12 June 2024

“ਮਨ ਮੰਥਨ ਦੀ ਇਬਾਰਤ” ਜੀ ਆਇਆਂ ਨੂੰ — ਬਲਵਿੰਦਰ ਸਿੰਘ ਚਾਹਲ 

ਕਵੀ ਮਨ ਬਹੁਤ ਚੰਚਲ, ਸੂਖਮ, ਸੰਵੇਦਨਾਵਾਂ, ਭਾਵਨਾਵਾਂ ਤੇ ਮਹੁਬੱਤ ਨਾਲ ਗੜੁੱਚ ਹੁੰਦਾ ਹੈ ਤੇ ਕੁਲਵੰਤ ਕੌਰ ਢਿੱਲੋਂ ਇਹਨਾਂ ਗੁਣਾਂ ਨਾਲ ਸੰਪੰਨ ਸਖਸ਼ੀਅਤ ਹੈ। ਜਿਸ ਬਾਰੇ ਜਿੰਨਾ ਵੀ ਕਿਹਾ, ਬੋਲਿਆ ਜਾਂ ਲਿਖਿਆ ਜਾਵੇ ਉਹ ਥੋੜਾ ਹੈ। ਇੱਕ ਅਜਿਹੀ ਦੇਵੀ ਜੋ ਰੱਜਵੀਂ ਤੇ ਸਾਫ਼ ਨੀਤ, ਹਰ ਕਿਸੇ ਨੂੰ ਮੁਹੱਬਤੀ ਕਲਾਵੇ ਵਿੱਚ ਲੈ ਕੇ ਠੰਡਕ ਪਹੁੰਚਾਉਣ ਵਾਲੀ ਜੋ ਸਭ ਦੀਆਂ ਕਿਤਾਬਾਂ ਨੂੰ ਚੁੱਕ ਚੁੱਕ ਕੇ ਮੂਹਰੇ ਕਰਨ ਵਾਲੀ ਹੈ ਉਸਦੀ ਆਪਣੀ ਸਾਹਿਤਕ ਰਚਨਾ ਨੂੰ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ। ਉਸਦੀ ਇਸ ਹੱਥਲੀ ਕਿਤਾਬ ਦਾ ਸਿਰਲੇਖ ਹੀ ਆਪਣੇ ਆਪ ਵਿੱਚ ਸਾਰੀ ਕਹਾਣੀ ਬਿਆਨ ਕਰਨ ਲਈ ਕਾਫ਼ੀ ਹੈ। ਕਿਉਂਕਿ ‘ਮਨ ਮੰਥਨ ਦੀ ਇਬਾਰਤ’ ਪੜਦਿਆਂ ਪਾਠਕ ਵੀ ਇਸ ਵਿੱਚਲੀ ਕਵਿਤਾ ਨਾਲ ਇੱਕ ਮਿੱਕ ਹੋ ਜਾਂਦਾ ਹੈ ਤੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕੁਲਵੰਤ ਕੌਰ ਢਿੱਲੋਂ ਆਪਣੇ ਪਾਠਕ ਦੀ ਉੰਗਲ ਫੜ ਕੇ ਆਪਣੇ ਨਾਲ ਤੋਰ ਲੈਂਦੀ ਹੈ ਤੇ ਸਹਿਜ ਸਹਿਜ ਕਦਮ ਪੁੱਟਦਿਆਂ ਉਸਨੂੰ ਮਨ ਦੀਆਂ ਗੱਲਾਂ ਨਾਲ ਸਰਸ਼ਾਰ ਕਰਦੀ ਤੁਰੀ ਜਾਂਦੀ ਹੈ। ਉਸਦੀ ਕਵਿਤਾ ਦਾ ਅਮੀਰ ਹੋਣਾ ਇਸ ਗੱਲ ਦਾ ਗਵਾਹ ਹੈ ਉਸ ਕੋਲ ਸ਼ਬਦਾਂ ਦਾ ਭੰਡਾਰ ਵੀ ਹੈ ਤੇ ਉਸਦੇ ਨਾਲ ਜੀਵਨ ਦਾ ਇੱਕ ਲੰਮਾ ਤਜਰਬਾ ਹੋਣ ਦੇ ਨਾਲ ਨਾਲ ਘਰ ਵਿੱਚ ਸਾਹਿਤਕ ਮਾਹੌਲ ਹੋਣ ਕਰਕੇ ਉਸਨੂੰ ਬਹੁਤ ਕੁਝ ਬਚਪਨ ਵਿੱਚ ਹੀ ਮਿਲ ਗਿਆ ਤੇ ਸ਼ਾਇਦ ਇਸੇ ਕਰਕੇ ਜਦੋਂ ਮੈਂ ਕੁਲਵੰਤ ਕੌਰ ਢਿੱਲੋਂ ਤੇ ਉਸਦੀ ਕਵਿਤਾ ਵੱਲ ਦੇਖਦਾ ਹਾਂ ਨਿਰਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਸਨੂੰ ਚੁਣਾਂ! ਅਖੀਰ ਸਹਿਮਤੀ ਇੱਥੇ ਕਰਦਾ ਹਾਂ ਕਿ ਇਹ ਦੋਵੇਂ ਇੱਕ ਦੂਸਰੇ ਦੀਆਂ ਪੂਰਕ ਹਨ ਤੇ ਦੋਵਾਂ ਦੀ ਗੋਦ ਵਿੱਚ ਬਹਿ ਕੇ ਮਾਂ ਜਿਹਾ ਪਿਆਰ ਖਲੂਸ ਮਹਿਸੂਸ ਕਰਦੇ ਹੋਏ ਆਪਣਾ ਚੌਗਿਰਦਾ ਸ਼ਬਦਾਂ ਦੀ ਮਹਿਕ ਵਿੱਚ ਘੁਲਿਆ ਹੋਇਆ ਤੇ ਸੱਤਰੰਗੀ ਪੀਂਘ ਵਾਂਗ ਰੰਗਿਆ ਰੰਗਿਆ ਦੇਖਦਾ ਹਾਂ। ਉਸਦੀਆਂ ਕੁਝ ਕਵਿਤਾਵਾਂ ਨਾਲ ਤੁਹਾਡੀ ਸਾਂਝ ਪੁਆਣਾ ਚਾਹੁੰਦਾ ਹਾਂ ਤਾਂ ਕਿ ਤੁਸੀਂ ਵੀ ਕੁਲਵੰਤ ਕੌਰ ਢਿੱਲੋਂ ਦੀ ਕਵਿਤਾ ਨੂੰ ਮਾਣ ਸਕੋ।

