|
‘ਐਨਸਾਈਕਲੀਕਲ’ (Encyclical ) ਦੀ ਜਾਣ-ਪਛਾਣ: ਅੱਜ-ਕੱਲ੍ਹ ਸੰਸਾਰ ਭਰ ਦੇ ਤਕਨੌਲੋਜੀਕਲ, ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਵਪਾਰਿਕ ਖੇਤਰਾਂ ਵਿੱਚ ਚਰਚਾ ਦਾ ਮੁੱਖ ਵਿਸ਼ਾ, ਮਾਣਯੋਗ ਪੋਪ ਲੀਓ 14ਵੇਂ ਵਲੋਂ ਜਾਰੀ ਕੀਤਾ ਧਾਰਮਿਕ ਫੁਰਮਾਨ (ਐਨਸਾਈਕਲੀਕਲ) ਹੈ। ਈਸਾਈ ਧਰਮ ਦੀ ਕੈਥੌਲਿਕ ਸੰਪਰਦਾ ਦੀ ਪੁਰਾਣੀ ਪ੍ਰਥਾ ਹੈ ਕਿ ਮਾਣਯੋਗ ਪੋਪ ਧਾਰਮਿਕ ਫੁਰਮਾਨ ਜਾਰੀ ਕਰਦੇ ਹਨ ਜਿਸ ਨੂੰ ‘ਐਨਸਾਈਕਲੀਕਲ’ (Encyclical) ਕਿਹਾ ਜਾਂਦਾ ਹੈ ਅਤੇ ਬਹੁਤ ਮਹਤੱਤਾ ਦਿੱਤੀ ਜਾਂਦੀ ਹੈ। ਇਸ ਨੂੰ, ਮਾਣਯੋਗ ਪੋਪ ਦੇ ਵਿਚਾਰਾਂ ਅਨੁਸਾਰ ਅਤੇ ਉਨ੍ਹਾਂ ਦੀ ਅਗਵਾਈ ਵਿੱਚ, ਧਰਮ ਦੇ ਦਾਰਸ਼ਨਿਕ ਗਿਆਨੀ, ਬਿਸ਼ਪ, ਵਿਦਵਾਨ, ਦੁਨਿਆਵੀ ਮਾਹਿਰ ਅਤੇ ਸਿਆਣੇ ਰਲ਼ ਕੇ ਤਿਆਰ ਕਰਦੇ ਹਨ। ਇਹ ਬਾਈਬਲ ਦੀਆਂ ਸਿੱਖਿਆਵਾਂ ਦੀ, ਵਰਤਮਾਨ ਯੁਗ ਦੇ ਵਿਗਿਆਨਕ, ਤਕਨੌਲੋਜੀਕਲ, ਆਰਥਿਕ, ਸਮਾਜਿਕ ਜਾਂ ਹੋਰ ਭਖਦੇ ਮਸਲਿਆਂ ਦੇ ਸੰਦਰਭ ਵਿੱਚ, ਵਿਆਖਿਆ ਕਰਦਾ ਹੈ। ‘ਐਨਸਾਈਕਲੀਕਲ’ (Encyclical) ਰਾਹੀਂ ਮਾਣਯੋਗ ਪੋਪ ਦਸਦੇ ਹਨ ਕਿ ਉਹ ਖਾਸ ਵਰਤਮਾਨ ਹਾਲਾਤਾਂ ਅਤੇ ਚੁਣੌਤੀਆਂ ਬਾਰੇ ਕੀ ਵਿਚਾਰ ਰਖਦੇ ਹਨ। ਇਨ੍ਹਾਂ ਨੂੰ ਨਜਿੱਠਣ ਲਈ ਕਿਹੜੇ ਹੱਲਾਂ ਦੀਆਂ ਸਿਫ਼ਾਰਸ਼ਾਂ ਕਰਦੇ ਹਨ। ਜ਼ਿਕਰ-ਯੋਗ ਹੈ ਕਿ ਹਾਲਾਤਾਂ ਅਨੁਸਾਰ ਪੋਪ, ਇੱਕ ਤੋਂ ਵੱਧ ਫੁਰਮਾਨ ਵੀ ਜਾਰੀ ਕਰ ਸਕਦੇ ਹਨ। ਇਸ ਤਰ੍ਹਾਂ ਦੇ ਦਸਤਾਵੇਜ਼ ਸਮਝਾਉਂਦੇ ਹਨ ਕਿ ਧਰਮ ਸਿਰਫ਼ ਧਾਰਮਿਕ ਅਸਥਾਨਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਂਦਾ; ਬਲਕਿ ਮਨੁੱਖੀ ਜੀਵਨ ਦੇ ਹਰ ਖੇਤਰ ਨਾਲ ਜੁੜਿਆ ਹੋਣਾ ਚਾਹੀਂਦਾ ਹੈ। ਉਚੇਚਾ ਸਮਾਗਮ: ਇਸ ਪ੍ਰਥਾ ਅਨੁਸਾਰ ਮੌਜੂਦਾ ਪੋਪ ਲੀਓ 14ਵੇਂ ਨੇ ਆਪਣਾ ਪਹਿਲਾ ‘ਐਨਸਾਈਕਲੀਕਲ’ ਅਰਥਾਤ ਧਾਰਮਿਕ ਫੁਰਮਾਨ (‘Magnifica Humanitas’ ) 25 ਮਈ, 2026 ਨੂੰ ਜਾਰੀ ਕੀਤਾ ਹੈ, ਭਾਵੇਂ ਕਿ ਇਸ ’ਤੇ ਦਸਤਖਤ ਉਨ੍ਹਾਂ ਨੇ 15 ਮਈ ਨੂੰ ਹੀ ਕਰ ਦਿੱਤੇ ਹੋਏ ਸਨ। ਇਸ ਫੁਰਮਾਨ ਨੂੰ, ਪ੍ਰੈੱਸ ਲਈ ਜਾਰੀ ਕਰਨ ਦਾ ਕੰਮ ਵੈਟੀਕਨ ਸਟਾਫ ਦੇ ਅਹੁਦੇਦਾਰ ਕਰਦੇ ਹਨ, ਕਿਉਂਕਿ ਇਸ ਨੂੰ ਮਹਿਜ ਇੱਕ ਕਾਰਵਾਈ ਮੰਨਿਆ ਜਾਂਦਾ ਹੈ। ਪਰ ਇਸ ਫੁਰਮਾਨ ਨੂੰ ਜਾਰੀ ਕਰਨ ਦੇ ਸਮਾਗਮ ’ਚ ਮਾਣਯੋਗ ਪੋਪ ਉਚੇਚੇ ਤੌਰ ’ਤੇ ਆਪ ਸ਼ਾਮਿਲ ਹੋਏ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਨਾਲ਼ ਕ੍ਰਿਸੋਫਰ ਓਲਾਹ ਸਣੇ, ਏ.ਆਈ. ਦੇ ਹੋਰ ਮਾਹਿਰਾਂ ਨੂੰ ਵੀ ਇਸ ਸਮਾਗਮ ’ਚ ਸ਼ਾਮਿਲ ਕੀਤਾ। ਕ੍ਰਿਸਟੋਫਰ ਓਲਾਹ ਏ.ਆਈ. ਖੇਤਰ ਦੇ ਪ੍ਰਸਿੱਧ ਖੋਜਕਾਰ ਹਨ ਅਤੇ ਯੂ.ਐੱਸ.ਏ. ਦੀ ਬਹੁਤ ਵੱਡੀ ਏ.ਆਈ. ਕੰਪਨੀ ‘ਐਂਥਰੋਪਿਕ’ ਦੇ ਸਹਿ-ਸੰਸਥਾਪਕ ਹਨ। ਇਸ ਤਰ੍ਹਾਂ ਕਰਕੇ, ਮਾਣਯੋਗ ਪੋਪ ਨੇ ਸੰਸਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਹ ਫੁਰਮਾਨ ਬਹੁਤ ਗੰਭੀਰ ਵਿਸ਼ਵ-ਵਿਆਪੀ ਮਸਲਿਆਂ ਨਾਲ਼ ਸਬੰਧਿਤ ਹੈ। ਇਸ ਵਿੱਚ ਉਨ੍ਹਾਂ ਨੇ ਏ.