ਬਾਬਾ ਘੜ੍ਹੰਮ ਚੌਧਰੀ ਨੇ ਪੂਰੇ ਪੈਂਤੀ ਸਾਲ ਵਲਾਇਤ ਵਿਚ ‘ਤਪੱਸਿਆ’ ਕੀਤੀ। ਫ਼ਾਉਂਡਰੀਆਂ ਵਿਚ ਕੰਮ ਕੀਤਾ। ਲੱਕੜ ਦੀ ਫ਼ੈਕਟਰੀ ਵਿਚ ਫ਼ੱਟੇ ਚੁੱਕੇ। ਗੱਲ ਕੀ ਹਰ ਕੁੱਤਾ ਕੰਮ ਕੀਤਾ। ਪਰ ਬਾਬਾ ਪੜ੍ਹਨ-ਲਿਖਣ ਦੀ ਲੱਗੀ ਬੁਰੀ ‘ਲੱਤ’ ਤੋਂ ਖਹਿੜ੍ਹਾ ਨਾ ਛੁਡਾ ਸਕਿਆ। ਪਿੰਡ ਹੁੰਦਿਆਂ ਬਾਬਾ ਜੁਆਨੀ ਵਿਚ, ਮੁੰਡਿਆਂ ਖੁੰਡਿਆਂ ਨਾਲ ਸੱਥ ਵਿਚ ਬੈਠ ਇਸ਼ਕ ਨਾਲ ਸਬੰਧਿਤ ‘ਚਿੱਠੇ’ ਪੜ੍ਹਦਾ ਹੁੰਦਾ। ਵਾਰਿਸ ਸ਼ਾਹ ਦੀ ਹੀਰ ਬਾਬੇ ਦੇ ਮੂੰਹ-ਜੁਬਾਨੀ ਯਾਦ ਸੀ। ਵਲਾਇਤ ਪਹੁੰਚ ਬਾਬਾ ਚਿੱਠਿਆਂ ਵੱਲੋਂ ਤਾਂ ‘ਨੰਗ’ ਹੋ ਗਿਆ। ਪਰ ਆਪਣੀ ਰੱਸਾ ਚੱਬਣ ਦੀ ਆਦਤ ਪੂਰੀ ਕਰਨ ਲਈ ਬਾਹਰ ਛਪਦੀਆਂ ਪੰਜਾਬੀ ਹਫ਼ਤਾਵਰ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ ਕਾਲਜਾ ਧਾਫੜ ਲੈਂਦਾ। ਜਦ ‘ਤੱਤੀਆਂ’ ਖ਼ਬਰਾਂ ਤੋਂ ਮਨ ਅੱਕ ਜਾਂਦਾ ਤਾਂ ਬਾਬਾ ਆਪ ਮਾੜੀ ਮੋਟੀ ਤੁੱਕਬੰਦੀ ਕਰ ਕੇ ਕੋਈ ਕਵਿਤਾ ਝਰੀਟ ਲੈਂਦਾ ਸੀ।
ਪੈਂਤੀ ਸਾਲਾਂ ਦੇ ਪ੍ਰਵਾਸੀ ਜੀਵਨ ਦੌਰਾਨ ਬਾਬੇ ਨੇ ਆਪਣੀਆਂ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਪੱਲਿਓਂ ਪੈਸੇ ਦੇ ਕੇ ਅਤੇ ਪਬਲਿਸ਼ਰਾਂ ਦੇ ਛਿੱਤਰ ਚੱਟ ਕੇ ਛਪਵਾਈਆਂ। ਹੁਣ ਬਾਬਾ ਤਿੰਨ ਕਿਤਾਬਾਂ ਛਪਣ ਤੋਂ ਬਾਅਦ ਆਪਣੇ ਆਪ ਨੂੰ ਪੂਰਨ ਤੌਰ ‘ਤੇ ਸਾਹਿਤਕਾਰ ਸਮਝ, ਕੋਹੜ ਕਿਰਲੇ ਵਾਂਗ ਆਕੜਿਆ ਫਿਰਦਾ ਸੀ। ਜਦ ਕਿਸੇ ਕਵੀ-ਦਰਬਾਰ ਵੱਲੋਂ ਬਾਬੇ ਨੂੰ ਕੋਈ ਸੱਦਾ-ਪੱਤਰ ਆ ਜਾਂਦਾ ਤਾਂ ਬਾਬੇ ਦੀ ਮੂਲੀ ਵਰਗੀ ਧੌਣ ਗੰਧਾਲੇ ਵਾਂਗ ਤਣ ਜਾਂਦੀ। ਕਵੀ-ਦਰਬਾਰ ਵਿਚ ਪੜ੍ਹਨ ਵਾਲੀ ਕਵਿਤਾ ਨੂੰ ਬਾਬਾ ਕਈ-ਕਈ ਦਿਨ ਪਹਿਲਾਂ ਹੀ ਰਿੜਕਣਾ ਸੁਰੂ ਕਰ ਦਿੰਦਾ ਅਤੇ ਨੀਯਤ ਦਿਨ ਤੱਕ ਵਿਚਾਰੀ ਕਵਿਤਾ ਦੀ ਮਿੱਝ ਕੱਢ ਕੇ ਹੱਟਦਾ। ਕਵੀ-ਦਰਬਾਰ ਵਾਲੇ ਦਿਨ ਬਾਬਾ ਆਪਣੀ ਮੁਰੱਬੇਬੰਦੀ ਕੀਤੀ ਹੋਈ ਦਾਹੜ੍ਹੀ ਨੂੰ ਸੇਫ਼ਟੀ ਨਾਲ ਕਈ-ਕਈ ਵਾਰ ਝਰੀਟਦਾ ਅਤੇ ਕਾਟੋ ਦੀ ਪੂਛ ਵਰਗੀਆਂ ਮੁੱਛਾਂ ਨੂੰ ਫ਼ਿਕਸੋ ਲਾ ਕੇ ਕਿੱਕਰ ਦੀ ਸੂਲ ਵਾਂਗ ਤਿੱਖੀਆਂ ਕਰਦਾ ਸੀ। ਜਦ ਮੁੱਛਾਂ ਨੂੰ ਕਦੀ ਫ਼ਿਕਸੋ ਨਸੀਬ ਨਾ ਹੁੰਦੀ ਤਾਂ ਮੁੱਛਾਂ ਪੰਜਾਲੀ ਦੀਆਂ ਅਰਲੀਆਂ ਵਾਂਗ ਬਾਬੇ ਦੇ ਮੂੰਹ ‘ਤੇ ਅਠਖੇਲੀਆਂ ਕਰਦੀਆਂ ਰਹਿੰਦੀਆਂ।
ਹੁਣ ਬਾਬਾ ਆਪਣੀ ਤਪੱਸਿਆ ਪੂਰੀ ਕਰਨ ਤੋਂ ਬਾਅਦ ਪੈਨਸ਼ਨ ਲੈ ਕੇ ਪਿੰਡ ਆ ਗਿਆ ਸੀ। ਪਿੰਡ ਕਰਨ ਨੂੰ ਤਾਂ ਕੋਈ ਕੰਮ ਨਹੀਂ ਸੀ। ਬਾਬੇ ਨੇ ਸੋਚਿਆ ਕਿ ਕਿਉਂ ਨਾ ‘ਪੈਨਸ਼ਨ’ ਹੋਏ ਲੇਖਕਾਂ ਅਤੇ ਕਵੀਆਂ ਦਾ ਹਰ ਤੀਜੇ ਮਹੀਨੇ ਸਨਮਾਨ ਕੀਤਾ ਜਾਇਆ ਕਰੇ? ਨਾਲੇ ਉਹਨਾਂ ਦਾ ਵਕਤ ਪਾਸ ਹੋ ਜਾਇਆ ਕਰੇਗਾ, ਨਾਲੇ ਮੇਰੀ ਰਾਲ-ਬੋਲ ਬਣੀ ਰਿਹਾ ਕਰੂ! ਇੱਕ ਮੋਰੀ ਦੋ ਡਾਕੇ। ਪਹਿਲਾਂ ਤਾਂ ਬਾਬੇ ਨੇ ਸੋਚਿਆ ਕਿ ਕਿਉਂ ਨਾ ਕੁਝ ਨੌਜਵਾਨ ਲੇਖਕ ਬੁਲਾ ਕੇ ਵੀ ਸਨਮਾਨ ਦਿੱਤਾ ਜਾਵੇ? ਪਰ ਫਿਰ ਬਾਬੇ ਦੇ ਮਨ ਨੇ ਦਲੀਲ ਪੇਸ਼ ਕੀਤੀ ਕਿ ਨੌਜਵਾਨ ਲੇਖਕਾਂ ਕੋਲ ਹੋਰ ਬਥੇਰ੍ਹੇ ਕਾਰਜ ਹਨ, ਜਿਵੇਂ: ਬੇਰੁਜ਼ਗਾਰ ਦਫ਼ਤਰਾਂ ਦੇ ਚੱਕਰ ਮਾਰਨੇ, ਬਰੈੱਡਾਂ ‘ਤੇ ਆਇਓਡੈਕਸ ਲਾ ਕੇ ਛਕਣਾ, ਬੱਸ ਸਟੈਂਡਾਂ ‘ਤੇ ਅੱਖਾਂ ਤੱਤੀਆਂ ਕਰਨੀਆਂ, ਕੁੜੀਆਂ ਚਿੜੀਆਂ ਜਾਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਪੱਤਰ ਲਿਖਣੇ, ਐਮ ਏ ਬੀ ਐੱਡਾਂ ਕਰਨ ਤੋਂ ਬਾਅਦ ਵੀ ਕਲਰਕੀ ਦੀ ਨੌਕਰੀ ਲਈ ਧੱਕੇ ਖਾਣੇ, ਨੌਕਰੀ ਨਾ ਮਿਲਣ ਕਰਕੇ ਘਰਦਿਆਂ ਨਾਲ ਖਹਿਣਾ… ਆਦਿ! ਨੌਜਵਾਨਾਂ ਕੋਲ ਤਾਂ ਅਜਿਹੇ ਕੰਮ ਸਮਾਂ ਧੱਕਣ ਲਈ ਬਹੁਤ ਹਨ। ਸੁੱਕੇ ਤਾਂ ਵਿਚਾਰੇ ਬਜੁਰਗ ਲੇਖਕ ਪਏ ਹਨ। ਇਹਨਾਂ ਦਾ ਜ਼ਰੂਰ ਪੁੰਨ ਖੱਟਿਆ ਜਾਵੇ। ਨਾਲੇ ਪੁੰਨ ਨਾਲੇ ਫ਼ਲੀਆਂ!
