6 December 2024

ਸੁਰਜੀਤ ਪਾਤਰ ਤੇ ‘ਸੂਰਜ ਮੰਦਰ ਦੀਆਂ ਪੌੜੀਆਂ’ — ਹਰਮੀਤ ਸਿੰਘ ਅਟਵਾਲ

11 ਮਈ 2024 ਨੂੰ ਪੰਜਾਬੀ ਦਾ ਵੱਡਾ ਸ਼ਾਇਰ ਸੁਰਜੀਤ ਪਾਤਰ ਮੁੱਠੀ ‘ਚੋਂ ਰੇਤ ਵਾਂਗ ਕਿਰ ਗਿਆ। ਇਸ ‘ਜੱਗ ਚੰਦਰੋ’ ਨੂੰ ਅਲਵਿਦਾ ਆਖ ਗਿਆ। ਆਪਣੇ ਸੁਭਾਅ ਤੇ ਆਪਣੀ ਸਾਹਿਤਕ ਸਿਰਜਣਾ ਸਦਕਾ ਸਦਾ ਲਈ ਅਮਰ ਹੋ ਗਿਆ।

ਸੁਰਜੀਤ ਪਾਤਰ ਨੂੰ ਮਿਲਣ ਦਾ ਹੋਰ ਬਹੁਤ ਸਾਰਿਆਂ ਵਾਂਗ ਮੈਨੂੰ ਵੀ ਕਈ ਵਾਰ ਸੁਭਾਗ ਪ੍ਰਾਪਤ ਹੋਇਆ ਹੈ। ਪਾਤਰ ਨੂੰ ਮਿਲਣ ਉਪਰੰਤ ਬੰਦਾ ਰਚਨਾਤਮਕ ਖੇਤਰ ਵਿੱਚ ਇੱਕ ਖਾਸ ਤਰ੍ਹਾਂ ਨਾਲ ਊਰਜਾ ਸੰਪੰਨ ਤੇ ਉਤਸ਼ਾਹਿਤ ਹੁੰਦਾ ਸੀ। ਉਸ ਦੀਆਂ ਉਸਾਰੂ ਤੇ ਪ੍ਰੇਰਨਾਦਾਇਕ ਪਰ ਸੌਖੀ ‘ ਤੇ ਦਿਲਚਸਪ ਭਾਸ਼ਾ ਵਿੱਚ ਕੀਤੀਆਂ ਜਾਂਦੀਆਂ ਚਿੰਤਨੀ ਗੱਲਾਂ ਸੁਣਨ ਵਾਲੇ ਨੂੰ ਕੀਲ ਲੈਂਦੀਆਂ। ਮਨ-ਮਸਤਕ ਨੂੰ ਹਲੂਣਾ ਜਿਹਾ ਆਉਂਦਾ ਤੇ ਰੂਹ ਦਾ ਰਜੇਵਾਂ ਬਦੋਬਦੀ ਹੋ ਜਾਂਦਾ।

ਸੁਰਜੀਤ ਪਾਤਰ ਦੀ ਪ੍ਸਸਿੱਧੀ ਭਾਵੇਂ ਇੱਕ ਸਮਰੱਥ ਤੇ ਸੁਹਿਰਦ ਸ਼ਾਇਰ ਵਜੋਂ ਹੈ ਪਰ ਜਨਵਰੀ 2011 ਵਿੱਚ ਆਈ ਉਸ ਦੀ ਵਾਰਤਕ ਦੀ ਕਿਤਾਬ ‘ਸੂਰਜ ਮੰਦਰ ਦੀਆਂ ਪੌੜੀਆਂ” ਨੇ ਉਸਦੀ ਕਲਮਕਾਰੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਪੁਸਤਕ ਦੀ ਆਮਦ ਵਾਲੇ ਸਾਲ ਹੀ ਮੈਂ ਇਸ ਪੁਸਤਕ ਬਾਰੇ ਵਿਸਤਾਰ ਸਹਿਤ ਪਾਠਕਾਂ ਨਾਲ ਆਪਣੇ ਪ੍ਰਭਾਵ ਸਾਂਝੇ ਕੀਤੇ ਸਨ ਤੇ ਉਨ੍ਹਾਂ ਨੂੰ ਪਾਤਰ ਸਾਹਿਬ ਨੇ ਵੀ ਪੜ੍ਹਕੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ ਸੀ। ਅੱਜ ਫਿਰ ਇੱਕ ਲੰਮੇ ਅਰਸੇ ਬਾਅਦ ਸੂਰਜ ਮੰਦਰ ਦੀਆਂ ਪੌੜੀਆਂ ਦੀ ਗੱਲ ਕਰਨ ਦਾ ਉੱਦਮ ਕਰਨ ਲਈ ਯਤਨਸ਼ੀਲ ਹਾਂ।

ਇਸ ਪੁਸਤਕ ਦੇ ਨਾਂ ਬਾਬਤ ਵੀ ਸੁਰਜੀਤ ਪਾਤਰ ਨੇ ਸਵਿਸਤਾਰ ਲਿਖਿਆ ਹੈ-
“ਸ਼ਾਇਦ 1991 ਦੀ ਗੱਲ ਹੈ। ਭੁਵਨੇਸ਼ਵਰ ਵਿੱਚ ਰਾਜਿੰਦਰ ਪਾਂਡੇ ਨੇ ਸਿਰਜਣਾ ਯੱਗ ਕਰਵਾਇਆ। ਪੰਜਾਬੀ ਵੱਲੋਂ ਇਸ ਵਿੱਚ ਡਾ. ਹਰਿਭਜਨ ਸਿੰਘ, ਸੰਤੋਖ ਸਿੰਘ ਧੀਰ, ਮਨਜੀਤ ਟਿਵਾਣਾ, ਨ੍ਰਿਪਇੰਦਰ ਰਤਨ, ਜਸਵੰਤ ਸਿੰਘ ਨੇਕੀ ਤੇ ਮੈਂ ਸ਼ਾਮਲ ਹੋਏ।”

ਅਸੀਂ ਸਾਰੇ ਰਾਜ ਭਵਨ ਵਿੱਚ ਠਹਿਰੇ। ਇਸੇ ਦੌਰਾਨ ਮੈਨੂੰ ਇਨ੍ਹਾਂ ਸਾਰਿਆਂ ਦੀ ਲੰਬੀ ਸੁਹਬਤ ਦਾ ਮਾਣ ਹਾਸਲ ਹੋਇਆ। ਖਾਸ ਕਰ ਡਾ. ਹਰਿਭਜਨ ਸਿੰਘ ਹੋਰਾਂ ਨੂੰ ਮੈਂ ਸਵੇਰ ਸ਼ਾਮ ਜ਼ਰੂਰ ਮਿਲਦਾ। ਉਨ੍ਹੀਂ ਦਿਨੀਂ ਉਹ ਹਰ ਪਲ ਕਵਿਤਾ ਸਰੂਪ ਸਨ। ਅਸੀਂ ਸੂਰਜ ਮੰਦਰ ਦੇਖਣ ਗਏ ਤਾਂ ਪਤਾ ਨਹੀਂ ਕਿਉਂ ਮੈਨੂੰ ਡਾ. ਹਰਿਭਜਨ ਸਿੰਘ ਕਹਿਣ ਲੱਗੇ ਸੁਰਜੀਤ ਆ ਇੱਥੇ ਸੂਰਜ ਮੰਦਰ ਦੀਆਂ ਪੌੜੀਆਂ ‘ਤੇ ਬੈਠ ਕੇ ਫੋਟੋ ਖਿਚਾਉਂਦੇ ਹਾਂ, ਇਹ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਸਾਂ ਪਰ ਮੇਰੇ ਕਹਿਣ ਤੋਂ ਪਹਿਲਾਂ ਹੀ ਡਾ. ਸਾਹਿਬ ਨੇ ਕਹਿ ਦਿੱਤੀ। ਮੈਂ ਭੁਵਨੇਸ਼ਵਰ ਤੋਂ ਆ ਕੇ ਡਾ. ਹਰਿਭਜਨ ਸਿੰਘ ਦੀ ਇਸ ਦੁਰਲੱਭ ਸੁਹਬਤ ਬਾਰੇ ਇੱਕ ਲੇਖ ਲਿਖਿਆ ‘ਸੂਰਜ ਮੰਦਰ ਦੀਆਂ ਪੌੜੀਆਂ’। ਇਹ ਮੇਰੀ ਪਹਿਲੀ ਵਾਰਤਕ ਰਚਨਾ ਸੀ। ਵਾਰਤਕ ਤਾਂ ਮੈਂ ਇਸ ਤੋਂ ਪਹਿਲਾਂ ਵੀ ਲਿਖੀ ਪਰ ਉਹ ਵਾਰਤਕ ਤਾਂ ਸੀ ਰਚਨਾ ਨਹੀਂ ਸੀ। ਇਸ ਪੁਸਤਕ ਦਾ ਨਾਮ ਸੂਰਜ ਮੰਦਰ ਦੀਆਂ ਪੌੜੀਆਂ ਰੱਖਣ ਦਾ ਕਾਰਨ ਇਹੀ ਹੈ।

