21 September 2024

ਗ਼ਜ਼ਲ/ਅਧੂਰੇ ਸੁਪਨੇ—ਵਿਲੀਅਮ ਜੌਨ ਗਾਖਲ

ਗ਼ਜ਼ਲ

 

 

 

 

 

ਗੱਲਾਂ ਯਾਦ ਆਉਂਦੀਆਂ, ਤਰਾਨੇ ਯਾਦ ਆਉਂਦੇ ਨੇ।
ਤੇਰੇ ਨਾਲ ਗੁਜ਼ਰੇ ਜ਼ਮਾਨੇ ਯਾਦ ਆਉਂਦੇ ਨੇ।

ਸਾਡਿਆਂ ਪਿਆਰਾਂ ਦੀ ਕਹਾਣੀ ਲਾਜਵਾਬ ਸੀ।
ਸਾਡੇ ਬਾਰੇ ਲੋਕਾਂ ਦੇ ਫਸਾਨੇ ਯਾਦ ਆਉਂਦੇ ਨੇ।

ਅੱਖਾਂ ਵਿਚ ਸ਼ੋਖ਼ੀ ਤੇ ਅਦਾਵਾਂ ਵਿੱਚ ਦਮ ਸੀ।
ਅੱਖਾਂ ਨਾਲ ਵਿੰਨੇ ਹੋਏ ਨਿਸ਼ਾਨੇ ਯਾਦ ਆਉਂਦੇ ਨੇ।

ਗਏ ਨਾ ਕਬੂਲੇ ਜਦੋਂ , ਆਪਣੇ ਹੀ ਖ਼ੂਨ ਤੋਂ,
ਕੰਮ ਆਏ ਉਦੋਂ ਜੋਂ ਬੇਗਾਨੇ ਯਾਦ ਆਉਂਦੇ ਨੇ।

ਤੇਰੇ ਘਰੇ ਆਉਣ ਦੀਆਂ ਜੁਗਤਾਂ ਸਕੀਮਾਂ ਨਾਲੇ,
ਸੋਚ ਸੋਚ ਘੜੇ ਹੋਏ ਬਹਾਨੇ ਯਾਦ ਆਉਂਦੇ ਨੇ।

ਜੌਨ ਅੱਜ ਜਿੰਦਗੀ ਦੀ ਸ਼ਾਮ ਦੀ ਇੱਕਲ ਵਿੱਚ,
ਯਾਰਾਂ ਸੰਗ ਆਪਣੇ ਯਾਰਾਨੇ ਯਾਦ ਆਉਂਦੇ ਨੇ।
***
ਅਧੂਰੇ ਸੁਪਨੇ

ਮੇਰੇ ਲਈ ਇਸ਼ਕ ਦਾ ਮੌਜੂ ਕੋਈ ਮਾਇਨੇ ਨਹੀਂ ਰੱਖਦਾ।

ਅਜੇ ਕਈ ਫ਼ਿਕਰ ਬਾਕੀ ਨੇ, ਕਈ ਸੁਪਨੇ ਅਧੂਰੇ ਨੇ।
ਅਜੇ ਮਾ ਦੀ ਡੰਗੋਰੀ ਨੂੰ ਥੋੜ੍ਹਾ ਆਰਾਮ ਦੇਣਾ ਹੈ।

ਅਜੇ ਬਾਪੂ ਦੇ ਖ਼ਾਬਾਂ ਨੂੰ ਵੀ ਕੋਈ ਅੰਜਾਮ ਦੇਣਾ ਹੈ।
ਅਜੇ ਰਾਤਾਂ ਨੂੰ ਉਠ ਉਠ ਬਾਪ ਨੂੰ ਤਕਣਾ ਜਰੂਰੀ ਹੈ।

ਅਜੇ ਬੀਮਾਰ ਮਾਂ ਦੇ ਸਿਰ ਤੇ ਹੱਥ ਰੱਖਣਾ ਜਰੂਰੀ ਹੈ।
ਅਜੇ ਭੈਣਾਂ ਦੀ ਡੋਲੀ ਦਾ ਵੀ ਸਿਰ ਤੇ ਫ਼ਿਕਰ ਹੈ ਬਾਕੀ।