ਮਨ ਮੰਥਨ ਦੀ ਇਬਾਰਤ’ ਦੀ ਪਹਿਲੀ ਕਵਿਤਾ ਹੀ ਪੜਨ ਵਾਲੇ ਦੇ ਧੁਰ ਤੱਕ ਲਹਿ ਜਾਂਦੀ ਜੋ ਪਾਠਕ ਨੂੰ ਕਿਤਾਬ ਨਾਲ ਜੋੜਨ ਲਈ ਕਾਫ਼ੀ ਹੈ।

ਮੈਨੂੰ ਕਵਿਤਾ ਆਉਂਦੀ ਨਹੀਂ
ਨਾ ਹੀ ਫੁਰਦੀ ਹੈ
ਕਵਿਤਾ ਤਾਂ ਬਣ ਜਾਂਦੀ ਹੈ ਦੋਸਤੋ।
ਤਦ
ਮੈਨੂੰ ਕਵਿਤਾ ਆਉਂਦੀ ਨਹੀਂ …
ਜਦੋਂ ਮੈਂ ਆਪਣੀ ਬੱਚੀ ਦੇ
ਮਾਸੂਮ ਚਿਹਰੇ ਵੱਲ ਤੱਕਦੀ ਹਾਂ
ਤੇ ਉਸਦੀ ਭਰਪੂਰ ਜਵਾਨੀ ਨੂੰ
ਤੇ ਸਾਹਮਣੇ ਪਏ ਕੈਨਵਸ ‘ਤੇ ਪਏ ਗਰੀਟਿੰਗ ਕਾਰਡ ਨੂੰ
ਜੋ ਮੇਰੀ ਇੱਕ ਦੋਸਤ ਨੇ
ਉਸਦੇ ਜਨਮ ਦਿਨ ‘ਤੇ ਦਿੱਤਾ ਸੀ
‘ਰੱਬ ਕਰੇ ਤੈਨੂੰ ਕਵਿਤਾ ਨਾ ਲਿਖਣੀ ਪਵੇ’।

ਇੱਕ ਹੋਰ ਕਵਿਤਾ ਜਿਸਦਾ ਨਾਂ ‘ਅਰਥਾਂ ਦੀ ਵਾਟ’ ਹੈ। ਅਜਿਹੀ ਕਵਿਤਾ ਪੜ੍ਹ ਕੇ ਜਿੱਥੇ ਕੁਲਵੰਤ ਕੌਰ ਢਿੱਲੋਂ ਲਈ ਸਤਿਕਾਰ ਵਿੱਚ ਸਿਰ ਝੁਕ ਜਾਂਦਾ ਹੈ ਉੱਥੇ ਕਵਿਤਾ ਰਚਣ ਵਾਲੇ ਉਸਦੇ ਹੱਥ ਚੁੰਮਣ ਨੂੰ ਵੀ ਦਿਲ ਕਰਦਾ ਹੈ: 

ਕਦੇ ਮੇਰੀ ਸੋਚ

ਇੱਕ ਸ਼ਬਦ ਲੱਭਦੀ
ਅਰਥਾਂ ਵਿੱਚ
ਗੁਆਚ ਜਾਂਦੀ ਸੀ
ਉਹ ਪਲ
ਮੇਰਾ ਨਿੱਜ ਹੁੰਦਾ ਸੀ

ਫਿਰ
ਸ਼ਬਦ ਵੀ ਮਿਲੇ
ਤੇ ਅਰਥ ਵੀ
ਜਿ਼ੰਦਗੀ ਰੰਗੀਨ
ਹੋ ਗਈ।

ਇਸ ਕਾਵਿ ਸੰਗ੍ਰਹਿ ‘ਮਨ ਮੰਥਨ ਦੀ ਇਬਾਰਤ’ ਵਿੱਚ ਛੋਟੀਆਂ ਵੱਡੀਆਂ ਕਵਿਤਾਵਾਂ ਤੇ ਗੀਤ ਹਨ। ਜੋ ਜਿੱਥੇ ਸਾਡੇ ਭਾਰਤੀ ਸਮਾਜ ਦੇ ਦਰਸ਼ਨ ਕਰਾਉਂਦੀ ਹੈ ਉੱਥੇ ਬਰਤਾਨੀਆਂ ਵਿੱਚ ਲੰਮੇ ਸਮੇਂ ਤੋਂ ਰਹਿਣ ਕਰਕੇ ਇੱਥੇ ਦਾ ਪ੍ਰਭਾਵ ਵੀ ਕੁਲਵੰਤ ਕੌਰ ਢਿੱਲੋਂ ਦੀ ਕਿਤਾਬ ਵਿੱਚ ਸਾਫ਼ ਨਜ਼ਰ ਆਉਂਦਾ ਹੈ:

ਇਹ ਕਿਹੜੀ ਘੜੀ ਹੈ ਦੋਸਤੋ
ਬੇਗਾਨੀ ਧਰਤੀ ‘ਤੇ
ਆਪਣੇ ਪਰਾਏ
ਕਦੇ ਤਾਂ ਮਾਂ ਗੱਲਵੱਕੜੀ ਜਿਹਾ
ਨਿੱਘ ਦਿੰਦੇ ਨੇ-
ਕਦੇ ਵਗਾਹ ਮਾਰਦੇ ਹਨ
ਦੁਸ਼ਮਣ ਦੀ ਗੋਲੀ ਵਾਂਗਰਾਂ।

ਲਘੂ ਕਵਿਤਾਵਾਂ ਵਿੱਚ ਜਿੰਨੇ ਸ਼ਬਦ ਥੋੜੇ ਹਨ ਪਰ ਉਹਨਾਂ ਦੇ ਅਰਥ ਬਹੁਤ ਵੱਡੇ ਤੇ ਡੂੰਘੇ ਹਨ। ਆਪਣੇ ਵਿੱਚ ਸੰਪੂਰਨ ਲਘੂ ਕਵਿਤਾ ਪੇਸ਼ ਕਰਦਾ ਹਾਂ:


ਤੈਨੂੰ ਐਨਾ ਚਾਹਿਆ

ਕਿ ਹੋਰ ਕੋਈ ਚਾਹਤ ਹੀ ਨਾ ਰਹੀ।

ਕਵਿਤਾ ਦੇ ਨਾਲ ਗੀਤਾਂ ਦੀ ਜੋ ਘਾੜਤ ਕੁਲਵੰਤ ਕੌਰ ਢਿੱਲੋਂ ਨੇ ਘੜੀ ਹੈ ਉਹ ਆਪਣੇ ਆਪ ਵਿੱਚ ਕਾਬਿਲੇ ਤਾਰੀਫ਼ ਹੈ। ਖਾਸ ਕਰ ਜਦੋਂ ਕੋਈ ਔਰਤ ਗੀਤ ਲਿਖੇ ਤਾਂ ਥੋੜਾ ਅਜੀਬ ਲੱਗਦਾ ਹੈ ਪਰ ਇੱਥੇ ਉਸਨੇ ਦਰਸਾ ਦਿੱਤਾ ਹੈ ਕਿ ਔਰਤ ਸਾਹਿਤ ਦੀ ਹਰ ਵਿਧਾ ਵਿੱਚ ਬਕਮਾਲ ਲਿਖ ਸਕਦੀ ਹੈ, ਪੇਸ਼ ਕਰ ਸਕਦੀ ਹੈ ਤੇ ਉਸਨੂੰ ਲੋਕ ਪਸੰਦ ਵੀ ਕਰਦੇ ਹਨ ਤੇ ਉਹ ਪ੍ਰਵਾਨ ਵੀ ਹੁੰਦਾ ਹੈ।


ਸਬਰ ਅਸਾਡੇ ਦਾ ਕੜ ਪਾਟਿਆ

ਜਿਉਂ ਅੰਬਰੋਂ ਟੁੱਟੇ ਤਾਰਾ ਵੇ
ਗਮ ਅਸਾਡੇ ਹੱਡੀਂ ਰਚਿਆ
ਜਿਉਂ ਫਰਸ਼ ਤੇ ਡੁੱਲਿਆ ਪਾਰਾ ਵੇ

ਮੇਰੀਆਂ ਸ਼ੁੱਭਇਸ਼ਾਵਾਂ ਤੇ ਬਹੁਤ ਬਹੁਤ ਮੁਬਾਰਕਾਂ ਹਨ ਕੁਲਵੰਤ ਕੌਰ ਢਿੱਲੋਂ ਦੇ ਇਸ ਨਵੇਂ ਕਾਵਿ ਸੰਗ੍ਰਹਿ ‘ਮਨ ਮੰਥਨ ਦੀ ਇਬਾਰਤ’ ਨੂੰ। ਆ ਰਹੇ ਸ਼ਨਿੱਚਰਵਾਰ ਨੂੰ ਇਸ ਕਿਤਾਬ ਦਾ ਲੋਕ ਅਰਪਣ ਹੈ ਜਿਸ ਲਈ ‘ਸਾਹਿਤ ਕਲਾ ਕੇਂਦਰ ਸਾਊਥਾਲ’ ਸਾਰਾ ਆਯੋਜਨ ਕਰ ਰਿਹਾ ਹੈ। ਬਾਕੀ ਬਾਅਦ ਵਿੱਚ ਇਹ ਤਾਂ ਸਿਰਫ਼ ਇੱਕ ਝਾਕੀ ਹੈ, ਇਸ ਕਿਤਾਬ ਬਾਰੇ ਲਿਖਣ ਲਈ ਬਹੁਤ ਕੁਝ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1337
***

About the author

ਬਲਵਿੰਦਰ ਸਿੰਘ ਚਾਹਲ (ਯੂਕੇ)
+44 74910 73808 | bindachahal@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਵਿੰਦਰ ਸਿੰਘ ਚਾਹਲ ਯੂਕੇ
ਪੰਜਾਬੀ ਕਹਾਣੀਕਾਰ/ਆਲੋ ਚਕ/ਖੋਜੀ

+44 74910 73808
Email- bindachahal@gmail.com

ਕਰਤਾ(ਖੋਜ ਪੁਸਤਕ):
ਇਟਲੀ ਵਿੱਚ ਸਿੱਖ ਫੌਜੀ (ਦੂਜਾ ਵਿਸ਼ਵ ਯੁੱਧ)
Sikh Soldiers in Italy
(2nd World War)

 

ਬਲਵਿੰਦਰ ਸਿੰਘ ਚਾਹਲ (ਯੂਕੇ)

ਬਲਵਿੰਦਰ ਸਿੰਘ ਚਾਹਲ ਯੂਕੇ ਪੰਜਾਬੀ ਕਹਾਣੀਕਾਰ/ਆਲੋ ਚਕ/ਖੋਜੀ +44 74910 73808 Email- bindachahal@gmail.com ਕਰਤਾ(ਖੋਜ ਪੁਸਤਕ): ਇਟਲੀ ਵਿੱਚ ਸਿੱਖ ਫੌਜੀ (ਦੂਜਾ ਵਿਸ਼ਵ ਯੁੱਧ) Sikh Soldiers in Italy (2nd World War)  

View all posts by ਬਲਵਿੰਦਰ ਸਿੰਘ ਚਾਹਲ (ਯੂਕੇ) →