ਆਸ਼ਰਮ ਇਕ ਸਹਾਰਾ — ਸੋਮਿਤਾ ਦਾਸ/ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ |
![]() ਘੰਟੀ ਦੀ ਤਿੱਖੀ ਆਵਾਜ਼ ਨਾਲ ਦੇਖਣ ਮੈਂ ਆਪਣੇ ਖਿਆਲਾਂ ਤੋਂ ਬਾਹਰ ਆਈ। ਦੂਰੋਂ ਆਉਂਦੀ ਲਗਾਤਾਰ ਆਵਾਜ਼ ਪਹਿਲਾਂ ਹਲਕੀ ਜਿਹੀ ਸੀ, ਫੇਰ ਲੰਬੀ ਅਤੇ ਤਿੱਖੀ ਚੀਖ ਵਰਗੀ ਹੋ ਗਈ। ਮੈਨੂੰ ਪਤਾ ਸੀ ਕਿ ਇਸ ਆਵਾਜ਼ ਦਾ ਕੀ ਮਤਲਬ ਹੈ, ਇਕ ਹੋਰ ਬੇਸਹਾਰਾ, ਬੇਘਰ ਮਿੱਤਰ ਆ ਗਿਆ ਹੈ, ਜਿਸ ਨਾਲ ਅਸੀਂ ਜਲਦੀ ਹੀ ਘੁਲ-ਮਿਲ ਜਾਵਾਂਗੇ। ਇਕ ਪਲ ਲਈ ਤਾਂ ਮੈਂ ਇਸ ਥਾਂ ਤੇ ਆਪਣੇ ਪਹਿਲੇ ਕੁਝ ਦਿਨਾਂ ਨੂੰ ਯਾਦ ਕਰਕੇ ਮੈਂ ਕੁਝ ਉਦਾਸ ਹੋ ਗਈ। ਉਦਾਸੀ ਸੀ ਆਪਣਿਆਂ ਤੋਂ ਦੂਰ ਹੋਣ ਦੀ ਚੀਖ ਵਰਗੀ ਪਰਿਵਾਰ ਵੱਲੋਂ ਮੂੰਹ ਮੋੜਨ ਦੀ, ਇਕੱਲਤਾ ਦੀ, ਪਰ ਜਲਦੀ ਹੀ ਅਜਿਹੀਆਂ ਯਾਦਾਂ ਨੂੰ ਮੈਂ ਭੁੱਲ ਕੇ ਜਦੋਂ ਏਥੋਂ ਮਿਲੀ ਸ਼ਾਂਤੀ, ਸਹਾਰਾ ਅਤੇ ਅਨੰਦ ਮਈ ਮਾਹੌਲ ਯਾਦ ਆਇਆ। ਸਮਾਂ ਅਤੇ ਲਹਿਰ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ, ਆਪਣੀ ਇਕ ਪੁਰਾਣੀ ਗੱਲ ਯਾਦ ਕਰਕੇ ਮੈਂ ਸੋਚਿਆ ਜਿਸ ਨਾਲ ਮੈਨੂੰ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣ ਵਿਚ ਸਹਾਇਤਾ ਮਿਲਦੀ। ਪਹਿਲਾਂ ਮੈਂ ਆਪਣੇ ਬਾਰੇ ਤਾਂ ਦੱਸ ਲਵਾਂ। ਮੈਂ ਹਾਂ ਰੀਣਾ। ਮੈਂ ਇਸ ਸ਼ਾਂਤੀ ਅਤੇ ਸਵਰਗ ਵਿਚ ਤੋਂ ਰਹਿ ਰਹੀ ਹਾਂ। ਇਥੇ ਸਵੇਰ ਜਲਦੀ ਹੀ ਸ਼ੁਰੂ ਹੋ ਜਾਂਦੀ ਹੈ, ਪੰਛੀਆਂ ਦੇ ਚਹਿਚਹਾਉਣ ਨਾਲ, ਅੰਬਰ ਦੇ ਬਦਲਦੇ ਰੰਗਾਂ, ਗੁਲਾਬੀ ਰੰਗ ਦੀ ਰੋਸ਼ਨੀ, ਪੂਰਬ ਵਾਲੇ ਪਾਸਿਓਂ ਅੱਗ ਦੇ ਗੋਲੇ ਦੇ ਹੌਲੀ-ਹੌਲੀ ਉੱਪਰ ਆਉਣ ਨਾਲ ਅਸੀਂ ਜਲਦੀ ਹੀ ਜਾਗ ਪੈਂਦੇ। ਇਹ ਨਜ਼ਾਰਾ ਮੈਨੂੰ ਅਤੇ ਮੇਰੀਆਂ ਨਜ਼ਦਿਕੀ ਸਹੇਲੀਆਂ, ਸ਼ੀਲਾ ਅਤੇ ਮੀਰਾ ਨੂੰ ਇਕ ਨਵੇਂ ਦਿਨ ਦੀ ਸ਼ੁਰੂਆਤ ਦੇਖਣ ਵਾਲੇ ਦਰਸ਼ਕ ਵਜੋਂ ਖੁਸ਼ੀ ਦਿੰਦਾ, ਇਕ ਅਜਿਹਾ ਦਿਨ ਜੋ ਨਵੇਂ ਜੋਸ਼, ਆਸ, ਉਮੀਦਾਂ ਅਤੇ ਹੈਰਾਨੀਆਂ ਨਾਲ ਭਰਪੂਰ ਹੁੰਦਾ। ਤੜਕ ਸਾਰ ਦੀਆਂ ਦਰਖ਼ਤਾਂ ਤੋਂ ਡਿੱਗਦੀਆਂ ਤ੍ਰੇਲ ਦੀਆਂ ਬੂੰਦਾਂ ਸਾਡੇ ਪੈਰਾਂ ਨੂੰ ਸਾਫ ਕਰਦੀਆਂ ਜਦੋਂ ਅਸੀਂ ਸਵੇਰ ਸਮੇਂ ਸਫਾਈ ਕਰਦੀਆਂ, ਸਾਡਾ ਵੇਹੜਾ ਤਾਜ਼ੇ ਫੁੱਲਾਂ ਦੀ ਖੂਸ਼ਬੂ ਨਾਲ ਮਹਿਕਦੀ ਹਵਾ ਨਾਲ ਭਰਿਆ ਹੁੰਦਾ। ਇਹ ਫੁੱਲ ਸਾਡੇ ਬਾਗ਼ ਵਿਚ ਬਹੁਤ ਖਿੜੇ ਹੁੰਦੇ। ਆਮ ਤੌਰ ਤੇ ਮੇਰੀਆਂ ਇਹੋ ਸਹੇਲੀਆਂ ਮੇਰੇ ਨਾਲ ਹੀ ਹੁੰਦੀਆਂ ਕਿਉਂਕਿ ਅਸੀਂ ਸਾਰੀਆਂ ਕਿਉਂ ਕਿ ਇਕੋ ਕਮਰੇ ਵਿਚ ਰਹਿੰਦੀਆਂ ਸੀ, ਇਸ ਲਈ ਇਕੱਠੀਆਂ ਹੀ ਆਉਂਦੀਆਂ।
ਮੇਰੇ ਇਥੇ ਆਉਣ ਤੋਂ ਕੁਝ ਹਫ਼ਤਿਆਂ ਵਿਚ ਹੀ ਅਸੀਂ ਇਕ ਦੂਜੇ ਵੱਲ ਦੋਸਤੀ ਦਾ ਹੱਥ ਵਧਾਇਆ, ਇਕ ਦੂਜੇ ਨਾਲ ਪਿਆਰ ਅਤੇ ਸਤਿਕਾਰ ਦਿਖਾਇਆ ਕਿ ਇਸ ਆਸ਼ਰਮ ਵਿਚ ਇਕੱਲੀ ਨਾਂ ਰਹੀ ਸਗੋਂ ਦੋਸਤਾਂ ਦੇ ਵੱਡੇ ਘੇਰੇ ਵਿਚ ਸ਼ਾਮਿਲ ਹੋ ਗਈ। ਇਕੱਠੇ ਰਹਿਣਾ ਇਕ ਖ਼ੁਸ਼ਗਵਾਰ ਵਰਤਾਰਾ ਸੀ ਜਿਸ ਨਾਲ ਇਕ ਦੂਜੇ ਤੋਂ ਪਰੇਰਨਾ ਵੀ ਮਿਲਦੀ। ਅਸੀਂ 30-40 ਸਾਲ ਦੇ ਦਰਮਿਆਨ 30 ਔਰਤਾਂ ਉਥੇ ਰਹਿ ਰਹੀਆਂ ਸੀ। ਉਸ ਥਾਂ ਪ੍ਰਤੀ ਸਾਨੂੰ ਪਿਆਰ ਸੀ, ਨਾ ਕਿ ਅਸੀਂ ਸਿਰਫ ਆਪਣੇ ਦੁਖਦਾਈ ਅਤੇ ਡਰਾਉਣੇ ਭੂਤ ਕਾਲ ਸੰਬੰਧੀ ਹੀ ਗੱਲਾਂ ਸਾਂਝੀਆਂ ਕਰਦੀਆਂ। ਅਸੀਂ ਇਕ ਦੂਜੇ ਦੇ ਨਾਂ ਜਾਣਦੀਆਂ ਸੀ, ਪਰ ਅਸੀਂ ਰੋਜ਼ਾਨਾ ਦੇ ਹਾਲਾਤ ਬਾਰੇ ਜਿਆਦਾ ਗੱਲਾਂ ਕਰਦੀਆਂ ਅਤੇ ਆਪਣੇ ਬੀਤ ਚੁੱਕੇ ਸਮੇਂ ਬਾਰੇ, ਜਿਸ ਨੂੰ ਅਸੀਂ ਪਿੱਛੇ ਛੱਡ ਆਈਆਂ ਸੀ, ਘੱਟ ਹੀ ਗੱਲ ਕਰਦੀਆਂ। ਜਿਹੜੀ ਇਕ ਚੀਜ਼ ਸਾਨੂੰ ਯਾਦ ਸੀ, ਉਹ ਸੀ ਆਸ਼ਰਮ, ਜਿਥੇ ਸਾਨੂੰ ਸ਼ਰਨ ਮਿਲੀ ਹੋਈ ਸੀ, ਇਹੋ ਸਾਡਾ ਘਰ ਸੀ. ਅਸੀਂ ਇਹ ਜਾਣਦੀਆਂ ਸੀ ਕਿ ਕੁਦਰਤ ਵੱਲੋਂ ਮਿਲੇ ਸਾਡੇ ਪਰਿਵਾਰਾਂ ਨੇ ਸਾਡੀ ਵੱਧਦੀ ਹੋਈ ਉਮਰ ਵਿਚ ਸਾਡਾ ਧਿਆਨ ਨਹੀਂ ਸੀ ਰੱਖਿਆ। ਹਾਲਾਤ ਨੂੰ ਦੇਖਦੇ ਹੋਏ, ਇਹ ਆਸ਼ਰਮ ਸਾਡੇ ਲਈ ਸਭ ਤੋਂ ਵਧੀਆ ਥਾਂ ਸੀ, ਜਿਥੇ ਰਹਿੰਦੇ ਹੋਏ ਅਸੀਂ ਸਮਾਜ ਦੀ ਬਿਹਤਰੀ ਲਈ ਆਪਣਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰ ਸਕਦੀਆਂ ਸੀ। ਇਹ ਠੀਕ ਹੈ ਕਿ ਹਰ ਜਗਹਾ ਤੇ ਰਹਿਣ ਲਈ ਸਾਨੂੰ ਸਮਝੌਤੇ ਤਾਂ ਕਰਨੇ ਹੀ ਪੈਂਦੇ ਹਨ, ਪਰ ਜ਼ਿੰਦਗੀ ਪ੍ਰਤੀ ਹਾਂ-ਪੱਖੀ ਰਵਈਆ ਹੀ ਸਾਨੂੰ ਖੁਸ਼ ਰਹਿਣਾ, ਸੰਤੁਸ਼ਟ ਰਹਿਣਾ ਅਤੇ ਆਪਣੇ ਆਪ ਨੂੰ ਪੂਰਨ ਮਹਿਸੂਸ ਸਮਝਣਾ ਸਿਖਾਉਂਦਾ ਹੈ।
ਮੈਨੂੰ ਯਾਦ ਹੈ ਕਿ ਬਹੁਤੀ ਦੇਰ ਪਹਿਲਾਂ ਦੀ ਗੱਲ ਨਹੀਂ ਕਿ ਮੇਰਾ ਆਪਣੇ-ਆਪ ਤੇ ਕੋਈ ਕਾਬੂ ਨਹੀਂ ਸੀ, ਮੈਂ ਆਪਣੇ ਹੋਸ਼ ਖੋ ਬੈਠਦੀ, ਡਰਪੋਕ, ਤਨਾਅ ਵਿਚ ਰਹਿਣ ਵਾਲੀ ਅਤੇ ਮੈਨੂੰ ਇਹ ਕਹਿਣ ਵਿਚ ਕੋਈ ਮਾਣ ਮਹਿਸੂਸ ਨਹੀਂ ਕਿ ਮੇਰੀਆਂ ਇਨਸਾਨੀ ਕਮਜ਼ੋਰੀਆਂ ਨੇ ਮੈਨੂੰ ਆਸ਼ਰਮ ਦੇ ਦਫ਼ਤਰੀ ਰਜਿਸਟਰ ਤੇ ਚੋਰੀ-ਚੋਰੀ ਨਜ਼ਰ ਮਾਰੀ ਤਾਂ ਪਤਾ ਲੱਗਿਆ ਕਿ ਇਸ ਥਾਂ ਤੇ ਰਹਿਣ ਵਾਲੀਆਂ ਮੋਰੀਆਂ ਬਹੁਤੀਆਂ ਸਹੇਲੀਆਂ ਨੇ ਮੁੱਢਲੀ ਪੜਾਈ ਵੀ ਨਹੀਂ ਕੀਤੀ ਹੋਈ, ਪਰ ਇਸ ਆਸ਼ਰਮ ਵਿਚ ਸਾਡੀ ਸਾਰੀਆਂ ਦੀ ਪੜ੍ਹਾਈ ਨਿਰੋਲ ਸਾਡੇ ਆਪਣੀ ਮਰਜ਼ੀ ਅਤੇ ਵਿਅਕਤਿਤਵ ‘ਤੇ ਹੀ ਨਿਰਭਰ ਕਰਦੀ ਸੀ।?
ਇਥੇ ਆਸ਼ਰਮ ਵਿਚ, ਜਿਵੇਂ ਕਿ ਇਸਦੇ ਨਾਂ ਤੋਂ ਹੀ ਪ੍ਰਤੱਖ ਹੈ, ਸਾਨੂੰ ਆਪਣੇ ਪਸੰਦ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਦੇ ਪਰੇਰਨਾ ਦਿੱਤੀ ਜਾਂਦੀ ਸੀ। ਉਹ ਠੀਕ ਹੈ ਕਿ ਸਾਨੂੰ ਕੁਝ ਨਿਯਮਾਂ ਦਾ ਵੀ ਪਾਲਨ ਕਰਨਾ ਪੈਂਦਾ ਹੈ। ਦਿਨ ਦੀ ਸ਼ੁਰੂਆਤ ਯੋਗ ਨਾਲ ਹੁੰਦੀ। ਉਸ ਤੋਂ ਬਾਅਦ ਧਿਆਨ ਲਗਵਾਇਆ ਜਾਂਦਾ ਤਾਂ ਕਿ ਸਾਡੇ ਵਿਚ ਅਨੁਸ਼ਾਸਨ ਪੈਦਾ ਹੋ ਸਕੇ. ਸਾਰਿਆਂ ਨੂੰ ਕੁਝ ਕੰਮ ਪੱਕੇ ਤੌਰ ‘ਤੇ ਦਿੱਤੇ ਹੋਏ ਸੀ। ਮੇਰਾ ਕੰਮ ਜਿਆਦਾ ਕਰਕੇ ਖਾਣਾ ਬਣਾਉਣਾ ਦਾ ਹੁੰਦਾ। ਮੇਰੇ ਨਾਲ ਸ਼ੀਲਾ ਅਤੇ ਮੀਰਾ ਹੁੰਦੀਆਂ। ਉਹ ਖਿਚੜੀ ਬਣਾਉਣ ਵਿਚ ਮੇਰੀ ਸਹਾਇਤਾ ਕਰਦੀਆਂ। ਇਸ ਲਈ ਸਾਡੀ ਪ੍ਰਸੰਸਾ ਵੀ ਹੁੰਦੀ, ਪਰ ਮੈਂ ਜਾਣਦੀ ਸੀ ਕਿ ਆਸ਼ਰਮ ਦੇ ਬਾਗ਼ ਵਿਚੋਂ ਆਈਆਂ ਤਾਜ਼ੀਆਂ ਸਬਜ਼ੀਆਂ ਕਰਕੇ ਖਿਚੜੀ ਜਿਆਦਾ ਸਵਾਦ ਬਣਦੀ।
ਆਸ਼ਰਮ ਵਿਚ ਰਹਿਣ ਵਾਲਾ ਹਰ ਬਸਰ ਕਿਸੇ ਨਾ ਕਿਸੇ ਕੰਮ ਵਿਚ ਰੁਝਿਆ ਰਹਿੰਦਾ। ਕੋਈ ਸਲਾਈ, ਕੁਦਰਤੀ ਤੌਰ ਤੇ ਮਿਲੇ ਸਮਾਨ, ਜਿਵੇਂ ਲੰਬਾ ਘਾਹ, ਫੁੱਲ, ਰੁੱਖਾਂ ਦੀ ਛਾਲ ਨਾਲ ਹਸਤਕਲਾ ਦਾ ਕੰਮ। ਅਸਲ ਵਿਚ ਅਜਿਹੀਆਂ ਚੀਜ਼ਾਂ ਬਣਾਉਣ ਵਾਲੇ ਜਮਾਂਦਰੂ ਕਲਾਕਾਰ ਸੀ। ਮੈਨੂੰ ਉਹਨਾਂ ਦੀ ਕਲਾ ਦੇਖ ਕਿ ਹੈਰਾਨ ਰਹਿ ਜਾਂਦੀ। ਉਹ ਕਿਹੜੀ ਚੀਜ਼ ਸੀ ਜੋ ਉਹ ਨਹੀਂ ਸੀ ਬਣਾ ਸਕਦੀਆਂ। ਜਿੰਨਾਂ ਨੂੰ ਬਾਗਬਾਨੀ ਦਾ ਸ਼ੌਕ ਸੀ, ਉਹ ਉਥੇ ਕੰਮ ਕਰਦੀਆਂ। ਸਾਡੇ ਵਰਗੀਆਂ ਕੁਝ ਰਸੋਈ ਦੇ ਕੰਮ ਦੇ ਨਾਲ-ਨਾਲ ਨੇੜੇ ਦੇ ਪਿੰਡਾਂ ਤੋਂ ਆਉਣ ਵਾਲੀਆਂ ਨੌਜਵਾਨ ਕੁੜੀਆਂ ਨੂੰ ਥੋੜੇ ਜਿਹੇ ਪੈਸੇ ਲੈ ਕੇ ਸਿਖਲਾਈ ਵੀ ਦਿੰਦੀਆਂ।
ਹਰ ਛੇ ਮਹੀਨੇ ਬਾਅਦ ਆਸ਼ਰਮ ਦੇ ਨੇੜੇ ਹੀ ਬਣਾਈਆਂ ਚੀਜ਼ਾਂ ਦੀ ਨੁਮਾਇਸ਼ ਲਾ ਕੇ ਵੇਚੀਆਂ ਵੀ ਜਾਂਦੀਆਂ। ਅਸੀਂ ਚੀਜ਼ਾਂ ਵੇਚਣ ਲਈ ਸਲਾਹ ਨਹੀਂ ਸੀ ਦੇ ਸਕਦੀਆਂ? . ਭਾਵੇਂ ਕਈ ਬਾਰ ਅਸੀਂ ਸਹਾਇਤਾ ਜਰੂਰ ਕਰਦੀਆਂ, ਜਿਸ ਨਾਲ ਸਾਡੀ ਬਾਹਰਲੇ ਲੋਕਾਂ ਨਾਲ ਕੁਝ ਮੇਲ ਵੀ ਹੋ ਜਾਂਦਾ। ਵੱਡੀਆਂ ਕਾਰਾਂ, ਰੰਗ ਬਰੰਗੇ ਕੱਪੜਿਆਂ ਵਿਚ ਲਿਸਕੀਆਂ-ਪੁਸ਼ਕੀਆਂ ਔਰਤਾਂ ਨੁਮਾਇਸ਼ ਵਿਚ ਆਉਂਦੀਆਂ। ਇਸ ਤੋਂ ਜਿਹੜੀ ਕਮਾਈ ਹੁੰਦੀ ਉਹ ਆਸ਼ਰਮ ਵਿਚ ਰਹਿਣ ਵਾਲੀਆਂ ਦੇ ਰਹਿਣ-ਸਹਿਣ, ਕੱਪੜਿਆਂ, ਦਵਾਈਆਂ ਅਤੇ ਸਾਡੇ ਗੁਜ਼ਾਰੇ ਲਈ ਵਰਤੀ ਜਾਂਦੀ। ਭਾਵੇਂ ਅਸੀਂ ਬਹੁਤ ਕੋਸ਼ਿਸ਼ ਕਰਦੀਆਂ ਕਿ ਅਸੀਂ ਪੈਸੇ-ਧੇਲੇ ਵੱਲੋਂ ਅਜ਼ਾਦ ਅਤੇ ਆਤਮ ਨਿਰਭਰ ਹੋਈਏ, ਪਰ ਤਾਂ ਵੀ ਸਾਡੀ ਕਮਾਈ ਬਹੁਤ ਹੀ ਮਾਮੂਲੀ ਜਿਹੀ ਹੀ ਹੁੰਦੀ ਅਤੇ ਬਹੁਤੀ ਵਾਰ ਸਾਨੂੰ ਜਾਂ ਤਾਂ ਕਿਸੇ ਅਜਿਹੇ ਬੰਦੇ ਤੇ ਨਿਰਭਰ ਕਰਨਾ ਪੈਂਦਾ ਜੋ ਸਾਡੇ ਖਰਚੇ ਲਈ ਅੱਗੇ ਆਵੇ ਜਾਂ ਕਿਸੇ ਦਾਨੀ’ ਤੇ ਨਿਰਭਰ ਰਹਿਣਾ ਪੈਂਦਾ। ਮਹੀਨੇ ਵਿਚ ਇਕ ਬਾਰ ਆਸ਼ਰਮ ਦੇ ਨਿਰਦੇਸ਼ਕ ਡਾ ਰਾਏ ਆ ਕੇ ਸਾਰੇ ਆਸ਼ਰਮ ਦੀ ਪੜਤਾਲ ਕਰਦੇ, ਜ਼ਰੂਰੀ ਹਦਾਇਤਾਂ ਦੇ ਕੇ ਆਪਣੇ ਦਫਤਰ ਚਲੇ ਜਾਂਦੇ ਅਤੇ ਜੇ ਕਦੇ ਕੋਈ ਐਮਰਜੰਸੀ ਹੁੰਦੀ ਤਾਂ ਉਹ ਜਲਦੀ-ਜਲਦੀ ਭੱਜੇ ਆਉਂਦੇ। ਕਈ ਵਾਰ ਡਾ ਰਾਏ ਕਿਸੇ ਦਾਨੀ ਨਾਲ ਆਉਂਦੇ ਜੋ ਕੁਝ ਦਾਨ ਦੇਣ ਤੋਂ ਪਹਿਲਾਂ ਸਾਡੇ ਰਹਿਣ-ਸਹਿਣ ਬਾਰੇ ਘੋਖਣ ਆਉਂਦਾ। ਆਸ਼ਰਮ ਵਿਚ ਰਹਿਣ ਵਾਲੀਆਂ ਦੀ ਔਸਤ ਉਮਰ 40 ਕੁ ਸਾਲ ਸੀ, ਇਸ ਲਈ ਇਕ ਔਰਤ ਡਾਕਟਰ ਸਾਡੀ ਦੇਖ-ਭਾਲ ਲਈ ਮਹੀਨੇ ਦੇ ਸ਼ੁਰੂ ਵਿਚ ਕੁਝ-ਕੁਝ ਵਕਫ਼ੇ ਬਾਅਦ ਨਿਯਮ ਨਾਲ ਆਉਂਦੀ, ਪਰ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਜਾਂਚ ਲਈ ਕਦੇ ਨਾ ਬੁਲਾਇਆ ਜਾਂਦਾ। ਮੇਰਾ ਦਿਲ ਹਮੇਸ਼ਾ ਹੀ ਇਹ ਕਰਦਾ ਕਿ ਮੈਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ। ਡਾਕਟਰ ਮੇਰੇ ਇਸ ਸੁਭਾਅ ਬਾਰੇ ਜਾਣਦੀ ਸੀ, ਇਸ ਲਈ ਹੀ ਉਹ ਮੈਨੂੰ ਬਹੁਤ ਵਾਰੀ ਬੁਲਾਉਂਦੀ ਅਤੇ ਸਹਾਇਤਾ ਕਰਨ ਨੂੰ ਕਹਿੰਦੀ। ਪਹਿਲਾਂ ਤਾਂ ਉਸਨੇ ਮੈਨੂੰ ਬਲੱਡ ਪਰੈਸ਼ਰ ਚੈਕ ਕਰਨਾ ਸਿਖਾਇਆ ਅਤੇ ਚੈਕ ਕਰਨ ਤੋਂ ਬਾਅਦ ਕਾਪੀ ਵਿਚ ਲਿਖਣਾ, ਜਿਥੇ ਇਕ ਚਾਰਟ ਲੱਗਿਆ ਹੋਇਆ ਸੀ । ਬਲੱਡ ਪਰੈਸ਼ਰ ਉਸ ਚਾਰਟ ਨਾਲ ਮਿਲਾਉਣਾ ਵੀ ਹੁੰਦਾ। ਕਈ ਬਾਰ ਉਸਨੇ ਮੈਨੂੰ ਦਵਾਈ ਦੇਣ ਦੀ ਜ਼ਿੰਮੇਵਾਰੀ ਵੀ ਦੇ ਦੇਣੀ। ਮੈਨੂੰ ਦਵਾਈਆਂ ਦੇ ਨਾਂ ਵੀ ਸਿਖਾ ਦਿੱਤੇ, ਇਹ ਵੀ ਦੱਸਿਆ ਕਿ ਉਹ ਕਿਸ ਬਿਮਾਰੀ ਲਈ ਵਰਤੀਆਂ ਜਾਂਦੀਆਂ ਹਨ, ਉਹਨਾਂ ਦੇ ਰੰਗ ਅਤੇ ਅਕਾਰ ਬਾਰੇ ਵੀ ਦੱਸ ਦਿੱਤਾ। ਮੈਨੂੰ ਕਿਉਂ ਜੇ ਥੋੜੀ ਜਿਹੀ ਅੰਗਰੇਜ਼ੀ ਵੀ ਆਉਂਦੀ ਸੀ, ਇਸ ਲਈ ਕਈ ਆਮ ਵਰਤੋਂ ਦੀਆਂ ਦਵਾਈਆਂ ਦੀ ਪਹਿਚਾਣ ਵੀ ਹੋ ਗਈ। ਇਸ ਨਾਲ ਮੈਨੂੰ ਕੁਝ ਸੰਤੁਸ਼ਟੀ ਮਿਲਦੀ ।
