ਚਿਡ਼ੀਆਂ ਦੀ ਚੀਂ ਚੀਂ ਸੁਣ ਕੇ ਵੀਰ ਸਿੰਘ ਦੀ ਜਾਗ ਖੁਲ੍ਹ ਗਈ। ਉਸ ਨੇ ਅਲਸਾਈਆਂ ਅੱਖਾਂ ਮੱਲਦਿਆਂ ਖਿੱਝ ਕੇ ਸੋਚਿਆ: “ਇਹਨਾਂ ਚਿਡ਼ੀਆਂ ਨੂੰ ਇੰਨੀ ਠੰਡ ਵਿਚ ਵੀ ਟਿਕਾ ਨਹੀਂ। ਤਡ਼ਕੇ ਹੀ ਇੰਝ ਰੌਲਾ ਪਾਉਣ ਲੱਗ ਜਾਂਦੀਆਂ ਨੇ ਜਿਵੇਂ ਕਿ ਇਹਨਾਂ ਦੀ ਬੇਬੇ ਨੇ ਬਾਹਰ ਛੱਜ ਦਾਣਿਆਂ ਦਾ ਖਿਲਾਰਿਆ ਹੋਇਆ ਹੋਵੇ।”
ਫਿਰ ਉਸਨੇ ਖਿਡ਼ਕੀ ਤੋਂ ਵੈਲਬੱਟ ਦਾ ਭਾਰਾ ਪਰਦਾ ਪਰ੍ਹਾਂ ਹਟਾ ਕੇ ਬਾਹਰ ਤੱਕਿਆ। ਵਿੰਡੋ-ਸਿੱਲ ਤੇ ਰੂੰ ਦੇ ਫੰਬਿਆਂ ਵਰਗੀ ਸਨੋ ਡਿੱਗੀ ਪਈ ਸੀ। ਸਾਹਮਣੇ ਘਰਾਂ ਦੀਆਂ ਛੱਤਾਂ ਤੇ ਨਜ਼ਰ ਮਾਰਦਿਆਂ ਹੀ ਉਸ ਵੇਖਿਆ ਕਿ ਕਾਲੀਆਂ-ਕਲੂਟੀਆਂ ਘਰਾਂ ਦੀਆਂ ਛੱਤਾਂ ਦੁੱਧ ਧੋਤੀਆਂ ਪਈਆਂ ਸਨ। ਜਿੱਥੋਂ ਤੱਕ ਵੀ ਉਸਦੀ ਨਜ਼ਰ ਗਈ ਸਭ ਪਾਸੇ ਬਰਫ਼ ਦੀ ਚਿੱਟੀ ਚਾਦਰ ਹੀ ਵਿਛੀ ਹੋਈ ਸੀ। ਦਸੰਬਰ ਦਾ ਠੰਡਾ-ਠਾਰ ਮਹੀਨਾ ਅਤੇ ਐਤਵਾਰ ਦਾ ਦਿਨ। ਬਿਸਤਰੇ ਦੇ ਨਿੱਘ ਨੇ ਮੁਡ਼ ਉਸਨੂੰ ਰਜਾਈ ਵਿਚ ਲੈ ਆਂਦਾ।
ਅੱਖਾਂ ਮੀਟਣ ਦੀ ਕੋਸ਼ਿਸ਼ ਕਰਦਿਆਂ ਅਚਾਨਕ ਉਸਨੂੰ ਆਪਣੀ ਪਤਨੀ ਪੂਰੋ ਦਾ ਖਿਆਲ ਆਇਆ। ਖਿਆਲ ਆਉਣ ਦੀ ਦੇਰ ਹੀ ਸੀ ਕਿ ਫ਼ੋਨ ਦੀ ਘੰਟੀ ਵੱਜ ਪਈ। ਫੋਨ ਚੁੱਕਿਆ। ਫੋਨ ਪੂਰੋ ਦਾ ਹੀ ਸੀ। ਟੈਲੀਪੈਥੀ ਵਾਲੀ ਹੀ ਗੱਲ ਹੋ ਗਈ। ਪੂਰੋ ਦਾ ਚੇਤਾ ਕੀਤਾ, ਪੂਰੋ ਦਾ ਹੀ ਫ਼ੋਨ ਆ ਗਿਆ। ਹਾਲਾਂ ਦੋ ਹਫ਼ਤੇ ਪਹਿਲਾਂ ਹੀ ਤਾਂ ਉਹ ਉਹ ਭਾਰਤ ਗਈ ਸੀ।
ਰਸਮੀ ਹੈਲੋ ਤੋਂ ਬਾਅਦ ਗੱਲ ਗੰਭੀਰ ਹੋ ਗਈ। ਪਤਨੀ ਦੀ ਗੱਲ ਸੁਣਕੇ ਉਸਦੇ ਖਾਨਿਉਂ ਗਈ। ਵੀਰ ਸਿੰਘ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇੰਝ ਵੀ ਹੋ ਸਕਦਾ ਸੀ? ਬਹੁਤ ਦੇਰ ਗਲਬਾਤ ਹੁੰਦੀ ਰਹੀ। ਪਤਨੀ ਦੀ ਜ਼ਿੱਦ ਅੱਗੇ ਉਸਨੂੰ ਗੋਡੇ ਟੇਕਣੇ ਹੀ ਪਏ। ਉਸਨੇ ਫੋਨ ਤੇ ਹੀ ਪਤਨੀ ਨੂੰ ਕਹਿ ਦਿੱਤਾ: “ਇੱਕ ਦੋ ਦਿਨਾਂ ਵਿਚ ਹੀ ਪ੍ਰਬੰਧ ਕਰਕੇ ਮੈਂ ਵੀ ਭਾਰਤ ਆਉਂਦਾ ਹਾਂ। ਤੂੰ ਦੇਖੇਂਗੀ ਕਿ ਤੇਰਾ ਖਿਆਲ ਗ਼ਲਤ ਹੈ?”
