28 March 2026

ਨਵੀਂ ਅਣਪ੍ਰਕਾਸ਼ਿਤ ਕਹਾਣੀ: ..ਆਪਣੇ ਘਰ ਦੀ ਤਾਂਘ — ਲਾਲ ਸਿੰਘ ਦਸੂਹਾ

ਐਓਂ ਕਰੀ ਜ਼ਰਾ ਸਹਿਜ ਨਾਲ ਜਾ ਬੈਠੀਂ। ਉਸ ਦੇ ਮੰਜੇ ਲਾਗੇ। ਕਿਸੇ ਵੀ ਕੁਰਸੀ ਸਟੂਲ ‘ਤੇ। ਬਿੜਕ ਹੁੰਦਿਆਂ-ਕਰਦਿਆਂ ਉਹ ਅੱਖਾਂ ਖੋਲ੍ਹੇਗੀ ਤੈਨੂੰ ਦੇਖਦਿਆਂ ਸਾਹ ਪਹਿਲਾਂ ਇਹ ਕਰੇਗੀ ‘ਭਾਅ ਜੀ ਮੇਰਾ ਇੱਕ ਕੰਮ ਕਰੋਗੇ ?’ ਤੇਰਾ ਹਾਂ-ਨਾਂਹ ਉਡੀਏ ਬਿਨਾਂ ਉਹ ਅਗਲਾ ਵਾਕ ਫਿਰ ਉਹ ਬੋਲੇਗ, ਥੋੜ੍ਹਾ  ਬਦਲੇ ਕੇ “ਮੇਰਾ ਇਹ ਕੰਮ ਜ਼ਰੂਰ ਕਰੋ , ਮੈਨੂੰ ਘਰ ਛੱਡ ਆਓ।“ ਤੂੰ ਹੈਰਾਨ ਹੋਵਂਗਾਂ ਤੇ ਚਿੰਤਾਵਾਨ । ਆਪਣੇ ਘਰ ਬੈਠੀ ਇਹ ਕਿਹੜੀ ਥਾਂ ਜਾਣ ਨੂੰ ਆਖ ਰਾਹੀ ਐ । ਉਸ ਦੇ ਅਗਲੇ ਬੋਲ ਸੁਨਣ ਤੋਂ ਪਹਿਲਾਂ ਤੂੰ ਆਖੇਗਾ –“ਆਪਣੇ ਘਰ ਈ ਤਾਂ ਬੈਠੀ ਏਂ ਤੂੰ। ਇਹ ਤੇਰਾ ਈ ਘਰ ਆ ਬੀਬਾ । “ ਉਸ ਦਾ ਝੱਟ ਉੱਤਰ ਹੋਵੇਗਾ “ ਨਹੀਂ, ਇਹ ਮੇਰਾ ਘਰ ਨਈਂ , ਇਹ ਪਤਾ ਨਈਂ ਕੇਦਾਂ , ਮੈਂ ਜਿੱਦਣ ਦੀ ਆਈ ਆਂ , ਓਦਣ ਦੀ ਈ ਬਿਮਾਰ ਆਂ । ਆਪਣੇ ਘਰ ਮੈਂ ਕਦੀ ਬਿਮਾਰ ਨਹੀਂ ਸੀ ਹੋਈ । ਮੈਨੂੰ ਓਥੇ ਲੈ ਕੇ ਚੱਲ ਵੀਰ ਵੀਰ ਬਣ ਕੇ ।ਮੈਂ ਹੱਥ ਜੋੜਦੀ ਆਂ , ਪੈਰੀ ਪੈਨੀਂ ਆ ਤੇਰੇ । “ ਤੇ ਸੱਚ –ਮੁੱਚ ਉਹ ਹੱਥ ਜੋੜ ਕੇ ਤੇਰੇ ਪੈਰਾਂ ਵੱਲ ਨੂੰ ਝੁਕੇਗੀ । ਤੁੰ ਉਸ ਨੂ ਪਿਆਰ ਦਏਂਗਾ । ਉਸ ਦੇ ਸਿਰ ਦੇ ‘ਤੇ ਹੱਥ ਫੇਰੇਂਗਾ । ਤੂੰ ਇਹ ਨਾ ਸਮਝਣਾ ਉਸਨੇ ਤੈਨੂੰ ਪਛਾਣਿਆ ਨਹੀਂ । ਸਭ ਜਾਣਦੀ ਐ , ਚੰਗੀ ਤਰ੍ਹਾਂ ਪਛਾਣਦੀ  ਆਂ ਤੈਨੂੰ । ਤੇਰਾ ਹੱਥ ਲੱਗਦਿਆਂ ਸਾਰ ਉਸ ਨੇ ਰੋਣ ਲੱਗ ਪੈਣਾ । ਪਹਿਲਾਂ ਹਟਕੋਰੀ , ਫਿਰ ਉੱਚੀ-ਉੱਚੀ ਭੂੱਬਾਂ ਮਾਰ ਕੇ । ਬਿਲਕੁਲ ਉਸ ਤਰ੍ਹਾਂ , ਜਿਵੇਂ ਉਹ ਦਫ਼ਤਰ ਆ ਕੇ ਰੋਈ ਸੀ , ਤੇਰੀ ਮੁਅੱਤਲੀ ਵੇਲੇ । ਹੋਰ ਵੀ ਕਰਮਚਾਰੀ ਸਨ ਹੀ ਉਸ ਵਰਗੇ । ਬਿਲਕੁਲ ਨਾਲ ਦੇ ਕਮਰੇ ‘ਚ । ਲਾਗੇ –ਲਾਗੇ ਬੈਠਦੇ ਸਨ ਸਾਰੇ । ਸਭ ਨੂੰ ਇੱਕ ਸਾਰ ਪਤਾ ਲੱਗ ਗਿਆ ਕਿ ਨਵੇਂ ਆਏ ਸਾਬ੍ਹ ਦੀ ਬਦਲੀ ਨਹੀ , ਮੁਅੱਤਲੀ ਹੋਈ ਐ । ਕਾਰਨ ਝੱਟ ਸਮਝ ਗਏ ਸਨ ਉਹ ਥਿ ਨਵੇਂ ਸਾਬ੍ਹ ਉਪਰਲੀਆਂ ਆਸਾਂ ‘ਤੇ ਪੂਰੀ ਨਹੀਂ ਸੀ ਉੱਤਰੇ । ਪੂਰਾ ਛੱਡ ਕੇ ਥੋੜ੍ਹਾ –ਬਹੁਤ ਹੁੰਗਾਰਾ ਵੀ ਨਹੀਂ ਸੀ ਭਰਿਆ । ਦਫਤਰੀ ਰੁਟੀਨ ‘ਚ ਵਿਚਰਦਿਆਂ ਤੂੰ ਦਫਤਰੀ ਨਿਸ਼ਮਾਂ ਦੀ ਪਾਲਣਾ ਵੱਧ ਕਰਦਾਂ। ਮਹਿਕਮਾ ਕੁਝ ਹੋਰ ਭਾਲਦਾ ਸੀ ਤੇਰੇ ਤੋਂ । ਤੂੰ ਉਪਰਲੇ –ਹੇਠਲੇ ਹੁਕਮਾਂ ਵੱਲ ਧਿਆਨ ਨਹੀਂ ਸੀ ਦਿੱਤਾ । ਧਿਆਨ ਦੇਣਾ ਤਾਂ ਇਕ ਪਾਸੇ ਰਿਹਾ, ਬਹੁਤੀ ਵਾਰ ਨਾਂਹ-ਨੁੱਕਰ ਹੀ ਕਰ ਦਿੱਤੀ । ਭਲਾ-ਚੰਗਾ ਪਤਾ ਸੀ ਤੈਨੂੰ ਕਿ ਉੱਪਰਲੇ ਹੁਕਮ ਹੁਣ ਪਹਿਲੋਂ ਵਰਗੇ ਨਹੀਂ ਸੀ ਰਹੇ । ਤਾਸੀਰ ਬਦਲ ਗਈ ਸੀ ਇਹਨਾਂ ਦੀ । ਹੇਠੋਂ ਲੈ ਕੇ ਉੱਪਰ ਤੱਕ । ਇਹ ਨਾਂਹ-ਨੁੱਕਰ ਤਾਂ ਕੀ , ਕਿਸੇ ਵੀ ਤਰ੍ਹਾ ਦੀ ਅਪੀਲ-ਦਲੀਦ ਬਰਦਾਸ਼ਤ ਨਹੀਂ ਸੀ ਕਰਦੇ । ਜਿਵੇਂ ਪਹਿਲਾਂ ਵਾਲੇ ਕਰ ਲਿਆ ਕਰਦੇ ਸਨ । ਉਹਨਾਂ ਨਾਲ ਤਾਂ ਬਹਿਸ –ਮੁਬਾਸਾ ਵੀ ਕਰ ਲੈਂਦਾ ਸੀ । ਉਹ ਤੇਰਾ ਪੱਖ ਸੁਣ ਵੀ ਲਿਆ ਕਰਦੇ ਸਨ । ਜੇ ਚਾਰੇ ਸਿਰੇ ਗੱਲ ਕਿਸੇ ਤਣ-ਪੱਤਣ ਨਾ ਲੱਗੇ , ਤਾਂ ਵੱਧ ਤੋਂ ਵੱਧ ਚਿਤਾਵਨੀ ਜਾਂ ਚਾਰਜਸ਼ੀਟ । ਜੇ ਤਲਖ-ਕਲਾਮੀ ਬਾਹਲੀ ਈ ਇਤਰਾਜ਼ਯੋਗ ਹੁੰਦੀ ਤਾਂ ਵੱਡੀ ਤੋਂ ਵੱਡੀ ਸਜਾਂ ਹੁੰਦੀ ਬਦਲੀ , ਜਿਸ ਨੂੰ ਆਮ ਵਰਤਾਰਾ ਸਮਝਣ ਲੱਗ ਪਿਆ ਸੀ ਤੂੰ । ਪਰ ਇਹ ਵਾਰ ਤਾਂ ਗੱਲ ਵੀ ਕੋਈ ਖਾਸ ਨਹੀਂ ਸੀ ਹੋਈ । ਤੈਨੂੰ ਆਪਣੇ ਦਫ਼ਤਰ ਦੇ ਇੱਕ ਸਿਆਣੇ –ਬਿਆਣੇ ਕਰਮਚਾਰੀ ਦੀਆਂ ਦਫਤਰੋਂ ਬਹਾਰਲੀਆਂ ਗਤੀਵਿਧੀਆਂ ਦੱਸਣ ਲਈ ਕਿਹਾ ਗਿਆ ਗੁਪਤ ਢੰਗ ਨਾਲ । ਤੇਰਾ ਉੱਤਰ ਸੀ , “ਮੇਰਾ ਵਾਹ-ਵਾਸਤਾ ਉਸ ਦੇ ਦਫਤਰੀ ਕਾਰ-ਵਿਹਾਰ ਨਾਲ ਐ , ਉਸ ਦੇ ਨਿੱਜੀ ਜੀਵਨ ਨਾਲ ਨਹੀਂ । ਡਿਊਟੀਓਂ ਬਾਅਦ ਉਹ ਆਜ਼ਾਦ ਐ , ਕੋਈ ਵੀ ਸਮਾਜਿਕ ਕੰਮ ਕਰੇ ਜਾਂ ਸੱਭਿਆਚਰਕ ਮੈਂ ਉਸ ਨੂੰ ਕਿਵੇਂ ਰੋਕ ਸਕਦਾਂ। “

ਵਾਰ ਵਾਰ ਪੁੱਛੇ ਜਾਣ ‘ਤੇ ਤੇਰਾ ਉਸ ਵਾਰ ਦਾ ਉੱਤਰ ਥੋੜ੍ਹੀ ਕੁ ਤਲਖ-ਬਾਣੀ ‘ਚ ਬਦਲ ਗਿਆ ।

ਫਿਰ ਵੀ ਸ਼ੁਕਰ ਕਰ ਤੂੰ ਨੇੜ ਹੀ ਬਚ ਗਿਆ ,ਨਹੀਂ ਤਾਂ ਦੇਸ਼-ਧਰੋਹੀ , ਜੇਲ੍ਹ-ਬੰਦੀ ਵਰਗੇ ਤਗਮੇ ਸੌਖਿਆਂ ਹੀ ਲਟਕ ਜਾਣੇ ਜਾਣ ਸਨ ਤੇਰੇ ਗਲੇ ‘ਚ । ਇਹ ਤੇਰੀ ਕਾਬਲੀਅਤ ਸੀ ਜਾਂ ਮਹਿਕਮਾਨਾਂ ਬਾਰੀਕੀਆਂ ਦੀ ਡੂੰਘੀ ਜਾਣਕਾਰੀ ਕਿ ਤੈਨੂੰ ਮਿਲੀ ਸਜਾਂ ਕੇਵਲ ਮੁਅੱਤਲੀ ਤੱਕ ਹੀ ਸੀਮਤ ਰਹੀ , ਪਰ ਪੱਕੀ ਗੱਨ ਇਹ ਐ ਕਿ ਤੂੰ ਇਸ ਨੂੰ ਵਾਰਨਿੰਗ ਹੀ ਸਮਝ – ‘ਜੇ ਮੁੜ ਕਿਸੇ ਨਾਲ ਐਹੀ ਜਿਹੀ ਬਹਿਜਬਾਜ਼ੀ ਕੀਤੀ ਤਾਂ ਬਰਖਾਸਤੀ ਨੋਟਿਸ ਤੇਰੇ ਹੱਥਾਂ ‘ਚ ਹੋਵੇਗਾ । ਫਿਰ ਤੁਰਿਆ ਫਿਰੀ  ਐਧਰ-ਓਧਰ ਟੱਕਰਾਂ ਮਾਰਦਾ । ਕੋਟਰ-ਕਚਹਿਰੀ ਸਮੇਤ ਉੱਪਰ ਤੱਕ ਤੇਰੀ ਇਕ ਨਹੀਂ ਸੁਨਣੀ ਕਿਸੇ ਨੇ ।‘

ਤੇ ਬੱਸ …..ਤੇਰੀ ਉਸ ‘ਵਾਰ ਦੀ ਹੁਕਮ –ਅਦੂਲੀ ਦਾ ਸਿੱਟਾ ਸੀ –ਤੇਰੇ ਦਫਤਰੀ ਲੈਪ-ਟਾਪ ‘ਤੇ ਛਪੀ ਤੇਰੀ ਮੁਅੱਤਲੀ ਦੀ ਇਬਾਰਤ , ਜਿਸ ਨੂੰ ਪੜ੍ਹ ਕੇ ਇਹ ਬਹੁਤ ਰੋਈ ਸੀ । ਪਹਿਲਾਂ ਆਪਣੀ ਸੀਟ ‘ਤੇ ਬੈਠੀ ,ਫਿਰ ਤੇਰੇ ਕਮਰੇ ‘ਆ ਕੇ । ਤੂੰ ਇਬਾਰਤੀ ਹੁਕਮ ਪੜ੍ਹ ਕੇ ਏਨਾ ਪ੍ਰੇਸ਼ਾਨ ਨਹੀਂ ਸੀ ਹੋਇਆ , ਜਿੰਨਾ ਇਹਨੂੰ ਰੋਦੀ ਨੂੰ ਦੇਖ ਕੇ ਹੋਇਆ ਸੀ । ਕਈ ਸੇ ਯਤਨ ਕਰਨੇ ਪਏ ਸਨ ਤੈਨੂੰ ਇਸ ਨੂੰ ਢਾਰਸ ਦੇਣ ਲਈ , ਤੂੰ ਬੇਹੱਦ ਠਰ੍ਹੰਮੇ ਨਾਲ ਆਖਿਆ ਸੀ ਇਸ ਨੂੰ “ਹੋਸਲਾ ਰੱਖ ਬੀਬਾ , ਹਿੰਮਤ ਨਈਂ । ਇਹ ਬਦਲੀਆਂ ਚਾਰਜਸ਼ੀਟਾਂ-ਮੁਅੱਤਲੀਆਂ ਤਾਂ ਮੇਰੇ ਪਿੱਛੇ-ਪਿੱਛੇ ਹੀ ਰਹਿੰਦੀਆਂ । ਕਈ ਵਾਰ ਤਾਂ ਮੇਰੇ ਪੁੱਜਣ ਤੋਂ ਹਪਿਲਾਂ ਹੀ ਅੱਪੜ ਜਾਂਦੀਆਂ ਅਗਲੇ ਥਾਂ ‘ਤੇ । ਤੂੰ ਕਾਹਨੂੰ ਦਿਲ ਛੋਟਾ ਕਰਦੀ ਐਂ । ਹਿੰਮਤ ਰੱਖ , ਹਿੰਮਤ । ਜਿਹਨੇ ਵੀ ਗਲਤ-ਮਲਤ ਹੁਕਮਾਂ ਤੋਂ ਇਨਕਾਰੀ ਹੋਣਾ , ਉਹਨੂੰ ਐਹੋ ਜਿਹੀ ਬਦਸਲੂਕੀ ਤਾਂ ਝੇਂਲਣੀ , ਸਹਾਰਨੀ ਹੀ ਪਊ ! “

“ਨਈਂ ਝੱਲ ਹੋਈ …ਈ…ਸਰ  ਏਨ੍ਹਾਂ ਤੋਂ ! …ਮੁੜ ਘੜੀ ਦੀ ਬਦਲੀ ਨੂੰ …ਹੇਠੀ ਮੰਨਿਆ ਸੀ ਇਨ੍ਹਾ । ਡਾਵਾਂਡੋਲ ਹੋਏ ਸਲਫਾਸ ਨਿਗਲ ਕੇ ….” , ਰੁਕ-ਰੁਕ ਕੇ ਦੱਸਦੀ ਦਾ ਉ ਦਿਨ ਜਿਵੇਂ ਕੜ੍ਹ ਹੀ ਪਾੜ ਸੀ ਇਸ ਦਾ ।‘

ਉਸ ਵਾਰ ਦਾ ਵਿਰਲਾਪ ਤੇਰੇ ਤੋਂ ਦੇਖ-ਸਹਾਰ ਨਹੀਂ ਸੀ ਹੋਇਆ । ਆਪਣੀ ਸੀਟ ਤੋਂ ਉੱਠ ਕੇ ਤੂੰ ਇਸ ਦੇ ਲਾਗੇ ਜਾ ਖੜੋਇਆ ਸੀ । ਇਸ ਦਾ ਸਿਰ-ਮੂੰਹ ਪਲੋਸਦੇ ਨੇ ਮਸਾਂ ਰੋਣੋ ਰੋਕਿਆ ਸੀ ਇਸ ਨੂੰ । ਇਸ ਦੇ ਘਰ-ਬਾਹਰ , ਬਾਲ ਬੱਚਿਆਂ ਬਾਰੇ ਪੁੱਛਣਾ, ਤੈਨੂੰ ਉਸ ਦਿ ਮੁਨਾਸਿਬ ਨਹੀਂ ਸੀ ਲੱਗਾ । ਉੱਝ ਉਸ ਦਿਨ ਦੇ ਤੇਰੇ ਵਿਵਹਾਰ ਨੇ ਇਸ ਨੂੰ ਢਾਰਸ ਵੀ ਬਹੁਤ ਦਿੱਤੀ ਸੀ ਅਤੇ ਤੇਰੇ ਲਈ ਬਣਿਆ ਮਾਣ-ਸਤਿਕਾਰ ਹੋ ਵੀ ਕਿੰਨਾ ਵਧ ਗਿਆ ਸੀ ਇਸ ਅੰਦਰ ।

ਇਹ ਉਸ ਮਾਣ-ਸਤਿਕਾਰ ਦਾ ਹੀ ਹਿੱਸਾ ਕਿ ਤੂੰ ਹੁਣ ਤੱਕ ਯਾਦ ਰੱਖਿਆ ਇਸ ਨੂੰ । ਮੁਅੱਤਲੀ ਹੁਕਮ ਰੱਦ ਕਰਵਾ ਕੇ ਮੁੜੇ ਨੂੰ ਤੈਨੂੰ ਇਹ ਦਫ਼ਤਰ ਨਾਹੀਂ ਸੀ ਲੱਭੀ । ਲੱਭਦੀ ਵੀ ਕਿਵੇਂ । ਇਸ ਨੂੰ ਮੰਜੇ ਤੱਕ ਸੀਮਤ ਕਰਨ ਵਿੱਚ ਇਸ  ਦੇ ਘਰ ਨਾਲੋਂ ਵੱਧ ਤੇਰੇ ਦਫ਼ਤਰ ਦਾ ਹਿੱਸਾ ਐ । ….ਤੇਰੀ ਥਾਂ ਆਉਣ ਵਾਲਾ ਅਧਿਕਾਰੀ ਤੇਰੇ ਵਰਗਾ ਅੜੀਅਲ ਸੀ ਉਹ । ਉੱਠ ਵੀ ਹੁਸ਼ਿਆਰ ਸੀ ਹਰ ਪਾਸਿਉਂ । ਪੂਰੀ ਥਿੜਕ ਰੱਖਦਾ ਸੀ ਉੱਪਰ ਹੇਠਾਂ ਦੀ । ਇਕੱਠੀ ਥਿੜਕ ਹੀ ਨਹੀਂ , ਪੂਰੀ ਸਮਰੱਥਾ ਰੱਖਦਾ ਸੀ ਆਸੇ –ਪਾਸੇ ਉੱਪਰ-ਹੇਠਾਂ ਅਨੁਸਾਰ ਢਲਣ-ਸਮੋਣ ਦੀ । ਇਸ ਨੂੰ ਵੀ ਉਸ ਨੇ ਆਪਣੇ ਹਿਸਾਬ ਨਾਲ ਢਾਲਣ-ਤੋਰਨ ਦੇ ਯਤਨ ਕੀਤੇ । ਬਣਦੀ ਹੱਦ ਤੱਕ ਇਹ ਤੁਰਦੀ ਵੀ ਰਹੀ ਉਸ ਦੇ ਨਾਲ-ਨਾਲ, ਪਰ ਇੱਕ ਥਾਂ ਪੁੱਜ ਕੇ ਇਸ ਤੋਂ ਉਸ ਦੀ ਹਰਕਤ ਬਰਦਾਸ਼ਤ ਨਹੀਂ ਸੀ ਹੋਈ । ਉਸ ਵੱਲੋਂ ਬੋਲੀ ਇਬਾਰਤ-ਕਾਪੀ ਵਗਾਹ ਕੇ ਮਾਰੀ ਸੀ ਇਸ ਨੇ । ਸਹਿਬਨ ਇਹ ਕਾਪੀ ਮੇਜ਼ ‘ਤੇ ਤਿਲਕਣ ਦੀ ਥਾਂ ਥੋੜ੍ਹੀ ਕੁ ਹਵਾ ‘ਚ ਉੱਲਰ ਗਈ । ਸਾਹਮਣੇ ਆਰਾਮ ਕੁਰਸੀ ਵਰਗੀ ਲੇਟਵੀਂ ਮੁਦਰਾ ‘ਚ ਝੂਲਦੇ ਸਾਹਬ ਦੇ ਹੁਕਮ ਮੂੰਹ-ਸਿਰ ‘ਚ ਨਹੀਂ ਵੱਜੀ , ਤਾਂ ਵੀ ਇਸ ਨੂੰ ਹੁਕਮ-ਅਦੂਲੀ ਸਮੇਤ ਸ਼ਖਸ਼ੀ ਹਮਲਾ ਸੌਖਿਆ ਹੀ ਗਰਦਾਨ ਦਿੱਤਾ ਗਿਆ  । ਸਿੱਟੇ ਵਜੋਂ ਅਗਲੇ ਹੀ ਦਿਨ ਤੋਂ ਇਹ ਹਰਕਤ ਚਾਰਜਸ਼ੀਟ ‘ਤੇ ਤੁਰਦੀ ਛਾਂਟੀ ਨੋਟਿਸ ਤੱਕ ਪੁੱਜ ਗਈ ਸੀ । ਇਸ ਦੇ ਕੋਮ ਲ-ਚਿੱਤ ਵਰਤਾਰੇ ਲਈ ਦੂਜਾ  ਵੱਡਾ ਝਟਕਾ ਸੀ ਇਹ । ਇਸ ਤੋਂ ਰਤੀ ਭਰ ਵੀ ਬਰਦਾਸ਼ਤ ਨਹੀਂ ਸੀ ਹੋਇਆ । ਆਪਣੇ-ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਨਾ ਹਿੰਮਤ ਬਚੀ ਸੀ ਇਸ ‘ਚ , ਨਾ ਸੁੱਧ-ਬੁੱਧ । ਛੇਤੀ ਹੀ ਇਹ ਮਨੋ-ਸਥਿਤੀ ਦਿਮਾਗੀ-ਅਸਥਿਰਤਾ ‘ਚ ਬਦਲ ਗਈ , ਕਿਸੇ ਨਾ-ਮੁਰਾਦ ਬਿਮਾਰੀ ਨੇ ਕਿੰਨਾ ਕੁਝ ਭੁੱਲਦਾ ਕਰ ਦਿੱਤਾ । ਜੋ ਕੁਝ ਯਾਦ ਰਿਹਾ , ਉਹ ਅਸਲੋਂ ਹੀ ਬੇ-ਤਰਤੀਬਾ , ਲਗਾਤਾਰ ਬੋਲੀ ਜਾਣ ਨੂੰ ਡਾਕਟਰ ਵੱਖਰੀ ਤਰ੍ਹਾ ਦਾ ਨੁਕਸ ਦੱਸਦੇ ਰਹੇ  ।ਕੋਈ ਵੀ ਦੁਆਈ ਕਾਰਗਰ ਸਿੱਧ ਨਾ ਹੋਈ । ਇਹ ਕਦੀ ਕਿਧਰੇ ਉੱਠ ਤੁਰਦੀ , ਕਦੀ ਕਿਧਰੇ । ਛੋਟੇ ਛੋਟੇ ਬਾਲ ਇਹਨੂੰ ਫੜ-ਪਕੜ ਕੇ ਮਸਾਂ ਘਰ ਲਿਆਉਂਦੇ ।

ਇਹ ਬੇਹਿਸਾਬੀ ਹਿਲਜੁਲ ਨੇ ਇਸ ਦੀ ਸਰੀਰਕ ਸਮੱਰਥਾਂ ਸਮੇਤ ਯਾਦ-ਸ਼ਕਤੀ ਨੂੰ ਹੋਰ ਦੀ ਘਟਣਾ ਕਿ ਦਿੱਘਾ , ਪਰ ‘ਮੈਨੂੰ ਘਰ ਛੱਡ ਆਓ’ ਦੀ  ਇਬਾਰਤ ਜਿਵੇਂ ਪੱਕੀ-ਠੱਕੀ ਇਸ ਦੇ ਮਨ-ਮਸਤਕ ‘ਤੇ ਉੱਕੀ ਰਹੀ , ਰਾਤ-ਪੁਰ-ਦਿਨੇ ਬਸ ਇਕੋ ਹੀ ਰਟ-‘ਏਹ ਮੇਰਾ ਘਰ ਨਈਂ, ਮੈਨੂੰ ਮੇਰੇ…….।‘ ਜਿਸ ਨੂੰ ਇਹ ਮੇਰਾ ਘਰ ਕਹਿੰਦੀ ਐ , ਉਸ ਦੀ ਇਕ ਛੋਟੀ ਜਿਹੀ ਦਾਸਤਾਨ ਐਂ । ਤੈਨੂੰ ਇਹ ਭਾਵੇਂ ਐਵੇਂ-ਕਿਵੇਂ ਵੀ ਲੱਗੇ , ਪਰ ਹੈ ਥੋੜ੍ਹਾ ਅਰਥ-ਭਰਪੂਰ ।

….ਪਤੀ ਨੂੰ  ਸਰਕਾਰੀ ਨੌਕਰੀ ਮਿਲਣ ‘ਤੇ ਇਹਨੂੰ ਪਿੰਡ ਤੋਂ ਸ਼ਹਿਰ ‘ਚ ਆਉਣਾ ਪਿਆ । ਥੋੜ੍ਹਾ ਕੁ ਚਿਰ ਕਿਰਾਏ ਤੇ ਕਮਰਿਆਂ ‘ਚ ਰਹੀ , ਫਿਰ ਆਏ ਦਿਨ ਹੀ ਅਦਲਾ-ਬਦਲੀ ਤੋਂ ਮੁਕਤ ਹੋਣ ਲਈ ਇਹ ਘਰ ਖਰੀਦ ਲਿਆ , ਛੋਟਾ ਜਿਹਾ । ਸੰਘਣੀ ਵਸੋਂ , ਨਾਲ-ਨਾਲ ਜੁੜਵੇਂ ਮਕਾਨ । ਤੰਗ ਜਿਹੀ ਗਲੀ । ਖੜੇ ਪੈਰ ਏਨੀ ਕੁ ਹੀ ਗੁਜਾਇਸ਼ ਬਣੀ , ਤਾਂ ਵੀ , ਇਸ ਨੂੰ ਆਪਣਾ ਕਹਿਣ ਦਾ ਚਾਅ ਆਪਣੀ ਤਰ੍ਹਾਂ ਦਾ ਹੁਲਾਸ ਦਿੰਦਾ ਸੀ । ਇਹ ਹੁਲਾਸ ਸੀ ਜਾਂ ਪਤੀ ਦਾ ਅਫਸਰੀ ਅਹੁਦਾ , ਇਹ ਪੈਂਦੀ ਸੱਟੇ ਆਂਢ-ਗੁਆਂਢ ‘ਚ ਭਿੱਜੀ ਨਾ । ਆਂਢੀ-ਗੁਆਂਢੀ ਸਨ ਵੀ ਸਾਧਾਰਨ ਲੋਕ । ਬਹੁਤ ਕੰਮ-ਕਾਜੀ , ਥੋੜ੍ਹੇ ਕੁ ਨੌਕਰੀ ਪੇਸ਼ਾ । ਕੰਮ-ਕਾਰ ਵੀ ਨਿੱਕਾ-ਮੋਟਾ , ਸਾਇਕਲ , ਸਕੂਟਰ ਮਕੈਨਿਕ , ਦਿਹਾੜੀਦਾਰ ਮਿਸਤਰੀ ਜਾਂ ਆਈ ਚਲਾਈ ਵਾਲੇ ਛੋਟੇ ਦੁਕਾਨਦਾਰ , ਪਰ ਘਰ ਮਾਲਕੀ ਸਭ ਦੀ ਆਪਣੀ । ਉਹ ਇਕ-ਦੂਜੇ ਘਰੀਂ , ਵਿਹੜੀ ਬੇ-ਝਿਜਕ ਹੋ ਕੇ ਵਿਚਰਦੇ । ਕਿਸੇ ਦੀ ਜਾਤ-ਵਰਗ,ਉੱਚੇ-ਨੀਵੇਂ , ਅਹੁਦੇ –ਰੁਤਬੇ ਦੀ ਕਦੀ ਗਿਣੀ-ਮਿਣਤੀ ਨਹੀਂ ਸੀ ਕਰਦੇ । ਇਹਨੂੰ ਵੀ ਆਪਣੀ ਭੁੱਲ ਦਾ ਪਛਤਾਵਾ ਹੋਣ ਲੱਗਾ । ਪਹਿਲਾਂ ਵਾਲੀ ਸੰਗ-ਝਿਜਕੀ ਛੱਡ-ਛੜਾ ਕੇ ਇਹ ਵੀ ਉਹਨਾਂ ਵਰਗੀ ਬਣਦੀ ਗਈ । ਕਿਸ਼ੋਰ ਉਮਰੀ ਸੁਆਣੀਆਂ ਸਿਰੇ ਦਾ ਹਾਸਾ-ਠੱਠਾ ਕਰਦੀਆਂ ਇਹਨੂੰ ਵੀ ਸ਼ਾਮਲ ਕਰਦੀਆਂ ਗਈਆਂ । ਇਸ ਦੇ ਘਰ ਜਨਮੇ ਦੋਨੋਂ ਬਾਲ ਵੀ ਜਿਵੇਂ ਇਸ ਦੇ ਘੱਟ, ਉਹਨਾਂ ਦੇ ਵੱਧ ਹੋਣ । ਇਹਨੇ ਹੋਰ ਵੇਲਾ ਸਾਂਭਿਆ , ਅਧਵਾਟੇ ਰੁੱਕੀ , ਦਫਤਰੀ ਨੌਕਰੀ ਲਈ ਲੋੜੀਂਦੀ ਯੋਗਤਾ ਪੂਰੀ ਕਰ ਲਈ । ਪਤੇ ਨੇ ਨੱਠ-ਭੱਜ ਕਰਕੇ ਤੇਰੇ ਮਹਿਕਮੇ ‘ਚ ਸਟੈਨੋ ਭਰਵਾ ਲਿਆ । ਬਸ ਐਥੇ  ਕੁ ਪੁੱਜ ਕੇ ਇਹਣੇ ਪੈਰ ਥੋੜਾ ਕੁ ਉੱਖੜ ਜਿਹੇ ਗਏ । ਥੋੜ੍ਹੀ ਕੁ ਅਟਕ-ਕਟਕ ਦੀ ਲਿਪੇਟ ‘ਚ ਆ ਗਈ । ਇਹਦੇ ਤਨਖਾਹਾਂ ਦੀ ਹਉਂ ਸੀ ਜ਼ਾਂ ਹੋਰ ਕੋਈ ਲਾਲਸਾ , ਇਹਦੇ ਪਤੀ ਦੇਵ ‘ਤੇ ਜ਼ੋਰ ਪਾ ਕੇ ਇਕ ਪਲਾਟ ਖਰੀਦ ਲਿਆ , ਨਵੀਂ ਉਸਰਦੀ ਕਾਲੋਨੀ ‘ਚ । ਦੌੜ-ਭੱਜ ਕਰਦਿਆਂ ਵੀ ਕੋਠੀ ਉਸਾਰਨ ‘ਚ ਦੋ ਸਾਲ ਲੱਗ ਗਈ । ਕੋਠੀ ਤਾਂ ਸ਼ਹਿਰੋਂ ਬਾਹਰ-ਬਾਹਰ । ਖੁੱਲ੍ਹੀ –ਮੋਕਲੀ ਫਿਜ਼ਾ । ਇਸ ਦੇ ਸੱਜੇ-ਖੱਬੇ ਵੀ ਇਕੋ ਜਿਹੀਆਂ ਹੀ ਇਮਾਰਤਾਂ । ਕੋਈ ਇਕ-ਮੰਜ਼ਲੀ ,ਕੋਈ ਦੋ-ਢਾਈ । ਧੁਰ ਉੱਪਰ ਮੰਮਟੀਆਂ । ਪਾਣੀ ਟੈਂਕੀਆਂ ਜਿਵੇਂ ਸਾਵੇਂ-ਪਧਰੇ ਆਕਾਸ਼ ਨਾਲ ਗੱਲਾਂ ਕਰਦੀਆਂ  ਹੋਣ , ਪਰ ਇਹਨਾਂ ਘਰਾਂ-ਕੋਠੀਆਂ ਦਾ ਆਪਸੀ ਮੇਲ-ਮਿਲਾਪ ਕਰੀਬ ਕਰੀਬ ਜ਼ੀਰੋ । ਨਾ ਕਿਸੇ ਦੀ ਇਕ-ਦੂਜੇ ਨਾਲ ਹੈਲੋ-ਹੈਲੋ , ਨਾ ਇਕ-ਦੂਜੇ ਦਾ ਦੁੱਖ-ਸੁੱਖ । ਜਿਹੋ ਜਿਹੇ ਵੱਡੇ ਜੀਅ , ਅਗਾਂਹ ਉਹੋ ਜਿਹੇ ਛੋਟੇ ਬਾਲ । ਸਭ ਆਪਣੇ –ਆਪਣੇ ਮੋਬਾਇਲਾਂ ‘ਚ ਗੁੱਮ । ਨਾ ਕੋਈ ਖੇਡ ਦਿਲਚਸਪੀ , ਨਾ ਰੰਗ ਰੰਗੀਲੀ ਦੌੜ-ਭੱਜ । ਇਸ ਥਾ ਰਹਿਣ ਵਾਲੇ ਜਾਂ ਤਾਂ ਵੱਡੇ ਕਾਰੋਬਾਰੀ ਸਨ ਜਾਂ ਅਧਿਕਾਰੀ , ਉਹਨਾਂ ਦਾ ਸਵੇਰੇ ਘਰੋਂ ਜਾਣ ਦਾ ਸਮਾਂ ਤਾਂ ਨਿਸ਼ਚਤ , ਪਰ ਪਰਤ ਕੇ ਆਉਣ ਦਾ ਕੋਈ ਨਾ । ਕੋਈ ਵੀ ਦਿਨ-ਖੜੇ ਘਰ ਨਾ ਪੁੱਜਦਾ । ਸਭ ਹਨੇਰਾ ਹੁੰਦਿਆਂ-ਕਰਦਿਆਂ ਪਰਤਣ ਲਗਦੇ , ਉਹ ਵੀ ਉੱਖੜੇ ਪੈਂਰੀ । ਇਹਨਾਂ ਦੀਆਂ ਘਰ-ਗ੍ਰਹਿਣੀਆਂ ਹੋਰ ਵੀ ਅੰਤਰ ਮੁਖੀ , ਇਕੱਲ –ਵਾਸੀ । ਉਹਨਾਂ ਦਾ ਬਹੁਤ ਸਮਾਂ ਮੂੰਹ-ਸਿਰ ਸੁਆਰਨੇ ‘ਚ ਲਗਦਾ ਜਾਂ ਬਾਜ਼ਾਰੀ ਗੇੜਿਆਂ ਵਿਚ । ਹਰ ਕਿਸੇ ਦਾ ਆਪਣਾ-ਆਪਣਾ ਦਾਇਰਾ , ਆਪਣੇ –ਆਪਣੇ ਖੋਲ , ਜਿਹਨਾਂ ਵਿੱਚੋਂ ਕਦੇ-ਕਦਾਂਈ ਬਾਹਰ ਵੱਲ ਝਾਕਦੀਆਂ , ਇਹ ਕਿਸੇ ਓਪਰੇ ਗ੍ਰਹਿ ਤੇ ਜੀਵ-ਜੰਤੂ ਜਾਪਦੀਆਂ ।

ਨਵੀਂ ਕੋਠੀ ‘ਚ ਪੁੱਜ ਕੈ ਇਹਨੂੰ ਹੋਈ ਨਿਰਾਸ਼ਾ ਪਹਿਲਾਂ ਫਿਕਰਮੰਦੀ ‘ਚ ਬਦਲ ਗਈ ,ਫਿਰ ਉਦਾਸੀ ‘ਚ । ‘ਸਵੇਰੇ ਸਕੂਲ ਗਏ ਬੱਚੇ ਛੁੱਟੀ ਵੇਲੇ ਪੁਰਾਣੇ ਘਰ ਚਲ ਜਾਂਦੇ । ਬਿਨਾਂ ਕੁਝ ਖਾਧੇ-ਪੀਤੇ ਮੇਲੀਆਂ-ਹਮਜੋਲੀਆਂ ਨਾਲ ਖੇਡਦੇ ਰਹਿੰਦੇ । ਸ਼ਾਮੀਂ ਸਫਤਰੋਂ ਮੁੜਦੇ ਇਹ ਆਪ ਉਹਨਾਂ ਨੂੰ ਓਧਰੋਂ ਲਿਆ ਕੇ ਸੰਭਾਲਦੀ । ਅਦਲੀਆਂ –ਬਦਲੀਆਂ ਦੇ ਘੇੜ ‘ਚ ਉਲਝਿਆਂ ਪਤੀ ਕਿਧਰੇ ਛੁੱਟੀ ਵਾਲੇ ਦਿਨ ਹੀ ਘਰ ਹੁੰਦਾ । ਸਾਰਾ ਹਫ਼ਤਾ ਤੇਰੀ ਸਟੈਨੋ ਜਿਵੇਂ ਸੂਲੀ ‘ਤੇ ਟੰਗੀ ਹੋਈ ਰਹਿੰਦੀ ।

ਇਹ ਵਰਤਾਰਾ ਵੀ ਬਹੁਤਾ ਚਿਰ ਨਾ ਚੱਲਿਆ , ਬਸ….ਥੋੜ੍ਹੇ ਕੁ ਚਿਰੀਂ ਚਾਣਚੱਕ ਇਹਦੇ ਗਲੇ ਆ ਪਏ ਨਗਾਵਲੀ ਫੰਦੇ ਨੇ ਤਾਂ ਜਿਵੇਂ ਇਹਦਾ ਸਾਹ-ਸੱਤ ਹੀ ਘੁੱਟਦਾ ਕਰ ਦਿੱਤਾ ।

ਉਸ ਵਾਰ ਘਰ ਪਰਤਿਆ ਪਤੀ ਅਗਲੇ ਦਿਨ ਵਾਪਸ ਨਾ ਗਿਆ । ਉਹ ਤੋਂ ਅਗਲੇ ਦਿਨ ਵੀ । ਚਾਰ-ਪੰਜ ਦਿਨ ਇਵੇਂ ਲੰਘ ਗਏ । ਉਹ ਨਾ ਕੁਝ ਬੋਲੇ , ਨਾ ਦੱਸੇ । ਇਸ ਦੇ ਪੁੱਛਣ ‘ਤੇ ਹੂੰ-ਹਾਂ ਕਰ ਛੱਡੇ । ਆਖਿਰ ਤੰਗ ਪਏ ਨੇ ਹੋਰ ਈ ਘੁੰਢੀ ਖੋਲ੍ਹ ਦਿੱਤੀ , ‘ਉਸ ਦੀ ਹੱਦੀ –ਸਰਹੱਦੀ ਜ਼ਿਲੇ ‘ਚ ਕੀਤੀ ਬਦਲੀ ਉਸ ਤੋਂ ਬਰਦਾਸ਼ਛ ਨਹੀਂ  ਸੀ ਹੋਈ  । ਉਸ ਥਾਂ ਤਾਇਨਤਾ ਸਾਰੇ ਅਫ਼ਸਰ ਇਕੋ ਰਾਹ ‘ਤੇ ਰਾਹੀਂ ਗਿਣ ਹੁੰਦੇ ਸਨ । ਇਸ ਵਾਰ ਉਸ ਨੂੰ ਜਾਣ-ਬੁੱਝ ਕੇ ਸਰਹੱਦੀ ਰੰਗ ‘ਚ ਰੰਗਿਆ ਗਿਆ ਸੀ । ਉਸ ਨੇ ਸੌ ਉਪਰਾਲੇ ਕੀਤੇ । ਵੱਡੀ ਤੋਂ ਵੱਡੀ ਕੁਰਸੀ ਤੱਕ ਦੇ ਤਰਲੇ-ਮਿੰਨਤਾਂ ਕੀਤੀਆਂ , ਪਰ ਸਭ ਵਿਅਰਥ । ‘

ਹੇਠੀ-ਨਿਮੋਸ਼ੀ ‘ਚ ਘਿਰਿਆ ਉਸ ਇਕ ਦਿਨ ਨੂਰੀ ਤੇ ਘਰ ਪਰਤਣ ਤੋਂ ਪਹਿਲਾਂ ਹੀ ਦੂਰ-ਪਾਰ ਦੀ ਉਡਾਰੀ ਮਾਰ ਗਿਆ । ਸਾਮਹਣੇ  ਪਈਂ ਲਾਸ਼ ਵੱਲ ਦੇਖਦੀ , ਇਹ ਸਿਰ ਤੋਂ ਲੈ ਕੇ  ਪੈਰਾਂ ਤੱਕ ਮਿੱਟੀ ਹੋ ਗਈ । ਸੁੰਨ-ਵੱਟਾ ਹੋਈ ਨੂੰ ਘੜੀ –ਪਲ ਤਾਂ  ਸਮਝ ਹੀ ਲੱਗੀ ਇਹ ਹੋਇਆ ਕਿ ਐ।ਉਸ ਦੇ ਪਤੀ ਨੇ ਕੀਤਾ ਕੀ ਐ  ? ਉਸ ਦੇ ਸਾਲਮ-ਸਬੂਤੇ ਮਰਦ ਨੇ ਧੋਖਾ ਕਿਉਂ ਦਿੱਤਾ ਉਸ ਨੂੰ , ਉਸ ਦੇ ਬਾਲ-ਪ੍ਰਵਾਰ ਨੂੰ ।………….ਇਹੋ ਜਿਹੀਆਂ ਤਾਂ ਅਖਬਾਰੀ ਖਬਰਾਂ ਹੀ ਉਸ ਦਾ ਸਾਹ-ਸੂਤ ਲਿਆ ਕਰਦੀਆਂ ਸਨ । ਉਹ ਅਕਸਰ ਪੁੱਛ ਲਿਆ ਕਰਦੀ ਸੀ ਪਤੀ ਸਮੇਤ ਉਸ ਦੇ ਹਰ ਸੰਗੀ ਸਨੇਹੀ ਤੋਂ । ਬਹੁਤੀ ਵਾਰ ਤਲਖ ਹੋਈ ਸਿੱਧਾ ਆਖ ਦਿਆ ਕਰਦੀ ‘ਇਸ ਥਾਂ ਦੇ ਵੱਡੇ-ਵਡੇਰਿਆਂ ਤਾਂ ਉਮਰਾਂ ਗਾਲ ਦਿੱਤੀਆਂ ਸਨ, ਕੰਡਿਆਲੇ ਰਾਹਾਂ ‘ਤੇ ਤੁਰਦਿਆਂ । ਨਿੱਕੇ-ਨਿੱਕੇ ਬਾਲਾਂ ਤੋਂ ਲੈ ਕੇ ਗੱਭਰੂਆਂ –ਬਿਰਧਾਂ , ਗੁਰੂਆਂ-ਪੀਰਾਂ ਤੱਕ ਦੀ ਬਲੀ ਚਾੜ੍ਹ ਦਿੱਸੀ ਸੀ ਆਪਣੀ ਹੋਂਦ-ਅਣਖ ਨੂੰ ਬਚਦਾ ਰੱਖਣ ਲਈ । ਸਾਹ-ਘੁੱਟਵੀਆਂ ਕੋਠੜੀਆਂ , ਦੇਹ-ਸਾੜਵੇਂ ਪਿੰਜਰਿਆਂ ‘ਚ ਗੁੱਛਾ ਹੋਇਆਂ ਵੀ ਕਦੀ ਆਤਮ –ਹੱਤਿਆ ਨਈਂ ਸੀ ਕੀਤੀ , ਤੇ ਹੁਣ…ਹੁਣ, ਕੋਈ ਦਿਨ ਖਾਲੀ ਗਿਆ । ਕਦੀ ਇਕ-ਦੋ, ਕਦੀ ਇੱਥੇ  ਦੀ ਕਿਸੇ ਫਸਲ-ਬੂਟੀ ਦਾ ਨਾਂਅ ਹੋ ਗਿਆ ਹੋਵੇ  । ਇਹ ਹੁਣ ਖੇਤਾਂ ‘ਚ ਵੀ ਉੱਗਦੀ ਐ ਤੇ ਘਰਾਂ-ਹਵੇਲੀਆਂ ‘ਚ ਵੀ ।  ਕੀ ਹੋ ਗਿਆ ਐ  ਇਸ  ਮਿੱਟੀ ਦੀ ਅਣਖ ਨੂੰ ?” ਇਸ ਦੇ ਪਤੀ ਸਮੇਤ ਕਿਸੇ ਦੀ ਵੀ ਸਮਝ-ਬੁਝ ਨੇ  ਇਸ ਦਾ ਸੰਸਾ ਦੂਰ ਨਹੀਂ ਸੀ ਕੀਤਾ ।

ਉਹੀ ਵਰਤਾਰਾ ਆਪਣੇ ਘਰ , ਆਪਣੇ ਸੌਣ ਕਮਰੇ ‘ਚ ਵਾਪਰਿਆਂ ਦੇਖ , ਉਸ ਅੰਦਰੋਂ ਉੱਠਿਆ ਰੋਣ-ਉਬਾਲ , ਇਕ –ਦੋ ਚੀਕਾਂ –ਲੇਰਾਂ ਪਿੱਛੋਂ ਬੰਦ ਹੋ ਗਿਆ । ਸ਼ਾਹ –ਕਾਲੀ ਘੇਰਨੀ ‘ਚ ਘਿਰੀ ਦੀ ਪਹਿਲਾਂ ਸੁੱਧ-ਬੁੱਧ ਜਾਂਦੀ ਰਹੀ , ਫਿਰ ਬੇਹੋਸ਼ ਹੋਈ ਹੇਠਾਂ ਡਿੱਗ ਪਈ ਫਰਸ਼ ‘ਤੇ । ਉਸ ਦੀ ਸਕੂਟਰੀ ਪਿੱਛੇ ਬੈਠ ਕੇ ਘਰ ਆਏ ਦੋਨੋਂ ਬੱਚੇ, ਨਾ ਉਸ ਨੂੰ ਉਠਾਲਣ ਜੋਗੇ  ,ਨਾ ਸੰਭਾਲਣ ਜੋਗੇ । ਰੋਣ—ਕੁਰਲਾਉਣ ਤੋਂ ਸਿਵਾ ਉਹਨਾਂ ਪਾਸ ਕੋਈ ਚਾਰਾ ਨਹੀਂ ਸੀ ਬਚਿਆ । ਮੋਢੇ ਲਟਕਦਾ ਬਸਤਾ ਵਗਾਹ ਕੇ ਸੁੱਟਦਾ । ਇਕ ਜਣਾ ਦੋ ਕੁ ਪਲਾਟ ਹਟਵੇਂ ਨੇੜਲੇ ਘਰ ਵੱਲ ਦੋੜਿਆ । ਕਾਫੀ ਸਾਰੀ ਉਡੀਕ ਪਿੱਛੋ ਇਕ ਅੱਧ-ਨੰਗੀ ਸੁਆਣੀ ਉਸਾਬੀਆਂ ਲੈਂਦੀ ਗੇਟ ਖੋਲ੍ਹ ਕੇ  ੳਸ ਦੇ ਸਾਹਮਣੇ ਸੀ । ਖਿੱਲਰੇ ਵਾਲ ਸੁਆਰਦੀ ਨੇ ਉਸ ਨੇ ਬੱਚੇ  ਦਾ ਰੋਣ-ਧੋਣ ਸੁਣਿਆ । ‘ਚੱਲ ਮੈਂ ਆਈ’  ਆਖ ਕੇ ਵਾਪਸ ਅੰਦਰ ਮੁੜ ਗਈ।  ਅੰਦਰੋਂ ਕਿਸੇ ਥਾਂ ਟੈਲੀਫੂਨ ਕਰਕੇ ਉਸ ਨੇ ਗੁਆਂਢ ਵਾਪਰੇ ਹਾਦਸੇ ਦਾ ਸਾਰ-ਅੰਸ਼ ਦੱਸ ਦਿੱਤਾ । ਥੋੜ੍ਹੇ ਕੁ ਚਿਰ ਪਿੱਛੋਂ ਉਸ ਦੇ ਪਤੀ ਦੀ ਬਜਾਏ ਕੋਈ ਨੌਕਰ ਮੁੰੜਾ ਸਕੂਟਰ ਭਜਾਉਂਦਾ ਪਹਿਲਾਂ ਉਸ ਪਾਸ ਪੁੱਜਾ , ਫਿਰ ਬੇਹੋਸ਼ ਡਿੱਗੀ ਨੂਰੀ ਪਾਸ । ਉਸ ਨੇ ਹਿੰਮਤਤ ਕਰਕੇ ਨੂਰੀ ਦੇ ਸਿਰ-ਮੂੰਹ ‘ਤੇ ਛਿੱਟੇ ਮਾਰੇ । ਉਸ ਨੂੰ ਬੈਠਦੀ ਕਰਕੇ ਰੋਣ ਜੋਗਾ ਕਰ  ਲਿਆ , ਪਰ ਝੱਟ ਹੀ ਕਮਲਿਆਂ-ਸ਼ਮਲਿਆਂ ਵਾਂਗ ਅਵਾ-ਤਵਾ ਬੋਲਦੀ , ਡੋਲਦੀ-ਡੁਲਕਦੀ , ਅੰਦਰ-ਬਾਹਰ ਘੁੰਮਣ ਲੱਗੀ ਨੂੰ ਰੋਕਣ-ਸੰਭਾਲਣ ਦੀ ਉਸ ਦੀ ਹਿੰਮਤ ਨਾ ਹੋਈ ।

ਦਿਨ ਢਲਦਿਆ ,ਰਕਦਿਆਂ ਨੂਰੀ ਦੇ ਨਵੇਂ ਦੇ ਆਂਢ-ਗੁਆਂਢ ਨਾਲੋਂ ਕਿਤੇਵੱਧ ਉਸ ਦੇ ਪਹਿਲੇ  ਘਰ ਦੇ ਮੇਲੀ-ਗੇਲੀ , ਉਸ ਸਮੇਤ ਬਾਲਾਂ ਨੂੰ ਸੰਭਾਲਦੇ-ਵਰਚਾਉਂਦੇ  ਅਗਲੇ ਕਿਰਿਆ ਕਾਰਜ ਵਿੱਚ ਰੁੱਝੇ ਰਹੇ ।

ਨਵੇਂ ਘਰ ‘ਚ ਆਈ ਨੂੰ ਲੱਗੇ ਇਸ ਪਹਿਲੇ ਝਟਕੇ ਨੇ  ਇਸ ਨੂੰ ਸਾਲ ਭਰ ਪੈਂਰੀ ਨਹੀਂ ਸੀ ਆਉਣ ਦਿੱਤਾ । ਕਿਸੇ ਵੀ ਸਾਕ-ਸਬੰਧੀ ਨੇ  ਡਿੱਗੀ –ਢੱਠੀ ਦੀ ਬਾਂਹ ਨਾ ਫੜੀ । ਆਖਿਰ ਇਸ ਦੀ ਬਿਰਙ ਮਾਂ ਨੂੰ ਹੀ ਹੱਡ ਗੋਡੇ ਜੋੜਨੇ ਪਏ , ਮਾਵਾਂ ਤੋਂ ਬਿਨਾਂ ਹੋਰ ਕਿਸਦਾ , ਅੰਦਰ ਵਿਲਕਦਾ , ਐਹੋ ਜਿਹੀ ਔਖ-ਵੇਲੇ । ਮਾਂ ਸੀ ਵੀ ਨਾ ਹੋਇਆ ਨਾਲ ਦੀ । ਇਕ ਉਮਰੋਂ ਆਤਰ , ਇਕ ਅੱਖਾਂ ਤੋਂ ਹੀਣੀ । ਦਿਨ ਵੇਲੇ ਉਸ ਨੂੰ ਥੋੜ੍ਹਾ-ਬਹੁਤ ਦਿਸਦਾ ਸੀ , ਰਾਤ ਵੇਲੇ ਉਸ ਵੀ ਖਤਮ । ਉਹਨੇ ਟੋਹ-ਟੱਕਰਾਂ ਮਾਰਦੀ ਨੇ ਲਾਵਾਰਸ ਹੋਏ ਦੋਨੋਂ ਬਾਲ ਸਾਂਭੇ ਤਾਂ ਜ਼ਰੂਰ , ਪਰ ਨਾ ਤਾ ਉਹ ਠਕੀ ਤਰਾਂ ਪੜ੍ਹ ਸਕੇ , ਨਾ ਠੀਕ ਤਰ੍ਹਾਂ ਰਹਿ-ਵਿਚਰ ਸਕੇ। ਰਿੰਨਾ ਕੁ ਮਿਲਿਆ , ਜਿਵੇਂ ਦਾ ਮਿਲਿਆ ਖਾ-ਪੀ ਲਿਆ । ਨਹੀਂ ਤਾਂ ਭੁੱਖੇ-ਤਿਹਾਏ ਡੌਰ-ਭੌਰ ਹੋਏ ਰਹਿੰਦੇ । ਲਚਾਰਗੀ ਬਸ , ਉਹ ਥੋੜੀ-ਬਹੁਤ ਹਿੰਮਤ ਵੀ ਕਰਦੇ , ਪਰ ਬਾਲ ਸਨ , ਕਿੰਨਾ ਕੁ ਧੋਅ-ਸੁਆਰ ਲੈਣਾ ਸੀ ਉਹਨਾਂ ਆਪਣਾ –ਆਪ ।

ਡੂਡ-ਦੋ-ਸਾਲ ਸਾਰਾ ਟੱਬਰ ਸੁੰਨ ਵੱਟਾ ਹੋਇਆ ਮਨੂਰ ਪੱਥਰ ਜਿਹਾ ਬਣਿਆ ਰਿਹਾ ।

ਕਿਧਰੋਂ ਦੇਸੀ ਦੁਆਈ ਖਾਂਦੀ , ਥੋੜ੍ਹੀ ਕੁ ਠੀਕ ਦਿਸਦੀ ਨੂਰੀ ਦਫ਼ਤਰ ਗਈ ਈ ਗਈ ਤਾਂ ਤੇਰੀ ਥਾਂ ਆੲ  ਨਵੇਂ ਸਾਬ ਨੇ ਹੋਰ ਈ ਚੰਦ ਚਾੜ੍ਹੇ ਦਿੱਤਾ । ਇਹ ਕਿਸੇ  ਪਾਸੇ ਜੋਗੀ ਨਾ ਰਹੀ । ਇਸ  ਦਾ ਰੋਜ਼ਗਾਰ ਵੀ ਖੁੱਸਦਾ ਹੋ ਗਅ ਤੇ  ਥੋੜ੍ਹੀ ਕੁ ਠੀਕ ਹੋਈ ਸੁਰਤੀ ਮੁੜ ਵਿਚਲ ਗਈ । ਵਿਚਲ ਕਾਹਦੀ ਗਈ , ਇਕ ਤਰਾਂ ਨਾਲ ਨੀਮ-ਪਾਗਲਾਂ ‘ਚ ਸ਼ਾਮਲ ਹੋ ਗਈ !…… ਹੁਣ ਇਸ ਨੂੰ ਸਮਝ ਨਹੀਂ ਲੱਗਦੀ , ਕਰਨਾ ਕੀ ਐ , ਕੀ ਨਹੀਂ ਕਰਨਾ । ਬੋਲਣਾ ਕੀ ਐ, ਕੀ ਨਹੀਂ ਬੋਲਣਾ !! ਅੰਦਰ ਜਿਵੇਂ ਮੱ ਲਕੇ ਬੈਠ ਗਿਆ ਹੋਵੇ । ਇਸ  ਨੂੰ ਲੱਗਦਾ ਇਸ ਦੀ ਇਹ ਹਾਲਤ ਨਵੀਂ ਥਾਂ ਨੇ ਬਣਾਈ ਐ । ਇਸ ਦੀ ਭਲੀ –ਚੰਗੀ ਚੱਲਦੀ ਚਾਲੀ ਏਸੇ ਨੇ ਉੱਖੜਦੀ ਕੀਤੀ ਐ । ਇਸ ਦੇ ਪਤੀ ਸਮੇਤ ਇਸ ਦਾ ਰੋਜ਼ਗਾਰ ਵੀ ਇਸੇ  ਥਾਂ ਨੇ ਖੋਹਿਆ । ਇਹਨੀਂ ਦਿਨੀਂ ਇਹ ਨਵੇਂ ਘਰ ਨੂੰ ਹੀ ਸਭ ਤੋਂ ਵੱਡਾ ਦੋਸ਼ੀ ਗਰਦਾਨਦੀ । ਹਰ ਆਏ –ਗਏ ਮੂਹਰੇ ਪਹਿਲਾ ਤਰਲਾ ਇਹੀ ਕਰੇਗੀ , “ਮੈਨੂੰ ਮੇਰੇ ਘਰ ਛੱਡ ਆਓ…!”

ਪੰਜ-ਛੇ  ਦਿਨ ਪਹਿਲਾਂ ਵੀ ਇਵੇਂ ਹੀ ਵਾਪਰਿਆ । ਇਸ ਦੇ ਪਤਾ ਦਾ ਕਿੰਨਾ ਸਾਰਾ ਦਫਤਰੀ ਅਮਲਾ ਅਫਸੋਸ ਕਰਨ ਆਇਆ । ਸੱਚ-ਮੁੱਚ ਦੀ ਹਮਦਰਦੀ ਵਜੋਂ ਜਾਂ ਐਵੇਂ ਮੂੰਹ-ਪੋਚੀ ਕਰਨ । ਇਸ ਦੀ ਨੂਰੀ ਨੂੰ ਬਹੁਤੀ ਸਮਝ ਨਹੀਂ ਸੀ ਲੱਗੀ । ਸਮਝਣ ਜੋਗੀ ਰਹੀ ਵੀ ਕਿੱਥੇ  ਸੀ । ਇਹ ਡੌਰ-ਭੋਰ ਹੋਈ ਉਹਨਾਂ ਵੱਲ ਨੂੰ ਦੇਖਦੀ ਰਹੀਂ । ਵਿਚ-ਵਾਰ ਪਹਿਲੋਂ ਵੀ ਆਉਂਦੇ ਰਿਹਾਂ ਦੋ-ਤਿੰਨਾਂ ਨੂੰ ਪਛਾਣਦੀਂ ਵੀ ਰਹੀਂ । ਉਹ ਜਿੰਨਾ ਚਿਰ ਬੈਠੇ , ਇਸ ਦੇ ਪਤੀ ਦੀ ਸਿਫ਼ਤ-ਸਲਾਹ ਕਰਦੇ ਰਹੇ । ਉਸ ਨੂੰ ਨੇਕ-ਦਿਲ , ਮਿਹਨਤੀ , ਨਿੰਦਿਆ ਤੋਂ ਨਿਰਲੇਖ , ਇਮਾਨਦਾਰ , ਆਪਣੇ ਕ਼ੰਮ ਨਾਲ ਕੰਮ ਰੱਖਣ ਵਾਲਾ ਵਰਗੇ ਵਿਸ਼ੇਸ਼ਣਾਂ ਦੇ ਸਿਰੋਪੇ ਦਿੰਦੇ ਰਹੇ । ਹੋਰ ਕਰਕੇ ਵੀ ਕੀ ਹੁਣ । ਉਂਝ ਉਸ ਨਾਲ ਰਹਿੰਦੇ-ਵਿਚਰਦੇ ਤਾਂ ਉਸ ਨੂੰ ਝੂੱਡੂ-ਭੋਂਦੂ, ਡਰਾਕਲ ਵਰਗੇ ਲੱਕਵਾਂ ਨਾਲ ਹੀ ਨਿਵਾਜਦੇ ਰਹੇ ਸਨ । ਦਫਤਰੀ ਹਿੱਸੇ-ਪੱਤੀ ‘ਚ ਵਿਘਨਪਾਊ ਅਨਸਰ ਹੀ ਸਮਝਦੇ, ਉਸ ਨੂੰ ਊਠ-ਜਲੂਲ ਦੀਆਂ ਟਾਂਚਾਂ-ਟਕੋਰਾਂਵੀ ਕਰਦੇ  ਰਹੇ ਸਨ , ਪਰ ਹੁਣ ਉਸ ਦੇ ਘਰ ਪੁੱਜ ਕੇ ਉਹਨਾਂ ਪੂਰਾ ਜਾਬਤਾ ਰੱਖਿਆ ਸੀ , ਉਸ ਨੂੰ ਆਪਣੇ ਘਰ –ਪਰਵਾਰ ਦਾ ਸੁੱਘੜ-ਸਿਆਣਾ ਜੀਅ  ਆਖ ਕੇ  ਉਸ ਦੇ ਬਾਲ-ਬੱਚਿਆਂ ਦੀ ਪੂਰੀ-ਪੂਰੀ ਸਹਾਇਤਾ ਕਰਦੇ ਰਹਿਣ ਦੇ ਵਾਅਦੇ ਕੀਤੇ ਸਨ ।

ਇਹ ਉਹਨਾਂ ਦੀ ਬਾਤ-ਚੀਤ ਦਾ ਅਸਰ ਸੀ ਜਾਂ ਹੋਰ ਕਿਸੇ ਕਿਸਮ ਦੀ ਰਾਹਤ , ਨੂਰੀ ਆਮ ਕਰਕੇ ਚੁੱਪ ਹੀ ਰਹੀ , ਲਗਾਤਾਰ ਸੁਣਦੀ ਰਹੀ ਥੋੜ੍ਹਾ –ਬਹੁਤ ਸਮਝਦੀ ਵੀ ਰਹੀ । ਉਹਨਾਂ ‘ਚੋਂ ਤਿੰਨ ਕੁ ਜਣੇ-ਇਸ ਨੇ ਪਛਾਣੇ ਵੀ ਸਨ । ਉਹਨਾਂ ‘ਚ ਇਕ ਰਾਜਵੀਰ ਨਾਂਠ  ਦਾ ਬੰਦਾ ਪਹਿਲਾਂ ਵੀ ਕਈ ਵਾਰ ਆਉਂਦਾ ਰਿਹਾ ਸੀ ਇਸ ਦੇ ਪਤਾ ਨਾਲ । ਸ਼ਾਮੀਂ ਹਲਕੇ ਜਿਹੇ ਸਰੂਰ ‘ਚ ਹੋਏ ਦੋਨੋਂ ਵਾਹਵਾ ਚਿਰ ਗੱਲੀਂ ਪਏ ਰਹਿੰਦੇ । ਘਰ –ਗਿਸਤੀ ਤੋਂ , ਦੇਸ਼ –ਮੁਲਕ ਤੋਂ, ਮੰਤਰੀਆਂ –ਮੰਤਰੀਆਂ ਤੋਂ ਸ਼ੂਰੂ ਹੋਏ ਉਹ ਬਹੁਤਾ ਸਮਾਂ ਮਹਿਕਮਾਨਾ ਕਾਰਗੁਜ਼ਾਰੀ ‘ਚ ਹੀ ਉਲਝਦੇ ਰਹੇ । ਮੰਡਾਂ-ਝੰਗਾਂ ਦਾ ਭੱਠੀ –ਕਾਰੋਬਾਰ , ਪੈਕਟਾਂ –ਖੇਪਾਂ ਦੀ ਲੰਘ ਲੰਘਾਈ , ਬਾਰਡਰ ਫੋਰਸਾਂ ਨਾਲ ਮਿਲੀ –ਭੁਗਤ , ਜ਼ੋਨ-ਪੱਧਰੀ , ਜ਼ਿਲ੍ਹਾ ਪੱਧਰੀ ਕਮਿਸ਼ਨਾਂ , ਹਿੱਸੇ-ਕੋਟੇ ਆਮ ਕਰਕੇ ਉਹਨਾਂ ਦੀ ਬਾਤ-ਚੀਤ ‘ਚ ਸ਼ਾਮਲ ਹੁੰਦੇ  ਸਨ । ਇਸ  ਦਾ ਪਤੀ ਹੁੰਗਾਰਾ ਤਾਂ ਭਰਦਾ ਸੀ , ਐਵੇਂ ਢਿੱਲਾ-ਢਿੱਲਾ ਜਿਹਾ । ਜਿਵੇਂ ਉਸ ਨੂ ਅੱਧ-ਪਚੱਧ ਦੀ ਹੀ ਜਾਣਕਾਰੀ ਹੋਵੇ ਜਾਂ ਉਸ ਤੋਂ ਵੀ ਘੱਟ, ਪਰ ਰਾਜਵੀਰ ਦੀ ਹਰ ਗੱਲ ਬੜੀ ਨਿੱਠਵੀਂ ਹੁੰਦੀ ਸੀ , ਤੱਥ ਮੂਲਕ ਹੁੰਦੀ ਸੀ , ਜਿਹਨਾਂ ਦਾ ਜ਼ਿਕਰ ਵੀ ਉਹ ਬੜੇ ਠਰ੍ਹੰਮੇ ਨਾਲ, ਬੜੀ ਸੰਜੀਦਗੀ ਨਾਲ ਕਰਕਾ। ਇਹ ਠਰ੍ਹੰਮਾਂ , ਇਹ ਸੰਜੀਦਗੀ ਉਸ ਦੇ ਮੂੰਹ-ਚਿਹਰੇ ਨੂੰ ਹੋਰ ਵੀ ਨਿੱਖਰਦਾ ਕਰਦੇ ਜਾਪਦੇ ਸਨ ਨੂੰਰੀ ਨੂੰ । ਇਹ ਆਨੀਂ –ਬਹਾਨੀਂ ਉਹਨਾਂ ਲਾਗੇ  ਆ ਬਹਿੰਦੀ ।  ਬਹੁਤੀ ਘਰ ਭੁਜੀਆ-ਸਲਾਦ ਰੱਖਣ-ਦੇਖਣ ਦੇ ਬਹਾਨੇ । ਉਂਝ ਇਸ ਦਾ ਧਿਆਨ ਰਾਜਵੀਰ ਵੱਲ ਹੁੰਦਾ । ਉਸ ਦੇ ਹੋਰ ਵੀ ਸੁੰਦਰ ਦਿਸਣ ਲੱਗੇ ਚਿਹਰੇ ਵੱਲ ਹੁੰਦਾ । ਇਸ ਦੇ ਪਤੀ ਦੇ ਹਮ-ਉਕਰ ਰਾਜਵੀਰ ਨੇ ਵੀ ਇਸ ਨੂੰ ਨਿਰਾਸ਼ ਨਹੀਂ ਸੀ ਕੀਤਾ । ਇਸ ਦੀ ਕਰੀਬ ਹਰ ਇਕ ਤੱਕਣੀ ਨੂੰ ਪ੍ਰਵਾਨ ਕਰਦਿਆਂ ਢੱਕਵੀਂ ਮੁਸਕਾਨ ਮੋੜੀ ਸੀ ਨੂਰੀ ਵੱਲ ਨੂੰ । ਪੂਰੇ ਜ਼ਾਬਤੇ ‘ਚ ਰਹਿੰਦਿਆਂ ।

ਉਸ ਦਾ ਇਹ ਵਿਵਹਾਰ ਨੂੰ ਨੂਰੀ ਨੂੰ ਕੱਲ੍ਹ ਹੋਏ –ਵਾਪਰੇ ਵਾਂਗ ਕਿੰਨਾ-ਕਿੰਨਾ ਚਿਰ ਯਾਦ ਰਹਿੰਦਾ ਰਿਹਾ । ਬਹੁਤੀ ਵਾਰ ਇਹ ਯਾਦ ਉਸ ਦੀ ਅਗਲੀ ਫੇਰੀ ਦੀ ਉਡੀਕ ਕਰਨ ਲਈ ਉਤਵਲੀ ਵੀ ਹੋਈ ਰਹਿੰਦੀ ।

…ਪਤੀ ਦੇ ਦਫ਼ਤਰੀ ਅਮਲੇ ਨਾਲ ਆਏ ਰਾਜਵੀਰ ਨੂੰ ਦੇਖਦਿਆਂ ਸਾਰ ਇਹਨੀਂ ਦਿਨੀਂ  ਝੱਲ-ਵਲੱਲੀ ਹੋਈ ਵਿਚਰਦੀ ਨੂਰੀ ਤੇ  ਤਨ-ਬਦਨ ‘ਤੇ ਜਿਵੇਂ ਚੈਨ-ਆਰਾਮ ਦੇ ਛਿੱਟੇ ਤਰੌਂਦੇ ਗਏ ਹੋਣ । ਆਏ ਬੰਦਿਆਂ ਲਾਗੇ ਮਾਂ ਨਾਲ ਬੈਠੀ ਨੇ ਇਸ ਲੇ ਕੋਈ ਓਪਰੀ-ਉਕਾਊ ਹਿਲ-ਜੁੱਲ ਨਾ ਕੀਤੀ । ਇਹਦੇ ਨੀਵੇਂ ਡਿੱਗੀ ਨਿਗਾਹ ਵਿਚ-ਵਾਰ ਉੱਪਰ ਵੱਲ ਨੂੰ ਉੱਠੀ ਰਾਜਵੀਰ ਦੇ ਮੂੰਹ-ਚਿਹਰੇ ਦੀ ਪ੍ਰਕਰਮਾ ਜ਼ਰੂਰ ਕਰਦੀ ਸੀ । ਇਉ ਕਰਨ ‘ਤੇ ਇਸ ਨੂੰ ਆਪਣਾ ਆਪ ਹੋਰ ਵੀ ਸਹਿਜ ਜਾਪਦਾ ਸੀ । ਫਿਰ ਵੀ ਇਸ ਦੀ ਵਿਚਲਤ ਹੋਈ ਸੁਰਤ-ਬੂਝ ਤੋਂ ਜਿਵੇਂ ਸਾਂਭ ਨਹੀਂ ਹੋਇਆ , ਆਪਣਾ –ਆਪ । ਸ਼ੋਕ-ਵਾਰਤਾ ਮੁੱਕੀ ਤੇ ਕਮਰਿਉਂ ਬਾਹਰ ਨਿਕਲਦਿਆਂ ਸਭ ਤੋਂ ਪਿਛੋਂ ਜਾਣ ਲੱਗੇ ਰਾਜਵੀਰ ਨਾਲ ਇਹ ਧਾਅ ਕੇ ਆ ਚਿਮੜੀ । ਉਸ ਦੁਆਲੇ ਬਾਹਾਂ ਬਗਲ ਕੇ ਉੱਚੀ-ਉੱਚੀ ਰੋਣ ਲੱਗ ਪਈ । ਰੋਂਦੀ –ਰੋਂਦੀ ਮੁੜ ਉਹੀ ਰੱਟ ਲਾਉਂਦੀ ਰਹੀ , “ ਮੈਨੂੰ ਮੇਰ ਘਰ ਛੱਡ ਆਓ …ਮੈਨੂੰ ਮੇਰੇ ਘਰ ਛੱਡ ਆਓ …।“ ਨਾਲ-ਨਾਲ ਰੋਣ , ਨਾਲ-ਨਾਲ ਰੱਟ । ਅਜੀਬ ਸਥਿਤੀ ‘ਚ ਫਸਿਆ ਇਸ ਦੇ ਪਤੀ ਦਾ ਹਮ-ਉਮਰ ਰਾਜਵੀਰ ਨੀਵੀਂ ਪਾਈ ਖੜਾ ਰਿਹਾ । ਨਾ ਉਸ ਤੋਂ ਨੂਰੀ ਨੂੰ ਵਗਲਜੀਰ ਕਰਨ ਲਈ ਇਸ ਦੁਆਲੇ ਬਾਹਾਂ ਵਗਲ ਹੋਈਆਂ, ਨਾ ਇਸ ਦੇ ਜਕੜ ਖੋਲ੍ਹ-ਤੋੜ ਕੇ ਇਸ ਤੋਂ ਵੱਖਰਾ ਹੋ ਸਕਿਆ । ਸ਼ਸ਼ੋਪਜ ‘ਚ ਘਿਰਿਆ ਉਹ ਨੂਰੀ ਨੂੰ ਇਹ ਵੀ ਨਾ ਕਰਿਹ ਸਕਿਆ –‘ਏਹ ਤੇਰਾ ਈ ਘਰ ਐ , ਹੋਰ ਕਿਸੇ ਦਾ ਨਹੀਂ ।‘

ਉਵੇਂ ਚੁੱਪ-ਚਾਪ ਖੜੋਤੇ ਨੇ ਉਸ ਨੇ ਨੂਰੀ ਨੂੰ ਰੋਈ ਜਾਣ ਦਿੱਤਾ, ਰੋਈ ਜਾਣ ਦਿੱਤਾ । ਫਿਰ ਜਾਣਚੱਕ ਜਿਵੇਂ ਨੂਰੀ ਨੂੰ ਆਪਣੀ ਭੁੱਲ-ਭਟਕ ਦਾ ਅਹਿਸਾਸ ਹੋ ਗਿਆ ਹੋਵੇ । ਰਾਜਵੀਰ ਦੁਆਲਿਉਂ ਝੱਟ ਦੇਣੀ ਬਾਹਾਂ ਖੋਲ ਕੇ ਬਿਨਾਂ ਉਸ ਵੱਲ ਦੇਖੇ ਕਮਰਿਉਂ ਬਾਹਰ ਨਿਕਲ ਗਈ ।

ਦਫ਼ਤਰੀ ਅਮਲੇ ਨੂੰ ਗੇਟ ਤੱਕ ਛੱਡ ਕੇ ਮੁੜੀ ਇਸ ਦੀ ਮਾਂ ਨੂੰ ਨੂਰੀ ਨੇ ਉਸ ਦਿਨ ਣੇ ਵਿਵਹਾਰ ‘ਚੋਂ ਇਸ ਦੇ ਤੰਦਰੁਸਤੀ ਵੱਲ ਨੂੰ ਪੁੱਟੇ ਹੋਏ ਪਹਿਲੇ ਕਦਮ ਦੀ ਆਹਟ ਸੁਣਾਈ ਦਿੱਤੀ ਸੀ ।

ਇਹ ਆਹਟ ਉਸ ਨੂੰ ਦੋ ਕੁ ਦਿਨ ਪਿੱਛੋਂ , ਨੂਰੀ ਦੇ ਸਹੁਰੇ ਪਿੰਡ ਸ਼ੇਰਗੜੋ ਆਈ ਮਕਾਣ ਸਮੇਂ ਹੋਰ ਵੀ ਪੱਸਰਦੀ ਮਹਿਸੂਸ ਹੋਈ । ਮਾਂ ਤਾਂ ਖੈਰ ਜਾਣਦੀ ਸੀ ਸਾਰਾ ਕੁਝ । ਉਸ ਸਮੇਤ ਉਸ ਦੀ ਸਾਰੀ ਪੀੜ੍ਹੀ ਹੀ ਵਾਕਿਫ ਸੀ ਮਕਾਣੀ ਰਸਮਾਂ ਤੋਂ । ਨੂਰੀ ਵੀ ਜਾਣਦੀ ਸੀ ਕਿੰਨਾ ਕੁਝ । ਵਿਹੜੇ ਸਮੇਤ ਸਹੁਰੇ ਪਿੰਡ ਦੇ ਗੂੜ੍ਹੀ ਸਾਂਝ ਵਾਲੇ ਟੱਬਰਾਂ ਦੇ ਕਿੰਨੇ ਸਾਰੇ ਇਸਤਰੀਆਂ-ਮਰਦ, ਉਸ ਦਿਨ ਆਏ ਸਨ ਨੂਰੀ ਨਾਲ ਦੁੱਖ ਸਾਂਝਾ ਕਰਨ। ਚਿੱਟੇ ਦੁਪੱਟੇ , ਚਿੱਟੀਆਂ ਪੱਗਾਂ ਸਿਰਾਂ ‘ਤੇ । ਉਹ ਸਾਰੇ ਨੂਰੀ ਦੇ ਘਰ ਤੋਂ ਕਾਫੀ ਸਾਰੀ ਵਿੱਥ ‘ਤੇ ਪਿਛਾਂਹ ਟੈਂਪੂ ‘ਚੋਂ ਉੱਤਰ ਕੇ ਪੈਦਲ ਚੱਲ ਪਏ । ਮੂਹਰੇ ਇਸਤਰੀਆਂ , ਪਿੱਛੇ  ਮਰਦ । ਨਾਲ ਆਈ ਨੈਣ ਨੇ ਉੱਚੀ ਸਾਰੀ ਲੇਰ ਮਾਰੀ ਕੇ ਸਭ ਦੀ ਅਗਵਾਈ ਸਾਂਭ ਲਈ । ਅੱਗੇ-ਅੱਗੇ ਨੈਣ , ਪਿੱਛੇ ਮਾਈਆਂ , ਬੀਬੀਆਂ ਦੀ ਵੈਣ-ਸੁਰ । ਘਰ ਸਾਹਮਣੇ ਪੁੱਜ ਕੇ ਉਹਨਾਂ ਥੋੜ੍ਹਾ ਕੁ ਚਿਰ ਹੋਰ ਪਿੱਟ-ਸਿਆਪਾ ਕੀਤਾ , ਗੋਲ-ਘੇਰਾ ਬਣਾ ਕੇ । ਨੂਰੀ ਦੇ ਨਵਂ ਆਂਢ-ਗੁਆਂਢ ਲਈ ਅਜੀਬ ‘ਨਜ਼ਾਰਾਂ’ ਸੀ ਇਹ । ਉਹਨਾਂ ਗੇਟਾਂ ‘ਤੇ ਖੜ ਕੇ ਜਾਂ ਛੱਤਾਂ ‘ਤੇ ਚੜ੍ਹ ਕੇ ਇਸ ਦਾ ‘ਅਨੰਦ ਮਾਣਿਆ’ ।

ਫਿਰ ਛੇਤੀ ਹੀ ਉੱਚੀ ਸੁਰ ਦਾ  ਰੋਣ-ਧੋਣ ਬੰਦ ਹੋਏ ‘ਤੇ ਸਭ ਜਾਣ ਅੰਦਰ ਚਲੇ ਗਏ । ਮਰਦ ਬਾਹਰ ਬਰਾਂਡੇ ‘ਚ ਬੈਠ , ਨੂਰੀ ਦੇ ਪਹਿਲੇ ਘਰ ਦੇ ਗਆਂਢੀਆਂ ਨਾਲ ਗੱਲੀਂ ਪਏ ਅਫਸੋਸ ਕਰਦੇ ਰਹੇ , ਇਸਤਰੀਆਂ ਦਾ ਸੱਚਾ-ਝੂਠਾ ਰੋਣ-ਡੁਸਕਣ ਅੰਦਰਲੇ ਕਮਰੇ ‘ਚ ਪੁੱਜਣ ਤੱਕ ਵੀ ਜਾਰੀ ਰਿਹਾ । ਉਹ ਵਾਰੀ-ਵਾਰੀ ਨੂਰੀ ਗਲ ਲੱਗ ਕੇ ਆਪ ਵੀ ਰੋਈਂ , ਉਸ ਨੂੰ ਵੀ ਰੁਆਇਆ ।

ਇਹ ਸਾਰਾ ਕੁਝ ਕਰਦਿਆਂ ਨੂਰੀ ਦੀ ਮਾਂ ਉਸ ਦੇ ਵਰਤਾਓ ‘ਚ ਥੋੜ੍ਹਾ ਨਹੀਂ , ਕਾਫੀ ਸਾਰਾ ਠਰ੍ਹੰਮਾਂ ਦਿਸਿਆ । ਨਾ ਇਹ ਤਿਲਮਾਲਾਈ ਸੀ , ਨਾ ਅਵਾ-ਤਵਾ ਬੋਲੀ ਸੀ , ਸਗੋਂ ਬਰਾਂਡੇ ‘ਚ ਬੈਠੇ ਮਰਦਾਂ ਕੋਲ ਪੁੱਜ ਕੇਂ ਇਸ ਨੇ ਪੁੱਛਿਆ ਸੀ ਚਾਚੇ ਫੁੱਮਣ ਬਾਰੇ , ਤਾਏ ਸੰਤੇ ਬਾਰੇ , ਬਾਬੇ ਈਸ਼ਰ ਸਮੇਤ  ਹੋਰ ਕਈਆਂ ਬਾਰੇ । ਅੱਗੋਂ ਮਰਦਾਂ ਵੱਲੋਂ ਮਿਲੇ ਉੱਤਰ ਨੇ ਜਿਵੇ ਇਸ ਨੂੰ ਹੋਰ ਵੀ ਸਹਿਜ ਕਰ ਦਿੱਤਾ ਹੋਵੇ । ਉਹਨਾਂ ਕਿਹਾ ਸੀ , “ ਉਹ ਸਾਰੇ ਮੋਰਚੇ ‘ਚ ਪੁੱਜੇ ਪਏ ਆ । ਜਦ ਦੇ ਗਏ ਆ , ਕੋਈ ਨਹੀਂ ਮੁੜਿਆ । ਸਿਵਾਏ ਲਛਮਣ ਬਾਬੇ ਤੋਂ। ਉਹ ਵੀ ਜੀਉਂਦਾ ਨਈਂ ਲਾਸ਼ ਬਣ ਕੇ ਮੁੜਿਆ ਸੀ ਦਿੱਲੀਉਂ । ਥੋੜ੍ਹੇ ਕੁ ਦਿਨ ਪਹਿਲਾਂ। ਜ਼ੋਰਦਾਰ ਮੀਂਹ ਕਾਰਨ ਉਹਦਾ ਤੰਬੂ ਰਾਤ ਭਰ ਡੁੱਬਾ ਰਿਹਾ ਸੀ ਪਾਣੀ ‘ਚ । ਉਹਨੇ ਵੀ ਪਿਓ ਦੇ ਪੁੱਤ ਨੇ ਪੂਰਾ ਹੱਠ ਰੱਖਿਆ । ਜਿੰਨਾ ਹੋ ਸਕਿਆ, ਤੰਬੂ ਸਾਂਭੀ ਰੱਖਿਆ । ਆਖਿਰ ਵਧੇ ਝੱਖੜ-ਝਾਂਜੇ ਨੇ ਉਸ ਨੂੰ ਬੇਬੱਸ ਕਰ ਦਿੱਤਾ। ਅਗਲੇ ਕਈ ਦਿਨ ਲਗਾਤਾਰ ਚੜ੍ਹੇ ਪੰਜ-ਭੱਠ ਬੁਖਾਰ ਨੇ ਆਖਿਰ ਉਹਦੇ ਪ੍ਰਾਣ ਵੀ ਖੋਹ ਲਏ ਸੀ ਉਸ ਤੋਂ।

ਨੂਰੀ ਨੂੰ ਇਕ-ਦਮ ਝਟਕਾ ਤਾਂ ਲੱਗਾ ਸੀ ਲੱਛਮਣ ਬਾਬੇ ਦਾ ਸੁਣ ਕੇ , ਪਰ ਇਹ ਡੋਲ-ਘਬਰਾਈ ਨਾ । ਉਸੇ ਹੀ ਪਲ ਇਸ ਦੇ ਸਾਹਮਣੇ ਜਿਵੇਂ ਦੋ ਲਾਸ਼ਾਂ ਬਰਾਬਰ-ਬਰਾਬਰ ਵਿਛ ਗਈਆਂ ਹੋਣ । ਚਿੱਟੇ ਕੱਫਣਾਂ ‘ਚ ਢਕ ਹੋਈਆਂ । ਇਕ ਦੇ ਹੇਠਾਂ ਇਸ ਦਾ ਵੱਡਾ-ਵਡੇਰਾ ਲਛਮਣ ਬਾਬਾ , ਦੂਜੇ ਹੇਠ ਇਸ ਦਾ ਪਤੀ ਮਲਕੀਤ । ਇਕ ਨੇ ਵਾਹੀਯੋਗ ਖੇਤਾਂ-ਬੰਨਿਆਂ ਦੀ ਰਾਖੀ ਕਰਦਿਆਂ ਜਾਨ ਦਿੱਤੀ ਸੀ , ਦੂਜੇ ਨੇ ਆਪਣੀ ਅਣਖ-ਇੱਜ਼ਤ ਨੂੰ ਹਰਫ ਆਉਂਦਾ ਦੇਖ ਕੇ ਆਤਮ-ਹੱਤਿਆ ਕੀਤੀ । ਨਾ ਇਕ ਨੇ ਪੂਰੀ ਉਮਰ ਭੋਗੀ , ਨਾ ਦੂਜੇ ਨੇ , ਪਰ ਕਿਉਂ ?  ਕਿਸੇ ਨੇ ਕੀਤੇ ਸਨ ਇਹ ਅੱਤਿਆਚਰ ਉਹਨਾਂ ‘ਤੇ । ਇਹ ਪ੍ਰਸ਼ਨ ਵਿਕਰਾਲ ਰੂਪ ਘਾਰ ਕੇ ਨੂਰੀ ਸਾਹਮਣੇ ਆ ਖੜੋਇਆ । ਇਹ ਪ੍ਰਸ਼ਨ ਇਸ ਨੇ ਰਾਜਵੀਰ ਤੋਂ ਵੀ ਪੁੱਛਿਆ ਸੀ ਦੋ-ਤਿੰਨ ਵਾਰ। ਥੋੜ੍ਹਾ ਕੁ ਰੰਗ ‘ਚ ਹੋਏ ਨੂੰ । ਪੁੱਛਿਆ ਨਹੀਂ ਇਕ ਤਰ੍ਹਾਂ ਦੱਸਿਆ ਸੀ ਉਸ ਨੂੰ ਨੂਰੀ ਨੇ ‘ਹਰ ਰੋਜ਼ ਤਾਂ ਕੁਝ ਨਾ  ਕੁਝ ਵਾਪਰਦਾ ਐਧਰ-ਓਧਰ । ਕਦੀ ਕਿਸੇ ਨੇ ਆਤਮ –ਹੱਤਿਆ ਕੀਤੀ ਹੁੰਦੀ , ਕਦੀ ਕਿਸੇ ਨੂੰ ਜਾਨੋਂ ਮਾਰ ਦਿੱਤਾ ਹੁੰਦਾ। ਨਾ ਬਾਲ-ਬੱਚੇ ਬਚੇ ਹੁੰਦੇ , ਨਾ ਬੁੱਢੇ-ਠੇਰੇ , ਨਾ ਜੁਆਨ ਗੱਭਰੂ । ਕਾਰਨ ਵੀ ਕੋਈ ਨਾ ਕੋਈ ਜੋੜ ਦਿੱਤਾ ਹੁੰਦਾ ਨਾਲ । ਇਕ ਵਾਰ ਤਾਂ ਨੂਰੀ ਨੇ ਰਾਜਵੀਰ ਨੂੰ ਸਿੱਧਾ ਹੀ ਪੁੱਤ ਲਿਆ ਸੀ ਕਿ ਕਿਸਾਨੀ ਘਰਾਂ ‘ਚ ਹੁੰਦੀਆਂ ਮੌਤਾਂ ਆਤਮ-ਹੱਤਿਆਵਾਂ ਹਨ ਜਾਂ ਜ਼ੋਰ-ਜਬਰੀ ਖੋਹੀਆਂ ਜਾਨਾਂ ?

ਆਪਣੇ ਸਮਝ-ਸੂਝ ‘ਤੇ ਪੂਰਾ ਜ਼ੋਰ ਪਾ ਕੇ ਦੱਸਿਆ ਸੀ ਉਸ ਦਿਨ ਰਾਜਵੀਰ ਨੇ ਨੂਰੀ ਨੂੰ “ਇਹ ਮੌਤਾਂ ਸਾਧਾਰਨ ਮੌਤਾਂ ਹਰਗਿਜ਼ ਨਈਂ । ਇਹਨਾਂ ਨਾਲ ਇਕ ਤਰ੍ਹਾਂ ਸਾਡੇ ਮੁਲਕ ਵਿਸ਼ੇਸ਼ ਕਰਕੇ ਸੂਬੇ ਦੀ ਅੱਧਿਉਂ ਵੱਧ ਵਸੋਂ ਦਾ ਅਰਥਚਾਰਾ ਜੁੜਿਆ ਪਿਆ  । ਮਾਂ ਤੋਂ ਵੀ ਵੱਧ ਗੁਣਕਾਰ ਗਿਣ ਹੁੰਦੀ ਧਰਤੀ ਦੀ ਹਿੱਕ ‘ਤੇ ਉੱਗਦੀਆਂ ਫਸਲਾਂ , ਇਕੱਲੇ ਮਨੁੱਖ ਦੀ , ਨਹੀਂ , ਲੱਖਾਂ-ਅਰਬਾਂ ਪਸ਼ੂਆਂ –ਪੰਛੀਆਂ ਤੇ ਹੋਰਨਾਂ ਜੀਵ-ਜੰਤੂਆਂ ਦੀ ਵੰਨ-ਸੁਵੰਨੀ ਭੁੱਖ ਦਾ ਸਮਾਧਾਨ ਕਰਦੀਆਂ , ਪਰ ਅਜੀਬ ਗੱਲ ਦੋਖੇ , ਇਹਨਾਂ ਫਸਲਾਂ  , ਨੂੰ ਬੀਜਣ-ਵੱਢਣ ਵਾਲੇ ਹੱਥ ਕਿਸੇ ਗਿਣਤੀ –ਮਿਣਤੀ ‘ਚ ਨਈਂ । ਇਹਨਾਂ ਫਸਲਾਂ ਨੂੰ ਉਗਾਉਣ-ਸਾਂਭਣ ਵਾਲੀ ਕਿਰਤ ਮਿਹਨਤ ਦੀ ਕੋਈ ਕਦਰ-ਕੀਮਤ ਨਈਂ । ਸਾਡੇ ਮੁਲਕ ਦੇ ਰਾਜਕੀ ਟੋਲਿਆਂ ਨੇ  ਤਾਂ ਜਿਵੇਂ ਖੇਤੀ-ਘਰਾਂ ਦੀ ਅਰਥ ਵਿਵਸਥਾ ਦਾ ਫਿਕਰ ਕਰਨਾ ਊਈਂ ਛੱਡ ਦਿੱਤਾ ਐ । ਖੇਤੀ ਕਿੱਤੇ ‘ਚ ਲੱਗਾ ਕੌਣ ਜੀਉਂਦਾ , ਕੌਣ ਮਰਦਾ ਇਹਨਾਂ ਨੂੰ ਕੋਈ ਚਿੰਤਾ ਨਈਂ । ਉਹ ਕਿਉਂ ਮਰਦਾ , ਕਿਵੇਂ ਮਰਦਾ , ਇਸ ਦੀ ਕੋਈ ਪ੍ਰਵਾਹ ਨਈਂ । ਤੂੰ ਈ ਦੱਸ ਨੂਰੀ ਜੀਊਣ ਨੂੰ ਕਿਸ ਦਾ ਜੀਅ ਨਈਂ ਕਰਦਾ । ਮਰਨਾ ਜਾਂ ਆਪਣੇ ਆਪ ਨੂੰ ਮਾਰਨਾ ਕੋਈ ਸੌਖਾ ਕੰਮ ਆ । ਕੋਈ ਐਮੋਂ-ਕਿਮੇਂ ਦਾ ਖੇਲ ਐ । ਸੱਚ ਇਹ ਐ ਇਸ ਖੇਲ ਪਿੱਛੇ  ਇਕ ਵੱਡਾ ਛਡਯੰਤਰ ਕਾਰਜ਼ਸ਼ੀਲ ਐ ਨੂਰੀ । ਇਹ ਮੌਤਾਂ , ਇਹ ਹੱਤਿਆਵਾਂ ਜ਼ੋਰ-ਜਬਰੀ ਕੀਤੇ ਗਏ ਕਤਲ ਐ ਨੂਰੀ , ਕਤਲ ।“

ਅਚਨਚੇਤ ਰਾਜਵੀਰ ਤੋਂ ਨੂਰੀ ਦਾ ਨਾਂਅ-ਪਤਾ ਨਹੀਂ ਵਾਰ-ਵਾਰ ਕਿਵੇਂ ਸ਼ਾਮਲ ਹੋ ਗਿਆ ।

ਲਗਾਤਾਰ ਬੋਲੀ ਗਿਆ ਰਾਜਬੀਰ , ਸੱਚ-ਮੁੱਚ ਭਾਵੁਕ ਹੋ ਗਿਆ ਸੀ , ਉਸ ਨੇ  ਸਾਹਮਣੇ ਪਏ ਜੱਗ ‘ਚੋਂ ਠੰਢੇ ਪਾਣੀ ਦੇ ਚਾਰ –ਪੰਜ ਘੁੱਟ ਇੱਕੋ ਡੀਕੇ ਅੰਦਰ ਲੰਘਾਏ । ਫਿਰ ਮੋਢੇ ‘ਤੇ ਰੁਮਾਲ ਨਾਲ ਮੂੰਹ ਸਾਡ ਕੀਤਾ , ਨਾਲ ਹੀ ਅੱਖਾਂ ।

ਥੋੜ੍ਹਾ ਕੁ ਚਿਰ ਚੁੱਪ ਰਹਿਣ ਪਿੱਛੋਂ ਉਸ ਅੰਦਰੋਂ ਦੁਬਾਰਾ ਨਿਕਲੇ ਬੋਲ ਜਿਵੇਂ ਖੂਹ ‘ਚੋਂ ਸੁਣਾਈ ਦਿੱਤੇ ਹੋਣ । ਉਹਨੇ ਆਖਿਆ ਸੀ , “ ਕਸੂਰ ਇਕੱਠ ਪ੍ਰਬੰਧ ਦਾ ਹੀ ਨਈਂ , ਆਪਣਾ ਵੀ ਐ ਸਾਡਾ । ਕਿਸਾਨੀ ਰਹਿਤਲ ਦਾ । ਅਸੀਂ ਵੀ ਆਪਣੀਂ ਜਟਕੀਂ ਹਓਂ ‘ਚ ਵਿਚਰਦੇ , ਖਾਹ-ਮੁਖਾਹ ਕੇ ਕਰਜ਼ਈ ਹੁੰਦੇ ਰਹਿੰਨੇ ਆਂ ।“

ਨੂਰੀ ਅੱਗੇ ਚੁੱਪ । ਇਹ ਰਾਜਵੀਰ ਦੇ ਆਖੇ , ਦੱਸੇ ਨਾਲ ਅਸਿਮਤ ਹੋਣ ਦੀ ਸੀ ਜਾਂ ਅਸਹਿਮਤ । ਉਸ ਤੋਂ ਝੱਟ-ਪੱਟ ਕੋਈ ਨਿਰਣਾ ਨਹੀਂ ਸੀ ਹੋ ਸਕਿਆ । ਫਿਰ ਕਿੰਨਾ ਹੀ ਚਿਰ ਪਿੱਛੋਂ ਤੱਕ ਵੀ ਉਹ ਰਾਜਵੀਰ ਦੇ ਸ਼ਬਤਾਂ –ਬੋਲਾਂ ਦੀ ਪੈੜ-ਚਾਲੇ ਤੁਰੀ , ਹਾਂ-ਨਾਂਹ ਦੀ ਸੰਗਿਆ ਵਿਚਕਾਰ ਵਿਚਰਦੀ ਰਹੀ ।

ਹੁਣ..ਹੁਣ ਉਹ ਮੁੜ ਉਸੇ ਤਰ੍ਹਾਂ ਦੀ ਅਵਲ ਉਸ ਤੋਂ ਵੀ ਵੱਧ ਡਰਾਉਣੀ ਘਟਨਾ ਦੀ ਮਾਰ ਆਪਣੇ ਸੌਣ ਕਮਰੇ ‘ਚ ਆ ਲਟਕਿਆ ਸੀ ਉਹੀ ਪ੍ਰਸ਼ਨ । ਹੁਣ ਇਹ ਕਿਸ ਤੋਂ ਪੁੱਛੇਗੀ ਕਿ ਇਸ ਦੇ ਪਤੀ ਨੇ ਆਤਮ ਹੱਤਿਆ ਕੀਤੀ ਜਾਂ ਉਸ ਨੁੰ ਜ਼ੋਰ-ਜਬਰੀ ਕਤਲ ਕੀਤਾ ਗਿਆ । ਸਹੁਰੇ ਪਿੰਡੋਂ ਅਫਸੋਸ ਕਰਨ ਆਏ ਵੱਡੇ-ਵਡੇਰਿਆਂ ਤੋਂ ਪੁੱਛਣ ਦੀ ਇਸ ਦੀ ਹਿੰਮਤ ਨਾ ਹੋਈ , ਤੇ …ਤੇ ਇਸ ਦੀ ਰੂਹ-ਜਾਨ ‘ਤੇ ਲਟਕਦੇ ਭਾਰ ਕਾਰਨ ਜੋ ਹੋਇਆ-ਵਾਪਰਿਆ , ਉਹ ਸਭ ਲਈ ਹੈਰਾਨੀ-ਜਨਕ । ਹੈਰਾਨੀ-ਜਨਕ ਵੀ , ਚਿੰਤਾਜਨਕ ਵੀ । ਵਾਪਸ ਪਿੰਡ ਨੂੰ ਜਾਣ ਲਈ ਉੱਠ ਤੁਰਨ ਲੱਗੇ ਫੁੱਮਣ । ਚਾਚੇ ਨਾਲ ਝੱਟ ਦੇਣੀ ਚਿੱਕੜ ਕੇ ਨੂਰੀ ਫਿਰ ਉਹੀ ਰਾਗ ਅਲਾਪਣ ਲੱਗ ਪਈ , “ਮੈਨੂੰ ਮੇਰੇ ਘਰ ਛੱਡ ਆਓ …ਏਹ ਮੇਰਾ ਘਰ ਨਈਂ…ਮੈਨੂੰ ਮੇਰੇ ਘਰ ਛੱਡ ਆਓ । ‘ ਉਸ ਦਿਨ ਉਦਾਸੀ-ਪ੍ਰੇਸ਼ਾਨੀ ‘ਚ ਘਿਰੇ ਪਿੰਡ ਵਾਸੀ , ਹੋਰ ਵੀ ਫਿਕਰਮੰਦ ਹੋ ਕੇ ਵਾਪਸ ਮੁੜੇ ਸਨ । ਥੋੜ੍ਹੀ ਕੁ ਆਸਮੰਦ ਹੋਈ ਨੂਰੀ ਦੀ ਮਾਂ ਮੁੜ ਨਿਰਾਸ਼ਾ ‘ਚ ਘਿਰ ਗਈ , ਤਾਂ ਵੀ ਉਸ ਨੇ ਆਸ-ਉਮੀਦ ਦਾ ਪੱਲਾ ਨਹੀਂ ਸੀ ਛੱਡਿਆ । ਉਸ ਦਾ ਯਕੀਨ ਸੀ ਕਿ ਸਿਆਣੇ-ਸੂਝਵਾਨ ਜੀਆਂ ਦੀ ਸੰਗਤ ਨੂਰੀ ਦੀ ਵਿਚਲਤ ਹੋਈ ਸੁਰਤੀ ਨੂੰ ਕਿਸੇ ਵੀ ਦੁਆ-ਦਰਮਲ ਨਾਲੋਂ ਵੱਧ ਰਾਹਤ ਦਿੰਦੀ ਐ । ਮਲਕੀਤ ਦਾ ਅਫਸੋਸ ਕਰਨ ਆਏ ਹਰ ਕਿਸੇ ਨਾਲ ਹੋਈ ਬਾਤ-ਚੀਤ ‘ਚ ਉਸ ਨੇ ਨੂਰੀ ਨੂੰ ਸ਼ਾਮਿਲ ਕਰੀ ਰੱਖਿਆ , ਭਾਵੇ ‘ਮੈਨੂੰ ਮੇਰੇ ਘਰ …’ ਵਾਲੀ ਰਟ ਨੂਰੀ ਤੋਂ ਬਹੁਤੀ ਨਹੀਂ ਸੀ ਤਿਆਗ ਹੋਏ ਅਗੇ ।

ਤੈਨੂੰ ਵੀ ਜਾਂਦੇ ਨੂੰ ਉਹ ਇਹੀ ਕਹੇਗੀ , ‘ਭਾਅ ਬਣ ਕੇ ਮੇਰਾ ਇਹ ਕੰਮ ਜ਼ਰੂਰ ਕਰ ! ਕਹੇਗੀ ਹੀ ਨਹੀਂ , ਤਰਲੇ ਮਾਰੇਗੀ , ਲੇਲ੍ਹੜੀਆਂ ਕੱਢੇਗੀ , ਹੱਥ ਵੀ ਜੋੜੇਗੀ । ਜੁੜੇ ਹੱਥ ਸੱਚ-ਮੁੱਚ ਤੇਰੇ ਪੈਰਾਂ ਵੱਲ ਨੂੰ ਝੁਕਣਗੇ । ਤੂੰ ਇਸ ਨੂੰ ਇਉਂ ਕਰਨੋਂ ਮਸਾਂ ਰੋਕੇਗਾ । ਇਸ  ਦਾ ਸਿਰ-ਮੂੰਹ ਪਲੋਸੇਗਾ । ਇਸ ਨੂੰ ਢਾਰਸ ਦੇਵੇਗਾ । ਬਿਲਕੁਲ ਉਵੇਂ ਜਿਵੇਂ ਆਪਦੇ ਦਫਤਰ ‘ਚ ਦਿੱਤੀ ਸੀ । ਤੇਰਾ ਹੱਥ ਲੱਗਦਿਆਂ ਸਾਰ ਇਹ ਵਿਲਕ ਉੱਠੇਗੀ , ਪਹਿਲਾਂ ਹੱਟ ਕੋਰੀ , ਫਿਰ ਉੱਚੀ ਉੱਚੀ । ਤੇਰੇ ਨਾਲ ਚਿੱਕੜ ਕੇ ਇਸ ਨੇ ਧੁਰ ਅੰਦਰ ਤੱਕ ਰੋ-ਕਲਪ ਲੈਣਾ , ਹਲਕਾ ਕਰ ਲੈਣਾ ਆਪਣਾ ਆਪ ।ਹੋਰ ਘੜੀ-ਪਲ ਨੂੰ ਤੈਨੂੰ ਇਹ ਬਿਲਕੁਲ ਸਹਿਜ ਜਾਪੇਗੀ । ਸਾਰਾ ਕੁਝ ਨਹੀਂ ਤਾਂ ਕਿੰਨਾ ਕੁਝ ਸੁਨਣ-ਸਮਝਣ ਲੱਗੇਗੀ ।

ਹੁਣ ਇਹ ਤੇਰੇ ‘ਤੇ ਨਿਰਭਰ ਐ , ਕਿ ਤੂੰ ਅਗਾਂਹ ਕੀ ਕਰਨਾ । ਤੂੰ ਇਸ ਨੂੰ ਹੋਸ਼ੀ ਬੋ-ਹੋਸ਼ੀ ਵਿਚਕਾਰ ਲਟਕਦਾ ਰੱਖਣਾ ਜਾਂ ਇਸ ਨੂੰ ਸੁਰਤ ਸਿਰ ਕਰਨ ਦਾ ਕੋਈ ਉਪਰਾਲਾ ਕਰਨਾ । ਇਕ ਪੱਕ ਐ , ਤੂੰ ਕਝ ਨਾ ਕੁਝ ਜ਼ਰੂਰ ਕਰੇਂਗਾਂ  , ਇਸ ਨੂੰ ਤ੍ਰਿਸ਼ੰਕੂ ਸਥਿਤੀ ‘ਚੋਂ ਬਾਹਰ ਕੱਢਣ ਲਈ ਜ਼ਰੂਰ ਹੰਭਲਾ ਮਾਰੇਂਗਾ । ਤੂੰ….ਤੁੰ…ਇਸ ਨੂੰ ਦੱਸੇਗਾ ‘ਤੇਰੀ ਇਹ ਹਾਲਤ ਕੇਵਲ ਨੌਕਰੀ ਖੁਸ ਜਾਣ ਕਾਰਨ ਜਾਂ ਪਤੀ ਦੀ ਆਤਮ ਹੱਤਿਆ ਕਾਰਨ ਹੀ ਨਹੀਂ ਬਣੀ । ਇਹ ਤਾਂ ਹਕੂਮਤੀ ਕਿਸਮ ਦੀਆਂ ਘਟਨਾਵਾਂ , ਜੋ ਇਸ ਵਾਰ ਤੇਰੇ ਸਿਰ ‘ਤੇ ਆ ਡਿਗਿਆਂ, ਇਕੱਠੀਆਂ । ਵਿਵੇਕਹੀਣ ਵਾਰਤਾਵਾਂ ਨੇ, ਜੋ ਤੇਰੇ ਮੱਥੇ ‘ਤੇ ਆ ਚਿੱਪਕੀਆਂ । ਸੱਚ ਇਹ ਐ , ਇਹ ਵਾਰਤਾਵਾਂ, ਇਹ ਘਟਨਾਵਾਂ ਨਾ ਆਪਣੇ ਆਪ ਵਾਪਰਦੀਆਂ , ਨਾ ਲਿਖ ਹੁੰਦੀਆਂ ।ਇਹਨਾਂ ਦੀ ਤਹਿ ‘ਚ ਵਾਪਰਦਾ ਵੱਡਾ ਵਰਤਾਰਾ ਕੁਝ ਹੋਰ ਐ । ਉਹ ਬਹੁਤ ਵੱਖਰੀ ਤਰ੍ਹਾਂ ਦਾ । ਦੇਖਣ-ਛੂਹਣ ਨੂੰ ਮੁਲਾਇਮ , ਪਰ ਹੇਠਲੀ ਪਰਤੋਂ ਢੁੱਕਵਾਂ, ਇਕ ਦਮ ਖੁਰਦੜਾ । ਇਸ ਨੂ ਸੁਣਦੇ-ਪੜ੍ਹਦੇ ਸਾਰੇ , ਪਰ ਸਮਝਦੇ ਬਹੁਤ ਘੱਟ । ‘

ਨਿਸ਼ਚੇ ਹੀ ਤੈਨੂੰ ਉਹ ਵਰਤਾਰੇ ਦੀ ਪੂਰੀ ਜਾਣਕਾਰੀ ਐ । ਤੂੰ…ਤੂੰ ਇਹ ਦੀ ਇਬਾਰਦ ਦੇ ਕੁਝ ਨਾ ਕੁਝ ਬਿੰਦੂ ਜ਼ਰੂਰ ਦੱਸੀਂ….ਨੂਰੀ ਨੂੰ । ਤੂੰ ਬਹੁਤਾ ਨਹੀਂ ਤਾਂ ਸ਼ਾਮਯੁੱਗੀ ਸ਼ਿਕਾਰ ਕਰਮ ਤੋਂ ਸ਼ੁਰੂ ਕਰਕੇ ਸਰਮਾਇਆ ਯੁੱਗ ਦੇ ਪੁਲਾੜੀ ਸਫਰ ਤੱਕ ਦਾ ਮੋਟਾ-ਮੋਟਾ ਜ਼ਿਕਰ ਜ਼ਰੂਰ ਕਰੀਂ । ਗਾਰਾ-ਗੁਫਾਵਾਂ ਦੇ ਸਿਰ ਢਕਣ ਤੋਂ ਲੈ ਕੇ ਸ਼ੀਸ਼ ਮਹਿਲਾਂ ਵਰਗੇ ਰੈਣ-ਬਸੇਰਿਆਂ ਤੱਕ ਪੁੱਜੇ ਅੱਜ ਦੇ ਮਨੁੱਖ ਦੇ ਚੰਗੇ –ਮਾੜੇ ਵਰਤਾਓ ਦਾ ਖੁਲਾਸਾ ਕਰਦਾ ਤੂੰ ਸਾਮੰਤੀ ਤੇ ਰਾਜਾਵਾਦੀ ਪ੍ਰਬੰਧਾਂ ਅੰਦਰ ਖੇਤੀ ਕਾਮਿਆਂ ਸਮੇਤ ਖੇਤੀ ਜਿਣਸਾਂ ਦੀ ਹੁੰਦੀ ਰਹੀ ਦਰਗਤ ਦਾ ਵਿਸਥਾਰ ਜ਼ਰੂਰ ਦੇਈ । ਬੀਤੇ ਸਮਿਆਂ ਵਿੱਚ ਖੇਤ-ਮਾਲੀਏ ਦੀ ਧੋਣ ਮਰੋੜ ਕੇ ਸਾਮੰਤੀ ਸਰਦਾਰਾ ,  ਪ੍ਰਸ਼ਾਸਕ ਅਹੁਦਿਆਂ , ਰਾਜ ਗੱਦੀਆਂ ਦੇ ਖਰਚ-ਖਰਾਬਿਆਂ ਦਾ ਖੁਲਾਸਾ ਕਰਦੇ ਨੇ ਤੂੰ ਨੂਰੀ ਦੇ ਕਈ ਸਾਰੇ ਸ਼ੰਕਿਆਂ ਦੀ ਨਵਿਰਤੀ ਸਹਿ-ਸੁਭਾ ਹੀ ਕਰੀ  ਜਾਂਦੀ ਆਂ । ਮਾਨਵੀ ਮੁੱਲਾਂ ਨੂੰ ਪਿਛਾਂਹ ਕੇ ਖਾਹ-ਮਖਾਹ ਦੀ ਹਵਸ-ਹੋੜ ਪਿੱਛੇ ਵਿਆਕੁਲ ਹੋਈ ਅਜੋਕੇ ਸਮਿਆਂ ਦੀ ਮਾਨਸਿਕਤਾ ਨੂਰੀ ਨੂੰ ਪਤੀ ਦੀ ਹੱਤਿਆ ਪਿੱਛੇ ਕਾਰਜ਼ਸ਼ੀਲ ਵੱਡੇ ਕਾਰਨਾਂ ਦੀ ਪਛਾਣ ਵੀ ਕਰਵਾਏਗੀ ।

ਤੇ ਸੱਚੀ ਗੱਲ ਐ ,ਇਹ ਸਭ ਕੁਝ ਸੁਣੇਗੀ ਵੀ ਤੇ ਸਮਝੇਗੀ ਵੀ । ਇਹ ਮੁੱਢ-ਸ਼ੁਰੂ ਤੋਂ ਸੂਝਵਾਨ ਰਹੀ ਐ , ਇਸ ਪੱਖੋਂ । ਜਿਉਂ –ਜਿਉਂ ਤੂੰ ਇਸ ਦਾ ਜੀਣ-ਥੀਣ ਵਿਚਲਤ ਕਰਨ ਵਾਲੀ ਉਸ ਕਲਮੂੰਹੀ ਲਿਖਤ ਦੇ ਪੱਤਰੇ ਪਰਤਾਈ ਜਾਏਗਾ । ਤਿਉਂ-ਤਿਉਂ ਇਸ ਦਾ ਉਲਝੀ-ਬਿਖਰੀ ਸੁਰਤ-ਸ਼ਕਤੀ ਤਹਿ ਸਿਰ ਹੁੰਦੀ ਜਾਣੀ ।

ਤੈਨੂੰ ਇਹ ਯਤਨ ਇਕ-ਦੋ ਵਾਰ ਨਹੀਂ, ਕਈ ਵਾਰ ਆ ਕੇ ਕਰਨੇ ਪੈਣੇ ।

ਪੁਰਾਣੇ ਘਰ ਜਾਂ ਨਵੇਂ ਘਰ ਦਾ ਹਿਸਾਬ-ਕਿਤਾਬ ਤੂੰ ਆਪ ਜੁੜਦਾ ਕਰ ਲਈ , ਮੌਕਾ ਵਿਚਾਰ ਕੇ ।
***
ਸੰਪਰਕ (whatsapp) : 9465574855
E-mail : amarjitsinghdasuya@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1787
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