ਕੁਝ ਕੁ ਮਹੀਨਿਆਂ ਦੇ ਤੋਰੇ ਫੇਰੇ ਨਾਲ ਬਾਬੇ ਨੇ “ਬਜੁਰਗ ਸਾਹਿਤ ਸਭਾ” ਤਿਆਰ ਕਰ ਲਈ ਅਤੇ ਆਪ ਪ੍ਰਧਾਨ ਬਣ ਗਿਆ। ਖੇਤਾ ਸਿੰਘ ‘ਪੋਰ’ ਨੂੰ ਜਨਰਲ ਸਕੱਤਰ ਅਤੇ ਮੱਲ ਸਿੰਘ ‘ਦਰਵੇਸ਼’ ਨੂੰ ਮੀਤ ਪ੍ਰਧਾਨ ਥਾਪਿਆ ਗਿਆ। ਗੁਰਪ੍ਰੀਤ ਸਿੰਘ ਘੜ੍ਹੀਸਵਾਲ ਨੂੰ ਸਲਾਹਕਾਰ ਨਿਯੁਕਤ ਕਰ ਲਿਆ। ਸਾਰਿਆਂ ਨੇ ਇੱਕ ਤੂਫ਼ਾਨੀ ਮੀਟਿੰਗ ਕੀਤੀ ਅਤੇ ਅਤੇ ਕੁਝ ਕੁ ਨਾਮਵਰ ਲੇਖਕਾਂ ਨੂੰ ਸੱਦਾ-ਪੱਤਰ ਲਿਖ ਦਿੱਤਾ। ਬਾਬਾ, ਤੇਜਾ ਸਿੰਘ ਤੇਜ ਪਟੋਲ੍ਹੇ ਵਾਲਾ, ਟਾਬੂ ਸਿੰਘ ਦਸ਼ਾ, ਸਾਗਰ ਸਿੰਘ ਲਾਟਕੱਢ ਅਤੇ ਬਸੰਤਰ ਸਿੰਘ ਬੱਤੀ ਉਗੀਸ ਨੂੰ ਬੁਲਾਉਣ ਲਈ ਬਜ਼ਿਦ ਸੀ। ਕਿਉਂਕਿ ਬਾਬਾ ਇਹਨਾਂ ਲੇਖਕਾਂ ਨੂੰ ਵਲਾਇਤ ਵਿਚ ਮਿਲ ਚੁੱਕਾ ਸੀ। ਖ਼ੈਰ! ਬਾਬੇ ਦੀ ਜੁਆਕਾਂ ਵਾਲੀ ‘ਰਿਹਾੜ੍ਹ’ ਦੇਖ ਕੇ ਸਾਰੀ ਸਾਹਿਤ ਸਭਾ ਨੇ ਉਪਰੋਕਤ ਸਾਹਿਤਕਾਰਾਂ ਨੂੰ ਬੁਲਾਉਣਾ ਮੰਨ ਲਿਆ।
ਮੁਕੱਰਰ ਕੀਤੀ ਹੋਈ ਤਾਰੀਖ਼ ‘ਤੇ ਸਾਰੇ ਬਜੁਰਗ ਲੇਖਕ ਬਾਬੇ ਦੇ ਘਰੇ ਮੱਕੀ ਦੇ ਗੁੱਲਾਂ ਵਾਂਗ ਆ ਡਿੱਗੇ। ਉਹ ਮਾੜੇ ਗੱਡੇ ਵਾਂਗ ਚੂਕ ਜਿਹੇ ਰਹੇ ਸਨ। ਕਿਸੇ ਨੂੰ ਦਮਾਂ ਸੀ, ਕਿਸੇ ਦਾ ਲੱਕ ਨਹੀਂ ਹਿਲਦਾ ਸੀ, ਕੋਈ ਗਠੀਏ ਦਾ ਮਰੀਜ਼ ਸੀ ਅਤੇ ਕੋਈ ਜੋੜਾਂ ਦੇ ਦਰਦਾਂ ਵੱਲੋਂ ਦੁਖੀ ਸੀ। ਸਾਰੇ ਸਾਹਿਤਕ-ਸਫ਼ਰ ਦੌਰਾਨ ਸੁੱਖ ਨਾਲ ਉਹਨਾਂ ਨੇ ਇਹੀ ਕੁਝ ਤਾਂ ਖੱਟਿਆ ਸੀ। ਨੰਗਪੁਣੇ ਦੀ ਨੇਕ-ਨਾਮੀਂ ਉਹਨਾਂ ਨੂੰ ਆਪਣੇ ਲਿਖਣ ਦੇ ਹੁਨਰ ਕਾਰਨ ਮਿਲੀ ਸੀ। ਸਾਰੇ ਲੇਖਕ ਬਾਬੇ ਦੇ ਵਿਹੜੇ ਵਿਚ ਡਹੇ ਮੰਜਿਆਂ ‘ਤੇ ਪੈਂਚਰ ਜਿਹੇ ਹੋਏ ਪਏ ਸਨ। ਬਾਬੇ ਦਾ ਘਰ, ਸਾਹਿਤ ਸਭਾ ਦੇ ਪ੍ਰਧਾਨ ਦਾ ਘਰ ਨਹੀਂ, ਕਿਸੇ ਹਸਪਤਾਲ ਦਾ ਭੁਲੇਖਾ ਪਾਉਂਦਾ ਸੀ। ਚਾਹ ਪਾਣੀ ਦੀ ਸੇਵਾ ਲਈ ਬਾਬੇ ਨੇ ਪਿੰਡ ਵਿਚੋਂ ਇਕ ਮਜ੍ਹਬਣ ਬੀਬੀ ਰੱਖੀ ਹੋਈ ਸੀ। ਜਦ ਉਹ ਚਾਹ ਫੜਾਉਣ ਆਈ ਤਾਂ ਗੁਰਪ੍ਰੀਤ ਸਿੰਘ ਘੜ੍ਹੀਸਵਾਲ ਤੋਂ ਰਿਹਾ ਨਾ ਗਿਆ ਤਾਂ ਉਹਨੇ ਪੈਂਦੀ ਸੱਟੇ ਹੀ ਪੁੱਛ ਲਿਆ, “ਪ੍ਰਧਾਨ ਸਾਹਿਬ ਇਹ ਬੀਬੀ ਆਪਣੀ ਧਰਮ ਪਤਨੀ ਹੈ?” ਤਾਂ ਬਾਬਾ ਮੰਜੇ ਤੋਂ ਇੱਕ ਦਮ ਰੇਲ ਦੇ ਸਿਗਨਲ ਵਾਂਗ ਖੜ੍ਹਾ ਹੋ ਗਿਆ ਅਤੇ ਬੋਲਿਆ:
“ਕਿਹੜਾ ਨਗਰ ਐ ਸਾਹਿਤਕਾਰ ਜੀ ਆਪਣਾ?”
-“ਲੋਪੋ ਐ ਪ੍ਰਧਾਨ ਸਾਹਿਬ!”
-“ਜਿਥੋਂ ਦੀ ਪ੍ਰਤਾਪੀ ਸੀ?”
-“ਹਾਂ ਜੀ!”
