ਐਓਂ ਕਰੀਂ, ਟੁਟਵੀਂ ਟਿਕਟ ਲਈਂ। ਘੱਟੋ ਘੱਟ ਪੰਜਾਹ ਪੈਸੇ ਬਚਣਗੇ। ਉਹਨਾਂ ਪੈਸਿਆਂ ਦੀ ਇਕ ਹੋਰ ਅਖ਼ਬਾਰ ਖ਼ਰੀਦ ਲਈਂ। ਆਪਣੀ ਭਾਸ਼ਾ ਦੀ ਗੋਸ਼ਟੀ ਸਮੇਂ ਤੇਰੇ ਹੱਥ ਅੰਗਰੇਜੀ ਅਖ਼ਬਾਰ ਨਹੀਂ ਜਚੇਗੀ। ਬੱਸੋਂ ਉਤਰ ਕੇ ਰਿਕਸ਼ਾ ਕਰ ਲਈਂ ਤੇ ਸਰਕਾਰੀ ਕਾਲਿਜ ਦੇ ਅੰਦਰਲੇ ਗੇਟ ਤੱਕ ਪਹੁੰਚ ਜਾਈਂ। ਬਾਹਰਲੇ ਗੇਟ ‘ ਤੇ ਬੈਠਾ ਚਪੜਾਸੀ ਤੈਨੂੰ ਕੁਝ ਨਹੀਂ ਪੁਛੇਗਾ , ਉਂਝ ਤੇਰੀ ਵਲ ਦੇਖੇਗਾ ਜ਼ਰੂਰ। ਜੇ ਪੈਦਲ ਲੰਘਿਉਂ ਤਾਂ ਤੇਰੀ ਖਾਕੀ ਪੱਗ ਅਤੇ ਖਾਕੀ ਪੈਂਟ ਦੇਖ ਕੇ ਉਹ ਤੈਨੂੰ ਸੂਹੀਆ-ਪੁਲਿਸ ਸਮਝੂ ਜਾਂ ਆਪਣਾ ਚੌਥਾ ਦਰਜਾ ਭਰਾ। ਤੇਰੇ ਹੱਥ ਲਟਕਦਾ , ਪੁਰਸਕਾਰ ਅਕਾਡਮੀ ਦਾ ਮੁਫ਼ਤ ਦਿੱਤਾ ਬਰੀਫ਼ ਕੇਸ ਵੀ ਤੇਰਾ ਬਚਾ ਕਰੂ , ਅਤੇ ਰਿਕਸ਼ੇ ਦੀ ਸਵਾਰੀ ਤੇਰੇ ਪ੍ਰਭਾਵ ‘ਚ ਵਾਧਾ ਕਰੂ। ਕਿਉਂਕਿ ਚਿਹਰੇ ਤੋਂ ਤੂੰ ਆਲੋਚਕ ਨਹੀਂ ਫੌਜੀ ਜਾਪਦੈਂ। ਚਪੜਾਸੀ ਵਿਚਾਰਾ ਕੀ ਜਾਣੇ ਕਿ ਤੂੰ ਡਾਕਟਰ ਵੀ ਏਂ ਆਪਣੀ ਬੋਲੀ ਦਾ । ਚੀਰ-ਫਾੜ ਚੰਗੀ ਕਰ ਲੈਨੈਂ ਆਪਣੇ ਸਾਹਿਤ ਦੀ। ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਆਖਣ ਦਾ ਹੌਸਲਾ ਵੀ ਹੈ ਤੇਰੇ ਕੋਲ। ਇਸ ਲਈ ਮੇਰੇ …. ਆਰ , ਸੰਭਲ ਕੇ ਜਾਈ , ਕਿਤੋ ਉਹੋ ਗੱਲ ਨਾ ਹੋਵੇ ਕਿ ਉਥੋਂ ਦਾ ‘ਸਥਾਪਿਤ’ ਪ੍ਰੋਫੈਸਰ ਬਾਹਰਲੇ ਗੇਟ ‘ਤੇ ਹੀ ਤੇਰੀ ਕੰਡ ਲਾਉਣ ਲਈ ਯੋਜਨਾ ਬਣਾਈ ਬੈਠਾ ਹੋਵੇ। ਉਂਝ ਮੈਨੂੰ ਵਿਸ਼ਵਾਸ਼ ਹੈ ਕਿ ਉਹ ਉਥੇ ਨਹੀਂ ਹੋਵੇਗਾ। ਜੇ ਹੋਇਆ ਤਾਂ ਖਿਸਕਦਾ ਬਣੇਗਾ, ਤੇਰੇ ਨਾਂ ਤੋਂ ਉਹ ਬੜਾ ਡਰਦੈ। ਪਤਾ ਨਹੀਂ ਕਿਉਂ ? ਸ਼ਾਇਦ ਇਸ ਲਈ ਤੂੰ ਵੱਡੀਆਂ ਗੋਸ਼ਟੀਆਂ ਦੀ ਪ੍ਰਧਾਨਗੀ ਕਰ ਬੈਠੈਂ। ਕਈ ਪੁਰਸਕਾਰ ਹਥਿਆ ਚੁਕੈਂ। ਉਹ ਵਿਚਾਰਾ ਕੱਲ ਦਾ ਛੋਕਰਾ ਤੇਰੇ ਸਾਹਵੇਂ ਕੀ ਐ। ਉਹਨੂੰ ਹਾਲੀਂ ਕੀ ਪਤਾ ਕਿ ਸਾਡੇ ਖੇਤਰ ਵਿਚ ਪੰਜ-ਹਜ਼ਾਰੀ ਕਿਵੇਂ ਮਿਲਦੀ ਐਂ? ਸਰਬੋਤਮਤਾ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਐ? ਉਹ ਬਿਆਸ ਦੀ ਬੁਚਆਈ ਅੰਦਰ ਡੁਬੇ ਕਸਬੇ ਦੇ ਗੁਆਂਡ ਦਾ ਪੈਂਡੂ! ਤੇ ਤੂੰ ਸਾਫ਼ ਸੁਥਰੇ, ਸਾਹਿਤਕ ਸਰਗਰਮੀਆਂ ਵਿਚ ਤੁਰਦੇ, ਸ਼ਹਿਰ ਦਾ ਵਸਨੀਕ !‘’ ਕਿਥੇ ਟੈਂ ਟੈਂ ਕਿਥੇ ਰਾਮ ਰਾਮ !‘’ ਅੰਦਰਲੇ ਗੇਟ ‘ਤੇ ਬੈਠੇ ਚਪੜਾਸੀ ਤੋਂ ਜ਼ਰਾ ਰੋਅਬ –ਦਾਬ ਨਾਲ ਪੁਛੀਂ ਕਿ ਪ੍ਰੋ: ਕੌੜਾ ਸਾਹਿਬ ਦਾ ਦਫ਼ਤਰ ਕਿਹੜਾ ਐ? ਉਹ ਬੜੀ ਨਿਮਰਤਾ ਨਾਲ ਉਠ ਖੜਾ ਹੋਵੇਗਾ! ਥਰੈਸ਼ਰ ਨਾਲ ਟੁਕੀ ਬਾਂਹ ਦੇ ਟੁੰਡ ਨਾਲ ਦਿਸ਼ਾ ਦੱਸਗਾ। ਤੂੰ ਸਿੱਧਾ ਉਹਦੇ ‘ਆਫਿਸ’ ਪਹੁੰਚ ਜਾਈਂ। ਚਿੱਕ ਲੱਗੀ ਹੋਵੇਗੀ , ਦਰਵਾਜ਼ੇ ‘ ਤੇ। ਅੰਦਰ ਚਲਾ ਜਾਈਂ, ਝਿਜਕੀਂ ਨਾ। ਜੇ ਅੰਦਰ ਹੋਇਆ ਤਾਂ ਪ੍ਰੋ: ਕੌੜਾ ਤੈਨੂੰ ਬੜੇ ਤਪਾਕ ਨਾਲ ਮਿਲੂ। ਤੇਰੇ ਅੰਦਰ ਦੂਰ ਤੱਕ ਲਹਿ ਜਾਵੇਗਾ। ਤੂੰ ਮਨੋਮਨੀ ਮੈਨੂੰ ਕੋਸੇਂਗਾ। ਪ੍ਰੋ: ਕੌੜੇ ਦਾ ਜਿਹੜਾ ਪ੍ਰਭਾਵ ਮੈਂ ਤੈਨੂੰ ਦਿੱਤਾ ….. ਉਹ ਤੈਨੂੰ ਬਿਲਕੁਲ ਉਸ ਦੇ ਉਲਟ ਜਾਪੇਗਾ ! ਤੈਨੂੰ ਉਹ ਬੜਾ ਮਿਲਾਪੜਾ, ਸੁਸ਼ੀਲ, ਹੱਸਮੁੱਖ ਤੇ ਨਿੱਘਾ ਜਾਪੇਗਾ। ਹੈ ਵੀ ਇਵੇਂ ਈ …. ਪੰਜ ਮਿੰਟਾਂ ਪਿੱਛੋਂ ਉਹ ਉਠ ਖੜਾ ਹੋਵੇਗਾ। ਘੰਟੀ ਲਾਉਣ ਦੇ ਬਹਾਨੇ ਬਾਹਰ ਚਲਾ ਜਾਵੇਗਾ। ਉਹ ਤੈਨੂੰ ਨਹੀਂ ਪੁਛੇਗਾ ਕਿ ਤੂੰ ਕੌਣ ਏਂ? ਕਿਥੋਂ ਆਇਐਂ ? ਕਿਸ ਕੰਮ ਆਇਐਂ ? ਏਥੇ ਭੁਲੇਖਾ ਨਾ ਖਾਈਂ, ਉਹ ਤੈਨੂੰ ਸ਼ਕਲੋਂ ਜਾਣਦੈ। ਅਕਲੋਂ ਪਹਿਚਾਣਦੈ, ਤੇਰੀ ਸਿਆਣਪ ਤੋਂ ਚਿੜ੍ਹਦੈ, ਤੇਰੀ ਸ਼ੋਹਰਤ ਤੋਂ ਔਖਾ ਵੀ ਐ। ਇਸ ਲਈ ਮੇਰੇ … ਆਰ, ਘਬਰਾਈ ਨਾ … ਬਾਹਰੋਂ ਕਿਸੇ ਵਿਦਿਆਰਥੀ ਤੋਂ ਪੁੱਛ ਲਈਂ ਕਿ ਅੱਖਰ-ਗੋਸ਼ਟੀ ਦਾ ਆਯੋਜਨ ਕਿਸ ਥਾਂ ਤੇ ਕਾਲਿਜ ਅੰਦਰ? ਬਹੁਤਿਆਂ ਨੂੰ ਤੇਰੀ ਗੱਲ ਦੀ ਸਮਝ ਵੀ ਨਹੀਂ ਆਉਣੀ। ਪਰ ਕੋਈ ਨਾ ਕੋਈ ਤਾ ਉੱਤਰ ਜ਼ਰੂਰ ਦੇਵੇਗਾ। ਉਹ ਥਾਂ-ਟਿਕਾਣਾ ਦੱਸੇਗਾ ਈ ਨਹੀਂ ਸਗੋਂ ਨਾਲ ਲੈ ਕੇ ਛੱਡ ਕੇ ਆਵੇਗਾ। ਰਾਹ ਵਿਚ ਉਹ ਵਿਦਿਆਰਥੀ ਜੇ ਕੋਈ ਗੱਲ ਤੋਰੇ, ਤਾਂ ਬੜੇ ਧਿਆਨ ਨਾਲ ਉੱਤਰ ਦੇਈਂ। ਉਹ ਪੁੱਛੇਗਾ …. ਕਿਹੜੀ ਯੂਨੀਅਨ ਦੇ ਸਮਰਥਕ ਹੋ? ਏ.ਆਈ.ਐਸ.ਐਫੀ, ਐਸ.ਐਫ.ਆਈ. ਜਾਂ ਕਿਸੇ ਪੀ.ਐਸ.ਯੂ. ਦੇ? ਏ.ਬੀ.ਵੀ.ਪੀ. ਜਾਂ ਵਿਦਿਆਰਥੀ ਦਲ ਦਾ ਉਹ ਨਾਂ ਨਹੀਂ ਲਏਗਾ। ਕਿਉ ਤੇਰੇ ਸਿਰ‘ ਤੇ ਖਾਕੀ ਪੱਗ ਹੋਵੇਗੀ, ਚਿੱਟੀ ਹੁੰਦੀ ਜਾਂ ਨੀਲੀ, ਫਿਰ ਪੁਛਣ ਦੀ ਲੋੜ ਨਹੀਂ ਸੀ ਪੈਣੀ। ਜ਼ਰਾ ਢੁਕਵਾਂ ਉੱਤਰ ਦਈਂ ਮੇਰੇ …. ਆਰ, ਨਹੀਂ .. ਤਾਂ ਹੂਟਿੰਗ ਹੋ ਜਾਊ,ਵਾਪਸ ਕਾਲਜੋਂ ਨਿਕਲਦੇ ਦੀ। ਗੋਸ਼ਟੀ ਕਮਰੇ ਅੰਦਰ ਪਹੁੰਚ ਕੇ ਤੈਨੂੰ ਹੈਰਾਨੀ ਜ਼ਰੂਰ ਹੋਵੇਗੀ। ਕੰਨਟੀਨਾਂ ਕੌਰੀਡੌਰਾਂ ਦੇ ਜੰਗਲਾਂ ਵਿਚ ਵਿਹਲੇ ਫਿਰਦੇ ਸੈਂਕੜੇ ਵਿਦਿਆਰਥੀ ਵਿਚੋਂ ਏਥੇ ਪੰਦਰਾਂ ਵੀਹ ਈਂ ਕਿਉਂ ਬੈਠੇ ਹਨ? ਪੰਜਾਹ ਸੱਠ ਪ੍ਰੋਫੈਸਰਾਂ ਵਿਚ਼ ਇਥੇ ਤਿੰਨ ਚਾਰ ਹੀ ਕਿਉਂ ਬਿਰਾਜਮਾਨ ਹਨ? ਪ੍ਰਿਸੀਪਲ ਦੀ ਥਾਂ ਵਾਈਸ ਕਿਉਂ ਪਧਾਰੇ ਹਨ? ਘਬਰਾਈ ਨਾ ਮੇਰੇ …. ਆਰ , ‘ਮਰਾੜਾਂ ਵਾਲਿਆਂ ’ਤੇ ‘ਗੁਰਾਇਆ ਵਾਲਿਆਂ’ ਦੇ ਸ਼ਰਧਾਲੂਆਂ ਦੀ ਗਿਣਤੀ ਸਿੱਧ-ਗੋਸ਼ਟਾਂ ਨਾਲੋਂ ਭਾਵੇਂ ਹਰ ਯੁੱਗ ਅੰਦਰ ਵਧ ਰਹੀ ਹੈ, ਪਰ ਸਮੇਂ ਦੇ ਸੱਚ ਨੂੰ ਜਿਥੇ ਪੈਰ ਰੱਖਣ ਦੀ ਥਾਂ ਮਿਲੀ, ਉੱਥੇ ਬੈਠਣ ਜੋਗੀ ਥਾਂ ਉਹ ਆਪ ਹੀ ਬਣਾ ਲੈਂਦਾ ਰਿਹਾ ਹੈ। ਤੈਨੂੰ ਜਿੰਨੀ ਹੈਰਾਨੀ ਸਰੋਤਿਆਂ ਦੀ ਘਾਟ ਤੋਂ ਹੋਵੇਗੀ, ਉਸ ਤੋਂ ਕਈ ਗੁਣਾਂ ਵਧ ਵਿਭਾਗ ਦੇ ਮੁਖੀ ਪ੍ਰੋ : ਕੌੜਾ ਦੀ ਅਣਹੋਂਦ ਕਾਰਨ ਵੀ ਹੋਵੇਗੀ। ਜਿਵੇਂ ਕਿਵੇਂ ਵੀ ਹੋਇਆ, ‘ਅੱਖਰ ਵਿਗਿਆਨ’ ਬਾਰੇ ਥੀਸਸ ਹਾਲ ਦੀਆਂ ਖਾਲੀ ਕੁਰਸੀਆਂ ‘ਤੇ ਖਿਲਾਰ ਕੇ ਚਲਦਾ ਬਣੀਂ। ਬਹਿਸ-ਬੂਹਸ ਤੇਰੇ ਨਾਲ ਕਿਸੇ ਨਹੀਂ ਕਰਨੀ। ਜੇ ਕਿਸੇ ਕੀਤੀ ਵੀ ਤਾਂ ਥੀਸਸ ‘ਤੇ ਨਹੀਂ ਹੋਣੀ, ਤੇਰੀ ਪਹੁੰਚ ‘ਤੇ ਹੋਣੀ ਹੈ ਕਿ ਤੂੰ ਕਿਹੜੇ ‘ਵਾਦ ’ ਨਾਲ ਵਰਕੇ ਲਿਬੇੜੇ ਹਨ? ਫਿਰ ਉਸ ਵਿਚੋਂ ਕਿਹੜਾ ‘ਉਪ-ਵਾਦ’ ਪ੍ਰਮੁੱਖ ਰੱਖਿਆ ਹੈ ? ਤੈਨੂੰ ਇਸ ਸਾਰੇ ਝਮੇਲੇ ਦੀ ਸਮਝ ਨਹੀ। ਇਸ ਲਈ ਆਪਣਾ ‘ਫੈਸਲਾ’ ਦੇ ਕੇ ਤੁਰਦਾ ਬਣੀਂ, ਤੈਨੂੰ ਕੀ ਕਿਸੇ ਦੇ ਪੱਲੇ ਕੁਝ ਪਏ ਨਾ ਪਏ, ਤੇਰਾ ਇਕੌਤਰ-ਸੌ ਹਰਾ। ਹਾਲ ਕਮਰੇ ਤੋਂ ਦਫ਼ਤਰ ਰਕਮ ਵਸੂਲਣ ਜਾਂਦਿਆਂ, ਪ੍ਰੋਫੈਸਰ ਮਿਗਲਾਨੀ ਤੇਰੀ ਬੜੀ ਦੀਦ ਕਰੇਗਾ। ਨਾਲ ਨਾਲ ਤੁਰੇਗਾ। ਆਪਣੀ ਜਾਣ-ਪਛਾਣ ਕਰਾਏਗ ਕਿ – ‘’ਮੈਂ ਪ੍ਰੋ :ਮਿਗਲਾਨੀ … ਨਾਵਲਕਾਰ … ਕਰਤਾ … ‘ਢ਼ੱਠਾਂ ਵਾਲੇ‘।‘’ ਤੂੰ ਆਖੇਂਗਾ- ‘’ਵਾਹ-ਵਾਹ-ਵਾਹ, ਕਿੰਨਾ ਕਲਾਸਕੀ ਨਾਂ ਏ , ਵਾਹ-ਵਾਹ-ਵਾਹ। ਅਲੋਕਾਰ ਕਿਰਤ ਹੋਵੇਗੀ ਤੁਹਾਡੀ। ਪੰਜਾਬੀ ਨਾਵਲਕਾਰੀ ਅੰਦਰ ਤਕੜਾ ਵਿਸਫੋਟ ਹੋਵੇਗੀ, ਤੁਹਾਡੀ ਕਿਰਤ। ਪੰਜਾਬੀ ਸਾਹਿਤ ਅੰਦਰ ਭੂਚਾਲ ਆ ਜਾਵੇਗਾ। ਇਸ ਦਾ ਰੀਲੀਜ਼ ਸਮਾਰੋਹ ਕਰਵਾਓ। ਫਿਰ ਗੋਸ਼ਟੀਆਂ ਕਰਵਾਓ। ਪਰਚੇ ਲਿਖਵਾਓ , ਇਸ ‘ਤੇ ਜਾਣੇ-ਪਛਾਣੇ ਆਲੋਚਕਾਂ ਤੋਂ। ਮੈਂ ਵੀ ਸੇਵਾ ਲਈ ਹਾਜ਼ਰ ਹਾਂ, ਜਿਵੇਂ ਦੀ ਚਾਹੋ। ਇਸ ਤਰ੍ਹਾਂ ਪ੍ਰਸਿੱਧੀ ਵੀ ਹੋਵੇਗੀ ਤੇ ਪੁਸਤਕ ਵਿਕੇਗੀ ਵੀ , ਉਂਜ ਕੌਣ ਪੁਛਦੈ ਤੇ ਖ਼ਰੀਦਦੈ ਕਿਤਾਬਾਂ ਅਜਕਲ੍ਹ … ?‘’ ਉਹ ਆਪਣੇ ਨਾਵਲ ਦੀ ਇਕ ਕਾਪੀ ਤੈਨੂੰ ਭੇਟ ਕਰੇਗਾ। ਤੈਨੂੰ ਬਾਹਰ ਲੈ ਆਵੇਗਾ ਕਾਲਿਜੋਂ। ਬੱਸ ਅੱਡੇ ਨੂੰ ਜਾਂਦੀ ਸੜਕ ਉਤਲੇ ਮਨਜ਼ੂਰ-ਸ਼ੁਦਾ ਇਹਾਤੇ ਵਲ ਜਾਣ ਲਈ ਤਰਲਾ ਕਰੇਗਾ। ਪਰ ਤੂੰ ਦਿਨ ਵੇਲੇ ਨਹੀਂ ਪੀਂਦਾ। ਉਹਦੇ ਲਈ ਦਿਨ ਹੋਵੇ ਜਾਂ ਰਾਤ, ਕੋਈ ਫ਼ਰਕ ਨਹੀ। ਉਹ ਇਕੱਲਾ ਇਹਾਤੇ ਵਲ ਤੁਰ ਜਾਵੇਗਾ ਤੇ ਤੂੰ ਬੱਸ ਅੱਡੇ ਵਲ। ਬੱਸ ਚੜ੍ਹਨ ਤੋਂ ਪਹਿਲਾਂ ਤੇਰਾ ਜੀਅ ਪ੍ਰੋ: ਕੋੜੈ ਨੂੰ ਇਕ ਵਾਰ ਫਿਰ ਮਿਲਣ ਨੂੰ ਕਰੇਗਾ। ਇਸ ਲਈ ਅੱਡੇ ਦੀ ਭੀੜ ਬਣੇ, ਵਿਦਿਆਰਥੀਆਂ ਤੋਂ ਪ੍ਰੋ : ਕੋੜੇ ਦਾ ਪਿੰਡ ਪੁਛ ਲਈਂ। ਉਂਝ ਲਗਭਗ ਸਾਰੇ ਰਿਕਸ਼ੇ ਵਾਲਿਆਂ ਨੂੰ ਹੀ ਉਸ ਦੇ ਪਿੰਡ ਤੇ ਘਰ ਦਾ ਪੂਰਾ ਪਤਾ ਹੈ। ਸ਼ਾਮੀਂ ਡਿੱਗੇ-ਢੱਠੇ ਨੂੰ ਉਹਨਾਂ ਵਿਚੋਂ ਹੀ ਕੋਈ ਜਣਾ ਉਸ ਨੂੰ ਘਰ ਅਪੜਾਉਂਦਾ ਹੈ। ਪ੍ਰੋ : ਕੋੜੇ ਦੇ ਪਿੰਡ ਨੂੰ ਕਸਬੇ ਨਾਲ ਜੋੜਦੀ ਸੜਕ ਭਾਵੇਂ ਪੱਕੀ ਹੈ, ਪਰ ਇਸ ਅੰਦਰ ਪਏ ਟੋਇਆਂ ਉਤੋਂ ਲੰਘਦੀ ਰਿਕਸ਼ਾ ‘ਚ ਤੂੰ ਸੰਭਲ ਕੇ ਬੈਠੀਂ। ਆਪਣੇ ਸ਼ਹਿਰ ਦੀਆਂ ਸੜਕਾਂ ਉੱਤੇ , ਲੱਤ ‘ ਤੇ ਲੱਤ ਧਰ ਕੇ ਦੌੜਦੇ ਰਿਕਸ਼ੇ ‘ਤੇ ਅਡੋਲ ਬੈਠ ਕੇ ਜੇ ਖੋਜ-ਪੱਤਰ ਦੀ ਰੂਪ-ਰੇਖਾ ਘੜਨ ਵਿਚ ਉਲਝ ਗਿਆ ਤਾਂ ਉਲਟ ਕੇ ਕਿਸੇ ਖੇਤ ਦੇ ਬੰਨੇ ‘ਤੇ ਜਾ ਡਿੱਗੇਂਗਾ ਅਤੇ ਨੱਕ ਉਤੇ ਟਿਕੀ ਮੋਟੇ ਸ਼ੀਸ਼ੇ ਦੀ ਨਜ਼ਰ ਦੀ ਐਨਕ ਤੁੜਵਾ ਕੇ ਖੁਰਦਬੀਨੀ ਨਗਾਹ ਤੋਂ ਵਾਂਝਿਆਂ ਜਾਵੇਂਗਾ। ਪ੍ਰੋ. ਕੌੜੇ ਦੇ ਪਿੰਡ ਪਹੁੰਚ ਕੇ ਚੜ੍ਹਦੀ ਬਾਹੀ ਬਾਹਰਲੀ ਫਿਰਨੀਓਂ ਬਾਹਰ, ਇਕ ਵੱਡੀ ਕੋਠੀ ਦਿਸੇਗੀ। ਰਿਸ਼ਕਾ ਵਾਲਾ ਬਿਨਾਂ ਝਿਜਕ ਕੋਠੀ ਅੰਦਰ ਲੈ ਜਾਵੇਗਾ। ਅੰਦਰ ਵਾਲਿਆਂ ਲਈ ਰਿਕਸ਼ੇ ਦੀ ਆਮਦ ਕੋਈ ਨਵੀਂ ਗੱਲ ਨਹੀਂ ਹੋਵੇਗੀ, ਪਰ, ਉੱਪਰ ਬੈਠੇ ‘ਓਪਰੇ ਬੰਦੇ’ ਨੂੰ ਪਛਾਨਣ ਲਈ ਬਰਾਂਡੇ ਅੰਦਰ ਡੱਠੇ ਦੀਵਾਨ ‘ਤੇ ਲੰਮੇ ਪਏ ਬਿਰਧ ਦੀਆਂ ਨਜ਼ਰਾਂ ਜ਼ਰੂਰ ਟਿਕ ਜਾਣਗੀਆਂ। ਝਿਜਕੀਂ ਨਾ ਮੇਰੇ …. ਆਰ , ਇਹੋ ਨੇ ਪ੍ਰੋ : ਕੋੜੇ ਦੇ ਪਿਤਾ, ਰੀਟਾਇਰਡ ਕਾਨੂੰਗੋ। ਮਾਲ ਮਹਿਕਮੇ ਦੀਆਂ ਬਰੀਕੀਆਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ ਇਹ, ਇਸੇ ਲਈ ਇਹ ਕੋਠੀ ਅਤੇ ਅਠਾਰਾਂ ਵੀਹ ਖੇਤ ਇਹਨਾਂ ਪੈਨਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਈ ਬਣਾ ਲਏ ਸਨ। ‘ਤਨਖਾਹ’ ਦੀ ਕਮਾਈ ਨਾਲ ਹੀ ਸਾਰਾ ਪਰਿਵਾਰ ਪੜ੍ਹਾਇਆ-ਲਿਖਾਇਆ, ਵਿਹਾਇਆ –ਵਰ੍ਹਿਆ, ਇਹਨਾਂ ਨੇ। ਤਿੰਨਾਂ ਪੁੱਤਰਾਂ ਵਿਚੋਂ ਨਿੱਕਾ ਪ੍ਰੋ. ਕੌੜਾ ਹੀ ਘਰ ਰਹਿੰਦਾ ਹੈ, ਵੱਡੇ ਦੋਨੋਂ ਸਰਕਾਰੀ ਮਹਿਕਮਿਆਂ ਦੀਆਂ ਵੱਡੀਆਂ ਪਦਵੀਆਂ ‘ਤੇ ਪਹੁੰਚ ਕੇ, ਅਖੀਰਲੇ ਉਮਰੇ ਨੌਕਰਾਂ ਤੋਂ ਖੇਤੀ ਕਰਾਉਂਦੇ ਨੇ, ਚੰਗੀ ਨਸਲ ਦੀਆਂ ਗਊਆਂ ਮੱਝਾਂ ਪਾਲਣਾ ਇਹਨਾਂ ਦਾ ਸ਼ੌਕ ਵੀ ਹੈਗਾ ਇਨ੍ਹਾਂ ਦਾ। ਆਪਣੇ ਇਸ ਸ਼ੌਕ ਨੂੰ ਵਾਕਫ਼ ਜਾਂ ਓਪਰੇ ਬੰਦੇਂ ਨੂੰ ਦੱਸਣ ਲੱਗਿਆਂ ਇਹਨਾਂ ਨੂੰ ਕਿਸੇ ਭੂਮਿਕਾ ਦੀ ਲੋੜ ਨਹੀਂ ਪੈਂਦੀ। ਵਲੈਤੀ ਵਹਿੜਕੇ ਦੇ ਅਵੈੜਪੁਣੇ ਤੋਂ ਗੱਲ ਤੋਰਦੇ ਹਨ ਅਤੇ ਇਸ ਦੇ ਪੂਰਬਲਿਆਂ ਦੇ ਕੱਚੇ ਪੱਕੇ ਚਿੱਠੇ ਫਰੋਲਦੇ, ਇਹਨੂੰ ਗੁਣਾਂ ਦੀ ਗੁਥਲੀ ਸਿੱਧ ਕਰ ਕੇ ਕਿੱਸਾ ਬੰਦ ਕਰਦੇ ਹਨ। ‘’ …..