ਮੈਨੂੰ ਸਿਰਫ ਇਸ ਜ਼ਿੰਦਗੀ ਦਾ ਹੀ ਪਤਾ ਸੀ ਅਤੇ ਮੈਂ ਇਸਦਾ ਆਨੰਦ ਵੀ ਲੈ ਰਹੀ ਸੀ ਅਤੇ ਆਪਣੀ ਪਹਿਲੀ ਜ਼ਿੰਦਗੀ ਨੂੰ ਪੱਕੇ ਨਿਸ਼ਚਾ ਕਰਕੇ ਕਿਤੇ ਡੂੰਘਾ ਦਿੱਤਾ ਸੀ ।ਅਸੀਂ ਹਰ ਸਮੇਂ ਨਵੇਂ ਤਰੀਕੇ ਅਤੇ ਸਾਧਨਾਂ ਬਾਰੇ ਸੋਚਦੀਆਂ ਤਾਂ ਜੇ ਸਾਡਾ ਰਹਿਣ-ਸਹਿਣ ਹੋਰ ਵਧੀਆ ਬਣੇ ਅਤੇ ਅਸੀਂ ਆਤਮ ਨਿਰਭਰ ਹੋ ਸਕੀਏ। ਦੁਪਹਿਰ ਤੋਂ ਸਾਮ ਤੱਕ ਅਸੀਂ ਬੱਤੀਆਂ ਬਣਾਉਂਦੀਆਂ ਤਾਂ ਜੋ ਨੇੜੇ ਦੇ ਮੰਦਰ ਅਤੇ ਬਜ਼ਾਰ ਵਿਚ ਵੇਚ ਸਕੀਏ। ਸ਼ਾਮ ਦੇ ਸਮੇਂ ਅਸੀਂ ਖੁਸ਼ੀ-ਖੁਸ਼ੀ ਧਾਰਮਿਕ ਗੀਤ ਸਿੱਖਦੀਆਂ ਅਤੇ ਇਕੱਠੀਆਂ ਗਾਉਂਦੀਆਂ। ਰਾਤ ਹੋਣ ਤੱਕ ਅਸੀਂ ਕੁਦਰਤ ਦੇ ਬੱਚੇ ਹੁੰਦੀਆਂ ? ਅਤੇ ਫੇਰ ਵਾਪਿਸ ਆਪਣੇ ਕਮਰੇ ਵਿਚ?। ਸਾਨੂੰ ਇਹ ਸਖ਼ਤ ਹਿਦਾਇਤ ਸੀ ਕਿ ਉਸ ਤੋਂ ਬਾਅਦ ਅਸੀਂ ਸਵੇਰ ਤੱਕ ਬਾਹਰ ਨਹੀਂ ਆਉਣਾ।
ਮੈਨੂੰ ਪੱਕੀ ਤਰਾਂ ਯਾਦ ਹੈ ਕਿ ਵੀਰਵਾਰ ਦਾ ਦਿਨ ਸੀ, ਬਰਸਾਤ ਤੋਂ ਬਾਅਦ ਦਾ ਮਹੀਨਾ ਸੀ, ਜਦੋਂ ਆਸ਼ਰਮ ਦੇ ਨਿਰਦੇਸ਼ਕ ਅਚਾਨਕ ਹੀ ਇਕ ਓਪਰੇ ਬੰਦੇ ਨਾਲ ਆਏ ਅਤੇ ਮੈਨੂੰ ਸੁਨੇਹਾ ਭੇਜਿਆ ਕਿ ਉਹਨਾਂ ਦੇ ਦਫ਼ਤਰ ਜਲਦੀ ਪਹੁੰਚ ਜਾਵਾਂ। ਡਰ ਨਾਲ ਕੰਬਦੀ ਨੇ ਮੈਂ ਉਹਨਾਂ ਦਾ ਕਹਿਣਾ ਮੰਨਿਆ, ਹੈਰਾਨੀ ਨਾਲ ਉਸ ਓਪਰੇ ਬੰਦੇ ਵੱਲ ਦੇਖਿਆ ਜੋ ਕੁਝ ਜਾਣਿਆ-ਪਹਿਚਾਣਿਆ ਲੱਗਿਆ। ਮੇਰੇ ਵੱਲ ਦੇਖਦੇ ਹੋਏ ਨਿਰਦੇਸ਼ਕ ਸਾਹਿਬ ਨੇ ਮੈਨੂੰ ਕੁਰਸੀ ‘ਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਸਾਨੂੰ ਕਮਰੇ ਵਿਚ ਇਕੱਲਾ ਛੱਡ ਕੇ ਬੂਹਾ ਭੇੜਦੇ ਹੋਏ ਬਾਹਰ ਚਲੇ ਗਏ।
ਦਰਵਾਜ਼ੇ ਦੀ ਆਵਾਜ਼ ਗੁੰਜੀ ਅਤੇ ਜਿਵੇਂ ਕੋਈ ਮੁਸੀਬਤਾਂ ਦਾ ਬਕਸਾ ਖੁੱਲ੍ਹਦਾ ਹੈ, ਜਿਹੜਾ ਮੈਂ ਹਮੇਸ਼ਾ ਹੀ ਬੜੇ ਜੋਰ ਨਾਲ ਬੰਦ ਕੀਤਾ ਹੋਇਆ ਸੀ । ਬਜ਼ਾਰ ਵਿਚ ਇਕ ਮੰਜ਼ਲ ਦਾ ਮਕਾਨ, ਮੇਰੇ ਕੰਮ , ਤਾਹਨੇ-ਮਿਹਣੇ ਅਤੇ ਉਸ ਤੋਂ ਬਾਅਦ ਮਾਰ ਕੁਟਾਈ। ਮੇਰੀ ਗਲਤੀ ਕੀ ਸੀ ਕਿ ਵਿਆਹ ਤੋਂ ਦਸ ਸਾਲ ਬਾਅਦ ਵੀ ਮੇਰੇ ਕੋਈ ਬੱਚਾ ਨਹੀਂ ਸੀ ਹੋਇਆ। ਕਿਉਂ ਕਿ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਅਤੇ ਨਾ ਹੀ ਮੈਂ ਪੜੀ ਹੋਈ ਸੀ, ਪਰਿਵਾਰ ਵਿਚ ਮੇਰੀ ਹੈਸੀਅਤ ਸਿਰਫ ਘਰ ਦੇ ਕੰਮ ਕਰਨ ਦੀ ਹੀ ਸੀ, ਜਿਸ ਨਾਲ ਮੇਰਾ ਪਤੀ ਖੁਸ਼ ਨਹੀਂ ਸੀ ਹੁੰਦਾ। ਮੈਂ ਉਸ ‘ਤੇ ਹੀ ਨਿਰਭਰ ਸੀ, ਜਿਹੜਾ ਮੈਨੂੰ ਗਾਹਲਾਂ ਕੱਢਦਾ ਰਹਿੰਦਾ ਅਤੇ ਸਰੀਰਕ ਤਸੀਹੇ ਵੀ ਦਿੰਦਾ। ਇਕ ਵਾਰ ਮੈਂ ਘਰੋਂ ਭੱਜ ਜਾਣ ਦੀ ਵੀ ਸੋਚੀ, ਪਰ ਮੈਂ ਤਾਂ ਆਪਣੇ ਆਂਢ-ਗਵਾਂਢ ਵਿਚ ਕਿਸੇ ਨੂੰ ਚੰਗੀ ਤਰਾਂ ਜਾਣਦੀ ਵੀ ਨਹੀਂ ਸੀ, ਜੋ ਮੇਰੀ ਸਹਾਇਤਾ ਕਰਦਾ।
ਇਕ ਵਾਰ ਮੇਰੇ ਪਤੀ, ਰਾਜਨ ਦੇ ਇਕ ਦੋਸਤ ਨੇ ਸਲਾਹ ਦਿੱਤੀ ਕਿ ਮੈਂ ਔਰਤਾਂ ਦੀਆਂ ਬਿਮਾਰੀਆਂ ਦੀ ਕਿਸੇ ਡਾਕਟਰ ਨੂੰ ਦਿਖਾਵਾਂ। ਮੈਨੂੰ ਕਈ ਬਾਰ ਗਾਹਲਾਂ ਕੱਢਣ ਤੋਂ ਬਾਅਦ ਕਿ ਮੈਂ ਉਸਦੇ ਪੈਸੇ ਬਰਬਾਦ ਕਰ ਰਹੀ ਹਾਂ, ਉਹ ਮੈਨੂੰ ਇਕ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਟੈਸਟ ਕਰਵਾਉਣ ਲਈ ਕਿਹਾ ਅਤੇ ਸਾਨੂੰ ਕਿਸੇ ਮਾਹਰ ਡਾਕਟਰ ਕੋਲ ਭੇਜ ਦਿੱਤਾ, ਜਿਸ ਨੇ ਦੱਸਿਆ ਕਿ ਮੈਨੂੰ ਬੱਚੇਦਾਨੀ ਦਾ ਕੈਂਸਰ ਹੈ, ਜਲਦੀ ਹੀ ਅਪਰੇਸ਼ਨ ਕਰਵਾਉਣਾ ਪਏਗਾ ਅਤੇ ਉਸ ਤੋਂ ਬਾਅਦ ਕੈਮਿਓਥਰੈਪੀ ਅਤੇ ਬਿਜਲੀ ਲਗਵਾਉਣੀ ਪਏਗੀ । ਮਾਰ-ਕੁਟਾਈ ਅਤੇ ਤਾਹਨੇ- ਮਿਹਣੇ ਹੋਰ ਵੱਧ ਗਏ। ਮੇਰਾ ਪਤੀ ਮੈਨੂੰ ਸਰਕਾਰੀ ਹਸਪਤਾਲ ਲੈ ਗਿਆ, ਜਿਥੇ ਸਰਕਾਰ ਵੱਲੋਂ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਪਰ ਸ਼ਰਤ ਇਹ ਰੱਖੀ ਕਿ ਮੈਂ ਉਸ ਨੂੰ ਤਲਾਕ ਦੇਵਾਂ।
ਕਿਸੇ ਕਿਸਮ ਦੀਆਂ ਮਿੰਨਤਾਂ, ਹੰਝੂਆਂ ਨੇ ਉਸ ‘ਤੇ ਕੋਈ ਅਸਰ ਨਾ ਕੀਤਾ, ਪਰ ਉਹ ਸਿਰਫ ਤਲਾਕ ਹੀ ਚਾਹੁੰਦਾ ਸੀ ਤਾਂ ਜੋ ਦੁਬਾਰਾ ਵਿਆਹ ਕਰਵਾ ਕੇ ਜਿੰਨੀ ਜਲਦੀ ਹੋ ਸਕੇ ਬਾਪ ਬਣ ਸਕੇ। ਉਸਨੇ ਜਲਦੀ-ਜਲਦੀ ਸਾਰੇ ਜਰੂਰੀ ਕਾਗਜ ਤਿਆਰ ਕੀਤੇ ਅਤੇ ਮੈਨੂੰ ਇਥੇ ਛੱਡ ਗਿਆ। ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਇਸ ਕੰਮ ਲਈ ਉਸਨੇ ਆਸ਼ਰਮ ਦੀ ਸੰਸਥਾ ਨੂੰ ਇਕ ਵੱਡੀ ਰਕਮ ਦਾਨ ਵਜੋਂ ਦਿੱਤੀ, ਤਾਂ ਜੋ ਮੇਰੀ ਦੇਖ ਭਾਲ ਕੀਤੀ ਜਾਵੇ।
ਮੈਂ ਨਿਰਦੇਸ਼ਕ ਦੇ ਦਫ਼ਤਰ ਵਿਚ ਖੜੇ ਬੰਦੇ ਨੂੰ ਘੂਰ ਕੇ ਦੇਖਿਆ। ਮੈਂ ਜਿਸ ਆਦਮੀ ਨੂੰ ਜਾਣਦੀ ਸੀ, ਇਹ ਉਹ ਨਹੀਂ ਸੀ। ਉਹ ਬਹੁਤ ਪਤਲਾ ਜਿਹਾ, ਰੁਲਿਆ-ਖੁੱਲਿਆ, ਜਿਵੇਂ ਉਸਦੇ ਕੱਪੜੇ ਉਸ ਦੁਆਲੇ ਲਪੇਟੇ ਹੋਣ। ਉਸਨੇ ਮੇਰੇ ਤੋਂ ਮੁਆਫ਼ੀ ਮੰਗੀ ਅਤੇ ਦੱਸਿਆ ਜਿਹੜੇ ਡਾਕਟਰ ਕੋਲ ਮੈਂ ਕਦੇ-ਕਦੇ ਜਾਂਦੀ ਹਾਂ, ਉਸ ਨੇ ਦੱਸਿਆ ਹੈ ਕਿ ਮੇਰਾ ਕੈਂਸਰ ਠੀਕ ਹੋ ਚੁੱਕਿਆ ਹੈ। ਕਿਸਮਤ ਦੀ ਖੇਡ ਦੇਖੋ ਕਿ ਜਿਸ ਔਰਤ ਨਾਲ ਉਸਨੇ ਦੂਜਾ ਵਿਆਹ ਕੀਤਾ ਸੀ, ਉਹ ਬੱਚੇ ਨੂੰ ਜਨਮ ਦੇਣ ਸਮੇਂ ਨਰ ਗਈ ਸੀ। ਉਸਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ। ਉਹ ਮੇਰੇ ਅੱਗੇ ਰੋਇਆ, ਮਿੰਨਤਾਂ ਕੀਤੀਆਂ ਅਤੇ ਮੁਆਫ਼ੀ ਲਈ ਹਾੜੇ ਕੱਢੇ, ਪਰ ਮੈਂ ਉਸਦੀ ਇਕ ਨਾ ਮੰਨੀ। ਮੈਂ ਉਸ ਨੂੰ ਅਰਾਮ ਨਾਲ ਸਮਝਾ ਦਿੱਤਾ ਕਿ ਮੈਂ ਆਪਣੇ ਇਸ ਨਵੇਂ ਪਰਿਵਾਰ ਲਈ ਅਜੇ ਬਹੁਤ ਕੁਝ ਕਰਨਾ ਹੈ ਅਤੇ ਮੈਂ ਆਪਣੀ ਪੁਰਾਣੀ ਜ਼ਿੰਦਗੀ ਵੱਲ ਵਾਪਿਸ ਨਹੀਂ ਮੁੜ ਸਕਦੀ।
ਮਨ ਦੀ ਸ਼ਾਂਤੀ ਅਤੇ ਜ਼ਿੰਦਗੀ ਪ੍ਰਤੀ ਹਾਂ ਪੱਖੀ ਰਵੀਏ ਨੇ ਮੇਰੇ ਅੰਦਰ ਇਕ ਖਾਸ ਕਿਸਮ ਦਾ ਆਤਮ ਵਿਸ਼ਵਾਸ ਅਤੇ ਹਿੰਮਤ ਪੈਦਾ ਕਰ ਦਿੱਤੀ ਸੀ। ਆਸ਼ਰਮ ਵਿਚ ਰਹਿੰਦੇ ਹੋਏ ਮੇਰੇ ਦਿਲ ਵਿਚ ਇਸ ਲਈ ਇਕ ਮੋਹ ਦੀ ਭਾਵਨਾ ਪੈਦਾ ਹੋ ਗਈ, ਮੇਰੇ ਅੰਦਰ ਦ੍ਰਿੜਤਾ ਪੈਦਾ ਕੀਤੀ , ਮੈਨੂੰ ਜ਼ਿੰਦਗੀ ਜਿਉਣ ਦਾ ਮਕਸਦ ਮਿਲਿਆ ਅਤੇ ਅਹਿਸਾਸ ਹੋਇਆ ਕਿ ਮੈਂ ਵੀ ਕੁਝ ਜਰ ਸਕਦੀ ਹਾਂ । ਇਸ ਤੋਂ ਇਲਾਵਾ ਇਥੇ ਆ ਕੇ ਮਿਲੀ ਸ਼ਾਂਤੀ ਅਤੇ ਇਕਾਂਤ ਮਾਹੌਲ ਨੇ ਮੈਨੂੰ ਸਿਖਾਇਆ ਕਿ ਉਮੀਦ ਦਾ ਪੱਲਾ ਨਾ ਛੱਡੋ, ਆਪਣੇ ‘ਤੇ ਵਿਸ਼ਵਾਸ ਰੱਖੋ ਅਤੇ ਇਹ ਸੋਚੋ ਕਿ ਤੁਹਾਨੂੰ ਪੈਦਾ ਕਰਨ ਵਾਲੇ ਨੇ ਤੁਹਾਨੂੰ ਇਥੇ ਸਹਾਇਤਾ ਕਰਨ ਲਈ ਭੇਜਿਆ ਹੈ। ਫੇਰ ਵੀ ਉਸ ਇਨਸਾਨ ਨੂੰ ਦੇਖ ਕੇ ਮੇਰੇ ਦਿਲ ਵਿਚ ਇਕ ਉਦਾਸੀ ਅਤੇ ਹਮਦਰਦੀ ਦੀ ਭਾਵਨਾ ਪੈਦਾ ਹੋਈ ਕਿ ਜੋ ਇਨਸਾਨ ਕਿਸੇ ਸਮੇਂ ਐਨਾ ਘੁਮੰਡੀ ਸੀ ਉਹ ਹੁਣ ਕਿੰਨਾ ਉਦਾਸ ਅਤੇ ਨਿਰਾਸ਼ ਹੈ। ਮੈਂ ਉਸ ਨੂੰ ਕੁਝ ਉਦਾਸ ਆਵਾਜ਼ ਵਿਚ ਅਤੇ ਨਰਮੀ ਨਾਲ ਸਮਝਾ ਦਿੱਤਾ ਕਿ ਆਸ਼ਰਮ ਵਿਚ ਮੇਰੀ ਲੋੜ ਹੈ ਅਤੇ ਮੈਂ ਇਥੇ ਹੀ ਕੰਮ ਕਰਨਾ ਚਾਹੁੰਦੀ ਹਾਂ।
ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਇਥੇ ਰਹਿ ਕੇ ਬਹੁਤ ਕੁਝ ਕਰ ਸਕਦੀ ਹਾਂ, ਜਿਹੜਾ ਮੈਂ ਹਮੇਸ਼ਾ ਹੀ ਕਰਨਾ ਚਾਹੁੰਦੀ ਸੀ। ਹੋ ਸਕਦਾ ਹੈ ਨਿਰਦੇਸ਼ਕ ਸਾਹਿਬ ਅਤੇ ਡਾਕਟਰ ਸਾਹਿਬ ਦੀ ਸਹਾਇਤਾ ਨਾਲ ਮੈਂ ਆਪਣੇ ਆਪ ਨੂੰ ਇਸ ਯੋਗ ਬਣਾ ਲਵਾਂ ਕਿ ਮੈਂ ਜੇ ਕੌਂਸਲਰ ਨਾ ਬਣ ਸਕਾਂ ਤਾਂ ਘੱਟੋ-ਘੱਟ ਲੋਕਾਂ ਨੂੰ ਆਸ ਦੇਣ ਵਾਲੀ ਤਾਂ ਬਣ ਸਕਾਂ, ਇਕ ਕੈਂਸਰ ਮੁਕਤ ਹੋਣ ਦੇ ਨਾਤੇ ਮੈਂ ਦੂਜਿਆਂ ਨੂੰ ਪ੍ਰੇਰਿਤ ਕਰ ਸਕਾਂ ਅਤੇ ਉਹਨਾਂ ਵਿਚ ਵਿਸ਼ਵਾਸ ਭਰ ਕੇ ਉਹਨਾਂ ਦੀ ਬੇਚਾਣੀ ਨੂੰ ਘਟਾ ਸਕਾਂ। ਮੇਰੇ ਤੋਂ ਸਿਵਾਏ ਇਹ ਕੌਣ ਜਾਣਦਾ ਹੈ ਕਿ ਬਿਮਾਰੀਆਂ ਦੇ ਮਹਾਰਾਜੇ ਨੂੰ ਹਮਦਰਦੀ ਤੋਂ ਜਿਆਦਾ ਦਿਲਾਸਾ ਦੀ ਜ਼ਰੂਰਤ ਹੁੰਦੀ ਹੈ। ਇਕ ਵਾਰ ਡਾਕਟਰ ਜਦੋਂ ਕਿਸੇ ਬਿਮਾਰੀ ਬਾਰੇ ਦੱਸ ਦਿੰਦੇ ਹਨ ਬੇ-ਉਮੀਦ ਅਤੇ ਨਿਰਾਸ਼ਾ ਆ ਜਾਂਦੀ ਹੈ। ਕੈਂਸਰ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ, ਪਰ ਤੁਹਾਡੇ ਵਿਚ ਐਨੀ ਹਿੰਮਤ ਅਤੇ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਪੱਕੇ ਇਰਾਦੇ ਨਾਲ ਜ਼ਿੰਦਗੀ ਦਾ ਮੁਕਾਬਲਾ ਕਰੋ, ਇਕ ਨਵੀਂ ਆਸ ਨਾਲ ਲੜੋ, ਅਤੇ ਸਭ ਤੋਂ ਵੱਧ ਰੱਬ ‘ਤੇ ਭਰੋਸਾ ਕਰੋ। ਆਸ਼ਰਮ ਨੇ ਮੇਰੀ ਸਹਾਇਤਾ ਕੀਤੀ, ਹੌਂਸਲਾ ਦਿੱਤਾ ਅਤੇ ਅੱਗੇ ਵਧਣ ਦੀ ਯੋਗਤਾ ਬਖਸ਼ੀ। ਇਸ ਨੇ ਮੈਨੂੰ ਰਹਿਣ ਲਈ ਆਸਰਾ ਹੀ ਨਹੀਂ ਦਿੱਤਾ, ਸਗੋਂ ਰੱਬ ਪ੍ਰਤੀ ਵਿਸ਼ਵਾਸ ਵੀ ਪੱਕਾ ਕੀਤਾ। ਹੁਣ ਕਿੰਨਾ ਕੁਝ ਹੀ ਹੈ ਕਿ ਮੈਂ ਇਸ ਨੂੰ ਵਾਪਿਸ ਕਰ ਸਕਦੀ ਹਾਂ –ਜ਼ਿੰਦਗੀ ਸੰਬੰਧੀ ਜੋ ਸਿੱਖਣ ਨੂੰ ਮਿਲਿਆ ਹੈ, ਜਿਸ ਨਾਲ ਜ਼ਿੰਦਗੀ ਵਧੀਆ ਢੰਗ ਨਾਲ ਬਿਤਾਈ ਜਾ ਸਕਦੀ ਹੈ, ਬੀਤ ਗਏ ਵਕਤ ਨੂੰ ਭੁਲਾ ਕੇ ਅਤੇ ਹੋ ਸਕਦਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਸਮਾਂ ਉਮੀਦਾਂ ਭਰਿਆ ਅਤੇ ਦੂਜਿਆਂ ਦੇ ਭਲੇ ਲਈ ਵੀ ਬਿਤਾ ਸਕੀਏ।
*** |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |