24 May 2024

ਪੇਸ਼ ਹੈ ਭੂਪਿੰਦਰ ਸਿੰਘ ਸੱਗੂ, (ਵੁਲਵਰਹੈਂਪਟਨ) ਦਾ ਕਲਾਮ

1. ਨਸ਼ੇ ਦੀਆਂ ਬੋਤਲਾਂ

ਹੱਥ ਨਸ਼ੇ ਦੀਆਂ ਬੋਤਲਾਂ ਮੂੰਹ ਵਿੱਚ ਸਿਗਰਟ ਪਾਨ ।
ਏਸ ਨਗਰ ਦੇ ਦਾਨੇ ਦੇਖੋ ਬਣ ਬੈਠੇ ਹੈਵਾਨ ।

ਦੇਖਣ ਨੂੰ ਦਰਵੇਸ਼ ਹਨ ਅੰਦਰੋਂ ਮਾੜੀ ਨੀਤ ,
ਦਿਨ ਰਾਤ ਇਹ ਪਿੰਜਦੇ ਤਨ ‘ਚੋਂ ਕੱਢਣ ਜਾਨ ।

ਹੱਥ ਵਿੱਚ ਮਾਲਾ ਪ੍ਰੇਮ ਦੀ ਅੰਦਰ ਵਸਦਾ ਕੂੜ ,
ਮੰਦੇ ਸ਼ਬਦ ਇਹ ਬੋਲ ਦੇ ਗੰਦੀ ਕਰਨ ਜ਼ੁਬਾਨ ।

ਲਾਲਚ ਦੀ ਅੱਗ ਭੜਕਦੀ ਚਹੁੰ-ਕੂੰਟਾਂ ਵਿਚਕਾਰ ,
ਥਾਂ ਥਾਂ ਫਾਹੀਆਂ ਗੱਡਦੇ ਹਾਕਮ ਬਣੇ ਸ਼ੈਤਾਨ ।

ਜਿਸਮਾਂ ਉੱਤੇ ਜੰਮ ਗਈ ਫ਼ਿਕਰਾਂ ਵਾਲੀ ਧੂੜ ,
ਮਹਿੰਗਾ ਹੋ ਗਿਆ ਜੀਵਣਾ ਮੁਸ਼ਕਿਲ ਵਿਚ ਇਨਸਾਨ ।

ਬਾਗ਼ ਮਹਿਕ ਦਾ ਫੂਕ ਕੇ, ਹਵਾ ਨੂੰ ਕਰਨ ਪਲੀਤ,
ਬੀਜ ਕੇ ਬੂਟੇ ਵਿੰਹੁ ਦੇ ਮਾਲੀ ਕਰਨ ਵੀਰਾਨ ।

ਸਾਂਭ ਕੇ ਕਿੱਦਾਂ ਰੱਖੀਏ ਵਿਰਸਾ ਲੀਰੋ ਲੀਰ ,
ਬਾਰ-ਪਰਾਏ ਦੋਸਤੋ ਗੁੰਮ ਰਹੀ ਪਹਿਚਾਨ ।

ਬਣ “ ਸੱਗੂ “ ਫ਼ੌਲਾਦ ਤੂੰ ਮਨੋਂ ਉਦਾਸੀ ਚੁੱਕ ,
ਤੋੜ ਕੁਫ਼ਰ ਦੀ ਕੰਧ ਨੂੰ ਸੱਚ ਦੀ ਕਰ ਪਹਿਚਾਨ ।
———————-੦———————

2. ਗਗਨ- ਪੰਖੇਰੂ

ਪੌਣਾਂ ਵਾਂਗੂੰ ਉੱਡਣਾ ਚਾਹਾਂ
ਵਾਂਗ ਨਦੀ ਦੇ ਵਗਣਾ ,
ਮੈਂ ਚਹੁੰਦਾ ਹਾਂ ਮਹਿਕਾਂ ਵਾਂਗੂੰ
ਵਿੱਚ ਫ਼ਜ਼ਾ ਦੇ ਘੁਲਣਾ ।

ਜਿਸ ਮਿੱਟੀ ਵਿੱਚ ਮਿਕਨਾਤੀਸੀ
ਵਿਗਸਣ ਸਾਡੇ ਸੁਪਨੇ ,
ਬਹੁ-ਨੁਕਰੀ ਗ਼ੁਲਚੀਨੀ ਵਰਗਾ
ਸੱਚ ਦਾ ਅੰਕੁਰ ਫੁੱਟਣਾ ।

