15 October 2024

ਚਾਰ ਕਵਿਤਾਵਾਂ—ਆਦਲ ਦਿਆਲਪੁਰੀ

1. ਯਮਦੂਤ, 2. ਵਰਜਦਾ ਏ, 3. ਤਰਸਣਾ ਏਂ, ਅਤੇ 4. ਲੁਕ ਨਹੀਓਂ ਸਕਦੇ

1. ਯਮਦੂਤ

ਦੋਵਾਂ ਕਿਸਮਾਂ ਦੇ ਹੋਣ ਇਨਸਾਨ‌ ਪੈਦਾ,
ਇਕ ਅਕਲਪੱਖੀ ਦੂਜੇ ਊਤ ਹੁੰਦੇ।
ਚੁੰਬੜ ਜਾਣ ਤਾਂ ਜਾਨ ਦਾ ਖਓ ਬਣਦੇ,
ਇੱਕ ਜਿੰਨ ਜ਼ਾਲਮ ਦੂਜੇ ਭੂਤ ਹੁੰਦੇ।
ਦਾਅਵਾ ਕਰੋ ਨਾ ਉਹਨਾਂ ਦੇ ਸੁਧਰਨੇ ਦਾ,
ਵਿਗੜੇ ਡਈਪਰਾਂ ਦੇ ਨਹੀਓਂ ਸੂਤ ਹੁੰਦੇ।
ਬਿਰਧ ਮਾਪਿਆਂ ਨੂੰ ਦਬਕੇ ਮਾਰਦੇ ਜੋ,
ਆਦਲ ਪੁੱਤ ਨਹੀਂ ਹੁੰਦੇ ਯਮਦੂਤ ਹੁੰਦੇ।
**
2. ਵਰਜਦਾ ਏ

ਖਤਰਾ ਜਾਨ ਦਾ ਚੇਲਿਓ ਡੁੱਬਿਓ ਨਾ
ਬਾਬਾ ਰਾਵੀ ਜਨਾਬ ਤੋਂ ਵਰਜਦਾ ਏ।
ਦਰਸ਼ਨ ਸਫ਼ਲ ਹੁੰਦੇ ਨੰਗੇ ਪੈਰ ਆਇਆਂ
ਬਾਬਾ ਬੂਟ ਜੁਰਾਬ ਤੋਂ ਵਰਜਦਾ ਏ।
ਮਾਇਆ ਨਾਗਣੀ ਕਰੋ ਸਪੁਰਦ ਸਾਡੇ
ਉਹਦੇ ਛਲ਼ੀ ਸ਼ਬਾਬ ਤੋਂ ਵਰਜਦਾ ਏ।
ਲਹੂ ਪੀਣ ਦੀ ਖੁੱਲ੍ਹ ਮਨੁੱਖਤਾ ਦਾ
ਆਦਲ ਮੀਟ ਸ਼ਰਾਬ ਤੋਂ ਵਰਜਦਾ ਏ।
**
3. ਤਰਸਣਾ ਏਂ

ਕੁਦਰਤ ਨਾਲ ਜੇ ਰਹੇ ਖਿਲਵਾੜ ਕਰਦੇ
ਉਹਦੀ ਤਣੀ ਹੋਈ ਤਾਣੀ ਨੂੰ ਤਰਸਣਾ ਏਂ।
ਝੂਟੇ ਚੰਦ ਤੇ ਲੈਣ ਦਾ ਚਾਅ ਚੜ੍ਹਿਆ
ਆਪਾਂ ਪੀਂਘ ਪੁਰਾਣੀ ਨੂੰ ਤਰਸਣਾ ਏਂ।
ਵਾਤਾਵਰਨ ਜੇ ਗੰਧਲਾ ਰਹੇ ਕਰਦੇ
ਆਪਾਂ ਹਵਾ ਸੁਹਾਣੀ ਨੂੰ ਤਰਸਣਾ ਏਂ।
ਖਾਲਸ ਦੁੱਧ ਨੂੰ ਜਿਸਤਰ੍ਹਾਂ ਤਰਸਦੇ ਹਾਂ
ਆਦਲ ਏਦਾਂ ਹੀ ਪਾਣੀ ਨੂੰ ਤਰਸਣਾ ਏਂ।
**

4. ਲੁਕ ਨਹੀਓਂ ਸਕਦੇ

ਕਰਜ਼, ਮਰਜ਼ ਤੇ ਫ਼ਰਜ਼ ਜਿਨ੍ਹਾਂ ਮੋਢਿਆਂ ਤੇ
ਭਾਰ ਉਹ ਬੇਗਾਨਿਆਂ ਦਾ ਚੁੱਕ ਨਹੀਓਂ ਸਕਦੇ।
ਧਰਮ ਗਿਆਨ ਤੇ ਈਮਾਨ ਇਹ ਮਹਾਨ ਤਿੰਨੇ
ਲੋਭੀਆਂ ਦੇ ਨੇੜੇ ਤੇੜੇ ਢੁਕ ਨਹੀਓਂ ਸਕਦੇ।
ਧਰਤੀ ਤੋ ਰੁੱਖ ਤੇ ਮਨੁੱਖ ਇਸ ਦੁਨੀਆਂ ‘ਚੋਂ
ਜ਼ਿੰਦਗੀ ‘ਚੋਂ ਦੁੱਖ ਕਦੇ ਮੁੱਕ ਨਹੀਓਂ ਸਕਦੇ।
ਕਿੰਨਾ ਵੀ ਲੁਕੋ ਕੇ ਰੱਖ ਆਦਲ ਦਿਆਲਪੁਰੀ
ਖੁਸ਼ਕੀ, ਖੁਰਕ, ਖੰਘ ਲੁਕ ਨਹੀਓਂ ਸਕਦੇ।
**
ਆਦਲ ਦਿਆਲਪੁਰੀ

ਫੋਨ ਨੰ: 99146-27035

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
908
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