8 December 2024

ਗ਼ਜ਼ਲਾਂ— ਮਨਸੂਰ ਅਜ਼ਮੀ

ਤਿੰਨ ਗ਼ਜ਼ਲਾਂ—ਮਨਸੂਰ ਅਜ਼ਮੀ

1. ਗ਼ਜ਼ਲ

ਮਿੱਟੀ ਇੱਟਾਂ ਘਰ ਨਹੀਂ ਹੁੰਦਾ
ਹੁਣ ਇਕਲਾਪਾ ਜਰ ਨਹੀਂ ਹੁੰਦਾ

ਚਾਈਂ ਚਾਈਂ ਦੁੱਖੜੇ ਸਹਿ ਕੇ
ਰੋਜ਼ ਦਿਹਾੜੇ ਮਰ ਨਹੀਂ ਹੁੰਦਾ

ਖ਼ੁਸ਼ੀਆਂ ਦੀ ਚਾਦਰ ਦਾ ਕਾਹਨੂੰ
ਬਹੁਤਾ ਵੱਡਾ ਬਰ ਨਹੀਂ ਹੁੰਦਾ

ਗੇੜ ਗੇੜ ਕੇ ਖੂਹ ਨੈਣਾਂ ਦੇ
ਇਸ਼ਕ ਪਿਆਲਾ ਭਰ ਨਹੀਂ ਹੁੰਦਾ

ਦੁੱਖ ਦੇ ਇਸ ਦਰਿਆ ਵਿਚ ਅਜ਼ਮੀ
ਸਾਥੋਂ ਤੇ ਹੁਣ ਤਰ ਨਹੀਂ ਹੁੰਦਾ
*

ਸ਼ਾਹਮੁਖੀ 'ਚ

2.ਗ਼ਜ਼ਲ

ਪੈ ਗਏ ਮੈਨੂੰ ਸੋਚ ਸਿਆਪੇ।
ਮੇਰੀ ਸੋਚਦੀ ਡੂੰਘ ਕੋਈ ਨਾਪੇ।

ਅੰਗ ਸਾਕ ਨੇ ਕਲਮ ਤੇ ਕਾਗਤ,
ਇਹੋ ਈ ਮੇਰੇ ਸਹੁਰੇ ਮਾਪੇ।

ਸੋਚ ਚ ਆਉਣ ਵਾਲੇ ਅੱਖਰ,
ਮੈਨੂੰ ਤਾਂ ਆਸਮਾਨੀ ਜਾਪੇ।

ਮੇਰੀ ਅਰਜ਼ ਗੁਜ਼ਾਰਿਸ਼ ਏਨੀ,
ਸੱਚ ਕੋਈ ਤਾਂ ਖੁੱਲ੍ਹ ਕੇ ਛਾਪੇ।

ਅਜ਼ਮੀ ਅੱਖਰਾਂ ਦੇ ਵਿਚ ਖੇਡਾਂ,
ਮੈਨੂੰ ਹਨ ਕਾਹਦੇ ਇਕਲਾਪੇ।
*

3. ਗ਼ਜ਼ਲ

ਧਰਤੀ ਦੇ ਸਾਹ ਨੀਲੇ ਹੁੰਦੇ ਜਾਂਦੇ ਨੇ।
ਖਵਰੇ ਲੋਕ ਜ਼ਹਿਰੀਲੇ ਹੁੰਦੇ ਜਾਂਦੇ ਨੇ।

ਮੇਰੇ ਸ਼ਹਿਰ ਇਚ ਚੇਤਰ ਕਿੰਜ ਦਾ ਚੜ੍ਹਿਆ ਏ,
ਸਾਵੇ ਰੁੱਖ ਤੇ ਪੀਲ਼ੇ  ਹੁੰਦੇ ਜਾਂਦੇ ਨੇ।

ਚਿੜੀਆਂ ਜਿਹੜੇ ਨਾਲ਼ ਮੁਸ਼ੱਕਤ ਜੋੜੇ ਸਨ,
ਆਲ੍ਹਣੇ ਤੀਲੇ ਤੀਲੇ ਹੁੰਦੇ ਜਾਂਦੇ ਨੇ।

ਫੱਟ ਜੋ ਮੇਰੇ ਕਾਲਜੇ ਉੱਤੇ ਲੱਗੇ ਨੇ ,
ਕਿਉਂ ਇੱਡੇ ਭੜਕੀਲੇ ਹੁੰਦੇ ਜਾਂਦੇ ਨੇ।

ਕਣਕ ਦੇ ਕੁਝ ਸਿੱਟਿਆਂ ਦੀ ਖ਼ਾਤਿਰ ਵੇਖ ਲਵੋ,
ਦੁਸ਼ਮਣ ਸਭ ਕਬੀਲੇ ਹੁੰਦੇ ਜਾਂਦੇ ਨੇ।

ਮੁਨਸਫ਼ ਅੱਗੇ ਕਿਸਰਾਂ ਦਿਆਂ ਸਫ਼ਾਈ ਮੈਂ,
ਅੱਖਰ ਬੇ- ਦਲੀਲੇ ਹੁੰਦੇ ਜਾਂਦੇ ਨੇ।

ਅਜ਼ਮੀ ਅੱਜ ਕਲ੍ਹ ਹਾਸੇ ਮੇਰਿਆਂ ਲੋਕਾਂ ਦੇ,
ਕਿਉਂ ਇੱਡੇ ਦਰਦੀਲੇ ਹੁੰਦੇ ਜਾਂਦੇ ਨੇ।
***
(95)
***

ਮਨਸੂਰ ਅਜ਼ਮੀ
ਲਾਇਲਪੁਰ, ਲਹਿੰਦਾ ਪੰਜਾਬ,
ਪਾਕਿਸਤਾਨ।

ਮਨਸੂਰ ਅਜ਼ਮੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਨਸੂਰ ਅਜ਼ਮੀ,
ਲਾਇਲਪੁਰ,
ਲਹਿੰਦਾ ਪੰਜਾਬ,
ਪਾਕਿਸਤਾਨ।

ਮਨਸੂਰ ਅਜ਼ਮੀ

ਮਨਸੂਰ ਅਜ਼ਮੀ, ਲਾਇਲਪੁਰ, ਲਹਿੰਦਾ ਪੰਜਾਬ, ਪਾਕਿਸਤਾਨ।

View all posts by ਮਨਸੂਰ ਅਜ਼ਮੀ →