ਅੱਜ ਐਤਵਾਰ ਹੋਣ ਕਾਰਨ ਭਾਰਤ ਜਾਣ ਦਾ ਪਰਬੰਧ ਕਲ੍ਹ ਤੇ ਹੀ ਛੱਡਣਾ ਪਿਆ। ਉਸਨੇ ਅਗਲੇ ਦਿਨ ਪਹਿਲਾਂ ਕੰਮ ਤੋਂ ਛੁੱਟੀ ਦਾ ਪਰਬੰਧ ਕੀਤਾ। ਬਰਿਟਸ਼ ਪਾਸਪੋਰਟ ਹੋਣ ਕਾਰਨ ਵੀਜ਼ਾ ਲੈਣਾ ਜ਼ਰੂਰੀ ਸੀ। ਫਾਰਮ ਭਰ ਕੇ ਦਿੱਤਾ ਅਤੇ ਐਂਬੈਸੀ ਵਾਲਿਆਂ ਦੂਜੇ ਦਿਨ ਆ ਕੇ ਲੈ ਜਾਣ ਲਈ ਕਿਹਾ। ਵੱਧ ਪੈਸੇ ਖਰਚ ਕੇ ਹਵਾਈ ਟਿਕਟ ਖਰੀਦਿਆ ਅਤੇ ਤੀਜੇ ਦਿਨ ਹੀ ਭਾਰਤ ਲਈ ਤੁੱਰ ਪਿਆ। ਜਹਾਜ਼ ਵਿਚ ਬੈਠਿਆਂ ਵੀ ਵੀਰ ਸਿੰਘ ਨੂੰ ਪੂਰੋ ਦੀਆਂ ਕਹੀਆਂ ਗੱਲਾਂ ਉਤੇ ਭਰੋਸਾ ਨਹੀਂ ਸੀ ਬੱਝ੍ਹ ਰਿਹਾ। ਉਹ ਕ੍ਰੋਧਿਤ ਹੋਇਆ ਸੋਚ ਰਿਹਾ ਸੀ: ਇੰਝ ਕਿਵੇਂ ਹੋ ਸਕਦਾ ਹੈ? ਜ਼ਰੂਰ ਪੂਰੋ ਨੂੰ ਕੋਈ ਗ਼ਲਤ-ਫ਼ਹਿਮੀ ਹੋਈ ਹੋਵੇਗੀ। ਉਸਦੀ ਮਾਂ ਜਾਈ ਸੱਕੀ ਵੱਡੀ ਭੈਣ ਇੰਝ ਨਹੀਂ ਕਰ ਸਕਦੀ? ਸੋਚ ਰਿਹਾ ਸੀ: ਸ਼ਾਇਦ ਪੂਰ,ੋ ਭੈਣ-ਭਰਾ ਵਿਚ ਵਿਗਾਡ਼ ਪਾਉਣਾ ਚਾਹੁੰਦੀ ਹੋਵੇ। ਜੇਕਰ ਗੱਲ ਗ਼ਲਤ ਨਿਕਲੀ ਤਾਂ ਉਹ ਪੂਰੋ ਨੂੰ ਜਿਉਂਦੀ ਨਹੀਂ ਛਡੇਗਾ। ਕਦੇ ਸੋਚਦਾ: ਪੂਰੋ ਨੇ ਅੱਗੇ ਕਦੇ ਤਾਂ ਇੰਝ ਨਹੀ ਕੀਤੀ ਸੀ। ਉਹ ਤਾਂ ਆਪ ਉਸਦੀ ਵੱਡੀ ਭੈਣ ਲਈ ਸਦਾ ਹੀ ਕੁਝ ਨਾ ਕੁਝ ਬਣਾ ਕੇ ਆਪ ਲੈ ਜਾਂਦੀ ਰਹਿੰਦੀ ਜਾਂ ਭਿਜਵਾਂਦੀ ਰਹਿੰਦੀ। ਕਦੇ ਕਪਡ਼ਿਆਂ ਦੇ ਪਾਰਸਲ ਕਰਦੀ। ਆਏ ਗਏ ਪਾਸ ਭੈਣ, ਭਣੋਈਏ ਅਤੇ ਬੱਚਿਆਂ ਲਈ ਕੁਝ ਨਾ ਕੁਝ ਭੇਜਦੀ ਹੀ ਰਹਿੰਦੀ। ਫਿਰ? ਜ਼ਰੂਰ ਹੀ ਕੁਝ ਨਾ ਕੁਝ ਤਾਂ ਹੋਇਆ ਹੀ ਹੋਵਗਾ ਕਿ ਪੂਰੋ ਨੂੰ ਉਸਦੀ ਭੈਣ-ਭਣੋਈਏ ਬਾਰੇ ਫ਼ੋਨ ਤੇ ਇਹ ਸਭ ਕੁਝ ਦੱਸਣਾ ਪਿਆ। ਫਿਰ ਉਸਨੂੰ ਪੂਰੋ ਬਾਰੇ ਕੁਝ ਯਕੀਨ ਵੱਝ੍ਹਦਾ। ਅਤੇ ਇਸ ਯਕੀਨ ਵੱਝ੍ਹਣ ਦੇ ਕਾਰਣ ਵੀ ਸਨ।
ਆਪਣੇ ਵਿਆਹ ਪਿੱਛੋਂ ਜੱਦ ਉਹ ਪਹਿਲੀ ਬਾਰ ਭਾਰਤੋਂ ਵਾਪਸ ਆਇਆ ਤਾਂ ਪਤਨੀ ਪੂਰੋ ਨਾਲ ਉਸਨੇ ਆਪਣੀ ਭੈਣ ਦੀ ਆਰਥਕ ਤੰਗੀ ਦੀ ਗੱਲ ਕੀਤੀ। ਸਾਰੀ ਗੱਲ ਸੁਣਕੇ ਪੂਰੋਂ ਦੀਆਂ ਅੱਖਾਂ ਤਰ ਹੋ ਗਈਆਂ ਸਨ। ਉਹ ਕਿਵੇਂ ਨਾ ਕਿਵੇਂ ਆਪਣੀ ਵੱਡੀ ਨਨਾਣ ਦੇ ਕੰਮ ਆਉਣਾ ਚਾਹੁੰਦੀ ਸੀ। ਸੋਚ ਵਿਚਾਰ ਕੇ ਹੀ ਉਸਨੇ ਵੀਰ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਉਹਨਾਂ ਨੂੰ ਪਿੱਛੇ ਵੀ ਕੁਝ ਨਾ ਕੁਝ ਜ਼ਰੂਰ ਹੀ ਬਨਾਉਣਾ ਚਾਹੀਦਾ। ਕੱਦ ਤੱਕ ਉਹ ਪਿੰਡ ਆਂਦੇ-ਜਾਂਦੇ ਰਹਿਣਗੇ? ਅੱਜ ਜਾਂ ਭਲਕ, ਸ਼ਹਿਰ ਥਾਂ ਤਾਂ ਲੈਣੀ ਹੀ ਪਵੇਗੀ। ਕਿਉਂ ਨਾ ਹੁਣੇ ਹੀ ਲੈ ਲਈ ਜਾਵੇ? ਉਸਦਾ ਵਿਚਾਰ ਸੀ ਕਿ ਇਸ ਥਾਂ ਵਿਚ ਭੈਣ, ਭਣੋਈਆ ਤੇ ਬੱਚੇ ਆ ਵਸਣਗੇ। ਨਾਲੇ ਉਹਨਾਂ ਦਾ ਖਰਚ ਘਟੇਗਾ, ਰੋਜ਼ ਸ਼ਹਿਰ ਆਣ-ਜਾਣ ਤੋਂ ਬਚਣਗੇ ਅਤੇ ਉਹਨਾਂ ਦੀ ਆਰਥਕ ਹਾਲਤ ਵਿਚ ਵੀ ਸੁਧਾਰ ਆ ਜਾਵੇਗਾ। ਵੀਰ ਸਿੰਘ ਨੇ ਰੱਬ ਦਾ ਸ਼ੁਕਰ ਕੀਤਾ ਕਿ ਉਸਦੀ ਪਤਨੀ ਪੂਰੋ ਨੇ ਉਸਦੇ ਦਿੱਲ ਦੀ ਗੱਲ ਬੁੱਝ ਲਈ। ਅਤੇ ਫਿਰ ਉਹਨਾਂ ਦੋਹਾਂ ਨੇ ਅੱਗੇ ਨਾਲੋਂ ਵੀ ਵੱਧ ਕੰਮ ਕਰਨਾ ਆਰੰਭ ਦਿੱਤਾ। ਕਦੇ ਵੀ ਕੰਮ ਤੋਂ ਬਸ ਲੱਗਦੇ ਛੁੱਟੀ ਨਾ ਲੈਂਦੇ। ਜਿੰਨਾ ਵੀ ਹੋ ਸਕਦਾ ਓਵਰਟਾਈਮ ਲਗਾਉਂਦੇ। ਬੱਚਿਆਂ ਦੀ ਸੰਭਾਲ ਦੀ ਬਹੁਤੀ ਪਰਵਾਹ ਨਾ ਕਰਦਿਆਂ ਕਿਰਸਾਂ ਕਰ ਕਰ ਪੈਸੇ ਜੋਡ਼ਦੇ। ਸਭ ਵਾਧੂ ਖਰਚੇ ਤਿਆਗ ਕੇ ਕੇਵਲ ਜ਼ਰੂਰੀ ਲੋਡ਼ਾਂ ਉਤੇ ਹੀ ਖਰਚ ਕਰਦੇ। ਵੀਰ ਸਿੰਘ ਨੇ ਪੈਸੇ ਬਚਾਉਣ ਦੀ ਹਰ ਤਰਕੀਬ ਅਜ਼ਮਾਈ। ਬੀਅਰ ਪੀਣੀ ਛੱਡੀ। ਵਾਧੂ ਦੇ ਖਰਚ ਘਟਾਏ। ਦੋਂਹ ਸਾਲਾਂ ਵਿਚ ਹੀ ਉਹਨਾਂ ਦੋਹਾਂ ਨੇ ਦੱਸ ਹਜ਼ਾਰ ਪੌਂਡ ਜੋਡ਼ ਲਿਆ। ਥੋਡ਼ੇ ਜਿਹੇ ਪੈਸੇ ਘਰ ਉਤੇ “ਸੈਕੰਡ ਮਾਰਗੇਜ਼” ਲੈ ਕੇ ਵੀ ਇਕੱਠੇ ਕੀਤੇ। ਪੂਰੋ ਨੇ ਹੱਥਾਂ ਦੀਆਂ ਵੰਗਾਂ ਅਤੇ ਹੋਰ ਗਹਿਣੇ ਵੀ ਲਾਹ ਕੇ ਵੀਰ ਸਿੰਘ ਨੂੰ ਦੇ ਦਿੱਤੇ ਕਿ ਭਾਰਤ ਜਾ ਕੇ ਚੰਗੇ ਪੈਸੇ ਮਿਲ ਜਾਣਗੇ। ਥਾਂ ਲੈ ਕੇ ਮਕਾਨ ਬਨਾਉਣ ਜਾਂ ਬਣਿਆ ਬਣਾਇਆ ਕੋਈ ਛੋਟਾ-ਮੋਟਾ ਮਕਾਨ ਖਰੀਦਣ ਲਈ ਕੀ ਪਤਾ ਕਿੰਨੇ ਕੁ ਪੈਸੇ ਲੱਗ ਜਾਣ। ਭਾਰਤ ਜਾਣ ਦਾ ਪਰੋਗਰਾਮ ਬਣ ਗਿਆ। ਬਡ਼ਾ ਵਖਤ ਕੱਟ ਕੇ ਉਹਨਾਂ ਨੇ ਪੰਦਰਾਂ ਵਰ੍ਹੇ ਪਹਿਲਾਂ ਸ਼ਹਿਰ ਥਾਂ ਲਈ ਸੀ ਪਰ ਹੁਣ—–
ਵੀਰ ਸਿੰਘ ਦੀਆਂ ਅੱਖਾਂ ਅੱਗੇ ਪੰਦਰਾਂ ਵਰ੍ਹੇ ਪਹਿਲਾਂ ਦਾ ਮਾਂ ਵਰਗੀ ਵੱਡੀ ਭੈਣ ਦਾ ਚਿਹਰਾ ਘੁੰਮ ਗਿਆ। ਭੈਣ ਤਾਂ ਉਸਦੇ ਸਾਹੀਂ ਵਿਸਮਦੀ ਸੀ। ਜ਼ਰੂਰ ਹੀ ਪੂਰੋ ਨੂੰ ਕੋਈ ਧੋਖਾ ਹੋਇਆ ਹੋਵੇਗਾ। ਭੈਣ ਕਿੰਨਾ ਮੋਹ ਕਰਦੀ ਸੀ ਉਸਦਾ? ਅਸੀਸਾਂ ਦਿੰਦੀ, ਸੌ ਸੌ ਵਾਰ ਮੱਥਾ ਚੁੰਮਦੀ। ਅੱਖਾਂ ਮਿੱਟੀ ਹੀ ਉਸ ਨੇ ਦੇਖਿਆ ਕਿ ਉਸਦੇ ਮਾਡ਼ਕੂ ਸਰੀਰਾਂ ਵਾਲੇ ਮਾਸੂਮ ਭਾਣਜੇ ਟੁੱਟੀਆਂ ਜੁੱਤੀਆਂ ਪਾਈ ਸਕੂਲ ਜਾਂਦੇ ਹਨ। ਮਾਡ਼ਾ ਜਿਹਾ ਮੀਂਹ ਪੈਣ ਤੇ ਹੀ ਕੱਚੇ ਕੋਠੇ ਚੋ ਪੈਂਦੇ। ਭੈਣ ਕਦੇ ਆਪਣੇ ਕਦੇ ਨਿਆਣਿਆਂ ਦੇ ਮੰਜੇ ਇਧਰ ਕਰਦੀ ਕਦੇ ਔਧਰ। ਕੱਚਾ ਅੰਦਰ ਹੋਣ ਕਾਰਨ ਸਾਰੇ ਅੰਦਰ ਵੀ ਘਾਣ ਹੀ ਹੋਈ ਰਹਿੰਦਾ। ਸਾਜਰੇ ਉੱਠ ਕੇ ਭਣੋਈਆ ਖੇਸੀ ਦਾ ਝੁੰਬ ਮਾਰੀ ਆਪਣੇ ਟੁੱਟੇ ਸਾਈਕਲ ਤੇ ਪੈੱਡਲ ਮਾਰੀ ਹਰ ਰੋਜ਼ ਸ਼ਹਿਰ ਜਾਂਦਾ ਅਤੇ ਸੂਰਜ ਡੁੱਬਦਿਆਂ ਨਾਲ ਥੱਕਿਆ ਹਾਰਿਆ ਘਰ ਪੁੱਜਦਾ। ਫਿਰ ਉਸਨੂੰ ਯਾਦ ਆਇਆ ਉਸ ਨੇ ਭਣੋਈਏ ਨੂੰ ਨਵਾਂ ਸਾਈਕਲ ਕਢਵਾ ਕੇ ਦਿੱਤਾ ਸੀ ਤਾਂ ਜੋ ਉਸਦਾ ਸ਼ਹਿਰ ਜਾ ਕੇ ਕੰਮ ਕਰਨਾ ਜ਼ਰਾ ਕੁ ਸੁਖਾਲਾ ਹੋ ਸਕੇ। ਭਣੋਈਏ ਦੀ ਸ਼ਹਿਰ ਵਿਚ ਕਿਰਾਏ ਦੀ ਦੁਕਾਨ ਸੀ। ਦੁਕਾਨ ਤੋਂ ਮਹੀਨੇ ਪਿੱਛੋਂ ਜੋ ਕਮਾਈ ਹੁੰਦੀ, ਉਸਦਾ ਅੱਧ ਤਾਂ ਦੁਕਾਨ ਦਾ ਕਿਰਾਇਆ ਹੀ ਨਿਕਲ ਜਾਂਦਾ। ਬਾਕੀ ਬਚੀ ਰਕਮ ਨਾਲ ਮਸਾਂ ਘਰ ਦਾ ਰੋਟੀ ਟੁੱਕ ਚਲਦਾ।
ਕਿਹਡ਼ਾ ਭਰਾ ਆਪਣੀ ਭੈਣ ਨੂੰ ਤੰਗ ਦੇਖ ਸਕਦਾ? ਉਸਦਾ ਜੀ ਚਾਹੁੰਦਾ ਸੀ ਕਿ ਪਲਕ ਝਪਕਦਿਆਂ ਹੀ ਭੈਣ ਅਤੇ ਭਣੋਈਏ ਨੂੰ ਇਸ ਨਰਕ ਚੋਂ ਨਿਜਾਤ ਦਿਲਾਵੇ। ਜੱਦ ਤੱਕ ਵੀਰ ਸਿੰਘ ਜਾਲੰਧਰ ਥਾਂ ਖਰੀਦਣ ਦਾ ਪਰਬੰਧ ਨਾ ਕਰ ਸਕਿਆ ਵੱਖ ਵੱਖ ਸਮਿਆਂ ਤੇ ਕੁਝ ਨਾ ਕੁਝ ਪੈਸੇ ਭੈਣ ਦੀ ਮਦਦ ਵਜੋਂ ਖਰਚ ਲਈ ਭੇਜਦਾ ਹੀ ਰਿਹਾ। ਉਹ ਆਪਣੀ ਭੈਣ ਅਤੇ ਉਸਦੇ ਪਰਵਾਰ ਲਈ ਵੱਸ ਲੱਗਦਾ ਸਭ ਕੁਝ ਕਰਨ ਲਈ ਤਿਆਰ ਸੀ।
ਅਤੇ ਫਿਰ ਭੈਣ ਦੀ ਆਰਥਕ ਤੰਗੀ ਨੂੰ ਧਿਆਨ ਵਿਚ ਰੱਖਦਿਆਂ ਅਤੇ ਮਾਂ ਜਾਈ ਦੇ ਮੋਹ ਦਾ ਬੱਝ੍ਹਿਆ ਵੀਰ ਸਿੰਘ ਦੋ ਵਰ੍ਹਿਆਂ ਬਾਅਦ ਮੁਡ਼ ਪੰਜਾਬ ਜਾ ਪੁੱਜਿਆ। ਆਪਣੇ ਇੱਕ ਵਾਕਿਫ਼ਕਾਰ ਦੇ ਰਾਹੀਂ ਜਾਲੰਧਰ ਮਾਡਲ ਹਾਊਸ ਵਿਚ ਉਸ ਨੇ ਬਣਿਆ ਬਣਾਇਆ ਇੱਕ ਛੇ ਮਰਲੇ ਦਾ ਮਕਾਨ ਖਰੀਦ ਲਿਆ। ਮਕਾਨ ਦੇ ਅੱਗੇ ਇੱਕ ਵੱਡਾ ਕਮਰਾ ਸੀ। ਇਸਨੂੰ ਦੁਕਾਨ ਵਾਂਗ ਵਰਤਿਆ ਜਾ ਸਕਦਾ ਸੀ। ਅੱਠ ਲੱਖ ਵਿਚ ਵੀਰ ਸਿੰਘ ਨੂੰ ਸੌਦਾ ਬੁਰਾ ਨਾ ਲੱਗਿਆ। ਰਜਿਸਟਰੀ ਕਰਵਾਉਣ, ਅਤੇ ਬਿਜਲੀ/ਪਾਣੀ ਦੇ ਕੁਨੈਕਸ਼ਨ ਆਪਣੇ ਨਾਂ ਕਰਵਾਉਣ ਵਿਚ ਚਾਰ ਪੰਜ ਦਿਨ ਲੰਘ ਗਏ। ਇੱਕ ਕਮਰੇ ਵਿਚ ਵੀਰ ਸਿੰਘ ਨੇ ਆਪਣਾ ਸਾਮਾਨ ਰੱਖ ਦਿੱਤਾ ਅਤੇ ਸਾਰਾ ਕਾਰਜ ਹੋਣ ਉਪਰੰਤ ਜਾ ਭੈਣ-ਭਣੋਈਏ ਅੱਗੇ ਸਿਰ ਜਾ ਨਿਵਾਇਆ। ਜਦੋਂ ਵੀਰ ਸਿੰਘ ਨੇ ਸਹਿਜ ਨਾਲ ਸਾਰੀ ਗੱਲ ਦੱਸੀ ਤਾਂ ਭੈਣ-ਭਣੋਈਆ ਤਾਂ ਉਸਨੂੰ ਅਸੀਸਾਂ ਦੇਣ ਲੱਗ ਪਏ। ਸਾਰਾ ਪਰਵਾਰ ਚਾਈਂ ਚਾਈਂ ਸ਼ਹਿਰ ਆ ਗਿਆ। ਪਿੰਡ ਵਿਚ ਰੱਖਿਆ ਹੀ ਕੀ ਸੀ? ਨਾਂ ਦਾ ਹੀ ਘਰ ਸੀ। ਵੀਰ ਸਿੰਘ ਨੇ ਘਰ ਦਾ ਸਾਰਾ ਜ਼ਰੂਰੀ ਸਾਮਾਨ ਖਰੀਦ ਕੇ ਘਰ ਭਰ ਦਿੱਤਾ। ਭਾਣਜਿਆਂ ਨੂੰ ਸ਼ਹਿਰ ਦੇ ਸਕੂਲ ਵਿਚ ਦਾਖਲ ਕਰਵਾ ਕੇ ਉਹਨਾਂ ਦੀਆਂ ਸਾਲ ਭਰ ਦੀਆਂ ਫੀਸਾਂ ਵੀ ਅਗਾਊਂ ਹੀ ਭਰ ਦਿੱਤੀਆਂ। ਵੀਰ ਸਿੰਘ ਚਾਹੁੰਦਾ ਸੀ ਕਿ ਉਸਦੀ ਭੈਣ ਅਤੇ ਉਸਦੇ ਪਰਵਾਰ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ। ਬੱਚਿਆਂ ਨੂੰ ਚਾਰ ਚਾਰ ਜੋਡ਼ੇ ਕਪਡ਼ਿਆਂ ਦੇ ਬਣਵਾ ਦਿੱਤੇ। ਭੈਣ ਤੇ ਬੱਚਿਆਂ ਲਈ ਤਾਂ ਉਂਝ ਪਤਨੀ ਨੇ ਵੀ ਕਪਡ਼ੇ ਭਰ ਕੇ ਸੂਟਕੇਸ ਘੱਲਿਆ ਸੀ। ਭਣੋਈਏ ਨੂੰ ਵੀ ਦੁਕਾਨ ਲਈ ਸਮਾਨ ਲੈ ਦਿੱਤਾ। ਵੀਰ ਸਿੰਘ ਦਾ ਪੂਰਾ ਮਨ ਸੀ ਕਿ ਕਿਵੇਂ ਨਾ ਕਿਵੇਂ ਉਸਦੀ ਭੈਣ ਅਤੇ ਭਣੋਈਆ ਆਪਣੇ ਪਰਵਾਰ ਨਾਲ ਸੁੱਖ-ਆਰਾਮ ਨਾਲ ਜੀਵਨ ਬਿਤਾਉਣ।