ਇਸ ਪੁਸਤਕ ‘ਚ ਕੁਲ 28 ਵਾਰਤਕ ਰਚਨਾਵਾਂ ਹਨ। ‘ਸੂਰਜ ਮੰਦਰ ਦੀਆਂ ਪੌੜੀਆਂ’ ਵਾਲੀ ਵਾਰਤਕ ਰਚਨਾ ਡਾ. ਹਰਿਭਜਨ ਸਿੰਘ ਤੇ ਭੁਵਨੇਸ਼ਵਰ ਦੇ ਸੂਰਜ ਮੰਦਰ ਬਾਰੇ ਹੈ। ਸੁਰਜੀਤ ਪਾਤਰ ਦੀ ਵਾਰਤਕ ਰਚਨਾ ਵਿਚਲੇ ਕਮਾਲ ਦੀ ਕਰਾਮਾਤ ਇਨ੍ਹਾਂ ਸਤਰਾਂ ਵਿੱਚੋਂ ਸਹਿਜੇ ਹੀ ਵਾਚੀ-ਸਮਝੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਉਸ ਦੀ ਵਾਰਤਕ ਸ਼ੈਲੀ ਤੇ ਉਸ ਦੀ ਕਾਵਿ ਸ਼ੈਲੀ ਇੱਕ ਦੂਜੀ ਦੇ ਬਾਖੂਬੀ ਅੰਗ ਸੰਗ ਹਨ:-

“ਪੌੜੀਆਂ ਮੈਨੂੰ ਹਮੇਸ਼ਾ ਬੜੀ ਕਾਵਿਕ ਜਿਹੀ ਚੀਜ਼ ਲਗਦੀਆਂ ਹਨ। ਕਦੀ ਸੋਚਿਆ ਸੀ ਕਿ ਪੌੜੀਆਂ ਬਾਰੇ ਇੱਕ ਕਵਿਤਾ ਲਿਖਾਂਗਾ ਜੋ ਕੁਝ ਇਸ ਤਰ੍ਹਾਂ ਹੋਵੇਗੀ ਕਿ ਪੌੜੀ ਦੇ ਇੱਕ ਪੌੌਡੇ ‘ਤੇ ਇਕ ਫੁੱਲ ਪਿਆ ਸੀ, ਦੂਜੇ ’ਤੇ ਕੌਡੀਆਂ, ਤੀਜੇ ‘ਤੇ ਵੰਗਾਂ, ਚੌਥੇ ‘ਤੇ ਸੰਖ, ਪੰਜਵੇਂ ‘ਤੇ ਮੋਤੀਆਂ ਦਾ ਹਾਰ, ਛੇਵੇਂ ‘ਤੇ ਅਲਗੋਜੇ, ਸੱਤਵੇ ‘ਤੇ ਕਲੀਰੇ, ਸੋਵੋਂ ‘ਤੇ ਚੰਦਰਮਾ, ਇੱਕ ਸੌ ਇੱਕਵੇਂ ’ਤੇ ਸੂਰਜ, ਇੱਕ ਸੌ ਦੇਵੇਂ ਤੇ ਤਾਰੇ, ਉਸ ਤੋਂ ਅੱਗੇ… ਉਸ ਦਿਨ ਯਾਨੀ 4 ਮਾਰਚ, ਨੂੰ ਮੈਨੂੰ ਜਾਪਿਆ ਸੀ ਉਸੇ ਅਣਲਿਖੀ ਕਵਿਤਾ ਵਾਲੀ ਪੌੜੀ ਤੇ ਬੈਠਾ ਹਾਂ, ਪੰਜਾਬੀ ਦੇ ਮਹਾਨ ਕਵੀ ਤੇ ਸਾਹਿਤ ਚਿੰਤਕ ਡਾ. ਹਰਿਭਜਨ ਸਿੰਘ ਨਾਲ।” (ਪੰਨਾ-53)

