ਸਾਰਾ ਸੰਸਾਰ ਕੁਦਰਤੀ ਦ੍ਰਿਸ਼ਾਂ ਦਾ ਖ਼ਜ਼ਾਨਾ ਹੈ। ਪਹਾੜਾਂ ਦੀਆਂ ਅਸਮਾਨ ਛੋਂਹਦੀਆਂ ਬਰਫ਼-ਲੱਦੀਆਂ ਚੋਟੀਆਂ, ਰੰਗ-ਬਰੰਗ ਬਨਸਪਤ ਭਰੀਆਂ ਮਨਮੋਹਕ ਪਹਾੜੀ-ਢਲਾਣਾਂ ਅਤੇ ਸਰਸਬਜ਼ ਵਾਦੀਆਂ ਇੱਕ ਮਨਜ਼ਰ ਪੇਸ਼ ਕਰਦੀਆਂ ਹਨ।
ਦਿਨ ਚੜ੍ਹਦੇ ਦੀ ਸੂਰਜ-ਲਾਲੀ ਮਨ ਅੰਦਰ ਖ਼ੁਸ਼ੀ-ਤਰੰਗ ਪੈਦਾ ਕਰਦੀ ਮੜ੍ਹਕ-ਮੜ੍ਹਕ ਨਿਕਲਦੀ ਹੈ। ਰਾਤ ਨੁੰ ਅਸਮਾਨ ਵਿੱਚ ਟਿਮਟਿਮਾਉਂਦੇ ਤਾਰਿਆਂ ਭਰਿਆ ਚੰਦ ਦਾ ਡੋਲਾ ਦਿਲ-ਫ਼ਰੇਬ ਨਜ਼ਾਰਾ ਪੇਸ਼ ਕਰਦਾ ਹੈ ਅਤੇ ਮਨੁੱਖ ਨੂੰ ਚਕਰਿਤ ਕਰ ਦਿੰਦਾ ਹੈ। ਜਗਤ ਵੰਨ-ਸੁਵੰਨੇ ਰੰਗਾਂ ਦੇ ਫੁੱਲਾਂ ਦਾ ਗੁਲਦਸਤਾ ਨਜ਼ਰ ਆਉਂਦਾ ਹੈ। ਅਥਾਹ ਬੇ-ਰਾਹ ਮਾਰੂ-ਥਲ, ਅਸੀਮ ਸਮੁੰਦਰ, ਮੁਲਕਾਂ ਦੇ ਮੁਲਕ ਪਾਰ ਕਰਦੇ ਕਲ-ਕਲ ਕਰਦੇ ਦਰਿਆ, ਦਰਿਆਵਾਂ ਦੀਆਂ ਵਿਸ਼ਾਲ ਜਲ-ਧਾਰਾਵਾਂ/ਆਬਸ਼ਾਰਾਂ, ਧਰਤੀ ’ਚੋਂ ਫੁਟਦੇ ਝਰਨੇ, ਧਰਤੀ ’ਤੇ ਦੂਰ ਦਿਸਹੱਦੇ ਤੱਕ ਫੈਲੀਆਂ ਚਰਾਗਾਹਾਂ ਅਤੇ ਪਠਾਰਾਂ ਅਦਭੁਤ ਹਨ।
ਇਹ ਸਾਰੀ ਹੋਂਦ ਜਿਸ ਨੂੰ ਆਪਾਂ ਕੁਦਰਤ ਕਹਿੰਦੇ ਹਾਂ, ਮਨੁੱਖ ਨੂੰ ਅਨਾਦਿ ਕਾਲ (ਉਹ ਸਮਾਂ ਜਿਸ ਦਾ ਮੁੱਢ ਹੈ ਹੀ ਨਹੀਂ) ਤੋਂ ਅਸਚਰਜ ਕਰਦੀ ਆ ਰਹੀ ਹੈ। ਮਨੁੱਖ ਦੇ ਮਨ ਅੰਦਰ ਸਵਾਲ ਉੱਠਦਾ ਆ ਰਿਹਾ ਹੈ ਕਿ ਆਖ਼ਰ ਇਹ ਸਭ ਕੁਝ ਹੈ ਕੀ ਅਤੇ ਆਇਆ ਕਿੱਥੋਂ?
ਪ੍ਰਾਚੀਨ ਕਾਲ ਦੀਆਂ ਪੁਸਤਕਾਂ ਵੀ ਸਵਾਲ ਕਰਦੀਆਂ ਆ ਰਹੀਆਂ ਹਨ: ਇਹ ਕਦੋਂ ਤੋਂ ਹੈ? ਜਦੋਂ ਹਰ ਪਾਸੇ ਸੁੰਨ-ਸਮਾਧੀ ਸੀ ਅਤੇ ਘੁੱਪ-ਹਨੇਰੇ ਦਾ ਰਾਜ ਸੀ, ਜਦੋਂ ਨਾ ਹੀ ਕੁਝ ਸੀ ਅਤੇ ਨਾ ਹੀ ਕੁਝ ਨਹੀਂ ਸੀ, ਉਸ ਸਮੇਂ ਕਿਸ ਨੇ ਇਹ ਜਗਤ ਪੈਦਾ ਕੀਤਾ? ਇਹ ਕਿਵੇਂ ਹੋਇਆ? ਕੀ ਕੋਈ ਇਸ ਭੇਦ ਨੂੰ ਜਾਣਦਾ ਵੀ ਹੈ?
ਲੱਖਾਂ ਵਾਰੀ ਜਵਾਬ ਲੱਭਣ ਦੀ ਕੋਸਿ਼ਸ਼ ਹੁੰਦੀ ਰਹੀ ਹੈ ਅਤੇ ਹੁੰਦੀ ਰਹੇਗੀ। ਇਹ ਵੀ ਗੱਲ ਨਹੀਂ ਕਿ ਜਵਾਬ ਗ਼ਲਤ ਮਿਲਦੇ ਰਹੇ ਸਨ। ਉਨ੍ਹਾਂ ਜਵਾਬਾਂ ਵਿੱਚ ਕੁਝ ਨਾ ਕੁਝ ਸਚਾਈ ਸੀ ਅਤੇ ਜਿਉਂ-ਜਿਉਂ ਸਮਾਂ ਲੰਘ ਰਿਹਾ ਹੈ, ਉਹ ਜਵਾਬ ਹੋਰ ਬਲ ਫੜਦੇ ਜਾ ਰਹੇ ਹਨ। ਸਵਾਲ ਬੜੇ ਦਿਲਚਸਪ ਅਤੇ ਮਹੱਤਵ-ਪੂਰਨ ਹਨ। ਆਓ ਆਪਾਂ ਪ੍ਰਾਚੀਨ ਦਾਰਸ਼ਨਿਕਾਂ, ਫਿਲਾਸਫਰਾਂ, ਰਿਸ਼ੀਆਂ-ਮੁਨੀਆਂ ਦੀਆਂ ਖੋਜਾਂ ਨੂੰ ਲੈਕੇ ਅਜੋਕੇ ਸਮੇਂ ਦੀਆਂ ਵਿਸ਼ਵੀ-ਖੋਜਾਂ ਦੇ ਅਧਾਰ ’ਤੇ ਗੱਲ ਕਰੀਏ ਅਤੇ ਸਰਵ-ਵਿਆਪਕ ਨਿਆਇਕ-ਸਿੱਟੇ ’ਤੇ ਪਹੁੰਚੀਏ।
ਉਪਰੋਕਤ ਪ੍ਰਾਚੀਨ ਸਵਾਲਾਂ ਵਿੱਚੋਂ ਕੁਝ ਅੰਸ਼ਾਂ ਦਾ ਹੱਲ ਇਉਂ ਮਿਲਦਾ ਹੈ: ਕੋਈ ਸਮਾਂ ਸੀ ਜਦੋਂ ‘ਨਾ ਹੀ ਕੁਝ ਸੀ ਅਤੇ ਨਾ ਹੀ ਕੁਝ ਨਹੀਂ ਸੀ’। ਇਸ ਗੱਲ ਦੀ ਵਿਆਖਿਆ ਇਸ ਤਰ੍ਹਾਂ ਹੈ ਕਿ ਅਜੋਕੇ ਸੰਸਾਰ ਦੀ ਹੋਂਦ ਨਹੀਂ ਸੀ। ਸਾਡੀ ਧਰਤੀ ਨਹੀਂ ਸੀ। ਧਰਤੀ ਦੇ ਸਾਗਰ, ਸਾਹਿਲ/ਤੱਟ, ਦਰਿਆ, ਪਹਾੜ, ਸ਼ਹਿਰ ਅਤੇ ਪਿੰਡ, ਮਨੁੱਖ-ਜਾਤੀ, ਪਸ਼ੂ, ਪੰਛੀ, ਬਨਸਪਤੀ, ਸੂਰਜ, ਚੰਦ, ਸਿਤਾਰੇ, ਗੱਲ ਕੀ ਸਾਰੇ ਗਰਹਿ-ਨਛੱਤਰ ਆਦਿ ਨਹੀਂ ਸਨ। ਭਿੰਨ-ਭਿੰਨ ਅਸੀਮ ਰਚਨਾ ਦੀ ਹੋਂਦ ਨਹੀਂ ਸੀ। ਇਹ ਵੀ ਨਹੀਂ ਕਿ ਕੁਝ ਨਹੀਂ ਸੀ। ਫਿਰ ਕੀ ਸੀ?