ਆਈ. (ਕ੍ਰਿਤਿਮ ਬੁੱਧੀ) ਅਤੇ ਆਧੁਨਿਕ ਤਕਨੌਲੋਜੀਆਂ ਦੇ, ਮਨੁੱਖੀ ਸੋਚ, ਜੀਵਨ, ਸਮਾਜ ਅਤੇ ਅਨੇਕਾਂ ਹੋਰ ਖੇਤਰਾਂ ’ਤੇ ਪੈ ਰਹੇ ਗੰਭੀਰ ਪ੍ਰਭਾਵਾਂ ਬਾਰੇ ਆਪਣੇ ਸਪਸ਼ਟ ਅਤੇ ਬੇ-ਬਾਕ ਵਿਚਾਰ ਦਰਸਾਏ ਹਨ। ਕ੍ਰਿਸੋਫਰ ਓਲਾਹ ਵਲੋਂ ਇਸ ਮੌਕੇ ਦਿੱਤੇ ਬਿਆਨ, ਮਾਣਯੋਗ ਪੋਪ ਦੀ ਤਕਨੌਲੋਜੀਆਂ / ਏ.ਆਈ. ਪ੍ਰਤੀ ਚਿੰਤਾ-ਜਨਕ ਸੋਚ ਦੀ, ਝਲਕ ਪੇਸ਼ ਕਰਦੇ ਹਨ। ਬਿਆਨ ਅਨੁਸਾਰ ਓਹ ਸਮਝਦੇ ਹਨ ਕਿ ਏ.ਆਈ. ਦੇ ਖੋਜੀ ਪੂਰੇ ਸੁਹਿਰਦ ਢੰਗਾਂ ਨਾਲ਼ ਮਨੁੱਖੀ ਹਿਤਾਂ ਅਤੇ ਮੁੱਲਾਂ ਅਨੁਸਾਰ ਕੰਮ ਨਹੀਂ ਕਰ ਪਾਉਂਦੇ। ਪਹਿਲੇ ਫੁਰਮਾਨ ਨਾਲ਼ ਤੁਲਨਾ: ਇਸ ਫੁਰਮਾਨ ਨੂੰ ਮਨਜ਼ੂਰ ਕਰਨ ਦੀ ਤਾਰੀਕ ਦੀ ਖਾਸ ਮਹੱਤਤਾ ਹੈ। ਇਸ ਤੋਂ ਪੂਰੇ 135 ਸਾਲ ਪਹਿਲਾਂ (15 ਮਈ, 1891 ਨੂੰ) ਉਸ ਸਮੇਂ ਦੇ ਮਾਣਯੋਗ ਪੋਪ ਨੇ, ਉਦਯੋਗਿਕ ਕ੍ਰਾਂਤੀ ਕਰਕੇ ਹੋਈ ਮਜਦੂਰਾਂ ਅਤੇ ਕਾਮਿਆਂ ਦੀ ਦੁਰਦਸ਼ਾ ਵਿਰੁਧ, ਇਸੇ ਤਰਜ ਦਾ ਫੁਰਮਾਨ ਜਾਰੀ ਕੀਤਾ ਸੀ। ਮੌਜੂਦਾ ਪੋਪ ਲੀਓ 14ਵੇਂ ਨੇ, ਏ.ਆਈ. ਬਾਰੇ ਆਪਣੇ ਫੁਰਮਾਨ ’ਤੇ 15 ਮਈ, 2026 ਨੂੰ ਦਸਤਖਤ ਕਰ ਕੇ, ਆਪਣੇ ਫੁਰਮਾਨ ਨੂੰ ਉਸ ਵੇਲ਼ੇ ਦੇ ਫੁਰਮਾਨ ਨਾਲ਼ ਜੋੜਿਆ ਹੈ। ਇਸ ਕਰ ਕੇ ਹੀ ਮਾਣਯੋਗ ਪੋਪ ਨੇ ਇਸ ਵਿੱਚ ਆਪਣੇ ਪੂਰਵਜ ਪੋਪ ਦੇ ਫੁਰਮਾਨ ਦਾ ਵਾਰ-ਵਾਰ ਹਵਾਲਾ ਦਿੱਤਾ ਹੈ। ਉਨ੍ਹਾਂ ਦੇ ਵਿਚਾਰ ਅਨੁਸਾਰ, ਪੂੰਜੀ-ਪਤੀਆਂ ਅਤੇ ਇਜਾਰੇਦਾਰਾਂ ਨੇ ਤਕਨੌਲੋਜੀਆਂ ਨੂੰ ਪਹਿਲਾਂ ਵੀ ਸ਼ੋਸ਼ਣ ਦਾ ਸਾਧਨ ਬਣਾਇਆ ਹੋਇਆ ਸੀ ਅਤੇ ਅੱਜ ਵੀ ਬਣਾ ਰਹੇ ਹਨ। ਭਾਵੇਂ ਕਿ ਉਨ੍ਹਾਂ ਨੇ ਤਕਨੌਲੋਜੀਆਂ ਨੂੰ ਨਕਾਰਿਆ ਨਹੀਂ ਪਰ ਉਨ੍ਹਾਂ ਦਾ ਪ੍ਰਸ਼ਨ ਹੈ: “ਕੀ ਤਕਨੌਲੋਜੀਆਂ ਮਨੁੱਖ ਦੀ ਸੇਵਾ ਕਰ ਰਹੀਆਂ ਹਨ ਜਾਂ ਮਨੁੱਖ ਤਕਨੌਲੋਜੀਆਂ ਦੀ ਸੇਵਾ ਕਰਨ ’ਚ ਲੱਗ ਗਿਆ ਹੈ?” ਇਸ ਤਰ੍ਹਾਂ ਇਹ ਫੁਰਮਾਨ (ਐਨਸਾਈਕਲੀਕਲ) ਇਕੱਲਾ ਧਾਰਮਿਕ ਦਸਤਾਵੇਜ਼ ਨਾਂ ਰਹਿ ਕੇ, 21ਵੀਂ ਸਦੀ ਦੀਆਂ ਤਕਨੌਲੋਜੀਆਂ ਦੇ ਸਾਰੇ ਸੰਸਾਰ ’ਤੇ ਪੈ ਰਹੇ ਬਹੁ-ਪੱਖੀ ਪ੍ਰਭਾਵਾਂ ਬਾਰੇ ਚਿਤਾਵਨੀ-ਪੱਤਰ ਬਣ ਗਿਆ ਹੈ। ਪੋਪ ਦੇ ਵਿਚਾਰ ਅਨੁਸਾਰ ਮਨੁੱਖ ਸਿਰਫ਼ ਇੱਕ ਬੁੱਧੀਮਾਨ ਜੀਵ ਹੀ ਨਹੀਂ, ਬਲਕਿ ਇੱਕ ਆਤਮਿਕ ਹਸਤੀ ਹੈ। ਜੇ ਤਕਨੌਲੋਜੀਆਂ ਰਾਹੀਂ ਕੀਤੀ ਤਰੱਕੀ ਮਨੁੱਖ ਦੀਆਂ ਉੱਚੀਆਂ ਪ੍ਰਵਿਰਤੀਆਂ ਨੂੰ ਨਿਵਾਣ ਵਲ ਲਿਜਾਵੇ ਜਾਂ ਉਸ ਨੂੰ ਰੂਹਾਨੀਅਤ ਤੋਂ ਦੂਰ ਕਰੇ, ਤਾਂ ਉਹ ਤਰੱਕੀ ਨਹੀਂ ਮੰਨੀ ਜਾ ਸਕਦੀ। ਸਰਬ-ਸਾਂਝਾ ਫੁਰਮਾਨ: ਇਹ ਫੁਰਮਾਨ ਆਮ ਤੌਰ ’ਤੇ ਈਸਾਈ ਧਰਮ ਦੀ ਕੈਥੌਲਿਕ ਸੰਪਰਦਾ ਦੇ ਅਨੁਯਾਈਆਂ ਲਈ ਹੁੰਦੇ ਹਨ ਪਰ ਵਰਤਮਾਨ ਫੁਰਮਾਨ, ਆਪਣੇ ਸਰਬ-ਸਾਂਝੇ ਵਿਸ਼ੇ ਕਰਕੇ ਸਾਰੀ ਮਨੁੱਖਤਾ ਲਈ ਹੈ। ਇਹ, ਏ.ਆਈ. ਦੀ ਨਜਾਇਜ਼ ਸਿਰਮੌਰਤਾ ਕਰ ਕੇ ਮਨੁੱਖ-ਜਾਤੀ ਲਈ ਉਪਜ ਰਹੀਆਂ ਸਰਬ-ਵਿਆਪੀ ਅਤੇ ਸਰਬ-ਸਾਂਝੀਆਂ ਗੰਭੀਰ ਸਮੱਸਿਆਵਾਂ ਬਾਰੇ ਚਿੰਤਾ ਪਰਗਟ ਕਰਦਾ ਹੈ। ਇਹ ਏ.ਆਈ. ਦੇ ਅਨੇਕਾਂ ਖੇਤਰਾਂ ’ਚ ਪੈ ਰਹੇ ਪ੍ਰਭਾਵਾਂ ਦਾ ਬਰੀਕੀ ਨਾਲ਼ ਜ਼ਿਕਰ ਕਰਦਾ ਹੈ ਅਤੇ ਦਿਨਾਂ ਵਿੱਚ ਹੀ ਵਿਸ਼ਵ-ਵਿਆਪੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮਾਣਯੋਗ ਪੋਪ ਨੇ ਇੱਥੋਂ ਤੱਕ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਹੱਦੋਂ ਵੱਧ ਵਿਕਸਿਤ ਤਕਨੌਲੋਜੀਆਂ, ਨਵੀਂ ਕਿਸਮ ਦੀਆਂ ‘ਡਿਜਿਟਲ’ ਦਾਸ-ਪ੍ਰਥਾਵਾਂ (“new digital slaveries”) ਦੀਆਂ ਸੰਭਾਵਨਾਵਾਂ ਪੈਦਾ ਕਰ ਰਹੀਆਂ ਹਨ। ਇਸ ਕਰਕੇ, ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਏ.ਆਈ. ਦੀ ਬੇ-ਕਾਬੂ ਹੋ ਰਹੀ ਤਾਕਤ ਨੂੰ ਨਿਯੰਤਰਿਤ ਅਤੇ ਸੀਮਿਤ ਕਰਨਾ ਜ਼ਰੂਰੀ ਹੈ। ਮਾਣਯੋਗ ਪੋਪ ਦੀਆਂ ਚਿੰਤਾਵਾਂ: ਉਨ੍ਹਾਂ ਨੇ ਏ.ਆਈ. ਦੇ ਮੰਦੇ ਪ੍ਰਭਾਵ ਦਰਸਾਉਣ ਲਈ ਇਤਿਹਾਸ ਦੀਆਂ ਅਤਿ ਘਿਣਾਉਣੀਆਂ ਵਾਰਦਾਤਾਂ ’ਚ ਗਿਣੇ ਜਾਂਦੇ ਗੁਲਾਮ-ਵਪਾਰ ਦਾ ਹਵਾਲਾ ਦਿੱਤਾ ਹੈ। ਭਾਵ ਨਵੀਆਂ ਤਕਨੌਲੋਜੀਆਂ ਕਰ ਕੇ ਹਾਲਾਤ ਇਸ ਹੱਦ ਤੱਕ ਵਿਗੜ ਸਕਦੇ ਹਨ ਕਿ ਇਸ ਤਰ੍ਹਾਂ ਦੇ ਘਿਣਾਉਣੇ ਸ਼ੋਸ਼ਣ ਨੂੰ ਭੀ ਇੱਕ ਸਧਾਰਨ ਗੱਲ ਸਮਝਿਆ ਜਾਣ ਲੱਗੇ। ਓਨ੍ਹਾਂ ਨੇ ਆਪਣੇ ਕਰੜੇ ਸ਼ਬਦਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਦਲੀਲ ਦਿੱਤੀ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਹੋ ਜਿਹੇ ਸ਼ਬਦ ਵਰਤਣੇ ਜ਼ਰੂਰੀ ਹਨ, ਤਾਂ ਜੋ ਸਭ ਦਾ ਧਿਆਨ ਖਿੱਚਿਆ ਜਾ ਸਕੇ। ਸ਼ਾਇਦ ਪਹਿਲੀ ਵਾਰ ਕਿਸੇ ਪੋਪ ਨੇ ਏ.ਆਈ. ਦੇ ਖ਼ਤਰਿਆਂ ਬਾਰੇ ਇੰਨੀਆਂ ਗੰਭੀਰ ਚਿਤਾਵਨੀਆਂ ਦਿੱਤੀਆ ਹਨ। ਉਨ੍ਹਾਂ ਨੇ ਏ.ਆਈ. ਨੂੰ ਕੇਵਲ ਇੱਕ ਤਕਨੌਲੋਜੀ ਹੀ ਨਹੀਂ ਸਮਝਿਆ, ਬਲਕਿ ਇਸਨੂੰ ਮਨੁੱਖੀ, ਸਮਾਜਿਕ ਅਤੇ ਆਤਮਿਕ ਸੰਕਟਾਂ ਨਾਲ ਜੋੜ ਕੇ ਦੇਖਿਆ ਹੈ । ਫੁਰਮਾਨ ਵਿੱਚ ਕਿਹਾ ਗਿਆ ਹੈ ਕਿ ਇਹ ਮਹਿਜ ਇੱਕ ਉਦਾਸੀਨ (‘ਨਿਉਟਰਲ’) ਜੰਤਰ ਨਹੀਂ ਰਿਹਾ, ਜਿਸ ਤਰ੍ਹਾਂ ਕਿ ਇਸ ਦੇ ਸੁਪਰ-ਅਮੀਰ ਇਜਾਰੇਦਾਰ ਪਰਚਾਰ ਰਹੇ ਹਨ। ਇਸ ਤਰ੍ਹਾਂ ਕਰਕੇ ਓਹ ਆਪਣੀਆਂ ਅਣ-ਨਿਯੰਤਰਿਤ ਅਤੇ ਨਜਾਇਜ ਖੁਲ੍ਹਾਂ ਨੂੰ ਜਾਇਜ ਠਹਿਰਾ ਰਹੇ ਹਨ। ਮਾਣਯੋਗ ਪੋਪ ਵੱਲੋਂ ਦਰਸਾਈਆਂ ਗਈਆਂ ਮੁੱਖ ਚਿੰਤਾਵਾਂ ਇਹ ਹਨ:
ਮੰਦੇ ਪ੍ਰਭਾਵ: ਏ.ਆਈ. ਦੀ ਆਲੋਚਨਾ ਪਹਿਲਾਂ ਹੀ ਬਹੁਤ ਹੋ ਰਹੀ ਹੈ। ਆਪਾਂ ਵੀ ਹਰ ਰੋਜ ਇਸ ਦੇ ਸੰਭਾਵੀ ਖਤਰਿਆਂ ਬਾਰੇ ਸੁਣਦੇ-ਪੜ੍ਹਦੇ ਹਾਂ। ਪਰ ਮਾਣਯੋਗ ਪੋਪ ਵਲੋਂ ਇਨ੍ਹਾਂ ਸਭ ਤੌਂਖਲਿਆਂ ਦੀ ਪ੍ਰੋੜਤਾ ਕਰਨ ਲਈ ਫੁਰਮਾਨ ਜਾਰੀ ਕਰਨਾ ਅਤੇ ਚਿੰਤਾ ਦਰਸਾਉਣਾ ਕਿਤੇ ਵੱਧ ਮਹੱਤਵ-ਪੂਰਨ ਹੈ। ਉਨ੍ਹਾ ਦਾ ਕਹਿਣਾ ਹੈ ਕਿ ਨਵੀਂਆਂ ਤਕਨਾਲੋਜੀਆਂ ਕਰਕੇ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਏ.ਆਈ. ਹੁਣ ਸਿਰਫ਼ ਵਿਗਿਆਨਕ ਪ੍ਰਯੋਗ ਨਹੀਂ ਰਹੀ; ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਦੀ ਜਾ ਰਹੀ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ, ਔਨ-ਲਾਈਨ ਖਰੀਦਾਰੀ, ਬੈਂਕਿੰਗ, ਦਫ਼ਤਰਾਂ ਦਾ ਕੰਮ, ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਇਸ ਦੀ ਭੂਮਿਕਾ ਵਧ ਰਹੀ ਹੈ। ਇਸ ਬਦਲਦੇ ਸਮੇਂ ਵਿੱਚ ਉਨ੍ਹਾਂ ਨੇ ਇਸ ‘ਐਨਸਾਈਕਲੀਕਲ’ ਰਾਹੀਂ ਸੰਸਾਰ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਇਹ ਦਸਤਾਵੇਜ਼ ਸਿਰਫ਼ ਸਰਕਾਰਾਂ, ਵਿਗਿਆਨੀਆਂ ਜਾਂ ਵੱਡੀਆਂ ਟੈੱਕ ਕੰਪਨੀਆਂ ਲਈ ਨਹੀਂ, ਸਗੋਂ ਆਮ ਮਨੁੱਖ ਲਈ ਵੀ ਹੈ। ਮਾਣਯੋਗ ਪੋਪ ਦਾ ਜਨ-ਸਧਾਰਨ ਲਈ, ਇਹ ਸੁਨੇਹਾ ਹੈ ਕਿ :
ਪੰਜਾਬੀਆਂ ਲਈ ਖਾਸ:
ਅੰਤ ਵਿੱਚ ਪੋਪ ਦੇ ਫੁਰਮਾਨ ਦਾ ਸਾਰ-ਤੱਤ ਬਹੁਤ ਸਪਸ਼ਟ ਹੈ। ਤਕਨਾਲੋਜੀ ਮਨੁੱਖੀ ਜੀਵਨ ਨੂੰ ਸੁਖਾਲਾ ਬਣਾ ਸਕਦੀ ਹੈ, ਪਰ ਮਨੁੱਖੀ ਮਰਯਾਦਾ, ਦਇਆ, ਸਚਾਈ ਅਤੇ ਰੂਹਾਨੀ ਚੇਤਨਾ ਦਾ ਬਦਲ ਨਹੀਂ ਬਣ ਸਕਦੀ। ਇਹ ਫੁਰਮਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਤਕਨਾਲੋਜੀ ਕੇਵਲ ਤਕਨਾਲੋਜੀ ਨਹੀਂ ਹੁੰਦੀ; ਇਸ ਨਾਲ ਸਾਡਾ ਸਮੁੱਚਾ ਜੀਵਨ ਵੀ ਜੁੜਿਆ ਹੁੰਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ। ਨਿਮਰਤਾ ਸਹਿਤ:- ਇਸ ਲੇਖ ਦੇ ਤੱਥਾਂ ਦੀ ਜਾਂਚ-ਪੜਚੋਲ ਲਈ ਏ.ਆਈ. ਦੀ ਯਥਾ-ਯੋਗ ਮਦਦ ਲਈ ਗਈ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਇੰਜ. ਈਸ਼ਰ ਸਿੰਘ
Brampton, Ontario, Canada.
Phone: 647 - 640 - 2014
e-mail: ishersingh44@hotmail.com

by 