19 June 2024

ਸੁਰਜੀਤ ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ — ਉਜਾਗਰ ਸਿੰਘ

ਸੁਰਜੀਤ ਟੋਰਾਂਟੋ ਨੇ ‘#ਲਵੈਂਡਰ’ ਕਾਵਿ ਸੰਗ੍ਰਹਿ (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ) ਸੰਪਾਦਿਤ ਕੀਤੀ ਹੈ, ਜਿਸ ਵਿੱਚ ਪੰਜਾਬੀ ਮੂਲ ਰੂਪ ਦੇ 44 ਕਵੀਆਂ/ਕਵਿਤਰੀਆਂ ਦੀਆਂ ਪ੍ਰਕਾਸ਼ਤ ਕੀਤੀਆਂ ਕਵਿਤਾਵਾਂ ਦੀ ਖ਼ੁਸ਼ਬੋ ਫ਼ਿਜ਼ਾ ਨੂੰ ਸੁਗੰਧਤ ਕਰ ਰਹੀ ਹੈ। ਸੁਰਜੀਤ ਸਮੇਤ 44 ਕਵੀ/ਕਵਿਤਰੀਆਂ ਭਾਵੇਂ ਕੈਨੇਡਾ ਵਿੱਚ ਰਹਿ ਰਹੇ ਹਨ ਪ੍ਰੰਤੂ ਉਹ ਮਾਨਸਿਕ ਤੌਰ ‘ਤੇ ਆਪਣੀ ਮਾਤ ਭੂਮੀ ਪੰਜਾਬ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਪੰਜਾਬ ਵਿੱਚ ਕੋਈ ਵੀ ਚੰਗੀ ਜਾਂ ਮੰਦੀ ਘਟਨਾ ਵਾਪਰਦੀ ਹੈ ਤਾਂ ਇਨ੍ਹਾਂ ਮੂਲ ਰੂਪ ਪੰਜਾਬੀ ਕੈਨੇਡੀਅਨ ਕਵੀਆਂ/ਕਵਿਤਰੀਆਂ ਦੇ ਕਲੇਜੇ ਚੀਸ ਪੈਂਦੀ ਹੈ। ਫਿਰ ਇਹ ਆਪੋ ਆਪਣੀਆਂ ਕਲਮਾਂ ਚੁੱਕ ਕੇ ਆਪਣੀ ਚੀਸ ਦੀਆਂ ਪ੍ਰਤੀਕਿ੍ਰਆਵਾਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ।

ਸੁਰਜੀਤ ਟੋਰਾਂਟੋ ਪੰਜਾਬ ਦੀ ਪੀੜ ਨਾਲ ਬਾਵਸਤਾ ਰਹਿੰਦੀ ਹੈ, ਉਹ ਲਗਪਗ ਹਰ ਸਾਲ ਆਪਣੀ ਮਾਤ ਭੂਮੀ ਨੂੰ ਨਤਮਸਤਕ ਹੁੰਦੀ ਹੈ। ਇਸ ਲਈ ਉਸ ਨੇ ਪੰਜਾਬੀ ਕਵੀਆਂ/ਕਵਿਤਰੀਆਂ ਦੀਆਂ ਭਾਵਨਾਵਾਂ ਵਿੱਚ ਲਪੇਟੀਆਂ ਬਿਹਤਰੀਨ ਕਵਿਤਾਵਾਂ ਨੂੰ ਇਕੱਤਰ ਕਰਕੇ ਇਕ ਕਾਵਿ ਸੰਗ੍ਰਹਿ ਦਾ ਰੂਪ ਦਿੱਤਾ ਹੈ।

ਸੁਰਜੀਤ ਟੋਰਾਂਟੋ ਇਕ ਸੂਝਵਾਨ, ਵਿਸਮਾਦੀ, ਸੰਵੇਦਨਸ਼ੀਲ ਅਤੇ ਪ੍ਰਕਿ੍ਰਤੀ ਦੀ ਕਵਿਤਰੀ ਅਤੇ ਲੇਖਕਾ ਹੈ, ਉਸ ਨੇ ਇੱਕ ਸਾਲ ਦੀ ਸਖ਼ਤ ਮਿਹਨਤ ਤੇ ਦਿਲਚਸਪੀ ਨਾਲ ਕੈਨੇਡੀਅਨ ਪੰਜਾਬੀਆਂ ਦੀ ਕਵਿਤਾਵਾਂ ਦਾ ਪਾਠ ਕਰਦਿਆਂ ਉਨ੍ਹਾਂ ਵਿੱਚੋਂ ਆਪਣੀ ਪਸੰਦ ਦੀਆਂ ਕਵਿਤਾਵਾਂ ਨੂੰ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਕਰਕੇ ਲਾਜਵਾਬ ਕੰਮ ਕੀਤਾ ਹੈ। ਕਵੀਆਂ ਅਤੇ ਕਵਿਤਾਵਾਂ ਦੀ ਚੋਣ ਕਰਨੀ ਜ਼ੋਖ਼ਮ ਭਰਿਆ ਕੰਮ ਹੁੰਦਾ ਹੈ। ਇਕ ਕਵੀ/ਕਵਿਤਰੀ ਲਈ ਹਰ ਕਵਿਤਾ ਬਿਹਤਰੀਨ ਹੁੰਦੀ ਹੈ ਪ੍ਰੰਤੂ ਉਨ੍ਹਾਂ ਵਿੱਚੋਂ ਚੋਣ ਕਰਨਾ ਕਠਨ ਕਾਰਜ ਹੁੰਦਾ ਹੈ। ਸੁਰਜੀਤ ਟੋਰਾਂਟੋ ਨੇ ਇਹ ਕਠਨ ਤਪੱਸਿਆ ਕਰਕੇ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਇਸ ਕਾਵਿ ਸੰਗ੍ਰਹਿ ਵਿੱਚ ਸਥਾਪਤ, ਨੌਜਵਾਨ ਅਤੇ ਇਸਤਰੀ ਕਵਿਤਰੀਆਂ ਨੂੰ ਸ਼ਾਮਲ ਕਰਕੇ ਵੱਖਰੇ-ਵੱਖਰੇ ਰੰਗਾਂ ਦੇ ਸਾਹਿਤਕ ਫੁੱਲਾਂ ਦਾ ਅਜਿਹਾ ਗੁਲਦਸਤਾ ਬਣਾਇਆ ਹੈ, ਜਿਹੜਾ ਖ਼ੂਬਸੂਰਤ ਬਹੁਰੰਗੀ ਖ਼ੁਸ਼ਬੋ ਦੀਆਂ ਛਹਿਬਰਾਂ ਨਾਲ ਸੁਗੰਧਤ ਕਰ ਰਿਹਾ ਹੈ।

ਇਸ ਕਾਵਿ ਸੰਗ੍ਰਹਿ ਦੀ ਸਾਹਿਤਕ ਸੁਗੰਧ ਸਮੁੱਚੇ ਸੰਸਾਰ ਦੇ ਪੰਜਾਬੀਆਂ ਨੂੰ ਸੰਗੰਧਤ ਕਰ ਰਹੀ ਹੈ। ਇਹ ਕਾਵਿ ਸੰਗ੍ਰਹਿ ਸੁਰਜੀਤ ਦੀ ਸਾਹਿਤਕ ਸੋਚ ਦੀ ਖ਼ੁਸ਼ਬੋ ਦੇ ਕਲਾਤਮਿਕ ਦਿ੍ਰਸ਼ਟੀਕੋਣ ਦੀ ਜਾਣਕਾਰੀ ਦਿੰਦਾ ਹੈ। ਸੰਪਾਦਕ ਦਾ ਇਹ ਉਦਮ ਸਾਬਤ ਕਰਦਾ ਹੈ ਕਿ ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਕਾਰਜਸ਼ੀਲ ਹਨ ਪ੍ਰੰਤੂ ਆਤਮਿਕ ਤੌਰ ‘ਤੇ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਵਿੱਚ ਵਿਚਰ ਰਹੇ ਹਨ। ਅਜਿਹੇ ਉਦਮਾ ਅਤੇ ਪਰਵਾਸੀ ਕਵੀਆਂ/ਕਵਿਤਰੀਆਂ ਦੀਆਂ ਕਲਮਾਂ ਦੀ ਕਰਾਮਾਤ ਸਦਕਾ ਪੰਜਾਬੀ ਮਾਂ ਬੋਲੀ ਹਮੇਸ਼ਾ ਇਸੇ ਤਰ੍ਹਾਂ ਸੰਸਾਰ ਵਿੱਚ ਆਪਣਾ ਬੋਲਬਾਲਾ ਕਾਇਮ ਰੱਖੇਗੀ। ਇਸ ਕਾਵਿ ਸੰਗ੍ਰਹਿ ਵਿੱਚ ਖੁਲ੍ਹੀਆਂ ਅਤੇ ਛੰਦ ਬੱਧ ਦੋਵੇਂ ਕਿਸਮ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਸਮੇਂ ਅਤੇ ਪ੍ਰਸਥਿਤੀਆਂ ਦੀ ਤਬਦੀਲੀ ਦੀਆਂ ਪ੍ਰਤੀਕ ਹਨ ਅਤੇ ਇਨ੍ਹਾਂ ਦੇ ਆਪੋ ਆਪਣੇ ਰੰਗ ਸਤਰੰਗੀ ਪੀਂਘ ਦੀ ਤਰ੍ਹਾਂ ਮਨੁੱਖਤਾ ਦੇ ਦਿਲਾਂ ਨੂੰ ਮਨਮੋਹਕ ਦਿ੍ਰਸ਼ ਨਾਲ ਆਕਰਸ਼ਿਤ ਕਰਦੇ ਹਨ।

ਕਈ ਕਵਿਤਾਵਾਂ ਭਾਵਨਾਵਾਂ ਵਿੱਚ ਲਪੇਟੀਆਂ ਹੋਈਆਂ ਸਿੰਬਾਲਿਕ ਹਨ, ਜੋ ਬਿੰਬਾਂ ਨਾਲ ਪਿਆਰ ਦੀਆਂ ਪੀਂਘਾਂ ਝੂਟਦੀਆਂ ਨਜ਼ਰ ਆ ਰਹੀਆਂ ਹਨ, ਉਹ ਕਵਿਤਾਵਾਂ ਪਰਵਾਸ ਦੀ ਜ਼ਿੰਦਗੀ ਸਮੇਂ ਅਤੇ ਸਥਾਨ ਦੀ ਪ੍ਰਤੀਨਿਧਤਾ ਕਰਦੀਆਂ ਹਨ। ਪਰਵਾਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੀਆਂ ਤਬਦੀਲੀਆਂ ਆਈਆਂ ਹਨ, ਉਨ੍ਹਾਂ ਤਬਦੀਲੀਆਂ ਨੂੰ ਦੋਵੇਂ ਸਥਾਨਾ ‘ਤੇ ਕਿਸ ਨਿਗਾਹ ਨਾਲ ਵੇਖਿਆ ਜਾਂਦਾ ਹੈ, ਕਵਿਤਾਵਾਂ ਦੇ ਵਿਸ਼ੇ ਹਨ। ਸੁਰਜੀਤ ਨੇ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈ। ਕਵਿਤਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਅਤੇ ਪਰਵਾਸ ਦੀ ਪ੍ਰਣਾਲੀ ਅਤੇ ਕਾਨੂੰਨਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਉਸ ਅੰਤਰ ਦਾ ਦੋਵੇਂ ਸਥਾਨਾ ‘ਤੇ ਕੀ ਪ੍ਰਭਾਵ ਪੈਂਦਾ ਹੈ। ਜਦੋਂ ਪਰਵਾਸ ਸ਼ੁਰੂ ਹੋਇਆ ਅਤੇ ਹੁਣ ਕਿਸ ਸੰਧਰਵ ਵਿੱਚ ਲਿਆ ਜਾਂਦਾ ਹੈ। ਕਵਿਤਾਵਾਂ ਵਿੱਚ ਪਰਵਾਸ ਦੀ ਚੀਸ ਅਤੇ ਖ਼ੁਸ਼ੀ ਦੋਵੇਂ ਮਿਲਦੇ ਹਨ। ਆਸ਼ਾ ਤੇ ਨਿਰਾਸ਼ਾ ਦੋਵੇਂ ਵਿਦਮਾਨ ਹਨ। ਪਰਵਾਸ ਵਿੱਚ ਸੱਧਰਾਂ ਦੇ ਮਰ ਜਾਣ ਦਾ ਸੰਤਾਪ ਵੀ ਹੈ। ਪ੍ਰੰਤੂ ਨਾਲ ਹੀ ਤੰਗੀਆਂ ਤਰੁਸ਼ੀਆਂ ਦਾ ਮੁਕਾਬਲਾ ਕਰਕੇ ਸਫਲਤਾ ਦਾ ਸਿਹਰਾ ਵੀ ਬੱਝਦਾ ਹੈ।

ਪਰਿਵਾਰਿਕ ਰਿਸ਼ਤਿਆਂ, ਇਸਤਰੀ ਦੀ ਗ਼ੁਲਾਮੀ, ਅਨੇਕਾਂ ਗੁਰੂ ਘਰ ਹੋਣ ਦੇ ਬਾਵਜੂਦ ਜਾਤ ਪਾਤ ਦਾ ਬਰਕਰਾਰ ਰਹਿਣਾ ਅਤੇ ਪੰਜਾਬ ਦੀ ਤ੍ਰਾਸਦੀ ਕਵਿਤਾਵਾਂ ਵਿੱਚੋਂ ਝਲਕਦੀ ਹੋਈ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਕਵਿਤਾਵਾਂ ਇਨਸਾਨ ਨੂੰ ਅੰਤਰ ਝਾਤ ਮਾਰਨ ‘ਤੇ ਜ਼ੋਰ ਦਿੰਦੀਆਂ ਹਨ ਤਾਂ ਜੋ  ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕੇ, ਖ਼ੁਸ਼ੀ ਕਿਸੇ ਵੀ ਚੀਜ਼ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਝ ਕਵਿਤਾਵਾਂ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ, ਜਿਵੇਂ ਇਸਤਰੀ ਦਾ ਹਰ ਰੋਣ ਧੋਣ ਬਰਦਾਸ਼ਤ ਕੀਤਾ ਜਾ ਸਕਦਾ ਪ੍ਰੰਤੂ ਔਰਤ ਦੇ ਪਿਆਰ ਨੂੰ ਅਣਡਿਠ ਕਰਨਾ ਝੱਲਿਆ ਨਹੀਂ ਜਾ ਸਕਦਾ ਕਿਉਂਕਿ ਔਰਤ ਖ਼ੁਸੀਆਂ ਅਤੇ ਖੇੜਿਆਂ ਦੀ ਪ੍ਰਤੀਕ ਹੁੰਦੀ ਹੈ। ਔਰਤ ਸ਼ਕਤੀਵਾਨ ਹੈ, ਉਸ ਨੂੰ ਆਪਣੀ ਛੁਪੀ ਸ਼ਕਤੀ ਦੀ ਪਛਾਣ ਕਰਨੀ ਚਾਹੀਦੀ ਹੈ। ਬੇਇਨਸਾਫ਼ੀ, ਜ਼ਾਲਮਾਂ ਤੇ ਲੁਟੇਰਿਆਂ ਵਿਰੁੱਧ, ਮਨੁੱਖਤਾ ਲਈ ਮੋਹ, ਹੱਕ ਸੱਚ ‘ਤੇ ਪਹਿਰਾ, ਇਨਕਲਾਬੀ ਸੋਚ, ਸਵੱਛ ਵਾਤਾਵਰਨ, ਕਿਸਾਨਾ ਨਾਲ ਹਮਦਰਦੀ ਅਤੇ ਸੰਗੀਤ ਦੀ ਚਾਸ਼ਣੀ ਵਰਗੇ ਵਿਸ਼ਿਆਂ ਨਾਲ ਲਬਰੇਜ਼ ਕਵਿਤਾਵਾਂ ਮਨੁੱਖੀ ਮਨਾਂ ਵਿੱਚ ਸੰਵੇਦਨਾ ਪੈਦਾ ਕਰਦੀਆਂ ਹਨ। ਗੰਧਲੀ ਸਿਆਸਤ, ਬਲਾਤਕਾਰ ਅਤੇ ਨਸ਼ਿਆਂ ਦੇ ਖ਼ਤਰਨਾਕ ਸਿੱਟਿਆਂ ਬਾਰੇ ਚਿੰਤਾ ਪ੍ਰਗਟ ਕਰਦੀਆਂ ਹਨ।

ਗੁਰੂ ਦੀ ਵਿਚਾਰਧਾਰ ‘ਤੇ ਪਹਿਰਾ ਦੇਣ, ਵਿਰਾਸਤ ਦੀ ਸੰਭਾਲ, ਸ਼ਾਂਤੀ ਦੀ ਪੁਕਾਰ ਅਤੇ ਪੰਜਾਬੀ ਬੋਲੀ ਨੂੰ ਅਪਨਾਉਣ ਦੀ ਪ੍ਰੇਰਨਾ ਦੇ ਰਹੀਆਂ ਹਨ। ਹਿੰਦ ਪਾਕਿ ਦੀ ਵੰਡ ਦੀ ਹੂਕ ਪਾਉਂਦੀਆਂ ਕਵਿਤਾਵਾਂ ਵੀ ਹਨ। ਪਰਵਾਸ ਵਿੱਚ ਪੰਜਾਬੀ ਜਾਂਦੇ ਵੀ ਤਰੱਦਦ ਕਰਕੇ ਹਨ ਪ੍ਰੰਤੂ ਉਥੇ ਜਾ ਕੇ ਜਦੋਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਪਿਛਲਾ ਵਿਰਾਸਤ ਦਾ ਹੇਜ ਵੀ ਤੰਗ ਕਰਦਾ ਰਹਿੰਦਾ ਹੈ। ਇਨਸਾਨ ਬ੍ਰਾਂਡਡ ਉਲਝਣਾ ਵਿੱਚ ਫਸਿਆ ਰਹਿੰਦਾ ਹੈ, ਮੂਲ ਨਿਵਾਸੀ ਕੈਨੇਡੀਅਨ ਦਾ ਦਰਦ ਅਤੇ ਪੰਜਾਬ ਵਿੱਚ ਇਸਤਰੀਆਂ ਦੀ ਦੁਰਦਸ਼ਾ ਤੇ ਕੁਦਰਤ ਨਾਲ ਕੀਟਨਾਸ਼ਕ ਦਵਾਈਆਂ ਰਾਹੀਂ ਕੀਤੇ ਜਾਂਦੇ ਖਿਲਵਾੜ ਬਾਰੇ ਕਵਿਤਾਵਾਂ ਹਨ, ਜੋ ਪਾਠਕ ਨੂੰ ਕੁਰੇਦਦੀਆਂ ਹਨ।

ਬੁੱਧ ਦਾ ਨਿਰਵਾਣ ਬੁੱਧ ਲਈ ਸ਼ਾਂਤੀ ਤਾਂ ਦੇ ਸਕਦਾ ਪ੍ਰੰਤੂ ਔਰਤ ਲਈ ਦੁੱਖਦਾਈ ਹੈ। ਕੁਝ ਕਵੀਆਂ/ਕਵਿਤਰੀਆਂ ਨੇ ਪੰਜਾਬ ਵਿੱਚ ਗ਼ਰੀਬ ਅਮੀਰ ਦੇ ਪਾੜੇ ਵਿੱਚ ਜ਼ਮੀਨ ਅਸਮਾਨ ਦੇ ਅੰਤਰ ਬਾਰੇ ਕਵਿਤਾਵਾਂ ਲਿਖਦਿਆਂ ਗ਼ਰੀਬਾਂ ਦੀ ਦਾਸਤਾਂ ਬਿਆਨ ਕੀਤੀ ਹੈ। ਜ਼ਿੰਦਗੀ ਵਿੱਚ ਬਚਪਨ, ਜਵਾਨੀ ਅਤੇ ਬੁਢਾਪੇ ਦੇ ਰੰਗਾਂ ਨੂੰ ਵੀ ਦਰਸਾਇਆ ਹੈ। ਆਪਣਿਆਂ ਦਾ ਵਿਗਾਨਿਆਂ ਦੀ ਤਰ੍ਹਾਂ ਵਿਵਹਾਰ ਤਕਲੀਫ ਦਿੰਦਾ ਹੈ। ਹਓਮੈ ਇਕ ਨਾ ਇਕ ਦਿਨ ਟੁੱਟ ਜਾਂਦੀ ਹੈ, ਆਸਾਂ ਦੇ ਸਿਰ ਜੀਵਨ ਬਸਰ ਹੁੰਦਾ ਹੈ ਪ੍ਰੰਤੂ ਉਹ ਕਦੀਂ ਪੂਰੀਆਂ ਨਹੀਂ ਹੁੰਦੀਆਂ। ਇਸ ਪੁਸਤਕ ਦੀਆਂ ਕਵਿਤਾਵਾਂ ਪਿਆਰ ਮੁਹੱਬਤ ਦੇ ਗੀਤ ਗਾਉਂਦੀਆਂ ਹੋਈਆਂ ਨਫ਼ਰਤਾਂ ਦੀਆਂ ਕੰਧਾਂ ਤੋੜਨ ਦੀ ਪੁਰਜ਼ੋਰ ਹਮਾਇਤ ਕਰਦੀਆਂ ਹਨ। ਮਨੁੱਖ ਦੀ ਇਸਤਰੀ ਦੇ ਸਰੀਰਕ ਖਿੱਚ ਦੀ ਪ੍ਰਵਿਰਤੀ  ਦਾ ਪਾਜ ਉਘੇੜਦੀ ਸੀਰਤ ਦੀ ਕਦਰ ਕਰਨ ਨੂੰ ਤਰਜ਼ੀਹ ਦੇਣ ਦੀ ਵਕਾਲਤ ਕੀਤੀ ਗਈ ਹੈ। ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਪੰਜਾਬੀਆਂ ਦੇ ਅੱਸੀਵਿਆਂ ਵਿੱਚ ਹੋਏ ਮਾਨਵਤਾ ਦੇ ਘਾਣ ਬਾਰੇ ਦੁੱਖਦਾਇਕ ਸਮੇਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੀਆਂ ਹੋਈਆਂ ਵਰਤਮਾਨ ਜ਼ਿੰਦਗੀ ਨੂੰ ਮਾਨਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਹਨ। ਮਾਨਵਤਾ ਦੇ ਹੱਕਾਂ ‘ਤੇ ਪਹਿਰਾ ਦਿੰਦੀਆਂ ਹਨ। ਮਨੁੱਖ ਮੁਖੌਟੇ ਪਾਈ ਫਿਰਦਾ ਹੈ, ਭਾਵ ਦੂਹਰੀ ਜ਼ਿੰਦਗੀ ਜਿਓ ਰਿਹਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਇਕ ਹੋਰ ਵੱਖਰੀ ਗੱਲ ਹੈ ਕਿ ਸੰਪਾਦਕ ਨੇ ਸੰਪਾਦਨਾ ਕਰਦਿਆਂ ਪੁਸਤਕ ਵਿੱਚ ਸ਼ਾਮਲ ਕਵੀਆਂ/ਕਵਿਤਰੀਆਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਉਨ੍ਹਾਂ ਦੇ ਸਮੁੱਚੇ ਯੋਗਦਾਨ ਦਾ ਸਾਰੰਸ਼ ਹੈ।

166 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ‘ਕੈਲੀਬਰ ਪਬਲੀਕੇਸ਼ਨ ਪਟਿਆਲਾ’ ਨੇ ਪ੍ਰਕਾਸ਼ਤ ਕੀਤਾ ਹੈ। ਅਲੋਪ ਹੋ ਰਹੇ ਚੇਟਕਾਂ ਦਾ ਦੁੱਖ, ਪਰਵਾਸ ਦੀਆਂ ਪਰੰਪਰਾਵਾਂ, ਨਿਯਮਾ ਅਤੇ ਦੋਸਤੀਆਂ ਦੀ ਪ੍ਰਸੰਸਾ ਕੀਤੀ ਗਈ ਹੈ।
***

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1122
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