ਚੇਤ ਦਾ ਮਹੀਨਾ ਜਦੋਂ, ਅੱਧੋਂ ਪਾਰ ਲੰਘਦਾ ਸੀ
ਹਰ ਖੇਤ ਲੱਗਦਾ ਸੁਨਹਿਰੀ ਜਿਹੇ ਰੰਗ ਦਾ ਸੀ
ਦੰਦੇ ਕੱਢ ਦਾਤੀਆਂ ਨੂੰ ਫਿਰਦੇ ਸ਼ਿੰਗਾਰੀ ਸੀ
ਕਿਸੇ ਬੰਨ੍ਹੇ ਘੁੰਗਰੂ ਕੋਈ ਕੋਕੇ ਜੜੀ ਸਾਰੀ ਸੀ
ਹੋਰ ਕਿਸੇ ਕੰਮ ਦੀ ਨਾ, ਹੁੰਦੀ ਪ੍ਰਵਾਹ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਕਣਕਾਂ ਜਵਾਨ ਜਦੋਂ ਹੁੰਦੀਆਂ ਸੀ ਪੱਕ ਕੇ
ਸ਼ੁਕਰ ਗ਼ੁਜ਼ਾਰਦੇ ਸੀ, ਜੱਟ ਤੱਕ ਤੱਕ ਕੇ
ਗਿੱਲੀ ਕਰ ਝੋਨੇ ਦੀ ਪਰਾਲ਼ੀ ਬੇੜੇ ਵੱਟਣੇ
ਵੱਟ – ਵੱਟ ਬੇੜੇ ਸੀ, ਪੈ ਜਾਂਦੇ ਹੱਥੀਂ ਰੱਟਣੇ
ਅੱਗ ਲਾ ਪਰਾਲ਼ੀ ਨੂੰ, ਨਾ ਕਰਦੇ ਸੁਆਹ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਵਾਢੀ ਲਈ ਤਿਆਰ ਹੁੰਦੇ ਸਾਰੇ ਬੰਦੇ ਬੁੜ੍ਹੀਆਂ
ਜੁੜਦਾ ਸੀ ਸਾਰਾ ਪਰਿਵਾਰ ਮੁੰਡੇ – ਕੁੜੀਆਂ
ਬੱਚਿਆਂ ਨੂੰ ਛੁੱਟੀਆਂ ਸਕੂਲੋਂ ਵੀ ਕਰਾਉਂਦੇ ਸੀ
ਰਲ-ਮਿਲ ਸਾਰੇ ਜਣੇ ਰਿਜ਼ਕ ਕਮਾਉਂਦੇ ਸੀ
ਮਾਸਟਰ ਵੀ ਨਾ ਇਹਦੀ ਦਿੰਦੇ ਕੋਈ ਸਜ਼ਾ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਖੇਤਾਂ ਵਿੱਚ ਜਦੋਂ ਬੇਬੇ ਭੱਤਾ ਲੈ ਕੇ ਆਉਂਦੀ ਸੀ
ਲੱਸੀ ਦਹੀਂ ਅੰਬੀਆਂ ਦੀ ਚਟਣੀ ਲਿਆਉਂਦੀ ਸੀ
ਗੰਢਾ ਤੇ ਆਚਾਰ ਖਾਣਾ ਬੜਾ ਮਨ ਭਾਉਂਦਾ ਸੀ
ਖੇਤਾਂ ਵਿੱਚ ਖਾਣ ਦਾ ਨਜ਼ਾਰਾ ਬੜਾ ਆਉਂਦਾ ਸੀ
ਥੋੜ੍ਹੀ ਦੇਰ ਲੰਮੇਂ ਪੈ ਕੇ, ਲੈਂਦੇ ਅੱਖ ਲਾ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਸਾਰਾ ਦਿਨ ਵੱਢ ਕੇ ਜੋ ਲਾਉਂਦੇ ਸੀ ਸੱਥਰੀਆਂ
ਭਰਕੇ ਕਲ਼ਾਵੇ ਸ਼ਾਮੀ, ਬੰਨ੍ਹਦੇ ਸੀ ਭਰੀਆਂ
ਭਰੀਆਂ ਨੂੰ ਗੱਡੇ ਉੱਤੇ ਲੱਦ ਕੇ ਲਿਆਉਂਦੇ ਸੀ
ਲੱਗਣੀ ਮਸ਼ੀਨ ਜਿੱਥੇ, ਉੱਥੇ ਫਾਲ ਲਾਉਂਦੇ ਸੀ
ਭਰੀਆਂ ਦਾ ਭੋਰਾ ਵੀ ਨਾ, ਕਰਦੇ ਵਸਾਹ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਬੀਬੀਆਂ ਨੇ ਬੱਚਿਆਂ ਦੇ ਨਾਲ ਸਿੱਟੇ ਚੁਗਣੇਂ
ਚੁਗ – ਚੁਗ ਸਿੱਟੇ ਰੋਜ਼, ਕਰੀ ਜਾਣੇ ਦੁੱਗਣੇ
‘ਕੱਠੇ ਕੀਤੇ ਸਿੱਟਿਆਂ ਨੂੰ ਧੁੱਪ ‘ਚ ਸੁਕਾਉਂਦੇ ਸੀ
ਕੁੱਟ ਕੁੱਟ ਮੂੰਗਲ਼ੇ ਨਾ’ ਦਾਣੇ ਫੇ’ ਬਣਾਉਂਦੇ ਸੀ
ਕਰ ਲੈਂਦੇ ਅੱਡ ਦਾਣੇ, ਹਵਾ ‘ਚ ਉਡਾਅ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਦਾਣਿਆਂ ਲਈ ਰੱਖਦੇ ਡਰੰਮ ਵੀ ਤਿਆਰ ਸੀ
ਤੂੜੀ ਵਾਲੇ ਅੰਦਰ ਵੀ, ਦਿੰਦੇ ਝਾੜੂ ਮਾਰ ਸੀ
ਲੈਂਦੇ ਫੇ’ ਡਰੰਮ ਭਰ, ਦਾਣੇ ‘ਕੱਠੇ ਕਰ ਸੀ
ਤੂੜੀ ਨਾਲ ਅੰਦਰ ਵੀ, ਦਿੰਦੇ ਤੁੰਨ ਭਰ ਸੀ
ਪੂਰੇ ਸਾਲ ਵਾਲਾ ਲੈਂਦੇ, ਰਿਜ਼ਕ ਕਮਾ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਚੱਲਦੀ ਇਹ ਵਾਢੀ ਇੱਕ ਡੇਢ ਕੁ ਮਹੀਨਾ ਸੀ
ਪਿੰਡ ਵਿੱਚ ਇੱਕ ਦੋ ਹੀ ਹੁੰਦੀਆਂ ਮਸ਼ੀਨਾਂ ਸੀ
ਵਾਰੋ-ਵਾਰੀ ਆਪਣੀ ਕਣਕ ਆ ਕੇ ਕੱਢਦੇ ਸੀ
ਹੌਂਸਲੇ ਬੁਲੰਦ ਹੁੰਦੇ ਦਿਲ ਨਹੀਂਓਂ ਛੱਡਦੇ ਸੀ
ਦਾਣੇ ਸਾਂਭ, ਕੁੱਪ ਲੈਂਦੇ ਤੂੜੀ ਦੇ ਬਣਾ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
ਮਾਰਾਂ ਮੈੰ ਪੁਰਾਣੇ ਵੇਲੇ ਵੱਲ ਜਦੋਂ ਝਾਤੀ ਨੂੰ
ਦਿਸੇ ਨਾ ਕੋਈ ਘੁੰਗਰੂ, ਲਵਾਉਂਦਾ ਅੱਜ ਦਾਤੀ ਨੂੰ
ਆਗੀਆਂ ਮਸ਼ੀਨਾਂ ‘ਖੁਸ਼ੀ’ ਸੱਚੀ ਗੱਲ ਕਹਿ ਗਿਆ
ਹੱਥ-ਵਾਢੀ ਵਾਲਾ ਤਾਂ, ਜ਼ਮਾਨਾ ਪਿੱਛੇ ਰਹਿ ਗਿਆ
ਹਰ ਬੰਦੇ ਨੂੰ ਹੀ ਉਦੋਂ, ਕੰਮ ਨਾਲ ਭਾਅ ਸੀ
ਵਾਢੀਆਂ ਦਾ ਹੁੰਦਾ..ਵਿਆਹ ਜਿੰਨਾ ਚਾਅ ਸੀ…
***
745
ਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ: ਦੂਹੜੇ (ਜਲੰਧਰ )
ਮੋਬਾ: 9779025356
Lyricist (Water) @Punjabi Folk Songs and Poetry
Former Petty Officer Radio at Indian Navy