![]() ਪੰਜਾਬੀ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਅਮੋਲਕ ਸਿੰਘ ਜੰਮੂ ਇੱਕ ਜਾਣਿਆ ਪਛਾਣਿਆ ਨਾਂਅ ਹੈ। ਹਰਿਆਣਾ ਦੇ ਸਿਰਸਾ ਜ਼ਿਲੇ ਦੇ ਪਿੰਡ ‘ਕੁੱਤੇਵੱਢ’ ਦੇ ਜੰਮਪਲ, ‘ਪੰਜਾਬ ਟਾਇਮਜ਼’ ਦੇ ਬਾਨੀ ਦੀ ਗੱਲ ਅਗਾਂਹ ਤੋਰਨ ਤੋਂ ਪਹਿਲਾਂ, ਪੰਜਾਬ ਦੇ ਸਿਰਮੌਰ ਸਾਹਿਤਕਾਰ ਗੁਰਭਜਨ ਗਿੱਲ ਦੀਆਂ ਕੁਝ ਖ਼ੂਬਸੂਰਤ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਹਨ… ਜੋ ਉਸ ਨੇ ਅਮੋਲਕ ਜੰਮੂ ਨੂੰ ਸਮਰਪਿਤ ਕੀਤੀਆਂ ਹਨ… ਮਨ ਵਿਹੜੇ ਵਿਚ ਮਰੂਆ ਮਹਿਕੇ, ‘ਲੋਹ ਪੁਰਸ਼’ ਅਮੋਲਕ ਸਿੰਘ ਜੰਮੂ ਨੂੰ ਯਾਦ ਕਰਦਿਆਂ… ਸੂਝਵਾਨ ਪਾਠਕ ਜਾਣਦੇ ਹਨ ਕਿ ਲੋਹ ਪੁਰਸ਼ ਅਤੇ ਪੁਰਸ਼ ਵਿੱਚ ਕਾਫੀ ਅੰਤਰ ਹੁੰਦਾ ਹੈ। ਬੰਦਿਆਂ ਨਾਲ ਭਰੇ ਇਸ ਜਹਾਨ ਵਿੱਚ ਸਿਰਫ਼ ਮੁੱਠੀ ਭਰ ਇਨਸਾਨ ਯਾਦਗਾਰੀ ਮਿਸਾਲ ਬਣਦੇ ਹਨ। ਅਮੋਲਕ ਸਿੰਘ ਜੰਮੂ ਵਰਗੀ ਸਿਰਮੌਰ ਸ਼ਖ਼ਸੀਅਤ ਨੂੰ ਦੋ-ਚਾਰ ਲਾਈਨਾਂ ਵਿੱਚ ਬੰਦ ਕਰਨਾ ਉਸ ਨਾਲ ਇਨਸਾਫ ਨਹੀਂ ਹੋਵੇਗਾ। ਕੁੱਜਿਆਂ ਵਿੱਚ ਸਮੁੰਦਰ ਬੰਦ ਕਰਨੇ ਮੁਸ਼ਕਲ ਹੁੰਦੇ ਨੇ ਹੁੰਦੇ ਨੇ। ਅਮੋਲਕ ਜੰਮੂ ਵਿਸ਼ਾਲ ਦਿਲ ਵਾਲਾ ਦਿਲਦਾਰ ਸੀ। 1978 ਤੋਂ ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰੀ ਦਾ ਲੰਮਾ ਕੈਰੀਅਰ ਸ਼ੁਰੂ ਕਰਨ ਵਾਲੇ ਅਮੋਲਕ ਸਿੰਘ ਜੰਮੂ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਤੇ ਪੱਤਰਕਾਰੀ ਦੇ ਪੋਸਟ ਗਰੈਜੂਏਟ ਸਨ। ਦੋਸਤੋ, ਪੰਜਾਬੀ ਅਖ਼ਬਾਰ ਦੀ ਸ਼ੁਰੂਆਤ ਕਰਨਾ ਅਤੇ ਉਹ ਵੀ ਪਰਦੇਸ ਵਿੱਚ ਕੋਈ ਸੌਖਾ ਕਾਰਜ ਨਹੀਂ ਹੈ। ਸਿਰੜੀ, ਹਿੰਮਤੀ ਅਤੇ ਦੂਰਦਰਸ਼ੀ ਸੋਚ ਦੇ ਮਾਲਕ ਅਮੋਲਕ ਜੰਮੂ ਨੇ ਢਾਈ ਕੁ ਦਹਾਕੇ ਪਹਿਲਾਂ ਲਏ “ਪੰਜਾਬ ਟਾਇਮਜ਼ ਯੂ ਐਸ ਏ” ਦੇ ਸੁਪਨੇ ਨੂੰ ਸਿਰਫ਼ ਰੂਹ ਨਾਲ ਸਾਕਾਰ ਹੀ ਨਹੀਂ ਕੀਤਾ, ਬਲਕਿ, ਬੁਲੰਦੀਆਂ ਤੱਕ ਵੀ ਪਹੁੰਚਾਇਆ। ਤਿੰਨ ਐਡੀਸ਼ਨਾਂ (ਕੈਲੀਫੋ਼ਰਨੀਆ, ਨਿਊ ਯਾਰਕ ਤੇ ਸ਼ਿਕਾਗੋ) ਵਿੱਚ ਛਪਦਾ ਇਹ ਪੇਪਰ ਲੇਖਕਾਂ, ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਰੂਹ ਦੀ ਖ਼ੁਰਾਕ ਹੈ। ‘ਬੋਲਦੇ ਅੱਖਰਾਂ’ ਵਾਲਾ ‘ਪੰਜਾਬ ਟਾਇਮਜ਼’ ਮਹਿਜ਼ ਇੱਕ ਅਖ਼ਬਾਰ ਹੀ ਨਹੀਂ, ਬਲਕਿ, ਇੱਕ ਪਾਏਦਾਰ ਸਾਹਿਤਕ ਸਮੱਗਰੀ ਨਾਲ ਭਰਪੂਰ ਵਿਲੱਖਣ ਖਜ਼ਾਨਾ ਹੈ। 4 ਪੰਨਿਆਂ ਤੋਂ ਸ਼ੁਰੂ ਹੋਇਆ ਪੇਪਰ 40 ਪੰਨੇ ਪਾਰ ਕਰ ਚੁੱਕਾ ਹੈ, ਜਿਸ ਦਾ ਪੰਨਾ-ਪੰਨਾ ਪੜ੍ਹਨਯੋਗ ਹੁੰਦਾ ਹੈ। ਦੁਨੀਆ ਭਰ ਦੇ ਸੁਲਝੇ ਹੋਏ ਲਿਖਾਰੀ ਅਤੇ ਸਾਹਿਤ ਪ੍ਰੇਮੀ ਪੰਜਾਬ ਟਾਇਮਜ਼ ਦਾ ਹਿੱਸਾ ਬਣਨਾ ਆਪਣਾ ਮਾਣ ਸਮਝਦੇ ਹਨ। ਅਮੋਲਕ ਜੰਮੂ ਨੇ ਆਪਣੀ ਪੱਤਰਕਾਰੀ ਦਾ ਮੁੱਢਲਾ ਸਮਾਂ ਪੰਜਾਬੀ ਟ੍ਰਿਬਿਊਨ ਦੇ ਲੇਖੇ ਲਾਇਆ। ਇਸ ਲੇਖੇ-ਜੋਖੇ ਦੇ 12 ਸਾਲ ਪਰੂਫ ਰੀਡਰ ਤੋਂ ਸਬ-ਐਡੀਟਰ ਵਾਲੀ ਪੌੜੀ ਚੜ੍ਹਦਿਆਂ ਲੱਗ ਗਏ। ਘੱਟ ਮਿੱਠੇ ਤੇ ਬਹੁਤੇ ਕੌੜੇ ਤਜਰਬਿਆਂ, ਸੌੜੀਆਂ ਰਾਜਨੀਤਕ ਚਾਲਾਂ, ਯੂਨੀਅਨ ਦੇ ਦਬਾਓ, ਤਰੱਕੀਆਂ ਲਈ ਲੱਗੀਆਂ ਜੰਗਾਂ ਅਤੇ ‘ਬਾਰਾਂ ਸਾਲ ਬਾਅਦ ਰੂੜੀ ਦੇ ਸੁਣੇ ਜਾਣ’ ਦੌਰਾਨ ਉਸ ਨੇ ਐਮ. ਫਿਲ., ਲਾਅ, ਮਾਸ ਕਮਿਊਨੀਕੇਸ਼ਨ ਦੀਆਂ ਡਿਗਰੀਆਂ ਵੀ ਪੂਰੀਆਂ ਕਰ ਲਈਆਂ ਅਤੇ ਟ੍ਰਾਂਸਲੇਸ਼ਨ ਦਾ ਡਿਪਲੋਮਾ ਵੀ ਹਾਸਲ ਕਰ ਲਿਆ। ਪਲ-ਪਲ ਚੁੱਭਦੇ ਕੰਡਿਆਂ ਨੂੰ ਜਰਦੇ ਰਹੇ ਤੇ ਤਿਮਾਹੀ-ਛਿਮਾਹੀ ਖਿੜਦੇ ਅਤੇ ਮਹਿਕਦੇ ਫੁੱਲਾਂ ਦੀ ਖੁਸ਼ਬੂ ਨੂੰ ਮਾਣਦੇ ਰਹੇ। ‘ਜ਼ਿੰਦਗੀ ਦੇ ਰੰਗ ਸੱਜਣਾ… ਅੱਜ ਹੋਰ ਤੇ ਕੱਲ੍ਹ ਨੂੰ ਹੋਰ’ ਸੋਚਦਿਆਂ ਕਠਿਨਾਈਆਂ ਤੇ ਅਟਕਲਾਂ ਦੌਰਾਨ ਵੀ ਧੁਰ ਰੂਹ ਤੋਂ ਮੁਸਕਰਾਉਂਦੇ ਰਹੇ। ਪੰਜਾਬੀ ਟ੍ਰਿਬਿਊਨ ਨਾਲ ਪਈ ਮੁਹੱਬਤ ਬਾਰੇ ਉਹ ਫਿਰ ਵੀ ਆਖ ਛੱਡਦੇ,… “ਸੱਜਣ-ਮਿੱਤਰ ਅਤੇ ਪੜ੍ਹਨ ਵਾਲੇ ਅਕਸਰ ਕਹਿ ਦਿੰਦੇ ਨੇ ਕਿ ‘ਪੰਜਾਬ ਟਾਈਮਜ਼’ ਵਿੱਚੋਂ ‘ਪੰਜਾਬੀ ਟ੍ਰਿਬਿਊਨ’ ਵਰਗਾ ਸਾਹਿਤਕ ਰਸ ਆਉਂਦਾ ਹੈ ਤੇ ਟ੍ਰਿਬਿਊਨ ਦਾ ਝਉਲਾ ਵੀ ਪੈਂਦਾ ਹੈ…। ਮੈਂ ਕਿਵੇਂ ਸਮਝਾਵਾਂ ਉਨ੍ਹਾਂ ਸੱਜਣਾ-ਮਿੱਤਰਾਂ ਨੂੰ ਕਿ ‘ਪੰਜਾਬੀ ਟ੍ਰਿਬਿਊਨ’ ਤਾਂ ਮੇਰੀ ਰੂਹ ਅਤੇ ਹੱਡਾਂ ਵਿੱਚ ਰਚਿਆ ਹੋਇਆ ਹੈ !” ਪੰਜਾਬੀ ਟ੍ਰਿਬਿਊਨ ਵਿੱਚ ਬਿਤਾਇਆ ਵਕਤ ਅਤੇ ਤਜਰਬਾ ਪੰਜਾਬ ਟਾਇਮਜ਼ ਦਾ ਨੀਂਹ ਪੱਥਰ ਬਣ ਗਿਆ। ਸੰਸਾਰ ਪ੍ਰਸਿੱਧ ਸਾਇੰਸਦਾਨ ‘ਸਟੀਫਨ ਹਾਕਿੰਗ’ ਨੂੰ ਅਮੋਲਕ ਜੀ ਆਪਣਾ ਰੋਲ ਮਾਡਲ ਮੰਨਦੇ ਸਨ। ਅਮੋਲਕ ਜੰਮੂ ਨੂੰ ਜਾਨਣ ਵਾਲੇ ਉਸ ਨੂੰ ‘ਪੰਜਾਬੀਆਂ ਦਾ ਸਟੀਫਨ ਹਾਕਿੰਗ’ ਆਖਦੇ ਹਨ। ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਜਿਸ ਨੇ ਦ੍ਰਿੜ ਵਿਸ਼ਵਾਸ, ਸੱਚੀ ਲਗਨ ਅਤੇ ਹਿੰਮਤ ਨਾਲ ਆਪਣੀ ਮੰਜ਼ਿਲ ਪਾਉਣ ਦੀ ਵਿਲੱਖਣ ਮਿਸਾਲ ਕਾਇਮ ਕੀਤੀ। ਸੰਘਰਸ਼ ਭਰਪੂਰ ਜੀਵਨ ਜਿਉਂਦਿਆਂ ਵੀ ਲਗਨ, ਚੜ੍ਹਦੀ ਕਲਾ ਅਤੇ ਜ਼ਿੰਦਾਦਿਲੀ ਅਮੋਲਕ ਜੰਮੂ ਜੀ ਦੀ ਰੂਹ ਅੰਦਰ ਹਮੇਸ਼ਾ ਕਾਇਮ ਰਹਿੰਦੀ ਸੀ। ਜਿਉਂਦੇ ਜੀਅ… ਪਰਬਤਾਂ ਦੀ ਹਿੱਕ ਵਿਚੋਂ ਫੁੱਟੇ ਚਸ਼ਮੇ ਵਾਂਗ ਉਹ ਖ਼ੁਦ ਦੇ ਪੈਂਡੇ ਖ਼ੁਦ ਬਣਾਉਂਦੇ ਰਹੇ ਅਤੇ ਆਪਣੀ ਤੋਰੇ ਨਿਰੰਤਰ ਵਹਿੰਦੇ ਰਹੇ…। ਭਾਈ ਵੀਰ ਸਿੰਘ ਦੀਆਂ ਇਹ ਖ਼ੂਬਸੂਰਤ ਸਤਰਾਂ ਮੈਨੂੰ ਅਕਸਰ ਹੀ ਅਮੋਲਕ ਜੰਮੂ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਲੱਗਦੀਆਂ ਰਹਿੰਦੀਆਂ ਹਨ… ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਦੁਨੀਆ ਦੀ ਲੰਮੀ-ਚੌੜੀ ਭੀੜ ਵਿੱਚ ਉਹ ਸ਼ਖ਼ਸ ਤੁਹਾਡਾ ਆਪਣਾ ਹੀ ਹੁੰਦਾ ਹੈ ਜਿਸ ਨਾਲ ਗੱਲਬਾਤ ਕਰਦਿਆਂ ਮਨ ਦਾ ਦੁੱਖ ਘਟ ਜਾਏ.. ਅਤੇ ਖ਼ੁਸ਼ੀ ਕਈ ਗੁਣਾ ਵੱਧ ਜਾਏ। ਅਮੋਲਕ ਸਿੰਘ ਜੰਮੂ ਨੂੰ ਕਰੀਬ ਤੋਂ ਜਾਨਣ ਵਾਲੇ ਵੀ ਉਨ੍ਹਾਂ ਬਾਰੇ ਕੁਝ ਇੰਜ ਹੀ ਆਖਦੇ ਨੇ!! ਮੇਰਾ ਉਨ੍ਹਾਂ ਨਾਲ ਆਹਮੋ-ਸਾਹਮਣੇ ਮੇਲ ਮਿਲਾਪ ਤਾਂ ਨਾ ਹੋ ਸਕਿਆ, ਪਰ ਈ-ਮੇਲ ਰਾਹੀਂ ਗੱਲਾਂ-ਬਾਤਾਂ ਅਕਸਰ ਹੁੰਦੀਆਂ ਰਹੀਆਂ, ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ ਅਤੇ ਰਾਬਤਾ ਕਾਇਮ ਰਿਹਾ। ਪੰਜਾਬ ਟਾਇਮਜ਼ ਅਤੇ ਪੰਜਾਬੀ ਸਾਹਿਤ ਵਿੱਚ ਮੇਰੀ ਰੁਚੀ ਨੂੰ ਜਾਣਦਿਆਂ ਉਨਾਂ ਕਈ ਵਾਰ ਤਾਕੀਦ ਕੀਤੀ,… “ਤੁਸੀਂ ਕੁਝ ਲਿਖ ਸਕਦੇ ਹੋ। ਜ਼ਰੂਰ ਲਿਖਿਆ ਕਰੋ! ਇੱਕ ਵਾਰ ਮੈਂ ਪੁੱਛ ਹੀ ਲਿਆ,… ਅੱਗੋਂ ਜਵਾਬ ਆਇਆ,… ਅਮੋਲਕ ਜੰਮੂ ਦੇ ਵਿਦਿਆਰਥੀ ਜੀਵਨ ਦੀਆਂ ਦਿਲਚਸਪ ਯਾਦਾਂ ਵਾਲੇ ਚਰਚਿਤ ਕਾਲਮ ‘ਕਮਲਿਆਂ ਦਾ ਟੱਬਰ’ ਸਮੇਤ ਪੰਜਾਬ ਟਾਇਮਜ਼ ਪੇਪਰ ਨੂੰ ਮੈਂ ਹਮੇਸ਼ਾ ਪੜ੍ਹਦਾ ਰਿਹਾ ਹਾਂ। ਅੱਜ ਵੀ ਪੜ੍ਹਦਾ ਹਾਂ, ਪਰ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਅਮੋਲਕ ਜੀ ਦੇ ਜਿਉਂਦੇ ਜੀਅ ਮੈਂ ਕੁਛ ਨਾ ਲਿਖ ਸਕਿਆ। ਇਸ ਗੱਲ ਦਾ ਮੈਨੂੰ ਪਛਤਾਵਾ ਰਹੇਗਾ। ਅਮੋਲਕ ਜੀ ਬੜੇ ਸਿਰੜੀ ਇਨਸਾਨ ਸਨ। ਉਨਾਂ ਦੀ ਦਲੇਰਾਨਾ ਸੋਚ ਤੇ ਸਿਰੜੀ ਸੁਭਾਅ ਦੀ ਇੱਕ ਝਲਕ ਇਸ ਸਕਾਰਾਤਮਕ ਸੁਨੇਹੇ ਅੰਦਰ ਸਾਫ ਝਲਕਦੀ ਹੈ, ਜੋ ਉਨ੍ਹਾਂ ਮੈਨੂੰ 25 ਫ਼ਰਵਰੀ 2017 ਨੂੰ ਈ-ਮੇਲ ਰਾਹੀਂ ਭੇਜਿਆ ਸੀ… Bath Sahib, Thanks for your kind words of sympathy. This will encourage me to fight with my problem. By the way Stephen Hawkins is my role model. He is fighting with ALS since more than 52 years and I am fighting with it since 42 years. I am determined to keep the fight on. Thanks. ਜਹਾਨ ਨੂੰ ਖ਼ਬਰਾਂ ਦੇਣ ਵਾਲੇ “ਲੋਹੇ ਦੇ ਬੰਦੇ” ਦੇ ਖ਼ੁਦ ਹੀ ਤੁਰ ਜਾਣ ਦੀ ਖ਼ਬਰ ਪਰਿਵਾਰ ਸਮੇਤ ਉਸ ਦੇ ਜਾਣੂਆਂ, ਸਾਹਿਤ ਪ੍ਰੇਮੀਆਂ ਅਤੇ ਦੋਸਤਾਂ-ਮਿੱਤਰਾਂ ਦੀ ਰੂਹ ਕੱਢ ਕੇ ਲੈ ਗਈ ! ਉਸ ਦਿਨ ਅੰਬਰ ਕਾਲਾ ਹੋਇਆ, ਜਿਸ ਦਿਨ ਸਾਡਾ ਯਾਰ ਤੁਰ ਗਿਆ। ਭਾਵੇਂ ਜੰਮੂ ਜੀ ਸਰੀਰਕ ਤੌਰ ਤੇ ਸਾਡੇ ਤੋਂ ਵਿੱਛੜ ਗਏ, ਪਰ ਕਿਹਾ ਇਹ ਵੀ ਜਾਂਦਾ ਹੈ ਕਿ ਵਿਛੜਨ ਵਾਲੇ ਮੁਹੱਬਤੀ ਇਨਸਾਨ ਪੂਰੀ ਤਰਾਂ ਕਦੇ ਵੀ ਨਹੀਂ ਵਿਛੜਦੇ। ਉਨ੍ਹਾਂ ਦਾ ਕੁਝ ਹਿੱਸਾ ਸਾਡੇ ਦਿਲਾਂ ਅੰਦਰ ਰਹਿ ਜਾਂਦਾ ਹੈ ਅਤੇ ਸਾਡਾ ‘ਕੁਛ ਨਾ ਕੁਛ’ ਉਹ ਆਪਣੇ ਨਾਲ ਲੈ ਜਾਂਦੇ ਹਨ। ਅਮੋਲਕ ਸਿੰਘ ਜੰਮੂ ਵੀ ਇਹੋ ਜਿਹੀ ਸ਼ਖ਼ਸੀਅਤ ਹੀ ਸਨ ਜੋ ਜਾ ਕੇ ਵੀ ਕਦੀ ਨਹੀਂ ਗਏ… ਹਿੰਮਤੀ ਅਤੇ ਸਿਰੜੀ ਸੁਖ਼ਨਵਰ… ਸੁਰਜੀਤ ਪਾਤਰ ਜੀ ਦੇ ਕਹਿਣ ਵਾਂਗ… ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ ਅਮੋਲਕ ਜੰਮੂ ਜੀ ਮਿਠਬੋਲੜੇ, ਮਿਲਣਸਾਰ, ਮੁਹੱਬਤੀ, ਖ਼ੂਬਸੂਰਤ ਸ਼ਖ਼ਸੀਅਤ ਅਤੇ ਵਧੀਆ ਇਨਸਾਨ ਸਨ ਜੋ ਸਮਾਜ ਨੂੰ ਖ਼ੂਬਸੂਰਤ ਬਣਾਉਣ ਨੂੰ ਆਪਣਾ ਫ਼ਰਜ਼ ਸਮਝਦੇ ਸਨ। ਇਹੋ ਜਿਹੇ ਜ਼ਿੰਦਾ-ਦਿਲ ਤੇ ਮੁਹੱਬਤੀ ਵਣਜਾਰੇ ਬਹੁਤਾਤ ਵਿੱਚ ਨਹੀਂ ਹੁੰਦੇ… ਜੋ ਆਪਣੀ ਮੁਹੱਬਤ, ਸਾਹਿਤਕ ਸਫ਼ਰਾਂ ਦੀਆਂ ਪੈੜਾਂ, ਸਮਾਜਿਕ ਅਤੇ ਸੱਭਿਆਚਾਰਕ ਕਾਰਜਾਂ ਕਾਰਨ ਲੋਕਾਂ ਦੇ ਮਨਾਂ ਵਿੱਚ ਜਿਉਂਦੇ-ਵੱਸਦੇ ਰਹਿੰਦੇ ਹਨ। ਭਾਵੇਂ… ਉਂਜ… ਅਮੋਲਕ ਸਿੰਘ ਜੰਮੂ ਨੇ ਆਪਣੀ ਜ਼ਿੰਦਗੀ ਨੂੰ ਪੰਜਾਬੀ ਸਾਹਿਤ, ਸਮਾਜ, ਅਤੇ ਸੱਭਿਆਚਾਰ ਦੇ ਲੇਖੇ ਲਾਉਂਦਿਆਂ ‘ਪੰਜਾਬ ਟਾਇਮਜ਼’ ਦਾ ਜੋ ਬੀਜ ਬੀਜਿਆ ਸੀ ਉਹ ਅੱਜ ਇੱਕ ਛਾਂ-ਦਾਰ ਅਤੇ ਫਲ਼-ਦਾਰ ਬਿਰਖ ਬਣ ਕੇ ਉਸ ਦੀ ਮੁਹੱਬਤੀ ਰੂਹ ਦੇ ਸੰਗ ਝੂਲ ਰਿਹਾ ਹੈ…! ਸਾਹਿਤਕ ਹਲਕਿਆਂ ਵਿੱਚ ਅਮੋਲਕ ਜੰਮੂ ਅਤੇ ‘ਪੰਜਾਬ ਟਾਇਮਜ਼’ ਦਾ ਇੱਕ ਨਿਵੇਕਲਾ ਸਥਾਨ ਹੈ। ਜੰਮੂ ਜੀ ਦੇ ਸਰੀਰਕ ਤੌਰ ਤੇ ਵਿਛੜ ਜਾਣ ਤੋਂ ਬਾਅਦ ਉਨ੍ਹਾਂ ਦੀ ਜੀਵਨ ਸਾਥਣ ਜਸਪ੍ਰੀਤ ਕੌਰ ਅਤੇ ਪੰਜਾਬ ਟਾਇਮਜ਼ ਦੀ ਪੂਰੀ ਟੀਮ ਪੂਰੀ ਮਿਹਨਤ ਅਤੇ ਲਗਨ ਨਾਲ ਇਸ ‘ਲੋਹ ਪੁਰਸ਼’ ਦੇ ਮਿਸ਼ਨ ਨੂੰ ਹੋਰ ਅੱਗੇ ਤੋਰ ਰਹੇ ਹਨ। ਏਸ ਮੁਹੱਬਤੀ ਇਨਸਾਨ ਨੂੰ ਯਾਦ ਕਰਦਿਆਂ… ਜ਼ਿੰਦਗੀ ਜ਼ਿੰਦਾਬਾਦ। ਡਾ. ਕੁਲਵਿੰਦਰ ਸਿੰਘ ਬਾਠ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸੁਖ਼ਨਵਰ ਜਿਓਣ ਮਰ ਕੇ ਵੀ…‘ਲੋਹ ਪੁਰਸ਼’ ਅਮੋਲਕ ਸਿੰਘ ਜੰਮੂ ਨੂੰ ਯਾਦ ਕਰਦਿਆਂ…ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 
