6 December 2024
ਕਾਰਪੋਰੇਟ

ਕਿਰਤੀਅਾਂ ਦਾ ਕਾਰਪੋਰੇਟ ਘਰਾਣਿਅਾਂ ਉੱਤੇ ਜਿੱਤ ਦਾ ਇਤਿਹਾਸ—ਡਾ. ਹਰਸ਼ਿੰਦਰ ਕੌਰ, ਐਮ. ਡੀ.

ਕਿਰਤੀਅਾਂ ਦਾ ਕਾਰਪੋਰੇਟ ਘਰਾਣਿਅਾਂ ਉੱਤੇ ਜਿੱਤ ਦਾ ਇਤਿਹਾਸ

ਗੱਲ ‘ਬੋਲੀਵੀਆ’ ਮੁਲਕ ਦੀ ਹੈ। ਸੰਨ 1997 ਵਿਚ ਜਦੋਂ ‘ਹੂਗੋ’ ਉੱਥੇ ਪ੍ਰੈਜ਼ੀਡੈਂਟ ਚੁਣਿਆ ਗਿਆ ਤਾਂ ਉਸ ਨੂੰ ਮੁਲਕ ਅੰਦਰਲੀ ਤਰੱਕੀ ਵਾਸਤੇ ‘ਵਰਲਡ ਬੈਂਕ’ ਤੋਂ ਕਰਜ਼ਾ ਲੈਣ ਦੀ ਲੋੜ ਪਈ। ਕਰਜ਼ਾ ਦੇਣ ਸਮੇਂ ਇਹ ਸ਼ਰਤ ਰੱਖ ਦਿੱਤੀ ਗਈ ਕਿ ਅਮਰੀਕਾ ਦੀ ਇੱਕ ਕਾਰਪੋਰੇਸ਼ਨ ਨੂੰ ਪਾਣੀ ਵੇਚ ਦਿੱਤਾ ਜਾਵੇ ਤਾਂ ਜੋ ਉਸ ਰਾਹੀਂ ਇੱਕ ਪ੍ਰਾਈਵੇਟ ਕੰਪਨੀ ਉੱਥੇ ਪਾਣੀ ਮੁਹੱਈਆ ਕਰਵਾਏ।

ਕਰਜ਼ਾ ਲੈਣ ਦੀ ਹੋੜ ਵਿਚ ਅੰਨ੍ਹੇ ਹੋਏ ਹਾਕਮਾਂ ਨੇ ਬਿਨਾਂ ਸੋਚੇ ਸਮਝੇ ਇਨ੍ਹਾਂ ਦਸਤਾਵੇਜ਼ਾਂ ਉੱਤੇ ਹਸਤਾਖਰ ਕਰ ਦਿੱਤੇ। ਉਸ ਸਮੇਂ ਮੁਲਕ ਵਿਚ ਪਾਣੀ ਦੀ ਬੜੀ ਕਿੱਲਤ ਚੱਲ ਰਹੀ ਸੀ ਅਤੇ ਲੋਕ ਖ਼ਰਾਬ ਪਾਣੀ ਵੀ ਟਰੱਕਾਂ ਤੇ ਰੇੜ੍ਹੀਆਂ ਤੋਂ ਮਹਿੰਗੇ ਭਾਅ ਖ਼ਰੀਦ ਰਹੇ ਸਨ।

ਅਮਰੀਕਾ ਦੀ ਕੰਪਨੀ ਨੇ ਲੋਕਾਂ ਦੇ ਬਣੇ ਬਣਾਏ ਖੂਹਾਂ ਉੱਤੇ ਝੱਟ ਕਬਜ਼ਾ ਕਰ ਕੇ ਸਾਰਾ ਪਾਣੀ ਆਪਣੇ ਅਧੀਨ ਕਰ ਲਿਆ ਤੇ ਪਾਣੀ ਦੇ ਰੇਟ ਤਿੰਨ ਗੁਣਾ ਕਰ ਦਿੱਤੇ। ਇਸ ਗੱਲ ਉੱਤੇ ਚੁਫ਼ੇਰੇ ਹਾਹਾਕਾਰ ਮਚ ਗਈ। ਗ਼ਰੀਬ ਤਿਹਾਏ ਮਰਨ ਲੱਗ ਪਏ। ਸੰਨ 2000 ਦੇ ਸ਼ੁਰੂ ਵਿਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਇਸੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਸਤਾਰਾਂ ਸਾਲਾ ਨੌਜਵਾਨ ‘ਵਿਕਟਰ ਹੂਗੋ’ ਨੂੰ ਬੋਲਵੀਅਨ ਫੌਜੀ ਕੈਪਟਨ ‘ਰੌਬਿਨਸਨ’ ਨੇ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ।

ਇਸ ਦੇ ਇਨਾਮ ਵਜੋਂ ਕੈਪਟਨ ਰੌਬਿਨਸਨ ਨੂੰ ਮੇਜਰ ਬਣਾ ਦਿੱਤਾ ਗਿਆ। ‘ਕੋਕਾਬਾਂਬਾ’ ਸ਼ਹਿਰ ਦੇ ਐਨ ਵਿਚਕਾਰ ਫੁਹਾਰੇ ਕੋਲ ਵਿਕਟਰ ਦਾ ਮ੍ਰਿਤਕ ਸਰੀਰ ਰੱਖ ਕੇ ਹਜ਼ਾਰਾਂ ਲੋਕਾਂ ਨੇ ਉੱਥੇ ਮੁਜ਼ਾਹਰਾ ਕੀਤਾ। ਮੁਜ਼ਾਹਰਾ ਕਰਨ ਵਾਲਿਆਂ ਵਿਚ ਖੇਤ ਮਜ਼ਦੂਰ, ਰਿਟਾਇਰ ਹੋਏ ਫੈਕਟਰੀਆਂ ਦੇ ਕਾਮੇ, ਯੂਨੀਅਨ ਮੈਂਬਰ, ਦਿਹਾੜੀਦਾਰ, ਦੁਕਾਨਾਂ ਉੱਤੇ ਕੰਮ ਕਰਨ ਵਾਲੇ, ਰੇੜ੍ਹੀਆਂ ਵਾਲੇ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਕਿਸਾਨ, ਸਕੂਲੀ ਬੱਚੇ ਤੇ ਹਰ ਵਰਗ ਦੇ ਗ਼ਰੀਬ ਸ਼ਾਮਲ ਹੋ ਗਏ।

ਕੋਕਾਬਾਂਬਾ ਦਾ ਪਾਣੀ ਮਲਟੀਨੈਸ਼ਨਲ ਕੰਪਨੀ ਬਾਈਵਾਟਰ ਅਤੇ ਬੈਸ਼ਲ ਨੂੰ ਦੇ ਦਿੱਤਾ ਗਿਆ ਸੀ। ਇਹ ਪਾਣੀ ਮਿਊਂਸੀਪੈਲਿਟੀ ‘ਸੀਮਾਪਾ’ ਕੋਲੋਂ ਲੈ ਕੇ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਗਿਆ ਸੀ। ਚੁਫ਼ੇਰੇ ਇਹ ਫੈਲਾ ਦਿੱਤਾ ਗਿਆ ਕਿ ਲੋਕਾਂ ਦੀ ਭਲਾਈ ਲਈ ਕੀਤਾ ਗਿਆ ਹੈ ਜਦਕਿ ਅਸਲ ਗੱਲ ਪ੍ਰਾਈਵੇਟ ਕੰਪਨੀ ਨੂੰ ਫ਼ਾਇਦਾ ਦੇਣ ਦੀ ਸੀ।

ਲੋਕ-ਵਿਦਰੋਹ ਨੂੰ ਖ਼ਤਮ ਕਰਨ ਲਈ ਪੁਲਿਸ ਤੇ ਮਿਲਟਰੀ ਨੇ ਤਸ਼ੱਦਦ ਢਾਉਣਾ ਸ਼ੁਰੂ ਕਰ ਦਿੱਤਾ। ਇਸ ਤਸ਼ੱਦਦ ਨੇ ਅੱਗ ਹੋਰ ਭੜਕਾ ਦਿੱਤੀ। ਲੋਕ ਪ੍ਰਾਈਵੇਟ ਕੰਪਨੀ ਵਿਰੁੱਧ ਹੋਰ ਤਗੜੇ ਢੰਗ ਨਾਲ ਲਾਮਬੰਦ ਹੋ ਗਏ।

ਪ੍ਰਾਈਵੇਟ ਕੰਪਨੀ ਬੈਸ਼ਲ ਨੇ ਉੱਥੇ ਡੈਮ ਬਣਾ ਕੇ ਪਾਣੀ ਸਾਂਭਣ ਦੀ ਗੱਲ ਛੇੜੀ ਤੇ ਇਸੇ ਬਹਾਨੇ ਪਾਣੀ ਦੇ ਰੇਟ ਕਈ ਗੁਣਾ ਹੋਰ ਵਧਾ ਦਿੱਤੇ। ਪ੍ਰਦਰਸ਼ਨ ਦੌਰਾਨ 6 ਲੋਕ ਮਾਰੇ ਗਏ, 175 ਜ਼ਖ਼ਮੀ ਹੋਏ ਅਤੇ 25 ਦੇ ਕਰੀਬ ਜੇਲ੍ਹ ਅੰਦਰ ਤਾੜੇ ਗਏ।

ਲੱਖਾਂ ਲੋਕ ਸੜਕਾਂ ਉੱਤੇ ਮੁਜ਼ਾਹਰਾ ਕਰਨ ਲਈ ਇਕੱਠੇ ਹੋਏ ਤੇ ਪੁਲਿਸ ਨਾਲ ਮੁਕਾਬਲਾ ਕਰਨ ਲੱਗੇ। ਇਸ ਤੋਂ ਪਹਿਲਾਂ ਰੇਲਵੇ, ਟੈਲੀਫੂਨ, ਨੈਸ਼ਨਲ ਏਅਰਲਾਈਨਜ਼, ਹਵਾਈ ਜਹਾਜ਼, ਹਾਈਡਰੋਕਾਰਬਨ ਫੈਕਟਰੀਆਂ ਆਦਿ, ਸਭ ਕਾਰਪੋਰੇਟ ਘਰਾਣਿਆਂ ਹੱਥ ਵੇਚੇ ਜਾ ਚੁੱਕੇ ਸਨ ਤੇ ਲੋਕਾਂ ਦੀ ਖੱਲ ਲਾਹ ਰਹੇ ਸਨ।

ਹੌਲੀ-ਹੌਲੀ ਲੋਕਾਂ ਨੂੰ ਸਪਸ਼ਟ ਹੋ ਗਿਆ ਸੀ ਕਿ ਡੈਮ ਬਣਾਉਣ ਲਈ ਕੰਪਨੀਆਂ ਤਿਆਰ ਨਹੀਂ ਸਨ। ਇਹ ਖ਼ਬਰ ਸਿਰਫ਼ ਭਰਮ ਫੈਲਾਉਣ ਲਈ ਸੀ ਤਾਂ ਜੋ ਮਨਮਰਜ਼ੀ ਨਾਲ ਪਾਣੀ ਮਹਿੰਗੇ ਭਾਅ ਵੇਚਿਆ ਜਾ ਸਕੇ। ਇਸ ਪ੍ਰਾਜੈਕਟ ਦੇ ਰੌਲੇ ਹੇਠ ਕੁੱਝ ਕੁ ਸਿਆਸੀ ਤੇ ਸਰਕਾਰੀ ਲੋਕਾਂ ਦਾ ਨਿਜੀ ਫ਼ਾਇਦਾ ਵੀ ਸੀ।

ਉਸ ਸਮੇਂ ਪਾਣੀ ਦਾ ਖ਼ਰਚਾ 20 ਡਾਲਰ ਪ੍ਰਤੀ ਮਹੀਨਾ ਪਹੁੰਚ ਗਿਆ ਸੀ ਜਦ ਕਿ ਗ਼ਰੀਬ ਲੋਕ ਮਸਾਂ 100 ਡਾਲਰ ਪ੍ਰਤੀ ਮਹੀਨਾ ਕਮਾ ਰਹੇ ਸਨ। ਯਾਨੀ ਰੋਟੀ ਖਾਣੀ ਵੀ ਔਖੀ ਹੋ ਗਈ ਸੀ। ਮਜਬੂਰੀ ਵਸ ਲੋਕ ਨਦੀਆਂ, ਨਾਲਿਆਂ, ਤਲਾਬਾਂ ’ਚੋਂ ਪਾਣੀ ਲੈਣ ਲਈ ਤੁਰੇ ਤਾਂ ਉੱਥੇ ਵੀ ਫੌਜ ਤੈਨਾਤ ਕਰ ਦਿੱਤੀ ਗਈ ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਪਾਣੀ ਵੇਚਣ ਵਾਸਤੇ ਨੁਕਸਾਨ ਨਾ ਪੁੱਜੇ।

ਉਸ ਸਮੇਂ ਅਤਿ ਹੋਈ ਜਦੋਂ ‘ਜੈਫਰੀ ਥੌਰਪ’ ਨੇ ਐਲਾਨ ਕਰ ਦਿੱਤਾ ਕਿ ਜੇ ਪਾਣੀ ਦਾ ਬਿਲ ਭਰਨ ਵਿਚ ਇਕ ਦਿਨ ਦੀ ਦੇਰੀ ਵੀ ਹੋਈ ਤਾਂ ਉਸ ਘਰ ਦਾ ਪਾਣੀ ਦਾ ਕੁਨੈਕਸ਼ਨ ਹੀ ਕੱਟ ਦਿੱਤਾ ਜਾਵੇਗਾ ਤਾਂ ਜੋ ਲੋਕ ਤ੍ਰਿਹਾਏ ਮਰ ਜਾਣ! ਇਸ ਐਲਾਨ ਨੇ ਹਰ ਆਮ ਖ਼ਾਸ ਨੂੰ ਆਵਾਜ਼ ਚੁੱਕਣ ਉੱਤੇ ਮਜਬੂਰ ਕਰ ਦਿੱਤਾ।

ਪਿੰਡਾਂ ਵਿੱਚੋਂ ਲੋਕ ਝੰਡੇ ਚੁੱਕ ਕੇ ਸੜਕਾਂ ਉੱਤੇ ਨਿਕਲ ਪਏ। ਫੈਕਟਰੀਆਂ ਵਿੱਚੋਂ ਵੀ ਕਾਮੇ ਨਾਲ ਹੀ ਜੁੜ ਗਏ। ਉਸ ਸਮੇਂ ਸੜਕਾਂ ਉੱਤੇ ਬੈਰੀਕੇਡ ਲਾ ਕੇ ਸਰਕਾਰ ਨੇ ਲੋਕਾਂ ਨੂੰ ਰੋਕਣਾ ਚਾਹਿਆ ਤਾਂ ਲੋਕ ਹੋਰ ਭੜਕ ਗਏ। ‘ਕੋਕਾਬਾਂਬਾ’ ਦੀ ਯੂਨੀਵਰਸਿਟੀ ਵਿਚਲੇ ਮੱਧ ਵਰਗੀ ਟੱਬਰਾਂ ਦੇ ਵਿਦਿਆਰਥੀ, ਦੁਕਾਨਦਾਰ, ਦਿਹਾੜੀਦਾਰ, ਗੱਲ ਕੀ ਹਰ ਵਰਗ ਹੀ ਬੈਰੀਕੇਡ ਢਾਹੁਣ ਨੂੰ ਕਾਹਲਾ ਪੈ ਗਿਆ। ਇਸ ਹਜੂਮ ਵਿਚ ਗਲੀਆਂ ਵਿਚ ਰੁਲ ਰਹੇ ਭਿਖਾਰੀ ਬੱਚੇ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਗਏ।

ਖਦਾਨਾਂ ਵਿਚ ਕੰਮ ਕਰਦੇ ਲੋਕ ਵੀ ਕੰਮ ਠੱਪ ਕਰ ਕੇ ਮੁਜਾਹਰੇ ਵਿਚ ਸ਼ਾਮਲ ਹੋ ਗਏ। ਪੂਰਾ ਕੋਕਾਬਾਂਬਾ ਚਾਰ ਦਿਨਾਂ ਲਈ ਬੰਦ ਹੋ ਕੇ ਰਹਿ ਗਿਆ। ਘਾਟਾ ਪੈਂਦਾ ਵੇਖ ਕੁੱਝ ਮੰਤਰੀ ਕੋਕਾਬਾਂਬਾ ਪਹੁੰਚ ਕੇ ਯਕੀਨ ਦਵਾਉਣ ਲੱਗੇ ਕਿ ਪਾਣੀ ਦੇ ਰੇਟ ਘਟਾ ਦਿੱਤੇ ਜਾਣਗੇ ਪਰ ਲੋਕ ਇੱਕੋ ਗੱਲ ਉੱਤੇ ਅੜੇ ਸਨ ਕਿ ਪਾਣੀ ਵਿਕਾਊ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਪਾਣੀ ਉੱਤੇ ਕਾਬਜ਼ ਨਹੀਂ ਹੋਣ ਦਿਆਂਗੇ। ਉਦੋਂ 4 ਫਰਵਰੀ ਸੰਨ 2000 ਵਿਚ ਮੁਜ਼ਾਹਰਾ ਕਰਨ ਵਾਲਿਆਂ ਨਾਲ ਪੁਲਿਸ ਅਤੇ ਫੌਜੀ ਦਸਤਿਆਂ ਨੇ ਚੰਗੀ ਝੜਪ ਕੀਤੀ। ਅਥਰੂ ਗੈਸ ਦੋ ਗੋਲੇ ਦਾਗੇ ਗਏ। ਡੰਡਿਆਂ ਨਾਲ ਮਾਰਿਆ ਗਿਆ। ਦੋ ਦਿਨ ਝੜਪ ਚੱਲੀ ਜਿਸ ਵਿਚ 200 ਅੰਦੋਲਨਕਾਰੀ ਫੜ ਲਏ ਗਏ ਤੇ 70 ਜ਼ਖ਼ਮੀ ਹੋ ਗਏ। ਇਕਵੰਜਾ ਪੁਲਿਸ ਕਰਮੀਆਂ ਨੂੰ ਵੀ ਸੱਟਾਂ ਫੇਟਾਂ ਲੱਗੀਆਂ ਪਰ ਮੁਜਾਹਰਾ ਇੱਕੋ ਗੱਲ ਉੱਤੇ ਟਿਕਿਆ ਰਿਹਾ ਕਿ ਪਾਣੀ ਵਿਕਣ ਨਹੀਂ ਦਿੱਤਾ ਜਾਵੇਗਾ।

ਹਕੂਮਤ ਵੀ ਜ਼ਿੱਦ ਉੱਤੇ ਅੜੀ ਰਹੀ ਕਿ ਆਖ਼ਰ ਕਿੰਨੀ ਦੇਰ ਇਹ ਗ਼ਰੀਬ ਜਨਤਾ ਟਿਕੀ ਰਹਿ ਸਕਦੀ ਹੈ। ਪੂਰਾ ਮਾਰਚ ਦਾ ਮਹੀਨਾ ਕੈਥੋਲਿਕ ਚਰਚ ਦੇ ਨੁਮਾਇੰਦਿਆਂ ਨੇ ਸਰਕਾਰ ਅਤੇ ਅੰਦੋਲਨਕਾਰੀਆਂ ਵਿਚਕਾਰ ਗੱਲਬਾਤ ਜਾਰੀ ਰੱਖੀ ਤਾਂ ਜੋ ਲੋਕਾਂ ਨੂੰ ਭਰਮਾਇਆ ਜਾ ਸਕੇ ਪਰ ਲੋਕ ਨਾ ਮੰਨੇ। ਉਹ ਕਾਰਪੋਰੇਟ ਘਰਾਣੇ ਨੂੰ ਪਾਣੀ ਉੱਤੇ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ ਸਨ। ਇਸੇ ਲਈ ਕਬਜ਼ਾ ਰੱਦ ਕਰਵਾਉਣ ਉੱਤੇ ਅੜੇ ਰਹੇ। ਅਖ਼ੀਰ 96 ਫੀਸਦੀ ਲੋਕਾਂ ਨੇ ਵੋਟਾਂ ਰਾਹੀਂ ਕੰਟਰੈਕਟ ਖ਼ਤਮ ਕਰਨ ਦੀ ਗੱਲ ਕੀਤੀ ਤਾਂ ਵੀ ਸਰਕਾਰ ਕਹਿੰਦੀ ਰਹੀ ਕਿ ਪਾਣੀ ਤਾਂ ਹਰ ਹਾਲ ਕਾਰਪੋਰੇਟ ਘਰਾਣਾ ਹੀ ਵੇਚੇਗਾ!

ਅਪਰੈਲ 2000 ਵਿਚ ਮੁਜਾਹਰਾ ਕਰਨ ਵਾਲਿਆਂ ਨੇ ਕੋਕਾਬਾਂਬਾ ਦੇ ਸੈਂਟਰਲ ਪਲਾਜ਼ਾ ਉੱਤੇ ਧਰਨਾ ਦੇ ਦਿੱਤਾ ਤਾਂ ਗਵਰਨਰ ਨੇ ਮਿਲਣ ਲਈ ਸੱਦਾ ਭੇਜਿਆ। ਉੱਥੋਂ ਲੀਡਰਾਂ ਨੂੰ ਸਿੱਧੇ ਕੈਦ ਕਰ ਲਿਆ ਗਿਆ। ਫੇਰ ਬਾਕੀ ਲੀਡਰਾਂ ਨੂੰ ਵੀ ਅਮੇਜ਼ਨ ਦੇ ਜੰਗਲਾਂ ਦੇ ਬਿਲਕੁਲ ਅਖ਼ੀਰਲੇ ਸ਼ਹਿਰ ‘ਸੈਨ ਹੌਕਿਨ’ ਵਿਖੇ ਬਰਾਜ਼ੀਲ ਨੇੜੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ।

ਇੰਜ ਹੋਰ ਪਿੰਡਾਂ ਦੇ ਲੋਕ ਵੀ ਭੜਕ ਉੱਠੇ ਤੇ ਉਹ ਵੀ ਅੰਦੋਲਨ ਵਿਚ ਸ਼ਾਮਲ ਹੋਣ ਲਈ ਪਹੁੰਚ ਗਏ। ਉਦੋਂ ਪਾਣੀ ਦੇ ਨਾਲ ਬੇਰੁਜ਼ਗਾਰੀ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ। ਹੌਲੀ-ਹੌਲੀ ਪੂਰੇ ਬੋਲੀਵੀਆ ਦੀਆਂ ਸੜਕਾਂ ਬੈਰੀਕੇਡਾਂ ਨਾਲ ਭਰ ਗਈਆਂ। ਕੁੱਝ ਪੁਲਿਸ ਦੇ ਅਫ਼ਸਰ ਵੀ ਹੌਲੀ-ਹੌਲੀ ਤਨਖ਼ਾਹਾਂ ਦੇ ਵਾਧੇ ਦੀ ਮੰਗ ਲੈ ਕੇ ਧਰਨਿਆਂ ਵਿਚ ਸ਼ਾਮਲ ਹੋ ਗਏ। ਇਸ ਤਰ੍ਹਾਂ ਦੀ ਬਗ਼ਾਵਤ ਵੇਖ ਕੇ ਪ੍ਰੈਜ਼ੀਡੈਂਟ ਨੇ 90 ਦਿਨਾਂ ਦੀ ਐਮਰਜੈਂਸੀ ਲਗਾ ਦਿੱਤੀ। ਸੜਕਾਂ ’ਤੇ ਆਵਾਜਾਈ ਠੱਪ ਹੋ ਚੁੱਕੀ ਸੀ। ਲੋਕਾਂ ਲਈ ਖਾਣ ਨੂੰ ਕੁੱਝ ਨਹੀਂ ਸੀ ਬਚਿਆ। ਕਰਫਿਊ ਲਾ ਦਿੱਤਾ ਗਿਆ ਤੇ ਬਗ਼ਾਵਤ ਨੂੰ ਦੱਬਣ ਲਈ ਝੂਠੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਬਿਨਾਂ ਵਾਰੰਟ ਦੇ ਸੱਜਿਓਂ ਖੱਬਿਓਂ, ਹਰ ਆਵਾਜ਼ ਕੱਢਣ ਵਾਲੇ ਨੂੰ ਜੇਲਾਂ ਵਿਚ ਤੁੰਨਣਾ ਸ਼ੁਰੂ ਕਰ ਦਿੱਤਾ ਗਿਆ। ਖ਼ਬਰਾਂ ਉੱਤੇ ਰੋਕ ਲਾ ਦਿੱਤੀ ਗਈ। ਰੇਡੀਓ, ਟੀ.ਵੀ. ਉੱਤੇ ਮਿਲਟਰੀ ਕਾਬਜ਼ ਹੋ ਗਈ। ਅਖ਼ਬਾਰਾਂ ਜਿਹੜੀਆਂ ਸੱਚ ਲਿਖਦੀਆਂ ਸਨ, ਉਹ ਵੀ ਜ਼ਬਤ ਕਰ ਲਈਆਂ ਗਈਆਂ ਤੇ ਸਿਰਫ਼ ਉਹੀ ਅਖ਼ਬਾਰਾਂ ਨਿਕਲਣ ਦਿੱਤੀਆਂ ਗਈਆਂ ਜੋ ਹੁਕਮਰਾਨਾਂ ਦੀ ਨੀਤੀ ਨੂੰ ਸਹੀ ਕਰਾਰ ਦੇ ਰਹੀਆਂ ਸਨ।

ਹਰ ਰੋਜ਼ ਰਾਤ ਨੂੰ ਰੇਡ ਮਾਰ ਕੇ ਪੁਲਿਸ ਵੱਡੀ ਗਿਣਤੀ ਮੁਜ਼ਾਹਰਾ ਕਰਨ ਵਾਲਿਆਂ ਨੂੰ ਫੜ ਕੇ ਲਿਜਾਉਣ ਲੱਗੀ। ਇੱਕੋ ਰਾਤ 20 ਲੇਬਰ ਯੂਨੀਅਨ ਦੇ ਲੀਡਰ ਫੜ ਲਏ ਗਏ ਤੇ ਰੋਕਣ ਵਾਲਿਆਂ ਨੂੰ ਰਬੜ ਦੀਆਂ ਗੋਲੀਆਂ ਤੇ ਅਥਰੂ ਗੈਸ ਦੇ ਗੋਲਿਆਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ।

ਅਖ਼ੀਰ 9 ਅਪਰੈਲ 2000 ਨੂੰ ‘ਅਚਾਕਾਕੀ’ ਸ਼ਹਿਰ ਨੇੜੇ ਝੜਪ ਵਿਚ ਬੈਰੀਕੇਡ ਹਟਾਉਂਦੇ ਲੋਕਾਂ ਉੱਤੇ ਫੌਜੀਆਂ ਨੇ ਗੋਲੀਆਂ ਚਲਾ ਦਿੱਤੀਆਂ। ਦੋ ਮਰ ਗਏ ਤੇ ਅਨੇਕ ਜ਼ਖ਼ਮੀ ਹੋ ਗਏ। ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਹਜੂਮ ਨੇ ਅਗਾਂਹ ਹੋ ਕੇ ਫੌਜੀਆਂ ਦੇ ਹਥਿਆਰ ਖੋਹ ਲਏ ਤੇ ਵਾਪਸ ਫੌਜੀਆਂ ਉੱਤੇ ਗੋਲੀਆ ਦਾ ਮੀਂਹ ਵਰ੍ਹਾ ਦਿੱਤਾ।

ਕੁੱਝ ਮੋਰਚਿਆਂ ਵਿਚ ਸ਼ਾਮਲ ਲੋਕਾਂ ਨੇ ਫੌਜੀ ਕਪਤਾਨ ‘ਓਮਰ ਜੀਸਸ’, ਜੋ ਹੱਲੇ ਤੋਂ ਡਰ ਕੇ ਜ਼ਖ਼ਮੀ ਹਾਲਤ ਵਿਚ ਹਸਪਤਾਲ ਲੁੱਕ ਗਿਆ ਸੀ ਅਤੇ ਲੋਕਾਂ ਉੱਤੇ ਗੋਲੀਆਂ ਦਾ ਮੀਂਹ ਵਰ੍ਹਾਉਣ ਦਾ ਹੁਕਮ ਦੇ ਰਿਹਾ ਸੀ, ਨੂੰ ਫੜ ਲਿਆ ਤੇ ਮੰਜੇ ਤੋਂ ਘੜੀਸ ਕੇ ਹੇਠਾਂ ਲਾਹ ਕੇ ਕੁੱਟ-ਕੁੱਟ ਕੇ ਸਰੀਰ ਦੇ ਟੋਟੇ ਕਰ ਕੇ ਮਾਰ ਮੁਕਾਇਆ।

ਨਾਜ਼ੁਕ ਹਾਲਾਤ ਵੇਖਦਿਆਂ ਸਰਕਾਰ ਨੇ ਝਟਪਟ ਪੁਲਿਸ ਤੇ ਫੌਜੀਆਂ ਦੀ ਤਨਖ਼ਾਹ ਵਿਚ 50 ਫੀਸਦੀ ਵਾਧਾ ਕਰ ਦਿੱਤਾ ਤਾਂ ਜੋ ਕਿਤੇ ਇਹ ਵੀ ਮੋਰਚੇ ਵਿਚ ਸ਼ਾਮਲ ਨਾ ਹੋ ਜਾਣ। ਇੰਜ ਪੁਲਿਸ ਕਰਮੀਆਂ ਦੀ ਤਨਖਾਹ ਲਗਭਗ 120 ਡਾਲਰ ਪ੍ਰਤੀ ਮਹੀਨਾ ਹੋ ਗਈ ਤੇ ਉਹ ਆਪਣੀ ਡਿਊਟੀ ਨਿਭਾਉਣ ਲਈ ਡਟੇ ਰਹੇ।

ਲੋਕਾਂ ਵਿਚ ਫੁੱਟ ਪਾਉਣ ਲਈ ਸਰਕਾਰ ਨੇ ਇਹ ਭਰਮ ਫੈਲਾ ਦਿੱਤਾ ਕਿ ਮੋਰਚੇ ਵਿਚ ਸ਼ਾਮਲ ਲੋਕ ਅੱਤਵਾਦੀ ਹਨ ਜਾਂ ਨਸ਼ਾ ਵੇਚਣ ਵਾਲੇ ਜਰਾਇਮ ਪੇਸ਼ਾ ਲੋਕ ਹਨ। ਇਸ ਗੱਲ ਨਾਲ ਕਿਸਾਨਾਂ ਵਿਚ ਹੋਰ ਰੋਹ ਪੈਦਾ ਹੋ ਗਿਆ। ਕੁੱਝ ਸਿਆਸੀ ਲੋਕਾਂ ਨੇ ਵੀ ਇਸ ਮੁਹਿੰਮ ਵਿੱਚੋਂ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਤੇ ਸਰਕਾਰ ਵਿਰੁੱਧ ਲੋਕਾਂ ਨੂੰ ਭੜਕਾ ਕੇ ਤਖ਼ਤਾ ਪਲਟਨ ਦੀ ਗੱਲ ਕੀਤੀ।

ਇਸ ਸਮੇਂ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਨੇ ਕਮਾਨ ਸਾਂਭੀ ਤੇ ਲੋਕਾਂ ਦੀ ਅਗਵਾਈ ਕੀਤੀ। ਉਹ ਆਪ ਵੀ ਤਨਖ਼ਾਹ ਵਧਾਉਣ ਦੀ ਮੰਗ ਕਰਨ ਲੱਗੇ। ਲਗਭਗ ਪੂਰੇ ਮੁਲਕ ਵਿਚ ਹੀ ਤਰਥੱਲੀ ਮਚ ਚੁੱਕੀ ਸੀ।

ਆਖ਼ਰੀ ਮੋੜਾ ‘ਵਿਕਟਰ ਹੂਗੋ’ ਦੀ ਮੌਤ ਨਾਲ ਪਿਆ। ਹਜ਼ਾਰਾਂ ਲੋਕਾਂ ਦਾ ਨੌਜਵਾਨ ਵਿਕਟਰ ਦੀ ਲਾਸ਼ ਨਾਲ ਕੀਤਾ ਮੁਜ਼ਾਹਰਾ ਸਰਕਾਰੀ ਤੰਤਰ ਨੂੰ ਡਾਵਾਂਡੋਲ ਕਰ ਗਿਆ।

ਅਖ਼ੀਰ ਸਰਕਾਰ ਨੂੰ ਲੋਹ-ਰੋਹ ਅੱਗੇ ਝੁਕਣਾ ਪਿਆ ਤੇ 200 ਮਿਲੀਅਨ ਡਾਲਰ ਦਾ ਕੰਟਰੈਕਟ ਤੋੜਨਾ ਪਿਆ। ਇਸ ਫ਼ੈਸਲੇ ਤੋਂ ਬਾਅਦ ਹੀ ‘ਵਿਕਟਰ ਹੂਗੋ’ ਦੇ ਸਰੀਰ ਨੂੰ ਕਬਰ ਨਸੀਬ ਹੋਈ।

ਵਰਲਡ ਬੈਂਕ ਨੇ ਉਸ ਸਮੇਂ ‘ਬੋਲੀਵੀਆ’ ਦੀ ਸਰਕਾਰ ਨੂੰ ਹਦਾਇਤ ਕੀਤੀ ਕਿ ਕਰਜ਼ ਲੈਣ ਦੀ ਥਾਂ ਸਬਸਿਡੀਆਂ ਬੰਦ ਕਰ ਕੇ, ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਲਈ ਹਰ ਕਿਸਾਨ ਤੋਂ ਵਾਜਬ ਪਾਣੀ ਦਾ ਮੁੱਲ ਲਿਆ ਜਾਵੇ ਪਰ ਮੁਫ਼ਤ ਪਾਣੀ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਤਾਂ ਜੋ ਕੁਦਰਤੀ ਖ਼ਜ਼ਾਨਾ ਬਚਾਇਆ ਜਾ ਸਕੇ।

ਸੰਨ 2000 ਦੇ ਅਪਰੈਲ ਨੂੰ ਇਤਿਹਾਸਕ ਪਾਣੀਆਂ ਦੇ ਸੰਘਰਸ਼ ਦਾ ਨਾਂ ਦੇ ਦਿੱਤਾ ਗਿਆ ਕਿਉਂਕਿ ਇਸ ਦਿਨ ਬੋਲੀਵੀਅਨ ਕਿਰਤੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਹਾਵੀ ਹੋਣ ਤੋਂ ਰੋਕ ਲਿਆ ਤੇ ਬੋਲੀਵੀਆ ਸਰਕਾਰ ਨੂੰ ਕਿਸਾਨਾਂ ਅੱਗੇ ਹਾਰ ਮੰਨ ਕੇ ਆਪਣਾ ਗ਼ਲਤ ਫ਼ੈਸਲਾ ਵਾਪਸ ਲੈਣਾ ਪਿਆ।

ਇਸ ਤੋਂ ਬਾਅਦ ਸਰਕਾਰ ਦੀ ਅੜੀ ਸਦਕਾ ਸੰਨ 2005 ਤੱਕ ਕੋਕਾਬਾਂਬਾ ਦੇ 30,000 ਲੋਕਾਂ ਨੂੰ ਹਰ ਰੋਜ਼ ਸਿਰਫ਼ ਦਿਨ ਵਿਚ ਤਿੰਨ ਘੰਟੇ ਪਾਣੀ ਮਿਲਦਾ ਰਿਹਾ ਤੇ ਗਰੀਬਾਂ ਤੋਂ ਕੀਮਤ 10 ਗੁਣਾ ਵੱਧ ਵਸੂਲ ਕੀਤੀ ਜਾਂਦੀ ਰਹੀ ਪਰ ਪਾਣੀ ਮਿਊਂਸੀਪੈਲਿਟੀ ਰਾਹੀਂ ਹੀ ਆਉਂਦਾ ਰਿਹਾ।

ਇਸ ਇਤਿਹਾਸਕ ਪਾਣੀਆਂ ਦੀ ਜੰਗ ਅਤੇ ਕਿਰਤੀਆਂ ਦੀ ਕਾਰਪੋਰੇਟ ਘਰਾਣਿਆਂ ਉੱਪਰ ਜਿੱਤ ਉੱਤੇ ਅਨੇਕ ਫਿਲਮਾਂ ਬਣ ਚੁੱਕੀਆਂ ਹਨ। ਉਦੋਂ ਇਹ ਨਾਅਰਾ ਬੁਲੰਦ ਹੋਇਆ-‘‘ਤੁਸੀਂ ਕਾਨੂੰਨ ਲਿਖੋ, ਅਸੀਂ ਇਤਿਹਾਸ ਲਿਖਾਂਗੇ!’’

ਇਹ ਨਾਅਰਾ ਅੱਜ ਤਾਈਂ ਦੁਨੀਆ ਦੇ ਜਿਸ ਹਿੱਸੇ ਵਿਚ ਕਿਰਤੀਆਂ ਦਾ ਸੰਘਰਸ਼ ਦਿਸਿਆ ਹੈ, ਬੁਲੰਦ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਹਰ ਕੋਨੇ ਵਿਚ ਕਿਰਤੀਆਂ ਤੇ ਗ਼ਰੀਬਾਂ ਨੇ ਹੀ ਕ੍ਰਾਂਤੀ ਲਿਆਉਣ ਵਿਚ ਪਹਿਲ ਕੀਤੀ ਹੈ।

ਜੇ ਮੌਜੂਦਾ ਕਿਸਾਨੀ ਸੰਘਰਸ਼ ਵੱਲ ਝਾਤ ਮਾਰੀਏ ਤਾਂ ਇੰਨ ਬਿੰਨ ਇਹੋ ਕੁੱਝ ਵਾਪਰ ਰਿਹਾ ਹੈ। ਨਵੇਂ ਵਰ੍ਹੇ ਉੱਤੇ ਇੱਕ ਨਵੀਂ ਸੋਚ ਤੇ ਯੁਗ ਪਲਟਾਊ ਸੰਘਰਸ਼ ਵੇਖਣ ਨੂੰ ਮਿਲ ਰਿਹਾ ਹੈ।

ਦਿੱਲੀ ਉੱਤੇ ਜੋ ਵੀ ਕਾਬਜ਼ ਹੁੰਦਾ ਰਿਹਾ ਹੈ, ਉਹ ਕਿਰਤੀਆਂ ਤੇ ਅਣਖੀਲੇ ਜੋਧਿਆਂ ਨੂੰ ਦਬਾਉਣ ਅਤੇ ਆਪਣੀ ਚੜ੍ਹਤ ਬਣਾਈ ਰੱਖਣ ਲਈ ਬਜ਼ਿੱਦ ਰਿਹਾ ਹੈ। ਸਿਰਫ਼ ਸਾਡੇ ਮੁਲਕ ਵਿਚ ਹੀ ਨਹੀਂ, ਹਰ ਮੁਲਕ ਦਾ ਤਖ਼ਤ ਹੀ ਆਪਣੇ ਤਖ਼ਤ-ਨਸ਼ੀਂ ਨੂੰ ਡਾਢਾ ਬਣਾ ਦਿੰਦਾ ਰਿਹਾ ਹੈ। ਪਰ ਇਹ ਗੱਲ ਫਿਰ ਵੀ ਅਗਲਾ ਹੁਕਮਰਾਨ ਯਾਦ ਨਹੀਂ ਰੱਖਦਾ ਕਿ ਤਖ਼ਤ ਸਦੀਵੀ ਨਹੀਂ ਹੁੰਦੇ। ਇਨ੍ਹਾਂ ਕੁਰਸੀਆਂ ਉੱਤੇ ਬੈਠਣ ਵਾਲੇ ਦੀ ਸੋਚ ਹੀ ਉਸ ਨੂੰ ਤਖ਼ਤ ਤੋਂ ਉਤਰਨ ਬਾਅਦ ਉਸ ਬਾਰੇ ਇਤਿਹਾਸ ਵਿਚ ਚੰਗਾ ਜਾਂ ਮਾੜਾ ਕਹਿ ਕੇ ਯਾਦ ਕਰਵਾਉਂਦੀ ਹੈ।

ਇੱਕ ਅਹਿਮ ਮੁੱਦਾ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ। 

ਪਿਛਲੇ 25 ਸਾਲਾਂ ਵਿਚ ਐਨ.ਸੀ.ਆਰ.ਬੀ. ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ, ਲਗਭਗ 4 ਲੱਖ ਕਰਜ਼ੇ ਹੇਠ ਦੱਬੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਵੀ ਹਜ਼ਾਰਾਂ ਹੋਰ ਹਨ ਜੋ ਗੁਮਨਾਮੀ ਦੀ ਮੌਤ ਮਰ ਗਏ। ਸਿਰਫ਼ ਸਾਲ 2019 ਵਿਚ ਹੀ 10,281 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਕੀ ਇਹ ਖ਼ੁਦਕੁਸ਼ੀਆਂ ਸਿਰਫ਼ ਕਾਨੂੰਨ ਰੱਦ ਕਰਵਾ ਕੇ ਪਹਿਲਾਂ ਵਾਲੇ ਹਾਲ ਵਿਚ ਪਹੁੰਚ ਕੇ ਰੁੱਕ ਜਾਣਗੀਆਂ? ਇਸ ਪੱਖ ਬਾਰੇ ਧਿਆਨ ਕਰਨ ਦੀ ਲੋੜ ਹੈ ਤਾਂ ਜੋ ਕਰਜ਼ਈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕੀਆਂ ਜਾ ਸਕਣ।

50 ਤੋਂ ਵੱਧ ਕਿਸਾਨ ਤਾਂ ਹੁਣ ਦੇ ਸੰਘਰਸ਼ ਵਿਚ ਜਾਨਾਂ ਗੁਆ ਚੁੱਕੇ ਹਨ। ਸਿੰਘੂ ਬਾਰਡਰ ਹੁਣ ਟਰਾਲੀਪੁਰਾ ਜਾਂ ਟਰਾਲਿਸਤਾਨ ਕਹਾਇਆ ਜਾਣ ਲੱਗ ਪਿਆ ਹੈ। ਉੱਥੇ ਦੀ ਟਰੈਕਟਰ ਰੈਜਮੈਂਟ ਵੱਲੋਂ ਕੀਤੇ ਸ਼ਾਂਤਮਈ ਸੰਘਰਸ਼ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ।

ਮੌਜੂਦਾ ਸੰਘਰਸ਼ ਵਿਚਲੀਆਂ ਦੋ ਘਟਨਾਵਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ।

ਪਹਿਲੀ, ਗੁਰਦਾਸਪੁਰ ਦੇ ਪਿੰਡ ਚਿੱਟੀ ਦੇ ਹਰਪ੍ਰੀਤ ਸਿੰਘ ਦੀ। ਉਸ ਦੀ ਪਤਨੀ ਦੀ ਮੌਤ ਹੋ ਗਈ ਤਾਂ ਸੰਘਰਸ਼ ’ਚੋਂ ਵਾਪਸ ਪਰਤ ਕੇ ਅੰਤਮ ਰਸਮਾਂ ਪੂਰੀਆਂ ਕਰਨ ਬਾਅਦ ਬਜ਼ੁਰਗ ਮਾਂ ਤੇ ਬੱਚਿਆਂ ਨੂੰ ਛੱਡ ਵਾਪਸ ਸਿੰਘੂ ਬਾਰਡਰ ਉੱਤੇ ਡਟ ਗਿਆ ਤੇ ਕਹਿਣ ਲੱਗਿਆ, ‘‘ਘਰ ਵਾਲੀ ਨੂੰ ਨਹੀਂ ਬਚਾ ਸਕਿਆ ਪਰ ਪੰਜਾਬ ਦੀ ਹੋਂਦ ਜ਼ਰੂਰ ਆਖ਼ਰੀ ਸਾਹ ਤੱਕ ਬਚਾਉਣ ਦਾ ਜਤਨ ਕਰਾਂਗਾ।’’

ਦੂਜੀ, ਛਾਜਲੀ ਦੀ ਬਿਰਧ ਮਾਤਾ ਦੀ ਹੈ, ਜਿਸ ਦੇ ਪੈਰ ਦਾ ਗਿੱਟਾ ਟੁੱਟਿਆ ਹੋਇਆ ਸੀ। ਸ਼ੰਭੂ ਬੈਰੀਅਰ ਤੋਂ ਲੰਘਣ ਸਮੇਂ ਪੁਲਿਸ ਦੀਆ ਡਾਂਗਾਂ ਸਦਕਾ ਇਹ ਟੁੱਟਿਆ ਸੀ।

ਪਲਸਤਰ ਵਾਲੀ ਲਤ ਨਾਲ ਕੁੰਡਲੀ ਵਿਖੇ ਬੈਠੀ ਇਸ ਮਾਤਾ ਦਾ ਕਹਿਣਾ ਹੈ, ‘‘ਮੈਨੂੰ ਡਾਕਟਰ ਕਹਿੰਦੈ-ਆਰਾਮ ਜ਼ਰੂਰੀ ਹੈ ਨਹੀਂ ਤਾਂ ਲੱਤ ਹਮੇਸ਼ਾ ਲਈ ਨਕਾਰਾ ਹੋ ਜਾਣੀ ਹੈ। ਮੇਰਾ ਕੋਈ ਧੀ-ਪੁੱਤ ਨਹੀਂ। ਪਤੀ ਦੀ ਮੌਤ ਹੁਣੇ ਹੋਈ ਹੈ। ਲੱਤ ਲਹਿ ਵੀ ਗਈ ਤਾਂ ਕੋਈ ਪ੍ਰਵਾਹ ਨਹੀਂ। ਪਰ ਮੇਰੇ ਹਜ਼ਾਰਾਂ ਪੁੱਤਰ ਧੀਆਂ ਜੋ ਏਥੇ ਠੰਡ ਵਿਚ ਬੈਠੇ ਹਨ, ਉਨ੍ਹਾਂ ਲਈ ਰੋਟੀਆਂ ਬਣਾਉਣ ਦੀ ਸੇਵਾ ਜ਼ਰੂਰ ਕਰਨੀ ਹੈ।’’

ਇਹੋ ਜਿਹੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸੰਘਰਸ਼ੀ, ਜੋ ਪੂਰੇ ਭਾਰਤ ਵਿੱਚੋਂ ਪਹੁੰਚ ਰਹੇ ਹਨ ਤੇ ਹਰ ਵਰਗ ਨਾਲ ਸੰਬੰਧਤ ਹਨ, ਨਾਲ ਆਵਾਜ਼ ਬੁਲੰਦ ਕਰਦਿਆਂ ਅੰਤ ਵਿਚ ਇਹੀ ਕਹਿਣਾ ਚਾਹੁੰਦੀ ਹਾਂ-

ਰਤ ਪੀਣੀ, ਡਾਢੀ ਦਿੱਲੀਏ,
ਇਤਿਹਾਸ ਸਿਰਜਣ ਵਾਲਿਆਂ ਉੱਤੇ,
ਨਾ ਵਗਾ ਹਵਾਵਾਂ ਤੱਤੀਆਂ!
ਕਿਰਤੀਆਂ ਦਾ ਪਰਚਮ,
ਜੋ ਚੁੱਕ ਕੇ ਖੜ੍ਹੇ ਨੇ,
ਗੁਰੂ ਦੀਆ ਫੋਜਾਂ ਨੇ, ਮਾਣਮੱਤੀਆਂ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਡਾ.ਹਰਸ਼ਿੰਦਰ ਕੌਰ
0175-2216783/mobile:+91 9417666069 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਹਰਸ਼ਿੰਦਰ ਕੌਰ, ਐਮ. ਡੀ.

View all posts by ਡਾ. ਹਰਸ਼ਿੰਦਰ ਕੌਰ, ਐਮ. ਡੀ. →