-“ਤੇਰੇ ਵੀ ਭਾਈ ਛੋਟਿਆ ਕੋਈ ਵੱਸ ਨਹੀਂ-ਮਿੱਟੀ ਦਾ ਰੰਗ ਬੰਦੇ ਨੂੰ ਚੜ੍ਹਦਾ ਹੀ ਐ-ਭਾਈ ਸਾਰੇ ਸੁਣ ਲਓ ਹੁਣ!” ਬਾਬੇ ਨੇ ਬੇਥ੍ਹਵਾ ਹੱਥ ਹਵਾ ਵਿਚ ਲਹਿਰਾਇਆ, “ਇਹ ਬੀਬੀ ਪਿੰਡ ‘ਚੋਂ ਮੈ ਰੋਟੀ ਟੁੱਕ ਪਕਾਉਣ ‘ਤੇ ਰੱਖੀ ਹੋਈ ਐ-ਇਸ ਦਾ ਨਾਂ ਐਂ ਬੀਬੀ ਪ੍ਰਸਿੰਨ ਕੌਰ ਦੁਖੀ!” ਬਾਬੇ ਦੇ ਕਹਿਣ ‘ਤੇ ਸਾਰੇ ‘ਵਾਹ! ਵਾਹ!’ ਕਰ
ਉਠੇ।
-“ਸਾਹਿਤਕਾਰ ਦੇ ਘਰੇ ਨੌਕਰ ਵੀ ਸਾਹਿਤਕਾਰਾਂ ਦੇ ਨਾਵਾਂ ਵਾਲੇ ਹੁੰਦੇ ਐ।” ਤੇਜਾ ਸਿੰਘ ਤੇਜ ਪਟੋਲ੍ਹੇ ਵਾਲੇ ਦੇ ਆਖਣ ‘ਤੇ ਹਾਸੜ ਪੈ ਗਈ।
ਚਾਹ ਪੀਣ ਉਪਰੰਤ ਬਾਬੇ ਨੇ ਇੱਕ ਪੁਰਾਣੇ ਖੱਦਰ ਦੇ ਪਰਨੇ ਉਪਰ ਲਿਖਵਾਇਆ, “ਬਜੁਰਗ ਸਾਹਿਤ ਸਭਾ ਵੱਲੋਂ ਜੀ ਆਇਆਂ” ਦਿਖਾਇਆ ਤਾਂ ਟਾਬੂ ਸਿੰਘ ਦਸ਼ਾ ਜੀ ਬੋਲੇ, “ਪ੍ਰਧਾਨ ਸਾਹਿਬ ਤੁਸੀਂ ਇਹ ਪੁਰਾਣੇ ਖੱਦਰ ਦੇ ਪਰਨੇ ‘ਤੇ ਆਪਣੀ ਸਾਹਿਤ ਸਭਾ ਦਾ ਨਾਂ ਲਿਖਵਾਈ ਫਿਰਦੇ ਹੋ-ਕਿਸੇ ਚੱਜ ਦੇ ਲੀੜੇ ‘ਤੇ ਲਿਖਵਾ ਲੈਂਦੇ-ਰੁਪਈਆ ਰੁਪਈਆ ਅਸੀਂ ਪਾ ਦਿੰਦੇ?”
ਬਾਬਾ ਹੱਸ ਪਿਆ।
-“ਨਵੇਂ ਕੱਪੜਿਆਂ ‘ਤੇ ਸੁਨਿਹਰੀ ਅੱਖਰਾਂ ਵਿਚ ਨਾਂ ਲਿਖਵਾਉਣਗੇ ਨਵੇਂ ਸਾਹਿਤਕਾਰ-ਆਪਾਂ ਤਾਂ ਜਿਹੋ ਜਿਹੀ ਟੈਰ ਉਹੋ ਜੇ ਫੁੱਲ-ਜਿਹੋ ਜਿਹੀ ਬੁੱਢੀ ਸਾਹਿਤ ਸਭਾ ਉਹੇ ਜਿਹੇ ਬੋਡੇ ਲੀੜੇ ‘ਤੇ ਨਾਂ!”
-“ਬਿਲਕੁਲ ਦਰੁਸਤ!” ਸਾਰੇ ਸੰਤੁਸ਼ਟ ਹੋ ਗਏ।
ਪ੍ਰੋਗਰਾਮ ਸੁਰੂ ਹੋਇਆ ਤਾਂ ਬਾਬਾ ਉਠ ਕੇ ਭਾਸ਼ਨ ਝਾੜਨ ਲੱਗ ਪਿਆ।
-“ਲਓ ਬਈ ਭੈਣੋ ਭਰਾਵੋ ਤੇ ਜੁੰਡੀ ਦੇ ਯਾਰੋ!” ਬਾਬੇ ਦੇ ਕਹਿਣ ‘ਤੇ ਤੇਜ ਪਟੋਲ੍ਹੇ ਵਾਲਾ ਬੋਲ ਉਠਿਆ, “ਪ੍ਰਧਾਨ ਸਾਹਿਬ ਇੱਥੇ ਤਾਂ ਸਾਰੇ ਜੁੰਡੀ ਦੇ ਯਾਰ ਈ ਐ-ਭੈਣ ਤਾਂ ਕੋਈ ਹੈ ਨਹੀਂ!”
-“ਪ੍ਰਸਿੰਨ ਕੌਰ ਦੁਖੀ ਨੂੰ ‘ਵਾਜ ਮਾਰਲੋ-ਉਹ ਕਿਹੜਾ ਅੰਦਰ ਫੁਲਕਾਰੀ ਕੱਢਦੀ ਐ?” ਲੋਪੋ ਵਾਲਾ ਘੜ੍ਹੀਸਵਾਲ ਬੋਲਿਆ।
ਨਗ ਪੂਰਾ ਕਰਨ ਲਈ ਪ੍ਰਸਿੰਨੀ ਬੁਲਾ ਲਈ।
ਬਾਬੇ ਨੇ ਸੂਈ ਫਿਰ ਤਵੇ ‘ਤੇ ਧਰ ਲਈ।
-“ਲਓ ਜੀ! ਪਹਿਲਾਂ ਹੀ ਸਾਰੇ ਸਾਹਿਤਕਾਰ ਆਪਣੇ ਨਾਂ, ਪਤੇ, ਰਚਨਾਵਾਂ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਸਾਡੇ ਸਕੱਤਰ ਸ੍ਰ’ ਖੇਤਾ ਸਿੰਘ ਜੀ ‘ਪੋਰ’ ਨੂੰ ਲਿਖਾ ਹੀ ਚੁੱਕੇ ਹਨ-ਇਹ ਤੁਹਾਡੀ ਜਾਣਕਾਰੀ ਸਾਰੇ ਸਾਡੇ ਸਾਹਿਤਕਾਰਾਂ ਨਾਲ ਕਰਵਾਉਣਗੇ-ਕਹਾਣੀਆਂ ਕਵਿਤਾਵਾਂ ਦੇ ਪਾਠ ਮਗਰੋਂ ਹਰ ਸਾਹਿਤਕਾਰ ਨੂੰ ਲੋੜੀਂਦਾ ਇਨਾਮ
ਦਿੱਤਾ ਜਾਵੇਗਾ-ਸੋ ਲਓ ਸਾਡੇ ‘ਪੋਰ’ ਸਾਹਿਬ ਜੀ!” ਤਾੜੀਆਂ ਮਾਰੀਆਂ ਗਈਆਂ।
-“ਪਿਆਰੇ ਸਾਹਿਤਕਾਰ ਦੋਸਤੋ! ਹੁਣ ਮੈਂ ਆਪਣੇ ਸਾਹਿਤਕਾਰ ਸਾਥੀਆਂ ਬਾਰੇ ਜਾਣਕਾਰੀ ਦੇਵਾਂਗਾ-ਅਗਰ ਕਿਸੇ ਮੇਰੇ ਵੀਰ ਨੂੰ ਉਚੀ ਸੁਣਦਾ ਹੋਵੇ ਜਾਂ ਕਮਜ਼ੋਰੀ ਕਾਰਨ ਮੇਰੀ ਜ਼ਬਾਨ ਗੋਤਾ ਖਾ ਜਾਵੇ-ਕਿਸੇ ਗੱਲ ਦੀ ਨਾ ਸਮਝ ਲੱਗੇ-ਕ੍ਰਿਪਾ ਕਰਕੇ ਰੌਲਾ ਨਾ ਪਾਇਓ-ਕਿਉਂਕਿ ਬੁੱਢੇ ਸਾਹਿਤਕਾਰਾਂ ਦਾ ਰੌਲਾ ਸਕੂਲੀ ਬੱਚਿਆਂ
ਨਾਲੋਂ ਕਿਤੇ ਚੜਚੋਲੜ੍ਹ ਭਰਪੂਰ ਹੁੰਦੈ-ਕਿਉਂਕਿ ਉਚੀ ਜਿਉਂ ਸੁਣਦਾ ਹੁੰਦੈ! ਸੋ ਕਿਰਪਾ ਕਰਕੇ ਹੱਥ ਹੀ ਖੜ੍ਹਾ ਕਰ ਦੇਣਾ।”
ਸਾਰੇ ਸ਼ਾਂਤ ਸਨ। ਸੁਣ ਰਹੇ ਸਨ।
-“ਸਭ ਤੋਂ ਪਹਿਲਾਂ ਮੈਂ ਖੱਬਿਓਂ ਸ੍ਰ’ ਟਾਬੂ ਸਿੰਘ ਜੀ ਦਸ਼ਾ ਤੋਂ ਸੁਰੂਆਤ ਕਰਾਂਗਾ-ਦਸ਼ਾ ਜੀ ਦੀ ਸਾਹਿਤ ਜਗਤ ਨੂੰ ਬੜੀ ਦੇਣ ਐਂ-ਇਹਨਾਂ ਦਾ ਪਹਿਲਾ ਨਾਵਲ ਆਇਆ ਸੀ ‘ਕੁੱਤਿਆਂ ਵਾਲੇ ਭਰਾੜ੍ਹ’-ਪਹਿਲੇ ਨਾਵਲ ਨੇ ਹੀ ਬੜੀਆਂ ਸਿਖਰਾਂ ਛੂਹੀਆਂ ਅਤੇ ਫਿਰ ਇਹਨਾਂ ਦਾ ਦੂਜਾ ਵੱਡ-ਅਕਾਰੀ ਨਾਵਲ ਆਇਆ ‘ਅੱਧੀ ਰਾਤੋਂ
ਖੜਕਾ ਦੜਕਾ’-ਬੱਸ ਫੇਰ ਕੀ ਸੀ? ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ-ਅੱਜ ਕੱਲ੍ਹ ਇਹਨਾਂ ਦੀ ਮਾਰਕੀਟ ਵਿਚ ਸਰਦਾਰੀ ਹੈ-ਇਹ ਕਈ ਫ਼ਿਲਮਾਂ ਵੀ ਬਣਾ ਚੁੱਕੇ ਹਨ-ਇਹਨਾਂ ਦੀ ਬਹੁ-ਚਰਚਿਤ ਪੰਜਾਬੀ ਫਿਲਮ ਸੀ ‘ਕੁੱਤੀ ਯਾਰ ਦੀ’-ਕਿਆ ਸ਼ੈਅ ਥੀ!”
ਤਾੜੀਆਂ ਨਾਲ ਵਰਾਂਡਾ ਗੂੰਜ ਪਿਆ।
-“ਨਾਵਲਾਂ ਦੇ ਵਿਸ਼ਿਆਂ ਬਾਰੇ ਵੀ ਜਰੂਰ ਚਾਨਣਾ ਪਾਓ ਜੀ!” ਤੇਜ ਪਟੋਲ੍ਹੇ ਵਾਲੇ ਨੇ ਕਿਹਾ।
-“ਵਿਸ਼ਿਆਂ ਜਾਂ ਵਿਕਾਰਾਂ ਬਾਰੇ ਚਾਨਣਾ ਵਿਸਥਾਰ ਸਹਿਤ ਤਾਂ ਇਹ ਆਪ ਹੀ ਪਾ ਸਕਦੇ ਹਨ-ਪਰ ਮੈਂ ਸੰਖੇਪ ਰੂਪ ਵਿਚ ਜਰੂਰ ਕੋਸ਼ਿਸ਼ ਕਰਾਂਗਾ-ਦਸ਼ਾ ਸਾਹਿਬ ਸ਼ਾਮ ਨੂੰ ਪੀਣ ਦੇ ਬੜੇ ਹੀ ਸ਼ੌਕੀਨ ਹਨ-ਪੀ ਕੇ ਜਦ ਇਹ ਹਨ੍ਹੇਰੇ ਹੋਏ ਘਰ ਨੂੰ ਜਾਂਦੇ ਹਨ ਤਾਂ ਥੋਨੂੰ ਪਤਾ ਹੀ ਹੈ ਕਿ ਖਾਸ ਤੌਰ ‘ਤੇ ਲੰਡਰ-ਲੰਡੂ ਕੁੱਤੇ ਵੀ ਲੱਤਾਂ ਭਰਾੜ੍ਹ
ਕਰਨ ਦੇ ਸ਼ੌਕੀਨ ਹੁੰਦੇ ਹਨ-ਇਸ ਲਈ ਇਹਨਾਂ ਨੂੰ ਆਪਣੇ ਪਹਿਲੇ ਨਾਵਲ ਦਾ ਨਾਂ ‘ਕੁੱਤਿਆਂ ਵਾਲੇ ਭਰਾੜ੍ਹ’ ਰੱਖਣਾ ਪਿਆ-ਬਾਕੀ ਰਹੀ ਦੂਜੇ ਨਾਵਲ ‘ਅੱਧੀ ਰਾਤੋਂ ਖੜਕਾ ਦੜਕਾ’ ਦੀ ਗੱਲ-ਤੁਹਾਨੂੰ ਪਤਾ ਈ ਐ ਜੀ ਬਈ ਜਿਹੜਾ ਬੰਦਾ-ਖਾਸ ਤੌਰ ‘ਤੇ ਇਕ ਮਕਬੂਲ ਸਾਹਿਤਕਾਰ ਆਪਣੀ ਪਤਨੀ ਤੋਂ ਅੰਦਰੋ-ਅੰਦਰੀ ਚੁੱਪ ਚਾਪ ਛਿੱਤਰਪੌਲਾ
ਸਹਿ ਲਵੇ-ਉਸ ਦੀ ਸਹਿਣ-ਸ਼ੀਲਤਾ ਅਤੇ ਫ਼ਰਾਖ਼ਦਿਲੀ ਨੂੰ ਦਾਦ ਦੇਣੀ ਹੀ ਬਣਦੀ ਹੈ-ਚਾਹੇ ਉਪਰੋਕਤ ਗੱਲ ਇਹਨਾਂ ‘ਤੇ ਨਾ ਲਾਗੂ ਹੁੰਦੀ ਹੋਵੇ-ਪਰ ਇਹਨਾਂ ਦੇ ਮੁੱਖ-ਪਾਤਰ ਦੇ ਪੈਰੀਂ ਪੈਣ ਨੂੰ ਜੀਅ ਕਰਦਾ ਹੈ-ਅਸਲ ਵਿਚ ਇਸ ਨਾਵਲ ਦਾ ਨਾਂ ‘ਅੱਧੀ ਰਾਤ ਪੈਰ ਦਾ ਖੜਕਾ’ ਹੋਣਾ ਚਾਹੀਦਾ ਸੀ। ਚਾਹੀਦਾ ਤਾਂ ਇੰਜ ਸੀ ਬਈ ਨਾਂ ਮੁੱਖ-ਪਾਤਰ
ਅੱਧੀ ਰਾਤੋਂ ਪੈਰ ਦਾ ਖੜਕਾ ਕਰਦਾ ਅਤੇ ਨਾ ਹੀ ਘਰੇ ਘਰੇਲੂ ਯੁੱਧ ਸੁਰੂ ਹੁੰਦਾ-ਨਾ ਸੈਹਾ ਨਿਕਲਦਾ ਤੇ ਨਾ ਕੁੱਤੀ ਭੌਂਕਦੀ-ਜਿੱਥੋਂ ਤੱਕ ਫ਼ਿਲਮ ‘ਕੁੱਤੀ ਯਾਰ ਦੀ’ ਦਾ ਸਬੰਧ ਹੈ-ਇਕ ਗਰੀਬ ਆਸ਼ਕ ਨੂੰ ਮਾਸੂਕ ਦੀ ਕੁੱਤੀ ਦੰਦ ਮਾਰ ਜਾਂਦੀ ਹੈ-ਵਿਚਾਰੇ ਆਸ਼ਕ ਨੂੰ ਲੋਕਾਂ ਨਾਲ ਦਿਹਾੜੀ ਦੱਪੇ ਕਰਕੇ ਹਲਕਾਅ ਦੇ ਚੌਦਾਂ ਟੀਕੇ ਲੁਆਉਣੇ ਪੈਂਦੇ
ਹਨ-ਉਹ ਟੀਕਿਆਂ ਦਾ ਕਰਜ਼ ਲਾਹੁਣ ਲਈ
ਕਿਵੇਂ ਮਿਹਨਤ ਮਜ਼ਦੂਰੀ ਕਰਦਾ ਵੀ ਮਾਸੂਕ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ-ਫ਼ਿਲਮ ਦੀ ਕਹਾਣੀ ਬੇਮਿਸਾਲ ਹੈ…!” ਤਾੜੀਆਂ ਦੀ ਗੂੰਜ ਪੈ ਗਈ।
-“ਹੁਣ ਤੁਹਾਨੂੰ ਮੈਂ ਸ੍ਰ’ ਤੇਜਾ ਸਿੰਘ ਜੀ ਪਟੋਲ੍ਹੇ ਵਾਲੇ ਬਾਰੇ ਤੁਅੱਰਫ਼ ਕਰਵਾਵਾਂਗਾ-ਇਹਨਾਂ ਦਾ ਨਾਂ ‘ਪਟੋਲ੍ਹੇ- ਵਾਲਾ’ ਕਿਵੇਂ ਪਿਆ? ਇਕ ਬਹੁਤ ਵੱਡਾ ਰਹੱਸ ਹੈ-ਜਦੋਂ ਇਹ ਅਜੇ ਗ੍ਰਹਿਸਥੀ ਜੀਵਨ ਵਿਚ ਨਹੀਂ ਪਏ ਸਨ ਤਾਂ ਇਹਨਾਂ ਨੂੰ ਇਹਨਾਂ ਦੀ ਮਹਿਬੂਬਾ ਨੇ ਇੱਕ ਰੁਮਾਲ ਭੇਂਟ ਕੀਤਾ ਸੀ-ਕੁਛ ਅਰਸੇ ਬਾਅਦ ਉਹ ਇਹਨਾਂ ਨੂੰ
ਠੁੱਠ ਦਿਖਾ ਕੇ ਕਿਤੇ ਹੋਰ ਤੁਰ ਗਈ-ਬੱਸ ਇਹਨਾਂ ਨੇ ਉਸ ਰੁਮਾਲ ਨਾਲ ਨਜ਼ਲਾ ਅਤੇ ਹੰਝੂ ਪੂੰਝੇ-ਰੁਮਾਲ ਨੂੰ ਧੋਣ ਨੂੰ ਤਾਂ ਕੁਦਰਤੀਂ ਇਹਨਾਂ ਕੋਲ ਇਤਨਾ ਸਮਾਂ ਹੀ ਨਹੀਂ ਸੀ-ਫਿਰ ਇਹ ਵਲਾਇਤ ਪੁੱਜ ਕੇ ਮਾਂ-ਭੂਮੀ ਦੇ ਹੇਰਵੇ ‘ਚ ਰੋਂਦੇ ਰਹੇ-ਰੁਮਾਲ ਨੇ ਇਹਨਾਂ ਦਾ ਸਾਰਾ ਹੇਰਵਾ ਆਪਣੀ ਛਾਤੀ ਵਿਚ ਸਮਾਇਆ-ਫਿਰ ਵਲਾਇਤ ਦੇ ਭਾਰੇ ਭਾਰੇ
ਕੰਮ ਕਰਦੇ ਰੋਂਦੇ ਰਹਿੰਦੇ-ਨਲੀ ਸੁਣਕਦੇ ਰਹਿੰਦੇ-ਰੁਮਾਲ ਦੀ ਪੂਰਨ ਹਮਦਰਦੀ ਇਹਨਾਂ ਦੇ ਸਾਥ ਰਹੀ-ਫੇਰ ਇਹਨਾਂ ਹੱਥ ਹੌਲੀ ਹੌਲੀ ਕਲਮ ਆ ਗਈ-ਕਵਿਤਾਵਾਂ ਲਿਖਦੇ ਲਿਖਦੇ ਜਜ਼ਬਾਤੀ ਹੋ ਕੇ ਦਿਲ ਹੌਲਾ ਕਰਦੇ ਤਾਂ ਵੀ ਰੁਮਾਲ ਇਹਨਾਂ ਦੀਆਂ ਨਾਸਾਂ ਮੂਹਰੇ ਹੀ ਹੁੰਦਾ ਸੀ-ਫਿਰ ਕੋਈ ਪਬਲਿਸ਼ਰ ਇਹਨਾਂ ਦੀ ਕਿਤਾਬ ਨਾ ਛਾਪੇ-ਰੋਣ ਧੋਣ ਤੋਂ
ਬਾਅਦ ਫਿਰ ਕਵੱਖਤੀ ਰੁਮਾਲ ਦੀ-ਗੱਲ ਕੀ ਜੀ ਇਹਨਾਂ ਨੇ ਆਪਣਾ ਤੇ ਰੁਮਾਲ ਨੇ ਆਪਣਾ ਕਰਤੱਵ ਨਹੀਂ ਛੱਡਿਆ-ਨਜ਼ਲੇ ਅਤੇ ਹੰਝੂਆਂ ਦਾ ਇਤਨਾ ਹੜ੍ਹ ਸੰਭਾਲਣ ਦੇ ਬਾਵਜੂਦ ਵੀ ਇਹਨਾਂ ਨੇ ਰੁਮਾਲ ਨਹੀਂ ਧੋਤਾ-ਰੁਮਾਲ ਜੁੜਦਾ ਆਕੜਦਾ ਇੱਕ ਤਰ੍ਹਾਂ ਨਾਲ ‘ਪਟੋਲ੍ਹੇ’ ਦਾ ਰੂਪ ਹੀ ਧਾਰਨ ਕਰ ਗਿਆ-ਅਰਥਾਤ ਹੁਣ ਪੂਰਾ ਜੋਰ ਲਾਉਣ ‘ਤੇ
ਵੀ ਨਹੀਂ ਖੁੱਲ੍ਹਦਾ-ਆਹ ਦੇਖ ਲਓ ਹੁਣ ਵੀ ਭਿੱਜੇ ਚੂਹੇ ਵਾਂਗ ‘ਪਟੋਲ੍ਹੇ’ ਨੂੰ ਆਪਣੇ ਹੱਥਾਂ ਵਿਚ ਘੁੱਟੀ ਬੈਠੇ ਹਨ—!”
-“ਵਾਹ! ਕੀ ਲੈਣ ਦੇਣ ਦੇ ਸਬੰਧ ਨੇ!” ਤਾੜੀਆਂ ਫਿਰ ਗੂੰਜ ਉਠੀਆਂ।
-“ਇਹਨਾਂ ਦੀਆਂ ਤਿੰਨ ਕਿਤਾਬਾਂ ਬੁੱਢੀ ਘੋੜੀ ਲਾਲ ਲਗਾਮਾਂ, ਟੁੱਕੇ ਬੇਰ ਮਾਸੂਕ ਦੇ ਅਤੇ ਟੁੱਟ ਪੈਣੇ ਨੇ ਬਲੌਰੀ ਅੱਖ ਮਾਰੀ ਛਪ ਚੁੱਕੀਆਂ ਹਨ ਅਤੇ ਨਕਲੀ ਦੰਦ ਗੁਆਚ ਗਏ ਛਪਾਈ ਅਧੀਨ ਹੈ।”
-“ਹਲਾ ਜੀ ਹਲਾ।”
-“ਹੁਣ ਵਾਰੀ ਹੈ ਸਾਡੇ ਸ੍ਰ’ ਸਾਗਰ ਸਿੰਘ ਜੀ ਲਾਟਕੱਢ ਹੋਰਾਂ ਦੀ-ਇਹਨਾਂ ਨੇ ਕੁਝ ਕੁ ਕਹਾਣੀਆਂ ਹੀ ਲਿਖੀਆਂ ਹਨ-ਜੋ ਅੱਧ-ਪਚੱਧ ਤਾਂ ਕਿਤੇ ਛਪ ਗਈਆਂ ਅਤੇ ਅੱਧ-ਪਚੱਧ ਸੰਪਾਦਕਾਂ ਦੀ ਰੱਦੀ ਦਾ ਸ਼ਿਕਾਰ ਹੁੰਦੀਆਂ ਰਹੀਆਂ-ਫਿਰ ਵੀ ਇਹਨਾਂ ਨੇ ਮੁੱਖੋਂ ‘ਸੀ’ ਨਹੀਂ ਉਚਾਰੀ-ਤਿੰਨ ਸ਼ਾਦੀਆਂ ਕਰਨ ਦੇ ਬਾਵਜੂਦ ਵੀ ਇਹ ਉਠ
ਦੀ ਪੂਛ ਵਰਗੇ ਇਕੱਲੇ ਹੀ ਹਨ-ਇਹ ਸ਼ਾਦੀ ਰਚਾ ਕੇ ਘਰ ਵਸਾਉਂਦੇ ਰਹੇ-ਪਰ ਅਗਲੀਆਂ ਇਹਨਾਂ ਦਾ ਘਰ ਉਜਾੜ ਕੇ ਡੰਡੀ ਪੈਂਦੀਆਂ ਰਹੀਆਂ-ਇਹਨਾਂ ਨੇ ਫਿਰ ਵੀ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਿਆਂ-ਇਹਨਾਂ ਦਾ ਹਿਰਦਾ ਇਤਨਾਂ ਵਿਸ਼ਾਲ ਹੋਣ ਕਾਰਨ ਇਹਨਾਂ ਦਾ ਨਾਂ ਸਾਗਰ ਸਿੰਘ ਪੈ ਗਿਆ-ਪਰ ਜਦੋਂ ਇਹਨਾਂ ਨੇ ਪੈਲੀ ਦਾ ਵਿੱਘਾ ਵੇਚ
ਕੇ ਕਿਤਾਬ ਛਪਵਾਉਣੀ ਚਾਹੀ ਤਾਂ ਇਹਨਾਂ ਨਾਲ ਫਿਰ ਅਨਰਥ ਹੋਇਆ-ਪਬਲਿਸ਼ਰ ਨੇ ਇਹਨਾਂ ਦਾ ਖਰੜਾ ਕਿਸੇ ਅਨਾੜੀ ਲੇਖਕ ਤੋਂ ਗੱਫ਼ਾ ਲੈ ਕੇ ਉਸ ਦੇ ਨਾਂ ‘ਤੇ ਛਾਪ ਦਿੱਤਾ-ਇਹਨਾਂ ਦਾ ਖਰੜਾ ਅਤੇ ਰੁਪਏ ਲੱਗ ਗਏ ਲੇਖੇ-ਰੰਨ ਗਈ ਨਾਲੇ ਕੰਨ ਪਾਟੇ-ਉਦੋਂ ਦੇ ਇਹ ਕਦੇ ਕਦੇ ਆਖ ਦਿੰਦੇ ਹਨ ਕਿ ਖਰੜੇ ਬਾਰੇ ਸੋਚ ਕੇ ਮੇਰੇ ਅੰਦਰੋਂ ਲਾਟ
ਉਠਦੀ ਹੈ-ਬੱਸ ਉਦੋਂ ਤੋਂ ਇਹਨਾਂ ਦੇ ਨਾਂ ਸਾਗਰ ਸਿੰਘ ਨਾਲ ‘ਲਾਟਕੱਢ’ ਜੁੜ ਗਿਆ।”
-“……..।” ਇੱਕ ਅਜ਼ੀਬ ਚੁੱਪ ਸੀ।
-“ਇਹ ਨੇ ਸਾਡੇ ਬਸੰਤਰ ਸਿੰਘ ਜੀ ‘ਬੱਤੀ-ਉਗੀਸ’ ਉਰਫ਼ ‘ਗੁੱਲ ਸਾਹਿਬ’। ਇਹਨਾਂ ਦਾ ਅਸਲ ਨਾਂ ਤਾਂ ਬਸੰਤ ਸਿੰਘ ਸੀ। ਪਰ ਜਦੋਂ ਦਾ ਇਹਨਾਂ ਨੇ ਆਲੋਚਕਾਂ ਵਿਚ ਪੈਰ ਧਰਿਆ ਹੈ-ਸਾਹਿਤਕਾਰਾਂ ਨੇ ਇਹਨਾਂ ਦਾ ਨਾਂ ਬਸੰਤਰ ਸਿੰਘ ਰੱਖ ਦਿੱਤਾ-ਇਹਨਾਂ ਦੀ ਆਲੋਚਨਾ ਵਿਚ ਇਤਨਾ ਕੁ ਦਮ ਹੈ ਕਿ ਜਿਸ ਵੱਲ ਦੀਵੇ ਦੀ
ਬੱਤੀ ਉਗੀਸ ਦੇਣ ਉਹਨੂੰ ਅਸਮਾਨੀਂ ਚਾੜ੍ਹ ਦੇਣਗੇ ਤੇ ਜੇ ਇਹ ਕਿਸੇ ‘ਤੇ ਕਰੋਧੀ ਹੋ ਜਾਣ ਤਾਂ ਅਗਲੇ ਦਾ ਦੀਵਾ ‘ਗੁੱਲ’! ਜਿਹਨਾਂ ਦੇ ਬੇੜੇ ਇਹਨਾਂ ਨੇ ਪਾਰ ਲਾਏ ਹਨ-ਉਹ ਇਹਨਾਂ ਨੂੰ ‘ਬੱਤੀ-ਉਗੀਸ’ ਕਹਿ ਕੇ ਵਡਿਆਉਂਦੇ ਹਨ-ਅਤੇ ਜਿਹਨਾਂ ਨੂੰ ਇਹਨਾਂ ਨੇ ਖ਼ਤਾਨੀ ਸੁੱਟਿਐ-ਉਹ ਵੀ ਇਹਨਾਂ ਨੂੰ ‘ਗੁੱਲ-ਸਾਹਿਬ’ ਆਖ ਕੇ ਸਤਿਕਾਰਦੇ
ਹਨ-ਕਹਿਣ ਦਾ ਭਾਵ ਸਾਰੇ ਪਾਸੀਂ ਹੀ ਇਹਨਾਂ ਦਾ ‘ਤੂਤਾ’ ਬਰਕਰਾਰ ਹੈ-।”
‘ਆਲੋਚਕ’ ਦਾ ਨਾਂ ਸੁਣ ਕੇ ਸਾਰਿਆਂ ਨੇ ਮੱਝ ਨੂੰ ਥਾਪੀਆਂ ਮਾਰਨ ਵਾਂਗ ਤਾੜੇ ਵਜਾਏ, ਕਿ ਕਿਤੇ ਸਾਡੇ ਖ਼ਿਲਾਫ਼ ‘ਸਟੈਂਡ’ ਨਾ ਲੈ ਲਵੇ। ਪੂਰੀ ਖ਼ਾਤਿਰਦਾਰੀ ਕੀਤੀ। ਡੰਕੇ ਵਜਾਏ।
-“ਸਾਡੀ ਬਜੁਰਗ ਸਾਹਿਤ ਸਭਾ ਦੇ ਸਲਾਹਕਾਰ ਗੁਰਪ੍ਰੀਤ ਸਿੰਘ ਲੋਪੋ ਉਰਫ਼ ‘ਘੜ੍ਹੀਸਵਾਲ’ ਮੇਰੇ ਜ਼ਿਗਰੀ ਮਿੱਤਰ ਵੀ ਹਨ-ਇਹਨਾਂ ਨੂੰ ਕੁਝ ਵੀ ਆਖ ਲਈਏ-ਬਿਲਕੁਲ ਗੁੱਸਾ ਨਹੀਂ ਕਰਦੇ-ਨਾਂ ਦੇ ਨਾਲ ਨਾਲ ਪਿੰਡ ਦਾ ਨਾਂ ਤਾਂ ਤਕਰੀਬਨ ਹਰ ਲੇਖਕ ਹੀ ਲਾ ਲੈਂਦਾ ਹੈ-ਪਰ ਇਹਨਾਂ ਦੇ ਨਾਂ ਨਾਲ ‘ਘੜ੍ਹੀਸਵਾਲ’ ਕਿਵੇਂ ਜੁੜਿਆ?
ਬੜੀ ਦਿਲਚਸਪ ਕਹਾਣੀ ਹੈ-ਛੋਟੇ ਹੁੰਦਿਆਂ ਜੇ ਇਸ ਨੇ ਜੰਗਲ ਪਾਣੀ ਜਾਣ ਤੋਂ ਬਾਅਦ-ਕੋਈ ਮੁੰਡਾ ‘ਘੀਸੀ’ ਕਰਦਾ ਦੇਖ ਲੈਣਾ-ਇਸ ਨੇ ਟੰਗਾਂ ਤੋਂ ਫੜ ਕੇ ਖੇਤ ‘ਚ ਘੜ੍ਹੀਸ ਲੈਣਾ-ਅਖੇ ਤੂੰ ਹੱਥ ਕਿਉਂ ਨਹੀਂ ਧੋਂਦਾ? ਫੇਰ ਇਹਨੇ ਸਕੂਲ ਵਿਚ ਮੁੰਡੇ ਅਤੇ ਮਾਸਟਰ ਘੜ੍ਹੀਸਣੇ ਸੁਰੂ ਕਰ ਦਿੱਤੇ-ਫਿਰ ਇਹੇ ਜੀ ‘ਛਿੱਤਰ-ਘੜ੍ਹੀਸ’ ਆਸ਼ਕ ਬਣਿਆਂ ਤਾਂ
ਕੁੜੀ ਵਾਲਿਆਂ ਨੇ ਇਹਨੂੰ ਘੜ੍ਹੀਸਿਆ-ਰੱਬ ਥੋਡਾ ਭਲਾ ਕਰੇ ਉਸ ਤੋਂ ਬਾਅਦ ਇਹਨੇ ਕਿਤਾਬਾਂ ਪੜ੍ਹਨ ਦੀ ਘੜ੍ਹੀਸਾ-ਘੜ੍ਹੀਸੀ ਸੁਰੂ ਕੀਤੀ-ਫਿਰ ਲਿਖਣ ਦੇ ਸ਼ੌਕ ਨੇ ਇਹਨੂੰ ਘੜ੍ਹੀਸ ਲਿਆ-ਅੱਜ ਕੱਲ੍ਹ ਜੀ ਇਹੇ ਕਲਮ, ਪਾਠਕ, ਪਾਤਰ ਅਤੇ ਵਿਸ਼ਿਆਂ ਨੂੰ ਘੜ੍ਹੀਸ ਰਿਹੈ-ਇਸ ਲਈ ਇਸ ਦਾ ਨਾਂ ਅਸੀਂ ‘ਘੜ੍ਹੀਸਵਾਲ’ ਹੀ ਪਾ ਲਿਆ-ਇਸ ਦੀ
ਕਿਤਾਬ ਬਹੁਤ ਜਲਦ ਆ ਰਹੀ ਹੈ ਜੀ, “ਇਸ਼ਕ ਮੁਸ਼ਕ ਨਾ ਗੁੱਝੇ ਰਹਿੰਦੇ”-ਇਹਦੇ ਆਸ਼ਕੇ ਜਾਈਏ! ਬਲਿਹਾਰੇ ਜਾਈਏ! ਬਈ ਬੁੜ੍ਹਾ ਹੋ ਕੇ ਵੀ ਇਹਨੇ ਅਜਿਹੇ ਉਸਾਰੂ ਵਿਸ਼ੇ ਨਹੀਂ ਤਿਆਗੇ-ਘੜ੍ਹੀਸਵਾਲ ਜਿਉਂ ਹੋਇਆ….?”
-“ਨਹੀ ਰੀਸਾਂ ਬਈ ਜੁਆਨ ਦੀਆਂ….!” ਸਾਰੇ ਬੁੱਢੇ ਇੱਕ ਦਮ ਜੁਆਨ ਹੋ ਗਏ। ਕਬੂਤਰ ਦੀ ‘ਫੜ-ਫੜ’ ਵਾਂਗ ਤਾੜੀਆਂ ਫਿਰ ਗੱਜੀਆਂ। ‘ਬੱਲੇ-ਬੱਲੇ’ ਹੋ ਗਈ।
-“ਇੱਕ ਸਾਡਾ ਅਹਿਮ ਸਾਹਿਤਕਾਰ ਪੁੱਜ ਨਹੀਂ ਸਕਿਆ-ਜਿਸ ਦਾ ਨਾਂ ਹੈ ਰਣਜੀਤ ਚੱਕ ਤਾਰੇਵਾਲ-ਉਹ ਇਹ ਨਹੀ ਬਈ ਉਹਦੇ ਕੋਲ ਸਮੇਂ ਦੀ ਘਾਟ ਐ! ਬੰਦਾ ਬੜਾ ਦਲੇਰ ਐ-ਪਰ ਮਾਰ ਤੀਮੀਂ ਤੋਂ ਖਾਂਦੈ! ਇੱਕ ਵਾਰੀ ਘਰਵਾਲੀ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਸਾਹਿਤਕ ਸਮਾਗਮ ‘ਤੇ ਚਲਾ ਗਿਆ-ਘਰਵਾਲੀ ਨੇ ਘਰੇ ਆਏ
ਦੀ ਐਸੀ ਸੇਵਾ ਕੀਤੀ ਕਿ ਚੱਪਣੀਂ ਕੋਲੋਂ ਗੋਡਾ ਤੋੜਤਾ-ਹੁਣ ਕੈਦੋਂ ਚਾਚੇ ਮਾਂਗੂੰ ਲੰਗ ਜਿਹਾ ਮਾਰ ਕੇ ਤੁਰਦੈ-ਸ਼ੁਕਰ ਐ ਭਾਈ ਤੁਰਨ ਫਿਰਨ ਜੋਕਰਾ ਹੋ ਗਿਆ-ਨਹੀਂ ਤਾਂ ਬੁੜ੍ਹੇ ਹੱਡ ਕਦੋਂ ਜੁੜਦੇ ਐ? ਤੀਮੀਂ ਨੇ ਤਾਂ ਬੋਲਤੀ ਸੀ ਉਹਦੀ ਸਤਿਨਾਮ-ਪੜ੍ਹਤਾ ਸੀ ਕੀਰਤਨ ਸੋਹਲ੍ਹਾ-ਇਸੇ ਵਿਸ਼ੇ ‘ਤੇ ਉਹਨੇ ਵੀ ਦੋ ਕਿਤਾਬਾਂ ਲਿਖੀਆਂ ਹਨ: ਮੈਨੂੰ ਬਚਾਓ
ਮੇਰੀ ਤੀਮੀਂ ਤੋਂ ਅਤੇ ਵਿਆਹ ਨਾ ਕਰਾਇਓ ਕੋਈ-!”
-“ਖ਼ੈਰ! ਲੇਖਕ ਨੇ ਵੀ ਵਿਸ਼ੇ ਆਪਣੇ ਆਲੇ ਦੁਆਲੇ ਤੋਂ ਹੀ ਲੈਣੇ ਹੁੰਦੇ ਹਨ-ਹੁਣ ਮੈਂ ਆਪਣੇ ਬਾਰੇ ਦੱਸ ਦਿਆਂ-!” ਖੇਤਾ ਸਿੰਘ ‘ਪੋਰ’ ਨੇ ਆਖਰ ਗੱਲ ਨਿਬੇੜਨ ਵਾਲੀ ਕੀਤੀ।
-“ਮੇਰਾ ਨਾਂ ਖੇਤਾ ਸਿੰਘ ‘ਪੋਰ’ ਹੈ-ਮੈਂ ਤਾਂ ਆਪਣੀ ਤੁੱਛ ਜਿਹੀ ਬੁੱਧੀ ਅਨੁਸਾਰ ਇਕ ਹੀ ਕਿਤਾਬ ਲਿਖੀ ਹੈ-ਜਿਸ ਵਿਚ ਦਾਸ ਨੇ ਚਾਰ ਵਿਸ਼ਿਆਂ ਉਪਰ ਚਾਨਣਾਂ ਪਾਇਆ ਹੈ: 1) ਗੰਨਾ ਪੋਰ ਨਾਲ ਕਿਵੇਂ ਬੀਜਿਆ ਜਾਵੇ 2) ਧੋਵੀਂ ਮੂੰਗੀ ਬੀਜਣ ਦੇ ਢੰਗ 3) ਨਹਿਰ ਵਿਚ ਖੁਫ਼ੀਆ ਟਿਊਬਾਂ ਕਿਵੇਂ ਸੁੱਟੀਆਂ ਜਾਣ? 4) ਵੜੇਂਵਿਆਂ ਨੂੰ
ਸਰ੍ਹੋਂ ਦੇ ਤੇਲ ਵਿਚ ਭਿਉਂ ਕੇ ਕਿੰਨਾ ਝਾੜ ਲਿਆ ਜਾ ਸਕਦਾ ਹੈ? ਇਸ ਕਿਤਾਬ ਦਾ ਨਾਂ “ਫ਼ਸਲੋਂ ਉਰੇ-ਫ਼ਸਲੋਂ ਪਰ੍ਹੇ” ਹੈ।”
-“ਮੀਤ ਪ੍ਰਧਾਨ ਬਾਰੇ ਵੀ ਜਰੂਰ ਦੱਸੋ ਜੀ!” ਬਾਬਾ ਜੀ ਨੇ ਬੈਠਣ ਦਾ ਆਹਰ ਜਿਹਾ ਕਰਦੇ ‘ਪੋਰ’ ਨੂੰ ਕਿਹਾ।
-“ਮੁਆਫ਼ ਕਰਨਾ ਸਾਥੀਓ! ਕੰਮ ਦੇ ਬੰਦੇ ਬਾਰੇ ਦੱਸਣਾ ਤਾਂ ਮੈਂ ਭੁੱਲ ਹੀ ਗਿਆ ਸੀ-ਇਹ ਸਾਡੇ ਮੀਤ ਪ੍ਰਧਾਨ ਸ੍ਰ’ ਮੱਲ ਸਿੰਘ ‘ਦਰਵੇਸ਼’ ਹੈ-ਇਹ ਕੋਈ ਲਿਖਾਰੀ-ਲਿਖੂਰੀ ਨਹੀਂ-ਇਹ ਇਕ ਤਰ੍ਹਾਂ ਨਾਲ ਸਾਡਾ ਬਾਡੀਗਾਰਡ ਹੈ, ਸਾਡੀ ਸਾਹਿਤ ਸਭਾ ਦਾ-ਜਿਤਨਾ ਚਿਰ ਪ੍ਰੋਗਰਾਮ ਸ਼ਾਂਤਮਈ ਚਲਦਾ ਰਹੇਗਾ-ਉਤਨਾ ਚਿਰ ਇਹ
‘ਦਰਵੇਸ਼’ ਹੀ ਦਰਵੇਸ਼ ਹੈ-ਤੇ ਜੇ ਕੋਈ ਸਾਹਿਤਕਾਰ ਆਪਣੀ ਰਚਨਾ ਸੁਣਾ ਕੇ ਭੱਜਣ ਦੀ ਖੇਚਲ ਕਰਦੈ-ਕਹਿਣ ਦਾ ਭਾਵ ਦੂਜੇ ਦੀ ਰਚਨਾ ਨਹੀ ਸੁਣਦਾ ਤਾਂ ਫਿਰ ਇਹਨੂੰ ਚੁਟਕੀ ਮਾਰੀਦੀ ਹੈ-ਫਿਰ ਇਹ ਉਸ ਲਿਖਾਰੀ ਦੀ ਧੌਣ ਤੋਂ ਉਤਨਾ ਚਿਰ ਗੋਡਾ ਨਹੀਂ ਚੁੱਕਦਾ-ਜਿੰਨਾ ਚਿਰ ਦੂਜਾ ਆਬਦੀ ਰਚਨਾ ਨਹੀਂ ਸੁਣਾ ਲੈਂਦਾ।”
-“ਵਾਹ ਬਈ ਵਾਹ-ਇਹ ਬੜਾ ਵਧੀਆ ਹੱਲ ਐ!”
ਅਖੀਰ ਵਿਚ ਪ੍ਰਧਾਨ ਸਾਹਿਬਾਨ ਨੇ ਉਠ ਕੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾਉਣ ਲਈ ਬੇਨਤੀ ਕੀਤੀ ਤਾਂ ਸਾਰੇ ਟੁੱਟ ਕੇ ਆਪਣੇ ‘ਝੋਲਿਆਂ’ ਨੂੰ ਪੈ ਗਏ। ਖ਼ਰੜੇ, ਕਬੂਤਰਾਂ ਵਾਂਗ ਧੌਣੋਂ ਫੜ ਫੜ ਬਾਹਰ ਧੂਹ ਲਏ।
ਤਕਰੀਬਨ ਦੋ ਘੰਟੇ ਰਚਨਾਵਾਂ ਦਾ ਸਿਲਸਿਲਾ ਜਾਰੀ ਰਿਹਾ। ਹਰ ਇੱਕ ਨੇ ਆਪਣੀ ਪੂਰੀ ਵਾਹ ਲਾਈ ਸੀ।
-“ਪ੍ਰਸਿੰਨ ਕੌਰ ‘ਦੁਖੀ’ ਬਾਰੇ ਕਿਸੇ ਨੇ ਕੁਛ ਦੱਸਿਆ ਈ ਨਹੀਂ।” ਘੜ੍ਹੀਸਵਾਲ ਬੋਲਿਆ।
-“ਇਹਦੇ ਬਾਰੇ ਕੀ ਦੱਸਣੈਂ? ਇਹ ਤਾਂ ਵਿਚਾਰੀ ਫ਼ੱਕਰਨੀ ਐਂ।” ਬਾਬੇ ਨੇ ਕਿਹਾ, “ਮੈਂ ਪਿਛਲੇ ਹਫਤੇ ਟੈਲੀਵੀਯਨ ਲਿਆਂਦਾ-ਇਹਨੇ ਭਾਈ ਜ਼ਿਦ ਫੜ ਲਈ-ਅਖੇ ਬਾਬਾ ਜੀ ਟੈਲੀਵੀਯਨ ਦੇਖਣੈ-ਮੈਂ ਬਾਹਰ ਵਰਾਂਡੇ ‘ਚ ਕੱਢ ਕੇ ਟੀ ਵੀ ਲਾ ਦਿੱਤਾ ਤੇ ਇਹੇ ਟੈਲੀਵੀਯਨ ਦੇ ਮੂਹਰੇ ਬੈਠਗੀ-ਉਧਰੋਂ ਕਿਤੇ ਸਰਪੈਂਚ ਮੈਨੂੰ ਮਿਲਣ ਆ
ਗਿਆ-ਅਸੀਂ ਵਰਾਂਡੇ ‘ਚ ਈ ਥੋੜਾ ਜਿਹਾ ਹੱਟ ਕੇ ਕੁਰਸੀਆਂ ਡਾਹ ਕੇ ਬੈਠ ਗਏ-ਦੋ ਤਿੰਨ ਘੰਟੇ ਸਰਪੈਂਚ ਗੱਲਾਂ ਬਾਤਾਂ ਕਰਕੇ ਤੁਰ ਗਿਆ-ਤੇ ਮੈਂ ਪੁੱਛਿਆ: ਦੇਖ ਲਿਆ ਪ੍ਰਸਿੰਨ ਕੁਰੇ ਟੈਲੀਵੀਯਨ? ਤਾਂ ਕਹਿੰਦੀ: ਕਿੱਥੇ ਦੇਖ ਲਿਆ ਅੱਗ ਲੱਗੜਾ? ਸਰਪੈਂਚ ਥੋਡੇ ਕੋਲੇ ਬੈਠਾ ਸੀ ਤੇ ਮੈਂ ਤਾਂ ਘੁੰਡ ਕੱਢਕੇ ਈ ਬੈਠੀ ਰਹੀ ਬਾਬਾ ਜੀ!”
ਇੱਕ ਹਾਸੜ ਮੱਚ ਗਈ।
-“ਹੁਣ ਸਨਮਾਨ ਸਨਮੂਨ ਦੀ ਗੱਲ ਚਲਾਓ-ਤੁਰਦੇ ਹੋਈਏ।” ਸਾਗਰ ਸਿੰਘ ਲਾਟਕੱਢ ਬੋਲਿਆ ਤਾਂ ਬਾਬਾ ਘੜ੍ਹੰਮ ਚੌਧਰੀ ਬੜਾ ਹਰਖ਼ ਕੇ ਉਠਿਆ। ਉਸ ਦੀਆਂ ਡੰਡੇ ਵਰਗੀਆਂ ਮੁੱਛਾਂ ਡੰਡ ਬੈਠਕਾਂ ਕੱਢਣ ਲੱਗ ਪਈਆਂ।
-“ਉਏ ਆਹ ਮਾਣ ਸਨਮਾਨ ਥੋੜ੍ਹੈ? ਥੋਨੂੰ ਸੱਦਾ ਪੱਤਰ ਦੇ ਕੇ ਬੁਲਾਇਐ! ਥੋਡੀਆਂ ਰਚਨਾਵਾਂ ਸੁਣੀਐਂ! ਚਾਹ ਪਾਣੀ ਪਿਆਇਐ! ਮੰਜੇ ਤੁੜਵਾਏ! ਥੋਡੇ ਨਾਲ ਦੁਖ ਸੁਖ ਕੀਤੈ! ਨਹੀਂ ਥੋਨੂੰ ਲੋਕਾਂ ਨੇ ਤਾਂ ਕੀ ਬੁਲਾਉਣਾ ਸੀ? ਘਰਦੇ ਵੀ ਬਾਤ ਨਹੀਂ ਪੁੱਛਦੇ-ਬਈ ਕਿੱਥੋਂ ਲੰਡਾ ਹਾਥੀ ਘਰੇ ਬੰਨ੍ਹਿਐਂ! ਪਤਾ ਨਹੀਂ ਕਦੋਂ ਮਰੂ ਕਦੋਂ ਖਹਿੜ੍ਹਾ
ਛੁੱਟੂ? ਕਲਮ ਲੈ ਕੇ ਕਬਿੱਤਾਂ ਲਿਖੀ ਜਾਂਦੈ! ਪਸੂਆਂ ਦੀ ਖੁਰਨੀ ‘ਚ ਵੀ ਹੱਥ ਨਾ ਮਾਰਨ ਦੀ ਇਹਨੇ ਸਹੁੰ ਖਾ ਰੱਖੀ ਐ! ਹੁੰਦੀ ਐ ਇਹੇ ਕੁੱਤੇ ਖਾਣੀ ਸਾਰਿਆਂ ਨਾਲ ਕਿ ਨਹੀਂ…?”
-“ਬਿਲਕੁਲ ਹੁੰਦੀ ਐ…!”
-“ਦੁਖੀ ਹੋਏ ਅੰਬੇ ਪਏ ਐਂ…!”
-“ਜਿਹੋ ਜਿਹੀ ਸਾਡੇ ਨਾਲ ਹੁੰਦੀ ਐ-ਖੇਤ ਪਏ ਗਧੇ ਨਾਲ ਨਾ ਹੋਵੇ…!” ਭਾਂਤ ਸੁਭਾਂਤੀਆਂ ਅਵਾਜ਼ਾਂ ਆਈਆਂ।
-“ਫੇਰ ਕੀ ਖਿਆਲ ਐ? ਖਾਣੇ ਛਿੱਤਰ ਐ ਕਿ ਇੱਕ ਮੁੱਠ ਹੋਣੈ?” ਬਾਬੇ ਨੇ ਬੇਥਵਾ ਸੁਆਲ ਦਾਗਿਆ।
-“ਇੱਕ ਮੁੱਠ ਹੋਣੈ…!” ਸਾਰੇ ਫੇਰ ਗੜ੍ਹਕੇ।
-“ਬੱਸ! ਇਹੀ ਆਪਣਾ ਸਨਮਾਨ ਐਂ-ਤੇ ਅਗਲੇ ਸਮਾਗਮ ‘ਤੇ ਲੇਖਕਾਂ ਵਿਰੋਧੀ ਨੂੰਹਾਂ-ਪੁੱਤਾਂ ਨਾਲ ਕਿਵੇਂ ਸਿੱਝਣੈਂ? ਇਸ ‘ਤੇ ਵਿਚਾਰ ਵਟਾਂਦਰਾ ਹੋਵੇਗਾ-ਤੇ ਅੱਜ ਪੰਜ ਪੰਜ ਰੁਪਈਏ ਪਾਈਏ ਤੇ ‘ਰੂੜੀ ਮਾਰਕਾ’ ਲਿਆ ਕੇ ਦਿਲਾਂ ਦੀ ਜੰਗਾਲ ਲਾਹੀਏ-ਮਨਜੂਰ ਐ..?”
-“ਮਨਜੂਰ ਐ…!”
-“ਬਜੁਰਗ ਸਾਹਿਤ ਸਭਾ…!”
-“ਜ਼ਿੰਦਾਬਾਦ…!!” ਤੇ ਸਮਾਗਮ ਖ਼ਤਮ ਹੋ ਗਿਆ। ਸਾਰੇ ਬੜੇ ਹੀ ਹੌਂਸਲੇ ਨਾਲ ਪੰਜ ਪੰਜ ਰੁਪਏ ਕੱਢ ਕੇ ‘ਪੋਰ’ ਨੂੰ ਦੇ ਰਹੇ ਸਨ।
|