ਜਿੰਨੇ ਦਿਨ ਵੀਰ ਸਿੰਘ ਸ਼ਹਿਰ ਰਿਹਾ। ਭੈਣ-ਭਣੋਈਏ ਨੇ ਉਸ ਨੂੰ ਹੱਥੀਂ ਛਾਵਾਂ ਕਰਕੇ ਰੱਖਿਆ। ਵੀਰ ਸਿੰਘ ਦੇ ਵਾਪਸ ਮੁਡ਼ਨ ਦਾ ਦਿਨ ਆਗਿਆ ਤਾਂ ਸ਼ਾਮੀਂ ਉਸਦੇ ਭਣੋਈਏ ਨੇ ਹੀ ਗੱਲ ਤੋਰੀ: “ਤੇਰੀ ਇਸ ਥਾਂ ਵਿਚ ਰਹਿਣ ਅਤੇ ਦੁਕਾਨ ਕਰਨ ਸਬੰਧੀ ਕਿਰਾਏ ਦੀ ਵੀ ਗੱਲ ਹੋ ਜਾਂਦੀ ਤਾਂ ਚੰਗਾ ਸੀ।”
ਵੀਰ ਸਿੰਘ ਨੇ ਬਡ਼ੀ ਹੀ ਅਪਣੱਤ ਭਰੇ ਮੋਹ ਨਾਲ ਆਖਿਆ: “ਭਾਈਆ ਜੀ! ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ? ਮੈਂ ਤੁਹਾਡੇ ਤੋਂ ਕਿਰਾਇਆ ਲੈਣ ਲਈ ਤਾਂ ਇਹ ਕੁਝ ਨਹੀਂ ਕੀਤਾ। ਮੈਂ ਤੇ ਤੁਹਾਨੂੰ ਸੁਖੀ ਵੇਖਣਾ ਚਾਹੁੰਦਾ ਹਾਂ। ਤੁਹਾਡਾ ਕੰਮ ਚੰਗਾ ਚੱਲ ਪਵੇ ਇਹੋ ਹੀ ਮੇਰੀ ਚਾਹ ਹੈ। ਹਾਂ, ਤੁਸੀਂ ਮੈਂਨੂੰ ਕਰਾਇਆ ਦੇਣ ਦੀ ਥਾਂ ਇੱਕ ਕੰਮ ਜ਼ਰੂਰ ਕਰਨਾ।”
ਭਣੋਈਏ ਦੀ ਪੁੱਛ ਸੀ: “ਕੀ?”
“ਤੁਸੀਂ ਪਹਿਲੀ ਕਿਰਾਏ ਦੀ ਦੁਕਾਨ ਦਾ ਜਿੰਨਾਂ ਕਿਰਾਇਆ ਦਿੰਦੇ ਸੀ, ਉਨਾਂ ਹੀ ਹਰ ਮਹੀਨੇ ਕਿਰਾਇਆ ਸਮਝ ਕੇ ਆਪਣੇ ਨਾਂ ਜਮਾਂ ਕਰਵਾਂਦੇ ਰਹਿਣਾ। ਹੌਲੀ ਸਹਿਜ ਨਾਲ ਫਿਰ ਤੁਸੀਂ ਵੀ ਕੋਈ ਆਪਣੇ ਲਈ ਥਾਂ ਦੇਖ ਸਕੋਗੇ। ਕੁਝ ਤੁਹਾਡੇ ਪਾਸ ਰਕਮ ਹੋਵੇਗੀ ਕੁਝ ਥੋਡ਼ਾ ਬਹੁਤ ਮੈਂ ਵੀ ਕਰਾਂਗਾ।”
ਭਣੋਈਏ ਨੇ ਲਮਕਾ ਕੇ ਜਵਾਬ ਦਿੱਤਾ: “ਇੱਥੇ ਨਵਾਂ ਥਾਂ ਏ, ਦੇਖਾਂਗੇ ਕੀ ਬਣਦਾ ਹੈ ਅਤੇ ਕੀ ਬੱਚਦਾ ਹੈ।”
ਭੈਣ ਦੇ ਸਾਰੇ ਪਰਵਾਰ ਨੂੰ ਪਰਸੰਨ ਵੇਖ ਕੇ ਵੀਰ ਸਿੰਘ ਦਾ ਦਿੱਲ ਵੀ ਹੁਣ ਠੰਡਾ-ਸ਼ਾਂਤ ਸੀ। ਪਹਿਲੇ ਗੇਡ਼ੇ ਉਹ ਦੁਖੀ ਹੋ ਕੇ ਆਇਆ ਸੀ ਪਰ ਇਸ ਗੇਡ਼ੇ ਉਸਨੂੰ ਖੁਸ਼ੀ ਸੀ ਕਿ ਉਹ ਭੈਣ-ਭਣੋਈਏ ਲਈ ਵੀ ਕੁਝ ਕਰ ਸਕਿਆ ਸੀ ਅਤੇ ਇੱਕ ਤਰੀਕੇ ਨਾਲ ਆਪਣੇ ਲਈ ਵੀ। ਉਹਨਾਂ ਲਈ ਵੀ ਸ਼ਹਿਰ ਵਿਚ ਸਿਰ ਢੱਕਣ ਲਈ ਥਾਂ ਬਣ ਗਈ ਸੀ।
–ਸੋਚਾਂ ਸੋਚਦਿਆਂ ਭੈਣ-ਭਣੋਈਏ ਦੇ ਖਿਆਲਾਂ ਵਿਚ ਹੀ ਗਲਤਾਨ ਅਤੇ ਪੂਰੋ ਨਾਲ ਫ਼ੋਨ ਉਤੇ ਹੋਈ ਗਲਬਾਤ ਦੀ ਰੌਸ਼ਨੀ ਵਿਚ ਉਹ ਕਦੋਂ ਦਿੱਲੀ ਏਅਰਪੋਰਟ ਤੇ ਪੁੱਜ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ।
ਦਿੱਲੀ ਏਅਰਪੋਰਟ ਤੋਂ ਹੀ ਉਸਨੇ ਜਾਲੰਧਰ ਜਾਣ ਲਈ ਸਿੱਧੀ ਡੀਲਕਸ ਕੋਚ ਫਡ਼ੀ। ਉਸਦੇ ਮਨ ਵਿਚ ਇੱਕ ਚਡ਼੍ਹਦੀ ਇੱਕ ਉਤਰਦੀ। ਉਹ ਚਿੰਤਤ ਸੀ। ਉਹ ਦੁਬਿਧਾ ਵਿਚ ਸੀ। ਰਾਹ ਦਾ ਸਫ਼ਰ ਬਡ਼ੀ ਮੁਸ਼ਕਲ ਨਾਲ ਤੈ ਕਰ ਸਕਿਆ। ਲਗਪਗ ਚਾਰ ਕੁ ਬਜੇ ਉਹ ਸਕੂਟਰ ਵਿਚ ਬੈਠ ਕੇ ਘਰ ਪੁੱਜ ਗਿਆ।
ਪੂਰੋ ਨੂੰ ਤਾਂ ਖੈਰ ਪਤਾ ਹੀ ਸੀ ਕਿ ਅੱਜ ਜਾਂ ਕਲ੍ਹ ਉਸਦੇ ਪਤੀ ਨੇ ਆ ਹੀ ਪੁੱਜਣਾ ਹੈ ਪਰ ਭੈਣ, ਭਣੋਈਆ ਅਤੇ ਪਰਵਾਰ ਦੇ ਬਾਕੀ ਜੀਅ ਉਸਦੇ ਇੰਝ ਅਚਾਨਕ ਪਹੁੰਚਣ ਕਾਰਨ ਡੈਂਬਰੀ ਨਜ਼ਰੀਂ ਇੱਕ ਦੂਜੇ ਨੂੰ ਵੇਖਣ ਲੱਗੇ। ਵੀਰ ਸਿੰਘ ਨੇ ਉਹਨਾਂ ਦੀ ਹੈਰਾਨੀ ਨੂੰ ਭੰਗ ਕਰਦਿਆਂ ਹੱਸਦਿਆਂ ਕਿਹਾ: “ਮੈਂ ਕੋਈ ਭੂਤ-ਵੂਤ ਨਹੀਂ, ਤੁਹਾਡਾ ਆਪਣਾ ਹੀ ਬੰਦਾ ਹਾਂ, ਵੀਰ ਸਿੰਘ।”
ਕਦੇ ਦਰੀਂ ਤੇਲ ਚੋ ਕੇ ਅੰਦਰ ਲੰਘਾਉਣ ਵਾਲੀ ਭੈਣ ਨੇ ਆਪਣਾ ਆਪ ਸੰਭਾਲਦਿਆਂ ਭਰਾ ਨੂੰ ਗੱਲ ਨਾਲ ਲਾਂਦਿਆਂ ਆਖਿਆ: “ਮੈਂ ਵਾਰੀ, ਮੈਂ ਸਦਕੇ ਜਾਵਾਂ ਆਪਣੇ ਵੀਰ ਤੋਂ।” ਆਪਣੇ ਬਰਾਬਰ ਉੱਚੇ ਲੰਬੇ ਗਭਰੂ ਹੋਏ ਭਾਣਜੇ ਵੀ ਮਿਲੇ। ਭਣੋਈਏ ਨੇ ਵੀ ਹੱਥ ਮਿਲਾਇਆ। ਪਰ ਵੀਰ ਸਿੰਘ ਨੇ ਮਹਿਸੂਸਿਆ ਕਿ ਅੱਜ ਉਸਨੂੰ ਕਿਸੇ ਪਾਸੋਂ ਵੀ ਪਹਿਲਾਂ ਵਾਲਾ ਨਿੱਘ ਨਹੀਂ ਸੀ ਮਿਲਿਆ। ਪਤਾ ਨਹੀਂ ਕਿਉਂ ਪਹਿਲਾਂ ਵਾਲਾ ਚਾਅ ਮਲ੍ਹਾਰ ਨਹੀਂ ਸੀ ਹੋਇਆ ਉਸਦਾ। ਵੀਰ ਸਿੰਘ ਦਾ ਅੰਦਰ ਡਰ ਗਿਆ। ਉਹ ਇਸ ਸਭ ਦੇ ਕਾਰਨ ਲੱਭਣਾ ਚਾਹੁੰਦਾ ਸੀ। ਸਾਮ ਚਾਹ-ਪਾਣੀ ਵਿਚ ਬੀਤੀ ਅਤੇ ਰਾਤੀਂ ਥੋਡ਼ਾ ਬਹੁਤ ਖਾ ਪੀ ਕੇ ਵੀਰ ਸਿੰਘ ਅਤੇ ਪੂਰੋ ਆਪਣੇ ਕਮਰੇ ਵਿਚ ਆਏ ਤਾਂ ਪਤਨੀ ਨੇ ਸਾਰੀ ਗੱਲ ਵਿਸਥਾਰ ਵਿਚ ਪਤੀ ਨੂੰ ਦੱਸੀ। ਗੱਲ ਤਾਂ ਸਿਰਫ਼ ਐਨੀ ਹੀ ਸੀ ਕਿ ਉਸਦੀ ਭੈਣ ਤੇ ਭਣੋਈਆ ਉਸਦਾ ਲਿਆ ਇਹ ਥਾਂ ਛੱਡਣਾ ਨਹੀਂ ਸੀ ਚਾਹੁੰਦੇ। ਪਤਨੀ ਦੇ ਦੱਸਣ ਤੇ ਵੀ ਵੀਰ ਸਿੰਘ ਨੂੰ ਯਕੀਨ ਨਹੀਂ ਸੀ ਆ ਰਿਹਾ। ਉਸਦਾ ਦਿੱਲ ਹਾਮੀ ਭਰ ਰਿਹਾ ਸੀ ਕਿ ਪੂਰੋ ਨੂੰ ਜ਼ਰੂਰ ਹੀ ਸਮਝਣ ਵਿਚ ਕੋਈ ਗ਼ਲਤੀ ਲੱਗੀ ਹੋਵੇਗੀ। ਉਸ ਇਹ ਵੀ ਸੋਚਿਆ ਕਿ ਸ਼ਾਇਦ ਉਸਦੀ ਪਤਨੀ ਪੂਰੋ ਕੋਈ ਤੀਵੀਆਂ ਵਾਲਾ ਚਰਿਤ੍ਰ ਖੇਡ ਕੇ ਭੈਣ-ਭਰਾ ਨੂੰ ਵਿਛੋਡ਼ਨਾ ਚਾਹੁੰਦੀ ਹੋਵੇ। ਪਰ ਪੂਰੋ ਪੂਰੀ ਤਰ੍ਹਾਂ ਸ਼ਾਂਤ ਰਹੀ। ਉਸਦਾ ਦਿੱਲ ਚਾਹੁੰਦਾ ਸੀ ਕਿ ਕਿਹਡ਼ੀ ਘਡ਼ੀ ਆਵੇ ਕਿ ਸਾਰੀ ਗੱਲ ਸਪਸ਼ਟ ਹੋ ਜਾਵੇ। ਵੀਰ ਸਿੰਘ ਦਿਲੋਂ ਡਰਦਾ ਵੀ ਸੀ ਕਿ ਕਿਤੇ ਉਸਨੂੰ ਭੈਣ ਪਾਸੋਂ ਸ਼ਰਮਿੰਦਾ ਹੀ ਨਾ ਹੋਣਾ ਪਵੇ। ਦੂਜੇ ਦਿਨ ਸ਼ਾਮੀਂ ਰੋਟੀ-ਟੁੱਕ ਮਗਰੋਂ ਵੀਰ ਸਿੰਘ ਨੇ ਰੱਬ ਦਾ ਨਾਮ ਲੈ ਕੇ ਘਰ ਖਾਲੀ ਕਰਨ ਸਬੰਧੀ ਬਡ਼ੇ ਹੀ ਯਕੀਨ ਤੇ ਮਾਣ ਨਾਲ ਭੈਣ-ਭਣੋਈਏ ਨਾਲ ਗੱਲ ਕੀਤੀ।
ਵੀਰ ਸਿੰਘ ਦੀ ਗੱਲ ਸੁਣਦਿਆਂ ਹੀ ਉਸਦਾ ਭਣੋਈਆ ਅਤੇ ਦੋਵੇਂ ਪੁੱਤਰ ਇੱਕ ਦੂਜੇ ਵਲਾਂ ਵੇਖਣ ਲੱਗ ਪਏ। ਉਹਨਾਂ ਦੀ ਝਾਕ ਦੱਸਦੀ ਸੀ ਕਿ ਉਹ ਵੀਰ ਸਿੰਘ ਦੀ ਗੱਲ ਲਈ ਪਹਿਲਾਂ ਹੀ ਤਿਆਰ ਬੈਠੇ ਸਨ ਪਰ ਉਹਨਾਂ ਵਿਚ ਇੱਕ ਤਰ੍ਹਾਂ ਦੀ ਚੁੱਪ ਪਸਰੀ ਰਹੀ। ਭੈਣ ਵੀ ਨੀਵੀਂ ਪਾਈ ਬਿਨਾਂ ਕੁਝ ਕਹੇ ਬੈਠੀ ਰਹੀ। ਵੀਰ ਸਿੰਘ ਨੇ ਫਿਰ ਆਪਣੀ ਗੱਲ ਨੂੰ ਮੁਡ਼ ਮਿੱਠੀ ਕਰਦਿਆਂ ਦੋਹਰਾਇਆ: “ਕੋਈ ਕਾਹਲੀ ਨਹੀਂ। ਪਰ ਹੁਣ ਸਾਨੂੰ ਵੀ ਥਾਂ ਲੋਡ਼ੀਂਦੀ ਏ ਅਤੇ ਭਾਈਐ ਹੁਰਾਂ ਦਾ ਕੰਮ ਵੀ ਸੋਹਣਾ ਚੱਲ ਨਿਕਲਿਆ ਹੈ। ਹੌਲੀ ਸਹਿਜੇ ਆਪਣੇ ਲਈ ਹੋਰ ਥਾਂ ਦੇਖ ਲਉ। ਪੰਦਰਾਂ ਵਰ੍ਹਿਆਂ ਵਿਚ ਤੁਸੀਂ ਵੀ ਕਰਾਇਆ ਸਮਝ ਕੇ ਕੁਝ ਪੈਸੇ ਜੋਡ਼ੇ ਹੋਣਗੇ ਅਤੇ ਥੋਡ਼ੇ ਬਹੁਤ ਘੱਟਦੇ ਪੈਸੇ ਮੈਂ ਪਾਉਣ ਦੀ ਕੋਸ਼ਿਸ਼ ਕਰਾਂਗਾ।”
ਵੀਰ ਸਿੰਘ ਦੇ ਮੂੰਹੋਂ ਹਾਲਾਂ ਪੂਰੀ ਗੱਲ ਵੀ ਸਮਾਪਤ ਨਹੀਂ ਹੋਈ ਸੀ ਕਿ ਭਣੋਈਆਂ ਬਡ਼ੀ ਰੰਜਸ਼ ਨਾਲ ਮੰਜੇ ਤੋਂ ਉਠਦਿਆਂ ਬੋਲਿਆ: “ਵੇਖ ਭਾਈ ਵੀਰ ਸਿਆਂ! ਜਦੋਂ ਤੂੰ ਸਾਨੂੰ ਸਾਡੇ ਪਿੰਡ ਦੇ ਘਰੋਂ ਪੱਟਿਆ ਸੀ ਤਾਂ ਅਸੀਂ ਤੈਂਨੂੰ ਨਹੀਂ ਸੀ ਆਖਿਆ ਕਿ ਜਾਲੰਧਰ ਥਾਂ ਲੈ ਅਤੇ ਸਾਨੂੰ ਉਥੇ ਲੈ ਚੱਲ। ਅਸੀਂ ਤੇਰੀ ਕੋਈ ਮਿੰਨਤ ਨਹੀਂ ਸੀ ਕੀਤੀ। ਉਦੋਂ ਸਾਡੇ ਪਾਸ, ਜਿੱਦਾਂ ਕਿੱਦਾਂ ਦੇ ਵੀ ਸਨ, ਪਿੰਡ ਦੋ ਕਮਰੇ ਤਾਂ ਸਨ। ਹੁਣ ਤਾਂ ਉਹ ਵੀ ਢਹਿ ਢੇਰੀ ਹੋ ਗਏ ਨੇ। ਉਥੇ ਕੁਝ ਰਿਹਾ ਨਹੀਂ। ਤੂੰ ਤੇ ਚੰਗਾ ਸਾਨੂੰ ਖਰਾਬ ਕੀਤਾ। ਇੰਝ ਹੁਣ ਅਸੀਂ ਤਾਂ ਘਰੋਂ ਬੇਘਰ ਹੋ ਕੇ ਰਹਿ ਜਾਵਾਂਗੇ। ਨਾ ਘਰ ਦੇ ਰਹੇ ਨਾ ਘਾਟ ਦੇ। ਤੈਂਨੂੰ ਆਪਣਾ ਮਤਲਬ ਸੀ ਕਿ ਤੇਰੀ ਇੱਥੇ ਜਾਇਦਾਦ ਬਣੀ ਰਹੂ ਅਤੇ ਅਸੀਂ ਮੁਫ਼ਤ ਵਿਚ ਇਸਦੀ ਰਾਖੀ ਕਰਦੇ ਰਹਾਂਗੇ।”
ਵੀਰ ਸਿੰਘ ਇਹ ਸਭ ਸੁਣ ਕੇ ਸਕਤੇ ਵਿਚ ਆ ਗਿਆ। ਉਸਨੂੰ ਸੁਝ ਨਹੀਂ ਸੀ ਰਿਹਾ ਕਿ ਕੀ ਸੋਚੇ ਅਤੇ ਕੀ ਆਖੇ। ਭਣੋਈਏ ਨੇ ਆਪਣਾ ਰੋਸ ਜਾਰੀ ਰੱਖਦਿਆਂ ਕਿਹਾ: “ਤੇਰੇ ਇਸ ਘਰ ਦੀ ਮੁਰੰਮਤ ਕਰਵਾਉਣ ਲਈ ਪਤਾ ਨਹੀਂ ਅਸੀਂ ਕਿੰਨੇ ਕੁ ਪੈਸੇ ਲਗਾ ਚੁੱਕੇ ਹਾਂ। ਕਦੇ ਹਿਸਾਬ ਹੀ ਨਹੀਂ ਰੱਖਿਆ। ਜਿੰਨਾ ਪੈਸਾ-ਧੇਲਾ ਬੱਚਦਾ ਸੀ ਇਸੇ ਮਕਾਨ ਤੇ ਹੀ ਲਾਂਦੇ ਗਏ। ਅਸੀਂ ਤਾਂ ਫ਼ੁੱਟੀ ਕੌਡੀ ਨਹੀਂ ਰੱਖੀ ਆਪਣੇ ਕੋਲ।” ਵੀਰ ਸਿੰਘ ਨੂੰ ਯਾਦ ਆ ਰਿਹਾ ਸੀ ਕਿ ਪਿਛਲੇ ਪੰਦਰਾਂ ਵਰ੍ਹਿਆਂ ਵਿਚ ਮਕਾਨ ਦੀ ਮੁਰੰਮਤ ਲਈ ਪੰਦਰਾ ਕੁ ਹਜ਼ਾਰ ਰੁਪਏ ਤਾਂ ਉਸਨੇ ਭੇਜੇ ਸਨ। ਪਰ ਭਣੋਈਆ ਕਰੋਧ ਵਿਚ ਆਇਆ ਕਹੀ ਜਾ ਰਿਹਾ ਸੀ: “ਅਸੀਂ ਮਕਾਨ ਕਾਸਦਾ ਲੈਣਾ ਹੈ। ਭਾਈ! ਤੇਰੇ ਮਕਾਨ ਦੀ ਸਾਂਭ-ਸੰਭਾਲ ਵਿਚ ਸਾਡਾ ਤਾਂ ਝੁੱਗਾ ਹੀ ਚੌਡ਼ ਹੋ ਗਿਆ। ਤੁਸੀਂ ਦੋਵੇਂ ਤਾਂ ਅਨਹੋਣੀ ਗੱਲ ਕਰਦੇ ਹੋ। ਇਹ ਤੁਹਾਡੀ ਵਲਾਇਤ ਨਹੀਂ ਹੈ ਜਿੱਥੋਂ ਦੀ ਦੋ ਸਾਲਾਂ ਦੀ ਕਮਾਈ ਨਾਲ ਘਰ ਬਣ ਜਾਂਦੇ ਹਨ, ਪਰ ਇਹ ਇੰਡੀਆ ਹੈ ਇੰਡੀਆ, ਇਥੇ ਤਾਂ ਘਰ ਬਨਾਉਣ ਲਈ ਉਮਰਾਂ ਲੱਗ ਜਾਂਦੀਆਂ ਨੇ।”
ਵੀਰ ਸਿੰਘ ਉਹਨਾਂ ਸਾਰਿਆਂ ਵਲਾਂ ਬਿੱਟਰ ਬਿੱਟਰ ਤੱਕਦਾ ਹੀ ਰਹਿ ਗਿਆ। ਇਸਤੋਂ ਪਹਿਲਾਂ ਕਿ ਉਹ ਕੁਝ ਕਹਿ ਸਕਦਾ, ਵੱਡਾ ਭਾਣਜਾ ਬੋਲਿਆ: “ਮਾਮਾ! ਭਾਪਾ ਤੇ ਬੀਬੀ ਸਾਨੂੰ ਦੱਸਦੇ ਸੀ ਕਿ ਤੁੰ ਤਾਂ ਦੋ ਕੁ ਸਾਲਾਂ ਵਿਚ ਹੀ ਇਹ ਥਾਂ ਖਰੀਦ ਲਈ ਸੀ। ਸਾਡੀਆਂ ਸਾਲ ਭਰ ਦੀਆਂ ਸਕੂਲ ਦੀਆਂ ਫ਼ੀਸਾਂ ਵੀ ਤੂੰ ਹੀ ਭਰ ਦਿੱਤੀਆਂ ਸਨ। ਤੂੰ ਸਾਡੇ ਉਤੇ ਕਿੰਨਾ ਖਰਚ ਕਰ ਗਿਆ ਸੈਂ। ਤੈਂਨੂੰ ਕੀ ਫਰਕ ਪੈਣਾ ਹੈ ਦੋ ਸਾਲ ਦੀ ਕਮਾਈ ਹੀ ਹੈ ਨਾ। ਹੁਣ ਤਾਂ ਤੈਂ ਉਦੋਂ ਦੇ ਕਈ ਦੋ ਸਾਲ ਹੋਰ ਲਾ ਲਏ ਨੇ। ਤੇਰੇ ਪਾਸ ਪੈਸਿਆਂ ਦਾ ਕਿਹਡ਼ਾ ਘਾਟਾ ਏ? ਤੂੰ ਤੇ ਇਸ ਤੋਂ ਵੀ ਵੱਧ ਸੋਹਣੀ ਹੋਰ ਥਾਂ ਖਰੀਦ ਸਕਦਾ ਏਂ।”
ਭਾਣਜੇ ਵਲੋਂ “ਤੂੰ” ਦੀ ਵਰਤੋਂ ਸੁਣਕੇ ਵੀਰ ਸਿੰਘ ਹੈਰਾਨ ਹੋਇਆ। ਹੁਣ ਦੂਜੇ ਭਾਣਜੇ ਦੀ ਵਾਰੀ ਸੀ। ਉਹ ਬੋਲਿਆ: “ਮਾਮਾ! ਤੁਹਾਡੀ ਵਲਾਇਤ ਤਾਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਏ ਮੁਰਗੀ। ਹੋਰ ਦੋ ਸਾਲਾਂ ਵਿਚ ਹੋਰ ਆਂਡੇ ਦੇ ਦੇ ਤੁਹਾਨੂੰ ਹੋਰ ਬਥੇਰਾ ਮਾਲੋ-ਮਾਲ ਕਰ ਦੇਵੇਗੀ” ਇਹ ਕਹਿ ਕੇ ਦੋਹਾਂ ਭਾਣਜਿਆਂ ਨੇ ਇੱਕ ਦੂਜੇ ਵੱਲ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਫਿਰ ਉਹ ਦੋਵੇਂ ਇੰਝ ਠਹਾਕਾ ਮਾਰ ਕੇ ਹੱਸੇ ਕਿ ਵੀਰ ਸਿੰਘ ਦੀ ਆਤਮਾ ਹੀ ਵਲੂੰਧਰੀ ਗਈ।
ਦੋ ਸਾਲ? ਦੋ ਸਾਲ।
ਵੀਰ ਸਿੰਘ ਨੇ ਆਪਣੀ ਪਤਨੀ ਪੂਰੋ ਵਲਾਂ ਤੱਕਿਆ। ਉਸ ਵੇਖਿਆ ਕਿ ਉਸਦੀਆਂ ਅੱਖਾਂ ਵਿਚੋਂ ਵੀ ਪਛਤਾਵਾ, ਨਿਰਾਸ਼ਾ ਅਤੇ ਰੋਹ ਛਲਕ ਰਿਹਾ ਸੀ। ਫਿਰ ਵੀਰ ਸਿੰਘ ਨੇ ਆਪਣੀਆਂ ਅੱਖਾਂ ਵਿਚ ਆਏ ਖਾਰੇ ਹੰਝੂ ਪੂੰਝਦਿਆਂ ਵੱਡੀ ਭੈਣ ਵਲਾਂ ਵੇਖਿਆ, ਮਾਨੋ ਪੁੱਛ ਰਿਹਾ ਹੋਵੇ: ਭੈਣ ਇਹ ਸਭ ਕੀ ਏ?
ਪਰ ਭੈਣ ਨੇ ਵੀਰ ਸਿੰਘ ਨਾਲ ਨਜ਼ਰਾਂ ਨਾ ਮਿਲਾਂਦਿਆਂ, ਦੋ ਸਾਲਾਂ ਦਾ ਭੋਗ ਪਾ ਇੰਝ ਪਾ ਦਿੱਤਾ: ‘ਮੇਰੇ ਤਾਂ ਇੰਨਾਂ ਅੱਗੇ ਹੱਥ ਖਡ਼ੇ ਨੇ। ਮੈਂ ਕੀ ਕਰ ਸਕਦੀ ਹਾਂ?’
ਵੀਰ ਸਿੰਘ ਦਾ ਗੱਚ ਭਰ ਆਇਆ। ਉਸਨੂੰ ਮਾਂ ਜਾਈ ਵੱਡੀ ਭੈਣ ਵਲਾਂ ਤੱਕਦਿਆਂ ਸਮਝ ਲੱਗ ਗਈ ਸੀ ਕਿ ਦੋ ਸਾਲਾਂ ਦੀ ਕਰਾਮਾਤ ਨੇ ਖੂੰਨ ਦੇ ਰਿਸ਼ਤਿਆਂ ਨੂੰ ਸਾਗਰ ਦੇ ਦੋ ਅਜਿਹੇ ਕੰਢਿਆਂ ਵਿਚ ਬਦਲ ਦਿੱਤਾ ਹੈ ਜੋ ਕਦੇ ਆਪਸ ਵਿਚ ਨਹੀਂ ਮਿਲਦੇ।