ਜ਼ਿੰਦਗੀ ਦਾ ਨਿੱਜੀ ਤਜਰਬਾ ਹੁੰਦਾ ਹੈ
ਹਰੇਕ ਦਾ ਆਪਣੀ ਜ਼ਿੰਦਗੀ ਦਾ ਨਿੱਜੀ ਤਜਰਬਾ ਹੁੰਦਾ ਹੈ, ਜਿਸਦੇ ਦਮ ‘ਤੇ ਉਹ ਚੰਗੇ-ਮਾੜੇ, ਸਹੀ-ਗ਼ਲਤ, ਆਪਣੇ-ਪਰਾਏ ਆਦਿ ਦਾ ਫੈਸਲਾ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ, ਜੋ ਕਿ ਹੋਰਨਾਂ ਦੇ ਤਜਰਬੇ ਤੋਂ ਵੀ ਸਿੱਖਦੇ-ਸਿਖਾਉਂਦੇ ਹਨ। ਇਸ ਸਭ ਵਿਚ ਇੱਕ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਉਹ ਇਹਨਾਂ ਫੈਸਲਿਆਂ ਵਿਚ ਨਿੱਜ ਹਾਵੀ ਹੋਣ ਤੋਂ ਰੋਕ ਨਹੀਂ ਸਕਦਾ। ਇਹਨਾਂ ਫੈਸਲਿਆਂ ਵਿਚ ਉਸਦੀ ਆਪਣੀ ਵਿਸ਼ਵਾਸ ਪ੍ਰਣਾਲੀ (Belief System) ਵੀ ਕੰਮ ਕਰਦੀ ਹੈ, ਇਸ ਲਈ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸਦੇ ਫੈਸਲੇ ਵਿਚ ਕੋਈ ਤਰੁਟੀ ਰਹਿ ਜਾਵੇ। ਸਮਾਜ ਤੇ ਪਰਿਵਾਰਾਂ ਵਿਚ ਵਾਪਰਦੀਆਂ ਛੋਟੀਆਂ ਵੱਡੀਆਂ ਘਟਨਾਵਾਂ ਨੂੰ ਵੇਖਣ ਦਾ ਮੇਰਾ ਆਪਣਾ ਇੱਕ ਨਜ਼ਰੀਆ ਹੈ। ਬਹੁਤ ਸਾਰੇ ਲੋਕਾਂ ਵਾਂਗ ਮੈਂ ਹੋਰਨਾਂ ਭਾਈਚਾਰਿਆਂ ‘ਚ ਵਾਪਰਦੀਆਂ ਘਟਨਾਵਾਂ ਵੀ ਤੱਕੀਆਂ ਹਨ। ਆਪਣੇ ਭਾਈਚਾਰੇ, ਹੋਰਨਾਂ ਭਾਈਚਾਰਿਆਂ, ਸਮਾਜ, ਤੇ ਮਨੋਵਿਗਿਆਨ ਦੀ ਦ੍ਰਿਸ਼ਟੀ ਦੇ ਸੁਮੇਲ ਦੀ ਛਤਰ ਛਾਇਆ ਹੇਠ ਕਈ ਵਾਰ ਘਟਨਾ ਨੂੰ ਵੇਖਣ ਦਾ ਮੇਰਾ ਨਜ਼ਰੀਆ ਬਹੁਤ ਸਾਰੇ ਲੋਕਾਂ ਨਾਲੋਂ ਭਿੰਨ ਵੀ ਹੋ ਜਾਂਦਾ ਹੈ। ਇਸੇ ਤਜਰਬੇ ਤੇ ਦ੍ਰਿਸ਼ਟੀ ਦੇ ਆਧਾਰ ‘ਤੇ ਬਹੁਤ ਹੀ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਆਪਣੇ ਭਾਈਚਾਰੇ ਦਾ ਪਰਿਵਾਰਕ ਸਿਸਟਮ ਬਹੁਤਿਆਂ ਨਾਲੋਂ ਚੰਗਾ ਤੇ ਸਲਾਹੁਣਯੋਗ ਹੈ। ਖ਼ਾਮੀਆਂ ਸਭ ‘ਚ ਹੁੰਦੀਆਂ ਹਨ, ਪਰ ਨਜ਼ਰੀਆ ‘ਭਰਿਆ ਗਿਲਾਸ’ ਤੱਕਣ ਦਾ ਹੈ। ਮੈਂ ਪਚਾਸੀ-ਨੱਬੇ ਸਾਲ ਦੇ ਬਜ਼ੁਰਗਾਂ ਨੂੰ ਇਕੱਲੇਪਣ ਦਾ ਸ਼ਿਕਾਰ ਵੇਖਿਆ ਹੈ। ਇਹਨਾਂ ‘ਚੋਂ ਕੋਈ ਵਿਰਲਾ ਭਾਵੇਂ ਛੱਡ ਦਿਓ, ਨਹੀਂ ਤਾਂ ਸਭ ਕਿਸੇ ਨਾਲ ਗੱਲ ਕਰਨ ਵੀ ਨੂੰ ਤਰਸਦੇ ਹਨ। ਇਸ ਸਭ ਦੇ ਜ਼ਿੰਮੇਵਾਰ ਉਹ ਖ਼ੁਦ ਤੇ ਉਹਨਾਂ ਦਾ ਪਰਿਵਾਰਕ ਸਿਸਟਮ ਹੈ। ਕੱਲੀਆਂ ‘ਸੌਰੀਆਂ’, ‘ਥੈਂਕਯੂ’ ਆਦਿ ਨਾਲ ਜ਼ਿੰਦਗੀ ਨਹੀਂ ਟੱਪਦੀ, ‘ਦੂਰੋਂ ਜੁੱਤੀ ਚਲਾਉਣ ਵਾਲੇ’ ਬਾਪੂ ਤੇ ‘ਕੰਜਰਾ ਕਹਿ ਕੇ’ ਗੱਲ ਕਰਨ ਵਾਲੀ ਮਾਂ ਉਹਨਾਂ ਦੇ ਪਰਿਵਾਰਕ ਸਿਸਟਮ ਨਾਲੋਂ ਕਈ ਦਰਜੇ ਚੰਗੇ ਹਨ। ਮੇਰੇ ਕੋਲ ਬਹੁਤ ਸਾਰੇ ਘਰੇਲੂ ਕਲੇਸ਼ ਦੇ ਕੇਸ ਆਉਂਦੇ ਹਨ। ਹਮੇਸ਼ਾ ਮੇਰੀ ਕੋਸ਼ਿਸ਼ ਘਰ ਵਸਾਉਣ ਦੀ ਹੁੰਦੀ ਹੈ, ਇਸ ਵਿਚ ਮੈਂ ਕਾਮਯਾਬ ਵੀ ਹੁੰਦਾ ਹਾਂ। ਜਿਹਨਾਂ ਦੇ ਘਰ ‘ਚ ਜੁੱਤੀ ਚੱਲਦੀ ਹੈ, ਉਹਨਾਂ ਬਹੁਤ ਸਾਰੇ ਲੋਕਾਂ ਨੂੰ ਸ਼ੁਰੂਆਤ ਵਿਚ ਅਜਿਹੀਆਂ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ ਤੇ ਉਹਨਾਂ ਦੀ ਸੂਈ ‘ਅੱਡ ਹੋਣ’ ‘ਤੇ ਅੜੀ ਹੁੰਦੀ ਹੈ। ਬਾਕੀ ਤੁਹਾਡੀ ਮਰਜ਼ੀ ਹੈ, ਪਿਆਰਿਓ! ਪਰ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਬਾਅਦ ਵਿਚ ਬਿਗਾਨਿਆਂ ਤੋਂ ਕੁੱਤੇ-ਖਾਣੀ ਕਰਵਾਉਣ ਜਾਂ ਇਕਲਾਪੇ ਦੇ ਸ਼ਿਕਾਰ ਹੋਣ ਨਾਲੋਂ ਆਪਣਿਆਂ ਨਾਲ ‘ਕਦੇ ਲੜ ਕੇ, ਕਦੇ ਹੱਸ ਕੇ’ ਨਿਭਾ ਲਓ, ਤੁਹਾਡਾ ਹੀ ਫਾਇਦਾ ਹੋਵੇਗਾ।
***
#Relaxo_Hypnosis
#Zindagi_Aje_Baaki_Hai
#Aakarshan_Da_Sidhaant
#Aradh_Naari