ਮਨੁੱਖ ਧਰਤੀ ਵਿੱਚ ਬੀਜ ਬੀਜਦਾ ਹੈ। ਥੋੜੇ ਸਮੇਂ ਪਿੱਛੋਂ ਉਹ ਬੀਜ ਧਰਤੀ ਵਿੱਚੋਂ ਪੁੰਘਰ ਪੈਂਦਾ ਹੈ। ਹੌਲੀ-ਹੌਲੀ ਪੌਦਾ ਵੱਧਦਾ ਹੈ। ਵੱਧਦਾ-ਵੱਧਦਾ ਬਹੁਤ ਭਾਰੀ-ਭਰਕਮ ਦਰਖ਼ਤ ਬਣ ਜਾਂਦਾ ਹੈ। ਫਿਰ ਕੋਈ ਸਮਾਂ-ਸੀਮਾ ਆਉਂਦਾ ਹੈ ਜਦੋਂ ਉਹ ਦਰਖ਼ਤ ਡਿੱਗ ਪੈਂਦਾ ਹੈ ਅਤੇ ਨਸ਼ਟ ਹੋ ਜਾਂਦਾ ਹੈ ਪਰ ਆਪਣੇ ਪਿੱਛੇ ਆਪਣਾ ਬੀਜ ਛੱਡ ਜਾਂਦਾ ਹੈ। ਉਸ ਪਹਿਲੇ ਬੀਜ ਨੇ ਆਪਣਾ ਪੂਰਾ ਸਾਈਕਲ, ਪੂਰਾ ਚੱਕਰ ਕੱਟ ਲਿਆ। ਬੀਜ ਤੋਂ ਸ਼ੁਰੂ ਹੋਇਆ, ਦਰਖ਼ਤ ਬਣਿਆ ਅਤੇ ਅੰਤ ਫਿਰ ਬੀਜ ਦਾ ਬੀਜ ਰਹਿ ਗਿਆ। ਅੱਗੋਂ ਪਹਿਲੇ ਵਾਲਾ ਚੱਕਰ ਫਿਰ ਸ਼ੁਰੂ ਹੋ ਗਿਆ।
ਪੰਛੀ ਵੱਲ ਦੇਖੋ। ਅੰਡੇ ਵਿੱਚੋਂ ਨਿਕਲਦਾ ਹੈ। ਵੱਡਾ ਹੁੰਦਾ ਹੈ। ਆਪਣਾ ਜੀਵਨ ਗੁਜ਼ਾਰਦਾ ਹੈ ਅਤੇ ਮਰ ਜਾਂਦਾ ਹੈ, ਨਸ਼ਟ ਹੋ ਜਾਂਦਾ ਹੈ ਪਰ ਆਪਣੇ ਪਿੱਛੇ ਅੰਡੇ ਛੱਡ ਜਾਂਦਾ ਹੈ ਜਿਹੜੇ ਉਸ ਦੀ ਆਉਣ ਵਾਲੀ ਨਸਲ ਦੇ ਬੀਜ ਹੁੰਦੇ ਹਨ। ਅੰਡੇ ਤੋਂ ਸ਼ੁਰੂ ਹੋਇਆ ਅਤੇ ਆਪਣਾ ਸਾਈਕਲ ਪੂਰਾ ਕਰਕੇ ਫਿਰ ਅੰਡੇ ਤੇ ਪਹੁੰਚ ਗਿਆ। ਉਸ ਦਾ ਚੱਕਰ ਅਮੁਕ ਘੁੰਮਦਾ ਰਹਿੰਦਾ ਹੈ।
ਇਹੀ ਗੱਲ ਪਸ਼ੂਆਂ ਅਤੇ ਇਨਸਾਨਾਂ ’ਤੇ ਵੀ ਢੁੱਕਦੀ ਹੈ। ਕੁਦਰਤ ਵਿੱਚ ਹਰੇਕ ਚੀਜ਼ ਕਿਸੇ ਬੀਜ, ਕਿਸੇ ਅਰੰਭਕ ਦਸ਼ਾ, ਕਿਸੇ ਸੂਖਮ ਸ਼ਕਲ ਤੋਂ ਸ਼ੁਰੂ ਹੁੰਦੀ ਹੈ। ਵੱਡਾ ਆਕਾਰ ਅਖ਼ਤਿਆਰ ਕਰਦੀ ਹੈ ਅਤੇ ਅੰਤ ਵਾਪਸ ਉਸੇ ਸੂਖਮ ਸ਼ਕਲ, ਸੂਖਮ ਤੱਤ ਵਿੱਚ ਚਲੀ ਜਾਂਦੀ ਹੈ। ਸਮੁੰਦਰ ਦੇ ਪਾਣੀ ਵਿੱਚੋਂ ਬੁਖ਼ਾਰਾਤ ਉੱਠਦੇ ਹਨ। ਹਵਾ ਵਿੱਚ ਉੱਡ ਜਾਂਦੇ ਹਨ। ਕਿਸੇ ਥਾਂ ਤੇ ਪਾਣੀ ਬਣ ਜਾਂਦੇ ਹਨ ਅਤੇ ਮੀਂਹ ਦੀ ਸ਼ਕਲ ਵਿੱਚ ਵਰ੍ਹ ਪੈਂਦੇ ਹਨ। ਉੱਥੋਂ ਫਿਰ ਬੁਖ਼ਾਰਾਤ ਦੀ ਸ਼ਰੂਆਤ ਹੁੰਦੀ ਹੈ। ਮੀਂਹ ਪੈਂਦਾ ਹੈ। ਪਾਣੀ ਦਰਿਆ ਤੱਕ ਪਹੁੰਚ ਜਾਂਦਾ ਹੈ। ਦਰਿਆ ਵਹਿੰਦਾ-ਵਹਿੰਦਾ ਸਮੁੰਦਰ ਵਿੱਚ ਜਾ ਵੜਦਾ ਹੈ। ਚੱਕਰ ਚੱਲਦਾ ਰਹਿੰਦਾ ਹੈ। ਸ਼ੁਰੂਆਤ ਅਤੇ ਅੰਤ ਇੱਕੋ ਜਿਹੇ। ਸਾਡੇ ਆਲੇ-ਦੁਆਲੇ ਕੁਦਰਤ ਵਿੱਚ ਇਹੀ ਇੱਕੋ ਨਿਯਮ ਕੰਮ ਕਰ ਰਿਹਾ ਹੈ।
ਉੱਚੇ-ਉੇੱਚੇ, ਵੱਡੇ-ਵੱਡੇ, ਸਿਲਸਿਲੇਦਾਰ ਪਹਾੜਾਂ ਉੱਤੇ ਮੀਲਾਂ ਦੇ ਮੀਲ ਲੰਮੇ ਬਰਫ਼ ਦੇ ਟੁੱਟਦੇ ਤੋਦੇ ਇਨ੍ਹਾਂ ਪਹਾੜਾਂ ਨੂੰ ਕੱਟਦੇ, ਵੱਢਦੇ ਅਤੇ ਮਹੀਨ ਪੀਂਹਦੇ ਰਹਿੰਦੇ ਹਨ। ਪਹਾੜਾਂ ਵਿੱਚੋਂ ਨਿਕਲਦੇ ਧਹਾੜਦੇ ਹੋਏ ਦਰਿਆ, ਨਦੀਆਂ, ਨਾਲੇ ਪਹਾੜਾਂ ਨੂੰ ਤੋੜਦੇ, ਖੋਰਦੇ ਆਪਣੇ ਨਾਲ ਪੀਸੀ ਹੋਈ ਰੇਤ ਬਹਾ ਲੈ ਆਉਂਦੇ ਹਨ ਅਤੇ ਮੈਦਾਨਾਂ ਦਾ ਸਫ਼ਰ ਤੈ ਕਰਦੇ ਸਮੁੰਦਰ ਦੇ ਤੱਟ ਉੱਤੇ ਰੇਤ ਵਿਛਾਉਂਦੇ ਰਹਿੰਦੇ ਹਨ। ਇਹ ਕੰਮ ਹੌਲੀ-ਹੌਲੀ, ਧੀਮੀ ਚਾਲ ਨਾਲ ਚੱਲਦਾ ਰਹਿੰਦਾ ਹੈ ਪਰ ਚੱਲਦਾ ਨਿਰੰਤਰ ਹੈ। ਸਮੁੰਦਰੀ ਪਾਣੀ ਦੀਆਂ ਉੱਚੀਆਂ-ਉੱਚੀਆਂ ਸੁਨਾਮੀ-ਛੱਲਾਂ ਦੇ ਥਪੇੜੇ ਪਹਾੜਾਂ ਤੋਂ ਲਿਆਂਦੀ ਰੇਤ ਨੁੰ ਤਹਿ ਦਰ ਤਹਿ ਜਮਾਉਂਦੇ, ਚਟਾਨਾਂ ਬਣਾਉਂਦੇ ਰਹਿੰਦੇ ਹਨ। ਹਜ਼ਾਰਾਂ, ਲੱਖਾਂ ਸਾਲ ਇਹ ਕਿਰਿਆ ਜਾਰੀ ਰਹਿੰਦੀ ਹੈ। ਫਿਰ ਅਜਿਹਾ ਸਮਾਂ ਆਉਂਦਾ ਹੈ ਜਦੋਂ ਪਹਾੜ ਮੈਦਾਨ ਬਣ ਜਾਂਦੇ ਹਨ ਅਤੇ ਦੂਜੇ ਪਾਸੇ ਪਹਾੜ ਉੱਸਰ ਪੈਂਦੇ ਹਨ। ਉਹ ਪਹਾੜ ਫਿਰ ਰੇਤ ਬਣਦੇ ਹਨ, ਉਹ ਰੇਤ ਫਿਰ ਪਹਾੜ ਬਣਾਉਂਦੀ ਹੈ। ਚੱਕਰ ਚੱਲਦਾ ਰਹਿੰਦਾ ਹੈ। ਇਹ ਚੱਕਰ ਹੈ ਉਹੀ ਜਿਸ ਤੋਂ ਕੋਈ ਚੀਜ਼ ਬਣੀ, ਉਸੇ ਵਿੱਚ ਫਿਰ ਤਬਦੀਲ ਹੋ ਗਈ। ਚੱਕਰ ਅਮੁੱਕ ਰਹਿੰਦਾ ਹੈ।
ਸਿੱਟਾ ਇਹ ਨਿਕਲਿਆ ਕਿ ਕੁਦਰਤ ਸਾਰੇ ਜਗਤ ਵਿੱਚ ਇੱਕ-ਸਾਰ ਹੈ। ਕੋਈ ਹਾਲੇ ਤੱਕ ਇਸ ਕਿਰਿਆ ਨੂੰ ਝੁਠਲਾ ਨਹੀਂ ਸਕਿਆ। ਰੇਤ ਦੇ ਨਿੱਕੇ-ਨਿੱਕੇ ਅਣੂਆਂ/ਜ਼ੱਰਿਆਂ ਨੇ ਵੱਡੇ-ਵੱਡੇ ਚੰਦ, ਸੂਰਜ, ਸਿਤਾਰੇ ਅਤੇ ਕਈ ਹਿਮਾਲੀਆ ਪਹਾੜ ਬਣਾ ਦਿੱਤੇ। ਉਨ੍ਹਾਂ ਸਭ ਦਾ ਅੰਤ ਅਤੇ ਸ਼ੁਰੂਆਤ ਨਿੱਕੇ-ਨਿੱਕੇ ਅਣੂਆਂ/ਜ਼ੱਰਾਤ ਵਿੱਚ ਹੋਇਆ। ਇਸ ਫ਼ਾਰਮੂਲੇ ’ਤੇ ਸਾਰੇ ਸੰਸਾਰ ਦੀ ਰਚਨਾ ਹੈ।
ਜੇ ਇਸ ਤੱਥ/ਫ਼ਾਰਮੂਲੇ ਨੂੰ ਆਪਣੇ ਜਟਲ ਵਿਚਾਰ ’ਤੇ ਲਾਗੂ ਕਰੀਏ ਤਾਂ ਜਗਤ ਦੀ ਹਰੇਕ ਚੀਜ਼ ਦਾ ਮੁੱਢ ਅਤੇ ਅੰਤ ਇੱਕੋ ਜਿਹਾ ਹੈ। ਰੇਤ ਤੋਂ ਪਹਾੜ, ਪਹਾੜ ਤੋਂ ਰੇਤ; ਬੁਖ਼ਾਰਾਤ ਤੋਂ ਦਰਿਆ, ਦਰਿਆ ਤੋਂ ਬੁਖ਼ਾਰਾਤ; ਬੀਜ ਤੋਂ ਪੌਦਾ, ਪੌਦੇ ਤੋਂ ਬੀਜ; ਮਨੁੱਖੀ-ਕਿਰਮ ਤੋਂ ਮਨੁੱਖ, ਮਨੁੱਖ ਤੋਂ ਮਨੁੱਖੀ-ਕਿਰਮ; ਗੈਸ-ਸਮੂਹ ਤੋਂ ਸੰਸਾਰ ਬਣਿਆ ਅਤੇ ਸੰਸਾਰ ਜ਼ਰੂਰ ਗੈਸ-ਸਮੂਹ ਬਣ ਜਾਏਗਾ।
ਸਮਝ ਇਹ ਪਈ ਕਿ ਕਿਸੇ ਵੀ ਚੀਜ਼ ਦਾ ਵੱਡੇ ਰੂਪ ਦਾ ਅਧਾਰ ‘ਸਿੱਟਾ ਅਤੇ ਸੂਖਮ ਕਾਰਨ’ ਹੈ। ਹਜ਼ਾਰਾਂ ਸਾਲ ਪਹਿਲਾਂ ਮਹਾਨ ਫਿ਼ਲਾਸਫ਼ਰ, ਕਪਿਲ ਰਿਸ਼ੀ ਨੇ ਇਹ ਗੱਲ ਦੱਸੀ: ਨਸ਼ਟ ਹੋਣ ਦਾ ਮਤਲਬ ਹੈ ਆਪਣੇ ਕਾਰਨ ਵਿੱਚ ਫਿਰ ਤਬਦੀਲ ਹੋ ਜਾਣਾ।
ਮੇਜ਼ ਦੇ ਨਸ਼ਟ ਹੋ ਜਾਣ ਦਾ ਭਾਵ ਹੈ, ਆਪਣੇ ਕਾਰਨ ਵਿੱਚ ਤਬਦੀਲ ਹੋ ਜਾਣਾ। ਜਿਨ੍ਹਾਂ ਸੂਖਮ ਅਣੂਆਂ/ਜ਼ੱਰਾਤ ਤੋਂ ਇਹ ਮੇਜ਼ ਬਣਿਆ ਸੀ, ਉਨ੍ਹਾਂ ਅਣੂਆਂ ਵਿੱਚ ਫਿਰ ਤਬਦੀਲ ਹੋ ਗਿਆ।
ਜੇ ਆਦਮੀ ਮਰ ਜਾਂਦਾ ਹੈ ਤਾਂ ਉਸ ਤੱਤ ਵਿੱਚ ਚਲਿਆ ਜਾਂਦਾ ਹੈ ਜਿਸ ਤੱਤ ਤੋਂ ਉਹ ਆਦਮੀ ਬਣਿਆ ਸੀ। ਜੇ ਇਹ ਧਰਤੀ ਨਸ਼ਟ ਹੋ ਜਾਂਦੀ ਹੈ ਤਾਂ ਉਸੇ ਤੱਤ ਵਿੱਚ ਚਲੀ ਜਾਏਗੀ ਜਿਸ ਤੋਂ ਇਹ ਬਣੀ ਸੀ। ਇਸ ਨੂੰ ਨਸ਼ਟ ਹੋਣਾ ਕਹਿੰਦੇ ਹਨ ਭਾਵ ਆਪਣੇ ਕਾਰਨ ਫਿਰ ਤਬਦੀਲ ਹੋ ਜਾਣਾ ਹੈ।
