9 October 2024

ਨਵੇਂ ਸਾਲ ਦੀ ਆਮਦ ਦੇ ਸ਼ੁੱਭ ਅਵਸਰ ‘ਤੇ: ‘ਪਰਖ਼ਾ’ ਦੀਆਂ ਬਦਲਦੇ ਸਮਿਆਂ ਤੇ ਉਨ੍ਹਾਂ ਬਦਲਾਉਣ ਵਾਲੇ “ਅਕਾਲ ਪੁਰਖ” ਬਾਰੇ ਕੁਝ ਕਵਿਤਾਵਾਂ

‘ਪਰਖ਼ਾ’ ਦੀਆਂ ਬਦਲਦੇ ਸਮਿਆਂ ਤੇ ਉਨ੍ਹਾਂ ਬਦਲਾਉਣ ਵਾਲੇ “ਅਕਾਲ ਪੁਰਖ” ਬਾਰੇ ਕੁਝ ਕਵਿਤਾਵਾਂ

1. ਵਿਗਿਆਨ ਦਾ ਮੂਲਮੰਤਰਪਰਖ਼ਾ

(ਡਾ. ਸੁਖਪਾਲ ਸੰਘੇੜਾ ਦੀ ਕਿਤਾਬ “ਮੱਧ-ਕਾਲੀ ਪੰਜਾਬ ਦੀ ਜਾਗਰਤੀ ਲਹਿਰ” ਅਨੁਸਾਰ ਜੋ ਗੁਣ ਜਾਂ ਲੱਛਣ ਸਾਡੇ ਬਾਬਾ ਨਾਨਕ ਜੀ ਹੁਰਾਂ ਗੁਰਬਾਣੀ ਦੇ ਮੂਲ-ਮੰਤਰ ਵਿੱਚ “ਅਕਾਲ ਪੁਰਖ” ਦੇ ਨਾਂ ਲਾਏ ਨੇ, ਉਹ ਸਾਰੇ ਗੁਣ ਇੱਕ ਇੱਕ ਕਰਕੇ ਵਿਗਿਆਨ ਨੇ ਬਾਬਾ ਜੀ ਤੋਂ ਪਹਿਲਾਂ ਤੇ ਬਾਅਦ ਵਿੱਚ ਸਦੀਆਂ ਦੇ ਅਰਸੇ ਦੌਰਾਨ ਊਰਜਾ ਬਨਾਮ ਮਾਦਾ ਵਿੱਚ ਪ੍ਰਮਾਣ ਸਹਿਤ ਪਾਏ ਨੇ; ਇਹ ਸੋਚਣ ਵਾਲੀ ਗੱਲ ਹੈ। ਇਸੇ ਅਕਾਲ ਗੱਲ ਨੂੰ ਕਾਵਿ ਰੂਪ ਵਿੱਚ ਪੇਸ਼ ਕਰ ਰਿਹਾ ਹਾਂ।)

ਕੁਦਰਤ ਦਾ ਹੈ ਮੂਲ ਊਰਜਾ
ਨਿਰੰਤਰ ਵਹਿੰਦੀ ਜਾਏ।
ਸਾਰਾ ਕੁਝ ਉਸੇ ਤੋਂ ਬਣਿਆਂ
ਖ਼ੁਦ ਨੂੰ ਆਪ ਬਣਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਊਰਜਾ ਦੇ ਹੀ ਰੁਕੇ ਰੂਪ ਦਾ
ਨਾਮ ਹੈ ‘ਮਾਦਾ’ ਧਰਿਆ,
ੳਹ ਹੈ ਸਰਬ ਵਿਆਪਕ ਤਾਹੀਂਓ
“ਏਕਮ ਕਾਰ” ਕਹਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਸੱਚ ੳਹਦਾ ਪਹਿਚਾਣ ਗੁਣਾਂ ਦਾ
ਪ੍ਰਮਾਣਿਕ ਪਰਖਣ ਜੋਗਾ,
ਲੱਖਾਂ ਲੈਬਾਂ ਵਿੱਚ ਪਰਖ਼ਿਆਂ
“ਸਤਨਾਮੁ” ਪ੍ਰਗਟਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਕੁਦਰਤ ਨਿਯਮੀ ਢਲ ਊਰਜਾ
“ਕਰਤਾ ਪੁਰਖੁ” ਹੋ ਜਾਂਦੀ,
ਘੱਟ ਘੱਟ ਦੇ ਵਿੱਚ ਵਸ ਕੇ ਸਾਰੀ
ਕਾਇਨਾਤ ਰਚਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਨਾ ਊਰਜਾ ਜੰਮਦੀ ਮਰਦੀ
ਨਾ ਵੱਧਦੀ ਨਾ ਘੱਟਦੀ,
ਬੱਸ ਉਹ ਆਪਣਾ ਰੂਪ ਬਦਲਦੀ
ਰੂਪ ਅਸੰਖਾਂ ਪਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਉਹ “ਨਿਰਭਊ ਨਿਰਵੈਰ” “ਅਜੂਨੀ”
“ਸੈਭੰ” ਅਜ਼ਾਦ ਸਮੇਂ ਤੋਂ,
ਇੰਝ ਰੂਪਾਂ ਦੀ ਮਾਂ ਅਮੂਰਤ
“ਅਕਾਲ ਮੂਰਤਿ” ਹੋ ਜਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਵਿਗਿਆਨ ਦੇ ਖ਼ੋਜੇ ਨਿਯਮਾਂ ਦੇ ਸੰਗ
ਜਦੋਂ ਊਰਜਾ ਮਿਲਦੀ,
ਆਪੇ ਕੁਦਰਤ ਆਪੇ ਕਾਦਰ
ਬ੍ਰਹਿਮੰਡ ਜੰਮ ਚਲਾਏ।

ਊਰਜਾ ਧਾਰ ਸੱਤ ਅਕਾਲ!
ਏਕਮ ਕਾਰ! ਏਕਮ ਕਾਰ!

ਜੰਤਰ ਮੰਤਰ ਧਰਮ ਦੇ ਲੱਛਣਾਂ
ਵਿੱਚ ਧੋਖਾ ਹੀ ਧੋਖਾ,
ਵਿਗਿਆਨ ਹੀ “ਗੁਰ ਪ੍ਰਸਾਦਿ” ‘ਪਰਖਿਆਂ’
ਕੁਦਰਤ ਨਾਲ ਮਿਲਾਏ।

ਊਰਜਾ ਧਾਰ ਸੱਤ ਕਰਤਾਰ!
ਏਕਮ ਕਾਰ! ਏਕਮ ਕਾਰ!
**

2. ਕੁੰਜ ਮੌਤ—ਪਰਖ਼ਾ

ਹਰ ਮਹੀਨੇ ਸੱਪ ਇੱਕ ਵੇਰਾਂ
ਕੁੰਜ ਆਪਣੀ ਲਾਹਵੇ।
ਦੋ-ਤਿੰਨ ਹਫ਼ਤੇ ਲਾ ਕੇ ਬੰਦਾ
ਚਮੜੀ ਨਵੀਂ ਉਗਾਵੇ।

ਵਿਕਾਸੇ ਤਨ ਤੇ ਚਮੜੀ ਸੰਗ ਸੰਗ
ਮਨ ਵਿਕਾਸ ਜ਼ਰੂਰੀ,
ਕਿੰਨੀ ਵਾਰੀ ਬੰਦਾ ਮਾਹ ‘ਚੇ
ਕੁੰਜ ‘ਸੋਚ’ ਦੀ ਲਾਹਵੇ?

ਜਿਸ ਕੌਮ ਦੀ ‘ਸੋਚ’ ਨੇ ਸਦੀਆਂ
ਤੋਂ ਨਹੀਂ ਕੁੰਜ ਉਤਾਰੀ,
ਅਨ-ਉਤਾਰੀ ਕੁੰਜ ਕੌਮ ਨੂੰ
ਸਹਿਜੇ ਫ਼ਾਹੇ ਲਾਵੇ।
***

3. ਹਨੇਰਾ ਚਾਣਨ—ਪਰਖ਼ਾ

ਹਰ ਚਾਨਣ ਚੰਗਾ ਨਹੀਂ ਹੁੰਦਾ
ਨਾ ਹਰ ਬੁਰਾ ਹਨੇਰਾ।
ਉਹੀਓ ਚੰਗਾ ਹੱਕ ਸੱਚ ਦੇ
ਹੱਕ ਵਿੱਚ ਭੁਗਤੇ ਜਿਹੜਾ।

ਬੰਦ ਕਰੋ ਇਹ ਟੈਂਅ ਟੈਂਅ ਸ਼ਾਇਰੀ
ਜੋ ਸਦੀਆਂ ਤੋਂ ਗਾਉਂਦੇ,
ਹਰ ਬੁਰਾਈ ਨ੍ਹੇਰਾ ਜੰਮਦਾ
ਚਾਨਣ ਸਦਾ ਚੰਗੇਰਾ।

ਭੱਠ ਪਵੇ ਚਾਨਣ ਜੋ ਭਾਗੋ
ਦੇ ਮਹਿਲ ਰੁਸ਼ਨਾਏ,
ਪ੍ਰੇਮੀਆਂ ਤਾਈਂ ਮਿਲਾਵੇ ਨ੍ਹੇਰਾ
ਉਸ ਤੋਂ ਚੰਗਾ ਕਿਹੜਾ।

ਹਰ ਕਿਸਮ ਦੇ ਨ੍ਹੇਰੇ ਕੋਲੋਂ
ਇੱਕੋ ਜਿਹਾ ਨਹੀਂ ਖ਼ਤਰਾ,
ਸੱਭ ਤੋਂ ਖ਼ਤਰਨਾਕ ਹੈ ਹੁੰਦਾ
ਬੰਦ ਅੱਖਾਂ ਦਾ ਨ੍ਹੇਰਾ।

ਇਸ ਨ੍ਹੇਰੇ ‘ਚੇ ਡੁੱਬ ਕੇ ਬ੍ਰਹਿਮੰਡ
ਬੰਦੇ ਦਾ ਮਰ ਜਾਂਦਾ,
ਜਿਸ ਦੀ ਲਾਸ਼ ਉਠਾਈ ਜਿੰਦਗੀ
ਗਾਹਵੇ ਪੰਧ ਲੰਮੇਰਾ।

ਬੰਦ ਅੱਖਾਂ ਦਾ ਨ੍ਹੇਰਾ ਬੰਦਾ
ਹਿੜ੍ਹ ਹਿੜ੍ਹ ਕਰ ਜਰ ਜਾਂਦਾ,
ਸਾਰਿਆਂ ਜੇਰਿਆਂ ਵਿੱਚੋਂ ਵੱਧ ਕੇ
ਖ਼ਤਰਨਾਕ ਇਹ ਜੇਰਾ।

ਨ੍ਹੇਰੇ ਦੀ ਅੱਖ ਸੱਭ ਕੁਛ ਵੇਖੇ
ਜੋ ਚਾਨਣ ਵਿੱਚ ਹੁੰਦਾ,
ਚਾਨਣ ਦੀ ਅੱਖ ਹੋ ਜਏ
ਛਾਣਨ ਲੱਗੀ ਨ੍ਹੇਰਾ।

ਐ ਦੁਨੀਆ ਦੇ ਸ਼ਾਇਰੋ ਗਾਇਕੋ
ਏਸ ਸੱਚ ਦੀ ਲੋਏ,
ਦੱਸੋ ਕਿਹੜਾ ਵੱਧ ਗਿਆਨੀ
ਚਾਨਣ ਜਾਂ ਅੰਧੇਰਾ।

ਸ਼ੁੱਧ ਚੰਗੇ ਤੇ ਸ਼ੁੱਧ ਬੁਰੇ ਦਾ
ਕੂੜ੍ਹਾ ਸੱਭ ਫ਼ਲਸਫ਼ਾ,
ਅਸ਼ੁੱਧੀ ਕੁੱਖੋਂ ਬ੍ਰਹਿਮੰਡ ਜੰਮਿਆ
ਜ਼ਿੰਦਗੀ ਪੰਧ ਲੰਬੇਰਾ।
***

4. ਧਾਰਮਿਕ ਲੋਕ— ਪਰਖ਼ਾ

ਇੱਕ ਪਾਸੇ ਯੋਰਪ ਦੇ ਬਾਬੇ
ਮਾਰਕਸ ਨੇ ਫ਼ੁਰਮਾਇਆ:
ਧਰਮ ਲੋਕਾਂ ਲਈ ‘ਫ਼ੀਮ ਹੈ ਹੁੰਦੀ
ਚੰਦਰੀ ਇਹਦੀ ਛਾਇਆ।

ਦੂਜੇ ਪਾਸੇ ਇਸ ਤੋਂ ਵੀ ਵੱਧ
ਇਹਤੋਂ ਸਦੀਆਂ ਪਹਿਲੇ,
ਪੰਜਾਬ ਦੇ ਬਾਬੇ ਨਾਨਕ ਨੇ ਸੀ
ਇਹੀਓ ਸੱਚ ਪ੍ਰਗਟਾਇਆ:

ਅਫ਼ੀਮ ਨਸ਼ਾ ਜੋ ਰਾਤ ਨੂੰ ਚੜ੍ਹਿਆ
ਸੁਬਹ ਨੂੰ ਉੱਤਰ ਜਾਵੇ,
ਨਾਮ ਖ਼ੁਮਾਰੀ ਨਸ਼ਾ ਰੂਹਾਂ ਨੂੰ
ਸਦਾ ਬਹਾਰ ਲਗਾਇਆ।

ਧਰਮ ‘ਤੇ ਲੱਗੇ ਲੋਕ ਅਸੀਂ ਵੀ
ਕਿੰਨੀ ਕੁੱਤੀ ਸ਼ੈਅ ਹਾਂ,
ਦੋਨਾਂ ਬਾਬਿਆਂ ਭਲਿਆ ਨੂੰ ਵੀ
ਧਰਮਾਂ ਵਿੱਚ ਵਟਾਇਆ।
***
email: parkha.punjab@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
976
***