27 July 2024

ਤਿੰਨ ਕਵਿਤਾਵਾਂ—ਅਮਰਜੀਤ ਸਿੰਘ ਸਿੱਧੂ

1.  ਨ੍ਹੇਰੇ ਨੂੰ ਜੇ ਭਜਾਉਣਾ

ਨ੍ਹੇਰੇ ਨੂੰ ਜੇ ਦੂਰ ਭਜਾਉਣਾ ਤਾਂ ਦੀਪ ਜਗਾਉਂਣੇ ਪੈਣਗੇ। 
ਜੇ ਹੱਕਾਂ ਦੀ ਜੰਗ ਜਿੱਤਣੀ ਤਾਂ ਸੀਸ ਲਗਾਉਂਣੇ ਪੈਣਗੇ। 

ਕੀਤਾ ਪਿਆਰ ਜਿੰਨਾ ਨੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, 
ਪਰ ਜਾਗਦਿਆਂ ਨੂੰ ਖਾਬਾਂ ਦੇ ਮਹਿਲ ਬਨਾਉਂਣੇ ਪੈਣਗੇ। 

ਜੇ ਮਹਿਲਾਂ ਵਾਲਿਆਂ ਰੱਖਣੇ  ਮਹਿਲ ਬਚਾ ਕੇ ਆਪਣੇ, 
ਤਾਂ ਕੁੱਲੀਆਂ ਵਾਲਿਆਂ ਦੇ ਨਾਲ ਹੱਥ ਮਿਲਾਉਂਣੇ ਪੈਣਗੇ। 

ਇੱਸ਼ਕ ਹੈ ਕਾਮਲ ਜਿਨ੍ਹਾਂ ਦਾ ਝੱਲਣਗੇ ਉਹ ਹੀ ਦੁੱਖੜੇ, 
ਪੈਣਾ ਤਰਨਾ ਕੱਚਿਆਂ ‘ਤੇ ਪੱਟ ਚੀਰ ਖਵਾਉਂਣੇ ਪੈਣਗੇ। 

ਖੇਡ ਦਿਆਂ ਖੇਡ ਪਿਆਰ ਦੀ ਸਿੱਧੂ ਸਿੱਖ ਰੋਸੇ ਜਰਨੇ 
ਜੇ ਰੁੱਸੇ ਯਾਰ ਮਨਾਉਣੇ ਤਾਂ ਘੁੰਗਰੂ ਪਾਉਣੇ ਪਾਉਂਣੇ ਪੈਣਗੇ।