ਸੁਰਜੀਤ ਪਾਤਰ ਨੇ ਇਸ ਵਾਰਤਕ ਰਚਨਾ ‘ਚ ਸੂਰਜ ਮੰਦਰ ਬਾਰੇ ਵੀ ਬੜੇ ਭਾਵ ਪੂਰਤ ਅੰਦਾਜ਼ ‘ਚ ਇਉਂ ਲਿਖਿਆ ਹੈ :

“ਤੇਰੵਵੀਂ ਸਦੀ ਵਿੱਚ ਗੰਗਾ ਵੰਸ਼ ਦੇ ਨਰਸਿਮਾ ਦੇਵ ਨੇ ਬਣਵਾਇਆ ਸੀ ਇਹ ਸੂਰਜ ਮੰਦਰ। ਇਹ ਇੱਕ ਰੱਥ ਦੀ ਸ਼ਕਲ ਦੀ ਇਮਾਰਤ ਹੈ। ਸੌ ਫੁੱਟ ਚੌੜਾ ਤੇ ਸੌ ਫੁੱਟ ਹੀ ਲੰਮਾ ਪੱਥਰ ਦਾ ਵਿਰਾਟ ਰੱਥ। ਪੱਥਰ ਦੇ ਪਹੀਏ। ਪੱਥਰ ਦੇ ਘੋੜੇ। ਪੱਥਰਾਂ ‘ਚੋਂ ਤਰਾਸ਼ੇ ਨਗਨ ਜੋੜੇ।। ਇਹ ਸਿਰਫ ਸੰਭੋਗ ਮੁਦਰਾਵਾਂ ਨਹੀਂ। ਇਹ ਸ਼ਿੰਗਾਰਮਈ ਨ੍ਰਿਤ ਹੈ। ਰਤੀ ਦੀ ਲੀਲਾ।

ਕਈ ਭਾਰਤੀ ਹੁਣ ਇਨ੍ਹਾਂ ਦੀ ਨਗਨਤਾ ਤੋਂ ਸ਼ਰਮਸਾਰ ਹੁੰਦੇ ਹਨ। ਸਫਾਈ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਸਿਰਫ ਪ੍ਰਤੀਕ ਹਨ। ਪਰ ਜੇ ਇਹ ਸਿਰਫ ਪ੍ਰਤੀਕ ਹੁੰਦੇ ਤਾਂ ਇਨ੍ਹਾਂ ਨੂੰ ਏਨੇ ਸੈਂਸੂਅਸ, ਏਨੇ ਗਦਰਾਏ ਤੇ ਪਸਮੇ ਬਣਾਉਣ ਦੀ ਲੋੜ ਨਹੀਂ ਸੀ। ਏਨੀਆਂ ਕੋਮਲ ਛੋਹਾਂ, ਏਨੀਆਂ ਦਿਲਕਸ਼ ਤੱਕਣੀਆਂ, ਏਨੀਆਂ ਜੀਵੰਤ ਅਦਾਵਾਂ। ਨਹੀਂ ਇਹ ਪ੍ਰਤੀਕ ਨਹੀਂ ਹਨ। ਇਹ ਜ਼ਿੰਦਗੀ ਦਾ ਜਸ਼ਨ ਹੈ। ਸੁੰਦਰਤਾ ਦਾ ਸੂਰਜਮਈ ਅਨੁਭਵ।” (ਪੰਨਾ 59-50)

ਡਾ . ਹਰਿਭਜਨ ਸਿੰਘ ਤੇ ਸੂਰਜ ਮੰਦਰ ਤੋਂ ਇਲਾਵਾ ਇਸ ਪੁਸਤਕ ਵਿੱਚ ਸਸ ਮੀਸ਼ਾ, ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਅਮਰਜੀਤ ਗਰੇਵਾਲ, ਪ੍ਰੋ. ਮੋਹਣ ਸਿੰਘ, ਦੀਦਾਰ ਸਿੰਘ ਪਰਦੇਸੀ, ਸੁਖਵਿੰਦਰ ਅੰਮ੍ਰਿਤ, ਸ਼ਿਵ ਕੁਮਾਰ ਬਟਾਲਵੀ, ਗੁਲਜਾਰ ਸਿੰਘ ਸੰਧੂ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਸ਼ ਆਦਿ ਅਦੀਬਾਂ ਦੀਆਂ ਅਨੇਕ ਪੱਖੀ ਅਦਬੀ ਅਹਿਮੀਅਤ ਤੇ ਸ਼ਖ਼ਸੀ ਪ੍ਰਭਾਵ ਦਾ ਬਾਖੂਬੀ ਚਿਤਰਣ ਕੀਤਾ ਗਿਆ ਹੈ।

‘ਫਰੈਂਕਫਰਟ ਪੁਸਤਕ ਮੇਲਾ’, ‘ਚੁੱਪ ਚੀਜਾਂ ਦੀ ਆਵਾਜ਼’, ‘ਕਪੂਰਥਲੇ ਦੇ ਦਿਨ’, ‘ਸ਼ਹਿਰ (ਪਟਿਆਲਾ) ਜਿੱਥੇ ਮੈਂ ਬਿਰਖ ਬਣਿਆ’, ‘ਮੇਰਾ ਪਰਿਵਾਰ ਤੇ ਮੇਰੀ ਕਵਿਤਾ’, ‘ਇਸ ਵਾਰ ਮੋਹਨ ਸਿੰਘ ਕਾਵਿ ਨੂੰ ਪੜ੍ਹਦਿਆਂ’, ‘ਅਣਦਿਸਦੀਆਂ ਜੰਜੀਰਾਂ ਖੇਡਣ ਵਾਲਾ ਮੁਕਤੀ ਦਾ ਪ੍ਰਵਚਨ (ਪੂਰਨ ਸਿੰਘ ਦੀ ਸ਼ਾਇਰੀ)’, ‘ਚੀਨ ਦਾ ਚਿਹਰਾ’, ‘ਹੇ ਕਵਿਤਾ ਦੇ ਤੀਰਥ’, ‘ਕੋਲੰਬੀਆ ‘ਚ ਕਵੀ ਦਰਬਾਰਾ’, ‘ਇਕ ਨਾਟਕ ਦਾ ਆਲੇਖ’, ‘ਸੰਗੀਤ ਪਰਥਾਏ, ‘ਕਵਿਤਾ ਦਾ ਜਨਮ’ ਆਦਿ ਵਾਰਤਕ ਰਚਨਾਵਾਂ ਜਿੱਥੇ ਸੁਰਜੀਤ ਪਾਤਰ ਦੀ ਕਾਵਿਮਈ ਵਾਰਤਕ ਸ਼ੈਲੀ ਨਾਲ ਓਤਪੋਤ ਹਨ ਉਥੇ ਇਨ੍ਹਾਂ ਵਿੱਚ ਸੰਦਰਭ ਸੰਪੰਨ ਖਿਆਲ ਅਮੀਰੀ ਵੀ ਸਿਖਰਾਂ ਦੀ ਹੈ। ਗੱਲ ਨਾਲ ਗੱਲ ਜੁੜਕੇ ਬਣਦੀ ਜਾਂਦੀ ਹੈ। ਮਸਲਨ–