ਅਜੇ ਛੱਤਾਂ ਦੇ ਚੋ ਏ ਭਰਨ ਦਾ ਵੀ ਜ਼ਿਕਰ ਹੈ ਬਾਕੀ।
ਅਜੇ ਸ਼ਾਹਾਂ ਦੇ ਕਰਜੇ ਦਾ ਮੇਰੇ ਤੇ ਭਾਰ ਬਾਕੀ ਹੈ।

ਅਜੇ ਕੰਢਿਆਂ ਦੀ ਮੇਰੇ ਰਾਹਾਂ ਵਿੱਚ ਭਰਮਾਰ ਬਾਕੀ ਹੈ।
ਅਜੇ ਬਾਪੂ ਤੇ ਬੇਬੇ ਦੇ ਮੈ ਸਿਰ ਦਾ ਤਾਜ ਬਣਨਾ ਏ।

ਅਜੇ ਗੂੰਗੀ ਤੇ ਬੋਲੀ ਕੌਮ ਦੀ ਅਵਾਜ ਬਣਨਾ ਏ।
ਅਜੇ ਕੁਝ ਦਰਦ ਬਾਕੀ ਨੇ, ਅਜੇ ਕੁਝ ਫਰਜ ਬਾਕੀ ਨੇ।

ਅਜੇ ਕੁਝ ਸਿਓਂਕ ਵਾਂਗੂ ਪਨਪਦੇ ਹੋਏ ਮਰਜ਼ ਬਾਕੀ ਨੇ।
ਅਜੇ ਕਈ ਦਿਲਾਂ ਵਿੱਚੋਂ ਗੰਦਗੀ ਨੂੰ ਦੂਰ ਕਰਨਾ ਏ।

ਅਜੇ ਕਈ ਮਨਾਂ ਅੰਦਰ ਨੇਰ੍ਹਿਆਂ ਨੂੰ ਨੂਰ ਕਰਨਾ ਏ।
ਅਜੇ ਦਮ ਤੋੜਦੀ ਇਨਸਾਨੀਅਤ ਦੀ ਜਾਨ ਬਣਨਾ ਏ।

ਮਨੁੱਖੀ ਜ਼ਾਤ ਦੀ ਮੈ ਜਗਤ ਉੱਤੇ ਸ਼ਾਨ ਬਣਨਾ ਏ।
ਅਨੇਕਾਂ ਰੁੱਸ ਗਏ ਬੇਲੀ ਬਥੇਰੇ ਮੁੜ ਗਏ ਪਿਛਾਂ।

ਅਜੇ ਕਈ ਹੋਰ ਮਿੱਤਰ ਨੇ ਜਿਨਾਹ ਦੀ ਪਰਖ ਬਾਕੀ ਹੈ।
ਅਜੇ ਮਜ੍ਹਬਾਂ ਤੇ ਵਿੱਥਾਂ ਦੀ ਵੀ ਗੱਲ ਕਰਨਾ ਜਰੂਰੀ ਹੈ।

ਅਜੇ ਰੰਗਾਂ ਤੇ ਭੇਦਾਂ ਦਾ ਮਿਟਾਉਣਾ ਫਰਕ ਬਾਕੀ ਹੈ।
ਅਜੇ ਮੈਂ ਨੇਰ੍ਹਿਆਂ ਅੰਦਰ ਗੁਆਚੇ ਲਾਲ ਲਭਣੇ ਨੇ।

ਅਜੇ ਮੈ ਮੁੰਤਜ਼ਰ ਸੱਚ ਦੇ ਅਨੇਕਾਂ ਬਾਲ ਲਭਣੇ ਨੇ।
ਅਜੇ ਮੋਹਲਤ ਵੀ ਲੈਣੀ ਹੈ ਥੋੜ੍ਹਾ ਜਿਹਾ ਹੋਰ ਜੀਵਣ ਦੀ।

ਅਜੇ ਮੈ ਓਹ ਨਹੀਂ ਬਣਿਆ ਜਿਨ੍ਹਾ ਦੇ ਖੁਆਬ ਪੂਰੇ ਨੇ।
ਮੇਰੇ ਲਈ ਇਸ਼ਕ ਦਾ ਮੋਜੁ ਕੋਈ ਮਾਇਨੇ ਨਹੀਂ ਰੱਖਦਾ।

ਅਜੇ ਕਈ ਫ਼ਿਕਰ ਬਾਕੀ ਨੇ ਕਈ ਸਪਨੇ ਅਧੂਰੇ ਨੇ।
ਕਈ ਸੁਪਨੇ ਅਧੂਰੇ ਨੇ।
***
ਵਿਲੀਅਮ ਜੌਨ ਗਾਖਲ

ਫੋਨ +91 9876226465
***
738

ਸੰਖੇਪ ਵੇਰਵਾ:
ਨਾਮ—-ਵਿਲੀਅਮ ਜੌਨ ਗਾਖਲ

            William John Gakhal
ਪਤਾ—VPO Gakhal, Distt. Jalandhar 144002
ਫੋਨ 9876226465

* ਬਚਪਨ ਤੋਂ ਹੀ ਪੰਜਾਬੀ ਸਾਹਿਤ ਨਾਲ ਪਿਆਰ। ਲਿਖਣ ਦਾ ਸ਼ੌਕ ਭੀ ਬਚਪਨ ਤੋਂ ਹੀ।
* All India Radio Jalandhar, ਤੋਂ ਅਨੇਕਾਂ ਬਾਰ ਆਪਣੀਆਂ ਰਚਨਾਵਾਂ ਬੋਲਣ ਦਾ ਮੌਕਾ ਮਿਲਿਆ।
* ਵਿਜੈ ਨਿਰਬਾਧ ਗ਼ਜ਼ਲ ਅਵਾਰਡ ਨਾਲ, ਜਲੰਧਰ ਕੈਂਟ, ਵਿਖੇ ਸਨਮਾਨਿਤ ਕੀਤਾ ਜਾ ਚੁੱਕਾ।
* ਹੋਰ ਅਨੇਕਾਂ ਮੰਚਾਂ ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
* ਨਾਮੀ ਅਖ਼ਬਾਰ ਅਤੇ ਰਸਾਲਿਆਂ ਵਿੱਚ ਵੀ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ।
*ਗ਼ਜ਼ਲ ਸੰਗ੍ਰਹਿ " ਅੱਕ ਦਾ ਫੁੱਲ " ਛਪਾਈ ਅਧੀਨ।

ਵਿਲੀਅਮ ਜੌਨ ਗਾਖਲ

ਸੰਖੇਪ ਵੇਰਵਾ: ਨਾਮ—-ਵਿਲੀਅਮ ਜੌਨ ਗਾਖਲ             William John Gakhal ਪਤਾ—VPO Gakhal, Distt. Jalandhar 144002 ਫੋਨ 9876226465 * ਬਚਪਨ ਤੋਂ ਹੀ ਪੰਜਾਬੀ ਸਾਹਿਤ ਨਾਲ ਪਿਆਰ। ਲਿਖਣ ਦਾ ਸ਼ੌਕ ਭੀ ਬਚਪਨ ਤੋਂ ਹੀ। * All India Radio Jalandhar, ਤੋਂ ਅਨੇਕਾਂ ਬਾਰ ਆਪਣੀਆਂ ਰਚਨਾਵਾਂ ਬੋਲਣ ਦਾ ਮੌਕਾ ਮਿਲਿਆ। * ਵਿਜੈ ਨਿਰਬਾਧ ਗ਼ਜ਼ਲ ਅਵਾਰਡ ਨਾਲ, ਜਲੰਧਰ ਕੈਂਟ, ਵਿਖੇ ਸਨਮਾਨਿਤ ਕੀਤਾ ਜਾ ਚੁੱਕਾ। * ਹੋਰ ਅਨੇਕਾਂ ਮੰਚਾਂ ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। * ਨਾਮੀ ਅਖ਼ਬਾਰ ਅਤੇ ਰਸਾਲਿਆਂ ਵਿੱਚ ਵੀ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ। *ਗ਼ਜ਼ਲ ਸੰਗ੍ਰਹਿ " ਅੱਕ ਦਾ ਫੁੱਲ " ਛਪਾਈ ਅਧੀਨ।

View all posts by ਵਿਲੀਅਮ ਜੌਨ ਗਾਖਲ →