ਸਾਲ 2020 ਦੇ ਜਨਵਰੀ ਮਹੀਨੇ ਨੂੰ ਮੇਰੀ ਚਿਰੋਕਣੀ ਰੀਝ ਬਰ ਆਈ ਸੀ ਜਦੋਂ ਮੈਂ ਪਹਿਲੀ ਪਾਕਿਸਤਾਨੀ ਫੇਰੀ ਦੌਰਾਨ ਕੜਾਕੇ ਦੀ ਠੰਢ, ਤੇਜ਼ ਝੱਖੜ, ਗਰਜਦੇ ਕਾਲ਼ੇ ਲਿਸ਼ਕਦੇ ਬੱਦਲ ਅਤੇ ਮੋਹਲ਼ੇਧਾਰ ਵਰਖਾ ਦੇ ਬਾਵਜੂਦ ਵੀ ਬਾਬੇ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਚੱਲੀ ਸੀ। ਮੇਰੇ ਬਾਬੇ ਨੇ ਭਾਈ ਅਮਜਦ ਸਲੀਮ ਮਿਨਹਾਸ ਅਤੇ ਚੰਦਾ ਭਾਬੀ ਦੇ ਮਨ ਜਿੱਥੇ ਮਿਹਰ ਪਾਈ ਸੀ ਉਥੇ ਢੇਰ ਸਾਰਾ ਹੌਸਲਾ ਵੀ ਦਿੱਤਾ ਸੀ। ਭਾਵੇਂ ਮੋਟਰ-ਵੇਅ ਤੇ ਤੇਜ਼-ਤਰਾਰ ਗੱਡੀ ਚਲਾਉਣਾ ਅਮਜਦ ਭਾਈ ਦੇ ਵੱਸ ਦਾ ਕੰਮ ਨਹੀਂ ਸੀ ਪਰ ਪਤਾ ਨਹੀਂ ਕਿਉਂ ਚੰਦਾ ਭਾਬੀ ਝੱਟ ਬੋਲੀ ਸੀ, ”ਜਨਾਬ ਅਸਾਂ ਪੀਰ ਬਾਬੇ ਨਾਨਕ ਨੂੰ ਕਿਹੜਾ ਮੂੰਹ ਦਿਖਾਵਾਂਗੇ ਜਦ ਉਸਨੇ ਪੁੱਛਣਾ ਕਿ ਮੇਰੀ ਹਰਕੀਰਤ ਨੂੰ ਮੇਰੇ ਦਰ ਤੇ ਕਿਉਂ ਨਹੀਂ ਲੈ ਕੇ ਆਏ। ਵੈਸੇ ਵੀ ਬੜੇ ਅਰਸੇ ਤੋਂ ਨਨਕਾਣੇ ਜਾਣ ਦੀ ਮੇਰੀ ਇੱਛਾ ਵੀ ਪੂਰੀ ਨਹੀਂ ਹੋਈ। ਸੋ ਅੱਜ ਹਰਕੀਰਤ ਨੂੰ ਦਰਸ਼ਨ ਕਰਾਉਣ ਬਹਾਨੇ ਆਪਾਂ ਵੀ ਸਵਾਬ ਹੀ ਖੱਟ ਲਈਏ।” ਉਸ ਦਾ ਇਹ ਡਰ ਭਰਿਆ ਉਲਾਂਭਾ ਸੁਣ ਕੇ ਅਮਜਦ ਭਾਈ ਵੀ ਹਰ ਹਾਲ ਨਨਕਾਣੇ ਪਹੁੰਚਣ ਲਈ ਬੁਲੰਦ ਹੌਸਲਾ ਕਰ ਕੇ ਤੁਰ ਪਿਆ ਸੀ ਭਾਵੇਂ ਸਾਨੂੰ ਡਾ. ਨਬੀਲਾ ਰਹਿਮਾਨ ਅਤੇ ਮੁਦੱਸਰ ਬਸ਼ੀਰ ਨੇ ਮੌਸਮ ਦਾ ਹਾਲ ਦੇਖਦਿਆਂ ਜਾਣ ਦੇ ਫ਼ੈਸਲੇ ਤੇ ਦੁਬਾਰਾ ਸੋਚ ਵਿਚਾਰ ਕਰਨ ਲਈ ਕਿਹਾ ਸੀ। ਉੱਚਾ ਦਰ ਬਾਬੇ ਨਾਨਕ ਦਾ ਸ਼ਬਦ ਮੈਂ ਚਾਅ ਅਤੇ ਹੁਲਾਸ ਨਾਲ ਭਰੀ-ਭਕੁੰਨੀ ਸਾਰੇ ਰਾਹ ਗੁਣਗੁਣਾਉਂਦੀ ਗਈ ਸੀ। ਰਾਵੀ ਦਰਿਆ ਉੱਤੋਂ ਲੰਘਦਿਆਂ ਵਿੱਛੜੇ ਪਾਣੀਆਂ ਦੀ ਚੀਸ ਨੂੰ ਯਾਦ ਕਰਦਿਆਂ ਮਰਹੂਮ ਲੋਕ-ਸ਼ਾਇਰ ਕੁਲਵੰਤ ਗਰੇਵਾਲ ਜੀ ਦੇ ਸ਼ਿਅਰ ਨੇ ਮਨ ਮੰਦਰ ਵਿਚ ਫੇਰੀ ਪਾਈ: ਸਾਨੂੰ ਈਦਾਂ ਬਰ ਆਈਆਂ ਦੂਜੀ ਵਾਰ ਦਸੰਬਰ 2021 ਵਿੱਚ ਫਿਰ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ। ਇਸ ਵਾਰੀ ਮੈਂ ਆਪਦੀ ਧੀ ਰਾਣੀ ਨੂੰ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਗਤ ਗੁਰੂ ਬਾਬੇ ਤੋਂ ਅਸ਼ੀਰਵਾਦ ਲੈਣ ਲਈ ਨਨਕਾਣਾ ਸਾਹਿਬ ਲੈ ਕੇ ਗਈ ਸੀ। ਦੋਸਤਾਂ ਮਿੱਤਰਾਂ ਵੱਲੋਂ ਧੀ ਦੇ ਸ਼ਗਨ ਮਨਾਉਣ ਲਈ ਤੇਲ ਮਹਿੰਦੀ ਦੀ ਰਸਮ ਦੇ ਨਾਲ ਇੱਕ ਖ਼ੂਬਸੂਰਤ ਸੰਗੀਤਕ ਸ਼ਾਮ ਵੀ ਰੱਖੀ ਗਈ ਸੀ ਜਿਸ ਵਿਚ ਆਹਲਾ ਰੁਤਬੇ ਵਾਲ਼ੇ ਫ਼ਨਕਾਰਾਂ ਸਮੇਤ ਕੋਈ 75-80 ਲੋਕਾਂ ਨੇ ਸ਼ਿਰਕਤ ਕੀਤੀ ਸੀ। ਸਭ ਤੋਂ ਹੁਸੀਨ ਅਤੇ ਮਾਣਮੱਤੀ ਘੜੀ ਉਹ ਸੀ ਜਦੋਂ ਉਸਤਾਦ ਗਾਇਕ ਜਨਾਬ ਸ਼ਫ਼ਕਤ ਹੁਸੈਨ ਅਤੇ ਆਇਸ਼ਾ ਨਾਦਰ ਅਲੀ ਨੇ ਰਲ਼ ਕੇ ਪ੍ਰੋਗਰਾਮ ਦਾ ਆਗਾਜ਼ ਸ੍ਰੀ ਗੁਰੂ ਨਾਨਕ ਸਾਹਿਬ ਦਾ ਕਲਾਮ ਪੜ੍ਹ ਕੇ ਕੀਤਾ: ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥ ਟਿਕੀ ਰਾਤ ਨੂੰ ਅੰਬਰ ਦੀ ਛਾਵੇਂ ਲੱਗੀ ਸਟੇਜ ਤੇ ਜਦੋਂ ਉਸਤਾਦ ਹਨੀਫ਼ ਨੇ ਬਾਂਸਰੀ ਅਤੇ ਕੋਕ ਸਟੂਡੀਓ ਦੇ ਮਸ਼ਹੂਰ ਵਾਇਲਿਨ ਵਾਦਕ ਜਾਵੇਦ ਭਾਈ ਛੈਲਾ ਨੇ ਸੁਰ ਤਾਲ ਛੇੜ ਕੇ ਅਫ਼ਜ਼ਲ ਸਾਹਿਰ ਅਤੇ ਜਨਾਬ ਸ਼ਾਹਿਦ ਸ਼ੁਦਾਈ ਵਰਗੇ ਕਈ ਬੁੱਧੀਜੀਵੀਆਂ ਨੂੰ ਵੀ ਗੋਪੀਆਂ ਵਾਂਗ ਝੂਮਣ ਲਾ ਦਿੱਤਾ ਸੀ। ਇਸਲਾਮ ਧਰਮ ਨਾਲ਼ ਸਬੰਧ ਰੱਖਣ ਵਾਲੇ ਲੋਕ ਮੇਰੇ ਗੁਰੂ ਨਾਨਕ ਨੂੰ ਆਪਦਾ ਪੀਰ ਸਮਝ ਕੇ ਉਸ ਦੀ ਉਸਤਤ ਗਾ ਗਾ ਕੇ ਝੂਮ ਰਹੇ ਸਨ ਤਾਂ ਮੈਂ ਮਹਿਸੂਸ ਕੀਤਾ ਕਿ ਜਿਵੇਂ ਮਹਿਕ ਕਦੇ ਫੜ੍ਹ ਕੇ ਨਹੀਂ ਰੱਖੀ ਜਾ ਸਕਦੀ ਓਵੇਂ ਹੀ ਮੇਰਾ ਧੰਨ ਗੁਰੂ ਨਾਨਕ ਹੈ। ਚੌਹ ਵਰਨਾਂ ਦਾ ਸਾਂਝਾ। ਜਿਸ ਸ਼ਹਿਨਸ਼ਾਹ ਦੀ ਉਸਤਤ ਬਿਆਨਣ ਲਈ ਸੈਆਂ ਅੰਬਰਾਂ ਦੀ ਹਿੱਕ ਵੀ ਛੋਟੀ ਪੈ ਜਾਵੇ। ਸਾਰੇ ਗ੍ਰਹਿਆਂ ਦੀ ਰੰਗਲੀ ਸਿਆਹੀ ਮੁੱਕ ਜਾਵੇ, ਚੁਰਾਸੀ ਲੱਖ ਜੂਨੀ ਥੋੜ੍ਹੀ ਪੈ ਜਾਵੇ, ਸਾਰੀਆਂ ਭਾਸ਼ਾਵਾਂ ਆਪਦੀ ਸੀਮਾ ਤੋੜ ਕੇ ਨਸ਼ਬਦ ਹੋ ਜਾਣ ਅਤੇ ਲੱਖਾਂ ਬ੍ਰਹਿਮੰਡ ਉਸ ਦੀ ਆਰਤੀ ਉਤਾਰਦੇ ਹੋਣ। ਨਦੀਆਂ ਅਤੇ ਸਮੁੰਦਰਾਂ ਦਾ ਨੀਰ ਉਸ ਦਾ ਅਰਘ ਚੜ੍ਹਾਉਂਦਾ ਨਾ ਸੁੱਕੇ, ਪੂਰੀ ਖ਼ਲਕਤ ਉਸ ਨੂਰੀ ਪੈਗ਼ੰਬਰ ਦੇ ਚਾਨਣ ਦਾ ਨਿੱਘ ਮਾਣਦੀ ਉਸਦੀ ਮੁਰੀਦ ਬਣ ਬੈਠੀ ਹੋਵੇ। ਉਹ ਤਾਂ ਸਾਰੀ ਕਾਇਨਾਤ ਦਾ ਸਾਂਝਾ ਹੈ। ਕਿਸੇ ਦਾ ਗੁਰੂ ਅਤੇ ਕਿਸੇ ਦਾ ਪੀਰ। ਅਸੀਂ ਸੌੜੀ ਸੋਚ ਦੇ ਮਾਲਕ ਜਗਤ ਗੁਰੂ ਤੇ ਆਪਦੀ ਮੱਲ ਮਾਰੀ ਬੈਠੇ ਹਾਂ ਜਦ ਕਿ ਸਾਡਾ ਫ਼ਰਜ਼ ਉਸ ਦੇ ਫ਼ਲਸਫ਼ੇ ਨੂੰ ਪੂਰੀ ਦੁਨੀਆ ਨਾਲ਼ ਵੰਡਣਾ ਹੈ। ਦੋਨੋਂ ਪਾਕਿਸਤਾਨੀ ਫੇਰੀਆਂ ਦੌਰਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪਰ ਹਰ ਵਾਰ ਅੱਥਰੇ ਹਾਲਾਤ ਮੇਰੀ ਸ਼ਿੱਦਤ ਪਰਖਦੇ ਅਤੇ ਮੇਰਾ ਬਾਬਾ ਆਪਦੀ ਰਹਿਮਤ ਦਾ ਐਸਾ ਰੰਗ ਦਿਖਾਉਂਦਾ ਕਿ ਜਿਸ ਨੂੰ ਸਿਰਫ਼ ਕਰਾਮਾਤ ਹੀ ਕਿਹਾ ਜਾ ਸਕਦਾ ਸੀ। ਮੇਰੀ ਪਹਿਲੀ ਫੇਰੀ ਦੌਰਾਨ ਲਾਹੌਰ ਸ਼ਹਿਰ ਦੀ ਸ਼ਾਹੀ ਮਸਜਿਦ, ਅਨਾਰਕਲੀ ਬਜ਼ਾਰ ਅਤੇ ਸ਼ਾਹੀ ਕਿਲ੍ਹੇ ਤੋਂ ਇਲਾਵਾ ਲਾਹੌਰ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਗਾਹ ਕੇ ਘਰ ਮੁੜਦੇ ਇਤਿਹਾਸਕਾਰ ਮੁਦੱਸਰ ਬਸ਼ੀਰ ਨੇ ਕਿਹਾ ਸੀ, ”ਓ ਹੋ, ਬੜੀ ਡਾਢੀ ਚੁੱਕ ਹੋ ਗਈ ਜੇ। ਆਪਾਂ ਜਿਸ ਜਗ੍ਹਾ ਤੋਂ ਹੋ ਕੇ ਆਏ ਹਾਂ, ਉੱਥੇ ਕੋਲ ਹੀ ਤਾਂ ਗੁਰੂ ਨਾਨਕ ਪਾਤਸ਼ਾਹੀ ਦਾ ਅਹਿਮ ਸਥਾਨ ਵੇ। ਤੁਹਾਨੂੰ ਦਰਸ਼ਨ ਕਰਵਾ ਦਿੰਦੇ ਤਾਂ ਬੜਾ ਕਰਮ ਹੋ ਜਾਣਾ ਸੀ। ਜਨਾਬ, ਦੁੱਗਣੀ ਤਸੱਲੀ ਹੋ ਜਾਂਦੀ। ਚਲੋ ਕਦੇ ਫੇਰ ਸਹੀ।” ਇਹ ਸੁਣ ਕੇ ਮੈਂ ਵੀ ਕਦੇ ਨਾ ਕਦੇ ਓਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਰੀਝ ਦਾ ਬੀਜ ਮਨ ਵਿਚ ਬੀਜ ਲਿਆ ਸੀ ਭਾਵੇਂ ਕਿ ਇਹ ਭਲੀਭਾਂਤ ਪਤਾ ਹੈ ਕਿ ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥ ਮੇਰਾ ਗੁਰੂ ਨਾਨਕ ਤਾਂ ਸਰਬ-ਵਿਆਪਕ ਹੈ। ਪਰ ਜਗਤ ਬਾਬੇ ਦੀ ਚਰਨ ਧੂੜ ਪ੍ਰਾਪਤ ਥਾਵਾਂ ਵਿਚ ਅਲੌਕਿਕ ਸ਼ਕਤੀ ਹੁੰਦੀ ਹੈ ਜੋ ਇੱਛਾਧਾਰ ਦੇ ਸੀਨੇ ਸੱਤ ਸਮੁੰਦਰੋਂ ਪਾਰ ਬੈਠਿਆਂ ਵੀ ਸਭ ਹੱਦਾਂ-ਸਰਹੱਦਾਂ ਚੀਰ ਕੇ ਮਿਲ਼ਣ ਦੀ ਖਿੱਚ ਪਾਉਂਦੀ ਰਹਿੰਦੀ ਹੈ। ਸ਼ਿੱਦਤ ਹੋਵੇ ਤਾਂ ਮੁਰਾਦ ਪੂਰੀ ਹੋ ਹੀ ਜਾਂਦੀ ਹੈ। ਮੇਰੀ ਚੌਥੀ ਪਾਕਿਸਤਾਨੀ ਫੇਰੀ ਮਾਰਚ 2024 ਨੂੰ ਸੀ ਜੋ ਕਿ ਬਹੁਤ ਛੋਟੀ ਅਤੇ ਨਿੱਜੀ ਸੀ ਜਿਸ ਦੌਰਾਨ ਮੈਂ ਸਿਰਫ਼ ਇੱਕ ਦੋ ਸਾਹਿਤਕ ਕੰਮਾਂ ਤੋਂ ਸਿਵਾਏ ਕੁਝ ਕੁ ਖ਼ਾਸ ਦੋਸਤਾਂ ਨੂੰ ਹੀ ਮਿਲ਼ਣਾ ਸੀ। ਬੇਟੇ ਦੇ ਦੁੱਖ ਵਿਚੋਂ ਨਾ ਉੱਭਰਨ ਕਾਰਨ ਮੈਂ ਅਜੇ ਬਹੁਤੇ ਲੋਕਾਂ ਵਿਚ ਵਿਚਰਨ ਜੋਗੀ ਨਹੀਂ ਹੋਈ ਸੀ। ਗ਼ਮ ਦੇ ਵਲ੍ਹੇਟੇ ਮਾਰੀ ਮੇਰੀ ਜਿੰਦ ਭਮੁੱਕੜ ਬਣੀ ਦੁਨੀਆ ਗਾਹੁੰਦੀ ਸਕੂਨ ਦੀ ਭਾਲ਼ ਵਿੱਚ ਸੀ। ਕੈਨੇਡਾ ਤੋਂ ਅਮਰੀਕਾ, ਆਸਟ੍ਰੇਲੀਆ ਅਤੇ ਇੰਡੀਆ ਹੁੰਦੀ ਹੋਈ ਮੈਂ ਬਾਬੇ ਨਾਨਕ ਦੀ ਧਰਤੀ ਪਾਕਿਸਤਾਨ ਪਹੁੰਚ ਗਈ ਸੀ। ਗੁਰਦਵਾਰਾ ਪਹਿਲੀ ਪਾਤਸ਼ਾਹੀ ਜਾਣ ਦੀ ਇੱਛਾ ਮਨ ਵਿੱਚ ਵਾਰ-ਵਾਰ ਅੰਗੜਾਈ ਭਰ ਰਹੀ ਸੀ। ਸੋ ਮੈਂ ਬੇਝਿਜਕ ਆਪਦੀ ਤਮੰਨਾ ਦੋਸਤ ਪਰਿਵਾਰ ਕੋਲ਼ ਜ਼ਾਹਿਰ ਕੀਤੀ। ਡਾ. ਸੁਮੈਰਾ ਨਾਜ਼ ਅਤੇ ਘਰ ਦੇ ਸਾਰੇ ਜੀਆਂ ਨੇ ਦੁੱਖ ਦੀ ਘੜੀ ਮੇਰੀ ਹਰ ਮੁਰਾਦ ਪੂਰੀ ਕਰਨ ਦਾ ਵਾਅਦਾ ਕੀਤਾ। ਸਰਹੱਦ ਦੇ ਪਾਰ ਬੈਠੇ ਮੇਰੇ ਦੁੱਖ ਵਿਚ ਸ਼ਰੀਕ ਹੋਣ ਵਾਲ਼ੇ ਕਈ ਬੇਵੱਸ ਦੋਸਤ ਮਿੱਤਰ ਮੇਰਾ ਚਿੱਤ ਰਾਜ਼ੀ ਕਰਨ ਲਈ ਅਕਸਰ ਦੁਆਵਾਂ ਭੇਜਦੇ ਰਹਿੰਦੇ। ਮੇਰੀ ਇਸ ਇਬਾਦਤੀ ਮਨਸ਼ਾ ਨੂੰ ਵੀ ਉਹਨਾਂ ਨੇ ਰੂਹ ਨਾਲ਼ ਦਿਲੋਂ ਪੂਰਾ ਕੀਤਾ ਜਿਸ ਲਈ ਸ਼ੁਕਰਾਨਾ ਸ਼ਬਦ ਬਹੁਤ ਛੋਟਾ ਹੈ । ਮਾਰਚ ਮਹੀਨੇ ਦੀ ਕੋਸੀ ਕੋਸੀ ਧੁੱਪ ਵਾਲ਼ਾ ਨਿੱਘਾ ਜਿਹਾ ਦਿਨ ਸੀ ਜੋ ਤਨ-ਮਨ ਦੀ ਟਕੋਰ ਕਰਦਾ ਲੱਗਦਾ ਸੀ। ਲਾਹੌਰ ਸ਼ਹਿਰ ਦੇਖਣ ਦਾ ਅਸਲੀ ਅਨੰਦ ਲਹੌਰੀਆ ਦੀ ਸੰਗਤ ਨਾਲ਼ ਹੀ ਹੁੰਦਾ ਹੈ। ਖ਼ੈਰ ਮੁਦੱਸਰ ਬਸ਼ੀਰ ਲਹੌਰੀਆ ਹੋਣ ਦੇ ਨਾਲ਼-ਨਾਲ਼ ਵੱਡਾ ਇਤਿਹਾਸਕਾਰ ਵੀ ਹੈ ਜਿਸ ਨੇ ਲਾਹੌਰ ਦੇ ਚੱਪੇ ਚੱਪੇ ਉੱਤੇ ਢੇਰਾਂ ਖੋਜ-ਪੱਤਰ ਅਤੇ ਮਜ਼ਮੂਨ ਲਿਖੇ। “ਲਾਹੌਰ ਦੀ ਵਾਰ” ਵਰਗੀਆਂ ਕਈ ਮਕਬੂਲ ਕਿਤਾਬਾਂ ਵੀ ਲਿਖੀਆਂ। ਉਸ ਦੀ ਧੀ ਹੁਜ਼ੈਲਾ ਵੀ ਛੁੱਟੀ ਦਾ ਦਿਨ ਹੋਣ ਕਰ ਕੇ ਗੁਰੂ ਘਰ ਜਾਣ ਲਈ ਤਿਆਰ ਹੋ ਗਈ। ਪੰਜ ਵਕਤੀ ਨਮਾਜ਼ੀ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਏ ਬੱਚਿਆਂ ਦਾ ਜ਼ਿਹਨ ਐਨਾ ਖੁੱਲ੍ਹਾ ਦੇਖ ਕੇ ਮਨ ਖ਼ੁਸ਼ ਹੁੰਦਾ ਹੈ ਕਿ ਰੱਬ ਦੀ ਅਤੇ ਇਨਸਾਨ ਦੀ ਅਸਲੀ ਹੋਂਦ ਨੂੰ ਸਮਝਣ ਵਾਲੇ ਨਵੀਂ ਪੀੜ੍ਹੀ ਦੇ ਲੋਕ ਵੀ ਇਸ ਧਰਤੀ ਉੱਤੇ ਮੌਜੂਦ ਹਨ। ਹੁਜ਼ੈਲਾ ਨੇ ਮੋਬਾਈਲ ਫ਼ੋਨ ਤੋਂ ਉਬਰ ਟੈਕਸੀ ਬੁੱਕ ਕਰ ਦਿੱਤੀ ਜੋ ਕਿ ਦਸ ਕੁ ਮਿੰਟ ਵਿਚ ਮਾਰਗਰਾਜ਼ ਕਾਲੋਨੀ ਪਹੁੰਚ ਗਈ। ਰੋਜ਼ਿਆਂ ਦੇ ਦਿਨ ਸਨ। ਅਗਲੀ ਸਵੇਰ ਮਾਰਚ 11 ਨੂੰ ਪਹਿਲਾ ਰੋਜ਼ਾ ਸੀ। ਲਾਹੌਰ ਸ਼ਹਿਰ ਨੱਕੋ-ਨੱਕ ਖ਼ਲਕਤ ਨਾਲ਼ ਭਰਿਆ ਪਿਆ ਸੀ। ਏਨੀ ਕੁਰਬਲ-ਕੁਰਬਲ ਕਰਦੀ ਦੁਨੀਆ ਦੇਖ ਕੇ ਮੈਨੂੰ ਆਪਦੀ ਇਸ ਕੁਦਰਤ ਵਿੱਚ ਹੈਸੀਅਤ ਕਿਣਕੇ ਮਾਤਰ ਲੱਗ ਰਹੀ ਸੀ। ਕੈਨੇਡਾ ਵਰਗੇ ਦੇਸ ਤੋਂ ਜਾ ਕੇ ਤਾਂ ਇੰਜ ਲਗਦਾ ਸੀ ਕਿ ਜਿਵੇਂ ਕੁੱਲ ਦੁਨੀਆ ਸਾਡੇ ਇਹਨਾਂ ਮੁਲਕਾਂ ਵਿੱਚ ਹੀ ਵੱਸਦੀ ਹੋਵੇ। ਕੁਝ ਖ਼ਾਸ ਤਾਂ ਜ਼ਰੂਰ ਹੋਣਾ ਇਸ ਧਰਤੀ ਦੀ ਬੁੱਕਲ ਵਿੱਚ ਵਰਨਾ ਐਵੇਂ ਤਾਂ ਨਹੀਂ ਮੇਰੇ ਬਾਬੇ ਨਾਨਕ ਨੇ ਅਤੇ ਹੋਰ ਪੀਰਾਂ ਪੈਗ਼ੰਬਰਾਂ ਨੇ ਵੀ ਦੁਨੀਆ ਤੇ ਆਉਣ ਲਈ ਇਹੀ ਠਿਕਾਣਾ ਚੁਣਿਆ ਸੀ। ਰੋਜ਼ਿਆਂ ਅਤੇ ਆਉਂਦੇ ਮਹੀਨੇ ਈਦ ਦੇ ਤਿਉਹਾਰ ਦੀ ਖੁਸ਼ੀ ਅਤੇ ਰੌਣਕ ਲੋਕਾਂ ਦੇ ਚਿਹਰਿਆਂ-ਮੋਹਰਿਆਂ ਤੋਂ ਸਹਿਜੇ ਹੀ ਪੜ੍ਹੀ ਜਾ ਰਹੀ ਸੀ। ਕਸਾਈ ਥਾਂ-ਥਾਂ ਤੇ ਜਾਨਵਰਾਂ ਦੀਆਂ ਕੁਰਬਾਨੀਆਂ ਕਰਦੇ ਦਿਸ ਰਹੇ ਸਨ। ਰੱਤ ਚੋਂਦਾ, ਹਲਾਲ ਹੁੰਦਾ ਮੀਟ ਖ਼ਰੀਦਣ ਲਈ ਲੋਕ ਧੱਕਮ-ਧੱਕਾ ਹੋ ਰਹੇ ਸਨ। ਦੁਕਾਨਾਂ ਦੇ ਬਾਹਰ ਪੁੱਠਾ ਲਮਕਦਾ ਗੋਸ਼ਤ ਦੇਖ ਕੇ ਮੈਂ ਧੁੜਧੁੜੀ ਲੈ ਕੇ ਅਣਦੇਖਿਆ ਕਰ ਦਿੰਦੀ। ਮੇਰੇ ਇਸ਼ਟ ਦਾ ਆਦਰ ਕਰਨ ਵਾਲਿ਼ਆਂ ਲਈ ਮੈਂ ਵੀ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਖ਼ਾਤਰ ਆਪਦੇ ਦਿਲ ਨੂੰ ਵਾਰ-ਵਾਰ ਹਲੂਣ ਕੇ ਸਮਝਾ ਰਹੀ ਸੀ। ਝਟਕਾ ਕਿ ਹਲਾਲ, ਹੈ ਤਾਂ ਜੀਵ ਹੱਤਿਆ ਹੀ। ਅਸੀਂ ਕਿਹੜਾ ਘੱਟ ਗੁਜ਼ਾਰਦੇ ਹਾਂ। ਘੱਟੋ-ਘੱਟ ਏਥੇ ਕੋਈ ਸ਼ਰਾਬ ਦਾ ਠੇਕਾ ਤਾਂ ਨਹੀਂ ਦਿਸਦਾ, ਅਤੇ ਨਾ ਹੀ ਸੜਕਾਂ ਤੇ ਸ਼ਰਾਬੀ ਅੰਨ੍ਹਾ-ਧੁੰਦ ਵਾਹਨ ਲੈ ਕੇ ਫਿਰਦੇ ਨੇ। ਬੱਸ ਮੁੱਕਦੀ ਗੱਲ ਇਹ ਹੈ ਕਿ ਅਸੀਂ ਸਭ ਆਪਦੀ ਆਪਦੀ ਮਿੱਟੀ ਦੇ ਬਾਵੇ ਹਾਂ। ਅਕਸਰ ਆਪੇ ਸਵਾਲ-ਜਵਾਬ ਕਰਦੀ ਮੈਂ ਬਹੁਤੀ ਵਾਰੀ ਆਪਦੀ ਦੁਨੀਆ ਵਿੱਚ ਹੀ ਖੋ ਜਾਂਦੀ ਅਤੇ ਸੁਰਤ-ਸਿਰ ਹੁੰਦਿਆਂ ਹੀ ਫਿਰ ਆਲ਼ਾ-ਦੁਆਲ਼ਾ ਨਿਹਾਰਨ ਲੱਗਦੀ। ਟੈਕਸੀ ਡਰਾਈਵਰ ਨਾਲ ਮੂਹਰਲੀ ਸੀਟ ਤੇ ਬੈਠਾ ਮੁਦੱਸਰ ਬਸ਼ੀਰ ਰਸਤੇ ਵਿੱਚ ਹਰ ਇਤਿਹਾਸਿਕ ਅਤੇ ਆਮ ਸਥਾਨ ਦੀ ਵਿਸਥਾਰ ਨਾਲ ਜਾਣਕਾਰੀ ਦੇ ਰਿਹਾ ਸੀ। ਟੈਕਸੀ ਵਾਲ਼ੇ ਨੇ ਸਾਨੂੰ ਦਿੱਲੀ ਦਰਵਾਜ਼ੇ ਜਾ ਉਤਾਰਿਆ ਜਿੱਥੇ ਛਪਾਰ ਦੇ ਮੇਲੇ ਜਿਹਾ ਭੀੜ-ਭੜੱਕਾ ਸੀ। ਉੱਥੋਂ ਅਸੀਂ ਪੈਦਲ ਬਾਜ਼ਾਰ ਦੀਆਂ ਭੀੜੀਆਂ ਗਲ਼ੀਆਂ ਵਿਚੋਂ ਹੁੰਦੇ ਹੋਏ ਅੰਦਰੂਨੀ ਸ਼ਹਿਰ ਦੇ ਮੁਹੱਲਾ ਚੌਹੁੱਟਾ ਮੁਕਤੀ ਬਾਕਰ ਪਹੁੰਚੇ। “ਜਨਾਬ ਇਹ ਜਗ੍ਹਾ ਬੜੀ ਅਣਗੌਲ਼ੀ ਹੈ। ਕੋਈ ਸਾਂਭ-ਸੰਭਾਲ਼ ਨਹੀਂ ਹੋਈ। ਭਾਵੇਂ ਪੀਰ ਬਾਬੇ ਤਾਂ ਸਾਡੇ ਸਭ ਦੇ ਸਾਂਝੇ ਹੋਂਦੇ ਹਨ ਪਰ ਧਰਮਾਂ ਦੇ ਨਾਂ ਤੇ ਜੋ ਬਰਬਾਦੀ ਅਸਾਂ ਪੰਜਾਬੀਆਂ ਨੇ ਕਰਵਾਈ ਹੈ ਓਸ ਦਾ ਤਾਂ ਅੱਲ੍ਹਾ ਹੀ ਗਵਾਹ ਹੈ। ਤਸੱਲੀ ਇੱਕ ਗੱਲ ਦੀ ਹੈ ਕਿ ਇਸ ਇਤਿਹਾਸਿਕ ਜਗ੍ਹਾ ਨਾਲ਼ ਕੋਈ ਛੇੜਖ਼ਾਨੀ ਨਹੀਂ ਹੋਈ। ਘੱਟੋ ਘੱਟ ਅਸਲੀ ਹਾਲ ਵਿੱਚ ਮੌਜੂਦ ਤਾਂ ਹੈ ਵੇ। ਨਹੀਂ ਤਾਂ ਕੋਈ ਸ਼ਾਪਿੰਗ ਕੰਪਲੈਕਸ ਹੀ ਬਣਾ ਛੱਡਣਾ ਸੀ। ਸਰਕਾਰਾਂ ਦੇ ਹੱਥ ਲੱਗਦਿਆਂ ਹੀ ਹਰ ਸ਼ੈਅ ਜਨਾਬ ਸੋਨੇ ਤੋਂ ਲੋਹਾ ਬਣ ਜਾਂਦੀ ਏ। ਕਿਆ ਤਬਾਹੀ ਮਚਾਈ ਹੈ ਦੋਨੋਂ ਪਾਸੇ ਇਸ ਕਾਰਪੋਰੇਟ ਸੈਕਟਰ ਨੇ। ਤੌਬਾ ਤੌਬਾ ਲਾਹੌਰ ਵਰਗੇ ਖੁੱਲ੍ਹੇ ਸ਼ਹਿਰ ਵਿਚ ਵੀ ਹੁਣ ਦਮ ਘੁੱਟਣ ਲੱਗ ਪਿਆ ਹੈ। ਜ਼ਮੀਨ ਦੇ ਭਾਅ ਅੰਬਰੀਂ ਜਾ ਚੜ੍ਹੇ ਨੇ। ਤੁਸੀਂ ਤੇ ਸਮਝਦਾਰ ਹੋ, ਰਿਆਸਤੀ ਮਸਲਿਆਂ ਤੋਂ ਚੰਗੇ ਵਾਕਫ਼ ਹੋ।” ਇਹ ਸਭ ਮੁਦੱਸਰ ਬਸ਼ੀਰ ਮੇਰੇ ਮਨ ਨੂੰ ਪਹਿਲਾਂ ਤੋਂ ਹੀ ਤਿਆਰ ਕਰਨ ਲਈ ਦੱਸ ਰਿਹਾ ਸੀ ਤਾਂ ਜੋ ਸਾਡੀ ਅਕੀਦਤ ਵਾਲ਼ੀ ਥਾਂ ਦੀ ਖ਼ਸਤਾ ਹਾਲਤ ਦੇਖ ਕੇ ਮੇਰੇ ਮਨ ਨੂੰ ਬਹੁਤੀ ਠੇਸ ਨਾ ਲੱਗੇ। ਵੰਡ ਤੋਂ ਪਹਿਲਾਂ ਦੇ ਕਈ ਨਕਸ਼ ਲਾਹੌਰ ਸ਼ਹਿਰ ਵਿੱਚ ਅੱਜ ਵੀ ਓਵੇਂ ਹੀ ਮੌਜੂਦ ਹਨ। ਪਫਾਫ਼ ਸੀਵਿੰਗ ਮਸ਼ੀਨ ਫ਼ੈਕਟਰੀ ਦਾ ਬੋਰਡ ਅੱਜ ਵੀ ਲਾਹੌਰ ਇੰਡੀਆ ਦੇ ਨਾਂ ਨਾਲ਼ ਹੀ ਪੜ੍ਹਿਆ ਜਾਂਦਾ ਹੈ। ਸ਼ਾਇਦ ਓਸ ਪੈੜ ਨੂੰ ਲਹੌਰੀਆਂ ਨੇ ਸਾਂਭਣ ਦਾ ਆਹਰ ਕੀਤਾ ਹੋਵੇ ਜਾਂ ਫਿਰ ਕੋਈ ਸੰਵੇਦਨਾ ਵੱਸ ਉਸ ਨਾਲ ਛੇੜਖ਼ਾਨੀ ਕਰਨ ਦਾ ਜੇਰਾ ਨਾ ਕਰ ਸਕਿਆ ਹੋਵੇ। ਵਿੱਛੜੀ ਧਰਤੀ ਪ੍ਰਤੀ ਉਹਨਾਂ ਦੀ ਮੋਹ ਮੁਹੱਬਤ ਅਤੇ ਇਮਾਨਦਾਰੀ ਤੇ ਸ਼ੱਕ ਕਰਨ ਦਾ ਸਾਨੂੰ ਕਿਸੇ ਨੂੰ ਵੀ ਕੋਈ ਹੱਕ ਨਹੀਂ। ਮੁਦੱਸਰ ਬਸ਼ੀਰ ਦੇ ਦੱਸਣ ਮੁਤਾਬਕ ਮਸ਼ਹੂਰ ਰਾਜਨੀਤਕ ਹਸਤੀ ਸ੍ਰੀ ਸ਼ਸ਼ੀ ਥਰੂਰ ਜੀ ਵੀ ਪਾਕਿਸਤਾਨੀ ਫੇਰੀ ਤੇ ਆਇਆ ਇਸ ਮਾਣਮੱਤੇ ਚਿੰਨ੍ਹ ਨਾਲ ਤਸਵੀਰ ਖਿਚਾ ਕੇ ਗਿਆ ਸੀ। ਪੁਰਾਣੇ ਬਣੇ ਦੁਮੰਜ਼ਲੇ ਘਰਾਂ ਦੇ ਛੱਜੇ ਸਮੇਂ ਦੀ ਮਾਰ ਨਾਲ ਬੁੱਢੇ ਹੋਏ ਜਾਪਦੇ ਸਨ। ਘਰਾਂ ਦੇ ਥੱਲੇ ਦੁਕਾਨਾਂ ਅਤੇ ਉੱਪਰ ਰਿਹਾਇਸ਼ੀ ਵੱਸੋਂ ਦਿਖਾਈ ਦੇ ਰਹੀ ਸੀ। ਇੱਕ ਲੱਕੜ ਦੇ ਬੰਦ ਦਰਵਾਜ਼ੇ ਮੂਹਰੇ ਸੁੰਨਾ ਵਿਹੜਾ ਸੀ। ਮੁਦੱਸਰ ਨੇ ਸਾਹਮਣੇ ਵਾਲ਼ੀ ਦੁਕਾਨ ਵਿੱਚ ਬੈਠੇ ਅਧਖੜ ਉਮਰ ਦੇ ਦੁਕਾਨਦਾਰ ਨੂੰ ਪੁੱਛਿਆ, “ਜਨਾਬ ਪਹਿਲੀ ਪਾਤਸ਼ਾਹੀ ਇਹੀਓ ਹੈ? ਮੈਂ ਆਇਆ ਤਾਂ ਹੋਇਆ ਵਾਂ, ਪਰ ਹੁਣ ਜਗ੍ਹਾ ਇਹ ਬਦਲੀ ਲੱਗਦੀ ਏ।” ਅਸੀਂ ਤਿੰਨੋਂ ਪਿਛਲੀ ਭੀੜੀ ਗਲ਼ੀ ਵਿਚ ਜਾ ਕੇ ਬੰਦ ਦਰਵਾਜ਼ਾ ਖੜਕਾ ਦਿੱਤਾ। ਸੁੰਨੀ ਗਲ਼ੀ ਅੱਗਿਓਂ ਬੰਦ ਸੀ। ਕਾਫ਼ੀ ਦੇਰ ਦਰਵਾਜ਼ਾ ਨਾ ਖੁੱਲ੍ਹਣ ਤੇ ਮੇਰਾ ਮਨ ਵੀ ਡੋਲਣ ਲੱਗਿਆ। “ਬਾਬਾ ਜੀ ਹਰ ਵਾਰ ਤਾਂ ਨਾ ਇਮਤਿਹਾਨ ਲਵੋ। ਮੈਂ ਬਿਨਾਂ ਦਰਸ਼ਨ ਕੀਤਿਆਂ ਕਿੰਜ ਮੁੜ ਜਾਵਾਂ।” ਮੈਂ ਮਨੋਂ-ਮਨ ਬਾਬੇ ਨੂੰ ਕਿਹਾ। ਕੁਝ ਦੇਰ ਬਾਅਦ ਅੰਦਰੋਂ ਪੈੜ ਚਾਲ ਸੁਣਾਈ ਦਿੱਤੀ ਤਾਂ ਸਾਡੇ ਸਾਹ ਵਿਚ ਸਾਹ ਆਇਆ। ਬਿਨਾਂ ਦਰਵਾਜ਼ਾ ਖੋਲ੍ਹਿਆਂ ਹੀ ਕਿਸੇ ਔਰਤ ਦੀ ਅਵਾਜ਼ ਆਈ ਕਿ ਬਾਜ਼ਾਰ ਵਾਲ਼ੇ ਪਾਸੇ ਮੇਨ ਦਰਵਾਜ਼ੇ ਤੇ ਆ ਜਾਓ। ਚਾਅ ਨਾਲ਼ ਕਾਹਲੇ ਕਦਮੀਂ ਅਸੀਂ ਬਜ਼ਾਰ ਵਿਚਲੇ ਦਰਵਾਜ਼ੇ ਮੂਹਰੇ ਜਾ ਖੜ੍ਹੇ। ਲੱਕੜ ਦੇ ਠੱਕ ਠੱਕ ਕਰਦੇ ਦਰਵਾਜ਼ੇ ਦੀ ਅਰਲ ਉਸ ਔਰਤ ਨੇ ਖੋਲ੍ਹੀ ਅਤੇ ਝੀਤ ਥਾਣੀ ਸਾਡੇ ਚਿਹਰੇ ਮੋਹਰੇ ਦੇਖੇ। ਮੈਂ ਦਹਿਲੀਜ਼ ਦੀ ਧੂੜ ਮੱਥੇ ਨਾਲ਼ ਲਾਈ ਅਤੇ ਹੱਥ ਜੋੜ ਕੇ ਉਸ ਮੁਸਲਮਾਨ ਔਰਤ ਨੂੰ ਸਲਾਮ ਕਰਦਿਆਂ ਅੰਦਰ ਵੜ ਗਈ। ਮੇਰੇ ਪਿੱਛੇ ਮੁਦੱਸਰ ਅਤੇ ਹੁਜ਼ੈਲਾ ਵੀ ਆ ਗਏ। ਉਸ ਔਰਤ ਨੂੰ ਭਮੁੱਤਰੀ ਜਿਹੀ ਦੇਖ ਕੇ ਮੁਦੱਸਰ ਨੇ ਆਪਦਾ ਅਤੇ ਮੇਰਾ ਤੁਆਰਫ਼ ਕਰਾਇਆ ਅਤੇ ਕੁਝ ਸਾਲ ਪਹਿਲਾਂ ਇਸ ਸਥਾਨ ਬਾਰੇ ਅਖ਼ਬਾਰ ਵਿਚ ਲਿਖੇ ਆਪਦੇ ਆਰਟੀਕਲ ਬਾਰੇ ਵੀ ਦੱਸਿਆ। ਇਹ ਅਸਥਾਨ ਨਿਰਸੰਦੇਹ ਹੀ ਦੇਖਣ ਨੂੰ ਕਿਸੇ ਦੀ ਰਿਹਾਇਸ਼ੀ ਹਵੇਲੀ ਲੱਗਦੀ ਸੀ। ਅਦਬ ਨਾਲ਼ ਸਿਰ ਢੱਕ ਕੇ ਉਸ ਔਰਤ ਨੇ ਵਿਹੜੇ ਦੀ ਸੱਜੀ ਨੁੱਕਰੇ ਬਣੇ ਕਮਰੇ ਦੇ ਦਰਵਾਜ਼ੇ ਦਾ ਜਿੰਦਰਾ ਖੋਲ੍ਹਿਆ। ਸਾਹਮਣੇ ਅਤੇ ਸੱਜੇ ਪਾਸੇ ਵਾਲੀ ਕੰਧ ਤੇ ਗੁਰੂ ਨਾਨਕ ਦੇਵ ਜੀ ਦੀਆਂ ਪੇਂਟਿੰਗਜ਼ ਫਰੇਮ ਵਿਚ ਜੜਾ ਕੇ ਲਾਈਆਂ ਹੋਈਆਂ ਸਨ। ਮੁਦੱਸਰ ਬਸ਼ੀਰ ਨੇ ਦੱਸਿਆ ਕਿ ਇਹ ਪੁਰਾਤਨ ਪੇਂਟਿੰਗਜ਼ ਅੱਲ੍ਹਾ ਬਖ਼ਸ਼ ਨਾਮ ਦੇ ਮਸ਼ਹੂਰ ਆਰਟਿਸਟ ਨੇ ਬਣਾਈਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਪੇਂਟਿੰਗਜ਼ ਦਾ ਮੁਹਾਂਦਰਾ ਗੁਰੂ ਜੀ ਦੀ ਸ਼ਕਲ ਨਾਲ ਕਾਫ਼ੀ ਮਿਲ਼ਦਾ-ਜੁਲ਼ਦਾ ਹੈ। ਪੇਂਟਿੰਗਜ਼ ਉੱਤੇ ਫਿੱਕੇ ਪਏ ਆਰਟਿਸਟ ਅੱਲ੍ਹਾ ਬਖ਼ਸ਼ ਦੇ ਹਸਤਾਖ਼ਰ ਮੁਦੱਸਰ ਬਸ਼ੀਰ ਨੇ ਪੜ੍ਹ ਕੇ ਦੱਸੇ ਅਤੇ ਮੈਨੂੰ ਦਿਖਾਏ। ਕਮਰੇ ਦੀਆਂ ਕੰਧਾਂ ਅੱਜ ਵੀ ਚੂਨੇ ਦੀਆਂ ਹੀ ਹਨ ਜੋ ਕਿ ਕਲੀ ਨਾਲ਼ ਪੋਚ ਕੇ ਸੰਵਾਰੀਆਂ ਹੋਈਆਂ ਸਨ। ਪੁਰਾਣੇ ਰੌਸ਼ਨਦਾਨ ਵੀ ਟੁੱਟੇ ਭੱਜੇ ਪਏ ਸਨ। ਕਮਰੇ ਦੇ ਮੱਧ ਵਿਚ ਇੱਕ ਉੱਚਾ ਥੜ੍ਹਾ ਮੌਜੂਦ ਹੈ ਜਿਸ ਉੱਤੇ ਇੱਕ ਚਾਦਰ ਵਿਛਾਈ ਹੋਈ ਸੀ। ਕੱਚੇ ਫ਼ਰਸ਼ ਤੇ ਲਾਲ ਰੰਗ ਦਾ ਕਾਲੀਨ ਵਿਛਿਆ ਹੋਇਆ ਸੀ ਜਿਸ ਉੱਤੇ ਚੂਨੇ ਦੀ ਗਰਦ ਜਮ੍ਹਾਂ ਹੋਈ ਪਈ ਸੀ। ਮੈਂ ਹਰ ਖੂੰਜਾ ਨਿਹਾਰ ਰਹੀ ਸੀ ਤਾਂ ਮੁਦੱਸਰ ਬਸ਼ੀਰ ਨੇ ਉਸ ਔਰਤ ਨੂੰ ਗੁਰਦਵਾਰਾ ਸਾਹਿਬ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਕਿਹਾ। ਮੈਂ ਜਿਵੇਂ ਹੀ ਫ਼ੋਨ ਦਾ ਕੈਮਰਾ ਵੀਡੀਓ ਬਣਾਉਣ ਲਈ ਆਨ ਕੀਤਾ ਤਾਂ ਉਸ ਔਰਤ ਨੇ ਚੋਖੀ ਹਿਚਕਚਾਹਟ ਦਿਖਾਈ ਅਤੇ ਕਿਹਾ, ”ਦੇਖੋ ਨਾ ਦੀਨ ਧਰਮ ਦਾ ਮਸਲਾ ਹੈ। ਸਿੱਖ ਰਵਾਇਤਾਂ ਦਾ ਅਸਾਂ ਨੂੰ ਇਲਮ ਕੋਈ ਨਹੀਂ। ਐਵੇਂ ਅਣਜਾਣੇ ਵਿਚ ਗੁਰੂ ਸਾਹਿਬ ਦੀ ਸ਼ਾਨ ਖ਼ਿਲਾਫ਼ ਕੋਈ ਉੱਚੀ ਨੀਵੀਂ ਗੱਲ ਕਹੀ ਗਈ ਤਾਂ ਡਾਢੀ ਗੁਸਤਾਖ਼ੀ ਹੋ ਜਾਵੇਗੀ। ਅਸੀਂ ਲੋਗ ਤਾਂ ਸੁਣੀ-ਸੁਣਾਈ ਗੱਲ ਦੱਸਦੇ ਹੋਂਦੇ ਹਾਂ। ਮੇਰਾ ਸ਼ੌਹਰ ਹੀ ਅਕਸਰ ਸਿੱਖ ਲੋਗਾਂ ਨੂੰ ਮਿਲ਼ਦਾ ਵੇ। ਅੱਜ ਉਹ ਕਿਸੀ ਕੰਮ ਦੀ ਵਜ੍ਹਾ ਨਾਲ਼ ਸ਼ਹਿਰੋਂ ਬਾਹਰ ਗਿਆ ਹੈ। ਕਦੀ-ਕਦਾਰ ਹੀ ਤਾਂ ਕੋਈ ਯਾਤਰੀ ਆਉਂਦਾ ਵੇ। ਅਸੀਂ ਤੇ ਸਾਰਾ ਟੱਬਰ ਹੀ ਸੇਵਾਦਾਰ ਹਾਂ ਜੀ ।” “ਬੜੀ ਮੁਕੱਦਸ ਥਾਂ ਤੇ ਸੇਵਾ ਲੱਗੀ ਹੈ ਜੀ। ਰੱਬ ਸਭ ਨੂੰ ਐਸਾ ਰਿਜ਼ਕ ਦੇਵੇ। ਸੱਚ ਨਾਲ਼ ਹੀ ਤੁਸੀਂ ਬਹੁਤ ਭਾਗਾਂ ਵਾਲ਼ੇ ਹੋ ਜੋ ਨਾਨਕ ਦੇ ਦਰ ਦੀ ਚਾਕਰੀ ਕਰਨੀ ਨਸੀਬ ਹੋਈ ਹੈ।” ਮੈਂ ਕਿਹਾ। “ਤੁਸਾਂ ਜਨਾਬ ਬੇਫ਼ਿਕਰ ਹੋ ਕੇ ਗੱਲ ਕਰੋ ਅਸੀਂ ਸਿਰਫ਼ ਆਡੀਓ ਰਿਕਾਰਡਿੰਗ ਕਰ ਲਵਾਂਗੇ। ਇਹ ਲਿਖਣ ਪੜ੍ਹਨ ਵਾਲ਼ੇ ਲੋਗ ਹਨ, ਪਹਿਲਾਂ ਵੀ ਦੋ ਪਾਕਿਸਤਾਨੀ ਫੇਰੀਆਂ ਉੱਤੇ ਦੋ ਸਫ਼ਰਨਾਮੇ ‘ਲੱਠੇ ਲੋਕ ਲਾਹੌਰ ਦੇ’ ਅਤੇ ‘ਰਾਵੀ ਦੇਸ ਹੋਇਆ ਪ੍ਰਦੇਸ’ ਗੁਰਮੁਖੀ ਵਿੱਚ ਲਿਖ ਕੇ ਚੜ੍ਹਦੇ ਪੰਜਾਬ ਨੂੰ ਦੇ ਚੁੱਕੇ ਹਨ। ਅੱਲ੍ਹਾ ਦੀ ਰਹਿਮਤ ਨਾਲ ਚੰਗੀ ਕਲਮ ਚਲਾਉਂਦੇ ਨੇ। ਇੰਸ਼ਾਅੱਲ੍ਹਾ ਅਗਰ ਇਸ ਵਾਰ ਐਸਾ ਕੁਝ ਕਰਨਾ ਚਾਹੁਣਗੇ ਤਾਂ ਕੰਮ ਕਰਨ ਵਿੱਚ ਡਾਢੀ ਸੌਖਤ ਰਵੇਗੀ।” ਮੁਦੱਸਰ ਬਸ਼ੀਰ ਨੇ ਆਪਦਾ ਫ਼ੋਨ ਵਰਤਦਿਆਂ ਕਿਹਾ। ਚੁੰਨੀ ਦੇ ਬੁੱਕਲ ਠੀਕ ਕਰਦਿਆਂ ਉਹ ਔਰਤ ਬੋਲਣ ਲੱਗੀ, “ਇਹ ਇੱਕ ਵੱਡੇ ਧਨਾਢ ਅਤੇ ਸ਼ਾਹੂਕਾਰ ਦੁਨੀ ਚੰਦ ਦੀ ਹਵੇਲੀ ਸੀ। ਲਾਹੌਰ ਸ਼ਹਿਰ ਵਿਚ ਉਸ ਦਾ ਨਾਮ ਬੋਲਦਾ ਸੀ। ਏਸ ਜਗ੍ਹਾ ਨੂੰ ਪਹਿਲੀ ਪਾਤਸ਼ਾਹੀ ਕਿਹਾ ਜਾਂਦਾ ਵੇ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਬਾਲੇ ਅਤੇ ਮਰਦਾਨੇ ਨਾਲ਼ ਇਸ ਥਾਂ ਤੇ ਬੈਠ ਕੇ ਪਵਿੱਤਰ ਜਪੁਜੀ ਸਾਹਿਬ ਦੀ ਬਾਣੀ ਰਚੀ ਸੀ।” ਮੇਰੇ ਮਨ ਵਿੱਚ ਵੀ ਸੁਣੀ ਗੱਲ ਆਈ ਕਿ ਗੁਰੂ ਸਾਹਿਬ ਕਹਿੰਦੇ ਹੋਣੇ ਨੇ, ਚੁੱਕ ਬਈ ਮਰਦਾਨਿਆਂ ਰਬਾਬ, ਧੁਰ ਕੀ ਬਾਣੀ ਆਈ ਹੈ। ਔਰਤ ਨੇ ਆਪਦੀ ਗੱਲ ਚਾਲੂ ਰੱਖਦਿਆਂ ਦੱਸਿਆ, “ਦੁਨੀ ਚੰਦ ਦੀ ਹਵੇਲੀ ਤੇ ਸੱਤ ਝੰਡੇ ਝੂਲਦੇ ਸਨ ਜਦ ਕਿ ਓਸ ਸਮੇਂ ਲਾਹੌਰ ਸ਼ਹਿਰ ਵਿੱਚ ਇੱਕ ਘਰ ਦੇ ਮਾਲਕ ਦੇ ਬੂਹੇ ਤੇ ਇੱਕ ਝੰਡਾ ਲੱਗਦਾ ਸੀ। ਇਸ ਗੱਲ ਤੋਂ ਤੁਸੀਂ ਹਿਸਾਬ ਲਾ ਲਵੋ ਕਿ ਉਸ ਕੋਲ ਕਿੰਨੀ ਮਾਲਕੀਅਤ ਸੀ। ਗੁਰੂ ਸਾਹਿਬ ਨੇ ਉਸ ਨੂੰ ਮਹਿਲ ਮੁਨਾਰਿਆਂ ਦਾ ਦੁਨਿਆਵੀ ਮੋਹ ਅਤੇ ਲਾਲਚ ਛੱਡਣ ਲਈ ਕਿਹਾ ਅਤੇ ਕੁਝ ਦੌਲਤ ਅਤੇ ਹਵੇਲੀਆਂ ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਦਾਨ ਪੁੰਨ ਕਰ ਦੇਣ ਲਈ ਕਿਹਾ। ਦੁਨੀ ਚੰਦ ਨੂੰ ਧਨ-ਦੌਲਤ ਨਾਲ ਅੰਤਾਂ ਦਾ ਮੋਹ ਸੀ। ਓਸ ਦਾ ਮੰਨਣਾ ਸੀ ਕਿ ਉਹ ਸਾਰੀ ਕਮਾਈ ਮਰਨ ਉਪਰੰਤ ਨਾਲ਼ ਲੈ ਕੇ ਜਾਵੇਗਾ। ਉਸ ਨੂੰ ਸਬਕ ਦੇਣ ਲਈ ਗੁਰੂ ਸਾਹਿਬ ਨੇ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਅਤੇ ਅਗਲੇ ਜਹਾਨ ਇਸ ਅਮਾਨਤ ਨੂੰ ਵਾਪਸ ਕਰਨ ਦਾ ਵਾਅਦਾ ਲਿਆ। ਦੁਨੀ ਚੰਦ ਨੇ ਘਰ ਜਾ ਕੇ ਗੁਰੂ ਸਾਹਿਬ ਦੀ ਸੂਈ ਵਾਲੀ ਸ਼ਰਤ ਬਾਰੇ ਆਪਦੀ ਬੇਗ਼ਮ ਨੂੰ ਦੱਸਿਆ ਤਾਂ ਉਸ ਨੇ ਝੱਟ ਆਪਦੇ ਸ਼ੌਹਰ ਨੂੰ ਗੁਰੂ ਸਾਹਿਬ ਕੋਲੋਂ ਭੁੱਲ ਬਖ਼ਸ਼ਾਉਣ ਲਈ ਕਿਹਾ। ਇਸ ਦੁਨੀਆ ਵਿਚ ਇਨਸਾਨ ਖ਼ਾਲੀ ਹੱਥ ਆਉਂਦਾ ਅਤੇ ਖ਼ਾਲੀ ਹੱਥ ਹੀ ਜਾਂਦਾ ਹੈ। ਤੁਸੀਂ ਬਹੁਤ ਵੱਡੀ ਗੁਸਤਾਖ਼ੀ ਕਰ ਰਹੇ ਹੋ। ਪਤਨੀ ਦੇ ਸਮਝਾਉਣ ਤੇ ਦੁਨੀ ਚੰਦ ਸੂਈ ਮੋੜਨ ਆਇਆ ਗੁਰੂ ਨਾਨਕ ਦੇਵ ਜੀ ਦੇ ਚਰਨੀਂ ਡਿੱਗ ਪਿਆ ਅਤੇ ਮੁਆਫ਼ੀ ਮੰਗੀ। ਗ਼ਰੀਬਾਂ ਵਿੱਚ ਸਾਰੀ ਦੌਲਤ ਤਕਸੀਮ ਕਰ ਦਿੱਤੀ ਅਤੇ ਵੈਰਾਗੀ ਹੋ ਗਿਆ। ਗੁਰੂ ਨੇ ਉਸ ਨੂੰ ਗਲ਼ ਨਾਲ਼ ਲਾਇਆ। ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਉਚਾਰਨ ਕਰ ਕੇ ਗਏ ਸਨ। ਬੱਸ ਇਹੀ ਇਤਿਹਾਸ ਹੈ ਇਸ ਸਥਾਨ ਦਾ।” “ਤੁਸੀਂ ਕੁਝ ਸਮਾਂ ਦੁਆ ਬੰਦਗੀ ਕਰ ਲਵੋ ਅਸੀਂ ਬਾਹਰ ਰੁਕਨੇ ਵਾਂ।” ਮੁਦੱਸਰ ਨੇ ਕਿਹਾ ਅਤੇ ਉਹ ਤਿੰਨੋ ਬਾਹਰ ਵਿਹੜੇ ਵਿਚ ਚਲੇ ਗਏ। ਬੱਸ ਮੈਂ ਤੇ ਮੇਰਾ ਬਾਬਾ ਸੀ ਉੱਥੇ। ਮੇਰੇ ਨੈਣ ਮੋਹ ਅਤੇ ਵੈਰਾਗ ਵੱਸ ਸਿੱਲ੍ਹੇ ਹੋ ਗਏ ਸਨ। ਪਾਕ ਪਵਿੱਤਰ ਥਾਂ ਤੇ ਖੜ੍ਹੀ ਮੇਰੀ ਰੂਹ ਵੀ ਫੁੱਲ ਵਰਗੀ ਹੌਲ਼ੀ ਹੋਈ ਪਈ ਸੀ। ਗੁਰੂ ਸਾਹਿਬ ਦੀ ਰਚੀ ਬਾਣੀ ਸ੍ਰੀ ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਮੈਂ ਉੱਚੀ ਉੱਚੀ ਗਾ ਕੇ ਪੜ੍ਹੀਆਂ। ਪਹਿਲੀ ਵਾਰ ਆਪਦੀ ਅਵਾਜ਼ ਏਨੀ ਸਕੂਨਦੇਹ ਲੱਗੀ ਸੀ। “ਤੇਰਾ ਭਾਣਾ ਮੀਠਾ ਲਾਗੇ, “ਇਹ ਨਾਮ ਖ਼ੁਮਾਰੀ ਦੀ ਮੰਗ ਤਾਂ ਬਾਬੇ ਤੂੰ ਹੀ ਮੰਗ ਸਕਦਾ ਸੀ। ਅਸੀਂ ਤਾਂ ਦੁਨੀਆਦਾਰੀ ਵਿਚ ਫਸੇ ਲੋਕ ਝੂਠੀ ਮੂਠੀ ਹੀ ਤੋਤੇ ਵਾਂਗ ਰਟੀ-ਰਟਾਈ ਗੁਰਬਾਣੀ ਦਾ ਪਾਠ ਪੜ੍ਹਦੇ ਰਹਿੰਦੇ ਹਾਂ। ਅਮਲ ਕਰਨ ਦਾ ਬਲ ਤਾਂ ਉੱਕਾ ਹੀ ਨਹੀਂ। ਤੇਰੇ ਤੋਂ ਕਾਹਦਾ ਪਰਦਾ? ਭਾਣਾ ਮੰਨਣਾ ਕਿਤੇ ਸੌਖਾ ਹੈ? ਇਹ ਤਾਕਤ ਵੀ ਜੇ ਤੂੰ ਹੀ ਬਖ਼ਸ਼ੇਂ ਤਾਂ ਬੰਦਾ ਸਬਰ ਕਰ ਸਕਦਾ ਹੈ।” ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਜ ਮੈਂ ਆਪਦੇ ਬਾਬੇ ਦੇ ਰੂਬਰੂ ਹੋਈ ਹਾਂ ਅਤੇ ਆਪਦੇ ਪੁੱਤ ਕੰਵਰ ਨੂੰ ਅਸਲੋਂ ਬਾਬੇ ਦੇ ਸਪੁਰਦ ਕਰ ਸਕੀ ਹੋਵਾਂ। ਵੈਰਾਗ ਸਿਖ਼ਰਾਂ ਤੇ ਸੀ ਪਰ ਮਨ ਧਰਵਾਸ ਵਿਚ ਸੀ। ਅੱਖਾਂ ਖੋਲੀਆਂ ਤਾਂ ਦੇਖਿਆ ਹੁਜ਼ੈਲਾ ਅਤੇ ਮੁਦੱਸਰ ਵੀ ਇੱਕ ਖੂੰਜੇ ਹੱਥ ਜੋੜੀ ਬੈਠੇ ਸਨ। ਮੇਰੀ ਹਾਲਤ ਇੰਝ ਦੀ ਸੀ ਜਿਵੇਂ ਕਿ ਭਰੀ ਬੱਦਲੀ ਬਰਸ ਕੇ ਹਲਕੀ ਹੋਈ ਪਈ ਹੋਵੇ। ਪਰ ਮੇਰਾ ਮਨ ਪ੍ਰੀਤਮ ਪਿਆਰੇ ਨਾਲ਼ ਬਿਤਾਏ ਇਬਾਦਤੀ ਪਲਾਂ ਕਾਰਨ ਸੁਖਦ ਅਵਸਥਾ ਵਿੱਚ ਸੀ। “ਇੱਥੇ ਵੈਕਿਊਮ ਕਲੀਨਰ ਮਿਲ਼ ਜਾਵੇਗਾ?” ਕਾਲੀਨ ਤੇ ਪਈ ਗਰਦ ਵੱਲ ਤੱਕਦਿਆਂ ਮੈਂ ਪੁੱਛਿਆ। “ਦੇਖ ਲੈਂਦੇ ਹਾਂ। ਇੱਕ ਦਮ ਭਾਵੁਕ ਨਾ ਹੋਵੋ। ਇਹ ਉਕਾਬ ਮਹਿਕਮੇ ਦੇ ਲੋਗ ਪਤਾ ਨਹੀਂ ਕਦੋਂ ਕਿੱਥੇ ਜਾ ਨੌਕਰੀ ਕਰਨ ਲੱਗਣ। ਮੇਰਾ ਮਤਲਬ ਇਨ੍ਹਾਂ ਲੋਗਾਂ ਦੀ ਬਦਲੀ ਹੋਂਦੀ ਰਹਿੰਦੀ ਏ ਜਨਾਬ। ਕੋਈ ਪੱਕਾ ਜ਼ਿੰਮੇਵਾਰ ਅਧਿਕਾਰੀ ਹੋਵੇ ਤਾਂ ਗੱਲ ਹੋਰ ਹੋਂਦੀ। ਤੁਹਾਡੀ ਸ਼ਿੱਦਤ ਸਹੀ ਮਾਅਨਿਆਂ ਵਿੱਚ ਇਸਤੇਮਾਲ ਹੋਵੇ ਤਾਂ ਆਪਾਂ ਜ਼ਰੂਰ ਇਸ ਗੱਲ ਤੇ ਵਿਚਾਰ ਫ਼ਰਮਾਵਾਂਗੇ।” ਮੁਦੱਸਰ ਬਸ਼ੀਰ ਅਸਲੀ ਹਾਲਾਤ ਤੋਂ ਜਾਣੂ ਹੁੰਦਾ ਬੋਲਿਆ। ਕਮਰੇ ਦੇ ਵਿਚਕਾਰ ਬਣੇ ਚੌਰਸ ਥੜੇ ਤੇ ਮੈਂ ਮੱਥਾ ਟੇਕਿਆ ਅਤੇ ਮਨੋਂ-ਮਨ ਸੋਚਿਆ ਕਿ ਸ਼ਾਇਦ ਇਸ ਥੜ੍ਹੇ ਤੇ ਬੈਠ ਕੇ ਹੀ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੋਵੇ। ਇੱਥੇ ਹੀ ਸਾਹਮਣੇ ਬਾਲਾ ਅਤੇ ਮਰਦਾਨਾ ਬੈਠੇ ਹੋਣੇ ਨੇ। ਮੇਰਾ ਤਸੱਵਰ ਅਤੇ ਕਲਪਨਾ ਖੰਭ ਲਾ ਕੇ ਉੱਡ ਰਹੇ ਲੱਗਦੇ ਸਨ। ਮਨ ਵਿੱਚ ਇੱਛਾ ਹੋਈ ਕਿ ਕਾਸ਼ ਮੈਂ ਇੱਥੋਂ ਪ੍ਰਸ਼ਾਦ ਹੀ ਘਰਦਿਆਂ ਲਈ ਲਿਜਾ ਸਕਦੀ। ਫਿਰ ਮੇਰਾ ਬਾਬਾ ਨਾਨਕ ਅਗੰਮੀ ਸ਼ਕਤੀ ਵਰਤਾ ਹੀ ਗਿਆ। ਸੱਚ ਨਾਲ ਹੀ ਮੇਰੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ ਜਦੋਂ ਮੁਦੱਸਰ ਬਸ਼ੀਰ ਨੇ ਬਾਹਰ ਨਿਕਲਦਿਆਂ ਸਾਰ ਹੀ ਕਿਹਾ, “ਇਹ “ਬੰਦਿਆਂ ਵਿਚ ਵੱਸ ਕੇ ਮੇਰਾ ਬਾਬਾ ਕਿਵੇਂ ਰਹਿਮਤਾਂ ਬਖ਼ਸ਼ ਦਿੰਦਾ ਹੈ। ਆਸਥਾ ਵਿੱਚ ਕੋਈ ਸ਼ੰਕਾ ਦੀ ਗੁੰਜਾਇਸ਼ ਹੀ ਨਹੀਂ ਛੱਡਦਾ। ਉਸ ਦੀ ਅਗੰਮੀ ਸ਼ਕਤੀ ਦਾ ਹੁਣ ਕੋਈ ਹੋਰ ਸਬੂਤ ਮੈਨੂੰ ਨਹੀਂ ਚਾਹੀਦਾ।” ਮੈਂ ਸਵੈ-ਸੰਵਾਦ ਕਰਦਿਆਂ ਕਿਹਾ। ਅਸੀਂ ਕੇਕ ਰਸ ਤੇ ਖਾਤੀਆਂ ਖ਼ਰੀਦਣ ਦੁਕਾਨ ਵਿੱਚ ਵੜੇ ਤਾਂ ਇੱਕ ਬਿੱਲੀ ਇੰਜ ਮੇਰੇ ਵੱਲ ਭੱਜ ਕੇ ਆਈ ਜਿਵੇਂ ਮੈਂ ਉਸ ਨੂੰ ਮਸਾਂ ਹੀ ਲੱਭੀ ਹੋਵਾਂ। ਦੁਕਾਨ ਵਿਚ ਗਾਹਕਾਂ ਦੀ ਭੀੜ ਸੀ ਪਰ ਉਹ ਮੇਰੇ ਪੈਰਾਂ ਵਿਚ ਲਿਟ-ਲਿਟ ਕੇ ਅੰਤਾਂ ਦਾ ਲਾਡ ਕਰਦੀ ਸੀ। ਮੇਰੇ ਪੈਰਾਂ ਉੱਤੇ ਆਪਦੀ ਕੰਗਰੋਡ ਵਿਛਾ ਕੇ ਜਾਂ ਤਾਂ ਉਹ ਪਿਆਰ ਦਾ ਇਜ਼ਹਾਰ ਕਰ ਰਹੀ ਸੀ ਜਾਂ ਫਿਰ ਮੇਰਾ ਦੁੱਖ ਵੰਡਾ ਰਹੀ ਲੱਗੀ। ਸਭ ਲੋਕ ਦੇਖ ਕੇ ਹੈਰਾਨ ਹੋ ਰਹੇ ਸਨ। ਉਸ ਨੂੰ ਖਾਣ ਲਈ ਕੁਝ ਪਾਉਣ ਬਾਰੇ ਜਦ ਮੈਂ ਦੁਕਾਨਦਾਰ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਦੁਕਾਨਦਾਰ ਸਵੇਰੇ ਸ਼ਾਮ ਉਸ ਦੀ ਰਜਵੀਂ ਖ਼ੁਰਾਕ ਦਾ ਜ਼ਿੰਮਾ ਚੁੱਕਦਾ ਹੈ ਭਾਵੇਂ ਕਿ ਉਹ ਪਾਲਤੂ ਬਿੱਲੀ ਨਹੀਂ ਸੀ। ਸੋ ਉਹ ਹਰਗਿਜ਼ ਭੁੱਖੀ ਵੀ ਨਹੀਂ ਸੀ। ਬੱਸ ਜਿਵੇਂ ਮੈਨੂੰ ਮੋਹ-ਮੁਹੱਬਤ ਅਤੇ ਧਰਵਾਸ ਦੇਣ ਆਈ ਹੋਵੇ। ਜਾਨਵਰਾਂ ਨੂੰ ਸਮਝਣ ਦੀ ਥੋੜੀ ਬਹੁਤ ਸੋਝੀ ਮੈਨੂੰ ਕੁਦਰਤ ਨੇ ਬਖ਼ਸ਼ੀ ਹੈ ਜੋ ਕਿ ਮੈਂ ਪਰਵਰਦਿਗਾਰ ਦੀ ਰਹਿਮਤ ਮੰਨਦੀ ਹਾਂ। ਵਾਪਸੀ ਦੌਰਾਨ ਬਾਜ਼ਾਰ ਵਿੱਚੋਂ ਤੁਰੀ ਜਾਂਦੀ ਮੈਂ ਸੋਚ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਿਨਾਂ ਵੀ ਖ਼ਾਲੀ ਦੋ ਤਸਵੀਰਾਂ ਵਾਲ਼ੇ ਗੁਰਦਵਾਰੇ ਦੀਆਂ ਕੰਧਾਂ ਨੇ ਹੀ ਮੇਰੇ ਗੁਰੂ ਦੀ ਮਹਿਕ ਸਦੀਵੀ ਤੌਰ ਤੇ ਸਾਂਭ ਰੱਖੀ ਹੈ। ਸੰਗਮਰਮਰ ਦੇ ਪੱਥਰ ਲਾ ਕੇ ਕਰਮ-ਕਾਂਡਾਂ ਵਿੱਚ ਪਿਆ ਇਨਸਾਨ ਆਪਦੀ ਧਨ-ਦੌਲਤ ਅਤੇ ਆਸਥਾ ਦਾ ਭਰਮ ਹੀ ਪਾਲ਼ਦਾ ਹੈ, ਪਰ ਕਈ ਵਾਰ ਹਉਮੈ ਅਤੇ ਹੰਕਾਰ ਨਾਲ਼ ਸੋਨੇ ਨੂੰ ਵੀ ਲੋਹਾ ਬਣਾ ਦਿੰਦਾ ਹੈ। ਵਿੱਛੜੇ ਗੁਰਧਾਮਾਂ ਦੀ ਸੇਵਾ ਸੰਭਾਲ਼ ਖ਼ਾਲਸਾ ਜੀ ਨੂੰ ਬਖ਼ਸ਼ਣ ਦੀ ਰੋਜ਼ ਅਰਦਾਸ ਕਰਦੇ ਹਾਂ। ਕਾਸ਼ ਅਸੀਂ ਆਪਦੇ ਧਰਮ ਅਸਥਾਨਾਂ ਨੂੰ ਵਪਾਰਕ ਕੇਂਦਰ ਬਣਾਉਣ ਤੋਂ ਬਾਜ ਆ ਜਾਈਏ ਅਤੇ ਮੇਰੇ ਬਾਬੇ ਦੀ ਦਿੱਤੀ ਕਿਰਤ ਕਰੋ ਅਤੇ ਵੰਡ ਛਕੋ ਦੀ ਸਿੱਖਿਆ ਤੇ ਅਮਲ ਕਰ ਸਕੀਏ। ਮੇਰੇ ਬਾਬੇ ਦੀ ਚਰਨ-ਛੋਹ ਪ੍ਰਾਪਤ ਅਣਗੌਲੀ ਜਗ੍ਹਾ ਬਾਰੇ ਸੋਚ ਕੇ ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥ ਮੇਰੀ ਤੇ ਮੇਰੇ ਬਾਬੇ ਦੀ ਇਹ ਮਿਲ਼ਣੀ ਮੇਰੀ ਜ਼ਿੰਦਗੀ ਨੂੰ ਇੱਕ ਵਾਰ ਫਿਰ ਜਿਊਣ ਜੋਗਾ ਜ਼ਰੂਰ ਕਰ ਗਈ, ਇਹ ਮੇਰਾ ਯਕੀਨ ਹੈ। ਭਾਵੇਂ ਉਹਨਾਂ ਤਿਲਿਸਮੀ ਪਲਾਂ ਦੀ ਯਾਦ ਦਾ ਦੀਵਾ ਤਾਂ ਮੇਰੀ ਹਿੱਕ ਵਿੱਚ ਤਾ-ਉਮਰ ਬਲ਼ਦਾ ਰਹੇਗਾ ਪਰ ਸ਼ਬਦੀ ਅਕੀਦਤ ਰਾਹੀਂ ਉਸ ਫੇਰੀ ਨੂੰ ਸਾਂਭਣ ਦਾ ਆਹਰ ਅਤੇ ਤੁਹਾਡੇ ਸਭ ਨਾਲ਼ ਸਾਂਝਾ ਕਰਨ ਦਾ ਉਪਰਾਲਾ ਵੀ ਪੁਰਸਕੂਨ ਅਹਿਸਾਸ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਹਰਕੀਰਤ ਕੌਰ ਚਹਿਲ:
ਮੈਂ ਪਿੰਡ ਖੇੜਾ ਜਿਲ੍ਹਾ ਲੁਧਿਆਣਾ ਦੀ ਜੰਮਪਲ਼ ਹਾਂ। ਮੇਰੇ ਪਿਤਾ ਸ਼ ਸ਼ੇਰ ਸਿੰਘ ਇਲੈਕਟ੍ਰੀਕਲ ਇੰਜੀਨੀਅਰ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਇੱਕ ਘਰੇਲੂ ਔਰਤ ਹਨ। ਤਿੰਨ ਭੈਣ ਭਰਾਵਾਂ ਵਿੱਚੋਂ ਮੈਂ ਵੱਡੀ ਅਤੇ ਛੋਟੇ ਦੋਵੇਂ ਆਸਟਰੇਲੀਆ ਵਿੱਚ ਡਾਕਟਰ ਹਨ।
ਹਾਈ ਸਕੂਲੀ ਸਿੱਖਿਆ ਲੁਧਿਆਣੇ ਦੇ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਤੋਂ ਹੋਸਟਲ ਰਹਿ ਕੇ ਪ੍ਰਾਪਤ ਕੀਤੀ। ਸਾਢੇ ਤੇਰਾਂ ਸਾਲ ਦੀ ਛੋਟੀ ਉਮਰ ਵਿੱਚ ਮੈਟ੍ਰਿਕ ਕਰਕੇ 1983 ਵਿੱਚ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਵਿਖੇ ਬੀ.ਐਸ.ਸੀ. ਦੀ ਡਿਗਰੀ ਕਰਨ ਲੱਗ ਪਈ। ਕਾਲਜ ਆਫ ਐਗਰੀਕਲਚਰ ਤੋਂ ਮੈਂ ਬੀ.ਐਡ. ਕੀਤੀ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮੈਂ ਸਾਹਿਤਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਸੀ। ਪੰਜਾਬ ਦਾ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਤਿੰਨ ਸਾਲ ਕਪਤਾਨ ਹੋਣ ਦੇ ਨਾਲ ਨਾਲ ਬੈਸਟ ਡਾਂਸਰ ਵੀ ਬਣੀ। ਖੇਡਾਂ ਪ੍ਰਤੀ ਰੁਝਾਨ ਹੋਣ ਕਾਰਨ ਮੈਂ ਪੀ.ਏ. ਯੂ. ਦੀ ਹਾਕੀ ਦੀ ਟੀਮ ਵਿੱਚ ਲੈਫਟ ਹਾਫ਼ ਪੁਜ਼ੀਸ਼ਨ ਤੇ ਖੇਡਦਿਆਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤੱਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਬੀ.ਐਡ. ਦੀ ਪੜ੍ਹਾਈ ਖਤਮ ਹੁੰਦਿਆਂ ਹੀ ਮੇਰਾ ਵਿਆਹ ਡਾ. ਕੁਲਦੀਪ ਸਿੰਘ ਚਹਿਲ ਨਾਲ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮੈਂ ਦੂਰ-ਸੰਚਾਰ ਵਿਭਾਗ ਰਾਂਹੀ ਐਮ. ਏ. ਪੰਜਾਬੀ ਸ਼ੁਰੂ ਕਰ ਦਿੱਤੀ ਜਿਸ ਦਾ ਭਾਗ ਪਹਿਲਾ ਤਾਂ ਮੁਕੰਮਲ ਹੋ ਗਿਆ ਸੀ ਪ੍ਰੰਤੂ ਪਰਿਵਾਰਕ ਜ਼ੁੰਮੇਵਾਰੀਆਂ ਕਾਰਨ ਡਿਗਰੀ ਪੂਰੀ ਨਾ ਕਰ ਸਕੀ। 1993 ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਜੋ ਕਿ ਮੇਰਾ ਜਨੂੰਨ ਸੀ। ਫੇਰ ਪਟਿਆਲ਼ੇ ਦੀ ਬਦਲੀ ਹੋਣ ਕਾਰਨ ਸੰਨ 2000 ਵਿੱਚ ਬੁੱਢਾ ਦਲ ਪਬਲਿਕ ਸਕੂਲ ਜੁਆਇਨ ਕੀਤਾ। ਮੇਰੇ ਕੰਮ ਅਤੇ ਹਿੰਮਤੀ ਵਤੀਰੇ ਕਾਰਨ ਮੈਨੇਜਮੈਂਟ ਨੇ ਮੈਨੂੰ ਜੂਨੀਅਰ ਵਿੰਗ ਦੀ ਪ੍ਰਿੰਸੀਪਲ ਬਣਾ ਦਿੱਤਾ ਜੋ ਕਿ ਪੰਜ ਸਾਲ ਮੈਂ ਪੂਰੀ ਸ਼ਿੱਦਤ ਨਾਲ ਨਿਭਾਇਆ।
2005 ਵਿੱਚ ਸਕਿਲਡ ਕੈਟਾਗਰੀ/ ਪੁਆਇੰਟ ਸਿਸਟਮ ਤੇ ਕਨੇਡਾ ਦੀ ਪੀ.ਆਰ. ਆ ਗਈ। ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀ ਖ਼ੂਬਸੂਰਤ ਧਰਤੀ ਤੇ ਆਣ ਕੇ ਪੱਬ ਧਰੇ। ਸਾਲ ਕੁ ਦੀ ਜੱਦੋ-ਜਹਿਦ ਬਾਦ ਮੈਨੂੰ ਕਨੇਡੀਅਨ ਅਧਿਆਪਕ ਦਾ ਲਾਇਸੰਸ ਮਿਲ ਗਿਆ 2006-2012 ਤੱਕ ਮੈਂ ਰਿਚਮੰਡ ਦੇ ਸਕੂਲ ਵਿੱਚ ਅਧਿਆਪਕ ਰਹੀ।
2012 ਵਿੱਚ ਮੈਂ ਚਿਆਮ ਵਿਊ ਵੈਟਰਨਰੀ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ਼ ਲਿਆ ਜੋ ਕਿ ਪਰਿਵਾਰਕ ਕਾਰੋਬਾਰ ਸੀ। ਆਪਦਾ ਜਨੂੰਨ ਛੱਡ ਚੁਨੌਤੀ ਭਰਿਆ ਕੰਮ ਸਵੀਕਾਰਨਾ ਔਖਾ ਸੀ ਪਰ ਮੈਂ ਫੈਸਲਾ ਲੈਣ ਵਿੱਚ ਜ਼ਰਾ ਗੁਰੇਜ਼ ਨਾ ਕੀਤਾ। ਅੱਜ-ਕੱਲ੍ਹ ਖ਼ੂਬਸੂਰਤ ਵਾਦੀ “ਚਿਲੀਵੈਕ” ਵਿੱਚ ਮੇਰਾ ਦੌਲਤਖ਼ਾਨਾ ਹੈ।
ਰੂਹ ਰਾਜ਼ੀ ਕਰਨ ਦਾ ਸਬੱਬ ਸ਼ਬਦੀ ਸਾਂਝ ਰਹੀ ਜੋ ਕਿ ਪਰਵਾਸ ਦੇ ਨਾਲ ਹੀ ਮੇਰੀਆਂ ਬਰੂਹਾਂ ਤੇ ਆਣ ਖਲੋਤੀ ਸੀ। ਛੋਟੀਆਂ ਨਜ਼ਮਾਂ ਕਦੋਂ ਜੁਆਨ ਹੋ ਕੇ ਕਹਾਣੀਆਂ ਬਣਨ ਲੱਗੀਆਂ ਪਤਾ ਹੀ ਨਹੀਂ ਲੱਗਿਆ।
ਕਹਾਣੀ ਸੰਗ੍ਰਹਿ:
2016 ਕਹਾਣੀ ਸੰਗ੍ਰਹਿ “ ਪਰੀਆਂ ਸੰਗ ਪਰਵਾਜ਼” ਛਪ ਕੇ ਆਇਆ ਤਾਂ ਸਾਹਿਤ ਜਗਤ ਵਿੱਚ ਖ਼ੂਬ ਪ੍ਰਵਾਨ ਹੋਇਆ।
2024 ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ”
ਨਾਵਲ:
2017 ਵਿੱਚ ਮੇਰੀ ਲੰਬੀ ਕਹਾਣੀ “ਤੇਰੇ ਬਾਝੋਂ” ਨਾਵਲ ਦਾ ਰੂਪ ਧਾਰਨ ਕਰ ਗਈ ਤੇ ਛਪ ਗਈ।
2018 ਵਿੱਚ ਵੱਡ-ਅਕਾਰੀ ਨਾਵਲ “ਥੋਹਰਾਂ ਦੇ ਫੁੱਲ” ਆਇਆ
2019 ਵਿੱਚ ਤੀਜਾ ਨਾਵਲ “ਆਦਮ-ਗ੍ਰਹਿਣ” ਲਿਖਿਆ ਜਿਸਦਾ ਹੁਣ ਤੱਕ ਚਾਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਿਆ ਹੈ।
“ਤੀਜੀ ਮਖ਼ਲੂਕ” ਸ਼ਾਹਮੁਖੀ ਵਿੱਚ ਪਾਕਿਸਤਾਨ ਛਪਿਆ
Eclipded Humanity ਅੰਗਰੇਜ਼ੀ
ਅਤੇ ਆਦਮ-ਗ੍ਰਹਿਣ (ਹਿੰਦੀ) ਇੰਡੀਆ ਨੈੱਟ ਪਬਲੀਕੇਸ਼ਨ ਦਿੱਲੀ।
2020 ਵਿੱਚ ਸਵੈ-ਜੀਵਨੀ ਅੰਸ਼ “ਇੰਜ ਪ੍ਰਦੇਸਣ ਹੋਈ”
2021 ਵਿੱਚ ਲਾਹੌਰ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ”,
2022 ਵਿੱਚ ਨਾਵਲ ਚੰਨਣ ਰੁੱਖ,
2023 ਸਫ਼ਰਨਾਮਾ “ਰਾਵੀ ਦੇਸ ਹੋਇਆ ਪ੍ਰਦੇਸ” ਆਇਆ।
ਵੰਡ ਤੇ ਅਧਾਰਿਤ ਨਾਵਲ “ਚਿਰਾਗ਼ਾਂ ਵਾਲੀ ਰਾਤ” ਅਤੇ ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਵੀ ਆ ਗਿਆ ਹੈ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।
ਮੇਰੀਆਂ ਰਚਨਾਵਾਂ ਨੂੰ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਜਿੰਨਾ ਵਿੱਚ ਲੁਧਿਆਣਾ, ਪਟਿਆਲ਼ਾ, ਕੋਟਕਪੁਰਾ, ਮੋਗਾ, ਮਾਨਸਾ ਦੇ ਸਾਹਿਤਕ ਮੰਚਾਂ ਨੇ ਪਛਾਣਿਆ ਅਤੇ ਸਨਮਾਨਿਤ ਕੀਤਾ। ਮੇਰੀ ਕਹਾਣੀ “ਭੜਾਸ” ਨੂੰ ਮਾਨ ਯਾਦਗਾਰੀ ਸਮਾਰੋਹ ਵਿੱਚ ਸਰਵੋਤਮ ਕਹਾਣੀਆਂ ਵਿੱਚ ਚੁਣ ਕੇ ਕੈਨੇਡਾ ਵਿੱਚ ਸਨਮਾਨ ਦਿੱਤਾ ਗਿਆ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।
ਅੈਵਾਰਡ:
1 ਢਾਹਾਂ ਅੰਤਰ-ਰਾਸ਼ਟਰੀ ਅਵਾਰਡ 2020
2. ਡਾ ਆਤਮ ਹਮਰਾਹੀ ਅਵਾਰਡ 2022
3. ਦਿਲ ਦਰਿਆ ਸੰਸਥਾ ਵੱਲੋ ‘ਆਦਮ ਗ੍ਰਹਿਣ’ ਨਾਵਲ ਨੂੰ ਸਰਵੋਤਮ ਨਾਵਲ 2021
4. ਸ. ਭਾਗ ਸਿੰਘ ਅਤੇ ਸੁਰਜੀਤ ਕੌਰ ਮੈਮੋਰੀਅਲ ਐਵਾਰਡ
5. ਵਾਰਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ 2023 ਲਾਹੌਰ ਵਿੱਚ ਮਿਲਿਆ।