“ਜਦੋਂ ਕਿਸੇ ਦੇ ਮੂੰਹੋਂ ਆਪਣੇ ਖਿਲਾਫ ਕੋਈ ਬੋਲ ਸੁਣਦਾ ਹਾਂ ਜਾਂ ਲਿਖਿਆ ਹੋਇਆ ਪੜ੍ਹਦਾ ਹਾਂ ਤੇ ਅੰਦਰੇ ਅੰਦਰ ਬੜਾ ਤੜਪਦਾ ਹਾਂ। ਵਿਸ ਘੋਲਦਾ ਹਾਂ, ਗੁੱਰਾਉਂਦਾ ਹਾਂ, ਘੁਰਕਦਾ ਹਾਂ, ਚਿੰਘਾੜਦਾ ਹਾਂ, ਹੂੰਗਦਾ ਹਾਂ, ਕੁਰਲਾਉਂਦਾ ਹਾਂ। ਯਾਨੀ ਕਈ ਜੂਨਾਂ ਪਲਟਦਾ ਹਾਂ। ਲਿਖਣ ਵਾਲੇ ਨਾਲ ਖ਼ਫਾ ਹੋ ਜਾਂਦਾ ਹਾਂ ਪਰ ਜਲਦੀ ਹੀ ਮੈਨੂੰ ਨੰਦਾ ਫਾਜਲੀ ਦਾ ਸ਼ੇਅਰ ਯਾਦ ਆ ਜਾਂਦਾ ਹੈ:

ਅਪਨਾ ਚਿਹਰਾ ਨ ਬਦਲਾ ਗਯਾ
ਆਈਨੇ ਸੇ ਖਫਾ ਹੋ ਗਏ

ਸੋਚਦਾ ਹਾਂ : ਐ ਮਨਾ, ਤੇਰੇ ਖਿਲਾਫ਼ ਲਿਖਣ ਬੋਲਣ ਵਾਲਾ ਤਾਂ ਆਈਨਾ ਹੈ, ਉਸਨੇ ਤੈਨੂੰ ਤੇਰਾ ਬਦਸੂਰਤ ਚਿਹਰਾ ਦਿਖਾਇਆ ਤਾਂ ਤੂੰ ਸ਼ੀਸ਼ੇ ਨਾਲ ਗੁੱਸੇ ਹੋ ਗਿਆ।

ਸ਼ੀਸ਼ੇ ਨਾਲ ਗੁੱਸੇ ਨਾ ਹੋ
ਹੋ ਸਕੇ ਤਾਂ ਆਪਣਾ ਚਿਹਰਾ ਬਦਲ
ਚਿਹਰੇ ਦੀ ਗਰਦ ਸਾਫ਼ ਕਰ (ਪੰਨਾ-24)

‘ਸੂਰਜ ਮੰਦਰ ਦੀਆਂ ਪੌੜੀਆਂ’ ਵਿੱਚ ਬਹੁਤ ਸਾਰੀਆਂ ਹੋਰ ਵੀ ਅਰਕਪੂਰਨ ਗੱਲਾਂ ਹਨ। ਜਿਹਾ ਕਿ-

* ਪ੍ਰੋ. ਮੋਹਨ ਸਿੰਘ ਹੋਰਾਂ ਨੂੰ ਪੰਜਾਬੀ ਦਾ ਪਹਿਲਾ ਆਧੁਨਿਕ ਕਵੀ ਮੰਨਿਆ ਜਾਣਾ ਚਾਹੀਦਾ ਹੈ।

* ਅਸੀਂ ਹੀ ਕਿਤਾਬ ਨਹੀਂ ਪੜ੍ਹਦੇ, ਕਿਤਾਬ ਵੀ ਸਾਨੂੰ ਪੜ੍ਹਦੀ ਹੈ।

* ਸੰਗੀਤ ਦਾ ਸੰਸਾਰ ਬੁਨਿਆਦੀ ਤੌਰ ਤੇ ਭਾਵਾਂ ਦਾ ਸੰਸਾਰ ਹੈ।

* ਸ਼ਾਇਰੀ ਦੀ ਭਾਸ਼ਾ ਦਾ ਇੱਕ ਆਪਣਾ ਜਲੋਅ ਹੁੰਦਾ ਹੈ।

* ਚੁਲ੍ਹੇ ਵਿੱਚ ਬਲਦੀ ਅੱਗ ਤੋਂ ਵੱਡੀ ਹੋਰ ਕੋਈ ਰੋਸ਼ਨੀ ਨਹੀਂ ਹੈ।

* ਸੱਜਰੇ ਸੰਕਲਪ ਸਿਰਜਣ ਦਾ ਵਰਦਾਨ ਵੀ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਹੈ।

* ਹਿਟਲਰ ਨੇ ਗਲੋਬ ਨੂੰ ਫੁੱਟਬਾਲ ਬਣਾ ਕੇ ਖੇਡਿਆ ਹੈ।

* ਸਾਧਾਰਨ ਦ੍ਰਿਸ਼ਾਂ ਨੂੰ ਵੀ ਏਨੀ ਨੀਝ ਨਾਲ ਦੇਖੋ ਕਿ ਉਨ੍ਹਾਂ ਵਿਚਲਾ ਅਸਧਾਰਨ ਹੁਸਨ ਉਜਾਗਰ ਹੋ ਜਾਂਵੇ।

* ਤਨ ਤੰਬੂਰ ਦੀ ਧੁਨ ਸੁਣਨੀ ਤੇ ਉਸਦਾ ਸ਼ਬਦਾਂ ਵਿੱਚ ਅਨੁਵਾਦ ਕਰਨਾ ਹੀ ਕਵਿਤਾਕਾਰੀ ਹੈ।

ਨਿਰਸੰਦੇਹ ਸੁਰਜੀਤ ਪਾਤਰ ਆਪਣੀ ਮਿਸਾਲ ਆਪ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ ਹੈ। ਉਹ ਸ਼ਾਇਰ ਵੀ ਹੈ, ਵਾਰਤਕਕਾਰ ਵੀ ਹੈ। ਉਸ ਦੀ ਕਲਮ ਵਿੱਚ ਕਰਾਮਾਤ ਹੈ। ਇਸੇ ਕਰਾਮਾਤ ਨੇ ਉਸ ਦਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਵਾਇਆ ਹੈ। ਦਿਲਾਂ ‘ਤੇ ਰਾਜ ਉਹੀ ਕਰਦਾ ਹੈ ਜੋ ਦਿਲਾਂ ਨੂੰ ਜਿੱਤ ਲਵੇ ਤੇ ਦਿਲਾਂ ਦੀ ਜਿੱਤ ਜਿੱਤਾਂ ਦੀ ਜਿੱਤ ਹੁੰਦੀ ਹੈ। ਸੋ ਸਾਡਾ ਸੁਰਜੀਤ ਪਾਤਰ ਇੱਕ ਜੇਤੂ ਅਦੀਬ ਦੀ ਹੋਣਹਾਰ ਹੈਸੀਅਤ ਵਿੱਚ ਇਸ ਆਲਮ ਨੂੰ ਅਲਵਿਦਾ ਆਖ ਕੇ ਗਿਆ ਹੈ। ਇਹੀ ਜਿੱਤ ਉਸ ਨੂੰ ਸਦਾ ਅਮਰ ਰੱਖੇਗੀ। ਪਾਤਰ ਦੀ ਸ਼ਾਇਰੀ ਦੇ ਨਾਲ ਨਾਲ ਬਹੁਤੇ ਪਾਠਕਾਂ ਨੇ ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚਲੀਆਂ ਵਾਰਤਕ ਰਚਨਾਵਾਂ ਵੀ ਪੜ੍ਹੀਆਂ ਹਨ। ਜਿਨ੍ਹਾਂ ਨੇ ਅਜੇ ਵੀ ਕਿਸੇ ਕਾਰਨ ਇਹ ਪੁਸਤਕ ਨਹੀਂ ਪਤੀ, ਉਨ੍ਹਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।
***
ਹਰਮੀਤ ਸਿੰਘ ਅਟਵਾਲ
98155-05287

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1339
***

ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