ਬੇਰਿੰਕ ਕਾਲਜ਼ ਬਟਾਲੇ ਕੋਈ ਸੈਮੀਨਾਰ ਸੀ, ਕੇਂਦਰੀ ਲੇਖਕ ਸਭਾ ਵਲੋਂ। ਭਰਵੀਂ ਹਾਜ਼ਰੀ, ਉਹਨਾਂ ਵਰਿੵਆਂ ‘ਚ ਉਚੇਚ ਨਾਲ ਪੁੱਜਣਾ ਹਰ ਮੈਂਬਰ ਅਪਣਾ ਫ਼ਰਜ਼ ਸਮਝਦਾ ਸੀ। ਸਭਾ ਦੀ ਕਾਰਜਕਰਨੀ ਦੇ ਮੈਂਬਰ ਤਾਂ ਵਿਸ਼ੇਸ਼ ਕਰਕੇ। ਮੈਂ, ਸੈਮੀਨਾਰ ਹਾਲ ਤੋਂ ਥੋੜਾ ਕੁ ਹਟਵੇਂ ਲੱਗੇ ਚਾਹ-ਟੇਬਲਾਂ ਵਲ੍ਹ ਨੂੰ ਦੋ ਜਣੇ ਆਉਂਦੇ ਦੇਖੇ। ਨੀਵੀਆਂ ਪਾਈ ਗੱਲਾਂ ਕਰਦੇ। ਇਹਨਾਂ ‘ਚੋਂ ਇਕ ਜਣਾ ਹਰਭਜਨ ਸਿੰਘ ਹੁੰਦਲ ਸੀ। ਹੱਥ ‘ਚ ਦਰਮਿਆਨਾ ਜਿਹਾ ਬੈਗ। ਨਾ ਛੋਟਾ, ਨਾ ਬਹੁਤਾ ਵੱਡਾ। ਇਹ ਮੋਢੇ ਨਾਲ ਲਟਕਾਇਆ ਜਾ ਸਕਦਾ ਸੀ, ਹੱਥੀ ਤੋਂ ਫੜਿਆ ਵੀ ਜਾ ਸਕਦਾ ਸੀ। ਚਾਹ ਪੀਦਿਆਂ ਨੂੰ ਅਗਲਵਾਂਡੀ ਹੋ ਕੇ ਮੈਂ ਸਤਿ ਸ੍ਰੀ ਅਕਾਲ ਬੁਲਾਈ – “ਜੀ ਈ,….. ਮੈਂ ਲਾਲ ਸਿੰਘ। “ ਹੁੰਦਲ ਤੇ ਚਾਹ ਦਾ ਕੱਪ ਮੇਜ਼ ਤੇ ਰੱਖ ਕੇ ਮੈਨੂੰ ਹੇਠੋਂ ਉੱਪਰ ਤੱਕ ਦੇਖਿਆ – “ਅੱਛਾ ਤੂੰ ਐਂ ਲਾਲ ਸੂੰਹ ….! “ਏਨਾਂ ਆਖ ਉਹ ਚਾਹ ‘ਚ ਰੁੱਝੇ ਅਪਣੇ ਸਾਥੀ ਨਾਲ ਮੁੜ ਗੱਲੀਂ ਲੱਗ ਗਿਆ। ਮੈਂ ਨਾ ਚਾਹ ਪੀਣ ਜੋਗਾ ਰਿਹਾ, ਨਾ ਛੱਡਣ ਜੋਗਾ। ਮੈਂ ਸੋਚਾਂ ਇਹ ਕੀ ਹੋਇਆ ?ਮੈਂ ਤਾਂ ਬੜੀ ਸੁਖਾਵੀਂ ਤਸਵੀਰ ਉਲੀਕੀ ਬੈਠਾ ਸੀ ਅਪਣੇ ਅੰਦਰ– “ ਹੁੰਦਲ ਸਾਹਿਬ ਜਿੱਡੇ ਵੱਡੇ ਸ਼ਾਇਰ ਨੇ ਓਨੇ ਮਿਲਾਪੜੇ ਵੀ ਹੋਣਗੇ। ਮੈਨੂੰ ਹੱਸ ਕੇ ਮਿਲਣਗੇ, ਹੋਰ ਨਹੀਂ ਮੇਰੀ ਕਾਰਗੁਜ਼ਾਰੀ ਲਈ ਛੋਟੀ-ਮੋਟੀ ਥਾਪੀ ਵੀ ਦੇਣਗੇ।” ਪਰ, ਇਵੇਂ ਦਾ ਕੁਝ ਨਹੀਂ ਸੀ ਵਾਪਰਿਆ, ਅਸੀਂ ਅਪਣੇ ਹਿਸਾਬ–ਕਿਤਾਬ ਨਾਲ ਸੈਮੀਨਾਰ ਹਾਲ ‘ਚ ਬੈਠੇ ਰਹੇ। ਸੈਮੀਨਰ ਮੁਕਣ ਵੇਲੇ ਤੱਕ ਵੀ। ਸ਼ਾਮੀ ਮੁਕੇਰੀਆਂ ਵਾਪਿਸ ਮੁੜਦਿਆਂ ਮੈਂ ਕਿਆਫੇ ਲਾਉਂਦਾ ਰਿਹਾ –‘ਹੋ ਸਕਦਾ ਹੁੰਦਲ ਦਾ ਸੁਭਾ ਹੀ ਐਹੋ ਜਿਹਾ ਹੋਵੇ, ਜਾਂ ਉਸ ਵੇਲੇ ਨਾਲ ਦੇ ਸਾਥੀ ਦੀ ਬਾਤ-ਚੀਤ ਮੇਰੀ ਮਿਲਣੀ ਨਾਲੋਂ ਵੱਧ ਮਹੱਤਵ ਵਾਲੀ ਹੋਵੇ। ਜਾਂ ਉਸਨੂੰ ਮੇਰੇ ਮੁਕੇਰੀਆਂ ਵਾਲੇ ‘ਚਾਲ-ਚਲਣ’ ਬਾਰੇ ਪਤਾ ਲੱਗ ਗਿਆ ਹੋਵੇ।’ ਭਾਵੇਂ ਮੈਂ ਮੁਕੇਰੀਆਂ ਲਾਗੇ ਦੇ ਪਿੰਡ ਖਾਨਪੁਰ, ਅਪਣੇ ਰਿਹਾਇਸ਼ੀ ਮਕਾਨ ਤੱਕ ਪੁੱਜਣ ਤੱਕ ਕੋਈ ਨਿਰਨਾ ਨਹੀਂ ਸੀ ਕਰ ਸਕਿਆ, ਤਾਂ ਵੀ ਮੈਨੂੰ ਬਹੁਤੀ ਸ਼ੱਕ ਅਪਣੀ ਮੁਕੇਰੀਆਂ ਦੇ ਆਸ-ਪਾਸ ਦੀ ਆਪਣੀ ਦੌੜ-ਭੱਜ ਤੇ ਸੀ, ਐਉਂ ਲੱਗਦਾ ਸੀ ਇਹ ਸਾਰਾ ਰੀਕਾਰਡ ਉਸ ਤੱਕ ਪੁੱਜ ਚੁੱਕਾ ਸੀ, ਰੀਕਾਰਡ ਸੀ ਵੀ ਟੇਢਾ-ਮੇਢਾ ਜਿਹਾ – ‘ਸੰਨ ’58 ਤੋਂ ’62 ਤੱਕ ਦੀ ਭਾਖੜਾ ਡੈਮ ਦੀ ਚਾਰ ਕੁ ਸਾਲ ਦੀ ਨੌਕਰੀ ਸਮੇਂ ਤੱਕ, ਮੈਨੂੰ ਸੱਜੀਆਂ–ਖੱਬੀਆਂ ਪਾਰਟੀਆਂ ਦੀ ਕੋਈ ਸਮਝ ਨਹੀਂ ਸੀ। ਬੱਸ, ਗੁਰਦਵਾਰਿਆਂ ਅੰਦਰ ਪੜ੍ਹੀ ਜਾਣ ਵਾਲੀ ‘ਕਵਿਤਾਕਾਰੀ’ ਤੱਕ ਸੀਮਤ ਸੀ, ਜਾਂ ਵਿਚ-ਵਾਰ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਪ੍ਰਸੰਸਾਕਾਰੀ ਤੱਕ। ਸੱਜੀ ਵੱਖੀ ‘ਚ ਲੱਗੀ ਗੰਭੀਰ ਸੱਟ ਦਾ ਇਲਾਜ਼ ਕਰਵਾਉਣ ਲਈ ਸੰਨ ’63 ‘ਚ ਜਲੰਧਰ ਪੁੱਜ ਕੇ ਇਕ ਫੈਕਟਰੀ ‘ਚ ਸੋਟਰ-ਕੀਪਰੀ ਵੀ ਕਰਨੀ ਪਈ , ਮੇਰਾ ਕੰਮਕਾਰੀ ਸਥਾਨ ਮੇਰਾ ਰੈਣ-ਬਸੈਰਾ ਵੀ। ਦਿਨ ਵੇਲੇ ਮੰਜਾ ਬਾਹਰ, ਰਾਤ ਵੇਲੇ ਟੂਟੀਆਂ ਦੇ ਖਿੱਲਰ-ਖਲਾਰੇ ਉੱਪਰ। ਦਿਨ ਵੇਲੇ ਪਾਣੀ-ਟੂਟੀਆਂ ਦੀ ਸਾਫ਼-ਸਫਾਈ ਪੈਕਿੰਗ-ਬੁੰਕਿਗ ਵਾਲੀ ਘੁਟਣ ਤੋਂ ਛੇਤੀ ਹੀ ਤੰਗ ਪੈ ਗਿਆ। ਫੈਕਟਰੀ ਬਦਲਨੀ ਪਈ। ਥੋੜਾ ਕੁ ਸਾਹ ਸੌਖਾ ਹੋਇਆ, ਕਿਉਂ ਜੋ ਰਿਹਾਇਸ਼ੀ ਕਮਰਾ ਵੱਖਰਾ ਸੀ ਹੁਣ। ਸਟੋਰ–ਕੀਪਰ ਵਾਲੀ ਡਿਊਟੀ ਪਹਿਲੋਂ ਵਾਲੀ ਹੀ ਸੀ, ਫੈਕਟਰੀ ਮਾਲਕਾਂ ਨੂੰ ਮੇਰੀ ਕੰਮ-ਕਾਜ਼ੀ ਲਗਨ ਤੇ ਪੜ੍ਹਾਈ–ਲਿਖਾਈ ਵਾਲੀ ਰੁਚੀ ਸ਼ਾਇਦ ਪਸੰਦ ਆ ਗਈ ਸੀ। ਮੈਂ ਚੁੱਪ-ਚਪੀਤੇ ਗਿਆਨੀ ਪਾਸ ਕਰਕੇ ਬੀ.ਏ. ਕਰਨ ਵਾਲੀ ਵਿਧੀ ਵੀ ਅਪਨਾਈ ਰੱਖੀ ਸੀ, ਫੈਕਟਰੀ ਮਾਲਕਾਂ ਨੇ ਦੂਜੇ ਕਾਮਿਆਂ ਤੋਂ ਵੱਖਰੀ ਤਰਾਂ ਦਾ ਕਾਮਾ ਜਾਂਚ ਕੇ ਉਹਨਾਂ ਮੈਨੂੰ ਦੇਸ਼ ਭਰ ਵੱਡੇ ਸ਼ਹਿਰਾਂ ਚੋਂ ਫੈਕਟਰੀ ਅੰਦਰ ਬਣਦੇ ਮਾਲ ਲਈ ਆਡਰ-ਬੁੱਕ ਕਰਨ ਲਈ ਸੇਲਜ਼ਮੈਨ ਦੀ ਜੁੰਮੇਵਾਰੀ ਸੋਂਪ ਦਿੱਤੀ। ਪੰਜ-ਛੇ ਸਾਲਾਂ ਅੰਦਰ ਲਾਈਆਂ ਫੇਰੀਆਂ ਸਮੇਂ ਮੈਨੂੰ ਭਾਰਤ ਮਹਾਨ ਦੀ ਧਰਾਤਲ ਤੇ ਵਿਚਰਲੀ ਅਸਲ ‘ਮਹਾਨਤਾ’ ਨੂੰ ਅੱਖੀਂ ਵੇਖਣ ਦਾ ਮੌਕਾ ਮਿਲਿਆ। ਯੂ.ਪੀ., ਬਿਹਾਰ ਤੇ ਵਿਸ਼ੇਸ਼ ਕਰਕੇ ਦੱਖਣ ਭਾਰਤ ਦੇ ਬੱਸ–ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਮੰਗਤਿਆਂ ਦੀ ਤਰਾਂ ਸਕੂਲੀ-ਵਿਦਿਆਰਥੀਆਂ ਤੱਕ ਪਲੇਟਫ਼ਰਾਮਾਂ ਜਾਂ ਹੋਰਨਾਂ ਜਨਤੱਕ ਥਾਵਾਂ ਤੇ ਖਾਂਦੇ–ਪੀਂਦੇ ਲੋਕਾਂ ਵਲੋਂ ਖਾਧੇ ਪਕੌੜਿਆਂ-ਸਮੋਸਿਆਂ ਦੀ ਖਟਿਆਈ ਨਾਲ ਲਿਬੜੇ ਡੂਨੇ ਤੱਕ ਵੀ ਹੇਠੋਂ ਚੁੱਕਦੇ ਚਟਦੇ ਦੇਖ ਕੇ ਮੇਰਾ ਅੰਦਰ –ਬਾਹਰ ਬੁਰੀ ਤਰਾਂ ਜ਼ਖ਼ਮੀ ਹੁੰਦਾ ਰਿਹਾ। ਇਹ ਸਾਰਾ ਕੁਝ ਮੇਰੀ ਸਮਝ-ਸੂਝ ਦਾ ਹਿੱਸਾ ਬਣਿਆ, ਬੀ.ਐਡ. ਕਰਦਿਆਂ ਕਵਿਤਾਕਾਰੀ ਅੰਦਰ ਵੀ ਪ੍ਰਵੇਸ਼ ਕਰ ਗਿਆ ਸੀ। (ਫੈਕਟਰੀ ਮਾਲਕ ਸ੍ਰੀ ਮਦਨ ਲਾਲ ਹਾਂਡਾ ਨੇ ਆਪ ਬੀ.ਐਸ.ਸੀ. ਪਾਸ ਕੀਤੀ ਹੋਣ ਕਰਕੇ ਮੈਨੂੰ ਬੀ.ਐਡ. ਕਰਨ ਦੀ ਆਗਿਆ ਇਸ ਸ਼ਰਤ ਤੇ ਦੇ ਦਿੱਤੀ ਸੀ, ਕਿ ਮੈਂ ਅੱਧਾ ਦਿਨ ਸ਼ਾਮ ਵੇਲੇ ਫੈਕਟਰੀ ਦਾ ਕੰਮ ਵੀ ਕਰਨਾ ਹੈ )। ਬੀ.ਐਡ. ਦੀ ਪੜ੍ਹਾਈ ਸਮੇਂ ਮੇਰੇ ਅੰਦਰ ਭਾਰਤੀ ਜਨ ਸਾਧਾਰਨ ਨੂੰ ਬਰਦਾਸ਼ਤ ਕਰਨੀਆਂ ਪੈ ਰਹੀਆਂ ਤਲਖੀਆਂ ਕਵਿਤਾਵਾਂ ਰਾਹੀਂ ਪ੍ਰਗਟ ਹੁੰਦੀਆਂ, ਕੁਝ ਇਕ ‘ਵਿਸ਼ੇਸ਼’ ਹਮਜਮਾਤੀਆਂ ਰਾਹੀਂ ਅਗਾਂਹ ਇਕ ਵਿਸ਼ੇਸ਼ ਪਾਰਟੀ ਤੱਕ ਵੀ ਪਹੁੰਚਦੀਆਂ ਰਹੀਆਂ। ਹੁਣ ਤਿੰਨ ਕੰਮ ਨਾਲੋ ਨਾਲ ਚੱਲਣ ਲੱਗੇ। ਤੀਜਾ ਕੰਮ ਰਾਤਾਂ ਨੂੰ ਕਈ ਕਈ ਘੰਟੇ ਤੱਕ ਦੀ ਸਕੂਲਿੰਗ ਹੁੰਦੀ। ਇਹ ਸਕੂਲਿੰਗ ਬੀ.ਐਡ. ਪਾਸ ਕਰਨ ਪਿਛੋਂ ਇਕ ਪ੍ਰਾਈਵੇਟ ਸਕੂਲ ਵਿੱਚ ਮਿਲੀ ਨੌਕਰੀ ਦੇ ਪਿੱਛੇ ਪਿੱਛੇ ਪਹੁੰਚ ਗਈ। ’67 ਸੰਨ ‘ਚ ਹੋਈ ਖੱਬੀ ਧਿਰ ਦੀ ਤੀਜੀ ਟੁੱਟ-ਭੱਜ ਕਾਰਨ ਹੋਂਦ ਵਿਚ ਆਏ ਐਸ.ਐਨ. ਗਰੁੱਪ ਦੇ ਸਕੂਲਿੰਗ ਲਈ ਕਈ ਅੱਡੇ ਸਨ, ਇਕ ਭੰਗਾਲੇ ਵੀ ਸੀ, ਮੇਰੇ ਸਕੂਲ ਦੇ ਹੀ ਇਕ ਅਧਿਆਪਕ ਦੇ ਕਰਾਏ ਦੇ ਕਮਰੇ ‘ਚ। ਇਸ ਕਮਰੇ ਲਾਗੇ ਮਾ: ਸਵਿੰਦਰ ਸਿੰਘ ਦਾ ਆਪਣਾ ਮਕਾਨ ਸੀ। ਉਹਨੂੰ ਸੂਹ ਲੱਗਦੀ ਗਈ। ਮਾਮਲਾ ਸੀ.ਪੀ.ਐਮ. ਦੀ ਹਾਈ ਕਮਾਂਡ ਤੱਕ ਅੱਪੜਦਾ ਹੁੰਦਾ ਗਿਆ। ਹਾਈ ਕਮਾਂਡ ਨੇ ਸਵਿੰਦਰ ਸਿੰਘ- ਯੋਧ ਸਿੰਘ – ਪਿਆਰਾ ਸਿੰਘ ਪਰਖ ਰਾਹੀਂ ਮੈਨੂੰ ਐਸ.ਐਨ. ਗਰੁੱਪ ਨਾਲੋਂ ਤੋੜ ਕੇ ਸੀ.ਪੀ.ਐਮ. ਨਾਲ ਜੋੜਨ ਦਾ ਕਾਰਜ ਸੋਂਪ ਦਿੱਤਾ। ਮੈਨੂੰ ਦਸੂਹਾ ਚੋਣ ਅਸੈਂਬਲੀ ਲਈ ਚੰਨਣ ਸਿੰਘ ਧੂਤ ਲਈ ਅਪਣਾ ਖਾਲੀ ਮਕਾਨ ਸੌਂਪਣ ਲਈ ਆਖਿਆ ਗਿਆ। ਮੈਂ ਕੋਈ ਉੱਜਰ ਨਾ ਕੀਤਾ। ਮਾ: ਸਵਿੰਦਰ ਸਿੰਘ – ਜੋਧ ਸਿੰਘ ਦੇ ਯਤਨਾਂ ਨੂੰ ਸਫ਼ਲ ਹੋਏ ਯਤਨਾਂ ਵਜੋਂ ਪ੍ਰਵਾਨ ਕੀਤਾ ਗਿਆ। ਉਹਨੀ ਦਿਨੀਂ ਦੇਸ਼ ਭਗਤ ਯਾਦਗਾਰੀ ਹਾਲ ਵਿਚ ਹੋਈ ਕਿਸੇ ਕਾਨਫਰੰਸ ਸਮੇਂ ਮਿਲੇ ਹਰਭਜਨ ਸਿੰਘ ਹੁੰਦਲ ਨੇ ਮੈਨੂੰ ਦੂਰੋਂ ‘ਵਾਜ਼ ਮਾਰਕੇ ਆਪਣੇ ਲਾਗੇ ਸੱਦਿਆ ਸੀ ਤੇ ਹੌਲੀ ਜਿਹੇ ਆਖਿਆ ਸੀ – ‘ਲਾਲ ਸਿਆਂ ਹੁਣ ਠੀਕ ਐ …..!’ ਅਗਲੀ ਘੂਰੀ ਲੁਧਿਆਣੇ ਕੇਂਦਰੀ ਲੇਖਕ ਸਭਾ ਦੀ ਸਲਾਨਾ ਚੋਣ ਸਮੇਂ ਵੱਜੀ। ਖੱਬੀਆਂ ਦੋਨੋਂ ਧਿਰਾਂ ਨੇ ਆਹੁਦੇਦਾਰਾਂ ਲਈ ਚੋਣ ਲਈ ਨਾਂਮ ਭਰ ਦਿੱਤੇ, ਬਿਨਾਂ ਆਪਸੀ ਸਾਂਝੇ ਸੁਲਾਹ-ਮਸ਼ਵਰੇ ਦੇ। ਮੈਨੂੰ ਉਪ-ਪ੍ਰਧਾਨ ਲਈ ਨਾਂ ਭਰਨ ਲਈ ਕਿਹਾ ਗਿਆ। ਮੈਂ ਹੁੰਦਲ ਜੀ ਨੂੰ ਕਿਹਾ – ਮੈਂ ਕਦੇ ਚੋਣ ਨਹੀਂ ਲੜੀ, ਨਾ ਹੀ ਮੈਨੂੰ ਇਸਦਾ ਕੋਈ ਸ਼ੌਕ ਐ, ਨਾ ਚੋਣ ਲੜਨ ਦਾ ਇਲਮ। ਕੋਈ ਨਾ ਕੋਈ ਤਾਂ ਢੰਗ-ਤਰੀਕਾ ਆਉਣਾ ਚਾਹੀਦਾ। ਨਾ ਮੈਥੋਂ ਵੋਟ ਲਈ ਤਰਲੇ ਹੁੰਦੇ ਐ, ਨਾ ਕੋਈ ਚੁਸਤੀ–ਚਲਾਕੀ ਵਰਤਣੀ ਆਉਂਦੀ। ਅੱਗੋਂ ਹੁੰਦਲ ਨੇ ਤਿੱਖੀ ਸੁਰ ‘ਚ ਕਿਹਾ – “ ਤੈਨੂੰ ਕੌਂਣ ਕਹਿੰਦਾ ਤਰਲੇ ਕਰਨ ਲਈ ਵੋਟਰ ਦੇ। ਤੂੰ ਬੱਸ ਹਸ਼ਤਾਖਰ ਕਰ, ਆਪਣੀ ਵੋਟ ਪਾ ਤੇ ਚਲਾ ਜਾ ।“ ਮੈਂ ਸੱਚ-ਮੁਚ ਇਵੇਂ ਹੀ ਕੀਤਾ। ਦੂਜੇ ਦਿਨ ਖ਼ਬਰ ਪੜ੍ਹੀ ਤਾਂ ਮੈਨੂੰ ਵੀ ਚਾਰ ਸੋ ਤੋਂ ਵਧ ਵੋਟਾਂ ਮਿਲੀਆਂ ਸਨ। ਮੈਂ ਪੂਰਾ ਖੁਸ਼। ਇਸ ਲਈ ਵੀ ਕਿ ਮੈਥੋਂ ਬਿਨਾਂ ਸਾਡੀ ਟੋਲੀ ਵੀ ਚੋਣ ਜਿੱਤ ਗਈ ਸੀ, ਤੇ ਇਸ ਲਈ ਵੀ ਕਿ – ਕਿ ਚਲੋ ਘੱਟੋ-ਘੱਟ ਚਾਰ ਕੁ ਸੋ ਲੇਖਕ –ਪਾਠਕ ਮੈਨੂੰ ਕਹਾਣੀ-ਲੇਖਕ ਵਜੋਂ ਜਾਣਦੇ ਈ ਸਨ। ਹੁੰਦਲ ਹੋਰਾਂ ਦੀ ਇਸ ਵਾਰ ਦੀ ਘੂਰੀ ਆਸਰੇ ਮੈਂ ਅਗਲੀ ਚੋਣ ਵੀ ਲੜੀ, ਪਰ ਮੇਰੇ ਜਾਣਕਾਰ ਓਨੇ ਦੇ ਓਨੇ ਹੀ ਰਹੇ ਸਨ। ਜਿਹੋ ਜਿਹਾ ਮੇਰੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਐ, ਮੇਰੇ ਰਹਿੰਦੇ ਦਮਾਂ ਤੱਥ ਮੇਰੇ ਪਾਠਕ ਜੇ ਵਧਣਗੇ ਨਹੀਂ ਤਾਂ ਘਟਣਗੇ ਵੀ ਨਹੀਂ, ਏਨਾ ਕੁ ਮੈਨੂੰ ਸਹਿ-ਸੁਭਾ ਹੀ ਵਿਸ਼ਵਾਸ਼ ਹੋ ਗਿਆ ਐ, ਹਾਲਾਤਾਂ ਦੇ ਮੁਢੋਂ-ਸੁਢੋਂ ਬਦਲ ਜਾਣ ਦੇ ਬਾਵਜੂਦ। ਮੈਂ ਗੁਰਚਰਨ ਸਿੰਘ ਸਹਿੰਸਰਾ ਜੀ ਦੀ ਕੇਂਦਰੀ ਲੇਖਕ ਪੰਜਾਬੀ ਸਭਾ ਦੀ ਜਨਰਲ-ਸਕੱਤਰੀ ਤੋਂ ਲੈ ਕੇ ਡਾ: ਸਰਬਜੀਤ ਸਿੰਘ ਦੀ ਸਕੱਤਰੀ ਤੱਕ ਕਰੀਬ 32 ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਰਨੀ ਦਾ ਮੈਂਬਰ ਰਿਹਾ ਹਾਂ। ਸਾਹਿਤ ਸਭਾ ਮੁਕੇਰੀਆਂ, ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦਾ ਲਗਾਤਾਰ ਕਈ ਵਰੵੇ ਕਾਰਜ ਭਾਗ ਸਿੱਧਾ ਸੰਭਾਲੀ ਰੱਖਣ ਤੋਂ ਉਪਰੰਤ, ਸਾਹਿਤ ਸਭਾ ਤਲਵਾੜਾ, ਸਾਹਿਤ ਸਭਾ ਬੁਲੋਵਾਲ, ਸਾਹਿਤ ਆਸ਼ਰਮ ਟਾਂਡਾ ਦੀ ਬਣਤਰ ਦੀ ਜੁਮੇਂਵਾਰੀ ਅਪਣੀ ਸਮਝਦਾ ਰਿਹਾ ਹਾਂ। ਸਾਹਿਤਕ ਸਮਾਗਮ ਭਾਵੇਂ ਚੰਡੀਗੜ੍ਹ ਹੋਣ, ਅਮ੍ਰਿੰਤਸਰ ਹੋਣ, ਜਾਂ ਬਠਿੰਡੇ –ਬਰਨਾਲੇ – ਸੰਗਰੂਰ ਮੈਂ ਕਿਧਰੇ ਵੀ ਗੈਂਰ-ਹਾਜ਼ਰ ਨਹੀਂ ਰਿਹਾ। ਕੇਂਦਰੀ ਲੇਖਕ ਸਭਾ ਦੀ ਤ੍ਰੈ-ਮਾਸਿਕ ਇਕਤੱਰਤਾ ਵਿਚ ਕਿਧਰੇ ਨਾ ਜਾਇਆ ਗਿਆ ਹੋਵੇ, ਕਹਿ ਨਹੀਂ ਸਕਦਾ। ਮੈਂ ਹੁੰਦਲ ਸਾਹਿਬ ਦੀ ਕਾਰਜਸ਼ੈਲੀ ਤੋਂ ਵਿਚ-ਵਾਰ ਨਿਰਾਸ਼ ਵੀ ਹੋ ਜਾਂਦਾ ਸੀ। ਉਹ ਇਸ ਲਈ, ਕਿ ਉਹ ਆਪਣੇ ਸਟੈਂਡ ਤੋਂ ਰਤੀ ਭਰ ਵੀ ਐਧਰ–ਓਧਰ ਨਹੀਂ ਸੀ ਹੁੰਦੇ। ਤਾਂ ਵੀ, ਮੇਰੇ ਸਮੇਤ ਕਿਸੇ ਵੀ ਮੈਂਬਰ ਦੀ ਲਗਾਤਾਰਤਾ ਨੂੰ ਉਹਨਾਂ ਰੋਕਿਆ-ਟੋਕਿਆ ਨਹੀਂ ਸੀ। ਇਸ ਦਾ ਲਾਭ ਮੈਨੂੰ ਇਹ ਹੋਇਆ ਕਿ ਪੰਜਾਬੀ ਸਾਹਿਤ ਅਕਾਡਮੀ ਦੀ ‘ਕੋਰ ਕਮੇਟੀ’ ਨੇ ਸਾਲ 2007 ਦਾ ਕਰਤਾਰ ਸਿੰਘ ਧਾਰੀਵਾਲ ਅਵਾਰਡ, ਹਰਭਜਨ ਸਿੰਘ ਹੁੰਦਲ ਦੇ ਹਮਾਇਤਿਆਂ ‘ਚੋਂ ਕਿਸੇ ਇਕ ਦੀ ਝੋਲੀ ਪਾਉਣ ਲਈ ਸਾਰੀ ਜੁੰਮੇਦਾਰੀ, ਹੁੰਦਲ ਹੋਰਾਂ ਨੂੰ ਸੋਂਪ ਦਿੱਤੀ। ਮੈਨੂੰ ਨਹੀ ਪਤਾ ਹੁੰਦਲ ਹੋਰਾਂ ਕਿੱਸ-ਕਿੱਸ ਦੇ ਨਾਂ ਤੇ ਵਿਚਾਰ ਕੀਤੀ ਹੋਵੇਗੀ। ਪਰ ਮੇਰਾ ਨਾਮ ਉਸ ਵਾਰ ਪਹਿਲੇ ਨੰਬਰ ਤੇ ਸੀ। ਅਕਾਡਮੀ ਵਲੋਂ ਦਿੱਤੇ ਜਾਂਦੇ ਵਕਾਰੀ ਅਵਾਰਡ ਦੀ ਸੂਚੀ ‘ਚ ਲਾਲ ਸਿੰਘ ਨਾਮ ਦਰਜ ਹੋਣਾ ਆਪਣੇ ਆਪ ਵਿਚ, ਮੇਰੀ ਕਾਰਜ਼-ਕੁਸ਼ਲਤਾ ਨੂੰ ਪ੍ਰਵਾਨਗੀ ਮਿਲਣਾ ਸੀ। ਇਹ ਵੱਖਰੀ ਗੱਲ ਐ ਕਿ ਇਹ ਅਵਾਰਡ ਮਿਲਿਆ ਕਈ ਵਰੵੇ ਪਛੜ ਕੇ। ਅਮਰੀਕਾ ਵੱਸਦੇ ਅਵਾਰਡ ਦੇਣ ਵਾਲੇ ਘਰਾਣੇ ਨੇ ਅਵਾਰਡ ਇਸ ਲਈ ਬੰਦ ਕਰ ਦਿੱਤਾ ਸੀ ਸ਼ਾਇਦ, ਕਿ ਸਭਾ ਦੇ ਅਤੇ ਅਵਾਰਡ ਪ੍ਰਦਾਨ ਕਰਨ ਵਾਲੇ ਘਰਾਣੇ ਦੇ ਸਿਆਸੀ ਵਿਚਾਰ ਇਕ ਨਹੀਂ ਸਨ। ਭਾਵੇਂ, ਬਹਾਨਾ ਕੰਮਕਾਰ ਵਿਚ ਆਈ ਖੜੋਤ ਦਾ ਲਾਇਆ ਗਿਆ, ਤਾਂ ਵੀ ਉਸ ਘਰਾਣੇ ਨੂੰ ਕਦੇ ਕਿਸੇ ਨੇ ਭੰਡਿਆ ਨਾ। ਅਜਿਹੇ ਘਰਾਣੇ ਅਮਰੀਕਾ-ਕਨੇਡਾ ਵਿਚ ਪਟੈਟੋ –ਐਪਲ – ਬੋਠੀ ਹੇਠਲੀ ਅਪਣੀ ਮਾਲਕੀ ਕਾਰਨ ਕਿੰਗ ਗਿਣੇ ਜਾਂਦੇ ਹਨ। ਵਿਚ-ਵਾਰ ਨਹੀਂ ਆਮ ਕਰਕੇ ਨਾਂਮ- ਨਿਹਾਦ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ। ਪੰਜਾਬੋ ਸੱਦੇ ਗਾਇਕ ਕਲਾਕਾਰਾਂ ਨੂੰ ਸਟੇਜਾਂ ਤੇ ਕੰਜਰੀ-ਨਾਚ ਨਚਦੇ ਦੇਖਦੇ ਐਨੇ ਡਾਲਰ ਉਹਨਾਂ ਦੇ ਸਿਰਾਂ ਉੱਪਰ ਦੀ ਵਾਰਦੇ ਹਨ ,ਜਿਹਨਾਂ ਨੂੰ ਹੱਥਾਂ ਨਾਲ ਨਹੀਂ ਤੰਗਲੀਆਂ ਨਾਲ ਇਕਠਿਆਂ ਕੀਤਾ ਜਾਂਦਾ ਹੈ । ਪੈਰ ਅਵਾਰਡ ( ਧਾਲੀਵਾਲ )ਬੰਦ ਕਰਨ ਜਾਂ ਚਾਲੂ ਰੱਖਣ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ, ਤਾਂ ਵੀ ਇਸ ਅਵਾਰਡ ਦੇ ਬੰਦ ਹੋਣ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਵਕਾਰ ਨੂੰ ਠੇਸ ਜ਼ਰੂਰ ਪੁੱਜੀ। ਬਸ, ਇਕ ਘੂਰੀ ਹੋਰ – ਮੈਂ ਡਾ: ਅਤਰ ਸਿੰਘ ਤੇ ਡਾ: ਰਘਵੀਰ ਸਿੰਘ ਦੀ ਅਗਵਾਈ ‘ਚ ਪੀ.ਐਚ.ਡੀ. ਦੀ ਰਜਿਸ਼ਟਰੇਸ਼ਨ ਲੈ ਲਈ। ਵਿਸ਼ਾ ਸੀ – ‘ਉਸ ਦਹਾਕੇ ਦੀ ਪੰਜਾਬੀ ਕਹਾਣੀ। ਵਿਸ਼ਾ ਵੱਡਾ, ਮੇਰੀ ਪੜ੍ਹਨ-ਲਿਖਣ ਦੀ ਸਮਰੱਥਾ ਘੱਟ। ਬਹੁਤੀਆਂ ਪੁਸਤਕਾਂ ਛੱਡ ਕੇ ਮੈਂ ਮਾਸਿਕ, ਤ੍ਰੈ-ਮਾਸਿਕ ਮੈਗਜ਼ੀਨਾਂ ਤੇ ਟੇਕ ਰੱਖ ਲਈ। ਕੰਮ ਰਿੜ ਵੀ ਪਿਆ। ਪਰ, ਕੀਤਾ –ਕਰਾਇਆ ਇਕ ਦਿਨ ਗਾਇਬ਼ ਹੋ ਗਿਆ। ਅਸੀਂ ਸਥਾਨਕ ਸਭਾ ਦੀ ਮਾਸਿਕ-ਇਕਤਰੱਤਾ ‘ਚ ਦੇਵੀ ਤਲਾਬ ਦੀਅਾਂ ਪੌੜੀਆਂ ਤੇ ਬੈਠੇ ਰੁੱਝੇ ਰਹੇ। ਉੱਪਰ ਥੋੜਾ ਕੁ ਹਟਵੇ ਖੜੇ ਮੇਰੇ ਸਾਈਕਲ ਤੇ ਰੱਖੇ ਕਿੰਨੇ ਸਾਰੇ ਰਸਾਲੇ ਤੇ ਹੋਰ ਅੱਗੜ-ਦੁੱਗੜ ਜਿਹੇ ਕਾਗਜ਼ ਨੂੰ ਕਿਸੇ ਕਬਾੜੀਏ ਨੇ ਰੱਦੀ-ਮਾਲ ਸਮਝ ਕੇ ਆਪਣੀ ਬੋਰੀ ਵਿਚ ਸੁੱਟ ਲਿਆ ਸੀ ਸ਼ਾਇਦ। ਇਕਤੱਰਤਾ ਮੁੱਕੀ ਤੇ ਪੌੜੀਆਂ ਤੇਂ ਉੱਪਰ ਆ ਕੇ ਦੇਖਿਆ, ਸਾਇਕਲ ਖਾਲੀ। ਮੈਨੂੰ ਨਿਰਾਸ਼ਾ ਵੀ ਹੋਈ ਤੇ ਖੁਸ਼ੀ ਵੀ, ਖੁਸ਼ੀ ਇਸ ਗੱਲ ਦੀ ਕਿ ਗਲੋਂ ਬਲ੍ਹਾ ਲੱਥੀ। ਕੀ ਲੈਣਾ ਸੀ ਮੈਂ ਡਾਕਦਾਰ ਬਣਕੇ। ਚੰਗੀ ਭਲੀ ਮਾਸਟਰੀ ਕਰੀ ਜਾਂਦਾ ਸੀ ਤੇ ਨਾਲ ਹੀ ਸਭਾਵਾਂ ਦੀ ਹਾਜ਼ਰੀ ਵੀ ਭਰ ਹੋਈ ਜਾਂਦੀ। ਤਾਂ ਵੀ ਇਸ ਵਰਤਾਰੇ ਅੰਦਰ ਵਿਚਰਦਿਆਂ, ਜਿਹੜਾ ਤੱਥ ਮੈਨੂੰ ਕਸ਼ਟਮਈ ਜਾਪਿਆ ਸੀ, ਉਹ ਉਹਨਾਂ ਪੱਤਰਾਕਾਵਾਂ ਵਿਚ ਛਪੀ ਕਹਾਣੀ ਦੀ ਇਕ ਨਿਵੇਕਲੀ ਜਿਹੀ ਵੰਨਗੀ ਸੀ। ਇਸ ਵੰਨਗੀ ਨੇ ਮੈਨੂੰ ਅੰਦਰ ਤੱਕ ਪ੍ਰੇਸ਼ਾਨ ਕੀਤਾ। ਇਸ ਦੀ ਅੰਤਰੀਵ ਰੂਹ ਕਿਸੇ ਵਿਚਾਰਧਾਰਕ ਪ੍ਰੀਖੇਪ ਦੀ ਹਾਮੀਂ ਨਹੀਂ ਸੀ ਭਰਦੀ। ਇਸ ਵੰਨਗੀ ਨੇ ਘਰ-ਪ੍ਰੀਵਾਰਕ, ਸਮਾਜਿਕ–ਸੱਭਿਆਚਾਰਕ ਰਿਸ਼ਤਿਆਂ ਨੂੰ ਜ਼ੀਰੋ ਦੀ ਹੱਦ ਤੱਕ ਮਨਫੀ ਕਰਨ ਵੱਲ ਕਦਮ ਵਧਾਏ ਸਨ। ਮਾਨੁੱਖ ਦੇ ਅਚਾਰ–ਵਿਹਾਰ ਨੂੰ ਪੁਸ਼ੂ-ਪੁਣੇ ਵੱਲ ਨੂੰ ਧੱਕ ਦਿੱਤਾ ਸੀ। ਇਸ ਲਈ ਵਿਆਹ ਪ੍ਰੰਪਰਾ ਕੋਈ ਅਰਥ ਨਹੀਂ ਸੀ ਰੱਖਦੀ। ਇਸ ਲਈ ਸਰੀਰਾਂ ਦੀ ਅਹਿਮੀਅਤ ਸਦਾਚਾਰਰਿੱਕ ਪ੍ਰੰਪਰਾਵਾਂ ਨਾਲੋਂ ਕਿਧਰੇ ਵੱਧ ਸੀ ਤੇ ਇਸਤਰੀ –ਪੁਰਸ਼ ਦੇ ਸੰਬੰਧ, ਲਿਵ-ਇਨ-ਰੀਲੇਸ਼ਨਸ਼ਿਪ ਤੱਕ ਸੀਮਤ। ਹੋਰ ਵੀ ਕਈ ਸਾਰੀਆਂ ਉੱਲਝਣਾ ਸਨ ਇਸ ਦੀਆਂ ਬਹੁਤੀ ਰੜਕਵੀਂ ਗੱਲ ਜਾਤਾਂ-ਜਮਾਤਾਂ–ਵਰਗਾਂ-ਵਰਣਾਂ ਨੂੰ ਪਹਿਲ ਦੇਣਾ ਸੀ। ਮੈਂ ਅਪਣੀ ਇਹ ਪ੍ਰੇਸ਼ਾਨੀ ‘ਚਿਰਾਗ਼’ ਦੇ ਸੰਪਾਦਕ ਹਰਭਜਨ ਸਿੰਘ ਹੁੰਦਲ ਸਾਹਮਣੇ ਰੱਖੀ। ਹੁੰਦਲ ਮੈਥੋਂ ਵੀ ਵੱਧ ਪ੍ਰੇਸ਼ਾਨ। ਕਹਿਣ ਲੱਗਾ-ਡਰ ਨਾ ‘ਚਿਰਾਗ਼ ‘ ਅਜੇ ਪੈਰੀਂ ਹੋਇਆ ਈ ਐ। ਤੇਰੀਆਂ ਹਾਅ, ਸਾਰੀਆਂ ਪੱਤਰਕਾਵਾਂ ਨੂੰ ਚੈਲਿੰਜ ਕਰੇਗਾ। ਹੁਣ ਤੱਕ ਇਹ ਤੇਰੇ ਦੱਸੇ ਐਬਾਂ ਤੋਂ ਬਚਿਆ ਰਿਹਾ, ਅਗਾਂਹ ਵੀ ਬੱਚੇਗਾ। ਪਰ, ਤੇਰੀਆਂ ਹਾਅ ਪਤਰਕਾਵਾਂ ਤਾਂ ਵੱਧਦੀਆਂ-ਫੁੱਲਦੀਆਂ ਹੀ ਮਾੜੇ–ਚੰਗੇ ਲੇਖਣ ਆਸਰੇ ਐ। ਇਹ ਤਾਂ ਸ਼ੁਰੂਆਤ ਕੀਤੀ ਐ ਇਹਨਾਂ। ਇਹ ਤਾਂ ਦੂਰ ਤੱਕ ਜਾਣਗੀਆਂ। ਪੂੰਜੀਵਾਦ ਦੀ ਪੂਜਾ ਕਰਨ ਤੱਕ ਅਪਣੀ ਲੇਖਣੀ ਨੂੰ ਨਿਘਰਦਾ ਕਰ ਲੈਣਗੀਆਂ। ਇਹਨਾਂ ਅੰਦਰ ਛੱਪਦੀ ਬਹੁਤੀ ਸਮੱਗਰੀ ਕਹਾਣੀ ਸਮੇਤ ਰਿਸ਼ਤਿਆਂ ਦੇ ਮਨੋਵਿਗਿਆਨ ਨੂੰ ਕੋਈ ਅਹਿਮੀਅਤ ਨਹੀਂ ਦੇਵੇਗੀ ਤੇ ਇਹ ਮਨੁਖੀ ਸਰੀਰਾਂ ਖਾਸ ਕਰ ਇਸਤਰੀ ਦੇ ਅੰਦਰਲੇ–ਬਾਹਰਲੇ ਅੰਗਾਂ-ਪੈਰਾਂ ਦੀ, ਫੀਤਾ ਲੈ ਕੇ ਮਿਣਤੀ–ਗਿਣਤੀ ਕਰਨ ਤੱਕ ਅਪਣੀ ਲਿਖਣ-ਕਲਾ ਨੂੰ ਸੀਮਤ ਕਰ ਲੈਣਗੀਆਂ। ਤੇ ਸੱਚ-ਮੁੱਚ ਹੁੰਦਲ ਹੋਰਾਂ ਦੀ ਕਈ ਸਾਲ ਪਹਿਲਾਂ ਆਖੀ ਗੱਲ ਅੱਜ ਚਿੱਟੇ ਦਿਨ ਵਾਂਗ ਸਾਫ਼-ਸਪਸ਼ਟ ਦੇਖਣ-ਪੜ੍ਹਨ ਨੂੰ ਮਿਲਦੀ ਐ। ਕਾਰਪੋਰੇਟ ਅਪਣੇ ਸਮਾਜਿਕ ਮਾਡਲ ਨੂੰ ਲਾਗੂ ਕਰਨ ਵਿਚ ਸਫ਼ਲ ਰਿਹਾ ਹੈ। ਮੇਰੀ ਜਾਚੇ ਇਸ ਉਜਾੜੇ ਨੂੰ ਅਜੇ ਵੀ ਰੋਕਿਆ ਜਾ ਸਕਦਾ ਹੈ। 2022 ਦੀ ਨੋਬਲ ਸਾਹਿਤ ਪੁਰਸਕਾਰ ਜੇਤੂ ਫ਼ਰਾਂਸੀਸੀ ਲੇਖਕਾ ਐਨੀ ਅਰਨੋ ਦਾ ਕਥਨ ਹੈ – “ਸਾਹਿਤ ਸਾਵੇਂ-ਪੱਤਰਾਂ ਦੀ ਕਥਾ ਨਹੀਂ ਹੁੰਦਾ। ਇਹ ਇਕ ਰਾਜਨੀਤਕ ਹਥਿਆਰ ਹੈ। ਇਸ ਦੀ ਭਾਸ਼ਾ ਨਸ਼ਤਰ ਤੋਂ ਵੀ ਜ਼ਿਆਦਾ ਧਾਰਦਾਰ ਹੁੰਦੀ ਹੈ। ਹੁਣ ਸਿਰਫ਼ ਤੇ ਸਿਰਫ਼ ਸਾਹਿਤ ਦੀ ਤਾਕਤ ਹੀ ਦੁਨੀਆਂ ਨੂੰ ਬਦਲ ਸਕਦੀ ਹੈ।” ਗੁਰਮੱਤਿ ਵਿਚਾਰਧਾਰਾ, ਅੰਬੇਦਕਰਵਾਦ ਤੇ ਮਾਰਕਸਵਾਦ ਵਰਗੀਆਂ ਨਿੱਗਰ ਵਿਚਾਰ-ਧਾਰਵਾਂ ਨੂੰ ਤਰਕਸ਼ੀਲਤਾ ਦੀ ਪਾਣ ਦੇ ਕੇ, ਇਹਨਾਂ ਫਲਸਫਿਆਂ ਨੂੰ ਨਵੇਂ ਕੋਣ ਤੋਂ ਲਾਗੂ ਕਰਨਾ ਕੋਈ ਔਖਾ ਕਾਰਜ ਨਹੀਂ। ਧਰਾਤਲ ਸਾਨੂੰ ਉੱਪਲਭਦ ਹੈ। ਸਿਰਫ਼ ਤੇ ਸਿਰਫ਼ ਅਪਣਾ ਨਾਂ ਚਮਕਦਾ ਰੱਖਣ ਲਈ ਲਿਖਣ ਕਾਰਜ ਕਰੀ ਜਾਣ ਦਾ ਕੋਈ ਅਰਥ ਨਹੀ। ਮੇਰੇ ਇਹ ਵਿਚਾਰ ਹਰਭਜਨ ਸਿੰਘ ਹੁੰਦਲ ਦੀਆਂ ਘੂਰੀਆਂ ਕਾਰਨ ਹੀ ਬਣੇ ਅਤੇ ਉੱਸਰੇ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |