ਡਾ. ਰਾਮ ਸਰਨ ਸੇਠੀ ਦੇ ਵਿਹੜੇ ਵਿਚ ਰੋਜ਼ਾਨਾ ਆਉਣ ਵਾਲ਼ੇ ਵੱਖ-ਵੱਖ ਕਿਸਮ ਦੇ ਪੰਛੀ ਰਾਮ ਸਰਨ ਨੂੰ ਉਡੀਕ ਰਹੇ ਸਨ। ਰਾਮ ਸਰਨ ਦਿਨ ਵਿਚ ਦੋ ਵਾਰੀ ਆਪਣੇ ਵਿਹੜੇ ਵਿਚ ਰੱਖੇ ਬੈਂਚ ਤੇ ਬੈਠ ਕੇ ਪੰਛੀਆਂ ਨੂੰ ਚੋਗਾ ਪਾਉਂਦਾ ਸੀ। ਪੰਛੀ ਰਾਮ ਸਰਨ ਦੇ ਆਲ਼ੇ-ਦੁਆਲ਼ੇ ਅਤੇ ਉਸ ਦੇ ਪੈਰਾਂ ਵਿਚ ਫਿਰਦੇ ਦਾਣੇ ਚੁਗ-ਚੁਗ ਖਾਂਦੇ ਰਹਿੰਦੇ ਅਤੇ ਰਾਮ ਸਰਨ ਉਨ੍ਹਾਂ ਵੱਲ ਵੇਖਦਾ ਆਪਣਾ ਦਿਲ ਪਰਚਾਉਂਦਾ ਰਹਿੰਦਾ। ਰਾਮ ਸਰਨ ਨੇ ਦਿਨ ਵਿਚ ਦੋ ਵਾਰੀ ਵਿਹੜੇ ਵਿਚ ਬੈਠ ਕੇ ਪੰਛੀਆਂ ਨੂੰ ਚੋਗ਼ਾ ਪਾਉਣ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ ਅਤੇ ਉਹ ਕਦੇ ਵੀ ਉਸ ਸਮੇਂ ਤੋਂ ਲੇਟ ਨਹੀਂ ਸੀ ਹੁੰਦਾ। ਕੱਲ੍ਹ ਅਤੇ ਅੱਜ ਪੰਛੀ ਦੋਵੇਂ ਨਿਸ਼ਚਿਤ ਸਮਿਆਂ ਤੇ ਵਿਹੜੇ ਵਿਚ ਆ ਕੇ ਬੈਠੇ ਸਨ ਪਰ ਰਾਮ ਸਰਨ ਨਹੀਂ ਸੀ ਆਇਆ। ਦੋਵੇਂ ਵਾਰੀ ਪੰਛੀ ਕਾਫ਼ੀ ਦੇਰ ਉਡੀਕਦੇ ਰਹੇ ਪਰ ਅਖੀਰ ਉਦਾਸ ਹੋ ਕੇ ਦੋਵੇਂ ਵਾਰੀ ਉੱਡ ਗਏ। ਧਨਪਤ ਰਾਏ ਸੇਠੀ ਦਾ ਇਕੋ-ਇਕ ਬੇਟਾ ਰਾਮ ਸਰਨ ਸੀ, ਬੇਟੀ ਕੋਈ ਨਹੀਂ ਸੀ। ਧਨਪਤ ਰਾਏ ਸੇਠੀ ਦੀ ਪਤਨੀ ਸਰੋਜ ਪੰਜ ਜਮਾਤਾਂ ਪੜ੍ਹੀ ਹੋਈ ਸੀ। ਉਹ ਘਰ ਸੰਭਾਲਣ ਵਿਚ ਮਾਹਿਰ ਸੀ। ਸਰੋਜ ਨੇ ਰਾਮ ਸਰਨ ਨੂੰ ਬਹੁਤ ਵਧੀਆ ਸਿੱਖਿਆ ਦੇ ਕੇ ਪਾਲ਼ਿਆ ਸੀ। ਰਾਮ ਸਰਨ ਬਹੁਤ ਹੀ ਹੋਣਹਾਰ ਬੱਚਾ ਨਿਕਲ਼ਿਆ। ਉਹ ਹਰ ਇਨਸਾਨ ਨਾਲ਼ ਬਹੁਤ ਇੱਜ਼ਤ ਅਤੇ ਸਲੀਕੇ ਨਾਲ਼ ਗੱਲ ਕਰਦਾ। ਸਰੋਜ ਨੇ ਰਾਮ ਸਰਨ ਨੂੰ ਲੋਕਾਂ ਨਾਲ਼ ਚੰਗਾ ਵਿਵਹਾਰ ਕਰਨਾ ਸਿਖਾਇਆ, ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਸਿਖਾਈ, ਅਤੇ ਜਾਨਵਰਾਂ ਅਤੇ ਪੰਛੀਆਂ ਨੂੰ ਪਿਆਰ ਨਾਲ਼ ਦੇਖਣਾ ਸਿਖਾਇਆ। ਰਾਮ ਸਰਨ ਨੂੰ ਸਿੱਖਿਆ ਮਿਲ਼ੀ ਸੀ ਕਿ ਕਦੇ ਵੀ ਕਿਸੇ ਪਸ਼ੂ-ਪੰਛੀ ਨੂੰ ਦੁੱਖ ਨਾ ਦੇਵੋ ਅਤੇ ਨੁਕਸਾਨ ਨਾ ਪਹੁੰਚਾਓ। ਰਾਮ ਸਰਨ ਨੇ ਸਕੂਲ ਦੀ ਵਿੱਦਿਆ ਆਪਣੇ ਘਰ ਦੇ ਨੇੜੇ ਦੇ ਸਰਕਾਰੀ ਸਕੂਲ ਤੋਂ ਹੀ ਹਾਸਲ ਕੀਤੀ। ਫਿਰ ਉਸ ਨੇ ਡੀ.ਏ.ਵੀ. ਕਾਲਜ ਜਲੰਧਰ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕਰ ਲਈ। ਕਾਲਜ ਵਿਚ ਪੜ੍ਹਦਿਆਂ ਉਸ ਨੇ ਸਾਈਕਾਲੋਜੀ ਦਾ ਇਕ ਵਿਸ਼ਾ ਲਿਆ ਸੀ ਜੋ ਉਸ ਨੂੰ ਬਹੁਤ ਪਸੰਦ ਆਇਆ ਸੀ। ਸਾਈਕਾਲੋਜੀ ਦੀ ਐੱਮ.ਏ. ਕਰਨ ਲਈ ਉਸ ਨੂੰ ਪੰਜਾਬ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ਼ ਗਿਆ ਸੀ। ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦਿਆਂ ਉਸ ਨੇ ਯੂਨੀਵਰਸਿਟੀ ਦੇ ਹੋਸਟਲ ਵਿਚ ਹੀ ਰਹਿਣਾ ਪਸੰਦ ਕੀਤਾ। ਦੋ ਸਾਲ ਉਸ ਨੇ ਡਟ ਕੇ ਮਿਹਨਤ ਕੀਤੀ। ਪੜ੍ਹਾਈ ਤੋਂ ਛੁੱਟ ਉਸ ਨੇ ਕਿਸੇ ਹੋਰ ਪਾਸੇ ਧਿਆਨ ਨਹੀਂ ਸੀ ਦਿੱਤਾ। ਉਨ੍ਹਾਂ ਦੋ ਸਾਲਾਂ ਵਿਚ ਉਸ ਨੇ ਯੂਨੀਵਰਸਿਟੀ ਵਿਚ ਜੋ ਚਾਰ ਕੁ ਦੋਸਤ ਬਣਾਏ ਸਨ ਉਹ ਵੀ ਆਪਣੇ ਵਰਗੇ ਹੀ ਜਿਨ੍ਹਾਂ ਦਾ ਪੂਰਾ ਧਿਆਨ ਪੜ੍ਹਨ ਵਿਚ ਹੀ ਸੀ। ਐੱਮ.ਏ. ਦੀ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਰਾਮ ਸਰਨ ਆਪਣੇ ਭਵਿੱਖ ਬਾਰੇ ਸੋਚਣ ਲੱਗ ਪਿਆ ਸੀ। ਉਸ ਨੇ ਆਪਣੇ ਪ੍ਰੋਫ਼ੈਸਰਾਂ ਨਾਲ਼ ਸਾਈਕਾਲੋਜੀ ਵਿਚ ਪੀ.ਐੱਚ.ਡੀ. ਕਰਨ ਬਾਰੇ ਸਲਾਹ ਕੀਤੀ। ਉਸ ਨੇ ਆਪਣੇ ਮਾਤਾ-ਪਿਤਾ ਨਾਲ਼ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਗੱਲ ਨਾਲ਼ ਸਹਿਮਤੀ ਪ੍ਰਗਟਾਈ। ਰਾਮ ਸਰਨ ਨੇ ਕਾਫ਼ੀ ਸੋਚ-ਵਿਚਾਰ ਅਤੇ ਸਲਾਹ-ਮਸ਼ਵਰਾ ਕਰ ਕੇ ਪੀ.ਐੱਚ.ਡੀ. ਲਈ ਅਮਰੀਕਾ ਜਾਣਾ ਠੀਕ ਸਮਝਿਆ। ਉਸ ਨੇ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਤੋਂ ਸਾਈਕਾਲੋਜੀ ਵਿਚ ਪੀ.ਐੱਚ.ਡੀ. ਕਰਨ ਲਈ ਜਾਣਕਾਰੀ ਪ੍ਰਾਪਤ ਕੀਤੀ, ਦਾਖ਼ਲੇ ਦੇ ਫਾਰਮ ਮੰਗਵਾਏ ਅਤੇ ਭਰ ਕੇ ਭੇਜ ਦਿੱਤੇ। ਇਸ ਦਾਖ਼ਲੇ ਲਈ ਉਸ ਨੂੰ ਜੋ ਟੈਸਟ ਦੇਣੇ ਪੈਣੇ ਸਨ ਉਸ ਨੇ ਉਨ੍ਹਾਂ ਦਾ ਵੀ ਬੰਦੋਬਸਤ ਕਰ ਲਿਆ। ਰਾਮ ਸਰਨ ਨੂੰ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ ਵਿਚ ਦਾਖ਼ਲਾ ਮਿਲ਼ ਗਿਆ। ਇਨ੍ਹਾਂ ਵਿਚੋਂ ਇਕ ਨਿਊ ਯਾਰਕ ਯੂਨੀਵਰਸਿਟੀ ਸੀ ਅਤੇ ਦੂਜੀ ਯੂਨੀਵਰਸਿਟੀ ਆਫ਼ ਮਿਸ਼ੀਗਨ ਸੀ। ਰਾਮ ਸਰਨ ਨੇ ਨਿਊ ਯਾਰਕ ਯੂਨੀਵਰਸਿਟੀ ਜਾਣ ਦਾ ਫ਼ੈਸਲਾ ਕਰ ਲਿਆ। ਇਸ ਯੂਨੀਵਰਸਿਟੀ ਨੇ ਉਸ ਨੂੰ ਸਕਾਲਰਸ਼ਿਪ ਵੀ ਦੇ ਦਿੱਤੀ ਸੀ। ਰਾਮ ਸਰਨ ਨੂੰ ਅਮਰੀਕਾ ਜਾਣ ਲਈ ਵੀਜ਼ਾ ਲੈਣ ਵਿਚ ਵੀ ਕੋਈ ਮੁਸ਼ਕਲ ਨਾ ਆਈ। ਵੀਜ਼ਾ ਲੱਗਣ ਤੋਂ ਬਾਅਦ ਤਿੰਨ ਕੁ ਹਫ਼ਤਿਆਂ ਵਿਚ ਹੀ ਉਹ ਅਮਰੀਕਾ ਲਈ ਜਹਾਜ਼ ਚੜ੍ਹ ਗਿਆ ਸੀ। ਅਮਰੀਕਾ ਜਾਣ ਤੋਂ ਪਹਿਲਾਂ ਉਸ ਨੇ ਨਿਊ ਯਾਰਕ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿਣ ਲਈ ਕਮਰੇ ਦਾ ਬੰਦੋਬਸਤ ਕਰ ਲਿਆ ਸੀ। ਭਾਵੇਂ ਡਾ. ਸੇਠੀ ਨੂੰ ਹੁਣ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਵਿਚ ਪੜ੍ਹਾਉਣ ਦੀ ਨੌਕਰੀ ਬਹੁਤ ਅਸਾਨੀ ਨਾਲ਼ ਮਿਲ਼ ਸਕਦੀ ਸੀ ਪਰ ਪੜ੍ਹਾਉਣ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਕਲੀਨੀਕਲ ਸਾਈਕਾਲੋਜਿਸਟ ਦੇ ਤੌਰ ਤੇ ਪ੍ਰੈਕਟਿਸ ਕਰਨੀ ਚਾਹੁੰਦਾ ਸੀ। ਉਸ ਨੇ ਇਸ ਪ੍ਰੈਕਟਿਸ ਲਈ ਲਾਇਸੈਂਸ ਲੈਣ ਵਾਸਤੇ ਜੋ ਵੀ ਲੋੜੀਂਦੇ ਕਾਰਜ ਕਰਨੇ ਸਨ ਕਰ ਕੇ ਲਾਇਸੈਂਸ ਲੈ ਲਿਆ। ਡਾ. ਰਾਮ ਸਰਨ ਸੇਠੀ ਨੇ ਫ਼ੈਸਲਾ ਕੀਤਾ ਕਿ ਡਾਕਟਰਾਂ ਦੇ ਕਿਸੇ ਗਰੁੱਪ ਨਾਲ਼ ਰਲ਼ ਕੇ ਪ੍ਰੈਕਟਿਸ ਕੀਤੀ ਜਾਵੇ। ਨਿਊ ਯਾਰਕ ਦੇ ਲੌਂਗ ਆਈਲੈਂਡ ਹਿੱਸੇ ਵਿਚ ਯੂਨੀਵਰਸਿਟੀ ਮੈਡੀਕਲ ਗਰੁੱਪ ਨਾਂ ਦਾ ਡਾਕਟਰਾਂ ਦਾ ਗਰੁੱਪ ਸੀ ਜਿੱਥੇ ਬਾਰਾਂ ਡਾਕਟਰ ਕੰਮ ਕਰਦੇ ਸਨ। ਇਸ ਗਰੁੱਪ ਵਿਚ ਕਲੀਨੀਕਲ ਸਾਈਕਾਲੋਜਿਸਟ ਕੋਈ ਵੀ ਨਹੀਂ ਸੀ। ਡਾ. ਸੇਠੀ ਨੇ ਇਸ ਗਰੁੱਪ ਨਾਲ਼ ਕੰਮ ਕਰਨ ਲਈ ਅਰਜ਼ੀ ਦੇ ਦਿੱਤੀ। ਉਨ੍ਹਾਂ ਨਾਲ਼ ਇੰਟਰਵਿਊ ਕਰਨ ਤੋਂ ਬਾਅਦ ਡਾ. ਸੇਠੀ ਇਸ ਗਰੁੱਪ ਦਾ ਹਿੱਸੇਦਾਰ ਬਣ ਗਿਆ। ਉਸ ਨੂੰ ਇਸ ਗਰੁੱਪ ਦੀ ਬਿਲਡਿੰਗ ਵਿਚ ਆਪਣਾ ਵੱਖਰਾ ਦਫ਼ਤਰ ਮਿਲ਼ ਗਿਆ। ਇਸ ਗਰੁੱਪ ਦੀ ਬਿਲਡਿੰਗ ਦੇ ਨੇੜੇ ਹੀ ਇਕ ਵੱਡਾ ਹਸਪਤਾਲ਼ ਵੀ ਸੀ ਅਤੇ ਇਸ ਗਰੁੱਪ ਦੇ ਸਾਰੇ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਨ ਦੇ ਨਾਲ਼-ਨਾਲ਼ ਇਸ ਹਸਪਤਾਲ਼ ਵਿਚ ਵੀ ਕੁਝ ਦਿਨ ਕੰਮ ਕਰਦੇ ਸਨ। ਡਾ. ਸੇਠੀ ਨੂੰ ਵੀ ਇਸ ਗਰੁੱਪ ਦੇ ਦਫ਼ਤਰ ਵਿਚ ਪ੍ਰਾਈਵੇਟ ਪ੍ਰੈਕਟਿਸ ਕਰਨ ਦੇ ਨਾਲ਼-ਨਾਲ਼ ਇਸ ਹਸਪਤਾਲ਼ ਵਿਚ ਦੋ ਦਿਨ ਦਾ ਕੰਮ ਮਿਲ਼ ਗਿਆ ਸੀ। ਕਈ ਮਰੀਜ਼ ਜੋ ਡਾ. ਸੇਠੀ ਕੋਲ਼ ਆਉਂਦੇ ਸਨ, ਉਹ ਇਕੱਲੇ ਰਹਿਣ ਕਾਰਨ ਅਤੇ ਕੋਈ ਪਰਿਵਾਰਿਕ ਮਦਦ ਨਾ ਹੋਣ ਕਾਰਨ ਨਿਰਾਸ਼ਾ (depression) ਦੀ ਜ਼ਿੰਦਗੀ ਗੁਜ਼ਾਰਦੇ ਹੁੰਦੇ। ਕਈ ਤਾਂ ਇਸ ਨਿਰਾਸ਼ਾ ਕਾਰਨ ਮਾਨਸਿਕ ਰੋਗੀ ਵੀ ਬਣ ਗਏ ਹੁੰਦੇ। ਡਾ. ਸੇਠੀ ਉਨ੍ਹਾਂ ਨੂੰ ਦਵਾਈਆਂ ਦੇਣ ਦੇ ਨਾਲ਼-ਨਾਲ਼ ਹੌਸਲੇ ਨਾਲ਼ ਜ਼ਿੰਦਗੀ ਜਿਊਣ ਦੀ ਸਲਾਹ ਦਿੰਦਾ। ਡਾ. ਸੇਠੀ ਅਜਿਹੇ ਮਰੀਜ਼ਾਂ ਨੂੰ ਪੁੱਛਦਾ ਕਿ ਕੀ ਉਨ੍ਹਾਂ ਨੇ ਕੋਈ ਪਾਲਤੂ ਜਾਨਵਰ (pet) ਰੱਖਿਆ ਹੋਇਆ ਹੈ ਕਿਉਂਕਿ ਇਕੱਲਤਾ ਦੀ ਜ਼ਿੰਦਗੀ ਗੁਜ਼ਾਰਦੇ ਨਿਰਾਸ਼ ਹੋਏ ਇਨਸਾਨਾਂ ਲਈ ਪਾਲਤੂ ਜਾਨਵਰ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਜਿਸ ਮਰੀਜ਼ ਲਈ ਡਾ. ਸੇਠੀ ਲੋੜ ਮਹਿਸੂਸ ਕਰਦਾ, ਉਸ ਨੂੰ ਪਾਲਤੂ ਜਾਨਵਰ ਰੱਖਣ ਦੀ ਸਲਾਹ ਦਿੰਦਾ। ਉਹ ਆਪਣੇ ਲੋੜਵੰਦ ਮਰੀਜ਼ਾਂ ਨੂੰ ਦੱਸਦਾ, ਕੁੱਤੇ ਜ਼ਿਆਦਾ ਵਫ਼ਾਦਾਰ ਜਾਨਵਰ ਹੁੰਦੇ ਹਨ ਅਤੇ ਆਪਣੇ ਮਾਲਕ ਨੂੰ ਬਹੁਤ ਪਿਆਰ ਕਰਦੇ ਹਨ। ਕੁੱਤੇ ਆਪਣੇ ਮਾਲਕ ਦੀ ਹਿਫ਼ਾਜ਼ਤ ਵੀ ਬਹੁਤ ਕਰਦੇ ਹਨ। ਬਿੱਲੀਆਂ ਵੀ ਵਧੀਆ ਪਾਲਤੂ ਜਾਨਵਰ ਹਨ ਪਰ ਬਿੱਲੀਆਂ ਆਪਣੇ ਮਾਲਕ ਲਈ ਪਿਆਰ ਬਹੁਤ ਘੱਟ ਦਰਸਾਉਂਦੀਆਂ ਹਨ। ਬਿੱਲੀਆਂ ਆਮ ਤੌਰ ਤੇ ਅਜ਼ਾਦ ਸੁਭਾਅ ਦੀਆਂ ਹੁੰਦੀਆਂ ਹਨ। ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਪਰੇਸ਼ਾਨ ਕੀਤਾ ਜਾਵੇ। ਉਨ੍ਹਾਂ ਨੂੰ ਆਪਣੇ ਮਾਲਕ ਦੇ ਕੋਲ਼ ਹੋਣ ਜਾਂ ਕੋਲ਼ ਨਾ ਹੋਣ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਕੁੱਤੇ ਆਪਣੇ ਮਾਲਕ ਤੇ ਨਿਰਭਰ ਕਰਦੇ ਹਨ। ਉਹ ਮਾਲਕ ਦੇ ਨਾਲ਼-ਨਾਲ਼ ਰਹਿ ਕੇ ਖ਼ੁਸ਼ ਹੁੰਦੇ ਹਨ ਅਤੇ ਮਾਲਕ ਦੀ ਗੈਰ-ਹਾਜ਼ਰੀ ਵਿਚ ਰਹਿ ਕੇ ਨਿਰਾਸ਼ ਹੁੰਦੇ ਹਨ।’ ਡਾ. ਸੇਠੀ ਇਹ ਵੀ ਸਲਾਹ ਦਿੰਦਾ ਕਿ ਉਹ ਪੰਛੀਆਂ ਨੂੰ ਰੱਖਣ ਦੇ ਹੱਕ ਵਿਚ ਨਹੀਂ ਕਿਉਂਕਿ ਪੰਛੀ ਅਜ਼ਾਦ ਹੋਣੇ ਚਾਹੀਦੇ ਹਨ ਤਾਂ ਜੋ ਉਹ ਅਸਮਾਨ ਵਿਚ ਉੱਡ ਸਕਣ। ਪੰਛੀਆਂ ਨੂੰ ਪਿੰਜਰਿਆਂ ਵਿਚ ਪਾ ਕੇ ਰੱਖਣਾ ਠੀਕ ਨਹੀਂ। ਡਾ. ਸੇਠੀ ਦੇ ਤਿੰਨ ਮਰੀਜ਼ ਵ੍ਹੀਲ-ਚੇਅਰ ਤੇ ਸਨ ਜੋ ਤੁਰ ਨਹੀਂ ਸੀ ਸਕਦੇ। ਇਹੋ ਜਿਹੇ ਮਰੀਜ਼ ਵੀ ਨਿਰਾਸ਼ਾ ਦੀ ਹਾਲਤ ਵਿਚ ਜ਼ਿੰਦਗੀ ਜੀਅ ਰਹੇ ਹੁੰਦੇ ਹਨ। ਡਾ. ਸੇਠੀ ਇਨ੍ਹਾਂ ਮਰੀਜ਼ਾਂ ਨੂੰ ਚਿੰਤਾ-ਫ਼ਿਕਰ ਅਤੇ ਨਿਰਾਸ਼ਾ ਦੀਆਂ ਬਿਮਾਰੀਆਂ ਵਾਲ਼ੀਆਂ ਦਵਾਈਆਂ ਦਿੰਦਾ ਅਤੇ ਨਾਲ਼ ਹੀ ਸੇਵਾਦਾਰ ਕੁੱਤੇ (service dogs) ਰੱਖਣ ਦੀ ਸਲਾਹ ਦਿੰਦਾ। ਰਾਮ ਸਰਨ ਇਨ੍ਹਾਂ ਮਰੀਜ਼ਾਂ ਨੂੰ ਦੱਸਦਾ ਕਿ ਇਹੋ ਜਿਹੇ ਸੇਵਾਦਾਰ ਕੁੱਤਿਆਂ ਨੂੰ ਲੋਕਾਂ ਦੀ ਮਦਦ ਕਰਨ ਦੀ ਸਪੈਸ਼ਲ ਸਿਖਲਾਈ ਦਿੱਤੀ ਹੁੰਦੀ ਹੈ। ਜਿਵੇਂ ਵ੍ਹੀਲ-ਚੇਅਰ ਵਾਲ਼ੇ ਲੋਕਾਂ ਨੂੰ ਇਹ ਕੁੱਤੇ ਚੁੱਕ ਕੇ ਚੀਜ਼ਾਂ ਫੜਾ ਸਕਦੇ ਹਨ। ਉਨ੍ਹਾਂ ਨੂੰ ਦਵਾਈਆਂ ਲੈਣ ਦੇ ਮੌਕੇ ਬਾਰੇ ਸੁਚੇਤ ਕਰ ਸਕਦੇ ਹਨ। ਇਨ੍ਹਾਂ ਸੇਵਾਦਾਰ ਕੁੱਤਿਆਂ ਨੂੰ ਲੋਕ ਆਪਣੇ ਨਾਲ਼ ਜਹਾਜ਼ਾਂ ਵਿਚ, ਰੈਸਟੋਰੈਂਟਾਂ ਵਿਚ, ਹਸਪਤਾਲ਼ਾਂ ਵਿਚ, ਸਕੂਲਾਂ ਵਿਚ, ਅਤੇ ਹੋਟਲਾਂ ਵਿਚ ਲਿਜਾ ਸਕਦੇ ਹਨ। ਡਾ. ਸੇਠੀ ਬਹੁਤ ਜ਼ਿਆਦਾ ਨਿਰਾਸ਼ਾ ਵਿਚ ਜੀਅ ਰਹੇ ਲੋਕਾਂ ਨੂੰ ਵੀ ਇਹੋ ਜਿਹੇ ਸੇਵਾਦਾਰ ਕੁੱਤੇ ਰੱਖਣ ਦੀ ਸਲਾਹ ਦਿੰਦਾ। ਵੈਸੇ ਤਾਂ ਸੇਵਾਦਾਰ ਹੋਰ ਜਾਨਵਰ ਵੀ ਹੋ ਸਕਦੇ ਹਨ ਪਰ ਡਾ. ਸੇਠੀ ਜ਼ਿਆਦਾ ਸੇਵਾਦਾਰ ਕੁੱਤੇ ਰੱਖਣ ਦੇ ਹੱਕ ਵਿਚ ਹੀ ਸੀ। ਡਾ. ਸੇਠੀ ਨੇ ਦੇਖਿਆ ਸੀ ਕਿ ਜਿਹੜੇ ਮਰੀਜ਼ ਉਸ ਦੀ ਸਲਾਹ ਮੰਨ ਕੇ ਪਾਲਤੂ ਜਾਨਵਰ ਜਾਂ ਸੇਵਾਦਾਰ ਕੁੱਤੇ ਰੱਖ ਲੈਂਦੇ ਸਨ, ਉਨ੍ਹਾਂ ਦੀ ਨਿਰਾਸ਼ ਜ਼ਿੰਦਗੀ ਵਿਚ ਕਾਫ਼ੀ ਸੁਧਾਰ ਆ ਜਾਂਦਾ ਸੀ। ਡਾ. ਸੇਠੀ ਉਨ੍ਹਾਂ ਮਰੀਜ਼ਾਂ ਨੂੰ ਵੀ ਸਲਾਹ ਅਤੇ ਦਵਾਈਆਂ ਦਿੰਦਾ ਸੀ ਜਿਹੜੇ ਸਮਾਜਿਕ ਸਮੱਸਿਆਵਾਂ, ਚਿੰਤਾ-ਫ਼ਿਕਰਾਂ, ਨਸ਼ਿਆਂ ਦੀ ਦੁਰਵਰਤੋਂ, ਅਤੇ ਰਿਸ਼ਤਿਆਂ ਦੀਆਂ ਸਮੱਸਿਆਵਾਂ ਵਿਚੋਂ ਗੁਜ਼ਰ ਰਹੇ ਸਨ। ਇਨ੍ਹਾਂ ਵਿਚੋਂ ਵੀ ਕਈ ਮਰੀਜ਼ਾਂ ਨੂੰ ਉਹ ਪਾਲਤੂ ਜਾਨਵਰ ਰੱਖ ਲੈਣ ਦੀ ਸਲਾਹ ਦਿੰਦਾ ਕਿਉਂਕਿ ਪਾਲਤੂ ਜਾਨਵਰ ਰੱਖ ਕੇ ਉਸ ਵੱਲ ਧਿਆਨ ਦੇਣ ਨਾਲ਼ ਕਈ ਹੋਰ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਜਾਂ ਘਟ ਜਾਂਦੀਆਂ ਹਨ। ਡਾ. ਸੇਠੀ ਹਮੇਸ਼ਾ ਆਪਣੇ ਮਰੀਜ਼ਾਂ ਨੂੰ ਕਹਿੰਦਾ ਸੀ ਕਿ ਜੇ ਉਨ੍ਹਾਂ ਨੇ ਕੋਈ ਪਾਲਤੂ ਜਾਨਵਰ ਜਾਂ ਸੇਵਾਦਾਰ ਕੁੱਤਾ ਰੱਖਿਆ ਤਾਂ ਉਸ ਨੂੰ ਬਹੁਤ ਪਿਆਰ ਨਾਲ਼ ਰੱਖਣਾ ਪਵੇਗਾ। ਕਿਸੇ ਤਰ੍ਹਾਂ ਵੀ ਕਿਸੇ ਜਾਨਵਰ ਨੂੰ ਦੁੱਖ ਨਹੀਂ ਪਹੁੰਚਾਉਣਾ ਹੋਵੇਗਾ। ਉਸ ਦੀ ਸਲਾਹ ਹੁੰਦੀ ਕਿ ਤੁਸੀਂ ਘਰ ਰੱਖੇ ਪਾਲਤੂ ਜਾਨਵਰ ਨੂੰ ਜਿੰਨਾ ਪਿਆਰ ਕਰੋਗੇ, ਉਹ ਉਤਨਾ ਹੀ ਜ਼ਿਆਦਾ ਪਿਆਰ ਤੁਹਾਡੇ ਨਾਲ਼ ਕਰੇਗਾ। ਰਾਮ ਸਰਨ ਅਤੇ ਭਾਵਨਾ ਦੋਹਾਂ ਨੇ ਸਹਿਮਤੀ ਨਾਲ਼ ਸਲਾਹ ਕੀਤੀ ਕਿ ਭਾਵਨਾ ਬਾਹਰ ਕੰਮ ਨਾ ਕਰੇ, ਉਹ ਘਰ ਨੂੰ ਸੰਭਾਲ਼ੇ ਅਤੇ ਜਦੋਂ ਬੱਚੇ ਹੋ ਗਏ ਤਾਂ ਉਨ੍ਹਾਂ ਦੀ ਦੇਖ-ਭਾਲ਼ ਕਰੇ। ਇਸ ਸਹਿਮਤੀ ਤੇ ਦੋਵੇਂ ਖ਼ੁਸ਼ ਸਨ। ਵਿਆਹ ਤੋਂ ਇਕ ਸਾਲ ਬਾਅਦ ਉਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ ਜਿਸ ਦਾ ਨਾਂ ਉਨ੍ਹਾਂ ਨੇ ਸੁਰੇਸ਼ ਸੇਠੀ ਰੱਖਿਆ। ਉਸ ਤੋਂ ਦੋ ਸਾਲ ਬਾਅਦ ਉਨ੍ਹਾਂ ਦੇ ਘਰ ਲੜਕੀ ਪੈਦਾ ਹੋਈ ਜਿਸ ਦਾ ਨਾਂ ਉਨ੍ਹਾਂ ਨੇ ਮੁਸਕਾਨ ਸੇਠੀ ਰੱਖਿਆ। ਭਾਵਨਾ ਸਾਰਾ ਦਿਨ ਬੱਚਿਆਂ ਨਾਲ਼ ਬਿਤਾਉਂਦੀ ਅਤੇ ਉਨ੍ਹਾਂ ਦਾ ਖ਼ਿਆਲ ਰੱਖਦੀ। ਰਾਮ ਸਰਨ ਜਿੰਨਾ ਵੀ ਸਮਾਂ ਮਿਲ਼ਦਾ ਉਨ੍ਹਾਂ ਨਾਲ਼ ਬਿਤਾਉਂਦਾ। ਸਨਿਚਰਵਾਰ ਅਤੇ ਐਤਵਾਰ ਤਾਂ ਰਾਮ ਸਰਨ ਕੰਮ ਨਹੀਂ ਸੀ ਕਰਦਾ। ਇਸ ਲਈ ਇਹ ਦੋ ਦਿਨ ਉਹ ਆਪਣੇ ਪਰਿਵਾਰ ਨਾਲ਼ ਬਿਤਾਉਂਦਾ। ਕਦੇ ਬਾਹਰ ਫਿਰਨ-ਤੁਰਨ ਵੀ ਚਲੇ ਜਾਂਦੇ। ਹਰ ਤਿੰਨ-ਚਾਰ ਸਾਲਾਂ ਬਾਅਦ ਉਹ ਹਿੰਦੁਸਤਾਨ ਵੀ ਚੱਕਰ ਮਾਰ ਲੈਂਦੇ। ਸਾਰਾ ਪਰਿਵਾਰ ਹੀ, ਪਰ ਖ਼ਾਸ ਕਰ ਕੇ ਸੁਰੇਸ਼ ਅਤੇ ਮੁਸਕਾਨ, ਸ਼ਰੀਫ਼ ਨੂੰ ਬਹੁਤ ਪਿਆਰ ਕਰਦੇ ਸਨ। ਉਹ ਸ਼ਰੀਫ਼ ਨੂੰ ਦਿਨ ਵਿਚ ਤਿੰਨ-ਚਾਰ ਵਾਰੀ ਬਾਹਰ ਲੈ ਕੇ ਜਾਂਦੇ। ਜਦੋਂ ਸ਼ਰੀਫ਼ ਤਿੰਨ ਕੁ ਮਹੀਨਿਆਂ ਦਾ ਹੋਇਆ ਤਾਂ ਉਹ ਕਈ ਚੀਜ਼ਾਂ ਨੂੰ ਚੱਬਣ ਲੱਗ ਪਿਆ ਜਿਵੇਂ ਫ਼ਰਨੀਚਰ, ਜੁੱਤੀਆਂ, ਅਤੇ ਕਾਰਪੈੱਟ ਆਦਿ ਨੂੰ। ਰਾਮ ਸਰਨ ਨੂੰ ਪਤਾ ਸੀ ਕਿ ਕੁੱਤਿਆਂ ਦੇ ਪਹਿਲੇ ਦੰਦ ਦੋ ਕੁ ਹਫ਼ਤਿਆਂ ਦੀ ਉਮਰ ਵਿਚ ਆ ਜਾਂਦੇ ਹਨ। ਫਿਰ ਦੂਜੀ ਵਾਰੀ ਵਾਲ਼ੇ ਦੰਦ ਤਿੰਨ-ਚਾਰ ਮਹੀਨਿਆਂ ਦੀ ਉਮਰ ਵਿਚ ਆਉਂਦੇ ਹਨ। ਜਦੋਂ ਕੁੱਤਿਆਂ ਦੇ ਦੰਦ ਨਿਕਲ਼ਦੇ ਹਨ ਤਾਂ ਉਹ ਕੁਝ ਸਖ਼ਤ ਚੀਜ਼ਾਂ ਨੂੰ ਚੱਬਣਾ ਪਸੰਦ ਕਰਦੇ ਹਨ। ਰਾਮ ਸਰਨ ਨੇ ਕੁੱਤਿਆਂ ਵਾਲ਼ੇ ਕਈ ਖਿਡੌਣੇ ਲਿਆ ਕੇ ਘਰ ਰੱਖ ਦਿੱਤੇ ਤਾਂ ਜੋ ਸ਼ਰੀਫ਼ ਉਨ੍ਹਾਂ ਖਿਡੌਣਿਆਂ ਨਾਲ਼ ਖੇਡੇ ਅਤੇ ਉਨ੍ਹਾਂ ਨੂੰ ਚੱਬੇ ਅਤੇ ਘਰ ਦੀਆਂ ਹੋਰ ਚੀਜ਼ਾਂ ਨੂੰ ਚੱਬਣਾ ਛੱਡ ਦੇਵੇ। ਪਰ ਫਿਰ ਵੀ ਕਦੇ-ਕਦੇ ਉਹ ਘਰ ਦੀਆਂ ਚੀਜ਼ਾਂ ਨੂੰ ਚੱਬਣ ਲੱਗ ਹੀ ਜਾਂਦਾ ਸੀ। ਇਕ ਦਿਨ ਸ਼ਰੀਫ਼ ਇਕ ਜੁੱਤੀ ਨੂੰ ਚੱਬ ਰਿਹਾ ਸੀ। ਰਾਮ ਸਰਨ ਨੇ ਉਸ ਨੂੰ ਗ਼ੁੱਸੇ ਵਿਚ ਦਬਕ ਦਿੱਤਾ। ਸ਼ਰੀਫ਼ ਡਰ ਨਾਲ਼ ਕੰਬਣ ਲੱਗ ਪਿਆ। ਰਾਮ ਸਰਨ ਨੇ ਉਸ ਨੂੰ ਫੜ ਕੇ ਆਪਣੇ ਕੋਲ਼ ਬੈਠਾ ਕੇ ਲਾਡ ਕੀਤਾ ਅਤੇ ਆਪਣੀ ਗ਼ਲਤੀ ਨੂੰ ਮਹਿਸੂਸ ਕੀਤਾ। ਉਸ ਦਿਨ ਤੋਂ ਬਾਅਦ ਰਾਮ ਸਰਨ ਨੇ ਸਾਰੇ ਪਰਿਵਾਰ ਨੂੰ ਹਿਦਾਇਤ ਕੀਤੀ ਕਿ ਸ਼ਰੀਫ਼ ਨੂੰ ਕਦੇ ਵੀ ਝਿੜਕਿਆ ਨਾ ਜਾਵੇ। ਰਾਮ ਸਰਨ ਦੇ ਘਰ ਦੇ ਨੇੜੇ ਹੀ ਕੁੱਤਿਆਂ ਦੇ ਖੇਡਣ ਲਈ ਇਕ ਪਾਰਕ ਬਣਿਆਂ ਹੋਇਆ ਸੀ ਜਿੱਥੇ ਹਰ ਵੇਲੇ ਕੁਝ ਲੋਕ ਆਪਣੇ ਕੁੱਤਿਆਂ ਨੂੰ ਖੇਡਣ ਲਈ ਲੈ ਆਉਂਦੇ ਸਨ। ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕਈ ਵਾਰੀ ਸ਼ਰੀਫ਼ ਨੂੰ ਇਸ ਪਾਰਕ ਵਿਚ ਖੇਡਣ ਲਈ ਲੈ ਜਾਂਦਾ ਸੀ। ਭਾਵੇਂ ਸ਼ਰੀਫ਼ ਦੇ ਸੌਣ ਲਈ ਕਮਰੇ ਵਿਚ ਜ਼ਮੀਨ ਤੇ ਇਕ ਖ਼ਾਸ ਗੱਦਾ ਵਿਛਾਇਆ ਹੋਇਆ ਸੀ, ਪਰ ਸ਼ਰੀਫ਼ ਉਸ ਉੱਤੇ ਕਦੇ-ਕਦੇ ਹੀ ਸੌਂਦਾ ਸੀ। ਆਮ ਤੌਰ ਤੇ ਉਹ ਕਦੇ ਰਾਮ ਸਰਨ ਹੁਰਾਂ ਦੇ ਮੰਜੇ ਤੇ ਉਨ੍ਹਾਂ ਨਾਲ਼ ਸੌਂ ਜਾਂਦਾ ਅਤੇ ਕਦੇ ਸੁਰੇਸ਼ ਜਾਂ ਮੁਸਕਾਨ ਦੇ ਮੰਜਿਆਂ ਤੇ ਉਨ੍ਹਾਂ ਨਾਲ਼ ਸੌਂ ਜਾਂਦਾ। ਸਾਰੇ ਪਰਿਵਾਰ ਨੇ ਮਹਿਸੂਸ ਕੀਤਾ ਸੀ ਕਿ ਸ਼ਰੀਫ਼ ਜਦੋਂ ਵੀ ਉਨ੍ਹਾਂ ਦੇ ਨਾਲ਼ ਮੰਜੇ ਤੇ ਸੌਂਦਾ ਸੀ ਤਾਂ ਉਹ ਬਹੁਤੀ ਵਾਰੀ ਉਨ੍ਹਾਂ ਦੇ ਪੈਰਾਂ ਕੋਲ਼ ਹੀ ਸੌਂਦਾ ਸੀ। ਰਾਮ ਸਰਨ ਨੇ ਇਸ ਬਾਰੇ ਸ਼ਰੀਫ਼ ਦੇ ਵੈਟਰਨਰੀ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਬਹੁਤੇ ਕੁੱਤਿਆਂ ਦੀ ਵਿਸ਼ੇਸ਼ਤਾਈ ਹੈ ਕਿ ਉਹ ਇਨਸਾਨ ਦੇ ਪੈਰਾਂ ਕੋਲ਼ ਹੀ ਸੌਂਦੇ ਹਨ। ਰਾਮ ਸਰਨ ਅਤੇ ਭਾਵਨਾ ਨਵੇਂ ਕੁੱਤੇ ਦੇ ਆਹਰ ਵਿਚ ਲੱਗੇ ਰਹਿੰਦੇ। ਉਸ ਨਾਲ਼ ਸਵੇਰੇ ਸ਼ਾਮ ਸੈਰ ਕਰਨ ਜਾਂਦੇ। ਪਰ ਉਨ੍ਹਾਂ ਨੇ ਛੇਤੀ ਹੀ ਮਹਿਸੂਸ ਕੀਤਾ ਕਿ ਇਹ ਕੁੱਤਾ ਸ਼ਰੀਫ਼ ਤੋਂ ਬਹੁਤ ਵੱਖਰੇ ਸੁਭਾਅ ਦਾ ਸੀ। ਇਕ ਦਿਨ ਜਦੋਂ ਕੁੱਤੇ ਨੇ ਘਰ ਦੇ ਅੰਦਰ ਹੀ ਪਿਸ਼ਾਬ ਕਰ ਦਿੱਤਾ ਤਾਂ ਰਾਮ ਸਰਨ ਨੇ ਉਸ ਨੂੰ ਥੋੜ੍ਹਾ ਝਿੜਕਿਆ। ਕੁੱਤਾ ਸ਼ਰੀਫ਼ ਵਾਂਗ ਕੰਬਣ ਦੀ ਵਜਾਏ ਰਾਮ ਸਰਨ ਨੂੰ ਭੌਂਕਣ ਲੱਗ ਪਿਆ ਅਤੇ ਉਸ ਨੇ ਰਾਮ ਸਰਨ ਦੀ ਪੈਂਟ ਤੇ ਚੱਕ ਵੱਢਿਆ। ਰਾਮ ਸਰਨ ਝੱਟ ਸਮਝ ਗਿਆ ਕਿ ਇਹ ਕੁੱਤਾ ਗਰਮ ਸੁਭਾਅ ਦਾ ਹੈ ਅਤੇ ਇਸ ਨੂੰ ਗ਼ੁੱਸੇ ਨਾਲ਼ ਕੁਝ ਨਹੀਂ ਕਿਹਾ ਜਾਣਾ ਚਾਹੀਦਾ। ਰਾਮ ਸਰਨ ਨੇ ਆਪਣੇ ਵੈਟਰਨਰੀ ਡਾਕਟਰ ਨੂੰ ਫ਼ੋਨ ਕਰ ਕੇ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਟੈਰੀਅਰ ਕੁੱਤੇ ਗਰਮ ਸੁਭਾਅ ਦੇ ਹੁੰਦੇ ਹਨ, ਇਹ ਦਬਕਾ ਨਹੀਂ ਸਹਿੰਦੇ। ਇਨ੍ਹਾਂ ਨੂੰ ਪਿਆਰ ਨਾਲ਼ ਹੀ ਸਮਝਾਉਣਾ ਪੈਂਦਾ ਹੈ। ਵੈਸੇ ਕਾਜੂ ਬਹੁਤ ਪਿਆਰ ਕਰਨ ਵਾਲ਼ਾ ਕੁੱਤਾ ਸੀ, ਬੱਸ ਦਬਕਾ ਨਹੀਂ ਸੀ ਸਹਿੰਦਾ। ਕਾਜੂ ਵੀ ਰਾਮ ਸਰਨ ਅਤੇ ਭਾਵਨਾ ਨਾਲ਼ ਉਨ੍ਹਾਂ ਦੇ ਮੰਜੇ ਤੇ ਹੀ ਸੌਂਦਾ ਅਤੇ ਸੌਂਦਾ ਵੀ ਉਨ੍ਹਾਂ ਦੇ ਪੈਰਾਂ ਵੱਲ ਹੀ। ਹੁਣ ਘਰ ਵਿਚ ਰਾਮ ਸਰਨ ਅਤੇ ਕਾਜੂ ਹੀ ਰਹਿ ਗਏ ਸਨ। ਕੁਝ ਮਹੀਨਿਆਂ ਬਾਅਦ ਸੁਰੇਸ਼ ਨੇ ਰਾਮ ਸਰਨ ਨੂੰ ਰਿਟਾਇਰ ਹੋ ਕੇ ਉਸ ਕੋਲ਼ ਆ ਜਾਣ ਲਈ ਕਿਹਾ ਪਰ ਰਾਮ ਸਰਨ ਨੇ ਆਪਣਾ ਗਾਰਡਨ ਸਿਟੀ ਵਾਲ਼ਾ ਘਰ ਛੱਡ ਕੇ ਕਿਤੇ ਜਾਣਾ ਠੀਕ ਨਾ ਸਮਝਿਆ। ਰਾਮ ਸਰਨ ਦੇ ਕਈ ਬਹੁਤ ਗੂੜ੍ਹੇ ਦੋਸਤ ਇੱਥੇ ਰਹਿੰਦੇ ਸਨ ਅਤੇ ਇਹ ਸਾਰੇ ਦੋਸਤ ਹਰ ਮਹੀਨੇ ਇਕ ਜਾਂ ਦੋ ਵਾਰੀ ਰਲ਼ ਕੇ ਬੈਠਦੇ ਸਨ ਅਤੇ ਸਮੇਂ ਦਾ ਅਨੰਦ ਮਾਣਦੇ ਸਨ। ਭਾਵਨਾ ਦੇ ਤੁਰ ਜਾਣ ਤੋਂ ਬਾਅਦ ਰਾਮ ਸਰਨ ਨੇ ਰਿਟਾਇਰ ਹੋਣ ਦਾ ਫ਼ੈਸਲਾ ਕਰ ਲਿਆ ਅਤੇ ਦੋ ਮਹੀਨਿਆਂ ਬਾਅਦ ਉਹ ਰਿਟਾਇਰ ਹੋ ਗਿਆ। ਉਹ ਕਾਜੂ ਨੂੰ ਲੈ ਕੇ ਰੋਜ਼ਾਨਾ ਤਿੰਨ ਵਾਰੀ ਲੰਬੀ ਸੈਰ ਤੇ ਜਾਂਦਾ। ਕਈ ਵਾਰੀ ਕਈ-ਕਈ ਘੰਟੇ ਉਹ ਕਾਜੂ ਦੇ ਨਾਲ਼ ਪਾਰਕ ਵਿਚ ਬੈਠਾ ਰਹਿੰਦਾ। ਰਾਮ ਸਰਨ ਦੇ ਰਿਟਾਇਰ ਹੋਣ ਤੋਂ ਛੇ ਕੁ ਸਾਲਾਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਕਾਜੂ ਥੋੜ੍ਹਾ ਸੁਸਤ ਰਹਿਣ ਲੱਗ ਪਿਆ ਸੀ। ਉਸ ਨੇ ਵੈਟਰਨਰੀ ਡਾਕਟਰ ਨਾਲ਼ ਗੱਲ ਕੀਤੀ ਅਤੇ ਉਨ੍ਹਾਂ ਨੇ ਕਾਜੂ ਦੇ ਕਈ ਟੈਸਟ ਕਰਾਏ। ਟੈਸਟਾਂ ਤੋਂ ਪਤਾ ਲੱਗਾ ਕਿ ਕਾਜੂ ਨੂੰ ਬਲੱਡ ਕੈਂਸਰ ਹੋ ਗਈ ਸੀ ਅਤੇ ਇਹ ਕਾਫ਼ੀ ਫੈਲ ਗਈ ਸੀ। ਵੈਟਰਨਰੀ ਡਾਕਟਰ ਅਨੁਸਾਰ ਕਾਜੂ ਦੀ ਉਮਰ ਸਿਰਫ਼ ਕੁਝ ਮਹੀਨੇ ਹੀ ਰਹਿੰਦੀ ਸੀ। ਹੋਇਆ ਵੀ ਇੰਜ ਹੀ। ਕੁਝ ਮਹੀਨਿਆਂ ਬਾਅਦ ਹੀ ਕਾਜੂ ਤੁਰਦਾ ਹੋਇਆ। ਰਾਮ ਸਰਨ ਨੇ ਕਾਜੂ ਦਾ ਸਸਕਾਰ ਕਰ ਕੇ ਉਸ ਦੀਆਂ ਅਸਥੀਆਂ ਇਕ ਕਲਸ਼ ਵਿਚ ਪਾ ਕੇ ਘਰ ਦੀ ਇਕ ਸ਼ੈਲਫ਼ ਤੇ ਰੱਖ ਲਈਆਂ। ਇਸੇ ਸ਼ੈਲਫ਼ ਤੇ ਭਾਵਨਾ ਅਤੇ ਸ਼ਰੀਫ਼ ਦੀਆਂ ਅਸਥੀਆਂ ਵੀ ਵੱਖ-ਵੱਖ ਕਲਸ਼ਾਂ ਵਿਚ ਪਾ ਕੇ ਰੱਖੀਆਂ ਹੋਈਆਂ ਸਨ। ਰਾਮ ਸਰਨ ਨੇ ਦੇਖਿਆ-ਸੁਣਿਆਂ ਸੀ ਕਿ ਕਈ ਗੋਰੇ ਲੋਕ ਆਪਣੇ ਪਿਆਰਿਆਂ ਦੀਆਂ ਅਸਥੀਆਂ ਕਲਸ਼ ਵਿਚ ਪਾ ਕੇ ਹਮੇਸ਼ਾ ਲਈ ਘਰ ਵਿਚ ਰੱਖ ਛੱਡਦੇ ਸਨ। ਰਾਮ ਸਰਨ ਨੇ ਵੀ ਇਸੇ ਤਰ੍ਹਾਂ ਕੀਤਾ। ਸੁਰੇਸ਼ ਅਤੇ ਮੁਸਕਾਨ ਨੇ ਰਾਮ ਸਰਨ ਨੂੰ ਹੋਰ ਕੁੱਤਾ ਰੱਖ ਲੈਣ ਲਈ ਕਿਹਾ ਪਰ ਉਸ ਨੇ ਨਾਂਹ ਕਰ ਦਿੱਤੀ। ਉਸ ਦਾ ਕਹਿਣਾ ਸੀ ਕਿ ਜਦੋਂ ਪਾਲਤੂ ਜਾਨਵਰ ਜਾਂਦਾ ਹੈ ਤਾਂ ਉਸ ਦੇ ਮਾਲਕ ਨੂੰ ਬਹੁਤ ਦੁੱਖ ਹੁੰਦਾ ਹੈ।। ਪਾਲਤੂ ਜਾਨਵਰ ਵੀ ਪਰਿਵਾਰ ਦਾ ਇਕ ਮੈਂਬਰ ਬਣ ਜਾਂਦਾ ਹੈ ਅਤੇ ਉਸ ਦੇ ਜਾਣ ਦਾ ਦੁੱਖ ਪਰਿਵਾਰ ਦੇ ਮੈਂਬਰ ਦੇ ਜਾਣ ਜਿੰਨਾ ਹੀ ਹੁੰਦਾ ਹੈ, ਕਈ ਵਾਰੀ ਤਾਂ ਉਸ ਤੋਂ ਵੀ ਵੱਧ। ਰਾਮ ਸਰਨ ਨੇ ਆਪਣਾ ਪਿਆਰ ਪੰਛੀਆਂ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕਰ ਲਿਆ। ਉਹ ਪੰਛੀਆਂ ਦੇ ਚੋਗ ਦੀਆਂ ਬੋਰੀਆਂ ਖ਼ਰੀਦ ਕੇ ਘਰ ਰੱਖ ਲੈਂਦਾ ਅਤੇ ਆਪਣੇ ਵਿਹੜੇ ਵਿਚ ਪਏ ਬੈਂਚ ਤੇ ਬੈਠ ਕੇ ਪੰਛੀਆਂ ਨੂੰ ਚੋਗ ਪਾਉਂਦਾ। ਪਹਿਲਾਂ-ਪਹਿਲਾਂ ਤਾਂ ਰੋਜ਼ਾਨਾ ਦੋ-ਤਿੰਨ ਪੰਛੀ ਹੀ ਚੋਗ ਚੁਗਣ ਆਏ ਪਰ ਹੌਲ਼ੀ-ਹੌਲ਼ੀ ਇਹ ਗਿਣਤੀ ਵਧਦੀ ਗਈ। ਉਹ ਰੋਜ਼ਾਨਾ ਸਵੇਰੇ ਅੱਠ ਵਜੇ ਚੋਗ ਲੈ ਕੇ ਵਿਹੜੇ ਵਿਚ ਬੈਠ ਜਾਂਦਾ ਅਤੇ ਪੰਛੀਆਂ ਨੂੰ ਚੋਗ ਪਾਉਣ ਲੱਗ ਪੈਂਦਾ। ਪੰਛੀ ਆਉਂਦੇ ਰਹਿੰਦੇ, ਚੋਗ ਚੁਗਦੇ ਅਤੇ ਚਲੇ ਜਾਂਦੇ। ਸ਼ਾਮ ਨੂੰ ਚਾਰ ਵਜੇ ਉਹ ਫਿਰ ਇਸੇ ਤਰ੍ਹਾਂ ਪੰਛੀਆਂ ਨੂੰ ਚੋਗ ਪਾਉਂਦਾ। ਉਹ ਦੋਵੇਂ ਵੇਲੇ ਇਕ-ਇਕ ਘੰਟਾ ਜ਼ਰੂਰ ਵਿਹੜੇ ਵਿਚ ਬੈਠਾ ਪੰਛੀਆਂ ਨੂੰ ਚੋਗ ਪਾਉਂਦਾ। ਕਈ ਵਾਰੀ ਵੱਧ ਸਮਾਂ ਵੀ ਬੈਠਾ ਰਹਿੰਦਾ। ਪੰਛੀ ਉਸ ਦੇ ਨੇੜੇ ਆ ਜਾਂਦੇ। ਕਈ ਤਾਂ ਉਸ ਦੀ ਹਥੇਲੀ ਤੋਂ ਵੀ ਚੋਗ ਚੁਗ ਲੈਂਦੇ। ਪੰਛੀਆਂ ਦੇ ਨਾਲ਼-ਨਾਲ਼ ਕਈ ਗਲਹਿਰੀਆਂ ਵੀ ਆ ਕੇ ਚੋਗ ਚੁਗਣ ਲੱਗ ਪੈਂਦੀਆਂ। ਰਾਮ ਸਰਨ ਨੇ ਵਿਹੜੇ ਵਿਚ ਇਕ ਵੱਡੀ ਸਾਰੀ ਕੌਲੀ ਵਿਚ ਪੰਛੀਆਂ ਲਈ ਪਾਣੀ ਵੀ ਪਾ ਕੇ ਰੱਖਿਆ ਹੋਇਆ ਸੀ। ਉਹ ਸੋਚਦਾ ਸੀ ਕਿ ਪੰਛੀਆਂ ਲਈ ਭੋਜਨ ਨਾਲ਼ੋਂ ਪਾਣੀ ਜ਼ਿਆਦਾ ਜ਼ਰੂਰੀ ਹੈ। ਰਾਮ ਸਰਨ ਦੇ ਇਸ ਰੁਟੀਨ ਵਿਚ ਕਈ ਸਾਲ ਬੀਤ ਗਏ। ਸੁਰੇਸ਼ ਅਤੇ ਮੁਸਕਾਨ ਕੁਝ ਮਹੀਨਿਆਂ ਬਾਅਦ ਆ ਕੇ ਉਸ ਨੂੰ ਮਿਲ਼ ਜਾਂਦੇ। ਮੁਸਕਾਨ ਤਾਂ ਨੇੜੇ ਰਹਿਣ ਕਰ ਕੇ ਛੇਤੀ-ਛੇਤੀ ਮਿਲ਼ਣ ਆ ਜਾਂਦੀ ਸੀ। ਰਾਮ ਸਰਨ ਹੁਣ ਕਿਤੇ ਨਹੀਂ ਸੀ ਜਾਂਦਾ। ਉਸ ਦੀ ਉਮਰ ਵੀ ਕਾਫ਼ੀ ਹੋ ਗਈ ਸੀ। ਉਸ ਦੇ ਦੋਸਤ ਵੀ ਹੁਣ ਉਸ ਦੇ ਘਰ ਹੀ ਉਸ ਨੂੰ ਮਿਲ਼ਣ ਆਉਂਦੇ। ਰਾਮ ਸਰਨ ਪੰਛੀਆਂ ਨੂੰ ਚੋਗ ਪਾਉਣ ਦੇ ਰੁਟੀਨ ਤੋਂ ਗੈਰ-ਹਾਜ਼ਰ ਨਹੀਂ ਸੀ ਹੋਣਾ ਚਾਹੁੰਦਾ। ਉਸ ਨੂੰ ਪੰਛੀਆਂ ਨਾਲ਼ ਮੋਹ ਹੋ ਗਿਆ ਸੀ। ਪੰਛੀਆਂ ਨੂੰ ਉਸ ਨਾਲ਼ ਮੁਹੱਬਤ ਹੋ ਗਈ ਸੀ। ਪੰਛੀਆਂ ਦਾ ਰੌਲ਼ਾ ਰਾਮ ਸਰਨ ਨੂੰ ਮਿਊਜ਼ਿਕ ਵਾਂਗ ਲਗਦਾ। ਪੰਛੀਆਂ ਨਾਲ਼ ਸਮਾਂ ਬਿਤਾ ਕੇ ਰਾਮ ਸਰਨ ਨੂੰ ਸਕੂਨ ਮਿਲ਼ਦਾ। ਉਸ ਦੀ ਰੂਹ ਨੂੰ ਸ਼ਾਂਤੀ ਮਿਲ਼ਦੀ। ਉਸ ਦੇ ਦਿਲ ਨੂੰ ਖ਼ੁਸ਼ੀ ਮਿਲ਼ਦੀ। ਉਸ ਦੇ ਦਿਮਾਗ਼ ਦਾ ਤਣਾਓ ਖ਼ਤਮ ਹੋ ਜਾਂਦਾ। ਉਸ ਨੂੰ ਕੋਈ ਫ਼ਿਕਰ ਨਾ ਘੇਰਦਾ। ਉਸ ਨੂੰ ਕਦੇ ਵੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪੈਂਦਾ। ਸੁਰੇਸ਼ ਅਤੇ ਮੁਸਕਾਨ ਨੇ ਕਈ ਵਾਰੀ ਫ਼ੋਨ ਕੀਤਾ ਪਰ ਰਾਮ ਸਰਨ ਨੇ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਨੂੰ ਫ਼ਿਕਰ ਹੋ ਗਿਆ। ਉਨ੍ਹਾਂ ਨੇ ਆਪੋ ਵਿਚ ਗੱਲ ਕੀਤੀ। ਮੁਸਕਾਨ ਤਾਂ ਗਾਰਡਨ ਸਿਟੀ ਤੋਂ ਕੁਝ ਘੰਟਿਆਂ ਦੀ ਦੂਰੀ ਤੇ ਹੀ ਸੀ ਪਰ ਸੁਰੇਸ਼ ਕਾਫ਼ੀ ਦੂਰ ਸੀ। ਮੁਸਕਾਨ ਅਤੇ ਸਿਡਨੀ ਨੇ ਜਾ ਕੇ ਰਾਮ ਸਰਨ ਦਾ ਪਤਾ ਲੈਣਾ ਚਾਹਿਆ। ਘਰ ਦੀ ਇਕ ਚਾਬੀ ਮੁਸਕਾਨ ਕੋਲ਼ ਵੀ ਸੀ ਅਤੇ ਇਕ ਸੁਰੇਸ਼ ਕੋਲ਼ ਵੀ ਤਾਂ ਜੋ ਉਹ ਜਦੋਂ ਵੀ ਆਉਂਦੇ ਤਾਂ ਘਰ ਦਾ ਜਿੰਦਾ ਖੋਲ੍ਹ ਕੇ ਆਪ ਹੀ ਅੰਦਰ ਆ ਜਾਂਦੇ। ਮੁਸਕਾਨ ਅਤੇ ਸਿਡਨੀ ਕਾਰ ਵਿਚ ਗਾਰਡਨ ਸਿਟੀ ਨੂੰ ਚੱਲ ਪਏ। ਉਨ੍ਹਾਂ ਨੂੰ ਗਾਰਡਨ ਸਿਟੀ ਪਹੁੰਚਣ ਲਈ ਚਾਰ-ਕੁ ਘੰਟੇ ਲੱਗ ਗਏ। ਉਨ੍ਹਾਂ ਨੇ ਰਾਮ ਸਰਨ ਦੇ ਘਰ ਪਹੁੰਚ ਕੇ ਡੋਰ-ਬੈੱਲ ਕੀਤੀ ਪਰ ਕੋਈ ਜਵਾਬ ਨਾ ਆਇਆ। ਉਨ੍ਹਾਂ ਨੇ ਆਪਣੇ ਕੋਲ਼ ਵਾਲ਼ੀ ਚਾਬੀ ਨਾਲ਼ ਜਿੰਦਾ ਖੋਲ੍ਹਿਆ ਅਤੇ ਘਰ ਦੇ ਅੰਦਰ ਵੜ ਗਏ। ਅੰਦਰ ਜਾ ਕੇ ਉਨ੍ਹਾਂ ਨੇ ਤਾਕੀ ਵਿਚੋਂ ਦੇਖਿਆ ਕਾਫ਼ੀ ਪੰਛੀ ਵਿਹੜੇ ਵਿਚ ਬੈਠੇ ਸਨ ਪਰ ਰਾਮ ਸਰਨ ਕਿਧਰੇ ਨਹੀਂ ਸੀ ਦਿਸ ਰਿਹਾ। ਮੁਸਕਾਨ ਅਤੇ ਸਿਡਨੀ ਰਾਮ ਸਰਨ ਦੇ ਬੈੱਡ-ਰੂਮ ਵਿਚ ਗਏ ਤਾਂ ਦੇਖਿਆ ਕਿ ਰਾਮ ਸਰਨ ਆਪਣੇ ਬੈੱਡ ਤੇ ਸੁੱਤਾ ਪਿਆ ਸੀ। ਉਨ੍ਹਾਂ ਨੇ ਉਸ ਨੂੰ ਦੋ-ਚਾਰ ਅਵਾਜ਼ਾਂ ਮਾਰੀਆਂ ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। ਮੁਸਕਾਨ ਅਤੇ ਸਿਡਨੀ ਨੇ ਰਾਮ ਸਰਨ ਦੇ ਸਰੀਰ ਨੂੰ ਹਿਲਾ ਕੇ ਦੇਖਿਆ ਅਤੇ ਉਸ ਦੀ ਨਬਜ਼ ਟੋਹੀ। ਭਾਵੇਂ ਲਗਦਾ ਤਾਂ ਇਹੋ ਸੀ ਕਿ ਰਾਮ ਸਰਨ ਕਿਸੇ ਦੂਜੇ ਸੰਸਾਰ ਨੂੰ ਜਾ ਚੁੱਕਾ ਸੀ ਪਰ ਫਿਰ ਵੀ ਸਿਡਨੀ ਨੇ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਬਾਅਦ ਵਿਚ ਸੁਰੇਸ਼ ਨੂੰ ਸਥਿਤੀ ਤੋਂ ਜਾਣੂ ਕਰਾਉਣ ਲਈ ਫ਼ੋਨ ਕਰ ਦਿੱਤਾ। ਮੁਸਕਾਨ ਆਪਣੇ ਪਿਤਾ ਦੇ ਕੋਲ਼ ਮੰਜੇ ਤੇ ਬੈਠੀ ਉਸ ਦੇ ਸਰੀਰ ਤੇ ਆਪਣਾ ਸਿਰ ਰੱਖ ਕੇ ਅੱਥਰੂ ਵਹਾ ਰਹੀ ਸੀ। ਬਾਹਰ ਵਿਹੜੇ ਵਿਚ ਕੁਝ ਪੰਛੀ ਘਾਹ ਵਿਚੋਂ ਚੋਗ ਚੁਗਦੇ ਰਾਮ ਸਰਨ ਦੀ ਉਡੀਕ ਕਰ ਰਹੇ ਸਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਪ੍ਰੇਮ ਮਾਨ
ਸੁ-ਪ੍ਰਸਿੱਧ ਪੰਜਾਬੀ/ਅੰਗ੍ਰੇਜੀ ਦੇ ਵਿਦਵਾਨ ਲੇਖਕ ਜਿਹਨਾਂ ਦੀ ਲੇਖਣੀ ਨੇ 'ਦਰਜਣਾਂ ਪੁਸਤਕਾਂ' ਪਾਠਕਾਂ ਦੀ ਝੋਲ ਪਾਈਅਾਂ ਅਤੇ ਨਾਮਣਾ ਖੱਟਿਆ।
ਡਾ. ਮਾਨ ਦੀਅਾਂ ਦੀਅਾਂ ਪੁਸਤਕਾਂ ਦਾ ਵੇਰਵਾ:
* ਗੱਲਾਂ ਕਰਨ ਕਹਾਣੀਅਾਂ (2023 ਦੀਅਾਂ ਮੇਰੀਅਾਂ ਪਸੰਦੀਦਾ 11 ਕਹਾਣੀਅਾਂ: ਸੰਪਾਦਨਾ)---2024
* ਨਿੱਕੀਅਾਂ ਵੱਡੀਅਾਂ ਗੱਲਾਂ (ਵਾਰਤਕ)---2024
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ), ਦੂਜਾ ਐਡੀਸ਼ਨ--2022
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ) ਹਿੰਦੀ ਅਨੁਵਾਦ
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ), ਪਹਿਲਾ ਐਡੀਸ਼ਨ--2020
* ਚੁਬਾਰੇ ਦੀ ਇੱਟ (ਕਹਾਣੀ ਸੰਗ੍ਰਹਿ) --1970
* ਪਲਕਾਂ ਡੱਕੇ ਹੰਝੂ (ਗ਼ਜ਼ਲ ਸੰਗ੍ਰਹਿ)--1972
- Thirteen books in English were published by John Wiley of New York and its World-Wide affiliates.