9 October 2024
Dr. Nishan Singh Rathaur

ਭੋਲੇ ਬੰਦਿਆਂ ’ਚ ਰੱਬ ਵੱਸਦੈ — ਡਾ: ਨਿਸ਼ਾਨ ਸਿੰਘ ਰਾਠੌਰ

ਕਾਰਗਿੱਲ ਤੋਂ ਪੰਜ ਮਹੀਨੇ ਮਗ਼ਰੋਂ ਛੁੱਟੀ ਆਇਆ ਤਾਂ ਕਈ ਦਿਨ ਸਿਹਤ ਢਿੱਲੀ ਜਿਹੀ ਰਹੀ। ਅਸਲ ਵਿਚ ਕਾਰਗਿੱਲ ਅਤੇ (ਲੇਹ- ਲੱਦਾਖ਼) ਦੇ ਇਲਾਕੇ ਵਿੱਚ ਮੌਸਮ ਬਹੁਤ ਠੰਢਾ ਹੁੰਦਾ ਹੈ, ਉੱਥੇ ਜੂਨ- ਜੁਲਾਈ ਵਿੱਚ ਵੀ ਰਜਾਈ ਲੈ ਕੇ ਸੌਣਾ ਪੈਂਦਾ ਹੈ। ਪਰ! ਆਪਣੇ ਇੱਧਰ ਹਰਿਆਣੇ, ਪੰਜਾਬ ਵਿੱਚ ਉਸ ਸਮੇਂ ਕਹਿਰ ਦੀ ਗਰਮੀ ਹੁੰਦੀ ਹੈ। ਇਸ ਲਈ ਜਦੋਂ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਮੁੜਦੇ ਹਾਂ ਤਾਂ ਵੀ ਕਈ ਦਿਨ ਸਿਹਤ ਠੀਕ ਨਹੀਂ ਰਹਿੰਦੀ ਅਤੇ ਜਦੋਂ ਛੁੱਟੀ ਆਉਂਦੇ ਹਾਂ ਤਾਂ ਵੀ ਕੁਝ ਦਿਨ ਇਹੀ ਹਾਲ ਰਹਿੰਦਾ ਹੈ। ਇਸ ਕੁਦਰਤੀ ਵਰਤਾਰਾ ਹੈ ਕਿਉਂਕਿ ਸਰੀਰ ਨੂੰ ਮੌਸਮ ਦੇ ਅਨੁਕੂਲ ਹੋਣ ਵਿੱਚ ਕੁਝ ਸਮਾਂ ਲੱਗਦਾ ਹੈ। ਖ਼ੈਰ!

ਇਸ ਵਾਰ ਵੀ ਜਦੋਂ ਘਰ ਪਹੁੰਚਿਆ ਤਾਂ ਦੋ- ਤਿੰਨ ਦਿਨ ਘਰ ਹੀ ਰਿਹਾ ਕਿਉਂਕਿ ਸਰੀਰ ਟੁੱਟਦਾ ਜਿਹਾ ਜਾਪਦਾ ਸੀ। ਮੈਂ ਕਮਰੇ ਵਿੱਚ ਲੇਟਿਆ ਆਪਣਾ ਮੋਬਾਇਲ ਚਲਾ ਰਿਹਾ ਸਾਂ ਕਿ ਬਾਹਰੋਂ ਫੇਰੀ ਵਾਲੇ ਦੀ ਆਵਾਜ਼ ਕੰਨੀ ਪਈ।

ਮਾਤਾ ਜੀ ਕਹਿਣ ਲੱਗੇ ਕਿ ਆਲੂਆਂ ਦੀ ਬੋਰੀ ਹੀ ਸੁੱਟਵਾ ਲੈਂਦੇ ਹਾਂ ਕਿਉਂਕਿ ਆਉਂਦੇ ਕੁਝ ਦਿਨਾਂ ਵਿਚ ਆਲੂਆਂ ਦੇ ਰੇਟ ਵੱਧਣ ਵਾਲੇ ਹਨ। ਮੈਂ ਹੌਲੀ ਜਿਹੀ ਉੱਠਿਆ ਅਤੇ ਬਾਹਰ ਫੇਰੀ ਵਾਲੇ ਨੂੰ ਆਵਾਜ਼ ਮਾਰੀ।

‘ਬਾਈ, ਆਲੂ ਕਿਵੇਂ ਲਾਏ?’ ਮੈਂ ਪੁੱਛਿਆ।

‘ਫ਼ੌਜੀ ਸਾਹਬ, ਤੁਸੀਂ ਉਂਝ ਹੀ ਲੈ ਜਾਓ।’ ਉਹ ਅੱਗਿਓਂ ਹੱਸ ਕੇ ਬੋਲਿਆ।

ਮੈਂ ਥੋੜ੍ਹਾ ਹੈਰਾਨੀ ਨਾਲ ਉਸਦੇ ਚਿਹਰੇ ਵੱਲ ਦੇਖਿਆ। 

ਕਹਿੰਦਾ, ‘ਪਛਾਣਿਆ ਨਹੀਂ?’

‘ਨਾ ਬਾਈ।’ ਮੈਨੂੰ ਸੱਚਮੁੱਚ ਉਸਦੀ ਪਛਾਣ ਨਹੀਂ ਸੀ ਆਈ।

‘ਮੈਂ ਤੁਹਾਡੇ ਪਿੰਡ ਦਾ ‘ਕਾਲੂ’ ਹਾਂ।’ ਉਹ ਹੱਸ ਕੇ ਬੋਲਿਆ।

‘ਕਾਲੂ?’

‘ਆਹੋ!’ ਉਸਨੇ ਆਪਣੀ ਪਛਾਣ ਕਰਵਾਉਂਦਿਆਂ ਕਿਹਾ।

‘ਅੱਛਾ ਅੱਛਾ’ ਮੈਨੂੰ ਉਸ ਦਾ ਚਿਹਰਾ ਚੇਤੇ ਆ ਗਿਆ। ਮੈਂ ਉਸ ਨੂੰ ਘਰ ਚੱਲਣ ਲਿਆ ਕਿਹਾ।

‘ਨਾ ਬਾਈ, ਮੇਰੇ ਕੱਪੜੇ ਗੰਦੇ ਨੇ!’ ਉਸਨੇ ਸੰਕੋਚ ਕਰਦਿਆਂ ਕਿਹਾ।

ਮੈਂ ਕਿਹਾ, ‘ਕੋਈ ਨਾ ਫੇਰ ਕੀ ਹੋਇਆ? ਤੂੰ ਘਰ ਚੱਲ।’

ਉਹ ਰਤਾ ਸ਼ਰਮ ਜਿਹੀ ਮਹਿਸੂਸ ਕਰ ਰਿਹਾ ਸੀ। ਮੈਂ ਉਸਦੀ ਰੇਹੜੀ ਦਾ ਹੈਂਡਲ ਫੜਿਆ ਅਤੇ ਆਪਣੇ ਘਰ ਦੇ ਬੂਹੇ ਅੱਗੇ ਲੈ ਆਇਆ। ਮੇਰੇ ਪਿੱਛੇ ਉਹ ਵੀ ਘਰ ਦੇ ਅੰਦਰ ਆ ਗਿਆ।

ਮੈਂ ਮੰਜੀ ਡਾਹ ਦਿੱਤੀ। ਪੇਂਡੂ (ਦੇਸੀ) ਬੰਦਾ ਮੇਰੀ ਭਾਵਨਾ ਸਮਝ ਗਿਆ ਅਤੇ ਖੁੱਲ੍ਹਦਿਲੀ ਨਾਲ ਮੰਜੇ ’ਤੇ ਬਹਿ ਗਿਆ। ਮੈਂ ਚਾਹ ਬਣਵਾਉਣ ਲਈ ਰਸੋਈ ’ਚ ਗਿਆ ਤਾਂ ਉਹ ਮੰਜੀ ’ਤੇ ਚੌਂਕੜੀ ਮਾਰ ਕੇ ਬੈਠ ਗਿਆ।

ਚਾਹ ਪੀਂਦਿਆਂ ਉਸਨੇ ਬਰਫ਼ੀ ਦਾ ਪੀਸ ਨਾ ਚੁੱਕਿਆ। ਮੈਂ ਕੋਲ ਬੈਠਾ ਉਸਦੇ ਵੱਲ ਦੇਖ ਰਿਹਾ ਸਾਂ। ਮੈਂ ਕਿਹਾ, ‘ਕਾਲੂ, ਬਰਫ਼ੀ ਵੀ ਖਾ ਲੈ।’

ਕਹਿੰਦਾ, ‘ਪਹਿਲਾਂ ਚਾਹ ਮੁੱਕ ਲੈਣ ਦੇ। ਫੇਰ ਖਾਵਾਂਗਾ।’

ਮੈਂ ਚੁੱਪ ਕਰ ਗਿਆ। ਚਾਹ ਪੀ ਕੇ ਉਹਨੇ ਬਰਫ਼ੀ ਵਾਲੀ ਪਲੇਟ ਚੁੱਕੀ ਅਤੇ ਖਾਲੀ ਕਰਕੇ ਮੇਰੇ ਅੱਗੇ ਧਰ ਦਿੱਤੀ। ਮੈਂ ਉਸਦੇ ਭੋਲੇਪਣ ਨੂੰ ਸਮਝ ਰਿਹਾ ਸਾਂ। ਉਹ ਅਨਪੜ੍ਹ ਬੰਦਾ ‘ਸਮਾਜਿਕਤਾ’ ਭਾਵੇਂ ਬਹੁਤੀ ਨਹੀਂ ਸੀ ਜਾਣਦਾ ਪਰ ਦਿਲ ਦਾ ਸਾਫ਼ ਸੀ। 

ਚਾਹ ਪੀ ਕੇ ਉਸਨੇ ਖੁਦ ਹੀ ਆਲੂਆਂ ਦੀ ਬੋਰੀ ਸਾਡੇ ਘਰ ਦੇ ਅੰਦਰ ਰੱਖ ਦਿੱਤੀ। ਮੈਂ ਪੈਸੇ ਪੁੱਛੇ ਤਾਂ ਅੱਗਿਓਂ ‘ਨਾ’ ਕਰੀ ਜਾਵੇ। ਮੈਂ ਕਿਹਾ, ‘ਮਿੱਤਰਾ, ਪੈਸੇ ਤਾਂ ਲੈਣੇ ਪੈਣੇ ਨੇ।’

ਕਹਿੰਦਾ, ‘ਚੱਲ ਧੱਕਾ ਕਰਦਾ ਏਂ ਤਾਂ ਫੇਰ 470 ਦੇ ਛੱਡ ਮੈਂ 500 ਦੀ ਬੋਰੀ ਵੇਚਦਾ ਹਾਂ। ਪਰ ਮੰਡੀਓਂ ਮੈਨੂੰ 470 ਦੀ ਪੈਂਦੀ ਹੈ ਤੂੰ 470 ਹੀ ਦੇ ਛੱਡ।’

ਮੈਂ 500 ਰੁਪਏ ਉਸਦੀ ਜੇਬ ਵਿੱਚ ਪਾ ਦਿੱਤੇ। ਉਹ ਵਾਪਸ ਕਰਨ ਲੱਗਾ ਤਾਂ ਮੈਂ ਮਨ੍ਹਾਂ ਕਰ ਦਿੱਤਾ। ਉਹ ਬਹੁਤ ਖ਼ੁਸ਼ ਹੋ ਕੇ ਚਲਾ ਗਿਆ।

ਇਸ ਵਾਰ ਛੁੱਟੀ ਦੌਰਾਨ ਪਿੰਡ ਗੇੜਾ ਲੱਗਿਆ ਤਾਂ ਪਿੰਡ ਦੇ ਮੌੜ ’ਤੇ ਹੀ ਮੁੰਡਿਆਂ ਨੇ ਮੈਨੂੰ ਘੇਰ ਲਿਆ। ਅਖੇ, ‘ਫ਼ੌਜੀਆ, ਕਾਲੂ ਬਹੁਤ ਸਿਫ਼ਤਾਂ ਕਰਦਾ ਹੈ ਤੇਰੀਆਂ।’

ਮੈਂ ਕਿਹਾ, ‘ਕੀ ਹੋਇਆ?’

ਅਖੇ, ‘ਫ਼ੌਜੀ ਬਾਹਲਾ ਵਧੀਆ ਬੰਦਾ। ਮੈਨੂੰ ਆਪਣੇ ਘਰ ਲੈ ਗਿਆ, ਮੰਜੇ ’ਤੇ ਬਿਠਾਇਆ ਤੇ ਨਾਲੇ ਚਾਹ ਪਿਆਈ। ਬਰਫ਼ੀ ਖੁਆਈ। ਸੱਚੀਓਂ ਫ਼ੌਜੀ ਹੀਰਾ ਬੰਦਾ ਹੈ।’

ਮੈਂ ਕਿਹਾ, ‘ਇਹ ਕਿਹੜਾ ਵੱਡਾ ਕੰਮ ਐ, ਆਪਣੇ ਪਿੰਡ ਦਾ ਬੰਦਾ ਸੀ, ਸੋ ਉਸਦੀ ਇੱਜ਼ਤ ਕਰਨੀ ਮੇਰਾ ਫਰਜ਼ ਸੀ।’ ਖ਼ੈਰ! 

ਮੈਂ ਹੈਰਾਨ ਹਾਂ ਕਿ ਦੇਸੀ (ਪੇਂਡੂ) ਬੰਦੇ ਵੀ ਕਿੰਨੇ ਭੋਲੇ ਹੁੰਦੇ ਹਨ। ਰਤਾ ਕੁ ਪਿਆਰ-ਮਹੁੱਬਤ ਨਾਲ ਹੀ ਜਿੱਤੇ ਜਾਂਦੇ ਹਨ। ਅੱਜ ਭਾਵੇਂ ਕਿਸੇ ਨੂੰ ਲੱਖਾਂ ਰੁਪਏ ਦੇ ਦਿਓ ਉਹ ਦਿਲੋਂ ਸਤਿਕਾਰ ਨਹੀਂ ਕਰਦਾ/ ਆਪਣਾਪਣ ਨਹੀਂ ਜਤਾਉਂਦਾ। ਪਰ! ਪੇਂਡੂ ਅਨਪੜ੍ਹ ਬੰਦੇ ਸਿਰਫ਼ ਮੁਹੱਬਤ ਨਾਲ ਹੀ ਜਿੱਤੇ ਜਾ ਸਕਦੇ ਹਨ। 

ਗੱਲ ਕੁਝ ਵੀ ਨਹੀਂ ਸੀ। ਪਰ! ਕਾਲੂ ਦੇ ਦਿਲ ਵਿੱਚ ਮੇਰੇ ਪ੍ਰਤੀ ਪਿਆਰ, ਸਤਿਕਾਰ ਸਦਾ ਲਈ ਘਰ ਕਰ ਗਿਆ ਸੀ।

# 1054/1, ਵਾ[ ਨੰ[ 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ – 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1402
***

dr. adit singh kot kapure

ਗਲੀ ਨੰਬਰ 4 (ਖੱਬਾ)
ਹੀਰਾ ਸਿੰਘ ਨਗਰ 
ਕੋਟ ਕਪੂਰਾ 151204 
ਮੋਬਾਈਲ +15853050443
Now at ----
38 Mc coord woods drive
Rochester NY 14450
USA

ਡਾ. ਅਜੀਤ ਸਿੰਘ ਕੋਟਕਪੂਰਾ

ਗਲੀ ਨੰਬਰ 4 (ਖੱਬਾ) ਹੀਰਾ ਸਿੰਘ ਨਗਰ  ਕੋਟ ਕਪੂਰਾ 151204  ਮੋਬਾਈਲ +15853050443 Now at ---- 38 Mc coord woods drive Rochester NY 14450 USA

View all posts by ਡਾ. ਅਜੀਤ ਸਿੰਘ ਕੋਟਕਪੂਰਾ →