9 October 2024
ਪਂਜਾਬੀ ਕਲਮਾ ਦਾ ਕਾਫਲਾ

ਕਾਫ਼ਲੇ ਵੱਲੋਂ ‘ਤਾਰਿਆਂ ਦੇ ਪਾਰ’ ਕਾਵਿ-ਸੰਗ੍ਰਹਿ ਨੂੰ ਕੀਤਾ ਗਿਆ ਲੋਕ-ਅਰਪਣ—ਕੁਲਵਿੰਦਰ ਖਹਿਰਾ

‘ਮਨ ਦੇ ਵਿਭਿੰਨ ਰੰਗਾਂ ਦਾ ਦਸਤਾਵੇਜ਼ – ਤਾਰਿਆਂ ਦੇ ਪਾਰ’—ਸੁਰਜੀਤ ਕੌਰ

ਬਰੈਂਪਟਨ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ‘ਸੰਤ ਸਿੰਘ ਸੇਖੋਂ ਹਾਲ’ ਵਿੱਚ ਪੰਜਾਬੀ ਸ਼ਾਇਰਾ ਪਰਵਿੰਦਰ ਗੋਗੀ ਦੇ ਨਵੇਂ ਕਾਵਿ-ਸੰਗ੍ਰਹਿ ‘ਤਾਰਿਆਂ ਦੇ ਪਾਰ’ ਲੋਕ-ਅਰਪਣ ਕਰਦਿਆਂ ਭੁਪਿੰਦਰ ਦੁਲੈ, ਪਰਮਜੀਤ ਦਿਓਲ ਅਤੇ ਸੁਰਜੀਤ ਕੌਰ ਵੱਲੋਂ ਪੇਪਰ ਪੜ੍ਹੇ ਗਏ ਜਦ ਕਿ ਪਿਆਰਾ ਸਿੰਘ ਕੁੱਦੋਵਾਲ਼, ਬਲਰਾਜ ਧਾਲੀਵਾਲ, ਜਗੀਰ ਸਿੰਘ ਕਾਹਲ਼ੋਂ ਅਤੇ ਕੁਲਵਿੰਦਰ ਖਹਿਰਾ ਵੱਲੋਂ ਵਿਚਾਰ ਪੇਸ਼ ਕੀਤੇ ਗਏ। 

ਭੁਪਿੰਦਰ ਦੁਲੈ ਨੇ ਕਿਹਾ ਕਿ ਪਰਵਿੰਦਰ ਗੋਗੀ ਇੱਕੋ ਸਮੇਂ ਹੀ ਬਹੁ-ਮੁਖੀ ਤੇ ਬਹੁ-ਭਾਵੀ ਕਵਿੱਤਰੀ ਹੈ ਜਿਸਦੀ ਦ੍ਰਿਸ਼ਟੀ ਵਿਸ਼ਾਲ ਹੈ ਤੇ ਪ੍ਰਤਿਭਾ ਵਿਲੱਖਣ। ਉਹ ਇੱਕੋ ਹੀ ਸਮੇਂ ਕਈ ਥਾਈਂ ਹਾਜ਼ਰ ਹੁੰਦੀ ਹੋਈ ਵੀ ਆਪਣੀ ਕਵਿਤਾ ਵਿੱਚੋਂ ਵੀ ਗੈਰ-ਹਾਜ਼ਰ ਨਹੀਂ ਹੁੰਦੀ ਤੇ ਉਸਦਾ ਇਹ ਗੁਣ ਉਸਨੂੰ ਰਵਾਇਤੀ ਕਵਿੱਤਰੀਆਂ ਤੋਂ ਵੱਖ ਕਰਕੇ ਇੱਕ ਵਿਸ਼ੇਸ਼ ਕਤਾਰ ੱਚ ਖੜ੍ਹਿਆਂ ਕਰਦਾ ਹੈ। ਉਨ੍ਹਾਂ ਗੋਗੀ ਦੀ ਕਵਿਤਾ ਦੀ ਪ੍ਰਕਿਰਤੀ ਨਾਲ਼ ਸਾਂਝ ਅਤੇ ਇਕ-ਮਿਕਤਾ ਦੀ ਗੱਲ ਕਰਦਿਆਂ ਕਿਹਾ ਕਿ ਗੋਗੀ ਕਵਿਤਾ ਲਿਖਦੀ ਨਹੀਂ ਸਗੋਂ ਕਵਿਤਾ ਖੁਦ ਉਸਨੂੰ ਕਹਿੰਦੀ ਜਾਪਦੀ ਹੈ ਕਿ “ਮੈਨੂੰ ਲਿਖ।”

ਪਰਮਜੀਤ ਦਿਓਲ ਨੇ ਕਿਹਾ ਕਿ ਗੋਗੀ ਦੀ ਕਵਿਤਾ ਸੂਖ਼ਮ-ਭਾਵੀ ਸੁਰ ਦੀ ਕਵਿਤਾ ਹੈ ਪਰ ਉਸਦਾ ਮੁੱਖ ਸੁਰ ਸਰੋਦੀ ਹੀ ਹੈ। ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਰੁਦਨ, ਵੇਗ ਅਤੇ ਸਮਾਜਕ ਚੇਤਨਾ ਵਿੱਚ ਰੰਗੀ ਹੋਈ ਕਵਿਤਾ ਹੈ। ਉਨ੍ਹਾਂ ਨੇ ਗੋਗੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਬਹੁਤ ਵਧੀਆ ਸ਼ਬਦਾਂ ਵਿੱਚ ਵਿਸ਼ਲੇਸ਼ਣ ਵੀ ਕੀਤਾ।

ਸੁਰਜੀਤ ਕੌਰ ਨੇ ਆਪਣੇ ਪੇਪਰ ਨੂੰ ‘ਮਨ ਦੇ ਵਿਭਿੰਨ ਰੰਗਾਂ ਦਾ ਦਸਤਾਵੇਜ਼ – ਤਾਰਿਆਂ ਦੇ ਪਾਰ’ ਦਾ ਨਾਂ ਦਿੰਦਿਆਂ ਕਿਹਾ ਕਿ ਗੋਗੀ ਨੇ ਆਪਣੀ ਕਵਿਤਾ ਵਿੱਚ ਬਹੁਤ ਸਾਰੇ ਸੁਰ ਛੋਹੇ ਹਨ ਪਰ ਉਸਦੀ ਕਵਿਤਾ ਵਿੱਚ ਉਦਾਸੀ ਦਾ ਸੁਰ ਭਾਰੂ ਰਿਹਾ ਹੈ। ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਉਸਦੀ ਸੰਵੇਦਨਾ ਨਾਲ਼ ਮਿਲ਼ ਕੇ ਚਿੰਤਾ ਅਤੇ ਚਿੰਤਨ ਦਾ ਸੰਗਮ ਬਣਦੀ ਹੈ ਤੇ ਉਸਦੇ ਉਦਰੇਵੇਂ, ਕਿਤੇ ਵੀ ਰੁਦਨ ਜਾਂ ਵਿਰਲਾਪ ਨਹੀਂ ਬਣਦੇ।  ਉਨ੍ਹਾਂ ਦਾ ਕਹਿਣਾ ਸੀ ਕਿ ਗੋਗੀ ਇੱਕ ਸੂਖ਼ਮ-ਭਾਵੀ ਕਵਿੱਤਰੀ ਹੈ ਜਿਸਦੀ ਕਲਮ ੱਚੋਂ ਕਵਿਤਾ ਝਰਨੇ ਵਾਂਗ ਫੁੱਟਦੀ ਹੈ।

ਪਿਆਰਾ ਸਿੰਘ ਕੁੱਦੋਵਾਲ਼ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੇਸ਼ੱਕ ਗੋਗੀ ਦੀਆਂ ਕਵਿਤਾਵਾਂ ਮੁੱਖ ਤੋਰ ੱਤੇ ਔਰਤ ਦੀ ਵੇਦਨਾ ਦੀਆਂ ਕਵਿਤਾਵਾਂ ਹਨ ਅਤੇ ਮਰਦ ਦੀ ਧੌਂਸ ਅਤੇ ਔਰਤ ਦੀ ਬੇਵਸੀ ਬਿਆਨ ਕਰਦੀਆਂ ਹਨ ਪਰ ਖ਼ੂਬਸੂਰਤੀ ਇਹ ਹੈ ਕਿ ਇਨ੍ਹਾਂ ਵਿੱਚ ਕਿਤੇ ਵੀ ਸਿੱਧੇ ਰੂਪ ੱਚ ਔਰਤ ਮਰਦ ਦਾ ਕੋਈ ਜ਼ਿਕਰ ਨਹੀਂ ਆਉਂਦਾ।

ਬਲਰਜ ਧਾਲੀਵਾਲ਼ ਨੇ ਕਿਹਾ ਕਿ ਗੋਗੀ ਦੀ ਕਵਿਤਾ ਵਿੱਚ ਵਿਸ਼ਿਆਂ ਦੀ ਭਿੰਨਤਾ, ਰਵਾਨੀ, ਤਾਜ਼ਗੀ ਅਤੇ ਪੁਖ਼ਤਗੀ ਦੀ ਭਰਮਾਰ ਹੈ ਤੇ ਗੋਗੀ ਨੇ ਆਪਣੀ ਕਵਿਤਾ ਵਿੱਚ ਸ਼ਬਦਾਂ ਦੀ ਸੰਖੇਪਤਾ ਨੂੰ ਬਾਖ਼ੂਬੀ ਨਿਭਾਉਂਦਿਆਂ ਕਵਿਤਾਵਾਂ ਨੂੰ ਬੇਲੋੜਾ ਲੰਮਿਆਂ ਨਹੀਂ ਕੀਤਾ।

ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਬੇਸ਼ੱਕ ਗੋਗੀ ਦੀ ਕਵਿਤਾ ਵਿੱਚ ਉਦਾਸੀ ਹੈ ਪਰ ਮਨੁੱਖ ਦੇ ਅਪਣੇ ਜੀਵਨ ਵਿੱਚ ਉਦਾਸੀ ਭਾਰੂ ਹੋਣ ਕਰਕੇ ਸਾਨੂੰ ਉਦਾਸੀ ਭਰੀ ਕਵਿਤਾ ਵੱਧ ਪ੍ਰਭਾਵਤ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਔਰਤ ਲੇਖਿਕਾਵਾਂ ਵਾਂਗ ਗੋਗੀ ਕਿਤੇ ਵੀ ਔਰਤ ਹੋਣ ਦੀ ਬੇਵਜ੍ਹਾ ਦੁਹਾਈ ਨਹੀਂ ਪਾਉਂਦੀ।

kulwinder Kheraਕੁਲਵਿੰਦਰ ਖਹਿਰਾ ਨੇ ਕਿਹਾ ਕਿ ਗੋਗੀ ਦੀ ਕਵਿਤਾ ਨੂੰ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਗੋਗੀ ਪੜ੍ਹਦੀ ਬਹੁਤ ਹੈ ਤੇ ਉਸ ਅੰਦਰ ਸ਼ਬਦਾਂ ਦਾ ਅਥਾਹ ਭੰਡਾਰ ਹੈ ਜੋ ਸਫ਼ਿਆਂ ੱਤੇ ਵਹਿੰਦਾ ਤੁਰਿਆ ਜਾਂਦਾ ਹੈ ਤੇ ਇਵੇਂ ਲੱਗਦਾ ਹੈ ਕਿ ਗੋਗੀ ਮਕੈਨੀਕਲੀ ਕਵਿਤਾ ਨਹੀਂ ਘੜਦੀ ਸਗੋਂ ਕਵਿਤਾ ਉਸ ਨੂੰ ਖੁਦ ਕਹਿੰਦੀ ਹੈ ਕਿ “ਮੈਨੂੰ ਲਿਖ।” ਉਨ੍ਹਾਂ ਕਿਹਾ ਕਿ ਗੋਗੀ ਦੀ ਕਵਿਤਾ ਪਾਠਕ ਨੂੰ ਕੀਲ ਕੇ ਝੂੰਮਣ ਲਾ ਦਿੰਦੀ ਹੈ ਪਰ ਨਾਲ਼ ਹੀ ਉਨ੍ਹਾਂ ਸੁਝਾਅ ਦਿੱਤਾ ਕਿ ਇਸ ਕਿਤਾਬ ਵਿੱਚ ਗਿਣਤੀ ਦੀਆਂ ਕੁਝ ਕਵਿਤਾਵਾਂ, ਜੋ ਕਵਿਤਾਵਾਂ ਨਹੀਂ ਬਣ ਸਕੀਆਂ, ਜੇ ਛੱਡ ਲਈਆਂ ਜਾਂਦੀਆਂ ਤਾਂ ਇਸ ਕਿਤਾਬ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲੱਗਣੇ ਸਨ। 

ਆਪਣੀ ਕਵਿਤਾ ਬਾਰੇ ਬੋਲਦਿਆਂ ਪਰਵਿੰਦਰ ਗੋਗੀ ਨੇ ਕਿਹਾ ਕਿ ਉਹ ਆਪਣੇ ਪਿੰਡ ਤੇ ਆਪਣੇ ਦੇਸ਼ ਦੀ ਮਿੱਟੀ ਦੇ ਮੋਹ ਨਾਲ਼ ਰੂਹ ਤੱਕ ਭਿੱਜੀ ਹੋਈ ਹੈ ਤੇ ਇਹ ਮੋਹ ਬਾਹਰਲੇ ਦੇਸ਼ ਆ ਕੇ ਹੋਰ ਵੀ ਤੀਬਰ ਹੋ ਗਿਆ ਤੇ ਉਸਨੂੰ ਲਿਖਣ ਵੱਲ ਲੈ ਤੁਰਿਆ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇਕਰ ਦੋਸਤ ਮੇਰੀ ਕਵਿਤਾ ਪੜ੍ਹ ਕੇ ਫੋਕੀ ਵਾਹ-ਵਾਹ ਕਰਨ ਦੀ ਬਜਾਇ ਇਮਾਨਦਾਰੀ ਨਾਲ਼ ਮੈਨੂੰ ਆਪਣੇ ਵਿਚਾਰ ਦੇਣ ਤਾਂ ਕਿ ਮੈਂ ਉਨ੍ਹਾਂ ੱਤੇ ਗੌਰ ਕਰਕੇ ਆਪਣੀ ਕਵਿਤਾ ਨੂੰ ਹੋਰ ਵੀ ਨਿਖਾਰ ਸਕਾਂ।

ਸਮਾਗਮ ਵਿੱਚ ਰਿੰਟੂ ਭਾਟੀਆ ਵੱਲੋਂ ਖ਼ੂਬਸੂਰਤ ਤਰੰਨਮ ਵਿੱਚ ਗੋਗੀ ਜੀ ਦਾ ਗੀਤ ਪੇਸ਼ ਕੀਤਾ ਗਿਆ ਅਤੇ ਬਲਤੇਜ ਕੜਿਆਲਵੀ ਵੱਲੋਂ ਜੋਸ਼ਮਈ ਅਤੇ ਸੁਰੀਲੀ ਆਵਾਜ਼ ਵਿੱਚ ਸੰਤ ਰਾਮ ਉਦਾਸੀ ਦਾ ਗੀਤ ਸਾਂਝਾ ਕੀਤਾ ਗਿਆ।

ਹਾਜ਼ਰ ਸਾਥੀਆਂ ਵਿੱਚ ਮਨਮੋਹਨ ਸਿੰਘ ਗੁਲਾਟੀ, ਜਤਿੰਦਰ  ਰੰਧਾਵਾ, ਬਲਜੀਤ ਧਾਲੀਵਾਲ, ਸਰਬਜੀਤ ਕਾਹਲੋਂ, ਜਸਵਿੰਦਰ ਸਿੰਘ, ਅਮਰਜੀਤ ਪੰਛੀ, ਹਰਦਿਆਲ ਸਿੰਘ ਝੀਤਾ ਅਤੇ ਬਹੁਤ ਸਾਰੇ ਦੋਸਤਾਂ ਦੇ ਨਾਂ ਸ਼ਾਮਲ ਸਨ।

***
24 ਅਕਤੂਬਰ 2021
***
458
***
kulwinder Khera