ਆਪਾਂ ਇਸ ਨਤੀਜੇ ਤੇ ਉਪੜੇ ਕਿ ਸਿੱਟਾ ਅਤੇ ਕਾਰਨ ਇੱਕੋ ਗੱਲ ਹੈ। ਕੋਈ ਫ਼ਰਕ ਨਹੀਂ ਹੈ। ਸਿਰਫ਼ ਸ਼ਕਲ ਵਿੱਚ ਫ਼ਰਕ ਹੈ। ਗਲਾਸ ਇੱਕ ਸ਼ਕਲ ਹੈ ਅਤੇ ਇਸ ਦਾ ਕੋਈ ਕਾਰਨ ਹੈ। ਉਹ ਕਾਰਨ ਇਸ ਦੀ ਸ਼ਕਲ ਵਿੱਚ ਪਿਆ ਹੈ। ਗਲਾਸ ਵਿੱਚ ਕੁਝ ਸਮੱਗਰੀ ਹੈ ਜਿਸ ਵਿੱਚ ਕਿਸੇ ਹੱਥ ਦੀ ਸ਼ਕਤੀ ਰਲੀ ਹੋਈ ਹੈ। ਇਸ ਸ਼ਕਤੀ ਅਤੇ ਸਮੱਗਰੀ ਨੇ ਰਲ ਕੇ ਗਲਾਸ ਬਣਾ ਦਿੱਤਾ। ਇਹ ਕਿਸੇ ਹੱਥ ਦੀ ਸ਼ਕਤੀ ਹੈ ਜਿਸ ਨੇ ਗਲਾਸ ਦੇ ਅਣੂਆਂ ਨੂੰ ਜੋੜਿਆ, ਨਹੀਂ ਤਾਂ ਉਹ ਜ਼ੱਰਾਤ/ਅਣੂ ਖਿੰਡ ਜਾਂਦੇ। ਗਲਾਸ ਤਾਂ ਸੂਖਮ ਕਾਰਨ ਦੀ ਇੱਕ ਨਵੀਂ ਸ਼ਕਲ ਹੈ। ਜੇ ਗਲਾਸ ਟੁੱਟ ਜਾਏ, ਨਸ਼ਟ ਹੋ ਜਾਏ ਤਾਂ ਇਸ ਦੀ ਸਮੱਗਰੀ ਅਤੇ ਉਸ ਵਿੱਚ ਲੱਗੀ ਸ਼ਕਤੀ ਆਪਣੇ ਤੱਤ/ਮੂਲ ਵਿੱਚ ਜਾ ਰਲੇਗੀ। ਗਲਾਸ ਦੇ ਜ਼ੱਰਾਤ/ਅਣੂ ਉਵੇਂ ਰਹਿਣਗੇ ਜਿੰਨਾ ਚਿਰ ਉਨ੍ਹਾਂ ਨੂੰ ਨਵੀਂ ਸ਼ਕਲ ਨਹੀਂ ਦਿੱਤੀ ਜਾਂਦੀ।
ਗੱਲ ਏਥੇ ਪਹੁੰਚੀ ਕਿ ਸਿੱਟਾ ਕਦੇ ਵੀ ਕਾਰਨ ਤੋਂ ਵੱਖ ਤਰ੍ਹਾਂ ਦਾ ਨਹੀਂ ਹੁੰਦਾ। ਸਿੱਟਾ ਅਤੇ ਕਾਰਨ ਇੱਕੋ ਗੱਲ ਹਨ। ਸਿੱਟਾ ਸਿਰਫ਼ ਕਾਰਨ ਦਾ ਵੱਡਾ ਰੂਪ ਹੈ।
ਅਗਲੀ ਗੱਲ ਕਿ ਇਹ ਸਾਰੀਆਂ ਸ਼ਕਲਾਂ ਜਿਨ੍ਹਾਂ ਨੂੰ ਆਪਾਂ ਪੌਦੇ, ਪਸ਼ੂ ਜਾਂ ਆਦਮੀ ਕਹਿੰਦੇ ਹਾਂ ਅਨਾਦਿ ਕਾਲ ਤੋਂ ਬਣਦੀਆਂ ਆ ਰਹੀਆਂ ਹਨ ਅਤੇ ਨਸ਼ਟ ਹੁੰਦੀਆਂ ਆ ਰਹੀਆਂ ਹਨ। ਬੀਜ ਨੇ ਦਰਖ਼ਤ ਪੈਦਾ ਕੀਤਾ, ਦਰਖ਼ਤ ਨੇ ਬੀਜ। ਉਸ ਬੀਜ ਤੋਂ ਫਿਰ ਦਰਖ਼ਤ। ਕੋਈ ਅੰਤ ਨਹੀਂ ਹੈ। ਚੱਕਰ ’ਤੇ ਚੱਕਰ ਚੱਲਦਾ ਰਹਿੰਦਾ ਹੈ। ਸਮੁੰਦਰ ਵਿੱਚੋਂ ਬੁਖ਼ਾਰਾਤ, ਬੁਖਾਰਾਤ ਤੋਂ ਪਹਾੜ ਆਦਿ ਤੇ ਮੀਂਹ। ਮੀਂਹ ਦਾ ਪਾਣੀ ਦਰਿਆਵਾਂ ਵਿੱਚ ਦੀ ਰਿੜ੍ਹਿਆ ਅਤੇ ਸਮੁੰਦਰ ਵਿੱਚ ਜਾ ਪਹੁੰਚਿਆ। ਸਮੁੰਦਰ ਵਿੱਚੋਂ ਫਿਰ ਬੁਖ਼ਾਰਾਤ, ਫਿਰ ਮੀਂਹ ਅਤੇ ਦਰਿਆਵਾਂ ਰਾਹੀਂ ਫਿਰ ਸਮੁੰਦਰ ਵਿੱਚ। ਚੱਕਰ ਅਮੁੱਕ। ਇਹੀ ਗੱਲ ਸਭ ਜਿ਼ੰਦਗੀਆਂ ਨਾਲ ਹੈ, ਸਾਰੀ ਹੋਂਦ ਨਾਲ ਹੈ। ਚੱਕਰ ਅਮੁੱਕ ਹੈ।
ਏਸੇ ਫ਼ਾਰਮੂਲੇ ਨੂੰ ਸਾਰੇ ਜਗਤ ’ਤੇ ਲਾਗੂ ਕਰੋ। ਦੁਨੀਆਂ ਦੀ ਹਰੇਕ ਚੀਜ਼ ਨੇ ਆਪਣੇ ਸੂਖਮ ਤੱਤ ਵਿੱਚ ਜ਼ਰੂਰ ਰਲਣਾ ਹੈ। ਸੂਖਮ ਤੱਤ ਤੋਂ ਜਗਤ ਦੀਆਂ ਅਨੇਕ ਭਿੰਨ-ਭਿੰਨ ਸ਼ਕਲਾਂ: ਧਰਤੀ, ਚੰਦ, ਸੂਰਜ, ਸਿਤਾਰੇ ਆਦਿ ਵਾਰ-ਵਾਰ ਬਣਦੀਆਂ ਰਹਿਣਗੀਆਂ, ਵਿਨਾਸ਼ ਹੁੰਦੀਆਂ ਰਹਿਣਗੀਆਂ ਪਰ ਆਪਣੇ ਤੱਤ ਨਾਲ ਮਿਲਦੀਆਂ ਰਹਿਣਗੀਆਂ।
ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਬੀਜ ਤੋਂ ਦਰਖ਼ਤ ਫੌਰਨ ਨਹੀਂ ਬਣ ਜਾਂਦਾ। ਧਰਤੀ ਵਿੱਚੋਂ ਬੀਜ ਨੂੰ ਪੁੰਘਰਣ ਵਿੱਚ ਸਮਾਂ ਲਗਦਾ ਹੈ। ਬੀਜ ਧਰਤੀ ਵਿੱਚ ਟੁੱਟਦਾ ਹੈ, ਭੱਜਦਾ ਹੈ, ਖੰਡਤ ਹੁੰਦਾ ਹੈ, ਆਪਣੀ ਸ਼ਕਲ ਬਦਲਦਾ ਹੈ। ਬਾਹਰ ਨੂੰ ਪੁੰਘਰ ਕੇ ਨਿਕਲਣ ਵਿੱਚ ਸਮਾਂ ਲਗਦਾ ਹੈ। ਇਸ ਜਗਤ ਨੂੰ ਵੀ ਆਪਣੇ ਸੂਖਮ ਰੂਪ ਨੂੰ ਨਵੇਂ ਖ਼ਾਕੇ ਵਿੱਚ ਆਉਣ ਲਈ ਸਮਾਂ ਲਗਦਾ ਹੈ ਅਤੇ ਬੀਜ ਦੀ ਤਰ੍ਹਾਂ ਖ਼ਾਸ ਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਸਮੇਂ ਨੂੰ ‘ਅਫਰਾ-ਤਫਰੀ ਜਾਂ ਧੰਧੂਕਾਰਾ’ ਦਾ ਨਾਂ ਦੇ ਸਕਦੇ ਹਾਂ। ਸਾਰੇ ਜਗਤ ਦੇ ਇੱਕ ਪ੍ਰਕਾਸ਼ ਦਾ ਸਮਾਂ – ਇਸ ਦਾ ਸੂਖਮ ਤੱਤ ਵਿੱਚ ਤਬਦੀਲ ਹੋ ਜਾਣਾ, ਕੁਝ ਸਮਾਂ ਪਿਆ ਰਹਿਣਾ ਅਤੇ ਫਿਰ ਪ੍ਰਕਾਸ਼ ਵਿੱਚ ਆ ਜਾਣਾ – ਨੂੰ ਇੱਕ ਸਾਈਕਲ ਜਾਂ ਇੱਕ ਦੌਰ ਕਹਿੰਦੇ ਹਨ। ਅਸੀਂ ਦੇਖਦੇ ਹਾਂ ਕਿ ਸੂਖਮ ਤੱਤ ਹੌਲੀ-ਹੌਲੀ ਵੱਧਦਾ ਹੈ ਅਤੇ ਵੱਡਾ ਰੂਪ ਅਖਤਿਆਰ ਕਰਦਾ ਹੈ। ਸੋ ਸਿੱਟੇ ਅਤੇ ਕਾਰਨ ਵਿੱਚ ਬਹੁਤਾ ਫ਼ਰਕ ਨਹੀਂ ਹੈ। ਫ਼ਰਕ ਤਾਂ ਸ਼ਕਲ ਵਿੱਚ ਹੈ। ਸਿੱਟਾ ਸਿਰਫ਼ ਕਾਰਨ ਦੀ ਹੀ ਦੂਜੀ ਸ਼ਕਲ ਹੈ। ਚੱਕਰ ਅਨਂੰਤ ਹੈ, ਕੋਈ ਅੰਤ ਨਹੀਂ ਹੈ। ਇਸ ਦੁਨੀਆਂ ਦਾ ਵੀ ਉਹੀ ਹਾਲ ਹੈ। ਚੱਕਰ ਅਨਂੰਤ ਹੈ, ਕੋਈ ਅੰਤ ਨਹੀਂ ਹੈ। ਸਿਫ਼ਰ ਤੋਂ ਕੁਝ ਨਹੀਂ ਬਣਦਾ। ਮੂਲ ਤੱਤ/ਕਾਰਨ ਅਤੇ ਸਿੱਟਾ ਇੱਕੋ ਗੱਲ ਹਨ। ਫ਼ਰਕ ਹੈ ਤਾਂ ਸ਼ਕਲ ਵਿੱਚ ਹੈ।
ਸੋ ਇਹ ਜਗਤ ਕਿੱਥੋਂ ਪੈਦਾ ਹੋਇਆ? ਆਪਣੇ ਪੂਰਬਲੇ ਸੂਖਮ ਜਗਤ ਵਿੱਚੋਂ। ਆਦਮੀ ਕਿੱਥੋਂ ਬਣਿਆ? ਆਪਣੀ ਪੂਰਬਲੀ ਸ਼ਕਲ ਵਿੱਚੋਂ। ਦਰਖ਼ਤ ਕਿੱਥੋਂ ਬਣਿਆ? ਬੀਜ ਤੋਂ; ਸਾਰਾ ਦਰਖ਼ਤ ਉਸ ਬੀਜ ਵਿੱਚ ਪਿਆ ਸੀ। ਉਹ ਬਾਹਰ ਨਿਕਲਿਆ ਅਤੇ ਦਿਖਾਈ ਦੇਣ ਲੱਗ ਪਿਆ। ਸਾਰਾ ਜਗਤ ਉਸੇ ਜਗਤ ਵਿੱਚੋਂ ਨਿਲਿਆ ਹੈ ਜਿਹੜਾ ਸੂਖਮ ਸ਼ਕਲ ਵਿੱਚ ਪਿਆ ਸੀ। ਹੁਣ ਇਹ ਦਿਖਾਈ ਦਿੰਦਾ ਹੈ। ਇਹ ਫਿਰ ਸੂਖਮ ਸ਼ਕਲ ਵਿੱਚ ਚਲਿਆ ਜਾਏਗਾ ਅਤੇ ਅੱਗੋਂ ਫਿਰ ਜਗਤ ਬਣ ਜਾਏਗਾ। ਸੋ ਸਿੱਧ ਹੁੰਦਾ ਹੈ ਕਿ ਸੂਖਮ ਰੂਪ ਹੀ ਵਿਸ਼ਾਲ ਰੂਪ ਅਖ਼ਤਿਆਰ ਕਰਦਾ ਹੈ ਅਤੇ ਵਿਸ਼ਾਲ ਰੂਪ, ਸੂਖਮ ਰੂਪ ਵਿੱਚ ਬਦਲ ਜਾਂਦਾ ਹੈ। ਸਿਰਫ਼ ਵਿਉਂਤ ਬਦਲਦੀ ਹੈ, ਢਾਂਚਾ ਬਦਲਦਾ ਹੈ। ਬਦਲਦਾ ਹੌਲੀ-ਹੌਲੀ, ਧੀਮੀ ਗਤੀ ਨਾਲ ਹੈ। ਇਸ ਕਿਰਿਆ ਨੂੰ ਮੌਜੂਦਾ ਜ਼ਮਾਨੇ ਵਿੱਚ ‘ਵਿਕਾਸ ਸਿਧਾਂਤ’ (ਠਹੲੋਰੇ ੋਡ ਓਵੋਲੁਟੋਿਨ) ਕਹਿੰਦੇ ਹਨ। ਇਹ ਸਿਧਾਂਤ ਐਨ ਠੀਕ ਹੈ। ਇਸ ਕਿਰਿਆ ਨੂੰ ਅਸੀਂ ਆਪਣੇ ਜੀਵਨ ਵਿੱਚ ਦੇਖਦੇ ਹਾਂ। ਇਸ ਬਾਰੇ ਦੋ ਰਾਇਆਂ ਨਹੀਂ ਹੋ ਸਕਦੀਆਂ।
ਹੁਣ ਆਪਾਂ ਇਸ ਤੋਂ ਅੱਗੇ ਤੁਰਾਂਗੇ, ਇੱਕ ਕਦਮ ਹੋਰ। ਉਹ ਕੀ ਹੈ? ਹਰੇਕ ਵਿਕਾਸ ਦੀ ਸ਼ੁਰੂਆਤ, ਸ਼ਮੂਲੀਅਤ (ਨਿਵੋਲੁਟੋਿਨ) ਦੁਆਰਾ ਹੈ, ਸ਼ਾਮਲ ਹੋਣ ਦੀ ਕਿਰਿਆ ਕਰਕੇ ਹੈ। ਬੀਜ ਦਰਖ਼ਤ ਦਾ ਜਨਮਦਾਤਾ ਹੈ ਪਰ ਦਰਖ਼ਤ ਆਪ ਅਗਲੇ ਬੀਜ ਦਾ ਜਨਮਦਾਤਾ ਹੈ। ਦਰਖ਼ਤ ਦੀ ਬੀਜ ਬਨਾਉਣ ਵਿੱਚ ਸ਼ਮੂਲੀਅਤ ਹੈ। ਵਿਕਾਸ ਵੀ ਹੈ ਅਤੇ ਉਸ ਵਿਕਾਸ-ਕਿਰਿਆ ਵਿੱਚ ਆਪ ਵੀ ਸ਼ਾਮਲ ਹੈ। ਵਿਕਾਸ-ਕਿਰਿਆ (ਅਵੋਲੀਊਸ਼ਨ ਓਵੋਲੁਟੋਿਨ) ਹੈ ਪਰ ਉਸ ਵਿੱਚ ਸ਼ਮੂਲੀਅਤ (ਇਨਵਾਲੀਊਸ਼ਨ ੀਨਵੋਲੁਟੋਿਨ) ਵੀ ਹੈ। ਬੀਜ ਸੂਖਮ ਸ਼ਕਲ ਸੀ ਜਿੱਥੋਂ ਵੱਡਾ ਸਾਰਾ ਦਰਖ਼ਤ ਬਣਿਆ ਪਰ ਇਹ ਦਰਖ਼ਤ ਅੱਗੋਂ ਬੀਜ ਬਣਾਉਣ ਵਿੱਚ ਆਪ ਸ਼ਾਮਲ ਹੋਇਆ ਤਾਂ ਹੀ ਦਰਖ਼ਤ ਦਾ ਵਿਕਾਸ ਹੋਇਆ। ਇਹ ਦਿਸਦਾ ਵਿਸ਼ਾਲ ਜਗਤ ਬ੍ਰਹਿਮੰਡੀ ਸੂਖਮ ਜਗਤ ਵਿੱਚ ਪਿਆ ਸੀ। ਮਨੁੱਖ ਦਾ ਸੂਖਮ ਕੋਸ਼ਾਣੂ/ਚੲਲਲ ਜਿਸ ਤੋਂ ਮਨੁੱਖ ਬਣਿਆ, ਉਹ ਕੀ ਸੀ? ਉਹ ਮਨੁੱਖ ਨੇ ਹੀ ਪੈਦਾ ਕੀਤਾ ਸੀ। ਸੋ ਮਨੁੱਖ ਦੀ ਸ਼ਕਲ ਦੇ ਵਿਕਾਸ ਵਿੱਚ ਮਨੁਖ ਦੀ ਆਪਣੀ ਸ਼ਮੂਲੀਅਤ ਵੀ ਹੈ।
ਸੋ ਅਸੀਂ ਦੇਖਦੇ ਹਾਂ ਕਿ ਜ਼ੀਰੋ/ਸਿਫ਼ਰ ਤੋਂ ਕੁਝ ਨਹੀਂ ਪੈਦਾ ਹੋਇਆ। ਹਰੇਕ ਚੀਜ਼ ਦੀ ਹੋਂਦ ਸਦੀਵ ਹੈ। ਅਨੰਤ ਹੈ। ਸਿਰਫ਼ ਗਤੀ ਵਾਰੀ-ਵਾਰੀ ਬਦਲਦੀ ਹੈ ਅਤੇ ਵਿਸ਼ਾਲ ਰੂਪ ਅਖ਼ਤਿਆਰ ਕਰਦੀ ਹੈ। ਜੀਵਨ ਦੇ ਸੂਖਮ ਪ੍ਰਕਾਸ਼ ਦੇ ਮੁੱਡ ਤੋਂ ਚੱਲ ਕੇ ਵਿਕਾਸ ਦੀਆਂ ਅਨੇਕ ਕੜੀਆਂ ਵਿੱਚ ਦੀ ਲੰਘ ਕੇ ਕੁਦਰਤ ਦੀ ਉੱਚੀ ਤੋਂ ਉੱਚੀ ਅਵਸਥਾ, ਮਨੁੱਖ ਦਾ ਪੂਰਨ ਰੂਪ ਬਣਿਆ। ਇਸ ਵਿੱਚ ਵਿਕਾਸ ਸਿਧਾਂਤ ਨੇ ਕੰਮ ਕੀਤਾ।
ਪਰ ਇਸ ਵਿਕਾਸ ਵਿੱਚ ਕਿਸ ਦੀ ਸ਼ਮੂਲੀਅਤ ਹੋਈ? ਕੌਣ ਇਨਵਾਲਵ (ਸ਼ਾਮਲ) ਹੋਇਆ? ਕੋਈ ਤਾਂ ਹੈ। ਇਸ ਦਾ ਉੱਤਰ ਹੈ ‘ਰੱਬ/ਗਾਡ/ਭਗਵਾਨ/ਅਲਾਹ’। ਨਾਂ ਕੋਈ ਦੇ ਦਿਉ। ਨਾਂ ਦਾ ਰੌਲਾ ਨਹੀਂ ਹੈ। ਕੋਈ ਹੋਰ ਨਾਂ ਦੇ ਦਿਉ। ਕਿੰਤੂ ਉਸ ’ਤੇ ਵੀ ਹੋ ਸਕਦਾ ਹੈ। ਫਿਰ ਹੋਰ ਨਾਂ। ਫਿਰ ਕਿੰਤੂ। ਇਸ ਪਿੱਛੋਂ ਹੋਰ ਨਾਂ। ਇਉਂ ਤਾਂ ਗੱਲ ਕਿਤੇ ਮੁੱਕਣੀ ਨਹੀਂ। ਫਿਰ ਰੱਬ/ਈਸ਼ਵਰ/ਗਾਡ ਆਦਿ ਕਹਿਣ ਵਿੱਚ ਵੀ ਕੀ ਹਰਜ ਹੈ? ਸਾਰੀ ਦੁਨੀਆ ਵਿੱਚ ਨਾਂ ਪ੍ਰਚੱਲਤ ਹਨ। ਅਰਥ ਵੀ ਜੁੜ ਚੁੱਕੇ ਹਨ। ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਬਲ ਹੁੰਦਾ ਹੈ। ਸ਼ਬਦਾਂ ਰਾਹੀਂ ਹੱਸਦੇ ਹਾਂ; ਰੋਂਦੇ ਹਾਂ; ਅਸਚੱਰਜ ਹੁੰਦੇ ਹਾਂ; ਗੰਭੀਰ ਹੁੰਦੇ ਹਾਂ। ਸ਼ਬਦਾਂ ਦੇ ਅਰਥਾਂ ਵਿੱਚ ਬਲ ਹੈ ਅਤੇ ਪ੍ਰਭਾਵ ਹੈ।
ਇਸ ਵਿੱਚ ਸ਼ੱਕ ਨਹੀਂ ਕਿ ਕਿਸੇ ਦੀ ਸ਼ਮੂਲੀਅਤ ਤੋਂ ਬਿਨਾਂ ਕੋਈ ਵਿਕਾਸ ਹੋਇਆ ਹੋਵੇ। ਪਰ ਵਿਕਾਸ ਸਿਧਾਂਤ ਦੇ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਰੱਬ ਦੀ ਸ਼ਮੂਲੀਅਤ ਹੈ। ਉਹ ਰੱਬ ਦੀ ਥਾਂ ਤੇ ਬੁੱਧੀ (ਨਿਟੲਲਲਗਿੲਨਚੲ) ਦਾ ਸ਼ਬਦ ਵਰਤਦੇ ਹਨ। ਉਨ੍ਹਾਂ ਅਨੁਸਾਰ ਵਿਕਾਸ ਵਿੱਚ ਬੁੱਧੀ ਦੀ ਸ਼ਮੂਲੀਅਤ ਹੈ। ਪਰ ਵਿਕਾਸ ਸਿਧਾਂਤ ਅਨੁਸਾਰ ਬੁੱਧੀ ਨੂੰ ਵੀ ਵਿਕਾਸ ਰਾਹੀਂ ਹੋਂਦ ਵਿੱਚ ਆਉਣ ਲਈ ਲੱਖਾਂ ਸਾਲ ਲੱਗੇ ਜਿਹੜੀ ਕਿ ਸਿਰਫ਼ ਮਨੁਖ ਵਿੱਚ ਹੈ ਜਾਂ ਇਸ ਤੋਂ ਕਿਸੇ ਹੋਰ ਵਡੇਰੀ ਹੋਂਦ ਵਿੱਚ ਹੈ। ਇਸ ਤਰ੍ਹਾਂ ਵਿਕਾਸਵਾਦੀਆਂ ਦੀ ਦਲੀਲ ਵਿੱਚ ਵਜ਼ਨ ਨਹੀਂ ਲਗਦਾ।
ਸਾਡਾ ਸਿਧਾਂਤ ਹੈ ਕਿ ਦਰਖ਼ਤ ਬੀਜ ਤੋਂ ਬਣਿਆ ਅਤੇ ਫਿਰ ਬੀਜ ਵਿੱਚ ਤਬਦੀਲ ਹੋ ਗਿਆ। ਧਰਤੀ ਆਪਣੇ ਕਾਰਨ ਵਿੱਚੋਂ ਬਣੀ ਅਤੇ ਕਾਰਨ ਵਿੱਚ ਫਿਰ ਤਬਦੀਲ ਹੋ ਗਈ। ਮੁੱਢ ਤੇ ਅੰਤ ਇੱਕੋ ਜਿਹੇ। ਜੇ ਮੁੱਢ ਦਾ ਪਤਾ ਲੱਗ ਗਿਆ ਤਾਂ ਅੰਤ ਦਾ ਵੀ ਪਤਾ ਲੱਗ ਗਿਆ ਕਿਉਂਕਿ ਮੁੱਢ ਤੇ ਅੰਤ ਇੱਕੋ ਜਿਹੇ ਹਨ। ਇਸ ਤਰ੍ਹਾਂ ਸਾਰੀ ਵਿਕਾਸ ਦੀ ਮਾਲਾ ਇੱਕ ਹੈ। ਪੌਦੇ ਅਤੇ ਪਸ਼ੂ ਆਦਿ ਦੇ ਜਿ਼ੰਦਗੀ ਦੇ ਅਧਾਰ, ਅਰਧ-ਤਰਲ-ਪਦਾਰਥ (ਪਰੋਟੋਪਲੳਸਮ) ਤੋਂ ਲੈ ਕੇ ਵਿਕਾਸ ਦੇ ਸਿਖਰ ਮਨੁੱਖ ਤੱਕ, ਸਾਰਾ ਜੀਵਨ ਇਕਾਈ ਹੈ। ਸੋ ਕਹਿ ਸਕਦੇ ਹਾਂ ਕਿ ਇਹ ਪ੍ਰਾਟੋਪਲੈਜ਼ਮ ਅਤੀ ਉੱਤਮ ਬੁੱਧੀ ਹੈ ਜਿਸ ਦੀ ਜਗਤ ਦੇ ਵਿਕਾਸ ਵਿੱਚ ਸ਼ਮੂਲੀਅਤ ਹੈ। ਇਹ ਪ੍ਰਾਟੋਪਲੈਜ਼ਮ ਭਾਵੇਂ ਪਹਿਲਾਂ ਦਿਖਾਈ ਨਹੀਂ ਦਿੰਦਾ ਪਰ ਮਨੁੱਖ ਦੇ ਵਿਕਾਸ ਤੱਕ ਇਸ ਦਾ ਪਤਾ ਲੱਗਣ ਲੱਗ ਪੈਂਦਾ ਹੈ।
ਊਰਜਾ-ਸੰਭਾਲ ਦੇ ਨਿਯਮ (ਲੳਾ ੋਡ ਚੋਨਸੲਰਵੳਟੋਿਨ ੋਡ ੲਨੲਰਗੇ) ਅਨੁਸਾਰ ਕਿਸੇ ਮਸ਼ੀਨ ਵਿੱਚੋਂ ਉਤਨੀ ਊਰਜਾ ਭਾਵ ਸ਼ਕਤੀ ਲੈ ਸਕਦੇ ਹਾਂ ਜਿਤਨੀ ਉਸ ਵਿੱਚ ਪਾਵਾਂਗੇ। ਇਹ ਊਰਜਾ ਬਿਜਲੀ, ਪਾਣੀ, ਕੋਇਲਾ, ਪੈਟਰੋਲ ਆਦਿ ਕਿਸੇ ਢੰਗ ਨਾਲ ਪਾਈ ਜਾ ਸਕਦੀ ਹੈ। ਆਪਾਂ ਮਸ਼ੀਨ ਵਿੱਚ ਪਾਈ ਊਰਜਾ ਤੋਂ ਨਾ ਘੱਟ ਨਾ ਵੱਧ ਊਰਜਾ ਨਹੀਂ ਲੈ ਸਕਦੇ। ਮਨੁੱਖ ਵਿੱਚ ਵੀ ਹਵਾ, ਪਾਣੀ, ਖ਼ੁਰਾਕ ਆਦਿ ਰਾਹੀਂ ਜਿੰਨੀ ਊਰਜਾ ਪਾਈ ਹੋਵੇਗੀ, ਉਹੀ ਉਸ ਦੀ ਸ਼ਕਤੀ ਹੋਵੇਗੀ। ਸੋ ਸ਼ਕਤੀ, ਬਲ, ਊਰਜਾ ਇੱਕ ਤਰ੍ਹਾਂ ਨਾਲ ਬਦਲਵਾਂ ਰੂਪ ਹਨ। ਏਸੇ ਤਰ੍ਹਾਂ ਜਗਤ ਵਿੱਚ ਜੋ ਮੈਟਰ ਹੈ; ਮਾਦਾ ਹੈ; ਤੱਤ ਹੈ; ਫ਼ੋਰਸ ਹੈ; ਊਰਜਾ ਹੈ; ਸ਼ਕਤੀ ਹੈ, ਉਸ ਵਿੱਚੋਂ ਇੱਕ ਕਿਣਕਾ ਵੀ ਘਟਾਇਆ ਜਾਂ ਵਧਾਇਆ ਨਹੀਂ ਜਾ ਸਕਦਾ।
ਫਿਰ ਬੁੱਧੀ ਕੀ ਹੋਈ? ਜੇ ਇਹ ਪ੍ਰਾਟੋਪਲੈਜ਼ਮ ਵਿੱਚ ਪਈ ਸੀ ਤਾਂ ਕਿੱਥੋਂ ਆਈ? ਕੀ ਅਚਾਨਕ ਉਸ ਵਿੱਚ ਆ ਰਲੀ? ਪਰ ਇਹ ਆਈ ਕਿੱਥੋਂ? ਕੋਈ ਚੀਜ਼ ਸਿਫ਼ਰ ਵਿੱਚੋਂ ਤਾਂ ਪੈਦਾ ਨਹੀਂ ਹੁੰਦੀ। ਨਤੀਜਾ ਇਹ ਨਿਕਲਦਾ ਹੈ ਕਿ ਕੁਝ ਹੈ ਜੋ ਕੁਦਰਤ ਦੇ ਨਿਯਮਾਂ ਤੋਂ ਉੱਪਰ ਹੈ। ਅਨੁਭਵ-ਅਤੀਤ ਤੱਤ ਹੈ। ਮਨੁੱਖੀ ਅਨੁਭਵ ਤੋਂ ਪਾਰ ਹੈ। ਪਾਰਗਾਮੀ ਹੈ। ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹ ਹੈ ਪਰਮਸਤਿ ਜਿਹੜਾ ਵਿਕਾਸ ਲੜੀ ਦੇ ਇੱਕ ਸਿਰੇ ’ਤੇ ਹੈ ਅਤੇ ਦੂਜੇ ਸਿਰੇ ’ਤੇ ਵੀ ਉਹੀ ਹੈ। ਵਿਕਾਸ ਕਾਰਜ ਵਿੱਚ ਵੀ ਉਸੇ ਦੀ ਸ਼ਮੂਲੀਅਤ ਹੈ।
ਇਸ ਫ਼ਾਰਮੂਲੇ ਨੂੰ ਸਾਰੇ ਬ੍ਰਹਿਮੰਡ ਤੇ ਲਾਗੂ ਕਰੀਏ ਤਾਂ ਪਤਾ ਲਗਦਾ ਹੈ ਕਿ ਇਹ ਬੁੱਧੀ ਆਪ ਪਰਮਸਤਿ ਹੈ। ਪਰਮਸਤਿ ਰਚਨਾ ਦਾ ਸਵਾਮੀ ਹੈ, ਮਾਲਕ ਹੈ। ਸਾਰੇ ਵਿਕਾਸ-ਕਾਰਜ ਵਿੱਚ ਉਸੇ ਦੀ ਸ਼ਮੂਲੀਅਤ ਹੈ ਜਿਸ ਨੂੰ ਆਮ ਬੋਲੀ ਵਿੱਚ ਰੱਬ ਕਿਹਾ ਜਾਂਦਾ ਹੈ। ਪਵਿੱਤਰ ਗਰੰਥ ਵੀ ਇਹੀ ਫ਼ਰਮਾਉਂਦੇ ਹਨ, “ਉਸੇ ਵਿੱਚ ਅਸੀਂ ਜਿਉਂਦੇ ਹਾਂ; ਉਸੇ ਵਿੱਚ ਹਰਕਤ ਕਰਦੇ ਹਾਂ, ਉਸੇ ਵਿੱਚ ਸਾਡੀ ਹੋਂਦ ਹੈ”। ਰੱਬ ’ਚੋਂ ਆਏ ਹਾਂ, ਉਸੇ ਵਿੱਚ ਜਾ ਮਿਲਣਾ ਹੈ। ਬ੍ਰਹਿਮੰਡੀ ਬੁੱਧੀ ਹੋਰ ਕੁਝ ਨਹੀਂ, ਸਿਰਫ਼ ਰੱਬ ਹੀ ਹੈ। ਨਾਂ ਤੋਂ ਨਾ ਡਰੋ। ਆਤਮਿਕ ਫਿ਼ਲਾਸਫ਼ਰਾਂ ਨੇ ਇੱਕ ਨਾਂ ਦਿੱਤਾ ਹੈ। ਗੱਲ ਦਲੀਲ ਦੀ ਹੈ।
ਉਪਰੋਕਤ ਵਿਚਾਰ ਨੂੰ ਜੇ ਅਸੀਂ ਸੰਖੇਪ ਵਿੱਚ ਦੁਹਰਾਈਏ ਤਾਂ ਕਹਿ ਸਕਦੇ ਹਾਂ ਕਿ ਬ੍ਰਹਿਮੰਡ ਦੇ ਭਿੰਨ-ਭਿੰਨ ਸ਼ਕਤੀ-ਰੂਪ, ਊਰਜਾ-ਰੂਪ ਜਿਵੇਂ ਮੈਟਰ (ਮਾਦਾ), ਵਿਚਾਰ, ਊਰਜਾ, ਬੁੱਧੀ ਆਦਿ ਬ੍ਰਹਿਮੰਡੀ-ਬੁੱਧੀ ਦਾ ਹੀ ਪ੍ਰਕਾਸ਼ ਹਨ ਜਿਸ ਨੂੰ ਆਪਾਂ ਰੱਬ ਕਹਿੰਦੇ ਹਾਂ। ਸਾਰੀ ਜਗਤ-ਰਚਨਾ ਉਸੇ ਦੀ ਹੀ ਰਚਨਾ ਹੈ। ਜਗਤ ਵਿੱਚ ਕੁਦਰਤੀ ਦ੍ਰਿਸ਼, ਸੂਰਜ, ਚੰਦ, ਸਿਤਾਰੇ, ਪਹਾੜ, ਸਮੁੰਦਰ, ਦਰਿਆ ਆਦਿ ਉਹ ਆਪ ਹੈ। ਮਨੁੱਖ ਦੀ ਊਰਜਾ ਸ਼ਕਤੀ ਉਹ ਆਪ ਹੈ। ਜਗਤ ਦਾ ਪਦਾਰਥ ਵੀ ਉਹੀ ਹੈ। ਉਸ ਵਿੱਚ ਊਰਜਾ ਵੀ ਉਹ ਆਪ ਹੈ। ਜਗਤ ਦਾ ਰਹੱਸ ਇਹੀ ਹੈ; ਭੇਦ ਇਹੀ ਹੈ, “ਤੂੰ ਹੀ ਆਦਮੀ ਹੈ। ਤੂੰ ਹੀ ਔਰਤ ਹੈ। ਤੂੰ ਹੀ ਆਕੜ-ਆਕੜ ਤੁਰਦਾ ਗੱਭਰੇਟਾ ਹੈ। ਤੂੰ ਹੀ ਲੜਖੜਾਉਂਦਾ ਬਿਰਧ ਹੈ। ਸਭ ਕੁਝ ਤੂੰ ਹੀ ਹੈ। ਸਭ ਕੁਝ ਤੂੰ ਹੀ ਹੈ, ਹੇ ਪਰਮਸਤਿ”। ਇਹ ਸਾਰੇ ਜਗਤ ਨੂੰ ਸਮਝਣ ਦਾ ਇਹ ਹੱਲ ਹੈ ਜਿਹੜਾ ਮਨੁੱਖੀ ਬੁੱਧੀ ਦੀ ਤਸੱਲੀ ਕਰਵਾ ਸਕਦਾ ਹੈ।
ਗੱਲ ਦਾ ਸਿੱਟਾ ਇਹ ਹੈ:
ਅਸੀਂ ਰੱਬ ’ਚੋਂ ਪੈਦਾ ਹੋਏ ਹਾਂ, ਅਸੀਂ ਉਸੇ ਵਿੱਚ ਜਿਉਂਦੇ ਹਾਂ ਅਤੇ ਅਖ਼ੀਰ ਉਸੇ ਵਿੱਚ ਪਰਤ ਜਾਂਦੇ ਹੈ।
****
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 1 ਫਰਵਰੀ 2007)
(ਦੂਜੀ ਵਾਰ 12 ਅਕਤੂਬਰ 2024)
*****
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
****
1403
***
- ਦਲਜੀਤ ਸਿੰਘ, ਐਡਮੰਟਿਨhttps://likhari.net/author/%e0%a8%a6%e0%a8%b2%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%90%e0%a8%a1%e0%a8%ae%e0%a9%b0%e0%a8%9f%e0%a8%bf%e0%a8%a8/
- ਦਲਜੀਤ ਸਿੰਘ, ਐਡਮੰਟਿਨhttps://likhari.net/author/%e0%a8%a6%e0%a8%b2%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%90%e0%a8%a1%e0%a8%ae%e0%a9%b0%e0%a8%9f%e0%a8%bf%e0%a8%a8/