27 July 2024
Nachhatar Singh Bhopal

ਦੋ ਕਵਿਤਾਵਾਂ— ਨਛੱਤਰ ਸਿੰਘ ਭੋਗਲ “ਭਾਖੜੀਆਣਾ” (U.K)

“ਪੱਗ-ਦਸਤਾਰ”

ਪੰਜ ਗਜ਼ ਦੇ ਕੱਪੜੇ ਦੀ ਸਜਦੀ, ਤਾਜ ਵਾਂਗ ਦਸਤਾਰ,
ਗੁਰੂ ਨਾਨਕ ਦੀ ਕ੍ਰਿਪਾ ਸਦਕਾ, ਸਿਰ ਸੋਂਹਦੀ ਦਸਤਾਰ।

ਪੱਗ ਸਦਾ ਹੀ ਇੱਜ਼ਤ ਦਾ, ਪ੍ਰਮਾਣ ਰਹੀ ਹੈ ਪੱਗ
ਸਿਰ-ਬੱਝੀ ਸਰਦਾਰੀ ਦਾ, ਸਨਮਾਨ ਰਹੀ ਹੈ ਪੱਗ,
ਪੱਗ ਅਰਬਾਂ ਨੇ ਬੰਨੀ, ਤੁਰਕਾਂ ਤੇ ਅਫਿਗਾਨਾ ਨੇ
ਮਿਸਰਾਂ-ਪਾਰਸੀਆਂ ਦੇ ਸਿਰ ਦਾ, ਤਾਣ ਰਹੀ ਹੈ ਪੱਗ।
ਪੱਗ ਨੂੰ ਉੱਚਾ ਦਰਜ਼ਾ ਦਿੱਤਾ, ਜਿਉਂ ਸੱਚੀ ਸਰਕਾਰ।
ਗੁਰੂ ਨਾਨਕ ਦੀ ਕ੍ਰਿਪਾ ਸਦਕਾ, ਸਿਰ ਸੋਂਹਦੀ ਦਸਤਾਰ।

ਪੱਗ ਵਟਾ ਕੇ ਸੂਰੇ, ਸਿਰ ‘ਨਾ ਤੋੜ ਨਿਭਾਉਂਦੇ ਰਹੇ
ਸਿਰ ਤੋਂ ਕੋਈ ਲਾਹ ਦਏ, ਤਾਂ ਅਪਮਾਨ ਰਹੀ ਹੈ ਪੱਗ,
ਪੱਗ ਪ੍ਰਤੀਕ ਹੈ ਮਾਣ ਦਾ, ਦਾਆਵਾ ਹੈ ਸਰਦਾਰੀ ਦਾ
ਸਿੱਖਾਂ ਲਈ ਹਮੇਸ਼ਾ, ਵੱਖ ਪਹਿਚਾਨ ਰਹੀ ਹੈ ਪੱਗ।
ਦਸ ਗੁਰੂਆਂ ਨੇ ਸਿੱਖ ਕੌਮ ਤੇ, ਹੈ ਕੀਤਾ ਉਪਕਾਰ।
ਗੁਰੂ ਨਾਨਕ ਦੀ ਕ੍ਰਿਪਾ ਸਦਕਾ, ਸਿਰ ਸੋਂਹਦੀ ਦਸਤਾਰ।

ਪੱਗ ਨੂੰ ਦਾਗ਼ ਜੇ ਲੱਗੇ, ਮੁੱਦਤਾਂ ਤੱਕ ਨਾ ਧੋਅ ਹੁੰਦਾ
ਬਾਪ ਦੇ ਸਿਰ ਜੋ ਬੱਝੀ, ਉਹ ਸਨਮਾਨ ਰਹੀ ਹੈ ਪੱਗ,
ਪੱਗ ਨੂੰ ਜੋ ਹੱਥ ਪਾਵੇ, ਉਹ ਬਚਕੇ ਜਾ ਨਹੀਂ ਸਕਦਾ
ਜਾਨ ਤੋਂ ਵੱਧ ਪਿਆਰੀ, ਜਗ ਜਹਾਨ ਰਹੀ ਹੈ…
**
“ਮਜ਼ਦੂਰ”

ਕਿਰਤੀ ਕੰਮ-ਮਜ਼ਦੂਰੀ ਕਰਦਾ
ਮਿਹਨਤ ਕਰ ਦਿਨ ਕਟੀਆ ਕਰਦਾ,
ਜਰਵਾਣੇ ਦੀ ਮੰਦੀ ਚੰਗੀ
ਮੰਦੇ ਬੋਲ ਤੇ ਝਿੱੜਕਾਂ ਜਰਦਾ,
ਸੱਭ ਕੁੱਝ ਕਰਕੇ ਵੀ ਨਹੀਂ ਸਰਦਾ।
ਢਿੱਡ ਦੀ ਖ਼ਾਤਰ ਸੱਭ ਕੁੱਝ ਕਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਖੇਤ ਦੀ ਕਿਰਤ ਦਿਹਾੜੀ ਟੱਪਾ
ਫਸਲਾਂ ਗੁੱਡਦਾ ਚੱਪਾ-ਚੱਪਾ,
ਦੋ ਟੁੱਕ ਰੋਟੀ, ਦਾਲ ਦੀ ਖ਼ਾਤਰ
ਨਿੱਤ ਸਹਿੰਦਾ ਉਹ ਰੌਲ਼ਾ-ਰੱਪਾ,
ਤਨ ਤੇ ਲੀਰਾਂ, ਢਿੱਡ ਨਹੀਂ ਭਰਦਾ।
ਫਿਰ ਵੀ ਰਹੇ ਦੁਆਵਾਂ ਕਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਕੱਖਾਂ ਦੀ ਉਹਦੀ ਕੁੱਲੀ ਸੋਹਣੀ
ਪੰਜ ਤਾਰੇ ਤੋਂ ਵੀ ਮਨਮੋਹਣੀ,
ਇਸ ਵਿੱਚ ਮੰਦਰ ਤੇ ਮੈਖ਼ਾਨਾ
ਇਕ ਖੂੰਜੇ ਵਿੱਚ ਰੋਟੀ ਲੌਹਣੀ,
ਉਥੇ ਇਸ਼ਟ ਦੀ ਪੂਜਾ ਕਰਦਾ।
ਗ਼ਰੀਬਖ਼ਾਨੇ ਵਿੱਚ ਕੋਈ ਨਾ ਪਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਪਾਟੀਆਂ ਪੈਰਾਂ ਦੀਆਂ ਬਿਆਈਆਂ
ਹੰਭੀਆਂ ਖੁੱਚਾਂ, ਪਿੱਠ-ਕਲਾਈਆਂ,
ਨੰਨੇ-ਮੁੰਨੇ ਬਾਲ ਨਿਆਣੇ
ਭੁੱਖੇ ਢਿੱਡ, ਬੁੱਲੀਆਂ ਤਿਰਹਾਈਆਂ,
ਤਨ ਤੋਂ ਨੰਗੇ ਵੇਖ ਨਾ ਜਰਦਾ।
ਮਜ਼ਬੂਰੀ ਦੇ ਸਾਗਰ ਤਰਦਾ। 
ਕਿਰਤੀ ਕੰਮ-ਮਜ਼ਦੂਰੀ ਕਰਦਾ।

ਜਰਵਾਣੇ ਦੀਆਂ ਹਵਸੀ ਅੱਖੀਆਂ
ਜਵਾਨ ਔਰਤ ਦੇ ਬਦਨ ਤੇ ਰੱਖੀਆਂ,
ਵੇਖ ਕੇ ਮੱਖੀ ਨਿਗਲ਼ ਨਹੀਂ ਹੁੰਦੀ
ਦੰਦ ਪੀਹ ਘੁੱਟ ਕਚੀਚੀਆਂ ਵੱਟੀਆਂ,
ਸੱਪ ਨਿਗਲ਼ਿਆ ਹੈ ਉਹ ਜਰਦਾ।
ਮਾਲਕ ਦੇ ਪਰਛਾਵਿਓਂ ਡਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।

ਢੋਲੇ-ਮਾਹੀਏ ਗਾ ਲਹਿੰਦਾ ਹੈ
ਟੱਮਕ-ਢੋਲ ਵਜਾ ਲੈਂਦਾ ਹੈ,
ਦੋ ਪੱਲ, ਗ਼ਮ ਭੁਲਾਵਣ ਖ਼ਾਤਰ
ਮਸਤੀ ਦੇ ਵਿੱਚ ਆ ਲੈਂਦਾ ਹੈ,
ਖੁਸ਼ੀ ਹੰਢਾਉਣ ਦੀ ਕੋਸ਼ਿਸ਼ ਕਰਦਾ।
ਅੰਤ ਨੂੰ ਗ਼ੁਰਬਤ ਕੋਲੋਂ ਹੱਰਦਾ। 
ਕਿਰਤੀ ਕੰਮ-ਮਜ਼ਦੂਰੀ ਕਰਦਾ।

ਸਬਰ-ਸ਼ੁਕਰ ਦਾ ਹੈ ਉਹ ਬਾਨੀ
ਮਿਹਨਤ ਵਿੱਚ ਨਾ ਉਹਦਾ ਸਾਨੀ,
ਨਛੱਤਰ ਭੋਗਲ ਨੂੰ ਗਲ਼ੇ ਲਗਾਕੇ
ਦੁੱਖ ਵੰਡਾਕੇ, ਬਣ ਦਿਲ-ਜਾਨੀ,
ਆਹ ਲੇਖਕ ਤੈਨੂੰ ਸਜ਼ਦਾ ਕਰਦਾ।
ਚਾਰ ਅੱਖਰ, ਤੇਰੇ ਨਾਂ ਕਰਦਾ।
ਕਿਰਤੀ ਕੰਮ-ਮਜ਼ਦੂਰੀ ਕਰਦਾ।
***
ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)
***
764

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →