26 April 2024

ਮੇਰੇ ਪਿਤਾ ਸ: ਹਰਭਜਨ ਸਿੰਘ ‘ਸਾਦਕ’—ਮਨਿੰਦਰ ਸ਼ੌਕ 

ਮੇਰੇ ਪਿਤਾ ਸ: ਹਰਭਜਨ ਸਿੰਘ ‘ਸਾਦਕ’ ਜਿਹੇ ਮਿਹਨਤੀ, ਸਿਰੜੀ ਅਤੇ ਧਾਰਮਿਕ ਇਨਸਾਨ ਵਿਰਲੇ ਹੀ ਹੁੰਦੇ ਹਨ। ਉਹ ਉਨ੍ਹਾਂ ਇਨਸਾਨਾਂ ਵਿਚੋਂ ਸਨ ਜਿਨ੍ਹਾਂ ਦੇ ਜੀਵਨ ਨੂੰ ਤੱਕ ਕੇ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਕਿਸੇ ਮਕਸਦ ਲਈ ਹੀ ਇਸ ਦੁਨੀਆ ਤੇ ਭੇਜਿਆ ਹੈ। ਮੈਨੂੰ ਉਨ੍ਹਾਂ ਦਾ ਪੁੱਤਰ ਹੋਣ ਤੇ ਬਹੁਤ ਮਾਣ ਹੈ।

ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ, ਉਨ੍ਹਾਂ ਨੂੰ ਕੁਝ ਨਾ ਕੁਝ ਲਿਖਦੇ ਤੱਕਿਆ ਹੈ। ਉਹ ਆਪਣੀ ਸਰਕਾਰੀ ਸਰਵਿਸ ਦੀ ਡਿਊਟੀ ਤੋਂ ਬਾਅਦ ਵਿਹਲੇ ਬੈਠ ਕੇ ਸਮਾਂ ਨਹੀਂ ਸਨ ਬਿਤਾਉਂਦੇ ਬਲਕਿ ਦੇਰ ਰਾਤ ਤਕ ਜਾਗ ਕੇ ਗੁਰਬਾਣੀ ਨੂੰ ਸਰਲ ਪੰਜਾਬੀ ਕਵਿਤਾ ਵਿਚ ਅਨੁਵਾਦ ਕਰਦੇ ਰਹਿੰਦੇ ਸਨ। 

ਮੇਰੇ ਪਿਤਾ ਸ: ਹਰਭਜਨ ਸਿੰਘ ‘ਸਾਦਕ’ ਜੀ ਨੇ ਉਹ ਕੰਮ ਇਕੱਲਿਆਂ ਹੀ ਕਰ ਦਿਖਾਇਆ ਜਿਸ ਨੂੰ ਪੂਰੀ ਦੀ ਪੂਰੀ ਸੰਸਥਾ ਦੇ ਲਈ ਕਰਨਾ ਵੀ ਏਨਾ ਆਸਾਨ ਨਹੀਂ ਹੁੰਦਾ। ਪੂਰੇ ਸ੍ਰੀ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਰਲ ਪੰਜਾਬੀ ਕਵਿਤਾ ਵਿਚ ਅਨੁਵਾਦ ਕਰਨ ਦਾ ਉਨ੍ਹਾਂ ਵਲੋਂ ਚੁੱਕਿਆ ਗਿਆ ਬੀੜਾ ਇਕ ਮਹਾਨ ਕਾਰਜ ਹੈ ਜਿਸ ਮੁਕੰਮਲ ਕਰਨ ਵਿਚ ਉਨ੍ਹਾਂ ਨੂੰ ਲੱਗਭੱਗ ੨੭ ਸਾਲਾਂ ਦਾ ਸਮਾਂ ਲੱਗਿਆ। ਏਨੇ ਲੰਮੇ ਸਮੇਂ ਦੀ ਘਾਲਣਾ ਤੋਂ ਬਾਅਦ ਜਦੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਸਰਲ ਪੰਜਾਬੀ ਕਵਿਤਾ ਵਿਚ ਅਨੁਵਾਦ ਕਰਨ ਦਾ ਇਹ ਕਾਰਜ ਮੁਕੰਮਲ ਹੋ ਗਿਆ ਤਾਂ ਇਕ ਹੋਰ ਵੱਡੀ ਮੁਸ਼ਕਲ ਇਸ ਮਿਹਨਤ ਨੂੰ ਲੋਕਾਂ ਤਕ ਪਹੁੰਚਾਉਣ ਦੀ ਸੀ। ਇਸ ਮਿਹਨਤ ਨੂੰ ਕਿਤਾਬਾਂ ਦੇ ਰੂਪ ਵਿਚ ਛਪਵਾ ਕੇ ਲੋਕਾਂ ਤਕ ਪਹੁੰਚਾਉਣ ਲਈ ਬਹੁਤ ਧਨ ਦੀ ਜ਼ਰੂਰਤ ਸੀ ਜਿਸ ਨੂੰ ਇਕੱਲੇ ਇਨਸਾਨ ਵਲੋਂ ਮੁਕੰਮਲ ਕਰਨਾ ਬਹੁਤ ਮੁਸ਼ਕਲ ਸੀ। ਇਸ ਦੇ ਲਈ ਉਹ ਪਬਲਿਸ਼ਰਾਂ ਨੂੰ ਮਿਲੇ, ਕਈ ਸੰਸਥਾਵਾਂ ਨੂੰ ਮਿਲੇ ਪਰ ਕੋਈ ਵੀ ਇਸ ਕਾਰਜ ਨੂੰ ਸਿਰੇ ਚਾੜ੍ਹਨ ਵਿਚ ਅੱਗੇ ਨਾ ਆਇਆ, ਜਿਸ ਕਾਰਨ ਇਹ ਕੰਮ ਕੁਝ ਲੇਟ ਹੋ ਗਿਆ ਅਤੇ ਨਿਰਾਸ਼ਾ ਵੀ ਹੋਈ। ਉਦੋਂ ਉਹ ਸੋਚਦੇ ਸਨ ਕਿ ਪਤਾ ਨਹੀਂ ਉਨ੍ਹਾਂ ਦੀ ਕੀਤੀ ਹੋਈ ਏਨੀ ਮਿਹਨਤ ਵਾਲਾ ਇਹ ਕਾਰਜ ਲੋਕਾਂ ਤਕ ਪਹੁੰਚ ਵੀ ਸਕੇਗਾ ਜਾਂ ਨਹੀਂ। ਭਾਵੇਂ ਕਿਸੇ ਸੰਸਥਾ ਦਾ ਉਨ੍ਹਾਂ ਨੂੰ ਸਹਾਰਾ ਨਹੀਂ ਮਿਲਿਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਕੰਮ ਨੂੰ ਸਿਰੇ ਚਾੜ੍ਹਨ ਦੀ ਧੁਨ ਉਨ੍ਹਾਂ ਉੱਪਰ ਸਵਾਰ ਸੀ ਤੇ ਉਹ ਇਕੱਲੇ ਹੀ ਇਸ ਮਕਸਦ ਲਈ ਨਿਤਰ ਪਏ। ਪ੍ਰਮਾਤਮਾ ਦੀ ਓਟ ਲੈ ਕੇ ਆਪਣੀ ਤਨਖਾਹ ਅਤੇ ਰਿਟਾਇਰਮੈਂਟ ਪਿਛੋਂ ਪੈਨਸ਼ਨ ਦੇ ਖਰਚੇ ਵਿਚੋਂ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਉਹਨਾਂ ‘ਸਰਬ ਸੁੱਖ ਨਿਧਾਨ – ਸ੍ਰੀ ਗੁਰੂ ਗ੍ਰੰਥ ਸਾਹਿਬ’ ਸੱਤ ਪੋਥੀਆਂ ਦੇ ਰੂਪ ਵਿਚ ਅਲੱਗ ਅਲੱਗ ਸਮੇਂ ਛਪਵਾਇਆ, ਜਿਸ ਵਿਚ ਉਹ ਆਪ ਕਿਤਾਬਾਂ ਲੈ ਕੇ ਗ੍ਰਾਹਕਾਂ, ਪਾਠਕਾਂ, ਲਾਇਬਰੇਰੀਆਂ ਤਕ ਜਾਂਦੇ ਰਹੇ। ਇਸ ਤਰ੍ਹਾਂ ਲਿਖਣ ਤੋਂ ਲੈ ਕੇ, ਛਪਵਾਉਣ ਅਤੇ ਪਾਠਕਾਂ ਤਕ ਪਹੁੰਚਾਉਣ ਦਾ ਸਾਰਾ ਕੰਮ ਆਪ ਕਰਦੇ ਰਹੇ। ਏਨੀ ਮਿਹਨਤ ਏਨੀ ਘਾਲਣਾ ਦੇ ਬਾਵਜੂਦ ਉਨ੍ਹਾਂ ਦਾ ਖਰਚ ਕੀਤੀ ਰਕਮ ਵਿਚੋਂ ਭਾਵੇਂ, ਬਹੁਤ ਥੋੜਾ ਹਿੱਸਾ ਹੀ ਵਾਪਸ ਮੁੜਿਆ ਪਰ ਉਹ ਇਸ ਗੱਲੋਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸਨ ਕਿ ਜਿਸ ਕਰਜ ਨੂੰ ਉਨ੍ਹਾਂ ਨੇ ਪ੍ਰਮਾਤਮਾ ਦੇ ਸਹਾਰੇ ਆਰੰਭ ਕੀਤਾ ਸੀ, ਉਹ ਕਾਰਜ ਸਿਰੇ ਚੜ੍ਹ ਗਿਆ ਹੈ। 

‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰਲ ਪੰਜਾਬੀ ਕਵਿਤਾ ਵਿਚ ਅਨੁਵਾਦ ਤੋਂ ਇਲਾਵਾ ਸ: ਹਰਭਜਨ ਸਿੰਘ ‘ਸਾਦਕ’ ਜੀ ਵਲੋਂ ਵਖ ਵੱਖ ਸਮੇਂ ਤੇ ਅਲੱਗ ਅਲੱਗ ਪੁਸਤਕਾਂ ਵੀ ਛਪਵਾਈਆਂ ਗਈਆਂ ਜਿਨ੍ਹਾਂ ਵਿਚ ਸ੍ਰੀ ‘ਜਪੁਜੀ ਸਾਹਿਬ (੧੯੬੮), ਜ਼ਫ਼ਰਨਾਮਾ (੧੯੭੧), ਸ੍ਰੀ ਜਾਪੁ ਸਾਹਿਬ (੧੯੭੬), ਸੁਖਮਨੀ ਸਾਹਿਬ (੧੯੮੮), ਗਿਆਨ ਪ੍ਰਬੋਧ ਤੇ ਜ਼ਫ਼ਰਨਾਮਾ (੧੯੯੦) ਨਿੱਤਨੇਮ (੧੯੯੨), ਸ੍ਰੀਮਦ ਭਗਵਤ ਗੀਤਾ ਅਨੁਵਾਦ (੧੯੮੮) ਉਰਦੂ ਸ਼ਾਇਰੀ ਦਾ ਗੁਰਮੁਖੀ ਲਿਪੀਆਂਤਰ ‘ਰੰਗ ਰੰਗ ਕੇ ਫੂਲ’ (੧੯੯੧), ਮੌਲਿਕ ਗਜ਼ਲ ਸੰਗ੍ਰਹਿ ‘ਝਣਕਾਰ’ (੧੯੮੨), ਭਗਤ ਰਵਿਦਾਸ-ਜੀਵਨ ਤੇ ਰਚਨਾ (੧੯੮੯), ਧਾਰਮਿਕ ਲੇਖ ‘ਸਰਬ ਰੋਗ ਕਾ ਅਉਖਧੁ ਨਾਮੁ (੧੯੯੩), ਚਮਤਕਾਰੀ ਮਹਾਂਪੁਰਸ਼ – ਸੰਤ ਬਾਬਾ ਦੂਲਾ ਸਿੰਘ (੧੯੯੪), ਲੇਖ ਸੰਗ੍ਰਹਿ ‘ਫੈਲੇ ਵਿੱਦਿਆ ਹੋਇ ਉਜਾਲਾ (੧੯੯੮), ਚਮਕੌਰ ਗੜ੍ਹੀ ਦੇ ਸ਼ਹੀਦ ਬਾਬਾ ਸੰਗਤ ਸਿੰਘ ਜੀ (੨੦੦੦), ਅੰਤ ਜਿਵ ਜਿਵ ਹੁਕਮ (੨੦੧੦) ਸ਼ਾਮਲ ਹਨ। ਇਨ੍ਹਾਂ ਵਿਚੋਂ ਬਾਬਾ ਸੰਗਤ ਸਿੰਘ ਜੀ ਦੀ ਪੁਸਤਕ ਬਾਬਾ ਸੰਗਤ ਖਾਲਸਾ ਦਲ ਅਤੇ ‘ਜਿਵ ਜਿਵ ਹੁਕਮ’ ਪੁਸਤਕ ਇਕ ਪ੍ਰੇਮੀ ਸੱਜਣ ਦੇ ਸਹਿਯੋਗ ਸਦਕਾ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਪੁਸਤਕਾਂ ਤੋਂ ਇਲਾਵਾ ਅਣਛਪੀਆਂ ਪੁਸਤਕਾਂ ਵਿਚ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਦਸਮ ਗ੍ਰੰਥ ਵਿਚੋਂ ਪ੍ਰਵਾਨਿਤ ਰਚਨਾਵਾਂ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ ਅਤੇ ਉਨ੍ਹਾਂ ਦੀਆਂ ਕਾਵਿ ਵਿਚ ਲਿਖੀਆਂ ਰਚਨਾਵਾਂ ਸ਼ਾਮਲ ਹਨ।

ਮੇਰੇ ਪਿਤਾ ਸ: ਹਰਭਜਨ ਸਿੰਘ ਸਾਦਕ ਜੀ ਨੇ ਜੋ ਉਪਰਾਲਾ ਕੀਤਾ ਹੈ, ਉਹ ਇੱਕ ਇਕੱਲੇ ਇਨਸਾਨ ਦੇ ਵੱਸ ਦੀ ਗੱਲ ਨਹੀਂ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਪੂਰੀ ਹਿੰਮਤ ਅਤੇ ਸ਼ਰਧਾ ਨਾਲ ਇਸ ਡਿਊਟੀ ਨੂੰ ਨਿਭਾਇਆ ਹੈ। ਆਪਣੀ  ਮਿਹਨਤ ਅਤੇ ਉਪਰਾਲੇ ਨਾਲ ਉਹ ਜਿੱਥੋਂ ਤਕ ਹੋ ਸਕਦਾ ਸੀ ਇਸ ਮਿਸ਼ਨ ਨੂੰ ਅੱਗੇ ਵਧਾ ਗਏ ਹਨ। ਉਹ ੭-੯-੧੯੩੩ ਨੂੰ ਇਸ ਸੰਸਾਰ ਵਿੱਚ ਆਏ ਅਤੇ ੧੮-੩-੨੦੧੧ ਨੂੰ ਇਸ ਸੰਸਾਰ ਤੋਂ ਚਲੇ ਗਏ। ਉਹ ਮੇਰੇ ਪਿਤਾ ਹੋਣ ਦੇ ਨਾਲ ਨਾਲ ਮੇਰੇ ਪੱਥ ਪ੍ਰਦਰਸ਼ਕ ਵੀ ਸਨ। ਉਨ੍ਹਾਂ ਦੀ ਛਤਰ ਛਾਇਆ ਹੇਠ ਜ਼ਿੰਦਗੀ ਬਹੁਤ ਸੁਖਾਲੀ ਸੀ ਪਰ ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਅਨੇਕਾਂ ਜ਼ੁੰਮੇਵਾਰੀਆਂ, ਦੁਸ਼ਵਾਰੀਆਂ, ਵਿਸ਼ਾਲ ਪਹਾੜ ਬਣ ਕੇ ਰਸਤੇ ਵਿੱਚ ਖੜ੍ਹੀਆਂ ਮਹਿਸੂਸ ਹੁੰਦੀਆਂ ਹਨ… ਪਰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਕਹੇ ਹੋਏ ਬੋਲ ਹਮੇਸ਼ਾ ਸਾਡੀ ਰਹਿਨੁਮਾਈ ਕਰਦੇ ਰਹਿਣਗੇ। -ਮਨਿੰਦਰ ਸ਼ੌਕ 

***
(ਪਹਿਲੀ ਵਾਰ ਛਪਿਆ 20 ਸਤੰਬਰ 2021)
***
381
***

About the author

ਮਨਿੰਦਰ ਸ਼ੌਕ
+91 98882 11906 | parkashbindu@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