ਦੇਸੀ ਨਸਲ ਦੀ ਵਧਿਆ ਗਾਂ ਹੁੰਦੀ ਸੀ ਬਾਪ ਕੋਲ ਸਿਆਲਕੋਟ। ਸਿਆਣਾ ਬੜਾ ਸੀ। ਹਮਲਿਆਂ ਤੋਂ ਪਹਿਲਾਂ ਸਾਰਾ ਟੱਬਰ-ਟੀਰ ਸਮੇਤ ਗਾਂ ਦੇ , ਇਧਰ ਲੈ ਆਇਆ ਸੀ ਆਪਣੇ ਜੱਦੀ ਪਿੰਡ। ਛੋਟੀ ਜਿਹੀ ਹੱਟੀ ਪਾ ਕੇ ਬਹਿ ਗਿਆ, ਹੋਰ ਕਰ ਵੀ ਕੀ ਸਕਦਾ ਸੀ ਬਾਣੀਆ ਪੁੱਤ! ਰਾਮ ਤੇਰਾ ਭਲਾ ਕਰੇ, ਬਸ ਉਸ ਹੱਟੀ ਆਸਰੇ ਈ ਡੰਗ ਟੱਪਿਆ ਸਾਡਾ। ਮੈਥੋਂ ਵੱਡਿਆਂ ਨੂੰ ਸ਼ਹਿਰ ਦੁਕਾਨਾਂ ਖੋਲ੍ਹ ਦਿੱਤੀਆਂ – ਇਕ ਨੂੰ ਕਰਿਆਨੇ ਦੀ ਤੇ ਦੂਜੇ ਨੂੰ ਬਜਾਜੀ ਦੀ। ਤੀਜਾ ਦਵਾਈਆਂ ਵੇਚਦਾ ਵੇਚਦਾ ਡਾਕਟਰ ਬਣ ਗਿਆ। ਬੜੀ ਭੱਲ ਬਣ ਗਈ ਉਹਦੀ ਸਾਰੇ ਹਲਕੇ ਅੰਦਰ। ਸਮਾਂ ਪਾ ਕੇ ਉਹਨੇ ਡਾਕਟਰੀ ਛੱਡ ਕੇ ਸਿਆਸਤ ਫੜ ਲਈ। ਹੁਣ ਈਸ਼ਵਰ ਦੀਆਂ ਮਿਹਰਾਂ ਉਹਦੇ ‘ ਤੇ ! ਤੁਸੀਂ ਨਹੀਂ ਜਾਣਦੇ ? … ਮੇਰਾ ਮੰਤਰੀ ਭਰਾ ਈ ਤਾਂ ਹੈ। ‘’ਬਸ ਮੈਂ ਆਹ ਨਿਕਾਰੀ ਨੌਕਰੀ ਜਿਹੀ ‘ਚ ਪੈ ਗਿਆ। ਤਨਖਾਹਾਂ ਨਾਲ ਕੀ ਬਣਦੈ ਜੀ ਅੱਜਕੱਲ। ਪਰ ਆਹ ਇਹ ਇਲਤ ਜਿਹੀ ਸ਼ੁਰੂ ਤੋਂ ਈ ਲੱਗੀ ਹੋਈ ਆ – ਵਧਿਆ ਨਸਲ ਦੀਆਂ ਮੱਝਾਂ-ਗਾਵਾਂ ਰੱਖਣ ਦੀ। ਇਹਨਾਂ ਆਸਰੇ ਹੀ ਚਾਰ ਸਿਆੜ ਤੇ ਆਹ ਕੁੱਲੀ ਖੜੀ ਕੀਤੀ ਆ ਆਪਾਂ। …. ਹਾ ਸੱਚ ਗਾਂ ਦੀ ਗੱਲ ਵਿਚਕਾਰੇ ਈ ਭੁਲ ਗਈ , ਪੰਜ ਵੱਛੀਆਂ ਦਿੱਤੀਆਂ ਉਸ ਨੇ , ਦੋ ਦੇਸੀ, ਦੋਗਲੀਆਂ, ਪਹਿਲੀ ਦੋਗਲੀ ਵਹਿੜ ਦਾ ਵਲੈਤੀ ਵਹਿੜਕਾ ਈ ਏ ਜਿਹਨੇ ਆਹ ਕਾਰਾ ਕੀਤਾ ਹੋਇਆ। ‘’ ਆਪਣੀ ਸੱਜੀ ਲੱਤ ਨੰਗੀ ਕਰ ਕੇ ਦੱਸੇਗਾ ਤੈਨੂੰ ਪ੍ਰੋ : ਕੌੜੇ ਦਾ ਪਿਤਾ, ‘’ਪਤਾ ਨਹੀਂ ਸਹੁਰੇ ਨੂੰ ਕੀ ਪਾਣ ਚੜ੍ਹੀ, ਭਲਾ ਚੰਗਾ ਪਾਣੀ ਪੀ ਕੇ ਮੜਿਆ ਅਤੇ ਛਾਲ ਮਾਰ ਕੇ ਸਿੰਙਾਂ ‘ ਤੇ ਚੁੱਕ ਪਟਕਾ ਮਾਰਿਆ ਮੈਨੂੰ। ਲੱਤ ਟੁੱਟ ਗਈ ਤੇ ਹੋਰ ਵੀ ਗੁਝੀਆਂ ਸੱਟਾਂ ਲੱਗੀਆਂ ਕਈ। ਸਾਰੀਆਂ ਰੜਕਦੀਆਂ ਆ ਅਜੇ ਭਾਈਂ। ਆਹ ਲੱਤ ਤਾਂ ਜੁੜੀ ਨਾ ਜੁੜੀ ਇਕੋ ਬਰਾਬਰ ਈ ਆ, ਜਦ ਭਾਰ ਈ ਨਹੀਂ ਸਹਿੰਦੀ। ਨਾਲੇ ਭਾਈ ਉਮਰ ਉਮਰ ਦੀ ਗੱਲ ਆ, ਬੁੱਢੇ ਹੱਡ ਜੁੜਦੇ ਕਿਥੇ ਆ ਸੌਖ ਨਾਲ ….. ।‘’ ਟੁੱਟੀ ਲੱਤ ਉਤੇ ਬੱਝੀਆਂ ਥਿੰਦੀਆਂ ਪੱਟੀਆਂ ਅਤੇ ਪੱਚਰਾਂ ਨੂੰ ਪਲੋਸ ਕੇ, ਹਮਦਰਦੀ ਦੇ ਚਾਰ ਅੱਖਰ ਉੱਗਲ ਦਈਂ ਮੇਰੇ … ਆਰ , ਨਹੀਂ ਤਾਂ ਕਹਾਣੀ ਦਾ ਅਗਲਾ ਹਿੱਸਾ ਸੁਣਨ ਤੋਂ ਵਾਂਝਿਆਂ ਜਾਵੇਂਗਾ। ‘’…. ਆਹ ਵਲੈਤੀ ਵਿਹੜਕੇ ਵੀ ਮਾਰਖੋਰੇ ਹੁੰਦੇ ਆ। ਇਹ ਤਾਂ ਪਤਾ ਹੀ ਨਹੀਂ ਸੀ ਮੈਂਨੂੰ। ਮਾਰਖੋਰੇ ਹੁੰਦੇ ਸੀ, ਸਾਨ੍ਹ ….. ਇਕ ਸਾਨ੍ਹ ਰਹਿੰਦਾ ਸੀ ਪਿੰਡ ਸਾਡੇ, ਸਾਧ ਦੀ ਕੁਟੀਆ। ਬੱਗਾ ਸਾਨ੍ਹ ਆਖਦੇ ਸੀ, ਲੋਕ ਉਹਨੂੰ। ਉਂਝ ਤਾਂ ਉਹ ਆਲੇ-ਦੁਆਲੇ ਕਈਆਂ ਪਿੰਡਾਂ ਦਾ ਗੇੜਾ ਰੱਖਦਾ ਪਰ ਵੇਲੇ–ਕੁਵੇਲੇ ਬੋਲੀ ਗਾਂ, ਸਾਧ ਦੀ ਕੁਟੀਆ ਪਹੁੰਚ ਕੇ ਜਦੋਂ ਉੱਚੀ ਉੱਚੀ ਅੜੰਬਦੀ, ਤਾਂ ਉਹਦੀ ‘ ਵਾਜ ਸੁਣ, ਉਹ ਜਿਥੇ ਵੀ ਹੁੰਦਾ, ਉਥੋਂ ਸਿੱਧਾ ਫ਼ਸਲਾਂ ਭੰਨਦਾ ਸ਼ੂਟ ਵੱਟ ਲੈਂਦਾ। ਉਹਨੂੰ ਬਰਸੀਨ, ਚਰ੍ਹੀਆਂ, ਖਾਦੇਂ ਡੁੰਗਦੇ ਨੂੰ ਛਿਛਕਾਰਨਾ ਤਾਂ ਇਕ ਪਾਸੇ ਰਿਹਾ, ਲੋਕੀ ਆਟੇ ਦੇ ਪੇੜੇ ਚਾਰਨ ਲਈ ਸਵੇਰੇ ਤਕਾਲੀਂ ਉਹਦੀ ਬੜ੍ਹਕ ਉਡੀਕਦੇ ਰਹਿੰਦੇ। ਉਹ ਵਾਰੀ ਸਿਰ ਪਿੰਡਾਂ ਦੀਆਂ ਗਲੀਆਂ ਘੁੰਮਦਾ ਦਸ ਵੀਹ ਸੇਰ ਵੰਡ ਖਾ ਕੇ, ਉਥੇ ਈ ਸੁੱਤਾ ਘੁਰਾੜੇ ਮਾਰਦਾ ਰਹਿੰਦਾ। ‘’ਪਹਿਲੀਆਂ ਅੰਦਰ ਉਹ ਰਾਜ਼ੀ ਵੀ ਚੰਗਾ ਸੀ ਤੇ ਮਾਰਦਾ ਵੀ ਬਹੁਤ ਸੀ। ਇਹਨੀਂ ਦਿਨੀਂ ਸ਼ਹਿਰ ਵਾਲਿਆਂ ਇਕ ਹੋਰ ਸਾਨ੍ਹ ਛੱਡ ਦਿੱਤਾ –ਕਾਲੇ ਰੰਗ ਦਾ। ਚੜ੍ਹਦੀ ਉਮਰ ਦੀ ਭਰਵੀਂ ਜਾਨ ਸੀ ਉਸ ਦੀ। ਮਾਰਖੋਰਾ ਘੱਟ ਸੀ ਪਰ ਬੇੱਗੇ ਨਾਲ ਜ਼ਿੱਦ ਕੇ ਆਢਾ ਲੈਂਦਾ। ਉਹ ਜਦ ਵੀ ਟੱਕਰਦੇ ਕਈ ਕਈ ਦਿਨ ਭਿੜਦੇ ਰਹਿੰਦੇ। ਹੰਢੇ ਹੋਏ ਬੱਗੇ ਤੋਂ ਮਾਰ ਖਾ ਕੇ ਕਾਲਾ ਪਹਿਲਾਂ ਤਾਂ ਕਈ ਵਾਰ ਸ਼ਹਿਰ ਵਲ ਨੂੰ ਦੁੜੱਕੀ ਪੈਂਦਾ ਰਿਹਾ, ਪਰ ਇਕ ਵਾਰ ਕਈ ਦਿਨਾਂ ਦੇ ਵਿਸਮੇ ਕਾਲੇ ਨੇ ਬੱਗੇ ‘ਤੇ ਗੁਝਾ ਵਾਰ ਕਰ ਦੇ ਉਹਦਾ ਸਿੰਗ ਤੋੜ ਦਿੱਤਾ। ਮੁਢੋਂ ਟੁਟੇ ਸਿੰਗ ‘ਚੋਂ ਵਗਦੀਆਂ ਖੂਨ ਦੀਆਂ ਨਾਲਾਂ ਛੱਡਦਾ ਅਤੇ ਪੀੜ ਨਾਲ ਸਟਪਟਾਉਂਦਾ, ਉਹ ਦੁੜੱਕੀ ਪਿਆ ਸਾਧ ਦੀ ਕੁਟੀਆ ਆ ਲੁਕਿਆ। ਕਈ ਮਹੀਨਿਆਂ ਪਿਛੋਂ ਆਪਣੇ ਚੌੜੇ ਮੋੱਥੇ ‘ਤੇ ਇੱਕੋ ਸਿੰਗ ਚੁੱਕੀ, ਇਕ ਦਿਨ ਉਹ ਟਾਹਲੀਆਂ ਵਾਲੀ ਜੂਹ ਵਲ ਨਿਕਲਿਆ। ਪਰ ਦੋਂਹ ਚੌਂਹ ਖੇਤਾਂ ਦੀ ਵਿੱਥ ‘ਤੇ ਤਣ ਕੇ ਖੜੋਤੇ ਕਾਲੇ ਤੋਂ ਡਰ ਕੇ ਪਿਛਾਂਹ ਨਹੀਂ ਪਰਤਿਆ। ਨਿੱਘਰ ਚੁੱਕੀ ਦੇਹੀ ਦੇ ਢਿਲਕੇ ਮਾਸ ਉਤੇ ਭਿਣਕਦੀਆਂ ਮੱਖੀਆਂ ਨੂੰ ਪੂਛ ਨਾਲ ਉਡਾਉਂਦਾ, ਬੱਸ ਸਹਿਜੇ ਸਹਿਜੇ ਤੁਰਦਾ ਇਕ ਟਾਹਲੀ ਦੀ ਸੰਘਣੀ ਛਾਵੇਂ ਜਾ ਖੜਾ ਹੋਇਆ। ‘’ਦੇਖਣ ਵਾਲੇ ਦੱਸਦੇ ਆ ਕਿ ਕਾਲੇ ਨੇ ਉਹਨੂੰ ਵੇਖ ਕੇ ਪਹਿਲਾਂ ਵਾਂਗ ਹੁੰਗਾਰਾ ਨਹੀਂ ਮਾਰਿਆ, ਸਗੋਂ ਭਿੱਗੀ ਬਿੱਲੀ ਵਾਂਗ ਬੱਗੇ ਕੋਲ ਜਾ ਖੜਾ ਹੋਇਆ, ਜਿਵੇਂ ਪਹਿਲੀ ਕੀਤੀ ਦਾ ਪਛਤਾਵਾ ਕਰ ਰਿਹਾ ਹੋਵੇ। ਦੇਖਣ ਵਾਲੇ ਦੱਸਦੇ ਆ ਕਿ ਦੋਨੋਂ ਕਿੰਨਾ ਈ ਚਿਰ ਅਡੋਲ ਇਕ ਦੂਜੇ ਵਲ ਦੇਖਦੇ ਰਹੇ, ਫਿਰ ਕੁਝ ਚਿਰ ਪਿਛੋਂ ਨੀਵੀਆਂ ਪਾਈ ਆਪਣੇ ਆਪਣੇ ਰਸਤੇ ਮੁੜ ਗਏ – ਆਖਿਰ ਸੀ ਤਾਂ ਗਊ ਦੇ ਜਾਏ ਹੀ ਨਾ … । ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ, ਮੁੜ ਦੋਨਾਂ ਵਿਚ ਕਦੀ ਤਕਰਾਰ ਨਹੀਂ ਹੋਇਆ। ਜੇ ਬੱਗਾ ਇਕ ਗਲੀ ਹੁੰਦਾ, ਤੇ ਕਾਲਾ ਦੂਜੀ ਰਾਹੀਂ ਲੰਘ ਜਾਂਦਾ। ‘’ਉਂਝ ਇਹਨੀ ਦਿਨੀਂ ਸ਼ਹਿਰ ਸਲੋਤਰਖਾਨੇ ਵਾਲਿਆਂ ਵਲੈਤੀ ਸਾਨ੍ਹ ਲਿਆ ਕੇ ਨਸਲ-ਬੰਦੀ ਸ਼ੁਰੂ ਕਰ ਦਿੱਤੀ ਹੋਈ ਸੀ, ਪਰ ਲੋਕੀਂ, ਹਾਲੀ ਵੀ ਕਾਲੇ ਦੀ ਹੀ ਭਾਲ ਕਰਦੇ ਸਨ। ਹੁਣ ਤਾਂ ਸਾਰੇ ਲੋਕ ਸਿਆਣੇ ਹੋ ਗਏ ਆ, ਪਹਿਲੋ-ਪਹਿਲ ਆਖਦੇ ਸੀ ਕਿ ਗਊ ਮਾਤਾ ਭ੍ਰਿਸ਼ਟ ਹੋ ਜਾਊ। ਹੋਰ ਤਾਂ ਹੋਰ ਅਸੀਂ ਆਪਦੀ ਵਹਿੜ ਦੇ ਦੋ ਸੂਏ ਕਾਲੇ ਸਾਨ੍ਹ ਤੋਂ ਲਏ। ਕਾਲਾ ਮਾਰਦਾ ਨਹੀਂ ਸੀ , ਪਰ ਬੱਗੇ ਨਾਲੋਂ ਕਿਤੇ ਬਹੁਤੀ ਜਾਨ ਅੰਦਰ ਸੀ ….. ਹੁਣ ਤਾਂ ਸਰਦਾਰਾ, ਸਮੇਂ ਈ ਬਦਲ ਗਏ, ਨਾ ਕੋਈ ਸਾਨ੍ਹ ਛੱਡਦਾ, ਨਾ ਕੋਈ ਫ਼ਸਲਾਂ ਨੂੰ ਮੂੰਹ ਲਾਉਣ ਦਿੰਦਾ। ਵੇਲੇ ਵੇਲੇ ਦੀਆਂ ਗੱਲਾਂ ਹਨ। ਸਲੋਤਰਖਾਨੇ ਵਾਲਿਆਂ ਕੋਲ ਨਵੀਆਂ ਨਵੀਆਂ ਨਸਲਾਂ ਦੇ ਸਾਨ੍ਹ ਆਉਂਦੇ ਆ। ਦੇਸੀ ਤੋਂ ਦੋਗਲੀਆਂ ਅਤੇ ਦੋਗਲੀਆਂ ਤੋਂ ਵਲੈਤੀ ਬਣੀਆਂ ਗਾਵਾਂ ਕਿਤੇ ਦੁੱਧ ਦਿੰਦੀਆਂ ਰਜਾ ਦੇਂਦੀਆਂ, ਪਰ ਰੱਖ ਕੋਈ ਕੋਈ ਈ ਸਕਦਾ – ਮਾਈ ਦਾ ਲਾਲ। ਹਾਰੀ–ਸਾਰੀ ਦਾ ਕੰਮ ਨਹੀਂ। ਮਾਵਾਂ ਵਰਗੇ ਈ ਇਹਨਾਂ ਦੇ ਪੁੱਤ ਆ – ਹਾਥੀਆਂ ਜਿੱਡੇ ਕੱਦ-ਕਾਠ ਆ ਵਹਿੜਕਿਆਂ ਦੇ, ਅਤੇ ਗੈਂਡਿਆਂ ਜਿੰਨਾ ਜ਼ੋਰ ਆ ਸਹੁਰਿਆਂ ਅੰਦਰ …. ।‘’ ਇਹ ਕਹਾਣੀ ਸੁਣਨ ਤਕ ਤੈਨੂੰ ਉਬਾਸੀਆਂ ਆਉਣ ਲੱਗ ਪੈਣਗੀਆਂ। ਚਾਹ ਦੀ ਉਡੀਕ ਨਾ ਕਰੀਂ। ਪ੍ਰੋ. ਕੌੜੇ ਦੇ ਘਰ ਚਾਹ ਵੇਲੇ ਹੀ ਸਾਰਿਆਂ ਨੂੰ ਚਾਹ ਮਿਲਦੀ ਆ, ਪਹਿਲੇ ਨਹੀਂ … । ਏਨੇ ਚਿਰ ਤਕ ਪ੍ਰੋ. ਕੌੜੇ ਦਾ ਸਕੂਟਰ ਵੀ ਕੋਠੀ ਅੰਦਰ ਸਹਿਜੋ ਦੇਣੀ ਆ ਖੜਾ ਹੋਵੇਗਾ। ਉਹ ਸਨੇਹ ਨਾਲ ਤੈਨੂੰ ਜੱਫੀ ਵਿਚ ਲਵੇਗਾ ਅਤੇ ਆਪਣੇ ਕਮਰੇ ਅੰਦਰ ਲੈ ਜਾਵੇਗਾ। ਉਹ ਗੋਸ਼ਟੀ ਸਮੇਂ ‘ਆ ਪਏ’ ਕਿਸੇ ਬਹੁਤ ਜ਼ਰੂਰੀ ਕੰਮ ਦਾ ਉਲੇਖ ਕਰੇਗਾ …. ਕਿ ‘ਅੱਜ ‘ ਅੰਕਲ ਹੋਰੀ‘ ਆਪਣੇ ਘਰ ਆਉਣੇ ਸੀ – ਅਗਲੇ ਦੋ ਦਿਨ ਉਹਨਾਂ ਦਾ ਆਪਣੇ ਹੀ ਇਲਾਕੇ ਦਾ ਟੂਰ ਪ੍ਰੋਗਰਾਮ ਹੈ – ਸ਼ਾਹਪੁਰ ਮਿਡਲ ਸਕੂਲ ਨੂੰ ਹਾਈ ਅਤੇ ਲੰਗਰ ਕੋਟ ਪ੍ਰਾਇਮਰੀ ਨੂੰ ਮਿਡਲ ਕਰਨ ਲਈ ਫ਼ੰਕਸ਼ਨਾਂ ਦੀ ਤਿਆਰੀ ਕਰਨੀ ਸੀ – ਕੋਮਲਦੀਪ ਤੇ ਜਗਰੂਪ ਕੌਰ ਨੂੰ ਕਾਨਟੈਕਟ ਕਰਨਾ ਸੀ। ਉਂਝ ਤਾਂ ਲੋਕ ਆਪਣੇ ਕੰਮਾਂ ਲਈ ਹੀ ਕਾਫੀ ਇਕੱਠੇ ਹੋਏ ਹੁੰਦੇ ਹਨ –ਕੋਈ ਭਰਤੀ, ਕੋਈ ਨੌਕਰੀ, ਕੋਈ ਬਦਲੀ, ਕੋਈ ਤਰੱਕੀ, ਕੋਈ ਸ਼ਕਾਇਤ ਲੈ ਕੇ ਆਇਆ ਹੁੰਦਾ ਹੈ, ਪਰ ਫਿਰ ਵੀ ਮਾਸ਼ਿਜ਼ ਨੂੰ ਇਕੱਠਾ ਕਰ ਕੇ ਬਿਠਾਈ ਰੱਖਣ ਲਈ ਤੂੰਬੀ ਵਾਲਿਆਂ ਦਾ ਆਸਰਾ ਲੈਣਾ ਈ ਪੈਂਦਾ ਹੈ‘’ ਆਦਿ ਆਦਿ। ਏਨੇ ਚਿਰ ਵਿਚ ਨੌਕਰਾਂ ਲਈ ਬਣੀ ਚਾਹ ਬਾਹਰ ਚਲੀ ਜਾਵੇਗੀ। ਘਰ ਦੇ ਜੀਆਂ ਲਈ ਬਣੀ ਚਾਹ ਨਾਲ ਤੁਹਾਡੀ ਗਲਬਾਤ ਅੰਦਰ ‘ਹੋਰ’ ਨਿੱਘ ਆਵੇਗਾ। ਤੂੰ ਆਪਣੇ ਖੋਜ-ਪਤਰਾਂ ਅਤੇ ਸਾਹਿਤਕ ਸਮਾਗਮਾਂ ਦੀ ਸੂਚੀ ਦੱਸਣ ਲਈ ਸਾਹਿਤਕ ਵਾਤਾਵਰਣ ਪੈਦਾ ਕਰਨ ਦਾ ਯਤਨ ਕਰੇਂਗਾ, ਪ੍ਰੋ. ਕੌੜਾ ਆਪਣੇ ‘ਅੰਕਲ’ ਦੀਆਂ ਰਾਜਸੀ ਸਰਗਰਮੀਆਂ ਦਾ ਚਿੱਠਾ ਪੜ੍ਹਨ ਲਈ ਵਾਰਤਾਲਾਪ ਦਾ ਰੁਖ ਆਪਣੀ ਵਲ ਮੋੜੇਗਾ। ਤੂੰ ਚੰਗੇ ਅਤੇ ਸਿਹਤਮੰਦ ਸਾਹਿਤ ਰਾਹੀਂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ‘ਤੇ ਜ਼ੋਰ ਦੇਵੇਂਗਾ। ਉਹ ਲੱਚਰ ਅਤੇ ਅਸ਼ਲੀਲ ਲਿਖਤਾਂ ਨੂੰ ਰੁਮਾਂਚਿਕ ਆਖ ਕੇ ਪਬਲਿਕ ਜਲਸਿਆਂ ਦੀ ਰੌਣਕ ਨਾਲ ਜੋੜੇਗਾ। ਤੂੰ ਉਸਾਰੂ ਸੋਚ ਪੈਦਾ ਕਰਨ ਨੂੰ ਅਸਲੀ ਸਮਾਜ-ਸੇਵਾ ਆਖੇਂਗਾ, ਉਹ ਨਿੱਜੀ ‘ਕੰਮ’ ਨੂੰ ਲੋਕ ਸੇਵਾ ਗਰਦਾਨ ਕੇ ਰਹੇਗਾ- ਕਿ ‘ਜੇ ‘ਅੰਕਲ’ ਦੇ ਮੰਤਰੀ ਹੁੰਦਿਆਂ ਆਪਣਿਆਂ‘ ਨੂੰ ਕੋਈ ਲਾਭ ਨਾ ਹੋਇਆ ਜਿਹਨਾਂ ਇਲੈਕਸ਼ਨਾਂ ਵਿਚ ‘ਹੈਲਪ‘ ਕੀਤੀ ਸੀ, ਉਹਨਾਂ ਤੋਂ ਅਗੋਂ ਆਪਾਂ ਕੀ ਆਸ ਰੱਖਾਂਗੇ? ‘’ ਪ੍ਰੋ. ਕੌੜਾ ਤੈਨੂੰ ਵੀ ਯੂਨੀਵਰਸਿਟੀ ਦੀ ਕੋਈ ਚੇਅਰ ਹਥਿਆਉਣ ਲਈ ਲੋੜੀਂਦੀ ‘ਸੇਵਾ’ ਦੀ ਪੇਸ਼ਕਯ ਕਰੇਗਾ, ਭਾਵੇਂ ਕਿਸੇ ਡੀ . ਲਿਟ ਨੂੰ ਉਛਾਲ ਕੇ ਹੀ ਕਿਉਂ ਨਾ ਖਾਲੀ ਕਰਨੀ ਪਵੇ। ਉਹ ਆਪਣੇ ‘ਅੰਕਲ’ ਦੀ ਸਰਪਰਸਤੀ ਹੇਠ ਅਜਿਹੇ ਫੰਕਸ਼ਨ ਕਰਨ ਦੀ ਸਿਫਾਰਸ਼ ਵੀ ਕਰੇਗਾ। ਤੇਰੇ ਵਲੋਂ ਅਸਹਿਮਤੀ ਪ੍ਰਗਟਾਉਣ ‘ਤੇ ਉਹ ਤੈਨੂੰ ਧਮਕੀ ਵੀ ਦੇਵੇਗਾ। ਤੇ ਤਕਰਾਰ ਵਧ ਗਿਆ ਤਾਂ ਇਹ ਧਮਕੀ ਮੂੰਹ ਜ਼ਬਾਨੀ ਤਕ ਹੀ ਸੀਮਿਤ ਨਹੀਂ ਰਹੇਗੀ। ਤੇਰੇ ਯੂਨੀਵਰਸਿਟੀ ਪਹੁੰਚਣ ਤੋਂ ਪਹਿਲਾਂ ਹੀ ਤੇਰੇ ਦਫ਼ਤਰ ਦੀ ਮੇਜ਼ ‘ਤੇ ਪਏ ਸ਼ੀਸ਼ੇ ਹੇਠ ‘ਕਾਰਨ –ਦੱਸੋ’ ਨੋਟਿਸ ਅੱਖਾਂ ਪਾੜ ਪਾੜ ਤੇਰੀ ਵੱਲ ਝਾਕਦਾ ਹੋਵੇਗਾ। ਹੁਣ ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰੀਂ ਮੇਰੇ …. ਆਰ, ਕਿ ਕਿਸੇ ਉੱਚ-ਪੱਧਰੀ ਚੇਅਰ ਦਾ ਮੁੱਖੀ ਬਣ ਕੇ ਸਾਹਿਤ ਦੀ ਵਧੀਆ ਸੇਵਾ ਕਰ ਸੱਕੇਂਗਾ ਜਾਂ ਫਿਰ ਇਸੇ ਤਰ੍ਹਾਂ ਸਾਹਿਤਕ ਗੋਸ਼ਟੀਆਂ ਅੰਦਰ ਆਪਣੀ ਭਾਸ਼ਾ ਅਤੇ ਸਭਿਆਚਾਰ ਦੀ ਰਾਖੀ ਲਈ ਸਿੰਗ ਫਸਾਈ ਕਰ ਕੇ? |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |