|
ਪਰ ਆਹ, ਦੁਰਗਾ ਦਾਸ ਕਿਹੜੇ ਬਾਗ਼ ਦੀ ਮੂਲੀ ਹੋਈ? “ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ… ਘਰ ਘਰ ਪੁੱਤ ਜੰਮਦੇ!” ਸੱਚੀ ਗੱਲ ਤਾਂ ਇਹ ਹੈ ਕਿ ਦੁਰਗਾ ਦਾਸ ਨੂੰ ਦੇਖਿਆ ਮੈਂ ਵੀ ਨਹੀਂ ਹੈ। ਉਸ ਬਾਰੇ ਆਪਣੇ ਬਜ਼ੁਰਗਾਂ, ਵੱਡੇ ਭੈਣਾਂ-ਭਰਾਵਾਂ ਅਤੇ ਹੋਰ ਪੇਂਡੂਆਂ ਤੋਂ ਸੁਣਿਆ, ਜਾਣਿਆ, ਅਤੇ ਜਾਣ ਕੇ ਮਾਣਿਆ ਜ਼ਰੂਰ ਹੈ। ਫ਼ਰਿਸ਼ਤਾ ਜਿਹਾ ਬਣ ਕਦੇ-ਕਦੇ ਸੁਪਨਿਆਂ ਵਿੱਚ ਦਰਸ਼ਨ ਵੀ ਦੇ ਜਾਂਦਾ ਹੈ। ਮੈਡੀਕਲ ਸਾਇੰਸ ਮੁਤਾਬਕ ਸੁਫ਼ਨੇ succession or series of thoughts (ਕ੍ਰਮਵਾਰ ਸੋਚਾਂ), emotions & feelings (ਭਾਵਨਾਵਾਂ), images (ਦ੍ਰਿਸ਼ / ਚਿੱਤਰ / ਫੋਟੋ), ideas (ਵਿਚਾਰ), and sensations (ਸਨਸਨੀ ਭਾਵਨਾਵਾਂ) ਦਾ ਸੁਮੇਲ ਹੁੰਦੇ ਹਨ। ਜਾਂ ਫਿਰ ਹੋਰ ਸਰਲ ਲਫਜ਼ਾਂ ‘ਚ ਇਹ ਕਹਿ ਲਓ ਕੇ ਉਹ ਘਟਨਾਵਾਂ, ਸੋਚਾਂ, ਕਹਾਣੀਆਂ ਜਾਂ ਚਿੱਤਰ ਜਾਂ ਭਾਵਨਾਵਾਂ ਜੋ ਸਾਡਾ ਦਿਮਾਗ / ਮਨ ਨੀਂਦ ਦੌਰਾਨ ਘੜਦਾ, ਦੇਖਦਾ ਜਾਂ ਮਹਿਸੂਸ ਕਰਦਾ ਹੈ ਉਹੀ ਸੁਫ਼ਨੇ ਹੁੰਦੇ ਹਨ। ਤਦ ਹੀ ਦੁਰਗਾ ਦਾਸ ਇਹਨਾਂ ਸੋਚਾਂ, ਕਲਪਨਾਵਾਂ ਕਾਰਨ ਸੁਫ਼ਨਿਆਂ ‘ਚ ਕਦੇ ਕਦਾਈਂ ਆ ਬਹੁੜਦਾ ਹੈ। ਦੁਰਗਾ ਦਾਸ ਨੂੰ ਆਪਣੇ ਅੱਖੀਂ ਨਾ ਦੇਖਿਆ ਹੋਣ ਕਰਕੇ ਉਸ ਦੀ ਇੱਕ ‘ਕਾਲਪਨਿਕ ਸੂਰਤ’ ਮੇਰੇ ਮਨ ਅੰਦਰ ਚਿਤਰੀ ਹੋਈ ਹੈ। ਸੱਜਣੋ, ਮੈਂ ਚਿੱਤਰਕਾਰ ਤਾਂ ਨਹੀਂ,ਪਰ ਫਿਰ ਵੀ ਮੇਰਾ ‘ਕਾਲਪਨਿਕ ਦੁਰਗਾ ਦਾਸ’ ਹੁਣ ਮੈਨੂੰ ਅਸਲੀ ਈ ਲੱਗਦਾ ਰਹਿੰਦਾ ਹੈ ਅਤੇ… ਇਹੀ ਮੇਰੇ ਹਿੱਸੇ ਦਾ ਦੁਰਗਾ ਦਾਸ ਹੈ। ਇਨਸਾਨ ਜਿੱਥੇ ਜੰਮਦਾ, ਖੇਡਦਾ, ਜਵਾਨ ਹੁੰਦਾ ਜਾਂ ਜ਼ਿੰਦਗੀ ਦੇ ਰੰਗਾਂ ‘ਚ ਰੰਗਿਆ ਜਾਂਦਾ ਹੈ ਉਹੀ ਉਹਦਾ ਪਰਿਵਾਰ, ਸਮਾਜ, ਅਤੇ ਛੋਟਾ ਜਾਂ ਵੱਡਾ ਸੰਸਾਰ ਬਣ ਜਾਂਦਾ ਹੈ। ਆਪਣੇ ਘਰ ਪਰਿਵਾਰ ਅਤੇ ਰਿਸ਼ਤਿਆਂ ਦੇ ਤਾਣੇ-ਬਾਣੇ ਵਿੱਚ ਵਿਚਰਦਾ ਹੋਇਆ ਮਨੁੱਖ ਆਪਣੇ ਆਲ਼ੇ-ਦੁਆਲ਼ੇ ਅਤੇ ਸਮਾਜ ਦਾ ਹਿੱਸਾ ਵੀ ਹੁੰਦਾ ਹੈ। ਪਰਿਵਾਰ, ਸਮਾਜ, ਅਤੇ ਵਾਤਾਵਰਨ ਮਨੁੱਖ ਦੀ ਬੌਧਿਕ ਅਤੇ ਸਮਾਜਕ ਖੁਰਾਕ ਹੈ ਜੋ ਉਸਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ, ਇੱਕ ਵੱਧ-ਫੁੱਲ ਰਹੇ ਦਰੱਖਤ ਦੀ ਤਰਾਂ ਹੀ। ਪਰਿਵਾਰ ਅਤੇ ਸਮਾਜ ਨਾਲੋਂ ਟੁੱਟਿਆ ਬੰਦਾ ਪੌਦੇ ਤੋਂ ਟੁੱਟ ਕੇ ਮੁਰਝਾਇਆ ਜਾਂ ਸੁੱਕ ਕੇ ਡਿਗਿਆ ਪੱਤਾ ਈ ਹੁੰਦਾ ਹੈ… ਜੋ ਹਵਾ ਦੇ ਬੁੱਲਿਆਂ ਨਾਲ਼ ਉਡਾਰੀਆਂ ਮਾਰਦਾ ਮਾਰਦਾ ਕਿਤੇ ਦੂਰ ਉੱਡ ਜਾਂਦਾ ਹੈ, ਗਾਇਬ ਹੋ ਜਾਂਦਾ ਹੈ, ਅਤੇ ਸ਼ਾਇਦ ਫਿਰ ਖਤਮ ਵੀ ਹੋ ਜਾਂਦਾ ਹੈ। ਦੁਨੀਆ ‘ਤੇ ਆਉਣਾ ਜਾਣਾ ਤਾਂ ਚਲਦਾ ਹੀ ਰਿਹਾ ਹੈ ਅਤੇ ਅੱਗੇ ਵੀ ਚੱਲਦਾ ਈ ਰਹਿਣਾ ਹੈ। ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਕਹਿਣ ਵਾਂਗੂ… ਕਿਤੇ ਜ਼ੋਰ ਮਕਾਣਾਂ ਦਾ, ਸ਼ਾਹ ਹੁਸੈਨ ਵੀ ਕਹਿ ਗਿਆ… ਕਹੈ ਹੁਸੈਨ ਫ਼ਕੀਰ ਰੱਬਾਣਾ ਕਹੈ ਹੁਸੈਨ ਫ਼ਕੀਰ ਸਾਈਂ ਦਾ, ਆਸਾ ਜੀਵੇ, ਨਿਰਾਸਾ ਮਰੇ – ਦੁਨੀਆ ਆਸਾਂ–ਉਮੀਦਾਂ ਦੇ ਸਹਾਰੇ ਹੀ ਚਲਦੀ ਹੈ… ਸਵਾਸ, ਆਸ, ਵਿਸ਼ਵਾਸ, ਅਤੇ ਅਰਦਾਸ ਦਿਖਦੇ ਤਾਂ ਨਹੀਂ ਪਰ ਜ਼ਿੰਦਗੀ ਨੂੰ ਨਰੋਏ ਅਤੇ ਚਲਦੇ ਰੱਖਣ ਵਿੱਚ ਬੜੇ ਸਹਾਈ ਹੁੰਦੇ ਹਨ। ਸਵਾਸਾਂ ਦੇ ਰੁਕ ਜਾਣ ਦਾ ਦੂਸਰਾ ਨਾਮ ਮਰਨਾ ਜਾਂ ਫਿਰ ‘ਪੂਰਾ ਹੋਣਾ’ ਹੈ। ਪਰ ਜ਼ਰੂਰੀ ਇਹ ਵੀ ਨਹੀਂ ਕਿ ਜਿਸ ਵਿੱਚ ਸਵਾਸ ਨਹੀ ‘ਸਿਰਫ ਉਹ ਹੀ ਮੁਰਦਾ ਹੁੰਦਾ!! ਬਥੇਰੇ ਇਸ ਦੁਨੀਆ ‘ਤੇ ਆਉਂਦੇ ਹਨ, ਉਹ ‘ਸਾਹ-ਸੂਹ’ ਵੀ ਲਈ ਜਾਂਦੇ ਹਨ, ਪਰ ਹੈ ਕੁਝ ਮੁਰਦਿਆਂ ਜਿਹੇ ਈ! ਜਿਹੜਾ ਕੋਈ ਆਸ ਹੀ ਨਹੀਂ ਰੱਖਦਾ, ਉਹ ਹਰ ਰੋਜ਼, ਪਲ ਪਲ ਮਰਦਾ ਹਨ। ਜੋ ਆਪਣੇ-ਆਪ ਲਈ ਹੀ ਨਹੀਂ ਜੀਅ ਸਕਿਆ, ਉਸ ਤੋਂ ਦੂਸਰਿਆਂ ਵਾਸਤੇ ਜਿਉਣ ਦੀ ਆਸ ਕੋਈ ਕਿਵੇਂ ਰੱਖੇ?? ਇਸ ਤੋਂ ਥੋੜ੍ਹਾ ਅੱਗੇ ਚੱਲੀਏ ਤਾਂ, .. ਹੋ ਸਕਦਾ ਕਿ ਬਹੁਤੇ ਲੋਕ ਆਪਣੇ ਲਈ ਜਿਉਂਦੇ ਵੀ ਹੋਣਗੇ, ਪਰ ਦੂਸਰਿਆਂ ਦੀ ਜ਼ਿੰਦਗੀ ਦੀ ਆਸ, ਉਮੀਦ ਅਤੇ ਵਿਸ਼ਵਾਸ ਬਣ ਕੇ ਭਲਾ ਕਿੰਨੇ ਕੁ ਲੋਕ ਜਿਉਂਦੇ ਹਨ? ਦੂਸਰਿਆਂ ਲਈ ਆਸ-ਉਮੀਦ ਦੀ ਕਿਰਨ ਬਣ ਕੇ ਉਹਨਾਂ ਦਾ ਜੀਵਨ ਰੁਸ਼ਨਾਉਣ ਵਾਲੇ ਲੋਕ ਤਾਂ ਫਿਰ ਮਹਾਨ ਹੀ ਹੋਏ! ਇਹੋ ਜਿਹੇ ਇਨਸਾਨ ਤਾਂ ਮਰ ਕੇ ਵੀ ਜਿਉਂਦੇ ਹਨ ਜਾਂ ਕਹਿ ਲਓ ਅਮਰ ਹੋ ਜਾਂਦੇ ਹਨ, ਆਪਣੇ ਚੰਗੇ ਕਾਰਜਾਂ ਕਰਕੇ। ਅਜੋਕੇ ਜ਼ਮਾਨੇ ‘ਚ ਭਾਵੇਂ ਸਾਨੂੰ ਆਪਣੇ ਪੂਰਵਜ਼ਾਂ ਨੂੰ ਵਿੱਸਰ ਜਾਣ ਦੀ ਔਂਤਰੀ ਬਿਮਾਰੀ ਲੱਗ ਗਈ ਹੈ, ਪਰ ਫਿਰ ਵੀ ਇਹੋ ਜਿਹੀਆਂ ਮਹਾਨ ਸਖ਼ਸ਼ੀਅਤਾਂ ਪੀੜ੍ਹੀ-ਦਰ-ਪੀੜ੍ਹੀ ਸਾਡੇ ਚੇਤਿਆਂ ‘ਚ, ਗੱਲਾਂ-ਬਾਤਾਂ ‘ਚ, ਅਤੇ ਯਾਦਾਂ ‘ਚ ਆ ਕੇ ਰਲ਼-ਮਿਲ ਜਾਂਦੀਆਂ ਹਨ – ਕੁਝ ਇਹੋ ਜਿਹਾ ਹੀ ਇੱਕ ਸਖ਼ਸ਼ ਸਾਡੇ ਪਿੰਡ ਦਾ ਪੁੱਤਰ, ਪੰਡਿਤ ਦੁਰਗਾ ਦਾਸ ਸੀ, … । ਨ੍ਹੇਰਿਆਂ ‘ਚ ਚਾਨਣ ਅਤੇ ਮੁਹੱਬਤਾਂ ਵੰਡਣ ਵਾਲਾ ਵਣਜਾਰਾ!! ਦੁਰਗਾ ਦਾਸ ਕੌਣ… ਸਰੀਰਕ ਤੌਰ ਤੇ ਤਾਂ ਬਹੁਤ ਪਹਿਲਾਂ ਤੁਰ ਗਿਆ ਸੀ… ਕਹਿੰਦੇ ਹਨ ਇਸ ਦੁਨੀਆ ‘ਤੋਂ ਰੁਖ਼ਸਤ ਹੁੰਦਾ ਇਨਸਾਨ ਕੁਝ ਨਾ ਕੁਝ, ਮਾੜਾ ਜਾਂ ਚੰਗਾ ਆਪਣੇ ਪਿੱਛੇ ਛੱਡ ਜਾਂਦਾ ਹੈ। ਪੰਡਿਤ ਦੁਰਗਾ ਦਾਸ ਦੀ ਨੇਕ ਸੋਚਣੀ, ਲਿਆਕਤ, ਅਗਾਂਹ ਵਧੂ ਕਾਰਜ, ਅਤੇ ਇਨਸਾਨੀਅਤ ਨੇ ਉਸ ਨੂੰ ਪਿੰਡ ਦੇ ਲੋਕਾਂ ਦੇ ਮਨਾਂ ਵਿੱਚੋਂ ਕਦੇ ਵੀ ਮੁਕੰਮਲ ਤੌਰ ‘ਤੇ ਜਾਣ ਨਹੀਂ ਦਿੱਤਾ। ਉਹ ਗਾਹੇ-ਵਗਾਹੇ ਸਾਡੀਆਂ ਨਵੀਆਂ-ਪੁਰਾਣੀਆਂ ਗੱਲਾਂ, ਬਾਤਾਂ, ਚੇਤਿਆਂ ਵਿੱਚ ਆ ਸ਼ਾਮਲ ਹੁੰਦਾ ਹੈ। ਛੋਟੇ ਹੁੰਦਿਆਂ, ਮੈਂ ਆਪਣੇ ਬਾਪੂ ਜੀ ਤੋਂ ਕਈ ਵਾਰੀ ਦੁਰਗਾ ਦਾਸ ਵਾਰੇ ਸੁਣਿਆ ਸੀ, ਪਰ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਸੀ। ਦਹਾਕਿਆਂ ਦੇ ਦਹਾਕੇ ਬੀਤ ਗਏ। ਫਿਰ ਕੁਝ ਦੇਰ ਪਹਿਲਾਂ ਵਾਪਸ ਪਿੰਡ ਗਿਆ ਤਾਂ ਅਚਾਨਕ ਦੁਰਗਾ ਦਾਸ ਦੀ ਖੰਡਰ ਹਵੇਲੀ, ਚੁਬਾਰੇ, ਅਤੇ ਵਕਤ ਦੇ ਮਾਰੇ ਉਦਾਸ ਦਰਵਾਜ਼ੇ ਨੂੰ ਦੇਖ ਪੁਰਾਣੀਆਂ ਵਿੱਸਰੀਆਂ ਯਾਦਾਂ ਤਾਜ਼ਾ ਹੋ ਗਈਆਂ..। ਮਨ ਦੇ ਬੂਹੇ ਤੇ ਹੋਈ ਦਸਤਕ ਤੋਂ ਇੰਜ ਲੱਗਾ ਜਿਵੇਂ ਮੇਰੀ ਕਾਲਪਨਿਕ ਸ਼ਕਲ-ਸੂਰਤ ਵਾਲਾ ਦੁਰਗਾ ਦਾਸ ਆਪਣੇ ਖੰਡਰ ਹੋਏ ਚੁਬਾਰੇ ਦੀ ਤਾਕੀ ਵਿੱਚੋਂ ਆਉਂਦੇ ਜਾਂਦੇ ਰਾਹੀਆਂ ਨੂੰ ‘ਵਾਜਾਂ ਮਾਰ ਕਹਿ ਰਿਹਾ ਹੋਵੇ… ਆ ਹੀ ਗਏ ਹੋ ਇਸ ਦੁਨੀਆ ਤੇ… HCC – ਐਚ ਸੀ ਸੀ – ਹਿੰਦੋਸਤਾਨ ਕੰਸਟਰੱਕਸ਼ਨ ਕੰਪਨੀ, ਜੋ ਕਿਸੇ ਸਮੇਂ ਭਾਰਤ ਦੀ ਪਹਿਲੇ ਨੰਬਰ ਵਾਲੀ ਅਤੇ ਅੱਜ-ਕੱਲ ਵੀ ਪਹਿਲੀਆਂ ਦਸ ਨੰਬਰ ਦੀਆਂ ਕੰਪਨੀਆਂ ਦੀ ਕਤਾਰ ਵਿੱਚ ਸ਼ਾਮਲ ਹੈ। ਬਹੁਤ ਵੱਡੇ ਪੱਧਰ ਵਾਲੇ ਪ੍ਰੋਜੈਕਟਾਂ ਨੂੰ ਹੀ ਹੱਥ ਪਾਉਂਦੀ ਹੈ, ਜਿਹਨਾਂ ਵਿੱਚ ਹਾਈਡਰੋ ਡੈਮ, ਨਿਊਕਲੀਅਰ ਪਾਵਰ ਪਲਾਂਟ, ਟਨਲ, ਪੁਲ਼, ਹਾਈਵੇ ਵਗੈਰਾ ਵਗੈਰਾ ਸ਼ਾਮਲ ਹਨ। ਇੰਜੀਨੀਅਰਿੰਗ ਅਤੇ ਕੰਸਟਰੱਕਸ਼ਨ ਦੀ ਕੰਪਨੀ ਜਿਸ ਵਿੱਚ ਇੱਕ ਟਿੱਬਿਆਂ ਵਾਲੇ ਛੋਟੇ ਜਿਹੇ ਪਿੰਡ ਦਾ ਵਾਸੀ ਦੁਰਗਾ ਦਾਸ ਸੁਪਰਵਾਈਜ਼ਰ / ਸੰਚਾਲਕ ਦੇ ਅਹੁਦੇ ਉਪਰ ਤੈਨਾਤ ਸੀ। ਦੱਸਣ-ਸੁਣਨ ਮੁਤਾਬਕ ਉਹਦੀਆਂ ਸੂਹੇ ਲਾਲ ਰੰਗੀ ਅੱਖਾਂ, ਦਰਮਿਆਨਾ ਕੱਦ, ਰੋਹਬਦਾਰ ਤੇ ਚਮਕਦਾ ਚੇਹਰਾ, ਲੰਬੀਆਂ ਮੁੱਛਾਂ ਅਤੇ ਉਸ ਦੀ ਪੂਰਨ ਦਿੱਖ ਇੱਕ ਅਗਾਂਹ ਵਧੂ, ਸੱਤ-ਪੱਤਣਾਂ ਦੇ ਤਾਰੂ, ਅਨੁਸ਼ਾਸਨਿਕ ਅਤੇ ਸਫਲ ਪ੍ਰਬੰਧਕ ਦੀ ਝਲਕ ਪਾਉਂਦੇ ਸਨ। ਪੇਂਡੂ ਮਾਹੌਲ ਅਤੇ ਕੁੜਤੇ-ਚਾਦਰੇ ਦੇ ਜ਼ਮਾਨੇ ਵਿੱਚ ਪੈਂਟ-ਕਮੀਜ਼ ਪਾ ਕੇ ਨਾਲ਼ ਟਾਈ ਬੰਨ੍ਹਦਾ ਸੀ। ਸਿਰ ਉੱਪਰ ਅੰਗਰੇਜ਼ੀ ਟਾਈਪ ਟੋਪੀ ਪਹਿਨ ਕੇ ਰੱਖਦਾ ਸੀ। ਨੌਕਰੀ ਤੋਂ ਜਦ ਵੀ ਪਿੰਡ ਛੁੱਟੀਆਂ ਕੱਟਣ ਆਉਂਦਾ ਤਾਂ ਪੂਰੇ ਠਾਠ-ਬਾਠ ਨਾਲ਼ ਰਹਿੰਦਾ ਸੀ। ਲੰਬੀ ਨੜੀ ਵਾਲਾ ਪਰ ਛੋਟੇ ਅਕਾਰ ਦਾ ਬਹੁਤ ਸੋਹਣਾ ਹੁੱਕਾ ਆਪਣੇ ਆਸ ਪਾਸ ਈ ਰੱਖਦਾ। ਹੁੱਕੇ ਦੀ ਗੁੜਗੁੜ ਅਤੇ ਸੂਹਟੇ ਇਵੇਂ ਖਿੱਚਦਾ ਜਿਵੇਂ ਕਿ ਅਮੀਰ ਲੋਕ ਸਿਗਾਰ ਨੂੰ ਬਾਲ਼ ਕੇ ਧੂੰਆਂ ਉਡਾਉਂਦੇ ਹਨ। ਦੁਰਗਾ ਦਾਸ ਦੀ ਸਿਫ਼ਤ ਕਰਦਿਆਂ, ਇੱਕ ਦਿਨ ਮੇਰੇ ਬਾਪ ਨੇ ਗੱਲ ਇੱਥੋਂ ਤੋਰੀ, … ਸਾਡਾ ਦੇਸ਼ ਅਜ਼ਾਦ ਤਾਂ ਹੋ ਗਿਆ ਸੀ, ਪਰ… ਪੰਜਾਬੀਆਂ ਨੂੰ ਸੰਤਾਲੀ ਦੇ ਦੰਗਿਆਂ ਨੇ ਚੰਗੀ ਤਰਾਂ ਮਧੋਲ ਸੁੱਟਿਆ ਸੀ। ਪੱਛੜੇ ਇਲਾਕੇ ਦੇ ਪੇਂਡੂਆਂ ਨੂੰ ਪੜ੍ਹਨ ਦਾ ਮੌਕਾ ਘੱਟ ਮਿਲਦਾ ਸੀ। ਜੇਕਰ ਕੋਈ ਪੜ੍ਹਨ-ਲਿਖਣ ਦੀ ਇੱਛਾ ਰੱਖਦਾ ਵੀ ਸੀ ਤਾਂ ਉਹਦੀ ਇੱਛਾ ਘਰਾਂ ਦੀਆਂ ਮਜਬੂਰੀਆਂ ਵਿੱਚ ਹੀ ਦਫ਼ਨ ਹੋ ਜਾਂਦੀ ਜਾਂ ਦਫ਼ਨ ਕਰ ਦਿੱਤੀ ਜਾਂਦੀ ਸੀ। ਸਾਡੇ ਪਿੰਡ ਦੇ ਕੁਝ ਕੁ ਮੁੰਡੇ ਇਹਨਾਂ ਮਜਬੂਰੀਆਂ ਦੇ ਬਾਵਜੂਦ ਵੀ ਥੋੜ੍ਹਾ ਅੱਗੇ-ਪਿੱਛੇ ਜਿਹੇ ਮੈਟ੍ਰਿਕ ਤੱਕ ਦੇ ਇਮਤਿਹਾਨ ਪਾਸ ਕਰ ਗਏ। ਦੁਰਗਾ ਦਾਸ ਦੇ ਮਨ ਦੀ ਸੰਵੇਦਨਸ਼ੀਲਤਾ, ਪਾਰਖੂ ਨਜ਼ਰ, ਦੂਰ ਦਾਰਸ਼ਨਿਕਤਾ, ਦਰਿਆਦਿਲੀ, ਹੈਸੀਅਤ, ਅਤੇ ਕੰਪਨੀ ਅੰਦਰ ਰੁਤਬਾ ਅਤੇ ਪਹੁੰਚ ਹੋਣ ਕਰਕੇ ਸਾਰੇ ਵਾਰੋ-ਵਾਰੀ ਉਸ ਕੰਪਨੀ ਵਿੱਚ ਕੰਮ ਕਰਨ ਜਾ ਲੱਗੇ। ਉਹ ਵੀ ਭਾਰਤ ਦੀ ਅੱਵਲ ਦਰਜੇ ਵਾਲੀ ਕੰਪਨੀ ਵਿੱਚ, ਜਿਸ ਦਾ ਬਾਹਰਲਾ ਗੇਟ ਬਹੁਤਿਆਂ ਲਈ ਖੁੱਲ੍ਹਦਾ ਹੀ ਨਹੀਂ ਸੀ ਜਾਂ ਪਾਰ ਈ ਨਹੀਂ ਹੁੰਦਾ ਸੀ। ਮੈਂ (ਮੇਰਾ ਬਾਪ), ਮੈਟ੍ਰਿਕ ਕਰਕੇ ਅੱਗੇ ਹੋਰ ਪੜ੍ਹਨਾ ਚਾਹੁੰਦਾ ਸੀ। ਦਸਵੀਂ ਵਿੱਚੋਂ ਮੈਰਿਟ ਲਿਸਟ ਵਿੱਚ ਆਉਣ ਕਰਕੇ ਕੈਂਟ-ਬੋਰਡ ਛਾਉਣੀ ਦੇ ਹਾਈ ਸਕੂਲ ਤੋਂ ਪਤਾ ਕਰਕੇ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰੋਫ਼ੈਸਰ ਮੈਨੂੰ ਘਰੋਂ ਹੀ ਲੈਣ ਆ ਗਏ..। ਕਹਿਣ ਲੱਗੇ ਫੀਸ ਵਗੈਰਾ ਸਭ ਮੁਆਫ਼, ਅਤੇ ਵਜ਼ੀਫ਼ਾ ਵੀ ਮਿਲੇਗਾ। ਭਾਈਏ (ਬਾਬੇ) ਨਾਲ ਗੱਲ ਕੀਤੀ ਤਾਂ ਉਹ ਬੋਲਿਆ,… “ਨਹੀਂ ਪੜ੍ਹ ਲਿਆ ਇਹਨੇ ਹੁਣ ਬਥੇਰਾ, .. ਕੰਮ ਕਰਕੇ ਘਰ ਦਾ ਬੋਝ ਚੱਕਣਾ ਆ…, ਦੂਜੇ ਭਰਾ ਅਜੇ ਛੋਟੇ ਆ.. ਹੁਣ ਇਹਦੀ ਜ਼ਿੰਮੇਵਾਰੀ ਆ।” … ਇਹ ਸੁਣਦਿਆਂ ਮੇਰੀ ਹੋਰ ਪੜ੍ਹਨ ਦੀ ਰੀਝ ਮੇਰੀਆਂ ਅੱਖਾਂ ਸਾਹਵੇਂ ਈ ਦਫ਼ਨ ਹੋ ਗਈ। ਦੁਰਗਾ ਦਾਸ ਨੂੰ ਜਦ ਪਤਾ ਲੱਗਾ ਤਾਂ ਉਹ ਬੋਲਿਆ… ਬਈ… ਚੱਲ ਭਾਈਏ ਦਾ ਕਹਿਣਾ ਤਾਂ ਮੰਨਣਾ ਹੀ ਪਊ… ਪਰ ਤੂੰ ਐਦਾਂ ਕਰੀਂ.. ਕਿ ਕੰਪਨੀ ਦੇ ਵਿੱਚ ਹੀ ਕੰਮ ਕਰਦਾ-ਕਰਦਾ ਅੱਗੇ ਪੜ੍ਹ ਲਵੀਂ… ਫ਼ਿਕਰ ਨਾ ਕਰ, ਕਰਦਾ ਆਂ ਮੈਂ ਕੁਛ … ਪ੍ਰਬੰਧ ਤੇਰੇ ਵਾਸਤੇ! ਮੈਂ ਉਵਰਸੀਅਰ ਦੀ ਨੌਕਰੀ ਕਰਦਿਆਂ ਕੰਪਨੀ ਵਿੱਚ ਹੀ ਅੱਗੇ ਪੜ੍ਹ ਕੇ ਸੁਪਰਵਾਈਜ਼ਰ ਅਤੇ ਬਾਅਦ ਵਿੱਚ Structural Engineer (ਸਿਵਲ ਇੰਜੀਨੀਅਰ) ਵੀ ਬਣ ਗਿਆ। ਤਦ ਤੱਕ ਉਂਗਲੀ ਫੜ ਕੇ ਲਿਆਉਣ ਵਾਲਾ ਰੱਬ ਦਾ ਬੰਦਾ ਉਂਗਲੀ ਛੱਡ ਕੇ ਸਦਾ ਲਈ ਤੁਰ ਗਿਆ ਸੀ..। ਅੱਜ ਬੜਾ ਚੇਤੇ ਆਉਂਦਾ.. ਦੁਰਗਾ ਦਾਸ.. (ਇਹ ਦੱਸਦਿਆਂ ਉਹਦਾ ਗੱਚ ਭਰ ਆਇਆ ਅਤੇ ਅਗਾਂਹ ਬੋਲਦਿਆਂ ਉਹਦੀਆਂ ਅੱਖਾਂ ਨੀਰ ਨਾ ਰੋਕ ਸਕੀਆਂ)।.. ਇਹ ਦੁਰਗਾ ਦਾਸ ਹੀ ਸੀ.. ਜਿਹਦੇ ਕਰਕੇ ਸਾਡਾ ਪੇਂਡੂਆਂ ਦਾ ਬੌਧਿਕ, ਸਮਾਜਿਕ, ਅਤੇ ਆਰਥਿਕ ਪੱਖ ਵਧਿਆ ਅਤੇ ਫੈਲਿਆ… ਨਹੀ ਤਾਂ… (ਉਹਨੇ ਬਾਕੀ ਗੱਲ ਅਧੂਰੀ ਹੀ ਰਹਿਣ ਦਿੱਤੀ, … ਜਾਂ ਸ਼ਾਇਦ ਸ਼ਬਦ ਛੋਟੇ ਪੈ ਗਏ ਸਨ)। ਗੱਲ ਮੁਕਾਉਂਦਿਆਂ ਹੋਇਆਂ ਉਹਨੇ ਕਿਹਾ,… ਚਲੋ ਬਈ ਕਿਸੇ ਹੋਰ ਲਈ ਨਾ ਸਹੀ, ਪਰ ਸਾਡੇ ਲਈ ਦੁਰਗਾ ਦਾਸ ਫ਼ਰਿਸ਼ਤਾ ਬਣ ਕੇ ਬਹੁੜਿਆ। ਘੁੱਪ ਨ੍ਹੇਰੇ ‘ਚ ਦੀਵੇ ਦੀ ਲੋਅ ਵਰਗਾ… ਸੂਰਜ ਤੋਂ ਵੀ ਵਾਧੂ! ਹਨੇਰੇ ਮੂਹਰੇ ਤਾਂ ਸੂਰਜ ਵੀ ਲੁਕ ਜਾਂਦਾ ਸਵੇਰਾ ਹੋਣ ਤੱਕ..।” ਦੁਰਗਾ ਦਾਸ ਨੂੰ ਜਾਣਨ ਵਾਲੇ ਦੱਸਦੇ ਹਨ.. ਕਿ ਦੁਰਗਾ ਦਾਸ ਉੱਪਰੋਂ ਥੋੜ੍ਹਾ ਸਖ਼ਤ ਪਰ ਅੰਦਰੋਂ ਬੜਾ ਕੋਮਲ ਤੇ ਲੱਠਾ ਬੰਦਾ ਸੀ। ਉਹ ਆਪਣੇ ਗਰਾਂ ਅਤੇ ਇਲਾਕੇ ਦੇ ਮੁੰਡਿਆਂ ਨੂੰ ਆਪਣੇ ਖ਼ਰਚੇ ਤੇ ਹੀ ਲੈ ਕੇ ਇਸ ਵੱਡੀ ਕੰਪਨੀ ਵਿੱਚ ਸਥਾਪਿਤ ਕਰਵਾਉਂਦਾ ਰਿਹਾ। ਜ਼ਿੰਦਗੀ ਭਰ, ਦੂਸਰਿਆਂ ਲਈ ਕਰਦਾ ਰਿਹਾ। ਰੱਬ ਨੇ ਉਸ ਨੂੰ ਕੋਈ ਔਲਾਦ ਨਹੀਂ ਦਿੱਤੀ, ਪਰ ਉਹ ਇਸ ਝੋਰੇ, ਸੋਚ ਜਾਂ ਫ਼ਿਕਰ ਵਿੱਚ ਪੈਣ ਦੀ ਬਜਾਏ ਇਹਨਾਂ ਜਵਾਨ ਪੇਂਡੂ ਮੁੰਡਿਆਂ ਦੇ ਅਗਲੇ ਤੇ ਅਗਲੇਰੇ ਰਾਹਾਂ ਦਾ ਮਾਰਗ ਦਰਸ਼ਕ ਬਣ ਕੇ ਹੀ ਖੁਸ਼ ਹੁੰਦਾ ਰਿਹਾ। ਇੱਕ ਬਾਗ਼ਬਾਨ ਦੀ ਤਰਾਂ ਉਸ ਨੂੰ ਸਾਰੇ ਆਪਣੀ ਫੁਲਵਾੜੀ ਹੀ ਲੱਗਦੇ ਰਹੇ। ਦੀਵਾ ਬਾਲ਼ ਕੇ ਦੀਵਿਆਂ ਦੀਆਂ ਡਾਰਾਂ ਬਾਲ਼ਦਾ ਰਿਹਾ। ਆਪਣੇ ਚੰਗੇ ਕਾਰਜਾਂ ‘ਚ ਹਮੇਸ਼ਾ ਲੱਗਾ ਰਿਹਾ। ਹੁਣ ਦੱਸੋ ਦੁਰਗਾ ਦਾਸ .. ਕਰਦਾ.. ਵੀ ਤਾਂ ਕੀ ਕਰਦਾ?? ਦੁਰਗਾ ਦਾਸ ਪਿੰਡ ਦਾ ਪੜ੍ਹਿਆ-ਲਿਖਿਆ ਅਤੇ ਸੁਲਝਿਆ ਇਨਸਾਨ ਸੀ। ਰਿਟਾਇਰ ਹੋ ਕੇ ਉਹ ਪੱਕਾ ਪਿੰਡ ਹੀ ਰਹਿਣ ਲੱਗ ਪਿਆ ਸੀ। ਮੇਰੇ ਤਾਇਆ ਜੀ ਦਾ ਵੱਡਾ ਮੁੰਡਾ, ਛੋਟੇ ਹੁੰਦਿਆਂ ਤੋਂ ਹੀ ਪੜ੍ਹਨ ਨਾਲ਼ੋਂ ਆਪਣੀਆਂ ਦੂਸਰੀਆਂ ਰੁਚੀਆਂ ਨੂੰ ਹਮੇਸ਼ਾ ਪਹਿਲ ਦਿੰਦਾ ਸੀ (ਹੁਣ ਉਹ ਕਾਮਯਾਬ ਬਿਜ਼ਨਸ ਮੈਨ ਹੈ)। ਦੁਰਗਾ ਦਾਸ, ਕਿਉਂਕਿ ਇੱਕ ਸਖ਼ਤ ਤੇ ਅਨੁਸ਼ਾਸਨੀ ਕਿਸਮ ਦਾ ਬੰਦਾ ਸੀ, ਦਾਦੀ ਨੇ ਸੋਚਿਆ ਕਿ ਹੈ ਤਾਂ ਭਾਵੇਂ ਪਿੰਡ ਦੇ ਦੂਸਰੇ ਪਾਸੇ ਹੀ, ਪਰ ਕਿਉਂ ਨਾ ਇਸ ਮੁੰਡੇ ਨੂੰ ਉਹਦੇ ਕੋਲ ਰੋਜ਼ ਪੜ੍ਹਨ ਭੇਜਿਆ ਜਾਵੇ? ਸ਼ਾਇਦ ਪੜ੍ਹਨ ਵੱਲ ਨੂੰ.. ਗੱਡੀ ਰਿੜ੍ਹ ਈ ਪਵੇ! ਇਹ ਸੋਚ ਕੇ ਉਹ ਇੱਕ ਦਿਨ ਇੱਕ ਹੱਥ ਵਿੱਚ ਮੁੰਡੇ ਦਾ ਝੋਲ਼ਾ (ਬਸਤਾ) ਫੜ ਕੇ ਅਤੇ ਦੂਸਰੇ ਹੱਥ ਨਾਲ਼ ਪਿਛਲ-ਖੁਰੀ ਲੱਤਾਂ ਜਿਹੀਆਂ ਘਸੀਟਦੇ ਮੁੰਡੇ ਨੂੰ ਉਂਗਲ ਲਾ ਦੁਰਗੇ ਦਾਸ ਕੋਲ ਪਹੁੰਚ ਗਈ। ਉਹਨੂੰ ਜਾ ਕੇ ਕਹਿਣ ਲੱਗੀ, … “ਮੈਂ ਆਹ ਮੁੰਡੇ ਨੂੰ ਲੈ ਕੇ ਆਈ ਆਂ.. ਦੁਰਗਿਆ, ਇਹ ‘ਮਾਹਟਰਾਂ-ਮੂਹਟਰਾਂ’.. ਨਾਲ਼ੋਂ ਤੇਰੇ ਕੋਲ਼ੋਂ ਜ਼ਿਆਦਾ ਪੜ੍ਹ-ਸਿੱਖ ਜਾਊਗਾ”। ਦੁਰਗਾ ਦਾਸ ਨੇ ਦਾਦੀ ਦੀ ਇੱਜ਼ਤ ਰੱਖਦਿਆਂ ਮੁੰਡੇ ਨੂੰ ਪੜ੍ਹਾਉਣਾ ਮੰਨ ਲਿਆ। ਮੁੰਡਾ ਦੁਰਗੇ ਦੀ ਸਖ਼ਤੀ ਦੇ ਡਰੋਂ, ਨਾ ਚਾਹੁੰਦੇ ਹੋਏ ਵੀ, ਇੱਕ ਜਾਲ਼ ‘ਚ ਫਸੇ ਹੋਏ ਕਬੂਤਰ ਵਾਂਗ ਮਹਿਸੂਸ ਕਰਦੇ ਹੋਏ ਆਪਣਾ ਝੋਲ਼ਾ ਲਾਗੇ ਈ ਸੁੱਟ ਕੇ ਬਹਿ ਗਿਆ…। ਘੋੜਾ ਪਾਣੀ ਤੱਕ ਲੈ ਤਾਂ ਆਂਦਾ, ਪਰ ਪਾਣੀ ਪੀਣਾ ਤਾਂ ਘੋੜੇ ਨੂੰ ਹੀ ਪੈਣਾ ਸੀ..!! ਦੁਰਗਾ ਦਾਸ ਕੋਲ ਪੜ੍ਹਨਾ ਉਹਨੂੰ ਸਜ਼ਾ ਵਰਗਾ ਲੱਗਦਾ। ਪੜ੍ਹਨ ਲਿਖਣ ਦੀ ਜਗ੍ਹਾ ਮੁੰਡੇ ਨੇ ਬਹਾਨੇ ਘੜਨ ਦੀ ‘ਖੋਜ’ ਕਰਨੀ ਸ਼ੁਰੂ ਕਰ ਦਿੱਤੀ ਕਿ ਕਿਵੇਂ ਨਾ ਕਿਵੇਂ ਦੁਰਗਾ ਦਾਸ ਦੀ ਮਾਸਟਰੀ ਤੋਂ ਛੁਟਕਾਰਾ ਪਾਇਆ ਜਾਵੇ। ਪੰਜ-ਸੱਤ ਦਿਨ ਦੁਰਗਾ ਦਾਸ ਕੋਲ਼ੋਂ ਕੈਦ ਕੱਟਣ ਵਾਂਗ ਪੜ੍ਹਾਈ ਦਾ ਸਤਾਇਆ ਹੋਇਆ ਇੱਕ ਦਿਨ ਉਹ ਘੜੇ-ਘੜਾਏ ਕਈ ਬਹਾਨਿਆਂ ਵਿੱਚੋਂ ਇੱਕ ਸਭ ਤੋਂ ਮਜ਼ਬੂਤ, ਜਜ਼ਬਾਤੀ, ਅਤੇ ਭਵਨਾਤਮਕ ਬਹਾਨਾ ਕੱਢ ਆਪਣੀ ਦਾਦੀ ਕੋਲ ਪਹੁੰਚ ਗਿਆ..। ਰੋਣ ਵਾਲਾ ਮੂੰਹ ਬਣਾ ਕੇ ਕਹਿਣ ਲੱਗਾ, … “ਦਾਦੀ… ਓਦਾਂ ਮੇਰਾ ਪੜ੍ਹਨ ਨੂੰ ਤਾਂ ਬੜਾ ਈ ਜੀਅ ਕਰਦਾ… ਪਰ ਆਹ ਟੋਪੀ ਵਾਲਾ ਮਾਹਟਰ (ਦੁਰਗਾ ਦਾਸ)… ਤਾਂ ਹੁੱਕਾ ਵੀ ਪੀਂਦਾ ਆ?… ਤੈਨੂੰ ਨਹੀਂ ਸੀ ਪਤਾ, ਦਾਦੀ?? ਦਾਦੀ ਕੁਝ ਸੋਚ ਕੇ ਬੋਲੀ,.. ‘ਹਾਂਅ… ਮੈਨੂੰ ਪਤਾ ਆ ਦੁਰਗਾ ਹੁੱਕਾ ਪੀਂਦਾ ਆ.. ਪਰ .. ਜੇ ਪੀਂਦਾ ਵੀ ਆ.. ਤਾਂ .. ਤੈਨੂੰ ਕੀ ਕਹਿੰਦਾ ਆ? ਤੇਰੇ ਗੋਲ਼ੀ ਤਾਂ ਨੀ ਮਾਰਦਾ?? ਹੁੱਕਾ ਈ ਪੀਂਦਾ ਆ!! ਗੱਲ ਨਾ ਬਣਦੀ ਜਿਹੀ ਦੇਖ ਮੁੰਡਾ ਫਿਰ ਬੋਲਿਆ,.. “ਗੋਲ਼ੀ ਤਾਂ ਨਹੀਂ ਮਾਰਦਾ, ਪਰ ਤੈਨੂੰ ਇਹ ਵੀ ਪਤਾ ਕਿ ਉਹ ਹੁੱਕੇ ਦਾ ਲੰਮਾ ਸਾਰਾ ਸੂਟਾ ਖਿੱਚ ਕੇ.. ਤੇ ਫੇਰ ਧੂੰਆਂ ਘੁਮਾ-ਘੁਮਾ ਕੇ ਮੇਰੇ ਮੂੰਹ ਉੱਤੇ ਮਾਰਦਾ ਆ…??” ਦਾਦੀ ਨੂੰ ਭਾਵਕ ਕਰਨ ਲਈ ਉਹਨੇ ਦੁਰਗਾ ਦਾਸ ਦੇ ਹੁੱਕੇ, ਉਹਦੀਆਂ ਨਾਸਾਂ, ਲੰਮੀਆਂ ਮੁੱਛਾਂ ਅਤੇ ਮੂੰਹ ਵਿੱਚੋਂ ਕੱਢੇ ਧੂੰਏਂ, ਅਤੇ ਆਪਣੇ ਮੂੰਹ ਉੱਤੇ ਉੱਡ-ਉੱਡ ਪੈਂਦੇ ਧੂਏਂ ਦੇ ਬੱਦਲਾਂ ਨੂੰ ਕਾਫ਼ੀ ਰੰਗ-ਮਸਾਲਾ ਜਿਹਾ ਲਾ ਕੇ, ਵਧਾ ਚੜ੍ਹਾ ਕੇ, ਉੱਚੀ ਅਤੇ ਖ਼ਤਰੇ ਵਾਲੀ ਸੁਰ ਵਿੱਚ ਬਿਆਨ ਕੀਤਾ… ਤਾਂ ਕਿ ਹੁੱਕੇ ਦਾ ਧੂੰਆਂ ਗੋਲ਼ੀ ਨਾਲ਼ੋਂ ਵੀ ਭਿਆਨਕ ਅਤੇ ਲੂੰ-ਕੰਡੇ ਖੜ੍ਹੇ ਕਰਨ ਵਾਲਾ ਲੱਗੇ! ਇਹ ਸੁਣਦਿਆਂ ਦਾਦੀ ਸੱਚ-ਮੁਚ ਈ ਭਾਵੁਕ ਹੋ ਗਈ ਅਤੇ ਮੁੰਡੇ ਨੂੰ ਨਾਲ਼ ਲੈ ਕੇ ਵਾਹੋ-ਦਾਹੀ ਦੁਰਗੇ ਦਾਸ ਕੋਲ ਪਹੁੰਚ ਗਈ..। ਜਾਂਦੇ ਸਾਰ ਹੀ ਕਹਿਣ ਲੱਗੀ,… “ਗੱਲ ਸੁਣ ਦੁਰਗਿਆ ! … ਆਹ ਮੁੰਡਾ ਮੈਨੂੰ ਕਹਿੰਦਾ ਕੇ ਤੂੰ ‘ਤਮਾਖੂ ਆਲ਼ੇ ਹੁੱਕੇ’ ਦਾ ਲੰਮਾ-ਸਾਰਾ ਸੂਟਾ ਖਿੱਚ ਕੇ ਧੂੰਆਂ ਇਹਦੇ ਮੂੰਹ ਤੇ ਮਾਰਦਾ ਆਂ!, … ਦੱਸ.. ਦੁਰਗਿਆ, ਇਹ ਕੀ ਗੱਲ ਹੋਈ? ਤੂੰ ਦੱਸ ਇਹ ਹੁੱਕਾ ‘ਪੀਂਨਾ ਈ ਕਾਹਤੋਂ ਆਂ??” ਕਿਸੇ ਦੀ ਟੈਂਅ ਨਾ ਮੰਨਣ ਵਾਲੇ ਸੱਤ-ਪੱਤਣਾਂ ਦੇ ਤਾਰੂ ਦੁਰਗੇ ਦਾਸ ਨੂੰ ਲੱਗਿਆ ਕਿ ਆਹ ‘ਢਾਈ-ਗਿੱਠੇ’ ਮੁੰਡੇ ਮਗਰ ਲੱਗ ਕੇ ਸਿਆਣੀ-ਬਿਆਣੀ ਬੀਬੀ ਮੈਨੂੰ ਉਲਾਂਭਾ ਦੇਣ ਆ ਤੁਰੀ, .. ਉਸ ਨੂੰ ਲੱਗਾ ਕਿ ਭਲਮਾਣਸੀ ਦਾ ਤਾਂ ਜ਼ਮਾਨਾ ਈ ਨਹੀ ਰਿਹਾ.. । ਰਿਟਾਇਰ ਹੁੰਦੇ ਹੋਇਆਂ ਵੀ ਉਹਦੇ ਅੰਦਰਲਾ ‘ਕੰਪਨੀ ਦਾ ਸੁਪਰਵਾਈਜ਼ਰ ਦੁਰਗਾ ਦਾਸ’ ਜਾਗ ਉਠਿਆ ਅਤੇ ਉਹ ਦਾਦੀ ਨੂੰ ਬੋਲਿਆ,… “ਗੱਲ ਸੁਣ.. ਚਿੰਤੀਏ !!… ਮੈਂ ਤੇਰੀ ਤੇ ਤੇਰੇ ਟੱਬਰ ਦੀ ਬੜੀ ਇੱਜ਼ਤ ਕਰਦਾਂ ਆਂ,.. ਪਰ ਇਸ ਛੋਕਰੇ ਨੇ ਨਹੀਂ ਪੜ੍ਹਨਾ-ਪੁੜ੍ਹਨਾ!! ਇਹਨੂੰ ਲੈ ਜਾ ਦੌੜਾ ਕੇ ਐਥੋਂ .. ਵਗ ਜਾਓ.. ਤਿੱਤਰ ਹੋ ਜਾਓ.. ਤੇ.. ਖ਼ਬਰਦਾਰ ਜੇ ਮੇਰੇ ਹੁੱਕੇ ਵਾਰੇ ਤੂੰ ਕੁਛ ਵੀ ਕਿਹਾ !! ਜਾਂਦੀ ਜਾਂਦੀ… ਤੂੰ ਮੈਨੂੰ ਇਹ ਵੀ ਦੱਸ ਜਾ ਕਿ ਮੈਂ ਕੋਈ ਕਮਲ਼ਾ ਆਂ?.. ਜੋ ਇਹਦੀ ਬੂਥੀ ‘ਤੇ .. ‘ਹੁੱਕੀ’ ਦਾ ਧੂੰਆਂ ਮਾਰੂੰਗਾ??” ਚਿੰਤੀ ਨੂੰ ਵੀ ਹੁਣ ਸ਼ਾਇਦ ਮਹਿਸੂਸ ਹੋਇਆ ਕਿ ਇਹ ਮੁੰਡਾ ਉਹਨੂੰ ਝੂਠ-ਮੂਠ ਈ ਕਹਿ ਕੇ ਲੈ ਆਇਆ। ਪਰ ਮੁੰਡੇ ਦਾ ਦਾਗਿ਼ਆ ਹੋਇਆ ਤੀਰ ਸਿੱਧਾ ਨਿਸ਼ਾਨੇ ‘ਤੇ ਜਾ ਵੱਜਾ ਸੀ..। ਉਸ ਨੂੰ ਇੰਜ ਲੱਗਾ ਜਿਵੇਂ ਦੁਰਗਾ ਦਾਸ ਹਾਰ ਗਿਆ ਹੋਵੇ ਅਤੇ ਉਹ ਆਪਣੇ ਜਿੱਤਣ ਦੀ ਖੁਸ਼ੀ ‘ਚ ਆਪਣਾ ਝੋਲ਼ਾ ਹਵਾ ਵਿੱਚ ਉਡਾਉਂਦਾ ਅਤੇ ਲਹਿਰਾਉਂਦਾ ਇਵੇਂ ਦੌੜਿਆ ਜਾ ਰਿਹਾ ਸੀ… ਜਿਵੇਂ ਪੰਛੀ ਪਿੰਜਰੇ ਵਿੱਚੋਂ ਨਿਕਲ਼ ਕੇ ਉੱਪਰਲੀਆਂ ਹਵਾਵਾਂ ‘ਚ ਕਲਾ-ਬਾਜ਼ੀਆਂ ਲਾਉਂਦਾ ਹੋਵੇ !! ਦੱਸੋ ਹੁਣ ਦੁਰਗਾ ਵਿਚਾਰਾ ਕਰਦਾ ਵੀ ਤਾਂ… ਕੀ ਕਰਦਾ ?? ਦੁਰਗਾ ਦਾਸ ਵਰਗੇ ਲੋਕ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪ ਵੀ ਜਿਉਂਦੇ ਹਨ ਅਤੇ ਲੋਕਾਂ ਲਈ ਵੀ ਜਿਉਂਦੇ ਹਨ। ਇਹੋ ਜਿਹੇ ਲੋਕ ਮਰ ਕੇ ਵੀ ਨਹੀਂ ਮਰਦੇ। ਭਾਵੇਂ ਦੁਰਗਾ ਦਾਸ ਨੇ ‘ਅਹਿਸਾਨ ਨਾਲ਼ੋਂ ਇਨਸਾਨ ਦੀ ਨੀਅਤ’ ਨਾਲ਼ ਮੇਰੇ ਬਾਪ ਅਤੇ ਉਹਦੇ ਵਰਗੇ ਕਈ ਹੋਰਨਾਂ ਦੀ ਉਂਗਲ ਫੜ ਕੇ ਰਾਹ ਦਿਖਾਇਆ ਸੀ, ਪਰ ਮੈਨੂੰ ਲੱਗਦਾ ਹੈ ਕਿ ਦੁਰਗਾ ਦਾਸ ਦੀਆਂ ਮਿਹਰਬਾਨੀਆਂ ਦਾ ਕਰਜ਼ ਸਾਡੇ ਸਾਰੇ ਪਰਿਵਾਰ ਦੇ ਸਿਰ ਹੈ!! ਹੁਣ ਨਾ ਦੁਰਗਾ ਦਾਸ ਹੈ ਨਾ ਹੀ ਮੇਰਾ ਬਾਪ, ਪਰ ਫੇਰ ਵੀ ਇਸ ਕਰਜ਼ ਦੀ ਗੱਲ ਮੈਂ ਦੋਹਾਂ ਦੇ ਨਾਲ਼ ਕਦੇ ਕਦੇ ਸੁਪਨਿਆਂ ਵਿੱਚ ਕਰ ਵੀ ਲੈਂਦਾ ਹਾਂ। ਦੋਸਤੋ, ਸ਼ਾਇਦ ਤੁਹਾਡੀ ਜ਼ਿੰਦਗੀ ‘ਚ ਵੀ ਕੋਈ “ਦੁਰਗਾ ਦਾਸ” ਆਇਆ ਹੋਵੇਗਾ ਜਾਂ ਫਿਰ ਜਿਉਂਦੇ ਜੀਅ ਜ਼ਰੂਰ ਆਵੇਗਾ। ਯਕੀਨਨ ਹੀ ਇਸ ਦੁਨੀਆ ਵਿੱਚ ਅਨੇਕਾਂ ਦੁਰਗੇ ਦਾਸ ਵਰਗੇ ਨਾਇਕ ਪਹਿਲਾਂ ਵੀ ਆਏ ਹੋਣਗੇ, ਅੱਗੇ ਵੀ ਆਉਂਦੇ ਵੀ ਰਹਿਣਗੇ, ਅਤੇ ਆਉਂਦੇ ਰਹਿਣੇ ਵੀ ਚਾਹੀਦੇ ਹਨ – ਇਨਸਾਨੀਅਤ ਦੇ ਕਾਇਮ ਰਹਿਣ ਲਈ ਅਤੇ ਮਨੁੱਖਤਾ ਦੀ ਬਿਹਤਰੀ ਲਈ। ਮੇਰੇ ਪਿੰਡ ਦੇ ਮੇਰੇ ਪਿੰਡ ਦੇ ਮੇਰੇ ਪਿੰਡ ਦੇ ਪਿੰਡ ਮੇਰਾ ਵੱਸਦਾ ਰਹੇ, ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ, ਘਰ ਘਰ… ਪੁੱਤ ਜੰਮਦੇ… ਜ਼ਿੰਦਗੀ ਜ਼ਿੰਦਾਬਾਦ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਦੁਰਗਾ ਦਾਸ ਨਾ… ਕਿਸੇ ਨੇ ਬਣ ਜਾਣਾ ! — ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਬੋਲੀਆਂ, ਗਾਣਿਆਂ, ਅਤੇ ਟੱਪਿਆਂ ‘ਚ ਇਹ ਤਾਂ ਜ਼ਰੂਰ ਸੁਣਦੇ ਹਾਂ ਕਿ… ਜੱਗਾ ਜੱਟ ਨਾ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ…।