27 July 2024

ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ – ਅੰਮ੍ਰਿਤਪਾਲ ਕੌਰ

ਅੰਮ੍ਰਿਤਪਾਲ ਕੌਰ8 ਮਾਰਚ 2007 ਨੂੰ ਇਸਤਰੀ ਦਿਵਸ ‘ਤੇ ਵਿਸ਼ੇਸ਼:

ਇੱਕ ਸਮਾਂ ਸੀ ਜਦ ਭਾਰਤ ਔਰਤ ਪ੍ਰਧਾਨ ਸਮਾਜ ਸੀ। ਜ਼ਮੀਨ-ਜਾਇਦਾਦ ਔਰਤ ਦੇ ਨਾਂ ਹੁੰਦੀ ਸੀ, ਇੱਥੋਂ ਤੀਕ ਕਿ ਬੱਚਿਆਂ ਦੇ ਨਾਂ ਦੇ ਨਾਲ ਵੀ ਪਿਉ ਦੀ ਥਾਂ ‘ਤੇ ਮਾਂ ਦਾ ਨਾਂ ਲਿਖ਼ਿਆ ਜਾਂਦਾ ਸੀ। ਪੁਰਸ਼ ਸੁਚੇਤ ਹੋ ਗਿਆ। ਉਸ ਨੇ ਆਪਣੀ ਸਰਦਾਰੀ ਕਾਇਮ ਕਰਨ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਔਰਤ ਦੇ ਅਧਿਕਾਰਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਮੱਧਕਾਲ ਵਿੱਚ ਭਾਰਤੀ ਔਰਤ ਦੀ ਦਸ਼ਾ ਵਿੱਚ ਏਨੀ ਗਿਰਾਵਟ ਆ ਗਈ ਕਿ ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਣ ਲੱਗ ਪਿਆ। ਬੌਧਿਕ ਪੱਖੋਂ ਮਰਦ ਦੀ ਹਾਣੀ ਹੋਣ ਦੇ ਬਾਵਜੂਦ ਵੀ ਉਸ ਦੀ ਅਕਲ ਨੂੰ ਨਕਾਰਿਆ ਗਿਆ। ਇਸ ਤੱਥ ਦੀ ਗਵਾਹੀ ਪੀਲੂ ਦੇ ਕਿੱਸੇ ‘ਮਿਰਜ਼ਾ-ਸਾਹਿਬਾਂ‘ ਦੀਆਂ ਹੇਠ ਲਿਖੀਆਂ ਤੁਕਾਂ ਤੋਂ ਮਿਲਦੀਆਂ ਹਨ :-

ਚੜ੍ਹਦੇ ਮਿਰਜ਼ੇ ਖਾਨ ਨੂੰ, ਵੰਝਲ ਦੇਂਦਾ ਮੱਤ,
ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ, ਰੋ ਕੇ ਦੇਂਦੀਆਂ ਦੱਸ,
ਜਿਸ ਘਰ ਲਾਈ ਦੋਸਤੀ, ਮੂਲ ਨਾ ਘੱਤੇਂ ਲੱਤ।

ਏਸੇ ਤਰ੍ਹਾਂ ਸਾਡਾ ਮਹਾਨ ਕਿੱਸਾਕਾਰ ਵਾਰਿਸ ਸ਼ਾਹ ਵੀ ਥਾਂ-ਥਾਂ ਇਸਤਰੀ ਨੂੰ ਨਿੰਦਦਾ ਹੈ :-

ਵਾਰਿਸ ਰੰਨ, ਫਕੀਰ, ਤਲਵਾਰ, ਘੋੜਾ,
ਚਾਰੇ ਥੋਕ ਕਿਸੇ ਦੇ ਯਾਰ ਨਹੀਂ।

ਇਸੇ ਤਰ੍ਹਾਂ ਬਹੁਤ ਸਾਰੇ ਪੁਰਾਣੇ ਗ੍ਰੰਥਾਂ ਵਿੱਚ ਵੀ ਇਸਤਰੀ ਬਾਰੇ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਔਰਤ ਪ੍ਰਤੀ ਹੀਣ ਭਾਵਨਾ ਵਿਰੁੱਧ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਕਿ ਇਸ ਸੰਸਾਰ ਦਾ ਜਨਮ, ਵਿਕਾਸ, ਪ੍ਰਸਾਰ ਸਭ ਇਸਤਰੀ ਤੇ ਨਿਰਭਰ ਕਰਦਾ ਹੈ। ਇਸਤਰੀ ਤੋਂ ਮਨੁੱਖ ਜਨਮ ਲੈਂਦਾ ਹੈ ਤੇ ਫਿਰ ਇਸਤਰੀ ਦੇ ਸਾਥ ਹੀ ਸਾਰਾ ਜੀਵਨ ਬਿਤਾਉਂਦਾ ਹੈ। ਇਸ ਕਰਕੇ ਇਹ ਨਿੰਦਣਯੋਗ ਨਹੀਂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਸਤਰੀ ਦੀ ਨਿਖੇਧੀ ਕਰਨ ਦੀ ਥਾਂ ‘ਤੇ ਸੰਸਾਰ ਨੂੰ ਉਸਦੀ ਪ੍ਰਸੰਸਾ ਕਰਨ ਲਈ ਜ਼ੋਰ ਦਿੱਤਾ, ਜਿਸ ਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਅਤੇ ਜਿਸ ਨੇ ਸਮਾਜ ਦੇ ਬੋਝ ਨੂੰ ਆਪਣੇ ਸਿਰ ‘ਤੇ ਚੁੱਕਿਆ ਹੋਇਆ ਹੈ:-

ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹ॥
ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥

ਜਿਉਂ ਜਿਉਂ ਸਮਾਂ ਬਦਲਦਾ ਗਿਆ, ਇਸਤਰੀ ਨੇ ਵੀ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਅੱਜ ਜਦੋਂ 21 ਵੀ ਸਦੀ ਜਿਸ ਨੂੰ ਵਿਗਿਆਨਕ ਯੁਗ ਵੀ ਕਿਹਾ ਜਾਂਦਾ ਹੈ, ਚਲ ਰਹੀ ਹੈ। ਅੱਜ ਕੋਈ ਖੇਤਰ ਨਹੀਂ, ਜਿਸ ਵਿੱਚ ਲੜਕੀਆਂ ਮੱਲਾਂ ਨਹੀਂ ਮਾਰ ਰਹੀਆਂ ।ਸਗੋਂ ਉਹ ਕਈ ਖੇਤਰਾਂ ਵਿੱਚ ਮਰਦਾਂ ਨੂੰ ਪਿਛਾੜ ਕੇ ਉਸ ਤੋਂ ਵੀ ਅੱਗੇ ਲੰਘ ਗਈਆਂ ਹਨ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਹਰ ਸਫ਼ਲ ਆਦਮੀ ਪਿਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ।ਜੇਕਰ ਮੱਧਕਾਲ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਕਈ ਬਹਾਦਰ ਇਸਤਰੀਆਂ ਦੇ ਨਾਂ ਸਾਡੇ ਸਾਹਮਣੇ ਆਉਂਦੇ ਹਨ। ਸਿੱਖ ਧਰਮ ਦੇ ਇਤਿਹਾਸ ਵਿੱਚ ਵੀ ਮਾਤਾ ਸਦਾ ਕੌਰ, ਮਾਤਾ ਗੁਜ਼ਰੀ, ਜੀਜਾ ਬਾਈ ਆਦਿ ਬਹਾਦਰ ਇਸਤਰੀਆਂ ਹੋਈਆਂ ਹਨ। ਭਾਰਤ ਨੂੰ ਆਜ਼ਾਦ ਕਰਾਉਣ ਲਈ ਲਕਸ਼ਮੀ ਬਾਈ ਅੰਗਰੇਜ਼ੀ ਨਾਲ ਬਹੁਤ ਹੀ ਬਹਾਦਰੀ ਨਾਲ ਲੜੀ। ਅੱਜ ਦੇ ਅਜੋਕੇ ਯੁੱਗ ਵਿੱਚ ਵੀ ਸ੍ਰੀ ਮਤੀ ਇੰਦਰਾ ਗਾਂਧੀ, ਸ੍ਰੀ ਮਤੀ ਸਰੋਜਨੀ ਨਾਇਡੂ, ਕਿਰਨ ਬੇਦੀ, ਮਦਰ ਟੈਰੇਸਾ ਆਦਿ ਦੇ ਨਾਂ ਬਹਾਦਰ ਇਸਤਰੀਆਂ ਵਿੱਚ ਗਿਣੇ ਜਾ ਸਕਦੇ ਹਨ।ਜਿੱਥੇ ਖੇਡਾਂ ਵਿੱਚ ਪੀ ਟੀ ਊਸ਼ਾ ਨੇ ਸੋਨ ਪਰੀ ਦਾ ਰੁਤਬਾ ਜਿੱਤਿਆ, ਉੱਥੇ ਰਾਜਬੀਰ ਕੌਰ ਨੇ ਹਾਕੀ ਵਿੱਚ, ਸਾਨੀਆ ਮਿਰਜ਼ਾ ਅਤੇ ਸੁਨੀਤਾ ਕੁਮਾਰੀ ਆਦਿ ਨੇ ਟੈਨਿਸ ਵਿੱਚ ਭਾਰਤ ਦਾ ਨਾਂ ਕੌਮਾਂਤਰੀ ਪੱਧਰ ਦੇ ਨਕਸ਼ੇ ‘ਤੇ ਲਿਆ ਦਿੱਤਾ। ਕਲਪਨਾ ਚਾਵਲਾ ਨੇ ਵੀ ਪੁਲਾੜ ਤੱਕ ਪਹੁੰਚ ਕੇ ਭਾਰਤ ਦਾ ਨਾਂ ਉੱਚਾ ਕੀਤਾ। ਹਰ ਸਾਲ ਕੁੜੀਆਂ ਪੜ੍ਹਾਈ ਵਿੱਚ ਵੀ ਮੁੰਡਿਆਂ ਨਾਲੋਂ ਅੱਗੇ ਰਹਿ ਕੇ ਪਹਿਲੀ ਪੁਸ਼ੀਜਨ ਪ੍ਰਾਪਤ ਕਰ ਰਹੀਆਂ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਮਾਜ ਦੀ ਉਸ ਪ੍ਰਤੀ ਸੋਚ ਅੱਜ ਵੀ ਮੱਧ ਕਾਲ ਵਾਲੀ ਹੈ।

ਮੱਧਕਾਲ ਤੋਂ ਹੀ ਔਰਤ ਆਪਣੇ ਹੱਕਾਂ ਲਈ ਆਵਾਜ਼ ਲਗਾਉਂਦੀ ਆ ਰਹੀ ਹੈ। ਅਮਰੀਕਾ ਦੀਆਂ ਔਰਤਾਂ ਨੇ 1856 ਵਿੱਚ ਪਹਿਲੀ ਵਾਰ ਮਰਦਾਂ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਬਗਾਵਤ ਦਾ ਫ਼ਲ ਉਨ੍ਹਾਂ ਨੂੰ ਨਿਊਯਾਰਕ ਦੀ ਪੁਲੀਸ ਵੱਲੋਂ ਗੋਲੀਆਂ ਦੇ ਰੂਪ ਵਿੱਚ ਮਿਲਿਆ। ਜਿਸ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਆਪਣੀ ਜਾਨ ਗਵਾਉਣੀ ਪਈ। 1910 ਵਿੱਚ ਅਮਰੀਕਨ ਔਰਤਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਜਰਮਨੀ ਦੀਆਂ ਔਰਤਾਂ ਨੇ 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮਤਾ ਪਾਸ ਕੀਤਾ। ਭਾਰਤ ਵਿੱਚ ਬੰਗਾਲ ਵਿੱਚ ਪੈਦਾ ਹੋਈ ਬੀਬੀ ਐਮ ਐਸ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਲਗਾਈ। ਉਸ ਦਿਨ ਤੋਂ ਹੀ ਇਹ ਦਿਨ ਮਨਾਇਆ ਜਾਂਦਾ ਹੈ।

ਭਾਰਤ ਵਿੱਚ ਔਰਤਾਂ ਦੇ ਹੱਕ ਵਿੱਚ 26 ਅਕਤੂਬਰ 2006 ਨੂੰ ਇੱਕ ਕਾਨੂੰਨ ਲਾਗੂ ਹੋਇਆ। ਇਸ ਕਾਨੂੰਨ ਮੁਤਾਬਕ ਕੋਈ ਵੀ ਮਰਦ ਆਪਣੀ ਬੀਵੀ ਨੂੰ ਜਿਸਮਾਨੀ, ਕਾਮੁਕ, ਜ਼ਬਾਨੀ, ਜ਼ਜਬਾਤੀ ਜਾਂ ਮਾਲੀ ਤੌਰ ‘ਤੇ ਪੀੜ੍ਹਤ ਨਹੀਂ ਕਰ ਸਕੇਗਾ। ਇਹ ਹੱਕ ਉਸ ਔਰਤ ਨੂੰ ਵੀ ਹਾਸਲ ਹਨ ਜਿਹੜੀ ਬਿਨਾਂ ਵਿਆਹ ਕੀਤੇ ਕਿਸੇ ਮਰਦ ਨਾਲ ਇੱਕੋ ਛੱਤ ਹੇਠ ਰਹਿ ਰਹੀ ਹੈ। ਇਸ ਤੋਂ ਇਲਾਵਾ ਮਾਂ, ਭੈਣ ਜਾਂ ਘਰ ਅੰਦਰ ਰਹਿ ਰਹੀ ਵਿਧਵਾ ਪ੍ਰਤੀ ਵੀ ਆਪਣੇ ਫ਼ਰਜਾਂ ਦੀ ਪੂਰਤੀ ਲਈ ਮਰਦ ਇਸ ਕਾਨੂੰਨ ਦੇ ਤਹਿਤ ਪਾਬੰਦ ਰਹੇਗਾ। ਰਾਸ਼ਟਰੀ ਪਰਿਵਾਰ ਸਿਹਤ ਸਰਵੇ-3 ਅਨੁਸਾਰ 37.22% ਔਰਤਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਉਨ੍ਹਾਂ ਦੀ ਇਸ ਸਥਿਤੀ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਪੜ੍ਹਿਆ ਲਿਖਿਆ ਨਾ ਹੋਣਾ ਹੈ। ਇਸ ਸਰਵੇ ਅਨੁਸਾਰ ਪਤੀ ਦੀ ਹਿੰਸਾ ਦਾ ਸ਼ਿਕਾਰ ਵੀ ਸਭ ਤੋਂ ਵੱਧ ਅਨਪੜ ਔਰਤਾਂ ਹੁੰਦੀਆਂ ਹਨ। ਸ਼ਹਿਰੀ ਇਲਾਕਿਆਂ ਵਿੱਚ 30.4% ਤੇ ਪੇਂਡੂ ਇਲਾਕਿਆਂ ਵਿੱਚ 40.2% ਔਰਤਾਂ ਹਿੰਸਾ ਦਾ ਸ਼ਿਕਾਰ ਹਨ।ਇਸ ਤੋਂ ਸਪੱਸ਼ਟ ਹੈ ਕਿ ਪੇਂਡੂ ਔਰਤਾਂ ਸ਼ਹਿਰੀ ਔਰਤਾਂ ਦੇ ਮੁਕਾਬਲੇ ਜ਼ਿਆਦਾ ਹਿੰਸਾ ਦੀਆਂ ਸ਼ਿਖਾਰ ਹਨ। ਇਸ ਵਿੱਚ ਸਭ ਤੋਂ ਵੱਧ ਨੰਬਰ ਬਿਹਾਰ ਦਾ ਹੈ। ਦੂਜਾ ਸਥਾਨ ਰਾਜਸਥਾਨ ਤੇ ਤੀਜਾ ਮੱਧ ਪ੍ਰਦੇਸ਼ ਹੈ। ਸਭ ਤੋਂ ਘੱਟ ਔਰਤਾਂ ਗੋਆ ਵਿੱਚ ਹਿੰਸਾ ਦਾ ਸ਼ਿਕਾਰ ਹਨ ਜਿੱਥੇ ਦਰ 17% ਹੈ। ਪਾਰਲੀਮੈਂਟ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਦੇ ਮਾਮਲੇ ਵਿੱਚ ਵੀ ਭਾਰਤ ਫਾਡੀ ਹੈ। 189 ਦੇਸ਼ਾਂ ਵਿੱਚ ਭਾਰਤ ਦਾ ਸਥਾਨ 108ਵਾਂ ਹੈ। ਇਸ ਦੇ ਮੁਕਾਬਲੇ ‘ਤੇ ਸਾਡੇ ਗੁਆਂਢੀ ਚੀਨ ਦਾ ਸਥਾਨ 49 ਵਾਂ ਤੇ ਨੇਪਾਲ ਦਾ 63ਵਾਂ ਹੈ। ਸਾਡੇ ਗੁਆਂਡੀ ਸ੍ਰੀ ਲੰਕਾ ਤੇ ਭੂਟਾਨ ਦੀਆਂ ਔਰਤਾਂ ਭਾਰਤ ਨਾਲੋਂ ਵੀ ਫਾਡੀ ਹਨ। ਉਨ੍ਹਾਂ ਦਾ ਸਥਾਨ 124ਵਾਂ ਤੇ 131ਵਾਂ ਹੈ।ਭਾਰਤ ਵਿੱਚ ਭਾਵੇਂ ਇਹ ਕਾਨੂੰਨ ਹੁਣ ਬਣਿਆ ਹੈ ਪਰ ਅਮਰੀਕਾ ਵਿੱਚ ਇਸ ਕਾਨੂੰਨ ਨੂੰ ਬਣਿਆ ਕਈ ਸਾਲ ਹੋ ਚੁੱਕੇ ਹਨ।