 2.  ਗ਼ਜ਼ਲ 

ਆਵੋ ਰਲਕੇ  ਬਹਿ ਗੱਲਾ ਕਰੀਏ। 
ਕਿਸ ਗੱਲੋਂ ਆਪਾਂ ਲੜਕੇ ਮਰੀਏ। 

ਇਹ ਜੰਗਾਂ ਮਸਲੇ ਦਾ ਹੱਲ ਹੈ ਨੀ, 
ਆਵੋ ਸ਼ਾਤੀ ਦੀ ਹਾਮੀ ਭਰੀਏ। 

ਇਕ ਨੇ ਜੇ ਕੋਈ ਗਲਤੀ ਕਰ ਲਈ, 
ਦੂਜਾ ਉਸ ਗਲਤੀ ਤਾਈਂ ਜਰੀਏ। 

ਗੱਲਾਂਬਾਤਾਂ ਨੇ ਹੱਲ ਮਸਲੇ ਦਾ, 
ਰਲ ਹਾਂ ਪੱਖੀ ਹੁੰਗਾਰਾ ਭਰੀਏ। 

ਜੰਗ ਚ ਤਾਂ ਮਾਰੇ ਲੋਕ ਹਨ ਜਾਂਦੇ, 
ਭਾਵੇਂ ਜਿੱਤ ਲਈਏ ਭਾਵੇਂ ਹਰੀਏ। 

ਤੋੜੀਏ ਨਾ ਜੁੜਿਆਂ ਨੂੰ ਕਦੇ ਵੀ, 
ਤੋੜਨ ਤੋਂ ਪਹਿਲਾਂ ਸਿੱਧੂ ਡਰੀਏ। 

3. ਜੱਗ ਜਨਨੀ 

ਤੂੰ ਏਂ ਸਾਰੇ ਜੱਗ ਦੀ ਜਨਨੀ 
ਲੱਖ ਵਾਰ ਤੈਨੂੰ ਮੇਰਾ ਪ੍ਰਣਾਮ।
ਤੈਥੋਂ ਉਪਰ ਵਿਚ ਜਹਾਨ ਦੇ 
ਵੇਖਿਆ ਨਾਂ ਮੈਂ ਕੋਈ ਭਗਵਾਨ। 

ਜਨਮ ਦੇਣ ਤੋਂ ਪਹਿਲਾਂ ਜੋ ਤੈਂ
ਤਨ ਮਨ ਉਤੇ ਝੱਲੇ ਸੀ ਦੁੱਖ।
ਸੁਣ ਕੇ ਸੋਚਦਾਂ ਤੂੰ ਹੀ ਏਂ ਉਹ
ਠੰਡੀ ਛਾਂ ਵਾਲਾ ਬੋਹੜ ਦਾ ਰੁੱਖ। 

ਕਿਧਰੇ ਧੀ ਤੇ ਕਿਧਰੇ ਬੀਵੀ
ਬਣਕੇ ਫਰਜ ਨਿਭਾਉਂਦੀ ਤੂੰ, 
ਕਿਤੇ ਮਾਂ ਕਿਤੇ ਦਾਦੀ ਬਣਕੇ 
ਪੁੱਤਰ, ਪੋਤੇ ਖਿੰਡਾਉਂਦੀ ਤੂੰ। 

ਮੋਢੇ ਨਾਲ ਤੂੰ ਮੋਢਾ ਜੋੜ ਕੇ 
ਸਾਭੇੰ ਸਾਰੀ ਕਬੀਲਦਾਰੀ ਨੂੰ, 
ਤਾਂਹੀ ਤਾਂ ਜੱਗ ਸੀਸ ਨਿਭਾਉਂਦਾ
ਤੇਰੀ ਇਸ ਸੋਚ ਨਿਆਰੀ ਨੂੰ। 

ਘਟੀਆ ਸੋਚ ਦੇ ਮਾਲਕਾਂ ਨੇ 
ਦਿੱਤਾ ਨਾਂ ਭਾਵੇਂ ਤੈਨੂੰ ਪਿਆਰ, 
ਐਪਰ ਦਿੱਤਾ ਹੈ ਬਾਬੇ ਨਾਨਕ 
ਤੈਨੂੰ ਸੱਭ ਤੋਂ ਵੱਧ ਸਤਿਕਾਰ। 

ਉਸਨੂੰ ਚਾਰ ਚੰਨ ਲੱਗ ਜਾਂਦੇ, 
ਜਿਸ ਵੀ ਕੰਮ ਨੂੰ ਤੂੰ ਹੱਥ ਪਾਵੇਂ, 
ਬੇਸ਼ੱਕ ਹੋਵੇਂ ਤੂੰ ਧਰਤੀ ਦੇ ਉਤੇ
ਜਾ ਅੰਬਰਾਂ ਵਿਚ ਤਾਰੀਆਂ ਲਾਵੇਂ। 

ਦੁਨੀਆਂ ਭਾਵੇਂ ਕਿਸੇ ਨੂੰ ਵੀ ਮੰਨੇ
ਸਿੱਧੂ ਤੈਨੂੰ ਰੱਬ ਮੰਨਦਾ ਹੈ ਮਾਂ। 
ਜਿਸ ਦੀ ਗੋਦੀ ਚ ਮਿਲੀ ਮੈਨੂੰ 
ਜਨਤ ਜਿਹੀ ਹੈ ਪਿਆਰੀ ਥਾਂ।
***
711
***

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →