3 May 2024

ਹਾਜ਼ਰ ਹੈ ‘ਰਜਿੰਦਰ ਸਰਾਵਾਂ’ ਦਾ ਕਲਾਮ: ਲੀਹਾਂ  ਤੋਂ   ਜੋ   ਲਹਿ   ਜਾਂਦਾ   ਏ। ‘ਅਕਸਰ’ ਕੱਲਾ  ਰਹਿ  ਜਾਂਦਾ   ਏ।

ਲੀਹਾਂ ਤੋਂ ਜੋ ਲਹਿ ਜਾਂਦਾ ਏ

ਲੀਹਾਂ  ਤੋਂ   ਜੋ   ਲਹਿ   ਜਾਂਦਾ   ਏ।
‘ਅਕਸਰ’ ਕੱਲਾ  ਰਹਿ  ਜਾਂਦਾ   ਏ।

ਨਾਲ  ਗਰੀਬੀ   ਘੁਲਦੇ -ਘੁਲਦੇ ,
ਬੰਦਾ  ਮਾੜਾ   ਢਹਿ    ਜਾਂਦਾ   ਏ।

ਦਿਲ ਵਿੱਚ ਨਫ਼ਰਤ ਪਾਲਣ ਵਾਲਾ,
ਆਖਿਰ  ਦਿਲ  ਤੋਂ ਲਹਿ ਜਾਂਦਾ  ਏ।

ਸਬਰ  ਸਿਦਕ  ਨੂੰ  ਰੱਖਣ   ਵਾਲਾ,
ਅੱਧੀ   ਖਾ   ਕੇ   ਪੈ   ਜਾਂਦਾ    ਏ।

ਪੈਸੇ   ਦਾ  ਹੰਕਾਰ    ਕੀ    ਕਰਨਾ
ਨੀਂਦਰ  ਲੁੱਟ   ਕੇ  ਲੈ   ਜਾਂਦਾ   ਏ।

ਗੁਰਬਤ  ਘਰ  ਚੋ  ਕੱਢਦੇ -ਕੱਢਦੇ,
ਕਿਰਤੀ  ਥੱਕ  ਕੇ  ਬਹਿ  ਜਾਂਦਾ  ਏ।

ਪਲਕਾਂ  ਦੀ  ਦਹਿਲੀਜ਼ ਨੂੰ ਟੱਪ ਕੇ,
ਹੰਝੂ    ਅੱਖੋਂ    ਵਹਿ    ਜਾਂਦਾ    ਏ।

ਉਦੋਂ  ਸਾਹ  ਨਾ  ਸਾਹ  ਨੀ  ਰਲਦਾ,
ਜਦ ਫਿਕਰ ਹੱਡਾ ਨ ਖਹਿ ਜਾਂਦਾ ਏ।

ਆਖਿਰ  ਸਭ   ਕੁਝ  ਪਾ  ਲੈਂਦਾ  ਜੋ,
ਇੱਕ  ਦਾ  ਹੋ  ਕੇ  ਬਹਿ  ਜਾਂਦਾ   ਏ।

ਬਹੁਤਿਆ  ਲਈ  ਤਾਂ  ਕੋਰਾ ਜਿੰਦਰ,
ਮੂੰਹ  ਆਈ  ਗੱਲ  ਕਹਿ ਜਾਂਦਾ ਏ।
***

ਕੱਲਾ  ਬਹਿ  ਕੇ  ਰੋਇਆ ਸੀ  ਜਦ!

ਕੱਲਾ  ਬਹਿ  ਕੇ  ਰੋਇਆ ਸੀ  ਜਦ।
ਹੰਝੂ  ਅੱਖ  ਚੋਂ  ਚੋਇਆ  ਸੀ  ਜਦ।

ਇਸ਼ਕ  ਪਿਆਲਾ  ਜਹਿਰੀ  ਪੀ ਕੇ,
ਅੱਧ ਮੋਇਆ ਜਾ ਹੋਇਆ ਸੀ ਜਦ।

ਆਉਣ ਤੇਰੇ ਦੀਆਂ ਕਰਨ ਉਡੀਕਾਂ,
ਰਾਹਾਂ  ਵਿੱਚ  ਖਲੋਇਆ  ਸੀ  ਜਦ।

ਬਿਰਹੋਂ  ਚੰਦਰੀ  ਚੀਸ  ਮਿਲੀ  ਸੀ,
ਦਿਲ  ਜਖਮਾਂ ਨੂੰ ਛੋਇਆ ਸੀ ਜਦ।

ਸੂਝ- ਬੂਝ   ਨਾ  ਸਮਝ  ਕੋਈ   ਸੀ ,
ਕਿਸੇ  ਖਿਆਲੀ  ਖੋਇਆ  ਸੀ  ਜਦ।

ਲੋਕੀਂ    ਪਾਗਲ     ਆਖਣ    ਮੈਨੂੰ,
ਮੈਂ  ਝੱਲਾ  ਜਾ    ਹੋਇਆ  ਸੀ   ਜਦ।

ਰਾਤ   ਲਮੇਰੀ   ਗੁਜਰ   ਨਾ   ਹੋਈ,
ਹੋਂਕੇ  ਭਰ – ਭਰ   ਰੋਇਆ ਸੀ ਜਦ।

ਜਿੰਦਰ   ਲੋਕੀਂ    ਮਾਰਣ    ਤਾਅਨੇ,
ਉਸ ਤੋਂ  ਵੱਖਰਾ  ਹੋਇਆ   ਸੀ   ਜਦ।
***

ਖੰਭਾਂ   ਨੇ   ਪਰਵਾਜ਼   ਭਰੀ   ਸੀ!

ਖੰਭਾਂ   ਨੇ   ਪਰਵਾਜ਼   ਭਰੀ   ਸੀ।
ਹੱਥਾਂ   ਨੇ   ਅਰਦਾਸ   ਕਰੀ  ਸੀ।

ਤੂੰ ਜਦ  ਸਾਥੋਂ ਰੁਸਿਆ ਉਸ ਦਿਨ
ਬੁੱਲਾਂ  ਦੀ  ਮੁਸਕਾਨ  ਮਰੀ   ਸੀ।

ਵੈਰਣ ਹੋਈਆਂ ਪੋਹ ਦੀਆਂ ਰਾਤਾਂ,
ਧੁੱਪਾਂ  ਦੇ  ਵਿੱਚ  ਜ਼ਿੰਦ ਠਰੀ  ਸੀ।

ਹੌਂਕੇ  ਭਰ – ਭਰ  ਰੋਂਦਾ  ਸੀ ਦਿਲ,
ਚਿੱਟੇ ਦਿਨ ਜਦ ਸਧਰ ਮਰੀ ਸੀ।

ਵਾਂਗ  ਸਦੈਣਾ  ਕਰਿਆ  ਇਸ਼ਕਾ,
ਆਪਣੇ  ਆਪ  ਚ  ਮੈਂ  ਪਰੀ ਸੀ।

ਹਾਲਤ  ਖ਼ਸਤਾ  ਖੋਟੀ   ਹੋ  ਗਈ ,
ਸੁੱਚੇ   ਮੋਤੀ   ਵਾਂਗ   ਖਰੀ    ਸੀ।

ਤੇਰੇ  ਵੱਲ  ਜਦ  ਆਈ  ਮੁਸੀਬਤ,
ਆਪਣੇ   ਉੱਤੇ   ਆਪ  ਜਰੀ  ਸੀ।

ਆਖਿਰ  ਅੱਖਾਂ  ਮੂਹਰੇ  ਆ ਗਈ,
ਜਿਹੜੀ  ਗੱਲ ਤੋਂ  ਅੱਖ ਡਰੀ  ਸੀ।
***
ਨਜ਼ਮ

ਅੱਖਾਂ ਦੇ ਵਿੱਚ  ਸੰਗ ਝਲਕਦੀ  ਤੇਰੇ ਲਈ।
ਵੀਹਣੀ ਦੇ ਵਿੱਚ ਵੰਗ ਖਣਕਦੀ ਤੇਰੇ ਲਈ।

ਤੰ   ਪਰਦੇਸੀ   ਤੁਰ   ਜੇ   ਲੰਮੇ   ਪੈਂਡੇ    ਤੇ,
ਰਾਹਾਂ  ਦੇ ਵਿੱਚ ਰਹਾਂ  ਭੜਕਦੀ  ਤੇਰੇ ਲਈ।

ਮੈਂ  ਬਿਰਹੋਂ  ਦੇ  ਦੁੱਖ  ਸੀਨੇ  ਤੇ ਝੱਲਦੀ ਨਾ ,
ਨੈਣਾ  ਵਿੱਚੋ   ਰਹਾਂ  ਬਰਸਦੀ   ਤੇਰੇ   ਲਈ।

ਤੂੰ ਪਿਆਰਾਂ  ਦਾ  ਤਾਲ  ਵਜਾ ਕੇ ਤੁਰ ਜਾਂਦਾ,
ਮੈ  ਧਰਤੀ  ਤੇ  ਰਹਾਂ  ਥਰਕਦੀ  ਤੇਰੇ  ਲਈ ।

ਚੰਮ  ਸਾਡੇ   ਦੀ  ਜੁੱਤੀ  ਪੈਰ  ਹੰਡਾ  ਸੱਜਣਾ ,
ਪੱਬਾ  ਦੇ  ਵਿੱਚ  ਰਹਾਂ ਜਰਕਦੀ  ਤੇਰੇ ਲਈ।

ਦਿਲ  ਮੰਦਰ  ਵਿੱਚ  ਰੱਬ  ਬਣਾ ਕੇ ਪੂਜਾਂ ਮੈਂ,
ਟੱਲੀ  ਵਾਂਗੂੰ  ਰਹਾਂ  ਟਣਕਦੀ   ਤੇਰੇ   ਲਈ।

ਸੋਚਾਂ   ਨੇ  ਤੜਥਲ  ਮਚਾਈ  ਮਨ  ਅੰਦਰ,
ਯਾਦਾਂ  ਦੇ  ਵਿੱਚ ਰਹਾਂ  ਤੜਫਦੀ ਤੇਰੇ ਲਈ।

ਜੱਗ ਚੰਦਰੇ ਨੇ ਜਿੰਦ ਮੁੱਠੀ ਵਿੱਚ ਕੈਦ ਕਰੀ,
ਹੱਥਾ  ਵਿੱਚੋ   ਰਹਾਂ  ਸਰਕਦੀ   ਤੇਰੇ   ਲਈ।

ਤੇਰਾ   ਕੋਈ    ਸੁਨੇਹਾ   ਚੰਗਾ   ਆ    ਜਾਵੇ,
ਅੱਜ  ਵੀ ਰਹਿੰਦੀ  ਅੱਖ ਫਰਕਦੀ ਤੇਰੇ ਲਈ।

ਏਸ ਜਨਮ ਤੂੰ  “ਜਿੰਦਰ” ਸਾਡਾ ਨਾ ਹੋਇਆ,
ਮੈ ਅਗਲੇ ਜਾਮੇ ਰਹਾਂ  ਭੜਕਦੀ  ਤੇਰੇ ਲਈ।
***
ਰਜਿੰਦਰ ਸਰਾਵਾਂ
+91 9877839941

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1319
***

About the author

ਰਜਿੰਦਰ ਸਰਾਵਾਂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰਜਿੰਦਰ ਸਰਾਵਾਂ
ਪਿੰਡ-ਸਰਾਵਾਂ
ਤਹਿ-ਜੈਤੋ
ਜਿਲਾ-ਫਰੀਦਕੋਟ 
+91 9877839941

ਰਜਿੰਦਰ ਸਰਾਵਾਂ

ਰਜਿੰਦਰ ਸਰਾਵਾਂ ਪਿੰਡ-ਸਰਾਵਾਂ ਤਹਿ-ਜੈਤੋ ਜਿਲਾ-ਫਰੀਦਕੋਟ  +91 9877839941

View all posts by ਰਜਿੰਦਰ ਸਰਾਵਾਂ →