ਔਰਤਾਂ ਨੂੰ ਮਾਰਨਾ-ਕੁੱਟਣਾ ਇੱਕ ਵਿਸ਼ਵ-ਵਿਆਪੀ ਸਮੱਸਿਆ ਹੈ। ਭਾਰਤ ਵਿੱਚ ਇਸ ਦਾ ਮੁੱਖ ਕਾਰਨ ਔਰਤਾਂ ਦਾ ਆਰਥਿਕ ਪੱਖੋਂ ਕਮਜ਼ੋਰ ਹੋਣਾ ਕਿਉਂਕਿ ਉਹ ਮਰਦਾਂ ‘ਤੇ ਪੂਰੀ ਤਰ੍ਹਾਂ ਨਿਰਭਰ ਹੁੰਦੀਆਂ ਹਨ। ਇਸ਼ਤਿਹਾਰਬਾਜ਼ੀ ਵਿੱਚ ਵੀ ਔਰਤਾਂ ਨੂੰ ਵਰਤਿਆ ਜਾ ਰਿਹਾ ਹੈ। ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਸੁਚੇਤ ਹੋਣ ਤੇ ਇਸ ਵਿਰੁੱਧ ਆਵਾਜ਼ ਲਗਾਉਣ। ਭਾਵੇਂ ਆਜ਼ਾਦ ਭਾਰਤ ਵਿੱਚ ਸਿੱਖਿਆ ਦੇ ਵਾਧੇ ਨਾਲ ਔਰਤਾਂ ਸੁਚੇਤ ਹੋਈਆਂ ਹਨ ਪਰ ਅਜੇ ਵੀ ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਔਰਤਾਂ ਅੰਧ ਵਿਸ਼ਵਾਸ਼ਾ, ਧਾਰਮਿਕ ਸੰਕਰੀਣਤਾਵਾਦ ਵਿੱਚ ਫਸੀਆਂ ਹੋਈਆਂ ਹਨ। ਪੰਜਾਬ ਵਿੱਚ ਡੇਰਾਵਾਦ ਵੱਧਣ ਦਾ ਕਾਰਨ ਔਰਤਾਂ ਹੀ ਹਨ ਕਿਉਂਕਿ ਅਜੌਕੇ ਯੁੱਗ ਵਿੱਚ ਜਦਕਿ ਮਨੁੱਖ ਦੀਆਂ ਆਰਥਿਕ ਲੋੜਾਂ ਬਹੁਤ ਵੱਧ ਗਈਆਂ ਹਨ ਪਰ ਸਾਧਨ ਏਨੇ ਨਹੀਂ ਹਨ ਜਿਨ੍ਹਾਂ ਨਾਲ ਇਹ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਲਈ ਔਰਤਾਂ ਭਾਰੀ ਮਾਨਸਿਕ ਤਨਾਣ ਵਿੱਚ ਵਿਚਰ ਰਹੀਆਂ ਹਨ। ਉਹ ਇਸਦੇ ਸਹੀ ਕਾਰਨ ਲੱਭਣ ਦੀ ਥਾਂ ‘ਤੇ ਅਖੌਤੀ ਸਾਧੂਆਂ, ਬਾਬਿਆਂ ਅਤੇ ਡੇਰਿਆਂ ਦੀ ਸ਼ਰਨ ਲੈ ਰਹੀਆਂ ਹਨ ਸਿੱਟੇ ਵਜੋਂ ਥਾਂ-ਥਾਂ ‘ਤੇ ਡੇਰੇ ਪ੍ਰਫੁਲਿਤ ਹੋ ਰਹੇ ਹਨ। ਇਨ੍ਹਾਂ ਅਖੌਤੀ ਸਾਧੂਆਂ ਵੱਲੋਂ ਆਰਥਿਕ ਸ਼ੋਸ਼ਣ ਕਰਨ ਤੋਂ ਇਲਾਵਾ ਜਿਸਮਾਨੀ ਸ਼ੋਸ਼ਣ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਡੇਰਿਆਂ ਦੀਆਂ ਭੀੜਾਂ ਲਗਾਤਾਰ ਵੱਧ ਰਹੀਆਂ ਹਨ।

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੁੜੀਆਂ ਨੂੰ ਸ਼ੁਰੂ ਤੋਂ ਹੀ ਇਸ ਕਾਬਲ ਬਣਾਉਣ ਕਿ ਉਨ੍ਹਾਂ ਨੂੰ ਕਿਸੇ ‘ਤੇ ਵੀ ਨਿਰਭਰ ਨਾ ਹੋਣਾ ਪਵੇ। ਉਹ ਆਪਣੀ ਸੁਰੱਖਿਆ ਖ਼ੁਦ ਕਰਨ ਦੇ ਸਮਰੱਥ ਹੋਣ। ਵੱਡੀਆਂ ਹੋਈਆਂ ਕੁੜੀਆਂ ਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਮੁੰਡਿਆਂ ਤੋਂ ਕਿਸੇ ਪੱਖੋਂ ਕਮਜ਼ੋਰ ਹਾਂ। ਉਨ੍ਹਾਂ ਨੂੰ ਰਸੋਈ ਦਾ ਸ਼ਿੰਗਾਰ ਬਣ ਕੇ ਨਹੀਂ ਰਹਿਣਾ ਚਾਹੀਦਾ, ਸਗੋਂ ਪੇਸ਼ਾਵਰ ਕੋਰਸ ਕਰਨੇ ਚਾਹੀਦੇ ਹਨ ਤਾਂ ਕਿ ਉਹ ਸਵੈ-ਨਿਰਭਰ ਹੋ ਸਕਣ। ਜ਼ਿੰਦਗੀ ਤੋਂ ਦੁੱਖੀ ਹੋ ਕੇ ਆਤਮ-ਹੱਤਿਆ ਕਰਨਾ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ। ਔਰਤਾਂ ਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

ਔਰਤਾਂ ਨੂੰ ਇਸਤਰੀ ਸੰਗਠਨ ਬਣਾਕੇ ਆਪਣੇ ਹੱਕਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ ਪਰ ਵੇਖਣ ਵਿੱਚ ਆਇਆ ਹੈ ਕਿ ਬਾਕੀ ਔਰਤਾਂ ਉਨ੍ਹਾਂ ਦਾ ਸਾਥ ਨਹੀਂ ਦਿੰਦੀਆਂ। ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਰਕਾਰ ਵੱਲੋਂ ਪੰਜਾਬ ਵਿੱਚ ਸ਼ਰਾਬ ਦਾ ਛੇਵਾਂ ਦਰਿਆ ਚਲਾਇਆ ਗਿਆ। ਕੁਝ ਔਰਤਾਂ ਨੇ ਉਨ੍ਹਾਂ ਪਾਰਟੀਆਂ ਵਿਰੁੱਧ ਆਵਾਜ਼ ਲਗਾਈ ਜਿਨ੍ਹਾਂ ਨੇ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਵੰਡੀ। ਉਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਨਾ ਪਾਉਣ ਦਾ ਨਿਰਣਾ ਲਿਆ। ਅੱਜ ਔਰਤਾਂ ਨੂੰ ਆਪਣੇ ਹੱਕ ਪਾਉਣ ਲਈ ਆਪ ਸੁਚੇਤ ਹੋਣਾ ਪੈਣਾ ਹੈ। ਜਿਸ ਤਰ੍ਹਾਂ ਬੀਤੇ ਸਮੇਂ ਵਿੱਚ ਲੜਕੀ ਨੂੰ ਜਨਮ ਤੋਂ ਬਾਅਦ ਮਾਰਿਆ ਜਾਂਦਾ ਸੀ, ਪਰ ਹੁਣ ਉਸ ਨੂੰ ਐਨਾ ਭਿਆਨਕ ਸਮਝਿਆ ਜਾ ਰਿਹਾ ਹੈ ਕਿ ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਭਾਰਤ ਵਿੱਚ 26 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ ਇਕ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 800 ਤੋਂ ਘੱਟ ਹੈ। ਪੜ੍ਹੇ ਲਿਖੇ ਸੂਬੇ ਪੰਜਾਬ ਦੇ 16 ਜ਼ਿਲ੍ਹੇ ਇਨ੍ਹਾਂ 26 ਜ਼ਿਲ੍ਹਿਆਂ ਵਿੱਚ ਸ਼ਾਮਲ ਹਨ ਤੇ ਇਨ੍ਹਾਂ 16 ਜ਼ਿਲ੍ਹਿਆਂ ਵਿੱਚੋਂ 2 ਨੂੰ ਛੱਡ ਕੇ 14 ਜ਼ਿਲ੍ਹੇ ਅਜਿਹੇ ਹਨ ਜਿੱਥੇ ਔਰਤਾਂ ਦੀ ਗਿਣਤੀ 1000 ਮਰਦਾਂ ਪਿੱਛੇ 750 ਤੋਂ ਵੀ ਘੱਟ ਹੈ। ਅਜਿਹੇ ਹਾਲਾਤ ਰਹੇ ਤਾਂ 2010 ਤੱਕ ਹਰ ਤੀਜਾ ਪੰਜਾਬੀ ਮਰਦ ਕੁਆਰਾ ਰਹਿ ਜਾਵੇਗਾ। ਇਸ ਭਿਆਨਕ ਕੁਰੀਤੀ ਵਿਰੁੱਧ ਅੱਜ ਔਰਤ ਨੂੰ ਹੀ ਆਵਾਜ਼ ਲਗਾਉਣੀ ਪਵੇਗੀ ਤਾਂ ਹੀ ਉਹ ਆਪਣੇ ਪਰਛਾਵੇਂ ਨੂੰ ਬਚਾ ਸਕੇਗੀ। 8 ਮਾਰਚ ਦਾ ਦਿਨ ਔਰਤਾਂ ਨੂੰ ਆਪਣੇ ਹੱਕਾਂ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ ਤੇ ਮਰਦਾਂ ਨੂੰ ਵੀ ਸੱਦਾ ਦਿੰਦਾ ਹੈ ਕਿ ਉਹ ਵੀ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਅਤੇ ਉਨ੍ਹਾਂ ਪ੍ਰਤੀ ਸਾਰਥਕ ਸੋਚ ਅਪਣਾਉਣ।

***
314
***
ਦੂਜੀ ਵਾਰ 3 ਸਤੰਬਰ 2021
ਪਹਿਲੀ ਵਾਰ 8 ਮਾਰਚ 2007
**
ਅੰਮ੍ਰਿਤਪਾਲ ਕੌਰ
ਮਕਾਨ ਨੰ. 2586/20,
ਗਲੀ ਨੰ. 4, ਉਤਮ ਨਗਰ, ਸੁਲਤਾਨ ਵਿੰਡ ਰੋਡ,
ਅੰਮ੍ਰਿਤਸਰ-143006

 

ਅੰਮ੍ਰਿਤਪਾਲ ਕੌਰ

ਅੰਮ੍ਰਿਤਪਾਲ ਕੌਰ
ਮਕਾਨ ਨੰ. 2586/20,
ਗਲੀ ਨੰ. 4, ਉਤਮ ਨਗਰ, ਸੁਲਤਾਨ ਵਿੰਡ ਰੋਡ,
ਅੰਮ੍ਰਿਤਸਰ-143006

ਅੰਮ੍ਰਿਤਪਾਲ ਕੌਰ

ਅੰਮ੍ਰਿਤਪਾਲ ਕੌਰ ਮਕਾਨ ਨੰ. 2586/20, ਗਲੀ ਨੰ. 4, ਉਤਮ ਨਗਰ, ਸੁਲਤਾਨ ਵਿੰਡ ਰੋਡ, ਅੰਮ੍ਰਿਤਸਰ-143006

View all posts by ਅੰਮ੍ਰਿਤਪਾਲ ਕੌਰ →