|
ਸਫ਼ਰਨਾਮਾ, ਸਾਹਿਤ ਦਾ ਇਕ ਮਹੱਤਵਪੂਰਨ ਰੂਪ ਹੈ, ਜਿਸ ਰਾਹੀਂ ਲੇਖਕ ਆਪਣੇ ਸਫ਼ਰ ਦੇ ਅਨੁਭਵ ਬਿਆਨ ਕਰਦਾ ਹੈ। ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਲਿਖਣ ਦੀ ਪਿਰਤ ਭਾਈ ਕਾਨ੍ਹ ਸਿੰਘ ਨਾਭਾ (ਪਹਾੜੀ ਰਿਆਸਤ ਦਾ ਸਫ਼ਰਨਾਮਾ) ਅਤੇ ਲਾਲ ਸਿੰਘ ਕਮਲਾ ਅਕਾਲੀ (ਮੇਰਾ ਵਿਲਾਇਤੀ ਸਫ਼ਰਨਾਮਾ) ਤੋਂ ਪਾਈ ਮੰਨੀ ਜਾਂਦੀ ਹੈ। ਨਾਰੀ ਲੇਖਕਾਵਾਂ ਵਿੱਚੋਂ 1973 ਵਿਚ ਅਮ੍ਰਿਤਾ ਪ੍ਰੀਤਮ ਨੇ ਸਫ਼ਰਨਾਮੇ ਲਿਖਣ ਦੀ ਪਹਿਲ ਕੀਤੀ ਉਪਰੰਤ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਸੁਖਵੰਤ ਕੌਰ ਮਾਨ, ਪ੍ਰਭਜੋਤ ਕੌਰ, ਮਨਜੀਤ ਕੌਰ ਅਮ੍ਰਿਤਸਰ ਆਦਿ ਬਹੁਤ ਸਾਰੀਆਂ ਲੇਖਿਕਾਵਾਂ ਨੇ ਵੀ ਸਫ਼ਰਨਾਮੇ ਲਿਖੇ ਹਨ। ਇਸੇ ਲੜੀ ਤਹਿਤ ਰਜਵੰਤ ਕੌਰ ਸੰਧੂ ਨੇ ‘ਮੇਰੇ ਪਿਤਾ ਦੀ ਕੁਰਸੀ’ ਨਾਮਕ ਸਫ਼ਰਨਾਮਾ ਲਿਖ ਕੇ ਪੰਜਾਬੀ ਸਫਰਨਾਮਾ ਸਾਹਿਤ ਵਿੱਚ ਮੁੱਲਵਾਨ ਵਾਧਾ ਕੀਤਾ ਹੈ। ਪੁਸਤਕ ਦੇ ਆਦਿ ਕਥਨ ਵਿਚ ਰਜਵੰਤ ਕੌਰ ਸੰਧੂ ਇਕਬਾਲ ਕਰਦੀ ਹੈ ਕਿ ‘ਉਹ ਲੇਖਿਕਾ ਨਹੀਂ ਪਰ ਲੇਖਕ ਦੀ ਪਤਨੀ ਜਰੂਰ ਹੈ।’ ਉਹ ਦੱਸਦੀ ਹੈ ਕਿ ਉਸਨੇ ਕਦੇ ਲਿਖਣ ਬਾਰੇ ਸੋਚਿਆ ਨਹੀਂ ਸੀ ਪਰ ਜਦੋਂ, ‘ਹੁਣ’ ਮੈਗਜ਼ੀਨ ਵਿੱਚ ਆਪਣੇ ਜੀਵਨ ਸਾਥੀ, ਪੰਜਾਬੀ ਦੇ ਪ੍ਰਬੁੱਧ ਲੇਖਕ ਡਾ. ਵਰਿਆਮ ਸਿੰਘ ਸੰਧੂ ਉੱਪਰ ਲਿਖੇ ਆਰਟੀਕਲ ਅਤੇ ਫੇਸਬੁੱਕ ‘ਤੇ ਲਿਖੇ ਕੁਝ ਲੇਖਾਂ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਉਸ ਨੇ ਲਿਖਣਾ ਸ਼ੁਰੂ ਕਰ ਦਿੱਤਾ। ਲਿਖਣ ਵਿਚ ਉਸ ਦੀ ਰੁਚੀ ਵੇਖ ਕੇ ਸੰਧੂ ਸਾਹਿਬ ਨੇ ਪਤਨੀ ਨੂੰ ਆਪਣੇ ਜੀਵਨ ਦੀਆਂ ਘਟਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ। ਉਪਰੰਤ 2023 ਵਿਚ ਜਦੋਂ ਉਹ ਦੋਵੇਂ ਪਾਕਿਸਤਾਨ ਗਏ ਤਾਂ ਉਸ ਨੇ ਇਸ ਯਾਤਰਾ ਨੂੰ ਕਲਮਬੱਧ ਕੀਤਾ। ਇਉਂ ਇਹ ਸਫ਼ਰਨਾਮਾ ਹੋਂਦ ਵਿੱਚ ਆਇਆ ਤੇ ਰਜਵੰਤ ਨੇ ਸਿੱਧ ਕਰ ਦਿੱਤਾ ਕਿ ਉਹ ਕੇਵਲ ਲੇਖਕ ਦੀ ਪਤਨੀ ਨਹੀਂ ਖੁਦ ਵੀ ਲੇਖਕ ਹੈ। ‘ਮੇਰੇ ਪਿਤਾ ਦੀ ਕੁਰਸੀ’ ਰਜਵੰਤ ਕੌਰ ਸੰਧੂ ਅਤੇ ਡਾ. ਵਰਿਆਮ ਸੰਧੂ ਦੀ ਪਾਕਿਸਤਾਨ ਯਾਤਰਾ ਦਾ ਬਹੁਤ ਖੂਬਸੂਰਤ, ਜਜ਼ਬਾਤੀ, ਮੁੱਲਵਾਨ ਹਵਾਲਿਆਂ ਅਤੇ ਟਿੱਪਣੀਆਂ ਨਾਲ ਭਰਪੂਰ ਦਸਤਾਵੇਜ਼ ਹੈ। ਇਸ ਨੂੰ 5ਆਬ ਪ੍ਰਕਾਸ਼ਨ ਨੇ ਛਾਪਿਆ ਹੈ। ਪੁਸਤਕ ਖੋਲਦਿਆਂ ਪੂਰੇ ਪੰਨੇ ‘ਤੇ ਛਪੀ ਲੇਖਿਕਾ ਦੇ ਪਿਤਾ ਦੀ ਤਸਵੀਰ ਪ੍ਰਭਾਵਿਤ ਕਰਦੀ ਹੈ। ਬਹੁਤ ਸਾਰੀਆਂ ਹੋਰ ਮੂੰਹ ਬੋਲਦੀਆਂ ਤਸਵੀਰਾਂ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਪੰਜਾਬੀ ਲੇਖਕ ਅਤੇ ਹੋਰ ਪਤਵੰਤੇ ਸੱਜਣ ਇਨ੍ਹਾਂ ਦਾ ਸਵਾਗਤ ਕਰਦੇ/ਮਿਲਦੇ-ਮਿਲਾਉਂਦੇ ਦਿਖਾਈ ਦੇ ਰਹੇ ਹਨ। ਸਭ ਤੋਂ ਅਹਿਮ ਤਸਵੀਰ ਉਹ ਹੈ ਜਿਸਦੇ ਨਾਂ ਤੇ ਇਸ ਕਿਤਾਬ ਦਾ ਨਾਮਕਰਣ ਹੋਇਆ ਹੈ। ਭਾਵੇਂ ਇਹ ਪੁਸਤਕ ਲੇਖਿਕਾ ਦੀ ਪਲੇਠੀ ਪੁਸਤਕ ਹੈ ਪਰ ਇਸ ਅੰਦਰ ਪਈ ਵੱਥ ਉਸ ਨੂੰ ਪ੍ਰੌੜ ਲੇਖਕਾਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕਰਦੀ ਹੈ। ਉਸ ਦੀ ਸ਼ੈਲੀ ਦੀ ਪੁਖ਼ਤਗੀ ਅਤੇ ਰੌਚਕਤਾ ਤੋਂ ਲੱਗਦਾ ਹੀ ਨਹੀਂ ਕਿ ਇਹ ਕਿਸੇ ਲੇਖਕ ਦੀ ਪਹਿਲੀ ਪੁਸਤਕ ਹੋਵੇਗੀ। ਖੂਬਸੂਰਤ ਮੁਹਾਵਰਿਆਂ ਅਤੇ ਘਟਨਾਵਾਂ ਮੁਤਾਬਿਕ ਉਰਦੂ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਹਰ ਚੈਪਟਰ ਦਾ ਨਾਮਕਰਣ ਵੀ ਅਲੌਕਿਕ ਢੰਗ ਨਾਲ ਕੀਤਾ ਗਿਆ ਹੈ। ਜਦੋਂ ਪੁਸਤਕ ਦੇ ਅੰਦਰ ਉਤਰਦੇ ਹਾਂ ਤਾਂ ਜਜ਼ਬਿਆਂ ਦਾ ਹੜ੍ਹ ਵਹਾ ਕੇ ਲੈ ਜਾਂਦਾ ਹੈ। 47 ਦੀ ਵੰਡ ਦਾ ਦੁੱਖ ਬਹੁਤ ਵੱਡਾ ਹੈ। ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫਰਨਾਮਾ ਯਾਦ ਆਉਂਦਾ ਹੈ। ਰਾਤੋ-ਰਾਤ ਆਪਣੇ ਭਰੇ ਭਰਾਏ ਘਰ ਛੱਡਣੇ ਆਸਾਨ ਨਹੀਂ ਹੁੰਦੇ। ਉਨ੍ਹਾਂ ਵਿਛੜੀਆਂ ਥਾਵਾਂ ਨੂੰ ਵੇਖ ਕੇ ਮਨੁੱਖ ਦਾ ਭਾਵੁਕ ਹੋਣਾ ਲਾਜ਼ਮੀ ਹੈ। ਲੇਖਿਕਾ ਨੇ ਆਪਣੀ ਯਾਤਰਾ ਦੇ ਇਨ੍ਹਾਂ ਅਨੁਭਵਾਂ ਅਤੇ ਯਾਦਾਂ ਨੂੰ ਬਹੁਤ ਸਾਧਾਰਣ ਅਤੇ ਭਾਵਾਨਾਤਮਕ ਸ਼ੈਲੀ ਵਿੱਚ ਕਲਮਬੱਧ ਕੀਤਾ ਹੈ। ਪਹਿਲੇ ਚੈਪਟਰ ਵਿੱਚ ਉਸਨੇ ਦੱਸਿਆ ਹੈ ਕਿ ਕਿਵੇਂ ਪਾਕਿਸਤਾਨ ਜਾਣ ਦੀ ਉਸ ਦੀ ਚਿਰੋਕਣੀ ਇੱਛਾ ਸੀ। ਵੰਡ ਤੋਂ ਪਹਿਲਾਂ ਉਸ ਦਾ ਪਰਿਵਾਰ ਉਥੇ ਦਾ ਵਸਨੀਕ ਸੀ ਇਸ ਲਈ ਉਹਨੂੰ ਉਹ ਜਗਾਵਾਂ ਦੇਖਣ ਦੀ ਇੱਛਾ ਸੀ ਜਿੱਥੇ ਉਨ੍ਹਾਂ ਦੇ ਪੁਰਖੇ ਰਹਿੰਦੇ ਰਹੇ ਅਤੇ ਜਿਸ ਮਿੱਟੀ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਹੋਈ ਪਰ ਸਬੱਬ ਕੁਛ ਸਮਾਂ ਪਾ ਕੇ ਬਣਿਆ। ਡਾ. ਵਰਿਆਮ ਸੰਧੂ ਦਾ ਜਨਮ ਵੀ ਪਾਕਿਸਤਾਨ ਵਿੱਚ ਹੋਇਆ ਹੋਣ ਕਰਕੇ ਉਹ ਵੀ ਆਪਣਾ ਪਿੰਡ ਭਡਾਣਾ ਤੇ ਉੱਥੇ ਛੁੱਟ ਗਿਆ ਆਪਣਾ ਘਰ ਵੇਖਣਾ ਚਾਹੁੰਦੇ ਸਨ। ਉਸ ਵਕਤ ਭਡਾਣੇ ਦੇ ਨੇੜੇ ਰਹਿੰਦੇ ਹੋਣ ਕਰਕੇ ਉਨ੍ਹਾਂ ਪਹਿਲਾਂ ਭਡਾਣੇ ਵੱਲ ਜਾਣ ਦੀ ਸਲਾਹ ਕੀਤੀ। ਦੂਜੇ ਚੈਪਟਰ ਵਿਚ ਭਡਾਣੇ ਦੇ ਰਾਹ ਵਿੱਚ ਉਹ ਫਖ਼ਰ ਜ਼ਮਾਨ ਨੂੰ ਮਿਲੇ ਜੋ ਕਿ ਪਾਕਿਸਤਾਨ ਦਾ ਨਾਵਲਕਾਰ, ਕਵੀ ਅਤੇ ਰਾਜਨੀਤਕ ਵਿਅਕਤੀ ਹੈ। ਉਸਨੇ ਆਲਮੀ ਪੰਜਾਬੀ ਕਾਨਫਰੰਸਾਂ ਕਰਾਉਣ ਦੀ ਸ਼ੁਰੂਆਤ ਕੀਤੀ। ਉਹਨੂੰ ਇਕ ਗੈਸ ਸਟੇਸ਼ਨ ਤੇ ਮਿਲਣ ਤੋਂ ਉਪਰੰਤ ਅਹਿਮਦ ਰਜ਼ਾ ਅਤੇ ਅੰਜੁਮ ਗਿੱਲ ਜੋ ਇਨ੍ਹਾਂ ਦੇ ਮੇਜ਼ਬਾਨ ਸਨ, ਨਾਲ ਸੰਧੂ ਸਾਹਿਬ ਦੇ ਪਿੰਡ ਭਡਾਣੇ ਵੱਲ ਰਵਾਨਾ ਹੋਏ। ਭਡਾਣੇ ਦੇ ਵਸਨੀਕਾਂ ਨੇ ਇਨ੍ਹਾਂ ਦਾ ਬਹੁਤ ਪਿਆਰ ਨਾਲ ਸਵਾਗਤ ਕੀਤਾ। ਇਨ੍ਹਾਂ ਨੂੰ ਇਕ ਘਰ ਦਿਖਾਇਆ ਗਿਆ ਜਿਸਨੂੰ ਵੇਖਦਿਆਂ ਇਹ ਖੁਸ਼ ਵੀ ਹੋਏ ਤੇ ਭਾਵੁਕ ਵੀ ਹੋਏ। ਬਾਅਦ ਵਿੱਚ ਪਤਾ ਚੱਲਿਆ ਕਿ ਇਹ ਘਰ ਤਾਂ ਸੰਧੂ ਸਾਹਿਬ ਦੇ ਵਡੇਰਿਆਂ ਦਾ ਹੈ ਹੀ ਨਹੀਂ ਸੀ। ਇਸ ਚੈਪਟਰ ਨੂੰ ਇਸੇ ਲਈ ਰਜਵੰਤ ਨੇ ‘ਲੱਭਾ ਨਾ ਲੱਭਾ ਘਰ’ ਨਾਂ ਦਿਤਾ ਹੈ। ਇਹ ਸਾਰੀਆਂ ਗੱਲਾਂ ਅੰਜੁਮ ਗਿੱਲ ਅਤੇ ਰਜ਼ਾ ਸਾਹਿਬ ਅਤੇ ਫੈਜ਼ਲ ਅਲੀ ਨੇ ਵੀਡੀਓ ਵਿੱਚ ਕੈਦ ਕੀਤੀਆਂ ਹੋਈਆਂ ਹਨ ਜੋ ਕਿ ਯੂ ਟਿਊਬ ਤੇ ਉਪਲਬਧ ਹਨ। ਆਪਣੀ ਲਿਖਤ ਵਿੱਚੋਂ ਲੇਖਿਕਾ ਇਕ ਸੰਵੇਦਨਸ਼ੀਲ ਪਤਨੀ ਵੱਜੋਂ ਵੀ ਉਭਰਦੀ ਹੈ ਜਿਸਨੇ ਨਾ ਕੇਵਲ ਆਪਣੀਆਂ ਬਲਕਿ ਆਪਣੇ ਜੀਵਨ ਸਾਥੀ ਦੀਆਂ ਭਾਵਨਾਵਾਂ ਨੂੰ ਵੀ ਸਮਝਿਆ ਅਤੇ ਖੂਬਸੂਰਤੀ ਨਾਲ ਕਲਮਬੱਧ ਕੀਤਾ ਹੈ। ਭਡਾਣੇ ਵਾਲੇ ਘਰ ਨੂੰ ਵੇਖ ਕੇ ਲੇਖਿਕਾ ਦੇ ਸਾਹਮਣੇ ਉਹ ਦ੍ਰਿਸ਼ ਆ ਜਾਂਦਾ ਹੈ ਜੋ ਉਸ ਦੀ ਸੱਸ ਉਸ ਨੂੰ ਦੱਸਿਆ ਕਰਦੀ ਸੀ। ਉਸ ਦਾ ਇਹ ਵਾਕ ਹਰ ਪੜ੍ਹਨ ਵਾਲੇ ਨੂੰ ਭਾਵੁਕ ਕਰਦਾ ਹੈ, “ਮੈਂ ਆਖਦੀ ਹਾਂ ਬੀ ਜੀ ਦੱਸਦੇ ਹੁੰਦੇ ਸੀ ਕਿ ਅਜੇ ਵਿਆਹ ਨੂੰ ਕੁਝ ਚਿਰ ਹੀ ਤਾਂ ਹੋਇਆ ਸੀ, ਸਾਰਾ ਦਾਜ ਉਨ੍ਹਾਂ ਦਾ ਘਰ ਵਿਚ ਸੀ। ਉਨ੍ਹਾਂ ਚੀਜ਼ਾਂ ਵਿੱਚੋਂ ਕੁਝ ਵੀ ਵਰਤ ਕੇ ਨਹੀਂ ਸੀ ਵੇਖਿਆ…ਉਨ੍ਹਾਂ ਦੇ ਸਹੁਰਿਆਂ ਪੇਕਿਆਂ ਦੇ ਸਾਰੇ ਗਹਿਣੇ ਵੀ ਇੱਥੇ ਹੀ ਰਹਿ ਗਏ। ਪੈਸੇ ਦੀ ਚੀਜ਼ ਵੀ ਨਾ ਚੁੱਕ ਸਕੇ।” ਇਨ੍ਹਾਂ ਭਾਵੁਕ ਪਲਾਂ ਵਿੱਚੋਂ ਨਿਕਲ ਕੇ ਉਹ ਪਿੰਡ ਵੇਖ ਕੇ ਪਰਤ ਆਉਂਦੇ ਹਨ। ਇਉਂ ਲੱਗਦਾ ਹੈ ਜਿਵੇਂ ਅਸੀਂ ਇਨ੍ਹਾਂ ਨਾਲ ਉਸ ਪਿੰਡ ਦੀ ਗੇੜੀ ਲਾ ਲਈ ਹੋਵੇ। ਅਗਲੇ ਚੈਪਟਰ ਵਿਚ ਉਹ ਇਲੀਆਸ ਘੁੰਮਣ ਨੂੰ ਮਿਲਦੇ ਹਨ। ਇਸ ਦਾ ਵੇਰਵਾ ਕਾਫ਼ੀ ਤਫ਼ਸੀਲ ਨਾਲ ਦਿੱਤਾ ਗਿਆ ਹੈ। ਇਸ ਤੋਂ ਅਗੋਂ ਇਸ ਕਿਤਾਬ ਦੇ ਨਾਂ ਵਾਲਾ ਚੈਪਟਰ ਆਉਂਦਾ ਹੈ- ਮੇਰੇ ਪਿਤਾ ਦੀ ਕੁਰਸੀ। ਲੇਖਿਕਾ ਦੇ ਪਿਤਾ ਵੰਡ ਤੋਂ ਪਹਿਲਾਂ ਲਾਹੌਰ ਦੇ ਕਿਲਾ ਗੁੱਜਰ ਸਿੰਘ ਥਾਣੇ ਦੇ ਐਸ. ਐਚ. ਓ. ਹੁੰਦੇ ਸਨ। ਵੰਡ ਤੋਂ ਬਾਅਦ ਉਹ ਫਿਰੋਜ਼ਪੁਰ ਥਾਣੇ ਵਿਚ ਥਾਣੇਦਾਰ ਲੱਗ ਗਏ। ਉਹ ਚੰਗੇ ਘੁੜਸਵਾਰ ਅਤੇ ਖਿਡਾਰੀ ਸਨ। ਪਰ ਬਦਕਿਸਮਤੀ ਨੂੰ ਪਹਿਲੇ ਰਿਪਬਲਿਕ ਡੇਅ ‘ਤੇ ਖੇਡਾਂ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਲੇਖਿਕਾ ਨੇ ਆਪਣੇ ਪਿਤਾ ਨੂੰ ਵੇਖਿਆ ਨਹੀਂ ਸੀ ਕਿਉਂਕਿ ਉਦੋਂ ਉਹ ਅਜੇ ਦੋ ਕੁ ਸਾਲ ਦੀ ਹੀ ਸੀ। ਉਹ ਤਾਉਮਰ ਆਪਣੇ ਪਿਤਾ ਦੀ ਕਮੀ ਮਹਿਸੂਸ ਕਰਦੀ ਰਹੀ। ਉਹ ਲਿਖਦੀ ਹੈ, “ ਮੈਂ ਬਚਪਨ ਵਿੱਚ ਗਵਾਚ ਗਏ ਆਪਣੇ ਪਿਉ ਨੂੰ ਖਿਆਲਾਂ ਵਿੱਚ ਚਿੱਠੀਆਂ ਲਿਖਦੀ, “ਭਾਪਾ ਜੀ ਤੁਸੀਂ ਕਿੱਥੇ ਚਲੇ ਗਏ ਜੇ? ਆਉਂਦੇ ਕਿਉਂ ਨਹੀਂ। ਮੈਨੂੰ ਗਲ ਨਾਲ ਕਿਉਂ ਨਹੀਂ ਲਾਉਂਦੇ? ਸਾਰਿਆਂ ਦੇ ਬਾਪ ਹੋਸਟਲ ਵਿੱਚ ਆਪਣੀਆਂ ਧੀਆਂ ਨੂੰ ਮਿਲ ਕੇ ਜਾਂਦੇ ਨੇ ਤੇ ਮੈਂ ਤੁਹਾਨੂੰ ਉਡੀਕਦੀ ਹਾਂ। ਤੁਸੀਂ ਨਹੀਂ ਆਉਂਦੇ। ਜਦੋਂ ਕਿਸੇ ਸਹੇਲੀ ਦਾ ਪਿਤਾ ਮੇਰੇ ਸਿਰ ਤੇ ਵੀ ਹੱਥ ਰੱਖਦਾ ਤਾਂ ਮੇਰੀਆਂ ਭੁੱਬਾਂ ਨਿਕਲ ਜਾਂਦੀਆਂ।” ਪਾਕਿਸਤਾਨ ਆ ਕੇ ਉਹ ਉਸ ਥਾਣੇ ਜਾਂਦੇ ਹਨ ਜਿੱਥੇ ਕਦੇ ਲੇਖਿਕਾ ਦੇ ਪਿਤਾ ਤਾਇਨਾਤ ਸਨ। ਉੱਥੇ ਇਂਨ੍ਹਾਂ ਦਾ ਬਹੁਤ ਸਤਿਕਾਰ ਹੁੰਦਾ ਹੈ। ਲੇਖਿਕਾ ਉਸ ਕੁਰਸੀ ਨੂੰ ਜਿਸ ਤੇ ਕਦੇ ਉਸਦੇ ਪਿਤਾ ਬੈਠੇ ਹੋਣਗੇ ਵੇਖ ਕੇ ਭਾਵੁਕ ਹੋ ਜਾਂਦੀ ਹੈ। ਉਹ ਪੁੱਛਦੀ ਹੈ ਮੈਂ ਕੁਰਸੀ ਨੂੰ ਛੂਹ ਸਕਦੀ ਹਾਂ ਜਿਵੇਂ ਉਹ ਆਪਣੇ ਪਿਤਾ ਦੀਆਂ ਬਾਹਾਂ ਨੂੰ ਛੂਹਣਾ ਚਾਹੁੰਦੀ ਹੋਵੇ। ਉੱਥੋਂ ਦੇ ਕਰਮਚਾਰੀ ਉਸ ਨੂੰ ਕੁਰਸੀ ‘ਤੇ ਬਿਠਾਉਂਦੇ ਹਨ ਤਸਵੀਰਾਂ ਖਿੱਚਦੇ ਹਨ। ਇਸ ਕੁਰਸੀ ਤੇ ਬੈਠ ਕੇ ਉਨ੍ਹਾਂ ਨੂੰ ਆਪਣੇ ਪਿਤਾ ਦੀਆਂ ਯਾਦਾਂ ਭਾਵੁਕ ਕਰ ਦਿੰਦੀਆਂ ਹਨ। ਇਹੀ ਤਸਵੀਰ ਸਰਵਰਕ ਤੇ ਵੀ ਲੱਗੀ ਹੈ। ਇਹ ਸਾਰਾ ਬਿਆਨ ਅੱਖਾਂ ਵਿੱਚ ਅੱਥਰੂ ਲਿਆ ਦਿੰਦਾ ਹੈ। ਅਗਲੇ ਚੈਪਟਰ ‘ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ ਵੇ’ ਵਿੱਚ ਲੇਖਿਕਾ ਨਨਕਾਣਾ ਸਾਹਿਬ ਦੀ ਯਾਤਰਾ ਬਾਰੇ ਦੱਸਦੀ ਹੈ। ਸਿੱਖ ਗੁਰੂ ਸਾਹਿਬਾਨ ਨਾਲ ਅਥਾਹ ਪਿਆਰ ਕਰਨ ਵਾਲੀ ਰਜਵੰਤ ਗੁਰਦੁਆਰਾ ਜਨਮ ਅਸਥਾਨ, ਗੁਰਦੁਆਰਾ ਬਾਲ ਲੀਲਾ, ਗੁਰਦੁਆਰਾ ਮਾਲ ਸਾਹਿਬ, ਗੁਰਦੁਆਰਾ ਤੰਬੂ ਸਾਹਿਬ ਆਦਿ ਦੇ ਦਰਸ਼ਨ ਕਰਕੇ ਸ਼ਰਧਾ ਨਾਲ ਭਰ ਜਾਂਦੀ ਹੈ। ਉਸ ਦੇ ਮਨ ਅੰਦਰ ਬਹੁਤ ਸਾਰੇ ਸਵਾਲ ਅਤੇ ਵਲਵਲੇ ਉੱਠਦੇ ਹਨ ਜਿਨ੍ਹਾਂ ਦਾ ਉਹ ਬਾਖੂਬੀ ਬਿਆਨ ਕਰਦੀ ਹੈ। ਇਹ ਬਿਆਨ ਕੇਵਲ ਸ਼ਰਧਾ ਨਾਲ ਭਰਿਆ ਨਹੀਂ ਹੈ ਜਾਣਕਾਰੀ ਭਰਪੂਰ ਅਤੇ ਤਰਕ ਸੰਗਤ ਵੀ ਹੈ। ਗੁਰੂਆਂ ਨਾਲ ਜੁੜੀਆਂ ਸਾਖੀਆਂ ਦਾ ਵੀ ਜ਼ਿਕਰ ਕਰਦੀ ਹੈ ਪਰ ਇਨ੍ਹਾਂ ਨਾਲ ਜੁੜੀਆਂ ਕਰਾਮਾਤਾਂ ਦਾ ਤਰਕ ਨਾਲ ਵੀ ਬਿਆਨ ਕਰਦੀ ਹੈ। ਉਹ ਗੁਰਦੁਆਰਾ ਸੱਚਾ ਸੌਦਾ, ਪੰਜਾ ਸਾਹਿਬ ਅਤੇ ਲਾਹੌਰ ਵਿੱਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਅਸਥਾਨ ਡੇਰਾ ਸਾਹਿਬ ਦੇ ਦਰਸ਼ਨ ਕਰਨ ਵੀ ਜਾਂਦੇ ਹਨ। ਦੋਵੇਂ ਐਮਨਾਬਾਦ ਭਾਈ ਲਾਲੋ ਦੇ ਗੁਰਦੁਆਰੇ ਦਰਸ਼ਨ ਕਰਨ ਲਈ ਵੀ ਗਏ। ਗੁਰਦੁਆਰਾ ਪੰਜਾ ਸਾਹਿਬ ਜਾਂਦਿਆਂ ਰਾਹ ਵਿੱਚ ਆਏ ਤਿੰਨ ਦਰਿਆਵਾਂ ਨੂੰ ਪਾਰ ਕਰਨ ਵੇਲੇ ਉਹ ਇਨ੍ਹਾਂ ਨਾਲ ਜੁੜੇ ਜਿਹੜੇ ਕਿੱਸੇ ਅਤੇ ਗੀਤਾਂ ਨੂੰ ਯਾਦ ਕਰਦੀ ਹੈ ਆਪਣੀ ਲਿਖਤ ਵਿਚ ਉਨ੍ਹਾਂ ਦਾ ਜ਼ਿਕਰ ਵੀ ਕਰਦੀ ਹੈ। ‘ਮੇਰੇ ਪਿਤਾ ਦੀ ਕੁਰਸੀ’ ਕੇਵਲ ਇਕ ਸਫ਼ਰਨਾਮਾ ਨਹੀਂ ਹੈ ਇਹ ਵੰਡ ਦੇ ਦਰਦ ਦੀ ਗਾਥਾ ਵੀ ਹੈ, ਇਕ ਜਿਸਮ ਦੇ ਦੋ ਟੋਟੋ ਕਰ ਦਿੱਤੇ ਗਏ ਪੰਜਾਬ ਦਾ ਦੁਖਾਂਤ ਵੀ ਹੈ। ਇਸ ਵਿੱਚੋਂ ਦੰਪਤੀ ਦੇ ਜੀਵਨ ਦੀਆਂ ਝਲਕਾਂ ਪੈਂਦੀਆਂ ਹੋਣ ਕਰਕੇ ਇਹ ਸਵੈਜੀਵਨੀ ਵਰਗਾ ਵੀ ਜਾਪਦਾ ਹੈ। ਸਾਡੇ ਧਰਮ ਅਤੇ ਵਿਰਸੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਕਿੰਨੇ ਵਰ੍ਹੇ ਸਾਨੂੰ ਵੇਖਣੀਆਂ ਤੱਕ ਨਸੀਬ ਨਾ ਹੋਈਆਂ ਉਸਦਾ ਬਿਰਤਾਂਤ ਵੀ ਹੈ। ਪਾਕਿਸਤਾਨੀ ਭਰਾਵਾਂ ਦੇ ਪਿਆਰ ਅਤੇ ਪ੍ਰਾਹੁਣਚਾਰੀ ਦੇ ਕਿੱਸੇ ਵੀ ਹਨ। ਮੇਰੀ ਤੁਹਾਨੂੰ ਦਰਖਾਸਤ ਹੈ ਤੁਸੀਂ ਇਹ ਸਫ਼ਰਨਾਮਾ ਜ਼ਰੂਰ ਪੜ੍ਹੋ। ਤੁਸੀਂ ਜਾਣੋਗੇ ਕਿ ਉੱਥੇ ਕਿਹੜੀਆਂ ਯੂਨੀਵਰਸਿਟੀਆਂ ਹਨ ਅਤੇ ਪਾਕਿਸਤਾਨ ਵਿਚ ਇਸ ਵੇਲੇ ਪੰਜਾਬੀ ਦਾ ਕੀ ਮਿਆਰ ਹੈ। ਕਿਹੜੇ ਕਿਹੜੇ ਲੇਖਕ ਪੰਜਾਬੀ ਲਈ ਕੀ ਕੰਮ ਕਰ ਰਹੇ ਹਨ। ਸੰਧੂ ਦੰਪਤੀ ਦਾ ਕਿਨ੍ਹਾਂ ਕਿਨ੍ਹਾਂ ਥਾਵਾਂ ਤੇ ਕਿਨ੍ਹਾਂ ਕਿਨ੍ਹਾਂ ਲੇਖਕਾਂ ਨੇ ਸਨਮਾਨ ਕੀਤਾ। ਸ਼ਾਦਮਾਨ ਚੌਂਕ ਕਿੱਥੇ ਹੈ ਅਤੇ ਇਸਦਾ ਨਾਂ ਕਿਉਂ ਨਹੀਂ ਬਦਲਿਆ ਜਾ ਰਿਹਾ। ਕਿਹੜਾ ਐਕਟਰ ਪਾਕਿਸਤਾਨ ਜਾ ਕੇ ਆਪਣੇ ਕਾਲਜ ਦੇ ਥੰਮ ਨੂੰ ਜੱਫ਼ੀ ਪਾ ਕੇ ਰੋਇਆ ਸੀ। ਇਹੋ ਜਿਹੀ ਜਾਣਕਾਰੀ ਨਾਲ ਭਰਪੂਰ ਇਸ ਸਫ਼ਰਨਾਮੇ ਦਾ ਅਸੀਂ ਦਿਸ਼ਾ ਵੱਲੋਂ ਭਰਪੂਰ ਸਵਾਗਤ ਕਰਦੇ ਹਾਂ ਅਤੇ ਰਜਵੰਤ ਸੰਧੂ ਨੂੰ ਵਧੀਆ ਸਫ਼ਰਨਾਮਾ ਲਿਖਣ ਲਈ ਬਹੁਤ ਸਾਰੀ ਵਧਾਈ ਦਿੰਦੇ ਹਾਂ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਨਾਮ: ਸੁਰਜੀਤ (ਟੋਰਾਂਟੋ)
ਵਿੱਦਿਆ - ਬੀ. ਏ. ਆਨਰਜ਼, ਐਮ. ਏ., ਐਮ. ਫਿਲ.
ਕਿੱਤਾ – ਅਧਿਆਪਨ, ਹਿਊਮਨ ਰਿਸੋਰਸ, ਇੰਸ਼ੋਰੈਂਸ ਬਰੋਕਰ
ਕਿਤਾਬਾਂ: ਸ਼ਿਕਸਤ ਰੰਗ, ਹੇ ਸਖੀ, ਵਿਸਮਾਦ- -ਕਾਵਿ-ਸੰਗ੍ਰਹਿ,ਕਹਾਣੀ ਸੰਗ੍ਰਹਿ- ਪਾਰਲੇ ਪੁਲ਼
ਸਹਿ-ਸੰਪਾਦਿਤ – ਕੂੰਜਾਂ– ਕੈਨੇਡਾ ਦਾ ਨਾਰੀ ਕਾਵਿ
ਆਲੋਚਨਾ – ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ
- ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ
ਸੰਗ੍ਰਹਿਆਂ ਵਿਚ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ।
ਮੇਘਲਾ ਮੈਗ਼ਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਅਤੇ ਏਕਮ ਨੇ ਕਵੀ ਵਿਸ਼ੇਸ਼ ਵਜੋਂ ਛਾਪਿਆ
Forthcoming titles: ਵਾਰਤਕ ਅਤੇ ਟਰਾਂਸਲੇਸ਼ਨ ਦੀਆਂ ਪੁਸਤਕਾਂ ਛਪਣ ਲਈ ਤਿਆਰ
ਮੀਡੀਆ: ਟੀ.ਵੀ. ਤੇ ਰੇਡਿਓ ਹੋਸਟ
Phone Numbers: 416-605-3784
E-mail: surjitk33@gmail.com
Co-Director The Literary Reflections
Secretary DISHA– An organization of Canadian Punjabi Women
Blogs/ website: www.surjitkaur.blogspot.com, www.sirjanhari.blogspot.com

by 