1. ਦੀਪਾਵਲੀ
ਸਦੀਆਂ ਸਦੀਆਂ ਤੋਂ ਤੂੰ ਬੰਦਿਆਂ
ਖਰਬਾਂ ਪੂਜਾ ਦੀਵੇ ਬਾਲੇ।
ਫ਼ਿਰ ਵੀ ਤੇਰਾ ਜੱਗ ਹਨੇਰਾ
ਨ੍ਹੇਰੇ ਤੇਰੇ ਰਸਤੇ ਸਾਰੇ।
ਗਿਆਨ ਵਿਗਿਆਨ ਦੀ ਜੋਤ ਇੱਕ ਵੇਰਾਂ
ਮਨ ਤੇ ਰੂਹ ਵਿੱਚ ਬਾਲ ਲਵੇਂ ਜੇ,
ਮਨ ਰੂਹ ਚਾਨਣ ਤਾਂ ਜੱਗ ਦੀ ਚਾਨਣ
ਹਰ ਰਾਹ ਚਾਨਣ ਠਾਠਾਂ ਮਾਰੇ।
ਇਸ ਚਾਨਣ ਦੇ ਖੰਭ ਲਗਾ ਕੇ
ਗੇੜੇ ਧਰਤ ਦੁਆਲੇ ਲਾਵੇ,
ਐਸੀ ਦੀਪਾਵਲੀ ਨੂੰ ਫਿਰ ਕੁੱਲ
ਮਾਨਵਤਾ ‘ਚੋਂ ਮਿਲਣ ਹੁੰਘਾਰੇ।
**
2. ਪੁੱਠੇ ਕੌਮਿਆਂ ‘ਚ ਫ਼ਸੀ ਅਕਲ
ਅਸੀਂ ਰੱਟਾ ਲਾਇਆ
ਜੋ ਰਸੂਲ ਹਮਜਾਤੋਵ ਨੇ ਫ਼ਰਮਾਇਆ:
“ਜੇ ਤੁਸੀ ਬੀਤੇ ‘ਤੇ ਗੋਲੀ ਚਲਾਉਂਗੇ
ਤਾਂ ਭੱਵਿੱਖ ਵਲੋਂ ਤੋਪ ਨਾਲ ਫੁੰਡੇਂ ਜਾਉਗੇ।”
ਅਸੀਂ ਭੂਤ ਨਾਲ ਆਪਣੇ ਹੇਜ ਨੂੰ
ਇਸ ਫ਼ੁਰਮਾਣ ਪੱਠੇ ਪਾਉਂਦੇ ਹਾਂ
ਮੂੰਹ ਵਿਰਸੇ ਦੀ ਖ਼ੁਰਲ੍ਹੀ ਵਿੱਚ ਪਾ ਕੇ
ਭਵਿਖ ਵੱਲ ਪਿੱਠ ਭਵਾਉਂਦੇ ਹਾਂ।
ਸ਼ਾਇਦ ਰਸੂਲ ਹਮਜਾਤੋਵ ਅੰਕਲ ਸਾਡੀ
ਅਕਲ ਵਿੱਚ ਰੁਲ ਗਿਆ ਹੋਵੇ
ਤੇ ਸਾਨੂੰ ਇਹ ਫ਼ਰਮਾਉਂਣਾ
ਭੁੱਲ ਗਿਆ ਹੋਵੇ:
ਜੇ ਕੱਲ੍ਹ ਨੂੰ ਭਲਕ ਬਣਾਉਂਗੇ
ਤਾਂ ਸਮੇਂ ਵਲੋਂ ਬਿਨਾਂ ਖ਼ੂਨ ਖ਼ਰਾਬੇ
ਹੌਲੀ ਹੌਲੀ ਸਾਬਤੇ ਨਿਗਲੇ ਜਾਓਗੇ,
ਜਦ ਖ਼ਾਨਦਾਨੀ ਇੱਜ਼ਤਾਂ ਦੇ ਤੁਰਲ੍ਹਿਆਂ ਵਾਲੇ
ਆਪਣੇ ਖ਼ਾਨਦਾਨਾਂ ਦੇ ਭਵਿੱਖ ਨੂੰ
‘ਵਿਦੇਸ਼ੀ’ ਕੌਮਾਂ ਦੇ ਢਿੱਠਾਂ ਵਿੱਚ ਪਾਉਣ ਲਈ
ਆਪਣੇ ਹੱਥੀਂ ਚਾਈਂ ਚਾਈਂ ਜਹਾਜ਼ੇ ਚੜ੍ਹਾਉਂਗੇ,
ਚੜ੍ਹਾਉਂਣ ਬਾਅਦ ਤਿੰਨ ਪੈੱਗ ਲਾ
ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਮਨਾਉਂਣਗੇ।
**
3. ਉੱਨੀ ਇੱਕੀ ਦਾ ਫ਼ਰਕ
ਉੱਨੀ ਇੱਕੀ ਦੇ ਫ਼ਰਕ ਨੂੰ ਬੰਦਿਓ
ਨਾ ਛੋਟਾ ਪਹਿਛਾਣੋ।
ਇਸ ਫ਼ਰਕ ‘ਤੇ ਚਾੜ੍ਹ ਧਰਤੀਆਂ
ਲਾਹ ਸਕਦੇ ਅਸਮਾਨੋਂ।
ਅੱਸੀ ਮਿਲੀਅਨ ਵਰੵੇ ਲੱਗ ਗਏ
ਚੁਹਿਓਂ ਬੰਦਾ ਬਣਦੇ,
ਤਾਹੀਂਓਂ ਤਰਕ ਵਿਗਿਆਨ ਯੁੱਗ ਜੀਵੋਂ
ਗਿਆਨ ਧਿਆਨ ਨਿਮਾਣੋ।
ਉੱਨੀ ਇੱਕੀ ਦਾ ਫਰਕ ਦੋਹਾਂ ਦੇ
ਡੀ. ਐੱਨ. ਏ. ਵਿੱਚ ਹੁੰਦਾ,
ਏਸ ਫ਼ਰਕ ‘ਤੇ ਚੂਹੇ ਦੀ ਥਾਂ
ਜੂਨ ਮਨੁੱਖੀ ਮਾਣੋ!
ਚੂਹੇ, ਸ਼ੀਂਹ ਤੇ ਭੇਡਾਂ ਹੋ ਰਹੇ
ਐ ਆਦਮ ਦੇ ਜਾਇਓ,
ਉੱਨੀ ਇੱਕੀ ਦੇ ਫਰਕ ਛਾਣਨੇ
ਮਾਨਵਤਾ ਨੂੰ ਛਾਣੋ।
ਵਿਗਿਆਨਕ ਨਿਯਮਾਂ ਦੀ ਕਲਮ ਸੰਗ
ਜੋ ਕੁਦਰਤ ਨੇ ਲਿਖਿਆ,
ਉੱਨੀ ਇੱਕੀ ਦੇ ਫਰਕ ‘ਚੇ ਪਸਰੇ
ਮਹਾਂ-ਕਾਵਿ ਨੂੰ ਜਾਣੋ।
**
4. ਸ਼ਹੀਦਖ਼ਾਨਾ
ਹਾਲਾਤਾਂ ਦੇ ਚੁੱਲੇ ‘ਚੇ ਤੇਰੇ
ਨਾਮ ਦਾ ਬਾਲਣ ਬਾਲਾਂਗੇ
ਚਲਦਾ ਹੈ।
ਉੱਪਰ ਤਾਅ ਤਵੀ ਸਿਧਾਂਤਾਂ ਦੀ
ਗਰਜ਼ਾਂ ਦੀਆ ਂਦੁੱਪੜਾਂ ਲਾਹ ਲਾਂਗੇ
ਚਲਦਾ ਹੈ।
ਤਰਕ ਹੀ ਤਾਂ ਹੈ ਇਸ ਵਿੱਚ
ਛੇਕ ਇੱਕ ਦੋ ਹੋਰ ਸਹੀ,
ਕੁਝ ਵੀ ਹੈਂ ਤੂੰ ਮਰ ਤਾਂ ਸਹੀ
ਤੈਨੂੰ ਵੀ ਸ਼ਹੀਦ ਬਣਾ ਲਾਂਗੇ
ਚੱਲਦਾ ਹੈ।
ਜਦੋਂ ਤੋਂ ਇਤਿਹਾਸ ਦੀ ਗੱਡੀ
ਕੌਮ ਦੇ ਰਾਹ ਵਿੱਚ ਅੜੀ ਹੋਈ,
ਮੂਕ ਹੋ ਗਏ ਵਰਤਮਾਨ ‘ਚੇ
ਸ਼ਹੀਦ-ਖ਼ਾਨਾ ਚਲਾ ਲਾਂਗੇ
ਚੱਲਦਾ ਹੈ।
**
5. ਕੱਲ੍ਹ ਤੋਂ ਕੱਲ੍ਹ ਦਾ ਗਧੀ-ਗੇੜ੍ਹ
ਗੁਜ਼ਰੇ ‘ਕੱਲ੍ਹ’ ਦੇ ਸੰਗ ਸੰਗ ਆਓਣੇ
ਵਾਲਾ ‘ਕੱਲ੍ਹ’ ਵਸੇਂਦਾ ਹੈ।
ਦੋਹਾਂ ਕੱਲ੍ਹਾਂ ਦੇ ਵਿੱਚ ਵਿਚਾਲੇ
ਕੌਮ ਦਾ ‘ਅੱਜ’ ਨਚੇਂਦਾ ਹੈ।
ਜ਼ਿਹਨੇ-ਕੌਮ ‘ਚੇ ‘ਭਲਕ’ ਨਿੱਤ ਨੇਮੇ
ਫ਼ਾਸੀਂ ਉੱਤੇ ਚੜ੍ਹਦਾ ਹੈ,
ਕੱਲ੍ਹ ਤੋਂ ਕੱਲ੍ਹ ਦਾ ਨਾਚ ਸਫ਼ਰ ਨਹੀਂ
ਗਧੀ-ਗੇੜ੍ਹ ਕਹੇਂਦਾ ਹੈ।
ਐਸੀ ਕੌਮ ਦੀ ‘ਅਕਲ’ ‘ਸਿਆਣਪ’
ਤਾਈਂ ਉਲੰਘ ਨਾ ਪਾਂਦੀ ਹੈ,
ਤਰਕ ਕੌਮ ਦਾ ਵਿੱਚ ਚਲਾਕੀ
ਜਾਂ ਤੁੱਕਾਂ ਵਿੱਚ ਰਹਿੰਦਾ ਹੈ।
ਤਾਹੀਂਉਂ ਮਾਰਕਸ ਦੇ ਸਿਰ ਵਿੱਚੋਂ
ਨਿਕਲ ਲੈਨਿਨ ਮਾਓ ਚੀਂ ਹੁੰਦਾ
ਸਿਧਾਂਤੇ ਇੰਨਕਲਾਬ ਧਰਮ ਦੇ
ਖ਼ੂਹੇ ਵਿੱਚ ਡਿਗ ਪੈਂਦਾ ਹੈ।
***
Email: dr.sukhpal.sanghera@gmail.com |