7 December 2024
mai bashiran

ਇਸ ਤੋਂ ਤਾਜ਼ਾ ਭਲ਼ਾ ਹੋਰ ਕੀ ਹੋ ਸਕਦਾ ਏ?—ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ

ਚੇਤੇ ਦੀ ਚੰਗੇਰ

ਤੌੜੀ ਚੁਲ੍ਹੇ ‘ਤੇ ਧਰ ਕੇ ਬੀਬੀ ਸਬਜ਼ੀ ਸਿੱਧੀ ਵਿੱਚ ਚੀਰਿਆ ਕਰਦੀ ਸੀ, ਹੁਣ ਵਾਲ਼ੀਆਂ ਸੁਆਣੀਆਂ ਵਾਂਗ ਨਹੀਂ ਕਿ ਪਹਿਲਾਂ ਡਾਈਨਿੰਗ ਟੇਬਲ ‘ਤੇ ਬਹਿ ਕੇ ਚੌਪਿੰਗ ਬੋਰਡ ‘ਤੇ ਰੀਝਾਂ ਲਾਹੁਣੀਆਂ। ਉਹ ਜ਼ਿਆਦਾ ਦਾਤ ਈ ਵਰਤਦੀ ਹੁੰਦੀ ਸੀ। ਧਨੀਆ ਕਈ ਵਾਰ ਘਰ ਦੀ ਕਿਆਰੀ ‘ਚੋਂ ਸਿੱਧਾ ਆਉਂਦਾ ਸੀ, ਇਸ ਤੋਂ ਤਾਜ਼ਾ ਭਲ਼ਾ, ਹੋਰ ਕੀ ਹੋ ਸਕਦਾ ਏ?

ਉਹਦੇ ਬਣਾਏ ਪਰੌਂਠੇ….. ਨਾਨਾਂ ਅਤੇ ਲੱਛੇਦਾਰ ਪਰੌਠਿਆਂ ਨੂੰ ਪਿਛਾਂਹ ਸੁੱਟਦੇ ਸਨ। ਕਦੇ ਲੂਣ ਵਾਲ਼ੇ, ਕਦੇ ਖੰਡ ਵਾਲ਼ੇ, ਕਦੇ ਆਲੂਆਂ ਆਲ਼ੇ, ਉਹ ਰਾਤ ਦੀ ਬਚੀ-ਖੁਚੀ ਦਾਲ-ਸਬਜ਼ੀ ਵੀ ਲਾ ਕੇ ਪਕਾ ਦਿਆ ਕਰਦੀ ਸੀ, ਹੋਰ ਕੁਝ ਨਾ ਹੁੰਦਾ ਤਾਂ ਉਹ ਪਰੌਠਿਆਂ ਵਿੱਚ ‘ਚਾਰ ਦਾ ਮਸਾਲਾ ਵੀ ਲਾ ਦਿੰਦੀ ਸੀ।

ਉਹ ਕਈ ਵਾਰ ਤਵੇ ਤੋਂ ਲਹਿੰਦੀ ਰੋਟੀ ਨੂੰ ਹੱਥਾਂ ਨਾਲ਼ ਕੁੱਟ ਕੇ ਦੂਜੀ ਰੋਟੀ ‘ਚ ਸਮੇਟ ਕੇ ਉੱਤੇ ਮਖਣੀ ਦਾ ਪੇੜਾ ਧਰ ਦਿੰਦੀ ਸੀ, ਓਸ ਲੱਜ਼ਤ ਦੇ ਦੁਬਾਰਾ ਦਰਸ਼ਨ ਨਈਂ ਹੋਏ। ਸੱਕਰ ਦੀ ਚੂਰੀ ‘ਚ ਉਹ ਸਵਾਦ ਦੀਆਂ ਮੁੱਠੀਆਂ ਭਰ-ਭਰ ਪਤਾ ਨਈਂ ਕਿੱਥੋਂ ਪਾ ਦਿੰਦੀ ਸੀ! 

ਉਹਦੇ ਕੋਲ਼ ਚੌਂਕੇ ‘ਚ ਬਹਿਕੇ ਰੋਟੀ ਖਾਂਦਿਆਂ ਅਕਸਰ ਰੋਟੀ ਛਾਬੇ ਤੋਂ ਬਾਈਪਾਸ ਕੱਟਦੀ ਸਿੱਧੀ ਥਾਲ਼ ‘ਚ ਡਿੱਗਦੀ ਸੀ।

ਮੇਰੇ ਸਾਰੇ ਦੋਸਤ ਵੀ ਉਹਨੂੰ ਬੀਬੀ ਕਹਿੰਦੇ ਸਨ। ਉਹ ਵੀ ਉਹਦੇ ਪਰੌਠਿਆਂ ਦੇ ਕਾਇਲ ਸਨ। ਬੀਬੀ ਨੇ ਵੀ, “ਖ਼ਬਰਦਾਰ, ਜੇ ਰੋਟੀ ਖਾਧੇ ਬਿਨਾਂ ਗਏ!” ਕਹਿਕੇ ਸਭ ਨੂੰ ਬੈਠਾ ਲੈਣਾ। 

ਥੋਨੂੰ ਲੱਗਦਾ ਹੋਵੇਗਾ ਮੈਂ ਕਿਸੇ ਬਹਿਸ਼ਤ ਦੀ ਗੱਲ ਕਰ ਰਿਆ ਆਂ!

ਦੀਵੇ ਦੀ ਲੋਅ ਤੋਂ ਬਾਅਦ ਸਮਿਆਂ ਨੇ ਪੀਲ਼ੀ ਰੋਸ਼ਨੀ ਵਾਲ਼ੇ ਬੱਲਬ ਤੱਕ ਦਾ ਸਫ਼ਰ ਬੜੀ ਮੜਕ ਨਾਲ਼ ਤੈਅ ਕੀਤਾ। ਉਦੋਂ ਜਵਾਕ ਅਧਿਆਪਕ ਤੋਂ ਕੁੱਟ ਖਾ ਕੇ ਕਹਿ ਦਿੰਦੇ ਹੁੰਦੇ ਸੀ,“ਦੋ ਪਈਆਂ ਵਿੱਸਰ ਗਈਆਂ, ਸ਼ਾਬਾਸ਼ੇ, ਮੇਰੀ ਢੂਈ ਦੇ!” ਤੇ ਡਰੰਮ ‘ਚੋਂ ਦਾਣੇ ਚੋਰੀ ਕੱਢਕੇ ਜੇ ਕੁਲਫ਼ੀ ਖਾਂਦੇ ਫੜ੍ਹੇ ਜਾਂਦੇ ਸਨ ਤਾਂ ਵੀ ਚੰਗੀ ਸੇਵਾ ਹੁੰਦੀ ਸੀ, “ਕੱਲ੍ਹ ਕਿਸੇ ਦੀ ਚੀਜ਼ ਗਵਾਚ, ਅੱਜ ਲੈ ਲੋ, ਭਲ਼ਕੇ ਲੈ ਲੋ, ਪਰਸੋਂ ਖੂਹ ਦੇ ਥੱਲੇ!” ਕਹਿਕੇ ਸਨਸਨੀ ਪੈਦਾ ਕੀਤੀ ਜਾਂਦੀ ਸੀ।

ਬੀਬੀ ਨੇ ਇਹ ਕਹਿਕੇ, “ਕੱਚੇ ਨਾ ਖਾਇਉ, ਢਿੱਡ ਦੁਖੂਗਾ” ਮਟਰ ਕੱਢਣ ਲਾ ਦੇਣਾ ਤਾਂ ਆਪਾਂ ਅੱਖ ਬਚਾ ਕੇ ਦੋ-ਤਿੰਨ ਫੱਕੇ ਮਾਰ ਈ ਜਾਣੇ। ਕੰਮ ਕੀਤੇ ਦੇ ਇਵਜ਼ ਵਜੋਂ ਮਗਰੋਂ ਵੀ ਮੁੱਠੀ ਭਰ ਲੈਣੀ। ਮਾਲਵੇ ‘ਚ ਸ਼ਲਗਮਾਂ ਨੂੰ ਗੋਂਗਲੂ ਵੀ ਆਖਦੇ ਨੇ, ਗੋਂਗਲੂ ਛਿੱਲ ਕੇ ਖਾਣ, ਕੱਚੀ ਗੋਭੀ ਤੇ ਗਾਜਰਾਂ ਖਾਣ ਦਾ ਬਲਾਅ ਸਵਾਦ ਆਉਂਦਾ ਹੁੰਦਾ ਸੀ।

ਭੱਠੀ ‘ਤੇ ਦਾਣੇ ਭੁਨਾਉਣੇ, ਖਿੱਲਾਂ ਚੁਗ-ਚੁਗ ਖਾਣੀਆਂ, ਛੋਲੇ ਭੁਨਾਉਣੇ ਤਾਂ ਬਖ਼ਤਾਂਵਰਾਂ ਆਲ਼ੀ ਗੱਲ ਸੀ।

“ਲੂਣ ਅੱਖਾਂ ਨਾਲ਼ ਚੁਗਣਾ ਪਊ।” ਕਹਿਕੇ ਬਜ਼ੁਰਗ ਲੂਣ ਦੀ ਬਰਬਾਦੀ ਤੋਂ ਟੋਕਿਆ ਕਰਦੇ ਸਨ।

ਨਜ਼ਲੇ-ਜ਼ੁਕਾਮ ਦਾ ਸਾਡੇ ਕੋਲ਼ ਘਰੇ ਈ ਇਲਾਜ਼ ਸੀ, ਲੱਸੀ ‘ਚ ਵਾਅਵਾ ਸਾਰੀਆਂ ਮਿਰਚਾਂ ਪਾ ਕੇ ਪੀ ਲੈਂਦੇ ਸਾਂ।

“ਚਿੱਠੀਏ ਨੀ ਚਿੱਠੀਏ, ਹੰਝੂਆਂ ਨਾ’ ਲਿਖੀਏ,…”ਹਰਭਜਨ ਮਾਨ ਦਾ ਗਾਣਾ ਆਇਆ ਤਾਂ ਬੀਬੀ ‘ਸੀਸਾਂ ਦਿੰਦੀ ਨਾ ਥੱਕਦੀ। 

ਹਾਕਮ ਸੂਫ਼ੀ ਦਾ ਗੀਤ,” ਪਾਣੀ ਵਿੱਚ ਮਾਰਾਂ ਡੀਟਾਂ, ਕਰਦੀ ਪਈ ਰੋਜ਼ ਉਡੀਕਾਂ ” ਤੇ ਦਿਲਸ਼ਾਦ ਅਖ਼ਤਰ ਦਾ ਗੀਤ, “ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਨੀ ਕਾਹਤੋਂ ਅੱਥਰੂ ਵਹਾਉਂਦੀ?” ਕਿਆ ਕਮਾਲ ਦੇ ਗੀਤ ਸਨ।

ਹਰ ਬੁੱਧਵਾਰ ਆਉਂਦੇ ਚਿੱਤਰਹਾਰ ਵਿੱਚ ‘ਪਰਦੇ ਮੇਂ ਰਹਿਨੇ ਦੋ, ਪਰਦਾ ਨਾ ਉਠਾਉ’, ‘ਮੇਰੇ ਸਪਨੋਂ ਕੀ ਰਾਨੀ ਕਬ ਆਯੇਗੀ ਤੂੰ, ਆਯੀ ਰੁੱਤ ਮਸਤਾਨੀ, ਕਬ ਆਯੇਗੀ ਤੂੰ’, ‘ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ’ ਆਦਿ ਗੀਤਾਂ ਦੇ ਆਉਣ ਦੀਆਂ ਸੁੱਖਾਂ ਸੁੱਖੀਆਂ ਜਾਂਦੀਆਂ ਸਨ।

ਜਲੰਧਰ ਦੂਰਦਰਸ਼ਨ ‘ਤੇ ਆਉਣ ਵਾਲ਼ੇ ਨਵੇਂ ਸਾਲ਼ ਦੇ ਪ੍ਰੋਗਰਾਮ ਦੀ ਕਿੰਨੇ ਦਿਨ ਪਹਿਲਾਂ ਹੀ ਉਡੀਕ ਸ਼ੁਰੂ ਹੋ ਜਾਂਦੀ ਸੀ।

ਸੁਪਨੇ ਉਦੋਂ ਵੀ ਦਿਲ ਦੀਆਂ ਸੱਜਰ ਜ਼ਮੀਨਾਂ ‘ਤੇ ਇਉਂ ਥਾਂ ਮੱਲਦੇ ਸਨ ਕਿ ਕੁੜੀਆਂ ਮਾਂ ਦੇ ਵਿਆਹ ਵਾਲ਼ਾ ਜਾਮਾ ਪਹਿਨ ਕੇ ਦੇਖਿਆ ਕਰਦੀਆਂ ਸੀ ਕਿ ਜਦੋਂ ਉਹ ਲਾੜੀਆਂ ਬਣੀਆਂ ਤਾਂ ਕਿਵੇਂ ਦੀਆਂ ਦਿਖਣ ਗੀਆਂ।