ਅੰਧਕਾਰ ਤੋਂ ਚਾਨਣ ਵੱਲ ਦਾ
ਪੰਧ ਲੰਮੇਰਾ ਭਾਵੇਂ ,
ਮਸਤਕ ਵਿੱਚ ਜਿਹਨਾਂ ਦੇ ਸੂਰਜ
ਉਹਨਾਂ ਜਗਮਜ ਜਗਣਾ ।

ਦਿੱਤੀ ਮੌਤ ਮਾਹਾਂਮਾਰੀ ਨੇ
ਜਿਉਣ ਕਲਾ ਗੁੰਮ ਹੋਈ ,
ਬੂਹੇ ਬੰਦ ਘਰਾਂ ਦੇ ਹੋਏ
ਮੁਸ਼ਕਿਲ ਜੂਹਾਂ ਲੰਘਣਾ ।

ਗਗਨ-ਪੰਖੇਰੂ ਏਦਾਂ ਦੇਖਣ
ਧਰਤੀ ਉੱਤੇ ਕਿੱਲਾਂ ,
ਜਾਲ ਉਡਾ ਕੇ ਨਾਲ ਇਹਨਾਂ ਨੂੰ
ਹੁਣ ਪੈਣਾ ਹੈ ਉੱਡਣਾ ।
—————————੦——————
3. ਗ਼ਜ਼ਲ

ਬੰਦਿਆ ਇਹ ਜਗ-ਤਮਾਸ਼ਾ ਹੈ ਕਲੰਦਰ ਦੀ ਤਰ੍ਹਾਂ ।
ਕੁਝ ਹੈ ਹਿਟਲਰ ਦੀ ਤਰ੍ਹਾਂ ਤੇ ਕੁਝ ਪੈਗ਼ੰਬਰ ਦੀ ਤਰ੍ਹਾਂ ।

ਉਹ ਕਦੀ ਹਰਦਾ ਨਹੀਂ ਜੋ ਹੌਸਲਾ ਨਹੀਂ ਹਾਰਦਾ ,
ਵੇਖ ਪੋਰਸ ਦੀ ਅਣਖ਼ ਨੂੰ ਇਕ ਸਿਕੰਦਰ ਦੀ ਤਰ੍ਹਾਂ ।

ਇਕ ਜਵਾਨੀ ਦੀ ਤਪਸ਼ ਤੇ ਦੂਸਰਾ ਹਿਜਰਾਂ ਦਾ ਹਾੜ੍ਹ ,
ਕਾਸ਼ ! ਤੂੰ ਜੀਵਨ ‘ਚ ਆ ਜਾਂਦਾ ਦਸੰਬਰ ਦੀ ਤਰ੍ਹਾਂ ।

ਕੋਟ ਮੰਗਵਾਂ ਪਾ ਕੇ ਤੇਰੀ ਤੋਰ ਬਦਲੀ ਹੈ ਇਵੇਂ ,
ਜਿਸ ਤਰ੍ਹਾਂ ਤੁਰਦਾ ਕੋਈ ਛੱਪੜ ਸਮੁੰਦਰ ਦੀ ਤਰ੍ਹਾਂ ।

ਕੋਈ ਪੱਥਰ ਮਾਰਦਾ ਕੋਈ ਦੀਵਾਨਾ ਆਖਦੈ ,
ਹਰ ਜ਼ਖ਼ਮ ਮੈਂ ਸਹਿ ਲਿਆ ਲਾਚਾਰ ਡੰਗਰ ਦੀ ਤਰ੍ਹਾਂ ।

ਡੁਸਕ ਪਈ ਸ਼ਰਧਾ ਜਦੋਂ ਪੱਥਰ ਦਾ ਠਾਕੁਰ ਚੁੱਪ ਰਿਹਾ ,
ਫੇਰ ਮਾਂ ਨੂੰ ਪੂਜਿਆ ਮੈਂ ਇੱਕ ਮੰਦਰ ਦੀ ਤਰ੍ਹਾਂ

