23 May 2024

ਜਦੋਂ ਮੈਂ ਹੜ੍ਹ ਵਿਚ ਘਿਰਿਆ — * ਪ੍ਰੋ. ਨਵ ਸੰਗੀਤ ਸਿੰਘ

ਇਨ੍ਹੀਂ ਦਿਨੀਂ ਪੂਰਾ ਉੱਤਰੀ ਭਾਰਤ ਮੀਂਹ ਦੀ ਆਫ਼ਤ ਨਾਲ ਗ੍ਰਸਿਆ ਹੋਇਆ ਹੈ। ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। 3 ਰਾਜਾਂ ਵਿੱਚ 18 ਮੌਤਾਂ ਹੋ ਚੁੱਕੀਆਂ ਹਨ, ਹਿਮਾਚਲ ਵਿੱਚ ਵੀ ਭਾਰੀ ਤਬਾਹੀ ਮੱਚੀ ਹੋਈ ਹੈ, ਦਿੱਲੀ ਵਿੱਚ ਪਿਛਲੇ 41 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।  ਸਰਕਾਰ ਵੱਲੋਂ ਪਹਿਲਾਂ ‘ਯੈਲੋ’ ਤੇ ਹੁਣ ‘ਰੈੱਡ’ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਣੀ ਦੇ  ਤੇਜ਼ ਵਹਾਅ ਕਾਰਨ ਫੌਜ ਦੇ ਜਵਾਨ ਤੱਕ ਰੁੜ੍ਹ ਗਏ ਹਨ। ਕਿਸੇ ਕਿਸੇ ਇਲਾਕੇ ਵਿੱਚ ਪਾਣੀ 11 ਫੁੱਟ ਤੱਕ ਪਹੁੰਚ ਗਿਆ ਹੈ। ਦਰਿਆਵਾਂ ਤੇ ਝੀਲਾਂ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਦਰਿਆਵਾਂ ਦੇ ਕਿਨਾਰੇ ਵੱਸੇ ਹੋਏ ਲੋਕ ਖ਼ੌਫ਼ਜ਼ਦਾ ਹਨ।

ਅਸਲ ਵਿੱਚ ਇਹ ਮਨੁੱਖ ਵੱਲੋਂ ਪ੍ਰਕਿਰਤੀ ਨਾਲ ਕੀਤੀ ਛੇੜਛਾੜ ਦਾ ਨਤੀਜਾ ਹੈ। ਪਰ ਜਦੋਂ ਵੀ ਹੜ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਹਨ, ਮੇਰੇ ਸਾਹਮਣੇ 1993 ਦਾ ਭਿਆਨਕ ਮੰਜ਼ਰ ਆਉਂਦਾ ਹੈ। ਹੜ੍ਹਾਂ ਬਾਰੇ ਮੇਰੀ ਸਤਹੀ ਕਿਸਮ ਦੀ ਜਾਣਕਾਰੀ ਤਾਂ ਇੰਨੀ ਕੁ ਸੀ ਕਿ ਇਸ ਵਿਚ ਘਿਰਿਆ ਵਿਅਕਤੀ ਕਈ ਵਾਰੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕਦਾ ਹੈ ਪਰ ਹੜ੍ਹਾਂ ਨਾਲ ਦੋ-ਚਾਰ ਹੋਣ ਵਾਲਾ ਬੰਦਾ ਹੀ ਇਸਦੀ ਹਕੀਕਤ ਸਮਝਦਾ ਹੈ। 1 ਜੁਲਾਈ 1993 ਨੂੰ ਪਟਿਆਲੇ ਵਿਚ ਆਏ ਹੜ੍ਹਾਂ ਦੌਰਾਨ ਮੇਰਾ ਵਾਹ ਵੀ ਇਸ ਨਾਲ ਪਿਆ। ਇਸ ਸਮੇਂ ਮੈਂ ਮੌਤ ਨੂੰ ਕਾਫੀ ਨੇੜੇ ਤੋਂ  ਵੇਖਿਆ। ਉਦੋਂ ਮੈਂ ਆਪਣੇ ਮਾਪਿਆਂ ਨਾਲ ਪਟਿਆਲੇ ਦੇ ਅਰਬਨ ਅਸਟੇਟ ਵਿਚ ਰਹਿੰਦਾ ਸੀ।

ਰਾਤੀ ਕਰੀਬ ਢਾਈ-ਤਿੰਨ ਵਜੇ ਕਾਲੋਨੀ ਦੇ ਗੁਰਦੁਆਰੇ ਤੋਂ ਹੜ੍ਹ ਦੀ ਸੂਚਨਾ ਦਿੱਤੀ ਗਈ। ਅਚਾਨਕ ਇਹ ਐਲਾਨ ਸੁਣ ਕੇ ਮੇਰੇ ਬਜ਼ੁਰਗ ਮਾਤਾ-ਪਿਤਾ ਘਬਰਾ ਗਏ ਤੇ ਉਨ੍ਹਾਂ ਨੇ ਮੈਨੂੰ ਵੀ ਸੁਚੇਤ ਹੋਣ ਲਈ ਪ੍ਰੇਰਿਆ। ਮਾਤਾ-ਪਿਤਾ ਨੂੰ ਮੈਂ ਇਹ ਕਹਿ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਹੀ ਤਾਂ ਹੈ, ਆ ਕੇ ਚਲਾ ਜਾਵੇਗਾ। ਮੈਂ ਅਗਲੇ ਦਿਨ ਕਿਤੇ ਨੌਕਰੀ ਲਈ ਇੰਟਰਵਿਊ ਤੇ ਜਾਣਾ ਸੀ। ਇਸ ਲਈ ਮੈਂ ਆਪਣੇ ਸਰਟੀਫਿਕਟ, ਪੁਸਤਕਾਂ ਤੇ ਹੋਰ ਪ੍ਰਕਾਸ਼ਿਤ ਸਮੱਗਰੀ ਆਪਣੇ ਨੇੜੇ ਰੱਖ ਲਈਆਂ ਸਨ। ਮੈਂ ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਪ੍ਰੇਸ਼ਾਨੀ ਵੇਖ ਕੇ ਗੁਆਂਢ ਦੇ ਇਕ ਘਰ, ਜਿਨ੍ਹਾਂ ਦੇ ਚੁਬਾਰਾ ਬਣਿਆ ਹੋਇਆ ਸੀ, ਭੇਜ ਦਿੱਤਾ।

ਮੈਂ ਇਹ ਸੋਚ ਕੇ ਘਰ ਹੀ ਰਿਹਾ ਕਿ ਪਾਣੀ ਹੀ ਹੈ, ਆ ਕੇ ਚਲਾ ਜਾਵੇਗਾ, ਨਾਲੇ ਕਿੰਨਾ ਕੁ ਪਾਣੀ ਆਵੇਗਾ! ਸ਼ਾਇਦ ਪਰਮਾਤਮਾ ਨੇ ਮੈਨੂੰ ਪਾਣੀ ਦੀ ਸ਼ਕਤੀ ਤੇ ਸਮਰੱਥਾ ਦਾ ਬੋਧ ਕਰਵਾਉਣਾ ਸੀ। ਪਾਣੀ ਹੌਲੀ-ਹੌਲੀ ਘਰ ਵਿਚ ਦਾਖਲ ਹੋਣਾ ਸ਼ੁਰੂ ਹੋਇਆ। ਮੇਰੇ ਵਿੰਹਦੇ-ਵਿੰਹਦੇ ਪਾਣੀ ਨੇ ਬੈੱਡ, ਸੋਫਾ, ਟੀ ਵੀ,ਮੇਜ਼, ਫਰਿੱਜ ਆਦਿ ਵੱਡੀਆਂ ਤੇ ਭਾਰੀ ਚੀਜ਼ਾਂ ਨੂੰ ਮੂਧੇ ਮੂੰਹ ਉਲਟਾ ਦਿੱਤਾ। ਮੈਂ ਉਨ੍ਹਾਂ ਚੀਜ਼ਾਂ ਨੂੰ ਵਾਰ-ਵਾਰ ਸੰਭਾਲਦਾ, ਸੈੱਟ ਕਰਦਾ, ਪਰ ਪਾਣੀ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਸੀ ਜਾ ਰਹੀ।

ਹਾਰ ਕੇ ਮੈਂ ਚੀਜ਼ਾਂ ਨੂੰ ਸੰਭਲਣਾ ਛੱਡ ਕੇ ਆਪਣੇ ਆਪ ਨੂੰ ਬਚਾਉਣ ਦਾ ਆਹਰ ਕਰਨ ਲੱਗਾ। ਮੈਂ ਇਕ ਮੇਜ਼ ‘ਤੇ ਸਟੂਲ ਰੱਖਿਆ ਅਤੇ ਉਹਦੇ ‘ਤੇ ਖੜ੍ਹੇ ਹੋ ਕੇ ਛੱਤ ਵਾਲੇ ਪੱਖ ਨੂੰ ਹੱਥ ਪਾ ਲਿਆ ਕਿ ਪਾਣੀ ਇੱਥੋਂ ਤੱਕ ਤਾਂ ਨਹੀਂ ਪਹੁੰਚ ਸਕੇਗਾ। ਮੈਂ ਅਜੇ ਪੂਰੀ ਤਰਾਂ ਪੱਖੇ ਨੂੰ ਸੰਭਾਲਿਆ ਵੀ ਨਹੀਂ ਸੀ ਕਿ ਪਾਣੀ ਨੇ ਆਪਣਾ ਜ਼ੋਰ ਵਿਖਾਇਆ। ਮੇਰੇ ਹੇਠੋਂ ਸਟੂਲ ਅਤੇ ਮੇਜ਼ ਨਿਕਲ ਕੇ ਪਾਣੀ ਵਿੱਚ ਜਾ ਡਿੱਗੇ ਅਤੇ ਮੈਂ ਪੱਖੇ ਨਾਲ ਲਟਕ ਗਿਆ। ਮੇਰਾ ਕਮਰ ਤੋਂ ਹੇਠਲਾ ਸਰੀਰ ਪਾਣੀ ਵਿੱਚ ਸੀ ਅਤੇ ਜੁਲਾਈ ਦੇ ਗਰਮ ਮਹੀਨੇ ਵਿਚ ਪਾਣੀ ਇੰਨਾ ਠੰਡਾ ਸੀ ਕਿ ਬੰਦਾ ਯਖ਼ ਹੋ ਜਾਏ। ਇੰਨਾ ਸ਼ੁਕਰ ਸੀ ਕਿ ਬਿਜਲੀ ਵਿਭਾਗ ਵਲੋਂ ਬਿਜਲੀ ਬੰਦ ਕਰ ਦਿਤੀ ਗਈ ਸੀ, ਨਹੀਂ ਤਾਂ ਕੰਧਾਂ ਵਿਚ ਕਰੰਟ ਆਉਣ  ਦਾ ਪੂਰਾ ਖ਼ਤਰਾ ਸੀ।

ਮੇਰੇ ਬਜ਼ੁਰਗ ਮਾਪਿਆਂ ਨੂੰ ਮੇਰੇ ਅਜੇ ਤੱਕ ਬਾਹਰ ਨਾ ਆਉਣ ਦੀ ਚਿੰਤਾ ਸੀ। ਉਨ੍ਹਾਂ ਨੇ ਦੋ ਤੈਰਨ ਵਾਲੇ ਮੁੰਡਿਆਂ ਨੂੰ ਆਪਣੀ ਚਿੰਤਾ ਦੱਸੀ, ਜਿਸ ਕਰਕੇ ਦੋਵੇਂ ਮੁੰਡੇ ਛੱਤਾਂ ਰਾਹੀਂ ਸਾਡੇ ਘਰ ਦੀ ਛੱਤ ਤੋਂ ਹੀ ਮੈਨੂੰ ਅਵਾਜ਼ਾਂ ਮਾਰਨ ਲੱਗੇ। ਮੈਂ ਉਨ੍ਹਾਂ ਨੂੰ ਅੰਦਰੋਂ ਹੀ ਉੱਚੀ ਆਵਾਜ਼ ਵਿਚ ਕਹਿ ਕੇ ਸੁਣਾਇਆ ਕਿ ਮੈਂ ਪੱਖੇ ਨੂੰ ਫੜੀ ਲਟਕ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਹੇਠਾਂ ਪਾਣੀ ਵਿਚ ਛਾਲ ਮਾਰ ਕੇ ਬਾਹਰ ਵਿਹੜੇ ਵਿਚ ਆ ਜਾਓ, ਜਿਥੋਂ ਉਹ ਮੈਨੂੰ ਕੋਠੇ ‘ਤੇ ਲਿਜਾ ਸਕਣਗੇ। ਪਰ ਮੈਂ ਅਜਿਹਾ ਕਰਨ ਤੋਂ ਅਸਮਰੱਥਤਾ ਪ੍ਰਗਟ ਕੀਤੀ। ਖ਼ੈਰ ਉਨ੍ਹਾਂ ਨੇ ਜਿਵੇਂ ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ ਵਿਚ ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿਚ ਆ ਗਏ, ਜਿਥੇ ਮੈਂ ਲਟਕਿਆ ਹੋਇਆ ਸਾਂ। ਉਨ੍ਹਾਂ ਨੇ ਮੈਨੂੰ ਹੱਥ ਛੱਡਣ ਲਈ ਕਿਹਾ ਤਾਂ ਮੈਂ ਡਰਦੇ-ਡਰਦੇ ਪਾਣੀ ਵਿਚ ਛਾਲ ਮਾਰੀ। ਉਨ੍ਹਾਂ ਮੁੰਡਿਆਂ ਦੀ ਮਦਦ ਨਾਲ ਮੈਂ ਵੀ ਕੋਠੇ ‘ਤੇ ਚੜ੍ਹ ਗਿਆ ਅਤੇ ਮੌਤ ਤੋਂ ਮੁਕਤੀ ਪ੍ਰਾਪਤ ਕੀਤੀ। ਅਗਲੇ ਤਿੰਨ ਦਿਨਾਂ ਤੱਕ ਹੜ੍ਹ ਦਾ ਪਾਣੀ ਕਾਲੋਨੀ ਦੇ ਘਰਾਂ ਵਿਚ ਉਵੇਂ ਹੀ ਘਰ ਬਣਾਈ ਬੈਠਾ ਰਿਹਾ।

ਅਸੀਂ ਕਾਫੀ ਪਰਿਵਾਰ ਤਿੰਨੇ ਦਿਨ ਇੱਕੋ ਚੁਬਾਰੇ ਵਿਚ ਤਰਸਯੋਗ ਹਾਲਤ ਵਿਚ ਰਹੇ। ਔਰਤਾਂ ਤਾਂ ਮਾੜਾ-ਮੋਟਾ ਆਰਾਮ ਕਰ ਲੈਂਦੀਆਂ ਪਰ ਮਰਦ ਤੇ ਬੱਚੇ ਛੱਤਾਂ ਤੇ ਘੁੰਮਦੇ ਰਹਿੰਦੇ। ਪਾਣੀ ਦੇ ਘਟਣ ਪਿੱਛੋਂ ਆਸਪਾਸ ਦੇ ਪਿੰਡਾਂ ਤੋਂ ਲੋਕੀ ਭੋਜਨ, ਦੁੱਧ ਤੇ ਖਾਣ ਪੀਣ ਦੀਆਂ ਹੋਰ ਚੀਜ਼ਾਂ ਰੇੜ੍ਹਿਆਂ ਤੇ ਲੈ ਕੇ ਆਉਂਦੇ ਰਹੇ ਤੇ ਉਪਰ ਬੈਠੇ ਬੇਸਹਾਰਾ ਲੋਕਾਂ ਨੂੰ ਦਿੰਦੇ ਰਹੇ। ਫਿਰ ਇਕ ਦਿਨ ਸਰਕਾਰੀ ਹੈਲੀਕਾਪਟਰ ਵੀ ਆਇਆ। ਜਿਸ ਵੱਲੋਂ ਬਹੁਤ ਸਾਰੇ ਖਾਣੇ ਦੇ ਪੈਕੇਟ ਤੇ ਦਵਾਈਆਂ ਹੇਠਾਂ ਸੁੱਟੀਆਂ ਗਈਆਂ।
ਸੁੱਟੀਆਂ ਗਈਆਂ ਵਧੇਰੇ ਚੀਜ਼ਾਂ ਤਾਂ ਪਾਣੀ ਵਿਚ ਹੀ ਡਿੱਗ ਗਈਆਂ, ਕੁਝ ਕੁ ਹੀ ਹੜ੍ਹ ਮਾਰੇ ਲੋਕਾਂ ਦੇ ਹੱਥ ਲੱਗੀਆਂ । ਹੈਲੀਕਾਪਟਰ ਦਾ ਹੋਰ ਨੁਕਸਾਨ ਇਹ ਹੋਇਆ ਕਿ ਇਸਦੇ ਤੇਜ਼ ਚੱਲਣ ਵਾਲੇ ਖੰਭਾਂ ਨਾਲ ਬਹੁਤ ਸਾਰੀਆਂ ਸੁੱਕੀਆਂ ਹੋਈਆਂ ਚੀਜ਼ਾਂ, ਜਿਨ੍ਹਾਂ ਵਿਚ ਰਜਾਈਆਂ ਵਗੈਰਾ ਵੀ ਸਨ, ਫਿਰ ਤੋਂ ਹੇਠਾਂ ਪਾਣੀ ਵਿਚ ਡਿੱਗ ਪਈਆਂ।

ਇਸ ਹੜ੍ਹ ਵਿਚ ਮੇਰੀਆਂ ਕਰੀਬ ਲੱਖ-ਡੇਢ ਲੱਖ (ਉਸ ਸਮੇਂ ਦੀ ਰਕਮ) ਮੁੱਲ ਦੀਆਂ ਬਹੁਮੁੱਲੀਆਂ ਪੁਸਤਕਾਂ ਪਾਣੀ ਦੀ ਭੇਟ ਚੜ੍ਹ ਗਈਆਂ। ਅੱਜ ਵੀ ਜਦੋਂ ਕਿਧਰੇ ਹੜ੍ਹਾਂ ਦੀ ਖਬਰ ਸੁਣਦਾ ਹਾਂ ਤਾਂ ਮੈਨੂੰ ਆਪਣੇ ਨਾਲ ਵਾਪਰੇ ਘਟਨਾਕ੍ਰਮ ਦਾ ਚੇਤਾ ਆ ਜਾਂਦਾ ਹੈ। ਇਸ ਘਟਨਾ ਤੋਂ ਕਰੀਬ ਛੇ ਸਾਲ ਬਾਅਦ ਮੈਂ ਗ੍ਰਹਿਸਥੀ ਧਾਰਨ ਕੀਤੀ ਅਤੇ ਆਪਣੀ ਸੁਪਤਨੀ ਨੂੰ ਹੜ੍ਹਾਂ ਦੀ ਇਹ ਦੁਖਦਾਈ ਹੱਡਬੀਤੀ ਸੁਣਾਈ ਤਾਂ ਪਤਨੀ ਨੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ “ਤੁਸੀਂ ਜੁ ਮੇਰੇ ਲੜ ਲਗਣਾ ਸੀ, ਇਸੇ ਲਈ ‘ਉਸਨੇ’ ਤੁਹਾਨੂੰ ਬਚਾ ਲਿਆ।”
***
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1133
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →