25 July 2024

ਤਿੰਨ ਕਵਿਤਾਵਾਂ, ਇੱਕ ਗ਼ਜ਼ਲ—ਨੱਕਾਸ਼ ਚਿੱਤੇਵਾਣੀ

1. ਪਾਟੀਆਂ ਬਿਆਈਆਂ, 2. ਪੀੜ, 3. ਕੁਦਰਤ-ਚਾਨਣ, ਅਤੇ ਗ਼ਜ਼ਲ

1. ਪਾਟੀਆਂ ਬਿਆਈਆਂ

ਅਸਲੀ ਕਵਿਤਾ
ਘਰਵਾਲੀ ਦੀਆਂ
ਪਾਟੀਆਂ ਬਿਆਈਆਂ ਦੇ
ਉੱਭਰੇ ਹੋਏ ਮਾਸ ਦੇ
ਐਨ ਵਿਚਕਾਰ ਲਿਖੀ ਹੁੰਦੀ ਐ
ਹੜ੍ਹ ਦੇ ਉੱਤਰੇ ਪਾਣੀ ਤੋਂ ਬਾਅਦ
ਜ਼ਮੀਨ ‘ਤੇ ਲੱਗੇ
ਡੰਗਰਾਂ ਦੇ ਖੁਰਾਂ ਦੇ ਨਿਸ਼ਾਨਾਂ ਵਰਗੀ

ਕਵੀ ਦੀ ਖਾਲੀ ਜੇਬ
ਹੋਰੂੰ-ਹੋਰੂੰ
ਜਿੰਨਾ ਮਰਜ਼ੀ ਲਿਖਵਾਵੇ
ਪਰ ਉਹ
ਰੋਟੀ ਤੋਂ ਅੱਡ ਨਹੀਂ ਹੁੰਦਾ
ਨਾ ਹੀ
ਜੂਠੇ ਭਾਂਡਿਆਂ ਦੇ ਟੋਕਰੇ ਤੋਂ
ਘਰਵਾਲੀ ਮਾਂਜਦੀ ਹੈ ਉਹ ਵੀ

ਤੇ ਕਵੀ ਦੇ ਮਾਂਜਣ ਲਈ
ਸ਼ਬਦਾਂ ਦਾ ਰਾਹ ਪੱਧਰਾ ਕਰਦੀ ਹੈ

ਕਵੀ ਦੀ ਕਵਿਤਾ ਦਾ ਸਿਰਲੇਖ
ਪਾਟੀਆਂ ਬਿਆਈਆਂ
ਨਹੀਂ ਹੁੰਦਾ
ਬੱਸ
**

2. ਪੀੜ

ਮੈਂ ਪੀੜਾਂ ਪੱਲੇ ਬੰਨ੍ਹ ਕੇ
ਜਦ ਨਿਕਲਿਆ ਕਰਨ ਗਜ਼ਾ
ਹਰ ਮੋੜ ‘ਤੇ ਟੱਕਰੇ ਹਾਦਸੇ
ਮੈਂ ਹੱਸ ਕੇ ਲਏ ਹੰਢਾਅ

ਇੱਕ ਯੁੱਗ ਉਨੀਂਦਾ ਝੱਲ ਕੇ
ਮੈਂ ਚਿਤਵਿਆ ਯਾਰ ਬੜਾ
ਉਹ ਸੁਪਨਮਈ ਕਿਰਦਾਰ ਸੀ
ਮੈਂ ਕਿੱਥੋਂ ਲਵਾਂ ਥਿਆ

ਮੈਂ ਸਬਰ ਨੂੰ ਕੂੰਡੇ ਰਗੜ ਕੇ
ਲਿਆ ਦਿਲ ਦੇ ਫੱਟ ‘ਤੇ ਲਾ
ਹੈ ਪਰਤ ਖਰੀਂਡ ਦੀ ਚੜ੍ਹ ਗਈ
ਪਰ ਅੰਦਰੋਂ ਜ਼ਖ਼ਮ ਹਰਾ

ਅੱਜ ਫੇਰ ਸਮੇਂ ਨੇ ਖੁਰਚਿਆ
ਤੇ ਦਿੱਤਾ ਲਹੂ ਵਗਾ
ਕੋਈ ਦਿਲ ਦੀ ਬੇਸੁਧ ਧਰਤ ‘ਤੇ
ਫਿਰ ਪੀੜਾਂ ਗਿਆ ਉਗਾ

ਇਹ ਪੀੜਾਂ ਮੇਰੀਆਂ ਸਾਥਣਾਂ
ਕੁਝ ਲੈਂਦੀਆਂ ਭਾਰ ਵੰਡਾਅ
ਇਹ ਚਾਵਾਂ ਦੇ ਸੰਸਾਰ ‘ਤੇ
ਝੱਟ ਕਬਜ਼ਾ ਲੈਣ ਜਮਾਅ

ਇਹ ਚਾਅ ਜੋ ਚਿਰ ਉਦਾਸੜੇ
ਕੁਝ ਚਿਰ ਜਾਵਣ ਨਸ਼ਿਆ
ਪਰ ਪੀੜ ਖ਼ੁਮਾਰੀ ਮੁੱਢ ਤੋਂ
ਰੱਬ ਜਿਉਂ ਅੰਦਰ ਵਸਿਆ

ਸੁਣ ਪੀੜੇ ਭੈਣੇ ਮੇਰੀਏ
ਨਿੱਤ ਰੱਖੜੀ ਬੰਨ੍ਹਣ ਆ
ਮੈਂ ਕਰਸਾਂ ਤੇਰੀਆਂ ਰਾਖੀਆਂ
ਤੈਨੂੰ ਛਾਤੀ ਨਾਲ ਲਗਾ

ਚੱਲ ਪੀੜੇ ਸਖੀਏ ਚੱਲੀਏ
ਕਿਸੇ ਲੰਮੇ ਸਫ਼ਰ ‘ਤੇ, ਆ
ਜਿੱਥੋਂ ਪਰਤ ਨਾ ਕੋਈ ਆਂਵਦਾ
ਤੇ ਜਿੱਥੇ ਕੋਈ ਨਾ ਸਕਦਾ ਜਾ

ਆ ਪੀੜੇ ਮਾਏ ਮੇਰੀਏ
ਮੈਨੂੰ ਗੋਦੀ ਵਿੱਚ ਬਿਠਾਅ
ਮੇਰੇ ਵਾਲ਼ੀਂ ਉੰਗਲਾਂ ਫੇਰ ਕੇ
ਮੈਨੂੰ ਆਪਣਾ ਦੁੱਧ ਚੁੰਘਾਅ

ਆ ਪੀੜੇ ਧੀਏ ਮੇਰੀਏ
ਮੇਰੇ ਮੌਰਾਂ ‘ਤੇ ਚੜ੍ਹ ਜਾ
ਆਪਾਂ ਦਮ ਦਾ ਮੇਲਾ ਗਾਹੀਏ
ਤੇ ਖ਼ਾਕ ‘ਚ ਰਲ਼ੀਏ ਜਾ

ਆ ਪੀੜੇ ਬਣ ਮਹਿਬੂਬੜੀ
ਮੇਰੇ ਸਾਹਾਂ ਵਿੱਚ ਰਲ਼ ਜਾ
ਜੇ ਪੀੜ ਮੁਹੱਬਤ ਜ਼ਿੰਦਗੀ
ਤਾਂ ਫ਼ਿਕਰ ਨਹੀਂ ਮਾਸਾ

**
3. ਕੁਦਰਤ-ਚਾਨਣ

ਮੇਰੀ ਆਪਣੀ ਧੁੱਪ ਦਾ ਚਾਨਣ
ਬਾਹਰ ਖਿੰਡਦਾ ਜਾਵੇ
ਪਰ ਮੇਰੇ ਅੰਦਰਲਾ ਨ੍ਹੇਰਾ
ਗੂਹੜਾ ਹੁੰਦਾ ਜਾਵੇ

ਕਿੰਨੇ ਹੀ ਪ੍ਰਕਾਸ਼ ਵਰੵੇ ਮੈਂ
ਲਾਏ ਆਸ ਦੇ ਲੇਖੇ
ਐਸਾ ਕੋਈ ਸਾਕ ਨਾ ਮਿਲਿਆ
ਜੋ ਧੁਰ ਅੰਦਰ ਜਾਵੇ

ਮਨ ਦੀ ਵਰਨੀ ਪੀੜਾਂ ਸਾਂਭੇ
ਤੇ ਚਿਹਰਾ ਮੁਸਕਾਵੇ
ਤੇਹਾਂ ਅੰਦਰ ਤੇਹਾਂ ਲੁਕੀਆਂ
ਕਿਹੜਾ ਆਣ ਬੁਝਾਵੇ

ਉਹ ਮਹਿਰਮ ਜੋ ਤੇਹਾਂ ਬੁੱਝੇ
ਖ਼ੁਦ ਮਾਰੂਥਲ ਵਾਸੀ
ਅੱਗ ਨੂੰ ਅੱਗ ਮਿਲੇ ਤਾਂ ਕੀਕਣ
ਅੱਗ ਦੀ ਅੱਗ ਬੁਝਾਵੇ

ਉਹ ਜੋ ਅੱਗ ਜਲ਼ਾਵੇ ਸੱਧਰਾਂ
ਤੇ ਦਿਲ ਨੂੰ ਭਰਮਾਵੇ
ਐਸੀ ਅੱਗ ਦਾ ਧੂੰਆਂ ਚੰਗਾ
ਸਾਹ ਨੂੰ ਹੱਫ਼ਣ ਲਾਵੇ

ਉਹ ਧੂੰਆਂ ਜੋ ਹੰਝੂ ਕੱਢੇ
ਨੈਣਾਂ ਤਾਈਂਂ ਰੁਆਵੇ
ਸਭ ਨੂੰ ਇੱਕ ਬਹਾਨਾ ਦੇਵੇ
ਸਮਝ ਨਾ ਜੱਗ ਦੇ ਆਵੇ

ਤਾਂ ਫਿਰ ਓਸ ਬਹਾਨੇ ਦੇ ਮੈਂ
ਸਦਕੇ-ਵਾਰੇ ਜਾਵਾਂ
ਕਿਸੇ ਬਹਾਨੇ ਇੱਕ ਬਹਾਨਾ
ਮੇਲ ਵੀ ਸਾਡਾ ਕਰਾਵੇ

ਫਿਰ ਮੈਂ ਆਪਣੀ ਧੁੱਪ ਨੂੰ ਪੁੱਛਾਂ
ਇੱਕ ਪਲ ਨੈਣ ਮਿਲਾਕੇ
ਏਨੀ ਸੁਥਰੀ ਕਿੰਝ ਹੋਈ ਏਂ
ਕਿਹੜੀ ਅੱਗ ਵਿੱਚ ਨ੍ਹਾ ਕੇ

ਅੱਗ ਦੇ ਮੱਥੇ ਲੱਗ ਕੇ ਭਾਵੇਂ
ਸੌ ਸੂਰਜ ਗਰਮਾਵੇ
ਫਿਰ ਵੀ ਧੁੱਪ ਦੀ ਕਾਤਰ-ਕਾਤਰ
ਹਰ ਇੱਕ ਧਰਤੀ ਚਾਹਵੇ

ਧੁੱਪੇ ਨੀ ਸੁਣ ਮੇਰੀਏ ਧੁੱਪੇ
ਚਾਨਣ ਦਾ ਸੰਗ ਰੱਖੀਏ
ਕੁਦਰਤ ਦਾ ਦੂਜਾ ਨਾਂ ਚਾਨਣ
ਸੁਣ ਲੈ ਮੇਰੀਏ ਸਖੀਏ
**
4. ਗ਼ਜ਼ਲ

ਬੁਲਾਉਣੇ ਕਾਗ ਨਿਉਂਦੇ ‘ਤੇ ਚਿੜੀ ਨੂੰ ਆਸਰਾ ਦੇਣਾ
ਅਸਾਡੀ ਰਾਜਨੀਤੀ ਹੈ ਯਕੀਨਾਂ ਨੂੰ ਦਗ਼ਾ ਦੇਣਾ

ਉਦਾਸੀ ਨੂੰ ਜਿਬ੍ਹਾ ਕਰਨਾ ਤੇ ਖ਼ੁਦ ਨੂੰ ਹੌਸਲਾ ਦੇਣਾ
ਤਰੀਕਾ ਹੈ ਜਿਊਣੇ ਦਾ ਨਾ ਇਹ ਹਰਗਿਜ਼ ਭੁਲਾ ਦੇਣਾ

ਪੁਰਾਣੀ ਪਿਰਤ ਹੈ ਸਦੀਆਂ ਤੋਂ ਜਿਸਦਾ ਨਾਂ ਮੁਹੱਬਤ ਹੈ
ਮੁਹੱਬਤ ਦੀ ਅਮੀਰੀ ਨੂੰ ਪਲਾਂ ਵਿੱਚ ਨਾ ਗੁਆ ਦੇਣਾ

ਹਨੇਰੇ ਦੀ ਰਿਆਸਤ ਨੂੰ ਮਿਟਾਉਣਾ ਹੈ ਜੇ ਇੰਝ ਕਰਿਉ
ਕਿਸੇ ਨੂੰ ਹੋ ਸਕੇ ਤਾਂ ਰੌਸ਼ਨੀ ਦਾ ਥਹੁ ਪਤਾ ਦੇਣਾ

ਸਦੀਵੀ ਸਾਂਝ ਰੱਖਣ ਨੂੰ ਕਿਤਾਬਾਂ ਨੇ ਤੇ ਅੱਖਰ ਨੇ
ਭੁਲਾਵੇਂ ਅੱਖਰਾਂ ਵਰਗਾ ਨਾ ਇਹ ਜੀਵਨ ਬਣਾ ਦੇਣਾ

ਕਦੋਂ ਤੱਕ ਬੀਤਿਆ ਹੰਢਾਉਣ ਦੇ ਯਤਨਾਂ ‘ਚ ਰੋਵੋਗੇ
ਤਰੇੜਾਂ ਮੇਟਕੇ ਬੀਤੇ ਦੇ ਖੰਡਰ ਨੂੰ ਸਜਾ ਦੇਣਾ

ਮੁਨਾਸਿਬ ਜਾਪਿਆ ਜੇਕਰ ਖ਼ਿਆਲਾਂ ਦੀ ਵੀ ਬਾਂਹ ਫੜਿਉ
ਨਿਰੇ ਵਜ਼ਨਾਂ ‘ਚ ਫਸਕੇ ਨਾ ਗ਼ਜ਼ਲ ਦੀ ਜੜ੍ਹ ਮੁਕਾ ਦੇਣਾ
**
ਨੱਕਾਸ਼ ਚਿੱਤੇਵਾਣੀ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
909
***

ਨੱਕਾਸ਼ ਚਿੱਤੇਵਾਣੀ

View all posts by ਨੱਕਾਸ਼ ਚਿੱਤੇਵਾਣੀ →