ਸ਼ਾਂਤੀ ਦਾ ਸੁਰਗ ਲਗਦੀ ਦੂਰੋਂ ਇਹ ਨਗਰੀ ਤੇਰੀ ,
ਏਸ ਦਾ ਦਿਲ ਹੈ ਮਗਰ ਜ਼ਖ਼ਮੀ “ ਭੁਪਿੰਦਰ “ ਦੀ ਤਰ੍ਹਾਂ ।
———————-੦———————

4. ਗ਼ਜ਼ਲ

ਝੀਲ ਦੇ ਪਾਣੀ ‘ਚ ਜਿਉਂ ਆ ਕੇ ਸਿਤਾਰੇ ਸੌਂ ਗਏ ।
ਤੇਰਿਆਂ ਨੈਣਾਂ ਦੇ ਜਿਉਂ ਸੁਪਨੇ ਨਿਆਰੇ ਸੌਂ ਗਏ ।

ਇਸ ਤਰ੍ਹਾਂ ਦਾ ਪਿਆਰ ਵੀ ਕੀ ਕਰਨੀ ਹੈ ਦੀਵਾਨਗੀ ,
ਸਾਹਮਣੇ ਸੂਲੀ ਨੂੰ ਤਕ ਆਸ਼ਿਕ ਨਕਾਰੇ ਸੌਂ ਗਏ ।

ਬੀਤੇ ਸਮੇਂ ਦੀ ਦਾਸਤਾਂ ਨੂੰ ਉਹ ਜਦੋਂ ਸਮਝੇ ਨਹੀਂ ,
ਮੇਰਿਆਂ ਯਾਰਾਂ ਦੇ ਪਲ ਪਿੱਛੋਂ ਹੁੰਗਾਰੇ ਸੌਂ ਗਏ ।

ਭਰਮ ਪਾਲ਼ੀ ਰੱਖਿਆ ਐਵੇਂ ਸ਼ਮਾਂ ਦੀ ਲਾਟ ਦਾ ,
ਜਦ ਗਏ ਨਜ਼ਦੀਕ ਤਾਂ ਪਰਵਾਨੇ ਪਿਆਰੇ ਸੌਂ ਗਏ ।

ਚੁੱਪ ਕਰ “ ਸੱਗੂ “ ਨਹੀਂ ਜੇ ਨੀਂਦ ਆਉਂਦੀ ਚੁੱਪ ਕਰ ,
ਦੇਖ ਤੇਰੇ ਯਾਰ ਹਨ ਸਾਰੇ ਦੇ ਸਾਰੇ ਸੌਂ ਗਏ ।
———————-੦———————-
5. ਗ਼ਜ਼ਲ

ਸਿਰ ਦੀ ਬਾਜ਼ੀ ਲਾ ਕੇ ਦੇਖ ।
ਤੂੰ ਖ਼ੁਦ ਨੂੰ ਅਜ਼ਮਾ ਕੇ ਦੇਖ ।

ਉਸ ਤੋਂ ਧੋਖਾ ਖਾ ਕੇ ਦੇਖ ।
ਕੋਈ ਯਾਰ ਬਣਾ ਕੇ ਦੇਖ ।

ਪਾਰੇ ਵਾਂਗੂੰ ਜਾਣੈ ਕੰਬ ,
ਅੰਦਰ ਝਾਤੀ ਪਾ ਕੇ ਦੇਖ ।

ਦੂਜੇ ਨੂੰ ਨਾ ਸੂਲੀ ਚਾੜ੍ਹ ,
ਖ਼ੁਦ ਨੂੰ ਵੀ ਲਟਕਾ ਕੇ ਦੇਖ ।

ਏਸ ਤਰ੍ਹਾਂ ਤੂੰ ਪਾ ਨਾ ‘ਨ੍ਹੇਰ ,
ਕੋਈ ਦੀਪ ਜਗਾ ਕੇ ਦੇਖ ।

ਖਾਕਾ ਜਾਂ ਇਕ ਨਕਸ਼ਾ ਬਣ ,
ਉਸ ਵਿਚ ਰੰਗ ਲਗਾ ਕੇ ਦੇਖ ।

ਨੀਵੀਂ ਪਾ ਕੇ ਕਰ ਨਾ ਗੱਲ ,
“ ਸੱਗੂ “ ਨੈਣ ਉਠਾ ਕੇ ਦੇਖ ।
———————-੦———————-

ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1135
***

About the author

ਭੂਪਿੰਦਰ ਸਿੰਘ ਸੱਗੂ
ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)

View all posts by ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.) →