25 April 2024

ਪੰਜ ਕਵਿਤਾਵਾਂ—ਮਹਿੰਦਰ ਦਿਲਬਰ ਯੂ. ਕੇ.

1. ਤੇਰੇ ਸ਼ਹਿਰ ਦਾ

ਲਾਇਆ ਹੈ ਜਦੋਂ ਦਾ ਹਿਸਾਬ  ਤੇਰੇ ਸ਼ਹਿਰ ਦਾ।
ਹਰ ਬੰਦਾ ਲੱਗਿਆ ਖਰਾਬ ਤੇਰੇ ਸ਼ਹਿਰ ਦਾ।

ਗੱਲ ਅਜੇ ਹੁੰਦੀ ਪਈ ਸੀ ਤੇਰੇ ਮੇਰੇ ਪਿਆਰ ਦੀ
ਚੜ੍ਹ ਆਇਆ ਹੜ੍ਹ  ਬੇਹਿਸਾਬ ਤੇਰੇ ਸ਼ਹਿਰ ਦਾ।

ਲੁਕ  ਲੁਕ ਵੇਂਹਦੇ  ਕਿਉਂ ਇਹ ਲੋਗ ਤੇਰੇ ਸ਼ਹਿਰ ਦੇ
ਚਿਹਰਿਆਂ ਤੇ ਆ ਗਿਆ ਨਕਾਬ ਤੇਰੇ ਸ਼ਹਿਰ ਦਾ।
 
ਜਿੰਦ  ਸਾਡੀ ਰੋਜ  ਪਿੰਜ ਹੁੰਦੀ ਰੂੰ ਦੇ  ਵਾਂਗਰਾਂ
ਚਿੱਤ  ਕਰੇ  ਪੀ  ਲਵਾਂ ਪਿਆਲਾ  ਜ਼ਹਿਰ ਦਾ।

ਪਲਕਾਂ ਵਿਛਾਈਆਂ ਨੇ ਉਡੀਕਾਂ ਵਾਲ਼ੇ ਰਾਹਾਂ ਤੇ 
ਬਦਲੇ ਚ ਪਾ ਲਿਆ  ਅਜ਼ਾਬ ਤੇਰੇ  ਸ਼ਹਿਰ  ਦਾ।
**        
2. ਖਿਆਲ

ਤੇਰੇ ਸਾਥ ਦਾ ਹਰ ਪਲ ਮੈਨੂੰ, ਆਉਂਦਾ ਰਿਹਾ ਖਿਆਲ
ਦਿਲ ਦੇ ਨਾਲ਼ ਲਗਾ ਕੇ ਰੱਖਿਆ,ਐਂਨੀ ਕਰਾਂ ਸੰਭਾਲ਼ ।

ਮੁੱਦਤਾਂ ਤੋਂ ਤਿਰਹਾਈ ਰੂਹ ਨੂੰ, ਸਾਥ ਜੋ ਤੇਰਾ ਲੱਭਾ
ਮੇਰੇ ਜੀਵਨ ਦੇ ਵਿੱਚ ਬਣ ਗਈ,ਅਦਭੁੱਤ ਇੱਕ ਮਸਾਲ।

ਮੇਰੇ ਮਹਿਰਮ ਤੈਂਨੂੰ ਮਿਲ਼ ਕੇ, ਹੁਣ ਕੀ ਰੱਬ ਨੂੰ ਮਿਲਣਾ
ਮੇਰੇ ਮਨ ਮੰਦਰ ਵਿੱਚ ਦਿੱਤੀ, ਐਸੀ ਜੋਤ ਤੂੰ ਬਾਲ਼।

ਜਲ ਬਿਨ ਮਛਲੀ ਵਾਂਙੂ ਜਿਹੜਾ, ਸਮਾ ਰਿਹਾ ਸੀ ਬੀਤ 
ਤੈਂਨੂੰ ਮਿਲ ਕੇ ਰਹੀ ਨਾ ਮੈਂਨੂੰ, ਹੁਣ ਸਾਗਰ ਦੀ ਭਾਲ਼।

ਕੱਚਾ  ਕੋਠਾ  ਲਗੇ ਮੈਂਨੂੰ,  ਸ਼ੀਸ਼  ਮਹੱਲ ਦੇ ਵਾਂਗੁਰ
ਮੇਰੀ ਖੁਸ਼ਹਾਲੀ ਦੇ ਰੁੱਖ ਦੀ, ਹਰੀ ਭਰੀ ਹਰ ਡਾਲ਼।

ਮੇਰੀ ਜ਼ਿੰਦਗੀ ਦੇ ਵਿੱਚ ਆ ਗਏ, ਰੌਂਣਕ ਖੁਸ਼ੀਆਂ ਖੇੜੇ
ਤੇਰੇ ਮੇਲ਼ ਮਿਲਾਪ ਨੇ ਸੱਜਣਾ, ਕੀਤੀ ਖ਼ੂਬ ਕਮਾਲ। 

ਕਰ ਦਿੱਤੇ ਭਰਪੂਰ ਖ਼ਜ਼ਾਨੇ, ਕਸਰ ਰਹੀ ਨਾ ਕੋਈ
ਮਿੰਦਰ ਦਿਲਬਰ ਦਾ ਕਰ ਦਿੱਤਾ, ਤਨ ਮਨ ਮਾਲੋ ਮਾਲ।
**

3. ਬੜਿ ਖੂਬਸੂਰਤ ਹੈ ਤੇਰੀ ਅਦਾ

ਬੜੀ  ਖ਼ੂਬਸੂਰਤ  ਹੈ ਤੇਰੀ ਅਦਾ 
ਅਦਾਵਾਂ ਤੋਂ  ਮੈਂ  ਹੋ ਜਾਵਾਂ  ਫ਼ਿਦਾ।

ਨਜ਼ਰਾਂ ਦੇ ਤੀਰ ਕਰਦੇ  ਨੇ ਜ਼ਖਮੀ 
ਰੱਖਦੇ ਹੋ ਫਿਰ ਵੀ ਅੱਖਾਂ ‘ਚ ਹਯਾ । 

ਸੁਲਫ਼ੇ  ਦੀ  ਤੈਂਨੂੰ  ਮੈਂ  ਲਾਟ  ਆਖਾਂ
ਜਾ ਆਖਾਂ  ਨਦੀ  ‘ਚ ਨਾਉਂਦੀ ਸ਼ੁਆ।

ਕੰਧਾਂ ਤੇ  ਨਕਸ਼ ਪੌਣਾਂ ਤੇ  ਸਰਨਾਵਾਂ
ਸੁਪਨੇ  ‘ਚ ਰਾਤੀਂ ਸੀ ਮੈਂ  ਪੜ੍ਹ ਲਿਆ।

ਜਿਹਦੇ ਹੁੱਕੇ ‘ਚ ਕਦੇ ਪਾਣੀ ਨਈਂ ਹੁੰਦਾ
ਮੈਂ ਤਾਂ ਹਾਂ ਸੱਜਣਾ ਓਹੋ ਜਿਹਾ  ਮਲਾਹ।

ਤਨਹਾਈਆਂ ਤੇ ਦੂਰੀ ਸਹਿ ਨਈਂ ਹੁੰਦੀ
ਆ  ਕੇ ਸੱਜਣਾ  ਗੁਫਤਗੂ  ਕਰ  ਜਾਹ ।

ਬਹੁਤ  ਖ਼ੂਬਸੂਰਤ  ਹੈ  ਤੇਰੀ  ਅਦਾ 
ਅਦਾਵਾਂ  ਤੋਂ  ਮੈਂ  ਹੋ  ਜਾਵਾਂ  ਫ਼ਿਦਾ।
**

4. ਸੁੰਨਾ ਵਿਹੜਾ
         
ਸੁੰਨਾ ਸੁੰਨਾ ਹੈ ਵਿਹੜਾ ਹੋਇਆ
ਪੁੱਛਦੇ ਨੇ ਅੱਜ ਕਿਹੜਾ ਮੋਇਆ।

ਕਹਿੰਦੇ ਹਾਂ ਅੰਨਦਾਤਾ ਜਿਸ ਨੂੰ
ਉਹ ਹੀ ਕੱਫਣ ਵਿੱਚ ਲਕੋਇਆ।

ਹੱਕ ਮੰਗਦਾ ਸੀ ਲੜ ਕੇ ਜਿਹੜਾ
ਮਾਰਨ ਤੋਂ ਪਹਿਲਾਂ ਉਸ ਨੂੰ ਕੋਹਿਆ।

ਵੋਟਾਂ ਮੰਗੀਆਂ ਅਸਾਂ ਦੇ ਦਿੱਤੀਆਂ
ਅਸਾਂ ਕੁੱਝ ਮੰਗਿਆ ਤਾਂ ਬੂਹਾ ਢੋਇਆ।

ਲੈਂਦੇ ਹਾਂ ਸੁਪਨਾ ਅੱਛੇ ਦਿਨਾਂ ਦਾ
ਸੁਪਨਾ ਕਦੇ ਪੂਰਾ ਨਾ ਹੋਇਆ।

ਘੁਟਾਲੇ ਕਰ ਕੇ ਧੰਨ ਲੈ ਗਏ
ਕਹਿੰਦੇ ਚੁੱਪਕਰ ਕੁੱਛ ਨੀ ਹੋਇਆ।

ਨੌਕਰੀ ਲੈਣੀ ਤਾਂ ਮਿਲ ਜਾਉਗੀ
ਨੌਕਰੀ ਦਾ ਭਾਅ ਸੁਣ ਕੇ ਰੋਇਆ।
 
ਸੁੰਨਾਂ ਸੁੰਨਾਂ ਹੈ ਵਿਹੜਾ ਹੋਇਆ 
ਪੁੱਛਦੇ ਨੇ ਅੱਜ ਕਿਹੜਾ ਮੋਇਆ।
**

5. ਝੱਖੜ ਆਵੇਗਾ

ਦਿਨੇ ਹੀ ਹੋਇਆ ਨ੍ਹੇਰਾ ਝੱਖੜ ਆਵੇਗਾ 
ਕੁੱਲੀ ਦਾ ਹੁਣ ਤੀਲ੍ਹਾ ਤੀਲ੍ਹਾ ਹੋ ਜਾਵੇਗਾ।

ਸਾਡੇ ਘਰ ਨੂੰ ਆਉਂਦੀ ਜਿਹੜੀ ਪੱਗ ਡੰਡੀ 
ਮੇਘਲਾ ਉਸ ਦਾ ਨਾਮੋ ਨਿਸ਼ਾਨ ਮਿਟਾਵੇਗਾ।

ਫਸਲ ਮੇਰੀ  ਨੂੰ ਜੋ ਸਿੱਟਾ ਪੈਣੇ ਵਾਲ਼ਾ ਸੀ
ਤੇਜ  ਹਵਾਵਾਂ  ਨਾਲ਼  ਉਹ   ਝੜ  ਜਾਵੇਗਾ ।

ਮੈਂ ਮੰਗਿਆ ਜਦ ਮੀਂਹ ਦਾ ਪਾਣੀ ਫਸਲ ਲਈ
ਇਹ ਬੱਦਲ਼ ਲਗਦਾ ਹੋਰ ਕਿਤੇ  ਵਰੵ ਜਾਵੇਗਾ ।

ਸੱਭ ਕੁੱਝ ਰੁੜ੍ਹ ਜਾਂਦਾ, ਜਦ ਹੜ੍ਹ  ਆਉਂਦਾ  ਹੈ 
ਕੁੱਦਰਤ  ਸਾਹਵੇਂ  ਕਿਹੜਾ  ਮੱਥਾ  ਲਾਵੇਗਾ।

ਪੀਪੇ ਦੇ ਵਿੱਚ ਆਟਾ ਵੀ ਹੁਣ ਬਚਿਆ  ਨਹੀਂ
ਭੁੱਖੀਆਂ ਢਿੱਡੀਆਂ ਨੂੰ ਹੁਣ, ਕੌਣ ਸਮਝਾਵੇਗਾ।
**
667
***

About the author

ਮਹਿੰਦਰ ਦਿਲਬਰ ਯੂ. ਕੇ.
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਹਿੰਦਰ ਦਿਲਬਰ ਯੂ. ਕੇ.

View all posts by ਮਹਿੰਦਰ ਦਿਲਬਰ ਯੂ. ਕੇ. →