ਸਿੰਘ ਬਾਬਾ ਜੀ ਨੂੰ ਨਮਸਤੇ ਪੇਸ਼ ਕਰਦਾ ਹੈ।

14 ਨਵੰਬਰ 1921 ਨੂੰ ਲਿਖਿਆ ਖਤ ਵੀ ਓਮ ਨਾਲ ਸ਼ੁਰੂ ਹੁੰਦਾ ਹੈ ਤੇ ਨਮਸਤੇ ਪੇਸ਼ ਕਰਦਾ ਹੈ। ਇਸੇ ਖਤ (ਕਾਰਡ) ਦੇ ਦੂਸਰੇ ਪਾਸੇ ਲਿਖਿਆ ਹੈ: ਮਾਤਾ ਜੀ ਨੂੰ ਨਮਸਤੇ। ਚਾਚੀ ਸਾਹਿਬਾਂ ਨੂੰ ਨਮਸਤੇ।

ਚਾਚੀ ਨੂੰ: 5 ਨਵੰਬਰ 1921 ਨੂੰ ਲਿਖਿਆਂ ਖਤ ਵੀ ਨਮਸਤੇ ਪੇਸ਼ ਕਰਦਾ ਹੈ।

ਪਿਤਾ ਜੀ ਨੂੰ: ਬਿਨਾਂ ਤਰੀਕ ਵਾਲਾ ਖਤ ਵੀ ਨਮਸਤੇ ਨਾਲ ਸ਼ੁਰੂ ਹੁੰਦਾ ਹੈ।

ਛੋਟੇ ਭਾਈ ਕੁਲਤਾਰ ਸਿੰਘ ਨੂੰ ਲਿਖੇ ਚਾਰੇ ਖਤਾਂ ਵਿਚੋਂ ਪਹਿਲੇ ਦੋ (16 ਸਤੰਬਰ 1930 ਤੇ 25 ਸਤੰਬਰ 1930) ਵਿਚ ਸਤਿ ਸ੍ਰੀ ਅਕਾਲ ਕੀਤੀ ਹੈ ਤੇ ਮਗਰਲੇ ਦੋ (3 ਮਾਰਚ 1931 ਤੇ 31 ਮਾਰਚ 1931) ਵਿਚ ਸਿਰਫ ਅਜ਼ੀਜ ਕਹਿ ਕੇ ਸੰਬੋਧਨ ਕੀਤਾ ਹੈ।

ਹੁਣ ਇਹਨਾਂ ਖਤਾਂ ਦੇ ਆਧਾਰ ਤੇ ਹੀ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਭਗਤ ਸਿੰਘ ਸਿੱਖ ਸੀ, ਸਾਡੀ ਸਮਝੋਂ ਬਾਹਰ ਹੈ।

ਲਾਹੌਰ ਜੇਲ ਦੇ ਚੀਫ ਵਾਰਡਨ ਨੇ ਦੱਸਿਆ ਕਿ 23 ਮਾਰਚ ਨੂੰ ਸ਼ਾਮੀ ਤਿੰਨ ਵਜੇ ਉਸਨੂੰ ਫਾਂਸੀ ਦਾ ਪਤਾ ਲੱਗਾ ਤਾਂ ਉਹ ਭਗਤ ਸਿੰਘ ਕੋਲ ਗਿਆ ਅਤੇ ਕਿਹਾ ਕਿ “ਮੇਰੀ ਕੇਵਲ ਇਕ ਦਰਖਾਸਤ ਹੈ ਕਿ ਹੁਣ ਆਖ਼ਰੀ ਸਮੇਂ ਤਾਂ ਵਾਹਿਗੁਰੂ ਦਾ ਨਾਂ ਲਓ ਤੇ ਗੁਰਬਾਣੀ ਦਾ ਪਾਠ ਕਰ ਲਓ।”

ਸਰਦਾਰ ਭਗਤ ਸਿੰਘ ਨੇ ਜ਼ੋਰ ਦੀ ਹੱਸ ਕੇ ਕਿਹਾ “ਤੁਹਾਡੇ ਪਿਆਰ ਦਾ ਧੰਨਵਾਦੀ ਹਾਂ ਪਰ ਹੁਣ ਜਦੋਂ ਆਖ਼ਰੀ ਵੇਲਾ ਆ ਗਿਆ ਹੈ, ਮੈਂ ਪ੍ਰਮਾਤਮਾ ਨੂੰ ਯਾਦ ਕਰਾਂ ਤਾਂ ਉਹ ਕਹਿਣਗੇ ਮੈਂ ਬੁਜ਼ਦਿਲ ਹਾਂ। ਸਾਰੀ ਉਮਰ ਤਾਂ ਮੈਂ ਉਸ ਨੂੰ ਯਾਦ ਕੀਤਾ ਨਹੀਂ ਤੇ ਹੁਣ ਮੌਤ ਸਾਹਮਣੇ ਆਉਣ ਲੱਗੀ ਹੈ ਤਾਂ ਰੱਬ ਨੂੰ ਯਾਦ ਕਰਨ ਲੱਗਾ ਹਾਂ। ਇਸ ਲਈ ਚੰਗਾ ਇਹੀ ਹੈ ਕਿ ਜਿਵੇਂ ਮੈਂ ਪਹਿਲਾਂ ਸਾਰਾ ਜੀਵਨ ਬਿਤਾਇਆ ਹੈ, ਉਸੇ ਤਰ੍ਹਾਂ ਹੀ ਆਖਰੀ ਵਕਤ ਗੁਜ਼ਾਰਾਂ। ਮੇਰੇ ਤੇ ਇਹ ਇਲਜ਼ਾਮ ਤਾਂ ਕਈ ਲਗਾਣਗੇ ਕਿ ਮੈਂ ਨਾਸਤਿਕ ਸੀ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਨਹੀਂ ਕੀਤਾ ਪਰ ਇਹ ਤਾਂ ਕੋਈ ਨਹੀਂ ਆਖੇਗਾ ਕਿ ਭਗਤ ਸਿੰਘ ਬੁਜ਼ਦਿਲ ਤੇ ਬੇਈਮਾਨ ਵੀ ਸੀ ਅਤੇ ਆਖਰੀ ਵਕਤ ਤੇ ਮੌਤ ਨੂੰ ਸਾਹਮਣੇ ਦੇਖਕੇ ਉਸ ਦੇ ਪੈਰ ਲੜਖੜਾਣ ਲੱਗੇ।”

ਜਦੋਂ ਭਗਤ ਸਿੰਘ ਨੂੰ ਫਾਂਸੀ ਦੇਣ ਲਈ ਜੇਲ ‘ਚੋਂ ਲੈਣ ਆਏ ਤਾਂ ਉਦੋਂ ਵੀ ਉਹ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ ਤੇ ਜੇਲ ਦੇ ਕਰਮਚਾਰੀ ਨੂੰ ਕਹਿਣ ਲੱਗਾ ਕਿ ਜ਼ਰਾ ਠਹਿਰੋ! ਇਕ ਇਨਕਲਾਬੀ ਨੂੰ ਦੂਸਰੇ ਇਨਕਲਾਬੀ ਨਾਲ ਮਿਲਣ ਵਿਚ ਰੌਲ਼ਾ ਨਾ ਪਾਓ।

ਕੁਝ ਸਾਲ ਪਹਿਲਾਂ ਭਾਈ ਰਣਧੀਰ ਸਿੰਘ ਤੇ ਭਗਤ ਸਿੰਘ ਵਿਚਕਾਰ ਹੋਈ ਗਲਬਾਤ ਦੇ ਅਧਾਰ ਤੇ ਗ਼ਲਤ ਫ਼ਹਿਮੀ ਪਾਕੇ ਇਹ ਸਿੱਧ ਕਰਨ ਦੀ ਕੋਸਿਸ਼ ਕੀਤੀ ਸੀ ਕਿ ਉਹ ਆਖ਼ਰੀ ਵੇਲੇ ਰੱਬ ਨੂੰ ਮੰਨਣ ਲੱਗ ਪਿਆ ਸੀ। ਜਦੋਂ ਏਸ ਚਾਲ ਨੂੰ ਦਲੀਲ ਤੇ ਤੱਥਾਂ ਦੀ ਕਸੌਟੀ ਤੇ ਪਰਖਿਆ ਤਾਂ ਇਹ ਰੇਤ ਦੇ ਮਹਿਲ ਵਾਂਗ ਬੈਠ ਗਈ ਸੀ।

ਰੈਡੀਕਲ ਪਬਲੀਕੇਸ਼ਨਜ਼ ਵਲੋਂ 1985 ਵਿਚ ਛਾਪੀ ਕਿਤਾਬ ਦਾ ਹਵਾਲਾ ਹੈ: “ਪਿਛਲੇ ਅਰਸੇ ਵਿਚ ਫਿਰਕਾਪ੍ਰਸਤਾਂ ਵਲੋਂ ਉਹਨਾਂ ਦੇ ਇਨਕਲਾਬੀ ਜੀਵਨ ਨੂੰ ਖਤਮ ਕਰਕੇ ਇਕ ਧਾਰਮਿਕ ਆਦਮੀ ਦੇ ਤੌਰ ਤੇ ਦਿਖਾੳੇੁਣ ਦੇ ਯਤਨ, ਮੈਂ ਨਾਸਤਿਕ ਕਿਉਂ ਹਾਂ? ਨੇ ਭਸਮ ਕਰ ਦਿੱਤਾ। ਇਸਦੇ ਨਾਲ ਹੀ ਭਗਤ ਸਿੰਘ ਦਾ ਵਿਗਿਆਨਕ ਸੋਚ ਦਾ ਪੱਖ ਉਘੜ ਕੇ ਸਾਹਮਣੇ ਆਇਆ।” ਹੁਣ ਫਿਰ ਅਜਿਹਾ ਹੀ ਕਰਨ ਦੀ ਕੋਸਿਸ਼ ਹੋਈ ਹੈ।

ਭਗਤ ਸਿੰਘ ਜਿਹਾ ਸੁਨੱਖਾ ਤੇ ਮਿਕਨਾਤੀਸੀ ਖਿਚ ਵਾਲਾ ਸ਼ਹੀਦ ਸਭ ਨੂੰ ਖਿਚ ਪਾਉਂਦਾ ਹੈ, ਸਣੇ ਧਾਰਮਿਕ ਅਕੀਦੇ ਵਾਲਿਆਂ ਦੇ। ਪਰ ਦਿੱਖ ਤੇ ਮਸ਼ਹੂਰੀ ਤੋਂ ਬਿਨਾਂ ਉਸ ਦੀਆਂ ਲਿਖਤਾਂ ਵੀ ਉਸ ਦੀ ਸਖਸ਼ੀਅਤ ਦਾ ਵਡੇਰਾ ਹਿੱਸਾ ਹਨ। ਭਗਤ ਸਿੰਘ ਦੀ ਫਿਲਾਸਫੀ ਤੇ ਲਿਖਤਾਂ ਵਿਚ ਲੋਹੜੇ ਦੀ ਸ਼ਕਤੀ ਹੈ ਅਤੇ ਇਹਨਾਂ ਨੇ ਝੂਠ ਸੱਚ ਦਾ ਨਿਤਾਰਾ ਕਰੀ ਜਾਣਾ ਹੈ।

ਜੇ ਧਾਰਮਿਕ ਅਕੀਦੇ ਵਾਲਿਆਂ ਦਾ ਭਗਤ ਸਿੰਘ ਨੂੰ ਅਪਣਾਏ ਬਗੈਰ ਨਹੀਂ ਸਰਦਾ ਤਾਂ ਇਕ ਪੰਜਾਬੀ ਵਜੋਂ ਅਪਣਾ ਲੈਣ ਜਾਂ ਇਕ ਭਾਰਤੀ ਵਜੋਂ। ਪਰ ਨਾ ਤਾਂ ਉਹ ਸਿੱਖ ਸੀ ਅਤੇ ਨਾ ਹੀ ਧਾਰਮਿਕ। ਉਹ ਮਨੁਖਵਾਦੀ ਸੀ ਤੇ ਸੌੜੀਆਂ, ਤੰਗਨਜ਼ਰੀ ਦੀਆਂ ਵਲਗਣਾਂ ਤੋ ਕੋਹਾਂ ਉੱਚਾ ਸੀ। ਭਗਤ ਸਿੰਘ ਨਾ ਸਿੱਖ ਸੀ ਨਾ ਹਿੰਦੂ ਤੇ ਨਾ ਮੁਸਲਮਾਨ। ਉਹ ਸੱਚਾ ਸੁਚਾ ਇਨਸਾਨ ਤੇ ਇਨਕਲਾਬੀ ਸੀ। ਸਰਬੱਤ ਦੇ ਭਲੇ ਦਾ ਮੁਦੱਈ।
-0-
ਹਵਾਲੇ ਤੇ ਸੋਮੇ:
ਸ਼ਹੀਦ ਭਗਤ ਸਿੰਘ: ਜੀ ਐਸ ਦਿਓਲ
ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ: ਸੋਹਣ ਸਿੰਘ ਜੋਸ਼
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ
ਯੁੱਗ ਪੁਰਸ਼ ਭਗਤ ਸਿੰਘ: ਪ੍ਰੋ ਦੀਦਾਰ ਸਿੰਘ
***
ਟਿੱਪਣੀ: ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
**
(ਪਹਿਲੀ ਵਾਰ ਛਪਿਆ )
(ਦੂਜੀ ਵਾਰ 22 ਮਾਰਚ 2022)
***
702
***
ਨੋਟ: ‘ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***