|
ਮੌਸਮ, ਰੁੱਤਾਂ ਆਉਂਦੀਆਂ ਜਾਂਦੀਆਂ, ਮਨੁੱਖ ਨੂੰ ਕੁਦਰਤ ਦੇ ਨਵੇਂ ਨਵੇਂ ਰੰਗ ਵਿਖਾਉਂਦੀਆਂ ਰਹਿੰਦੀਆਂ ਹਨ। ਆਮ ਦ੍ਰਿਸ਼ਟੀ ਧਾਰਕ ਇੰਨ੍ਹਾਂ ਰੰਗਾਂ ਦੀ ਦਿੱਖ ‘ ਚ ਹੀ ਉਲਝ ਕੇ ਰਹਿ ਜਾਂਦੀ ਹੈ। ਪ੍ਰਕ੍ਰਿਤੀ ਦੇ ਰੰਗਾਂ ਦੇ ਗੁਣ ਗਾਨ ਕਰਨ ਵਾਲੇ ਅਸੰਖ ਹੋਏ ਹਨ। ਪਰ ਕੁਦਰਤ ਦੇ ਇਹ ਰੰਗ ਇੱਕ ਖਾਸ ਮਕਸਦ ਰੱਖਦੇ ਹਨ ਜਿਸ ਨੂੰ ਵਿਰਲੇ ਹੀ ਸਮਝ ਸਕੇ। ਪ੍ਰਕ੍ਰਿਤੀ ਕੋਈ ਕੌਤਕ ਨਹੀਂ ਹੈ , ਇਸ ਰਾਹੀਂ ਪਰਮਾਤਮਾ ਦੇ ਗੁਣ ਪ੍ਰਗਟ ਹੁੰਦੇ ਹਨ। ਮੌਸਮਾਂ, ਰੁੱਤਾਂ ਕਾਰਨ ਸਦਾ ਜੀਵਨ ਵਿੱਚ ਇੱਕ ਅਦ੍ਰਿਸ਼ ਆਨੰਦ ਅਤੇ ਜਿਗਿਆਸਾ ਬਣੀ ਰਹਿੰਦੀ ਹੈ। ਇਸ ਨੂੰ ਅੰਤਰ ਪ੍ਰੇਰਨਾ ਤੇ ਅੰਤਰ ਦ੍ਰਿਸ਼ਟੀ ਰਾਹੀਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਜੋ ਕੇਵਲ ਗੁਰਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਗੁਰਸਿੱਖ ਤੇ ਮਹਾਨ ਉਪਕਾਰ ਹੈ ਜਿਸ ਨੇ ਗੁਰਸਿੱਖ ਦੇ ਨੂੰ ਇਲਾਈ ਰਸ ਨਾਲ ਭਰਪੂਰ ਕਰ ਦਿੱਤਾ। ਗੁਰੂ ਨਾਨਕ ਸਾਹਿਬ ਕੋਮਲ ਭਾਵਨਾਵਾਂ ਅਤੇ ਪ੍ਰੇਮ ਸਿੰਝੀ ਦ੍ਰਿਸ਼ਟੀ ਦੇ ਯੁਗ ਨਾਇਕ ਸਨ। ਆਪ ਨੂੰ ਪਰਮਾਤਮਾ ਤੇ ਪਰਮਾਤਮਾ ਦੀ ਸਿਰਜੀ ਸ੍ਰਿਸ਼ਟੀ ਦੇ ਕਣ ਕਣ ਨਾਲ ਅਨੁਰਾਗ ਸੀ। ਆਪ ਸਦਾ ਹੀ ਕੁਦਰਤ ਦੇ ਨੇੜੇ ਰਹੇ , ਕੁਦਰਤ ਦੇ ਵਿਸਮਾਦ ਨੂੰ ਆਪਣੀ ਬਾਣੀ ਵਿੱਚ ਪ੍ਰਗਟ ਕਰ ਪ੍ਰਮਾਤਮਾ ਨਾਲ ਜੋੜਨ ਦਾ ਮਾਧਿਅਮ ਬਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰ , ਦਿਵਸ , ਮਾਂਹ , ਰੁੱਤਾਂ ਦਾ ਵਿਸਤਾਰ ਨਾਲ ਵਰਣਨ ਮਿਲਦਾ ਹੈ। ਚੇਤ ਤੇ ਵੈਸਾਖ ਦੇ ਮਹੀਨਿਆਂ ਨੂੰ ਬਸੰਤ ਰੁੱਤ ਦਾ ਕਾਲ ਮੰਨਿਆ ਗਿਆ ਹੈ। ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖੁ ਮਾਸੁ ਜੀਉ।। ਗੁਰੂ ਅਰਜਨ ਸਾਹਿਬ ਨੇ ਬਸੰਤ ਰੁੱਤ ਨੂੰ ਸਾਲ ਦੀ ਸਰਸ ਰੁੱਤ ਕਿਹਾ। ਇਹ ਰੁੱਤ ਸੁੱਖ ਪ੍ਰਦਾਨ ਕਰਨ ਵਾਲੀ ਹੈਕਿਉਂਕਿ ਮਨ ਅੰਦਰ ਪਰਮਾਤਮਾ ਦਾ ਪ੍ਰੇਮ ਵੱਸ ਗਿਆ ਹੈ ਜਿਸ ਨੇ ਸਵਾਸ ਸਵਾਸ ਪ੍ਰਫੁੱਲਿਤ ਕਰ ਦਿੱਤਾ ਹੈ । ਅੰਤਰ ਪ੍ਰਫੁੱਲਿਤ ਹੈ ਤਾਂ ਹੀ ਬਸੰਤ ਰੁੱਤ ਦੀ ਪ੍ਰਫੁੱਲਤਾ ਦਾ ਅਨੁਭਵ ਹੋ ਰਿਹਾ ਹੈ। ਅੰਤਰ ਮਨ ਵਿੱਚ ਸੁੱਖ ਹੈ ਤਾਂ ਹੀ ਬਾਹਰ ਵੀ ਸੁੱਖ ਦੀ ਸਘਨ ਪਰਤੀਤਿ ਹੋ ਰਹੀ ਹੈ। ਬਸੰਤ ਦੀ ਸਰਸਤਾ ਵਿੱਚ ਪਰਮਾਤਮਾ ਦੀ ਮਿਹਰ ਦੇ ਦਰਸ਼ਨ ਹੁੰਦੇ ਹਨ। ਮਨ ਇਸ ਸੁਖਦ ਕਾਲ ਲਈ ਪਰਮਾਤਮਾ ਦੇ ਸ਼ੁਕਰ ਦੀ ਅਵਸਥਾ ਵਿੱਚ ਆ ਜਾਂਦਾ ਹੈ। ਮਨ ਤ੍ਰਿਪਤ ਹੋ ਜਾਂਦਾ ਹੈ ਜਿਵੇਂ ਕਿਸੇ ਕਾਮਣੀ ਨਾਰ ਨੂੰ ਉਸ ਦਾ ਸੁਹਾਗ ਮਿਲ ਗਿਆ ਹੋਵੇ। ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ।। ਕੁਦਰਤ ਦੇ ਵਿਸਮਾਦ ਜਨਕ ਰੂਪ ਵਿੱਚ ਪਰਮਾਤਮਾ ਦੀ ਵਡਿਆਈ ਦਾ ਦਰਸ਼ਨ ਕਰ ਲੈਣਾ ਵਡਭਾਗੀ ਹੋਣ ਦੀ ਨਿਸ਼ਾਨੀ ਹੈ। ਸਾਰੇ ਦੁੱਖ , ਸੰਤਾਪ ਦੂਰ ਹੋ ਜਾਂਦੇ ਹਨ , ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦਿਆਂ ਹਨ। ਸੁੱਖ ਪ੍ਰਾਪਤ ਕਰਨ ਲਈ ਮਨੁੱਖ ਆਪਣੀ ਸਿਆਣਪ ਅਨੁਸਾਰ ਜੋ ਜਤਨ ਕਰਦਾ ਹੈ ਉਹ ਅਪੂਰਨ ਹੁੰਦੇ ਹਨ। ਸੁੱਖ ਦਾ ਭੁਲੇਖਾ ਹੁੰਦਾ ਹੈ , ਮਨ ਸਦਾ ਅਤ੍ਰਿਪਤ ਰਹਿੰਦਾ ਹੈ। ਪਰਮਾਤਮਾ ਦਾ ਸੁੱਖ ਬਖਸ਼ਣ ਦਾ ਆਪਣਾ ਢੰਗ ਹੈ। ਇਸ ਸੱਚੇ ਸੁੱਖ ਨੂੰ ਪ੍ਰਾਪਤ ਕਰਨ ਲਈ ਆਪਣੇ ਅੰਦਰ ਵੱਸੀ “ ਸਵੈ “ ਦੀ ਭਾਵਨਾ ਨੂੰ ਦੂਰ ਕਰਨ ਦੀ ਲੋੜ ਹੈ ਜੋ ਸਦਾ ਦੁੱਖ ਦਾ ਕਾਰਨ ਬਣਦੀ ਰਹਿੰਦੀ ਹੈ । ਸੁੱਖ ਨੇੜੇ ਹੀ ਨਹੀਂ ਆਉਂਦਾ ਭਾਵੇਂ ਬਸੰਤ ਰੁੱਤ ਦੀ ਪ੍ਰਫੁੱਲਤਾ ਚੁਫੇਰੇ ਵਿਆਪਤ ਹੋ ਰਹੀ ਹੋਵੇ। ਭੋਲਿਆ ਹਉਮੈ ਸੁਰਤਿ ਵਿਸਾਰਿ।। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਕਿ ਬਸੰਤ ਰੁੱਤ ਦੀ ਸਰਸਤਾ ਨਾਲ ਜੁੜਨਾ ਹੈ ਤਾਂ ਮਨੁੱਖ ਆਪਣਾ ਹੰਕਾਰ ਤਿਆਗੇ। ਹੰਕਾਰ ਦਾ ਔਗੁਣ ਮਨੁੱਖ ਦੀ ਅਗਿਆਨਤਾ ਤੋਂ ਪੈਦਾ ਹੋਇਆ ਹੈ। ਹੰਕਾਰ ਮੁਕਤ ਹੋ ਕੇ ਪਰਮਾਤਮਾ ਦੀ ਵਡਿਆਈ ਦਾ ਕੀਤਾ ਗਿਆ ਚਿੰਤਨ ਪਰਮਾਤਮਾ ਤੇ ਉਸ ਦੀ ਸ੍ਰਿਸ਼ਟੀ ਨਾਲ ਜੋੜਦਾ ਹੈ। ਦਿਆਲੂ ਪਰਮਾਤਮਾ ਤਾਂ ਆਨੰਦ ਵੰਡ ਰਿਹਾ ਹੈ। ਇਸ ਨੂੰ ਪ੍ਰਾਪਤ ਕਰਨ ਜੋਗ ਬਣਨ ਲਈ ਬਸੰਤ ਰੁੱਤ ਤੋਂ ਸਿੱਖਣ ਦੀ ਲੋੜ ਹੈ। ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ।। ਜਿਵੇਂ ਬਸੰਤ ਰੁੱਤ ਆਉਂਦੀਆਂ ਹੀ ਬਿਰਖ ਭਰੇ ਹੋ ਜਾਂਦੇ ਹਨ , ਸੁੰਦਰ ਫੁੱਲਾਂ , ਫਲਾਂ ਨਾਲ ਭਰ ਜਾਂਦੇ ਹਨ ਮਨੁੱਖ ਦਾ ਜੀਵਨ ਵੀ ਅਜਿਹਾ ਹੀ ਮਨੋਹਰ ਬਣ ਸਕਦਾ ਹੈ। ਇਸ ਲਈ ਮਨੁੱਖ ਆਪਣੇ ਕਰਮਾਂ ਨੂੰ ਵੱਡੇ ਬਿਰਖ ਦੇ ਤਨੇ ਵਾਂਗੂੰ ਸੁਚੱਜਾ, ਅਡੋਲ ਬਣਾਏ। ਪਰਮਾਤਮਾ ਤੇ ਭਰੋਸਾ ਅਤੇ ਭਾਵਨਾ ਬਿਰਖ ਦੀਆਂ ਟਾਹਣੀਆਂ ਦੀ ਤਰਹ ਆਪ ਹੀ ਪ੍ਰਗਟ ਹੋਵੇ। ਉਸ ਦਾ ਆਚਾਰ ਵਿਵਹਾਰ ਫੁੱਲਾਂ ਵਾਂਗੂੰ ਸੁੰਦਰ ਤੇ ਮਹਿਕ ਦੇਣ ਵਾਲਾ ਭਾਵ ਸੁੱਖ ਦਾਇਕ ਹੋਵੇ। ਉਸ ਦੀ ਬੁੱਧੀ ਤੇ ਵਿਵੇਕ ਬਿਰਖ ਤੇ ਲੱਗੇ ਸੁਆਦ ਭਰੇ ਫਲ ਵਾਂਗੂੰ ਜੀਵਨ ਸਫਲਤਾ ਵਿੱਚ ਸਹਾਇਕ ਹੋਣ। ਜਿਵੇਂ ਬਿਰਖ ਦੀਆਂ ਪੱਤਿਆਂ ਹਰੀਆਂ ਭਰੀਆਂ ਹਨ, ਮਨੁੱਖ ਦਾ ਰੋਮ ਰੋਮ ਪਰਮਾਤਮਾ ਲਈ ਪ੍ਰੇਮ ਭਾਵ ਨਾਲ ਭਰਿਆ ਹੋਵੇ। ਉਸ ਦੇ ਮਨ ਦਾ ਵਿਸ਼ਵਾਸ ਬਿਰਖ ਦੀ ਸੰਘਣੀ ਛਾਂ ਜਿਹਾ ਹੋਵੇ ਜਿਸ ਅੰਦਰ ਹੰਕਾਰ ਲਈ ਕੋਈ ਥਾਂ ਨਾਂ ਹੋਵੇ, ਕੇਵਲ ਪਰਮਾਤਮਾ ਪ੍ਰੇਮ ਦੀ ਭਾਵਨਾ ਦਾ ਪੱਕਾ ਆਸਨ ਵਿਛਿਆ ਹੋਵੇ। ਸੰਸਾਰ ਅੰਦਰ ਬਹੁਤ ਸਾਰੇ ਧਰਮ ਪੁਰਖ ਹੋਏ, ਧਰਮ ਗ੍ਰੰਥ ਲਿਖੇ ਗਏ ਪਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿਲੱਖਣ ਹੀ ਸੀ।ਕੁਦਰਤ ਦੇ ਰੰਗ ਲੋਗਾਂ ਲਈ ਨੇਤਰਾਂ ਦਾ ਸੁੱਖ ਸਨ ਪਰ ਗੁਰੂ ਨਾਨਕ ਸਾਹਿਬ ਨੇ ਇਸ ਵਿੱਚ ਆਤਮਿਕ ਸੁੱਖ ਦੀ ਖੋਜ ਕੀਤੀ। ਨੇਤਰ ਸੁੱਖ ਅਲਪ ਕਾਲਿਕ ਸੀ ਕਿਉਂਕਿ ਅੰਤਰ ਦੇ ਤਾਪ ਭੱਖਦੇ ਰਹਿੰਦੇ ਸਨ। ਗੁਰੂ ਨਾਨਕ ਸਾਹਿਬ ਦਾ ਖੋਜਿਆ ਆਤਮਿਕ ਸੁੱਖ ਸਥਾਈ ਸੀ ਕਿਉਂਕਿ ਇਹ ਅੰਤ ਦੇ ਤਾਪ ਨੂੰ ਮਿਟਾ ਕੇ ਜਨਮ ਲੈਣ ਵਾਲਾ ਸੀ। ਗੁਰੂ ਨਾਨਕ ਸਾਹਿਬ ਨੂੰ ਕੁਦਰਤ ਦੇ ਕਣ ਕਣ ਵਿੱਚ ਪਰਮਾਤਮਾ ਬਖਸ਼ਿਸ਼ਾਂ ਕਰਦਾ ਨਜਰ ਆਇਆ ਸੀ। ਕੁਦਰਤ ਨਾਲ ਜੁੜਨਾ ਪਰਮਾਤਮਾ ਨਾਲ ਜੁੜਨਾ ਸੀ। ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ।। ਗੁਰੂ ਨਾਨਕ ਸਾਹਿਬ ਨੇ ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਵਿੱਚ ਸ੍ਰੇਸ਼ਟ ਕਿਹਾ ਸੀ।ਇਸ ਰੁੱਤ ਅੰਦਰ ਪ੍ਰਗਟ ਹੋਣ ਵਾਲੀ ਕੁਦਰਤ ਦੀ ਸੁੰਦਰਤਾ ਵੇਖ ਕੇ ਕੰਨਾਂ ਵਿੱਚ ਪਰਮਾਤਮਾ ਦੀ ਵਡਿਆਈ ਗੂੰਜਣ ਲੱਗ ਪੈਂਦੀ ਹੈ। ਰਸਨਾ ਤੇ ਆਪ ਹੀ ਪਰਮਾਤਮਾ ਦਾ ਜਸ ਮੁਖਰ ਹੋਣ ਲੱਗਦਾ ਹੈ। ਇੱਕ ਰੁੱਤ ਕੁਦਰਤ ਦੇ ਪਰਿਵਰਤਨ ਚਕ੍ਰ ਕਾਰਨ ਆਉਂਦੀ ਜਾਂਦੀ ਹੈ ਇੱਕ ਰੁੱਤ ਮਨ ਅੰਦਰ ਹੈ ਜੋ ਬਣ ਜਾਏ ਤਾਂ ਕਦੇ ਨਹੀਂ ਬਦਲਦੀ। ਇਸ ਲਈ ਕਰਮ ਕਮਾਉਣੇ ਪੈਂਦੇ ਹਨ। ਗੁਰੂ ਦੀ ਮਤਿ ਅਨੁਸਾਰ ਜੀਵਨ ਨੂੰ ਢਾਲ ਕੇ ਪਰਮਾਤਮਾ ਵਿੱਚ ਲਿਵ ਲਾਉਣੀ ਪੈਂਦੀ ਹੈ। ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ।। ਅੱਜ ਚੇਤ ਹੈ ਵੈਸਾਖ ਹੈ ਕਲ ਮਹੀਨੇ ਬਦਲ ਜਾਣਗੇ, ਅੱਜ ਬਸੰਤ ਹੈ ਕੱਲ ਦੂਜੀ ਰੁੱਤ ਆ ਜਾਵੇਗੀ। ਇਹ ਪਰਿਵਰਤਨ ਦਾ ਸੁਭਾਵਕ ਫੇਰ ਹੈ। ਬਸੰਤ ਰੁੱਤ ਨੇ ਜੋ ਪ੍ਰਫੁੱਲਤਾ ਮਨ ਅੰਦਰ ਭਰੀ ਹੈ , ਗੁਰਸਿੱਖ ਇਸ ਨੂੰ ਆਪਣੀ ਭਗਤੀ ਭਾਵਨਾ ਰਾਹੀਂ ਸਦਾ ਲਈ ਬਣਾਈ ਰੱਖ ਸਕਦਾ ਹੈ। ਬੰਸਤ ਰੁੱਤ ਦੇ ਬੀਤ ਜਾਨ ਤੋਂ ਬਾਅਦ ਵੀ ਉਸ ਦਾ ਮਨ ਉਮੰਗ ਵਿੱਚ ਰਹਿ ਸਕਦਾ ਹੈ ਕਿਉਂਕਿ ਇਹ ਭਾਵਨਾ ਤਾਂ ਉਸ ਨੇ ਬਸੰਤ ਰੁੱਤ ਰਾਹੀਂ ਪਰਮਾਤਮਾ ਦੀ ਵਡਿਆਈ ਦਾ ਦਰਸ਼ਨ ਕਰ ਕੇ ਪ੍ਰਾਪਤ ਕੀਤੀ ਹੈ। ਪਰਮਾਤਮਾ ਦੀ ਵਡਿਆਈ ਸਦਾ ਕਾਇਮ ਹੈ। ਉਸ ਵਡਿਆਈ ਨਾਲ ਜੁੜਿਆ ਮਨ ਸਦਾ ਹੀ ਉਸ ਵਡਿਆਈ ਦੀ ਉਮੰਗ ਮਾਣ ਸਕਦਾ ਹੈ। ਗੁਰਸਿੱਖ ਦੇ ਮਨ ਦਾ ਬਿਰਖ ਸਦਾ ਹੀ ਪਰਮਾਤਮਾ ਦੀ ਭਾਵਨਾ ਨਾਲ ਹਰਿਆ ਭਰੀਆਂ ਤੇ ਧਰਮ ਦੇ ਫੁੱਲਾਂ , ਗਿਆਨ ਦੇ ਫਲਾਂ ਨਾਲ ਮਾਲਾਮਾਲ ਰਹਿੰਦਾ ਹੈ ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ।। ਕਾਮਿਨੀ ਲਈ ਉਸ ਦਾ ਪਤੀ ਹੀ ਆਨੰਦ ਦਾ ਇਕੱਲਾ ਸਰੋਤ ਹੁੰਦਾ ਹੈ। ਆਪਣੇ ਪਤੀ ਦੀ ਸੰਗਤ ਵਿੱਚ ਹੀ ਉਹ ਸੱਚਾ ਆਨੰਦ ਮਾਣਦੀ ਹੈ। ਜੀਵ ਲਈ ਪਰਮਾਤਮਾ ਹੀ ਉਸ ਦਾ ਪਤੀ ਹੈ। ਇੱਕ ਪਰਮਾਤਮਾ ਹੀ ਸੰਸਾਰ ਅੰਦਰ ਪੁਰਖ ਹੈ, ਬਾਕੀ ਸਾਰੇ ਹੀ ਉਸ ਦੀਆਂ ਨਾਰੀਆਂ ਹਨ। ਸੱਚਾ ਆਨੰਦ ਉਸ ਪਤੀ ਪਰਮਾਤਮਾ ਨੂੰ ਆਪਣੇ ਮਨ ਅੰਦਰ ਸੁਹਾਗਣ ਨਾਰ ਜਿਹਾ ਵਸਾ ਲੈਣ ‘ਚ ਹੈ। ਜਿਸ ਪਰਮਾਤਮਾ ਨੇ ਬਸੰਤ ਦਾ ਅਦੁੱਤੀ ਆਨੰਦ ਬਖਸ਼ਿਆ ਹੈ , ਮਨ ਅੰਦਰ ਵੱਸਿਆ ਹੋਵੇ ਤਾਂ ਸਦਾ ਹੀ ਜੀਵਨ ਅੰਦਰ ਬਸੰਤ ਜਿਹਾ ਆਨੰਦ ਬਣ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਵਚਨ ਕੀਤਾ ਕਿ ਗੁਰਸਿੱਖ ਨੂੰ ਤਾਂ ਬਸੰਤ ਰੁੱਤ ਦੀ ਉਡੀਕ ਵੀ ਕਰਨ ਦੀ ਲੋੜ ਨਹੀਂ ਹੈ। ਉਸ ਦੇ ਮਨ ਅੰਦਰ ਵੱਸ ਰਿਹੇ ਪਰਮਾਤਮਾ ਨੇ ਤਾਂ ਬਸੰਤ ਰੁੱਤ ਆਉਣ ਤੋਂ ਪਹਿਲਾਂ ਹੀ ਉਸ ਨੂੰ ਪ੍ਰਫੁੱਲਿਤ ਕਰ ਦੇਣ ਵਾਲਾ ਹੈ “ ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ “। ਗੁਰਸਿੱਖ ਉਸ ਪਰਮਾਤਮਾ ਨੂੰ ਸਦਾ ਧਿਆਉਂਦਾ ਹੈ ਤੇ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਗੁਰਬਾਣੀ ਅੰਦਰ ਕੁਦਰਤ ਦੀ ਸੁੰਦਰਤਾ ਦਾ ਵਰਨਣ ਕੁਦਰਤ ਪ੍ਰੇਮੀ ਬਣਾਉਣ ਲਈ ਨਹੀਂ ਕੁਦਰਤ ਰਾਹੀਂ ਪਰਮਾਤਮਾ ਲਈ ਪ੍ਰੇਮ ਭਾਵਨਾ ਦ੍ਰਿੜ੍ਹ ਕਰਨ ਲਈ ਕੀਤਾ ਗਿਆ।ਕੁਦਰਤ ਦੀ ਸੁੰਦਰਤਾ ਵਿੱਚ ਰਮ ਜਾਣਾ ਮਨੋ ਵਿਲਾਸ ਸੀ ਪਰ ਕੁਦਰਤ ਰਾਹੀਂ ਪਰਮਾਤਮਾ ਦੀ ਵਡਿਆਈ ਤੱਕ ਪੁੱਜ ਜਾਣਾ ਭਗਤੀਂ ਸੀ ਜਿਸ ਨਾਲ ਜੀਵਨ ਦਾ ਉੱਧਾਰ ਹੋਣਾ ਹੈ। ਰੁਤਿ ਆਈਲੇ ਸਰਸ ਬਸੰਤ ਮਾਹਿ।। ਗੁਰੂ ਨਾਨਕ ਸਾਹਿਬ ਨੇ ਬਸੰਤ ਰੁੱਤ ਦੇ ਆਗਮਨ ਦਾ ਇੱਕ ਹੋਰ ਪੱਖ ਵੇਖਿਆ। ਆਪ ਨੇ ਕਿਹਾ ਕਿ ਬਸੰਤ ਰੁੱਤ ਆਉਣ ਨਾਲ ਪਰਮਾਤਮਾ ਦੇ ਭਗਤ ਦਾ ਮਨ ਹੋਰ ਵਿਗਾਸ ਨਾਲ ਭਰ ਜਾਂਦਾ ਹੈ। ਉਸ ਅੰਦਰ ਪਰਮਾਤਮਾ ਦੀ ਭਗਤੀ ਦਾ ਚਾਉ ਵੱਧ ਜਾਂਦਾ ਹੈ।ਇੱਕ ਪਰਮਾਤਮਾ ਹੀ ਤਾਂ ਹੈ ਜਿਸ ਦੇ ਚਰਨਾਂ ਵਿੱਚ ਉਹ ਆਪਣੀ ਉਮੰਗ ਭਰੀ ਭਾਵਨਾ ਅਰਪਣ ਕਰ ਸਕਦਾ ਹੈ। ਕੁਦਰਤ ਦਾ ਆਪਣਾ ਨਿਅਮ ਹੈ। ਬਸੰਤ ਰੁੱਤ ਆਉਣ ਦੇ ਧਰਤੀ ਦੀਆਂ ਸਾਰੀਆਂ ਵਨਸਪਤੀਆਂ ਖਿੜ ਉੱਠਦਿਆਂ ਹਨ , ਉਨ੍ਹਾਂ ਤੇ ਭਿੰਨ ਭਿੰਨ ਰੰਗਾਂ ਦੇ ਫੁੱਲਾਂ , ਫਲਾਂ ਦਾ ਨਿਖਾਰ ਆ ਜਾਂਦਾ ਹੈ। ਗੁਰਸਿੱਖ ਦਾ ਮਨ ਵੀ ਇਸ ਨਿਅਮ ਅਨੁਸਾਰ ਹੀ ਚੱਲਦਾ ਹੈ। ਉਸ ਦਾ ਮਨ ਵਾਹਿਗੁਰੂ ਪਰਮਾਤਮਾ ਦਾ ਸੰਗ ਪ੍ਰਾਪਤ ਕਰ ਕੇ ਖਿੜ ਜਾਂਦਾ ਹੈ “ ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ” । ਪਰਮਾਤਮਾ ਨੂੰ ਧਿਆਉਣ ਵਿੱਚ ਹੀ ਆਨੰਦ ਹੈ।ਮਨ ਪਰਮਾਤਮਾ ਤੋਂ ਦੂਰ ਹੈ ਤਾਂ ਬਸੰਤ ਰੁੱਤ ਦੀ ਪ੍ਰਫੁੱਲਤਾ ਵੀ ਮਨ ਅੰਦਰ ਵਿਗਾਸ ਨਹੀਂ ਪੈਦਾ ਕਰਦੀ “ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ।। ਇਹੁ ਮਨੁ ਜਲਿਆ ਦੂਜੈ ਦੋਇ ।।” ਪਰਮਾਤਮਾ ਨੂੰ ਵਿਸਾਰ ਕੇ, ਮਨ ਅੰਦਰ ਦਵੈਤ ਭਾਵ ਰੱਖ ਕੇ ਮਨੁੱਖ ਆਪਣੇ ਆਪ ਨੂੰ ਸੁੱਖ ਤੋਂ ਦੂਰ ਕਰ ਲੈਂਦਾ ਹੈ। ਬਸੰਤ ਦੀ ਸਰਸਤਾ ਤੋਂ ਵੀ ਵਾਂਝਾ ਰਹਿੰਦਾ ਹੈ ਅਤੇ ਸੰਤਾਪ ਵਿੱਚ ਬਲਦਾ ਰਹਿੰਦਾ ਹੈ। ਦਰਅਸਲ ਬਸੰਤ ਦੀ ਸ਼ੋਭਾ ਅਤੇ ਮਨੁੱਖ ਦੇ ਮਨ ਦਾ ਵਿਗਾਸ ਦੋਵੇ ਹੀ ਪਰਮਾਤਮਾ ਦੀ ਨਦਰਿ ਕਾਰਨ ਹੀ ਹਨ। ਬਸੰਤੁ ਚੜਿਆ ਫੂਲੀ ਬਨਰਾਇ।। ਬੰਸਤ ਰੁੱਤ ਦੀ ਸ਼ੋਭਾ ਇਸ ਕਾਰਨ ਹੈ ਕਿ ਉਹ ਪਰਮਾਤਮਾ ਦੇ ਹੁਕਮ ਅੰਦਰ ਹੈ। ਪਰਮਾਤਮਾ ਭਾਣੇ ਅੰਦਰ ਵਿਗਾਸ ਪੈਦਾ ਹੁੰਦਾ ਹੈ ਅਤੇ ਉਸ ਵਿਗਾਸ ਦਾ ਅੰਤ ਹੁੰਦਾ ਹੈ। ਬਸੰਤ ਰੁੱਤ ਆਵਾ ਗਮਨ ਦੀ ਮਰਿਆਦਾ ਨੂੰ ਸਮਝਦੀ ਤੇ ਸਵੀਕਾਰ ਕਰਦੀ ਹੈ। ਗੁਰਸਿੱਖ ਵੀ ਪਰਮਾਤਮਾ ਦੇ ਭਾਣੇ ਅੰਦਰ ਰਹਿੰਦਾ ਹੈ ਤਾਂ ਆਨੰਦ ਮਾਣਦਾ ਹੈ , ਉਸ ਦੇ ਜੀਵਨ ਅੰਦਰ ਬਸੰਤ ਜਿਹੀ ਸ਼ੋਭਾ ਬੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੧੧੯੦ ਤੇ ਸੁਸ਼ੋਭਿਤ ਆਪਣੀ ਬਾਣੀ ਵਿੱਚ ਇਸ ਨੂੰ ਸਪਸ਼ਟ ਕੀਤਾ ਕਿ ਪਰਮਾਤਮਾ ਆਪ ਹੀ ਭੰਵਰਾ ਹੈ ਤੇ ਆਪ ਹੀ ਫੁਲ – ਬੇਲ ਹੈ , ਆਪ ਹੀ ਫੁਲ ਦੀ ਸੁਗੰਧ ਲੈ ਰਿਹਾ ਹੈ। ਪਰਮਾਤਮਾ ਹੀ ਸਾਧ ਸੰਗਤ ਕਰਾਉਣ ਵਾਲਾ , ਮਨ ਅੰਦਰ ਭਗਤੀ ਭਾਵਨਾ ਪੈਦਾ ਕਰਨ ਵਾਲਾ ਹੈ। ਭਗਤ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਤਾਂ ਘਟ ਘਟ ਵਿੱਚ ਖਿੜਿਆ ਹੋਇਆ ਹੈ “ ਘਟਿ ਘਟਿ ਮਉਲਿਆ ਆਤਮ ਪਰਗਾਸੁ ” । ਉਹ ਤਾਂ ਅਨੰਤ ਰੂਪ ਧਾਰ ਕੇ ਆਨੰਦ ਦੀ ਦਾਤ ਵੰਡ ਰਿਹਾ ਹੈ। ਗੁਰੂ ਅਰਜਨ ਸਾਹਿਬ ਨੇ ਬਸੰਤ ਰੁੱਤ ਨੂੰ ਆਤਮਿਕ ਉੱਧਾਰ ਦੇ ਅਉਸਰ ਦੇ ਰੂਪ ਵਿੱਚ ਵੇਖਿਆ। ਦੇਖੁ ਫੂਲ ਫੂਲ ਫੂਲੇ।। ਬਸੰਤ ਰੁੱਤ ਦੀ ਪ੍ਰਫੁੱਲਤਾ ਵੇਖ ਕੇ ਮਨ ਅੰਦਰ ਪ੍ਰਫੁੱਲਤਾ ਆ ਜਾਏ। ਜਿਵੇਂ ਖੁੱਲੇ ਮਨ ਨਾਲ ਵਨਸਪਤਿਆਂ ਖਿੜਿਆਂ ਹਨ , ਮਨ ਅੰਦਰ ਵੀ ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਲਈ ਅਪਾਰ ਭਾਵਨਾ ਤੇ ਗੂੜ੍ਹਾ ਪ੍ਰੇਮ ਪੈਦਾ ਹੋਵੇ। ਪਰਮਾਤਮਾ ਦੀ ਸ਼ਰਣ ਪ੍ਰਾਪਤ ਕਰਨ ਲਈ ਮਨ ਵਿੱਚ ਤਾਂਘ ਪੈਦਾ ਹੋਵੇ। ਪਰਮਾਤਮਾ ਨਾਲ ਮੇਲ ਵਿੱਚ ਹੀ ਜੀਵਨ ਦੀ ਸਾਰਥਕਤਾ ਹੈ। ਜਿਵੇਂ ਬਸੰਤ ਰੁੱਤ ਹੀ ਪ੍ਰਫੁੱਲਤਾ ਦੀ ਰੁੱਤ ਹੈ, ਮਨੁੱਖੀ ਜੀਵਨ ਵੀ ਪਰਮਾਤਮਾ ਦੀ ਭਗਤੀ ਕਰ ਜੀਵਨ ਮੁਕਤ ਹੋਣ ਦਾ ਅਵਸਰ ਹੈ। ਬਸੰਤ ਰੁੱਤ ਤਾਂ ਅਗਲੇ ਸਾਲ ਮੁੜ ਆਵੇਗੀ ਪਰ ਇਹ ਜੀਵਨ ਮੁੜ ਕਦੋਂ ਮਿਲੇਗਾ ਕਹਿਆ ਨਹੀਂ ਜਾ ਸਕਦਾ। ਗੁਰੂ ਅਰਜਨ ਸਾਹਿਬ ਨੇ ਸੁਚੇਤ ਕੀਤਾ “ ਅਨ ਰੁਤਿ ਨਾਹੀ ਨਾਹੀ।। ਮਤੁ ਭਰਮਿ ਭੂਲਹੁ ਭੂਲਹੁ ।। “ ਇਸ ਜੀਵਨ ਅੰਦਰ ਹੀ ਪ੍ਰਫੁੱਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਜੀਵਨ ਪਰਮਾਤਮਾ ਭਗਤੀ ਦੀ ਰੁੱਤ ਹੈ ਜਿਸ ਵਿਚ ਨਾਮ ਦਾ ਬੀਜ ਬੀਜਿਆ ਜਾਂਦਾ ਹੈ “ ਇਕੁ ਨਾਮੁ ਬੋਵਹੁ ਬੋਵਹੁ ”।। ਅੰਤਰ ਅਤੇ ਬਾਹਰ ਦੇ ਵਿਗਾਸ ਦੀ ਇੱਕਰੂਪਤਾ ਹੀ ਬਸੰਤ ਹੀ ਮਉਲੀ ਧਰਤੀ ਮਉਲਿਆ ਅਕਾਸ“ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com

by 