ਜਵਾਨ-ਜਹਾਨ ਮੌਤ ‘ਤੇ ਪਿੰਡ ‘ਚ ਚਾਰੇ ਪਾਸੇ ਤ੍ਰਾਹ-ਤ੍ਰਾਹ ਹੋ ਜਾਂਦੀ ਸੀ। ਉਮਰ ਭੋਗ ਕੇ ਤੁਰੇ ਬੰਦੇ ਦੀ ਮੌਤ ਕਰਕੇ ਵੀ ਟੀ.ਵੀ., ਸਪੀਕਰ ਬੰਦ ਹੋ ਜਾਂਦੇ ਸੀ, ਦਿਨ-ਸੁਦ ਬਿਨਾਂ ਸਲਾਹ ਕੀਤਿਆਂ ਲੇਟ ਪਾ ਦਿੱਤੇ ਜਾਂਦੇ ਸਨ। 

ਡੈਡੀ ਤੋਂ ਸਾਢੇ ਤਿੰਨੇ ਮਹੀਨੇ ਬਾਅਦ ਬੀਬੀ ਵੀ ਇਸ ਜਹਾਨ ਤੋਂ ਕੂਚ ਕਰ ਗਈ। ਉਹਨਾਂ ਦੀ ਗ਼ੈਰ-ਹਾਜ਼ਰੀ ‘ਚ ਪਹਿਲੀ ‘ਦਵਾਲ਼ੀ’ ਆਈ। ਮੁਹੱਲੇ ‘ਚ ਨਾ ਤਾਂ ਪਟਾਕੇ ਚੱਲੇ, ਕੋਠੇ ਚੜ੍ਹ ਕੇ ਦੇਖਿਆ ਦੂਰ ਤੱਕ ਨਾ ਕਿਸੇ ਨੇ ਦੀਵੇ ਬਾਲ਼ੇ, ਨਾ ਮੋਮਬੱਤੀ ਜਗਾਈ। 

ਤੇ ਇੱਕ ਅੱਜ ਦਾ ਜ਼ਮਾਨਾ ਏ ਜਿਸ ਦੀ ਤਰਜ਼ਮਾਨੀ ਤਨਵੀਰ ਦਾ ਇੱਕ ਸ਼ੇਅਰ ਬਾਖੂਬੀ ਕਰਦਾ ਏ, ਅਖੇ,

“ਮਰ ਗਿਆ ਤਨਵੀਰ, ਨਾ ਹੋਈ ਖ਼ਬਰ ਕਿਸੇ ਨੂੰ,
ਨਾਲ਼ ਦੇ ਕਮਰੇ ‘ਚ ਓਵੇਂ ਰੇਡੀਓ ਵੱਜਦਾ ਰਿਹਾ।”

ਨਾਲ਼ ਦੇ ਘਰ ‘ਚ ਵਾਪਰੇ ਕਹਿਰ ਨੂੰ ਨਾ ਗੌਲ਼ਣਾ ਤਾਂ ਗੱਲ ਇੱਕ ਪਾਸੇ ਰਹੀ, ਲਾਸ਼ ‘ਤੇ ਨੱਚਣ ਵਾਲ਼ੀ ਗੱਲ ਹੋਈ ਪਈ ਏ! ਬੰਦੇ ਦਾ ਬੰਦੇ ਤੋਂ ਟੁੱਟਣ ਦਾ ਇਹ ਵਰਤਾਰਾ ਕੋਈ ਵਿੱਕੋਲਿਤਰਾ ਨਹੀਂ ਕਿ ਇਸ ਦੇ ਕਾਰਨ ਨਾ ਲੱਭੇ ਜਾ ਸਕਦੇ ਹੋਣ। ਪੈਸੇ ਲਈ ਦੌੜ, ਲਾਲਚ, ਦਿਖਾਵਾ-ਪ੍ਰਸਤੀ, ਚੌਧਰਾਂ ਲਈ ਹਿਰਸ, ਸਿਆਸਤ, ਨਿੱਜੀ ਅਜ਼ਾਦੀ, ਸੰਬੰਧਾਂ ਦਾ ਆਰਥਿਕ ਹੋ ਨਿੱਬੜਣਾ ਅਤੇ ਬਜ਼ਾਰ ਨੇ ਸਾਂਝੀਵਾਲ਼ਤਾ, ਭਾਈਚਾਰੇ ਅਤੇ ਰਿਸ਼ਤਿਆਂ ਦੀ ਖ਼ੂਬ ਚਿਖਾ ਬਾਲੀ ਏ। ਪੜ੍ਹਾਈਆਂ ਨੇ ਵੀ ਸਿਰਾਂ ‘ਤੇ ਬੱਠਲ ਮੂਧੇ ਹੀ ਮਾਰੇ ਹਨ।
**

balji_khan
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →